ਛਾਤੀ ਅੰਦਰਲੇ ਥੇਹ (4)

ਦੋ ਜਾਨਵਰਾਂ ਦੀ ਦਹਿਸ਼ਤ
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ
ਗੁਰਦਿਆਲ ਦਲਾਲ
ਫੋਨ: 91-98141-85363
ਅੱਧੀ ਸਦੀ ਪਹਿਲਾਂ ਮੈਂ ਚਮਕੌਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸਾਂ। ਸਾਡੇ ਪਿੰਡ ਦੇ ਪੰਦਰਾਂ ਕੁ ਮੁੰਡੇ ਹੋਰ ਇਸੇ ਸਕੂਲ ਵਿਚ ਪੜ੍ਹਦੇ ਸਨ। ਖਾਲਸਾ ਹਾਇਰ ਸੈਕੰਡਰੀ ਸਕੂਲ ਵਿਚ ਵੀਹ-ਪੱਚੀ ਮੁੰਡੇ ਵੀ ਨਿੱਤ ਪੈਦਲ ਹੀ ਪੜ੍ਹਨ ਜਾਂਦੇ ਸਨ। ਸਾਡੇ ਪਿੰਡ ਤੋਂ ਚਮਕੌਰ ਦੇ ਰਸਤੇ ਅਤੇ ਸਰਹਿੰਦ ਨਹਿਰ ਦੇ ਵਿਚਕਾਰ ਰੇਤ ਦੇ ਵੱਡੇ-ਵੱਡੇ ਟਿੱਬੇ ਸਨ ਜਿਨ੍ਹਾਂ ਉਤੇ ਕਿੱਕਰਾਂ, ਫਲਾਹੀਆਂ, ਟਾਹਲੀਆਂ, ਜਾਮਣਾਂ, ਤੂਤਾਂ ਅਤੇ ਖਜੂਰਾਂ ਦੇ ਸੰਘਣੇ ਜੰਗਲ ਸਨ। ਸੜਕ ਤੋਂ ਦੂਜੇ ਪਾਸੇ ਸੇਮ ਦਾ ਇਲਾਕਾ ਹੋਣ ਕਰ ਕੇ ਸਰਕੜੇ, ਕਾਹੀਆਂ ਅਤੇ ਨੜਿਆਂ ਦੀ ਭਰਮਾਰ ਸੀ। ਕਮਾਦ ਦੀ ਖੇਤੀ ਹੋਣ ਕਰ ਕੇ ਜੰਗਲੀ ਸੂਰਾਂ, ਗਿੱਦੜਾਂ, ਬਾਦਰਾਂ ਅਤੇ ਪਾੜ੍ਹਿਆਂ ਲਈ ਇਹ ਇਲਾਕਾ ਸਵਰਗ ਸੀ। ਨੇੜੇ ਪੈਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵੱਲੋਂ ਕਦੀ-ਕਦਾਈ ਕੋਈ ਭੁੱਲਿਆ-ਭਟਕਿਆ ਬਘਿਆੜ ਸਾਡੇ ਇਲਾਕੇ ਵਿਚ ਆ ਨਿਕਲਦਾ ਤਾਂ ਲੋਕਾਂ ਨੂੰ ਐਵੇਂ ਕਹਾਣੀਆਂ ਬਣਾਉਣ ਅਤੇ ਪਿੰਡ ਵਿਚ ਦਹਿਸ਼ਤ ਫੈਲਾਉਣ ਦਾ ਮੌਕਾ ਮਿਲ ਜਾਂਦਾ। ਲੋਕ ਵਿਹਲੇ ਹੁੰਦੇ ਸਨ, ਇਸ ਲਈ ਸ਼ੈਤਾਨ ਦੇ ਚਰਖ਼ੇ ਬਣ ਜਾਂਦੇ। ਅਸੀਂ ਬਸਤੇ-ਫੱਟੀਆਂ ਚੁੱਕੀ, ਨੰਗੇ ਪੈਰੀਂ, ਕਦੀ ਇਸ ਰਾਹ ‘ਤੇ, ਕਦੀ ਨਹਿਰ ਦੇ ਕੰਢੇ-ਕੰਢੇ ਜਿਸ ਨੂੰ ਅਸੀਂ ‘ਸਾਂਤਰ’ ਕਹਿੰਦੇ, ਚਲੇ ਜਾਂਦੇ। ਪਿੰਡ ਦੀ ਬਹੁਤੀ ਜ਼ਮੀਨ ਚਮਕੌਰ ਦਾ ਪੁਲ ਟੱਪ ਕੇ ਦੂਜੇ ਪਾਸੇ ਢਾਹੇ ਇਲਾਕੇ ਵਿਚ ਸੀ। ਇਸ ਲਈ ਅਸੀਂ ਕਦੀ-ਕਦੀ ਕਿਸੇ ਗੱਡੇ ਦੀ ਸਵਾਰੀ ਕਰ ਲੈਂਦੇ ਤੇ ਕਦੀ ਰੁਕ ਕੇ ਕਿਸੇ ਸਿਆਣੇ ਬੰਦੇ ਨੂੰ ਉਡੀਕਣ ਲਗਦੇ।
ਹਰ ਪੰਜਵੇਂ-ਸੱਤਵੇਂ ਦਿਨ ਪਿੰਡ ਵਿਚ ਕੋਈ ਨਾ ਕੋਈ ਅਫ਼ਵਾਹ ਉਡ ਜਾਂਦੀ ਕਿ ਕਿਸੇ ਨੇ ਟਿੱਬੇ ਉਤੇ, ਖੁੱਡ ਲਾਗੇ ਖੜ੍ਹਾ, ਉਬਾਸੀਆਂ ਲੈ ਰਿਹਾ, ਭੂਰੇ ਰੰਗ ਦਾ ਬਾਘ ਦੇਖਿਆ ਹੈ। ਕੋਈ ਜਣਾ ਤਾਂ ਐਥੋਂ ਤੀਕ ਵੀ ਫੜ੍ਹ ਮਾਰ ਦਿੰਦਾ ਕਿ ਉਸ ਨੇ ਕਿਸੇ ਕੁੜੀ ਨੂੰ ਪਿੱਠ ਉਤੇ ਲੱਦੀ ਦੌੜੇ ਜਾਂਦੇ ਬਾਘ ਨੂੰ ਦੇਖਿਆ ਹੈ। ਫਿਰ ਬਾਘਾਂ ਦੀਆਂ ਗੱਲਾਂ ਹੋਣ ਲੱਗਦੀਆਂ; ਜਿਵੇਂ ਕਿਸੇ ਬਾਘ ਨੇ ਜਿਉਂਦੇ ਮੁੰਡੇ ਦਾ ਖੂਨ ਪੀਤਾ, ਜਾਂ ਕਿਵੇਂ ਉਹ ਕਿਸੇ ਆਜੜੀ ਦੀ ਬੱਕਰੀ ਨੂੰ ਚੁੱਕ ਕੇ ਦੌੜ ਗਿਆ। ਅਜਿਹੀਆਂ ਗੱਲਾਂ ਸੁਣ ਕੇ ਸਾਡੇ ਬਾਲ ਮਨਾਂ ਉਤੇ ਦਹਿਸ਼ਤ ਬੈਠ ਜਾਂਦੀ। ਸਾਨੂੰ ਇਹ ਰਸਤਾ ਬਹੁਤ ਖ਼ਤਰਨਾਕ ਅਤੇ ਭਿਆਨਕ ਲੱਗਣ ਲੱਗ ਪੈਂਦਾ। ਕੋਈ ਅੱਕ ਦਾ ਪੱਤਾ ਵੀ ਹਿੱਲਦਾ ਦਿਖਦਾ ਤਾਂ ਇੰਜ ਲਗਦਾ ਜਿਵੇਂ ਬਾਘ ਕੰਨ ਹਿਲਾ ਰਿਹਾ ਹੋਵੇ। ਪੁਰਾਣੇ ਭੂਰੇ ਖੁੰਢਾਂ ਨੂੰ ਦੇਖ ਕੇ ਤਾਂ ਬਿਲਕੁਲ ਬਾਘ ਹੀ ਸਮਝ ਲੈਂਦੇ ਤੇ ਦੌੜ ਪੈਂਦੇ। ਕਿਸੇ ਗਿੱਦੜ, ਬਿੱਲੇ, ਸੇਹ ਜਾਂ ਗੋਹ ਨੂੰ ਦੇਖ ਕੇ ਪੰਛੀ ਸ਼ੋਰ ਮਚਾਉਂਦੇ ਤਾਂ ਲਗਦਾ ਉਥੇ ਬਾਘ ਹੀ ਹੋਵੇਗਾ। ਅਸੀਂ ਵੱਡੇ ਮੁੰਡਿਆਂ ਨਾਲ ਚਿਪਕ ਕੇ ਸਕੂਲ ਜਾਂਦੇ। ਕੋਈ ਮੁੰਡਾ ਤੁਰਦਾ-ਤੁਰਦਾ ਦੌੜ ਪੈਂਦਾ ਤੇ ਉਚੀ ਦੇਣੇ ਕਹਿੰਦੇ, “ਨੱਠ ਲਓ ਉਇ ਸਾਲਿਓ, ਆ ਗਿਆ ਬਾਘ, ਦੇਖੋ ਝੂੰਡ ਹਿੱਲਦਾ।” ਕੋਈ ਜਣਾ ਰਸਤੇ ਵਿਚ ਲੁਕ ਕੇ, ਬਾਘ ਦੀਆਂ ਆਵਾਜ਼ਾਂ ਕੱਢ ਕੇ ਵੀ ਸਾਨੂੰ ਡਰਾ ਦਿੰਦਾ। ਅਸੀਂ ਦੌੜ ਲੈਂਦੇ, ਹਫ਼ ਜਾਂਦੇ, ਰੋਣ ਲੱਗਦੇ। ਰਾਤਾਂ ਨੂੰ ਸੁਪਨੇ ਵੀ ਬਾਘਾਂ ਦੇ ਹੀ ਆਉਂਦੇ। ਜਦੋਂ ਕੋਈ ਅਫ਼ਵਾਹ ਉਡਦੀ ਤਾਂ ਪਿੰਡ ਦੇ ਬੰਦੇ ਡਾਂਗਾਂ, ਬਰਛੇ ਅਤੇ ਰਫ਼ਲਾਂ ਲੈ ਕੇ ਰਾਤ ਨੂੰ ਲੁਕ ਕੇ ਬੈਠਦੇ। ਰਫ਼ਲਾਂ ਵਾਲੇ ਟਿੱਬੇ ਦਾ ਗੇੜਾ ਵੀ ਦਿੰਦੇ ਤੇ ਵਾਪਸ ਆ ਕੇ ਕਹਿੰਦੇ, “ਐਥੇ ਕੋਈ ਬਾਘ-ਬੂਘ ਨਹੀਂ ਹੈਗਾ। ਉਇ, ਜਾਉ ਦੌੜੋ, ਜਾ ਕੇ ਸੌਂਵੋ।”
ਇਕ ਦਿਨ ਕਿਸੇ ਦਰਖ਼ਤ ਤੋਂ ਡਿਗ ਕੇ ਨਸੀਬੂ ਦੇ ਚੰਗੀਆਂ ਰਗੜਾਂ ਲੱਗ ਗਈਆਂ। ਗੋਡਿਆਂ ਅਤੇ ਬਾਹਾਂ ਤੋਂ ਖੂਨ ਨਿਕਲਣ ਲੱਗਾ। ਉਹ ਮੁੰਡਿਆਂ ਦੀ ਭੀੜ ਨੂੰ ਦੱਸਣ ਲੱਗਾ, “ਮੈਂ ਅੱਜ ਬਾਘ ਫੜ ਲਿਆ ਸੀ। ਬਾਘ ਨੇ ਜਦੋਂ ਮੇਰੇ ‘ਤੇ ਹਮਲਾ ਕੀਤਾ ਤਾਂ ਮੈਂ ਸਰਖਾਈ ਦੇ ਕੇ ਉਸ ਨੂੰ ਪੂਛ ਤੋਂ ਫੜ ਲਿਆ ਸੀ। ਉਹ ਪਿੰਡ ਵੱਲ ਖਿੱਚਣ ਲੱਗ ਪਿਆ, ਮੈਂ ਪਿੱਛੇ ਨੂੰ। ਭਾਈ ਬਾਘ ਤਾਂ ਬਹੁਤਾ ਤਕੜਾ, ਮੈਨੂੰ ਉਸ ਨੇ ਖਿੱਚ ਲਿਆ ਤੇ ਬੁੰਬ ਤਕ ਸੁਹਾਗਾ ਫੇਰਿਆ। ਮੈਥੋਂ ਪੂਛ ਛੁੱਟ ਗਈ। ਫੇਰ ਨਹੀਂ ਉਸ ਨੇ ਪਿੱਛੇ ਨੂੰ ਦੇਖਿਆ। ਬੇਲੇ ਵੱਲ ਦੌੜ ਗਿਆ।” ਇਹ ਭਾਵੇਂ ਸਿਰੇ ਦੀ ਗੱਪ ਸੀ ਪਰ ਮੈਂ ਸੋਚਿਆ, ਜੇ ਕਦੀ ਬਾਘ ਟੱਕਰਿਆ ਤਾਂ ਮੈਂ ਵੀ ਉਸ ਦੀ ਪੂਛ ਫੜ ਲਵਾਂਗਾ।
ਬਾਘ ਤੋਂ ਬਿਨਾਂ ਇਕ ਹੋਰ ਦਹਿਸ਼ਤ ਜਿਹੜੀ ਉਨ੍ਹਾਂ ਦਿਨਾਂ ਵਿਚ ਸਾਡੀ ਨੀਂਦ ਉਡਾਈ ਰੱਖਦੀ, ਇਕ ਅਵਾਰਾ ਮੁੰਡੇ ਦੀਆਂ ਭੈੜੀਆਂ ਕਰਤੂਤਾਂ ਦੀ ਸੀ। ਉਸ ਮੁੰਡੇ ਦਾ ਡਰਾਉਣਾ ਚਿਹਰਾ ਉਵੇਂ ਅੱਖਾਂ ਅੱਗੇ ਆ ਖੜ੍ਹਦਾ ਹੈ, ਜਿਵੇਂ ਇਹ ਕੱਲ੍ਹ ਦੀ ਗੱਲ ਹੋਵੇ। ਕਾਫ਼ੀ ਲੰਬਾ, ਮੋਢਿਆਂ ‘ਤੇ ਲਟਕਦੇ ਕੱਟੇ ਹੋਏ ਵਾਲ, ਤਿੱਖਾ ਨੱਕ, ਮੋਟੀਆਂ ਮੋਟੀਆਂ ਨਸ਼ੀਲੀਆਂ ਅੱਖਾਂ। ਉਹ ਸ਼ੈਤਾਨ ਜਦ ਵੀ ਸਾਨੂੰ ਦਿਖਾਈ ਦਿੰਦਾ, ਅਸੀਂ ਕੰਬਣ ਲੱਗਦੇ। ਉਹ ਮਾਸਟਰਾਂ ਦੀ ਕੁੱਟ ਤੋਂ ਭੱਜਿਆ ਅਤੇ ਘਰੋਂ ਬਾਗੀ ਹੋਇਆ ਜ਼ਾਲਮ ਮੁੰਡਾ ਸੀ। ਉਹ ਸਰਾਏਂ ਦੇ ਆਸੇ-ਪਾਸੇ ਸਰਹੰਦੀ ਇੱਟਾਂ ਦੇ ਖੋਲਿਆਂ ਵਿਚ ਬੇਮਤਲਬ ਘੁੰਮਦਾ ਰਹਿੰਦਾ। ਉਸ ਦੇ ਹੱਥ ਵਿਚ ਡੰਡਾ ਫੜਿਆ ਹੁੰਦਾ। ਉਹ ਦਬਕਾ ਮਾਰ ਕੇ ਸਾਨੂੰ ਘੇਰ ਲੈਂਦਾ ਤੇ ਮਨ ਆਈਆਂ ਕਰਦਾ। ਸਾਡੀਆਂ ਪਗੜੀਆਂ ਢਾਹ ਕੇ ਵਿਚ ਪਿਸ਼ਾਬ ਕਰ ਦਿੰਦਾ। ਸਾਡੇ ਘਰੂਟ ਵੱਢਦਾ। ਸਾਨੂੰ ਖੋਲ੍ਹਿਆਂ ਜਾਂ ਸਰਾਏਂ ਦੇ ਭਾਂਅ-ਭਾਂਅ ਕਰਦੇ ਕਮਰਿਆਂ ਵਿਚ ਜਾਣ ਦਾ ਹੁਕਮ ਚਾੜ੍ਹਦਾ। ਇਸ ਸਰਾਏਂ ਬਾਰੇ ਆਮ ਪ੍ਰਚਲਤ ਗੱਲ ਸੀ ਕਿ ਚਮਕੌਰ ਦੀ ਜੰਗ ਸਮੇਂ ਮਾਰੇ ਗਏ ਤੁਰਕਾਂ ਦੇ ਭੂਤਾਂ ਦਾ ਇੱਥੇ ਵਾਸਾ ਸੀ। ਇੱਥੇ ਕਦੀ ਕੋਈ ਰਾਤ ਕੱਟਣ ਦੀ ਜੁਅਰਤ ਨਹੀਂ ਸੀ ਕਰਦਾ। ਇੱਥੇ ਵਿਸਾਖੀ, ਸਭਾ, ਦੁਸਹਿਰੇ, ਦੀਵਾਲੀ ਦੇ ਤਿਉਹਾਰਾਂ ਸਮੇਂ ਨਿਹੰਗ ਸਿੰਘ ਆਪਣਾ ਡੇਰਾ ਲਾਉਂਦੇ ਤੇ ਪੰਜ-ਪੰਜ ਬੱਕਰੇ ਵੱਢ ਕੇ ਆਪਣਾ ਵੱਖਰਾ ਲੰਗਰ ਚਲਾਉਂਦੇ। ਨਿਹੰਗ ਸਿੰਘਾਂ ਦਾ ਭੂਤ ਕੀ ਵਿਗਾੜ ਲੈਂਦੇ? ਪਰ ਅਸੀਂ ਭੂਤਾਂ ਨਾਲੋਂ ਵੀ ਵਧ ਕੇ ਉਸ ਸ਼ੈਤਾਨ ਮੁੰਡੇ ਤੋਂ ਡਰਦੇ ਸਾਂ। ਉਹ ਕਿਸੇ ਥੜ੍ਹੇ ‘ਤੇ ਬਹਿ ਕੇ ਸ਼ਹਿਨਸ਼ਾਹੀ ਫਰਮਾਨ ਸੁਣਾਉਂਦਾ, “æææ’ਕੱਲਾ-‘ਕੱਲਾ ਆ ਕੇ ਮੈਨੂੰ ਝੁਕ ਕੇ ਸਲਾਮ ਕਰੋ ਉਇ।” ਫਿਰ ਡੰਡਾ ਇੱਟਾਂ ‘ਤੇ ਮਾਰ ਕੇ ਕੜਕਦਾ, “ਪੈ ਜੋ ਪੁੱਠੇ ਹੋ ਕੇ।” ਉਹ ਸਾਡੀਆਂ ਪਿੱਠਾਂ ‘ਤੇ ਬੇਮਤਲਬ ਜੁੱਤੀਆਂ ਮਾਰਦਾ। ਅਸੀਂ ਰੋਣ ਲਗਦੇ ਤੇ ਉਸ ਪਾਪੀ ਦੀਆਂ ਮਿੰਨਤਾਂ ਕਰਦੇ ਕਿ ਸਾਨੂੰ ਛੱਡ ਦੇਵੇ। ਉਹ ਸਾਡੇ ਰੋਟੀਆਂ ਵਾਲੇ ਪੋਣੇ ਖੋਹ ਲੈਂਦਾ ਤੇ ਆਜ਼ਾਦ ਕਰਨ ਸਮੇਂ ਕਹਿੰਦਾ, “ਜੀਹਨੇ ਮਾਸਟਰਾਂ ਨੂੰ, ਜਾਂ ਘਰ ਜਾ ਕੇ ਦੱਸਿਆ, ਉਹਨੂੰ ਪੁੱਠਾ ਲਟਕਾ ਕੇ, ਸਿਰ ਵਿਚ ਚਾਕੂ ਨਾਲ ਪੱਛ ਲਾ ਕੇ, ਮਨਆਈ ਕੱਢੂੰ।”
ਅਸੀਂ ਬਸਤੇ ਚੁੱਕ ਉਥੋਂ ਦੌੜ ਜਾਂਦੇ। ਕਿਸੇ ਕੋਲ ਕਿਸੇ ਗੱਲ ਦੀ ਕੋਈ ਭਾਫ ਨਾ ਕੱਢਦੇ। ਕੁਝ ਦਿਨਾਂ ਦੇ ਵਕਫ਼ੇ ਨਾਲ ਅਸੀਂ ਮੁੜ ਉਸ ਸ਼ੈਤਾਨ ਦੇ ਕਾਬੂ ਆ ਜਾਂਦੇ। ਨਿੱਕੇ ਬੱਚਿਆਂ ਨੂੰ ਸਤਾਉਣ ਨਾਲ ਉਸ ਮੁੰਡੇ ਨੂੰ ਕੀ ਮਿਲਦਾ ਸੀ? ਸਾਡੀ ਸਮਝ ਵਿਚ ਇਹ ਗੱਲ ਨਾ ਆਉਂਦੀ।
ਬਾਘ ਅਤੇ ਉਸ ਅਵਾਰਾ ਮੁੰਡੇ ਦੀ ਦਹਿਸ਼ਤ ਨੇ ਮੇਰੇ ਬਚਪਨ ਦਾ ਕਾਫ਼ੀ ਲੰਮਾ ਸਮਾਂ ਬੇਸੁਆਦ, ਕਿਰਕਿਰਾ, ਡਰਾਉਣਾ ਅਤੇ ਅਪਮਾਨਜਨਕ ਬਣਾਈ ਰੱਖਿਆ। ਇਸ ਦਹਿਸ਼ਤ ਨੇ ਆਪਣੇ ਰੂਪ ਬਦਲ ਕੇ ਅੱਜ ਤੀਕ ਮੇਰਾ ਪਿੱਛਾ ਨਹੀਂ ਛੱਡਿਆ। ਜਦ ਕਦੀ ਵੀ ਮੇਰਾ ਕਿਸੇ ਨੇ ਅਪਮਾਨ ਕੀਤਾ, ਮੈਂ ਚੁੱਪ-ਚਾਪ ਸਹਿ ਗਿਆ।

ਅੱਜਕੱਲ੍ਹ ਮੇਰੇ ਪਿੰਡ ਤੋਂ ਚਮਕੌਰ ਤਕ ਪੱਕੀ ਸੜਕ ਹੈ ਜਿਸ ਉਤੇ ਕਾਰਾਂ, ਸਕੂਟਰਾਂ, ਟਰੈਕਟਰਾਂ ਦੀ ਕਾਫ਼ੀ ਆਵਾਜਾਈ ਰਹਿੰਦੀ ਹੈ। ਬਹੁਤੇ ਦਰਖ਼ਤ ਵੱਢੇ ਗਏ ਹਨ। ਆਲੇ-ਦੁਆਲੇ ਨੇ ਆਪਣਾ ਰੂਪ ਵਟਾ ਲਿਆ ਹੈ। ਜਿਥੇ ਸਾਡਾ ਸਕੂਲ, ਸਰਾਏਂ, ਸਰਹੰਦੀ ਇੱਟਾਂ ਦੇ ਖੋਲੇ ਹੁੰਦੇ ਸਨ; ਉਥੇ ਹੁਣ ਲੰਮਾ-ਚੌੜਾ ਗੜ੍ਹੀ ਸਾਹਿਬ ਗੁਰਦੁਆਰਾ ਹੈ। ਉਹ ਮੁੰਡਾ ਜਿਸ ਦਾ ਨਾਂ ਮੈਂ ਦਹਿਸ਼ਤ ਕਰ ਕੇ ਹੀ ਨਹੀਂ ਲਿਆ, ਅੱਜਕੱਲ੍ਹ ਦੇਸ਼ ਦੀ ਸਿਰਕੱਢ ਪਾਰਟੀ ਦਾ ਸਿਰਕੱਢ ਨੇਤਾ ਹੈ। ਕਹਿੰਦੇ ਹਨ, ਉਸ ਨੇ ਇੰਨਾ ਧਨ ਇਕੱਠਾ ਕੀਤਾ ਹੈ ਕਿ ਕਈ ਪੁਸ਼ਤਾਂ ਤਰ ਜਾਣਗੀਆਂ।
(ਚਲਦਾ)

Be the first to comment

Leave a Reply

Your email address will not be published.