ਮ੍ਰਿਣਾਲ ਸੇਨ ਦੀ ਫਿਲਮ ‘ਭੁਵਨ ਸ਼ੋਮ’

ਤਰਸੇਮ ਬਸ਼ਰ
ਫਿਲਮ ‘ਭੁਵਨ ਸ਼ੋਮ’ (1969) ਦੇਖਣ ਲੱਗਿਆਂ ਮਨ ਵਿਚ ਅਚਾਨਕ ਡਰ ਨੇ ਕਰਵਟ ਲਈ। ਸਕਰੀਨ ‘ਤੇ ਭੱਜੀਆਂ ਜਾਂਦੀਆਂ ਰੇਲਵੇ ਪਟੜੀਆਂ, ਪਿੱਠ-ਵਰਤੀ ਸੰਗੀਤ ਵੀ ਪਹਿਲੀ ਵਾਰ ਸੁਣ ਰਿਹਾ ਸੀ, ਕਾਲੇ ਚਿੱਟੇ ਪੁਰਾਣੇ ਅੱਖਰ ਤੇ ਇੱਕ ਅਧਖੜ ਚਿਹਰਾ ਜੋ ਹਾਰਿਆ ਹੋਇਆ ਪ੍ਰਤੀਤ ਹੁੰਦਾ ਸੀ। ਕੁਝ ਹੀ ਪਲਾਂ ‘ਚ ਪਤਾ ਨਹੀਂ ਕਿਉਂ ਮੇਰੀ ਕੈਫ਼ੀਅਤ ‘ਚ ਉਦਾਸੀ ਵਰਗੀ ਕੋਈ ਚੀਜ਼ ਘੁਲ ਗਈ ਸੀ। ਮੈਂ ਅਚਾਨਕ ਸੋਚਣ ਲੱਗਿਆ: ਕੀ ਕੋਈ ਹੋਰ ਵੀ ਇਸ ਵੇਲੇ ਇਹ ਫਿਲਮ ਦੇਖ ਰਿਹਾ ਹੋਵੇਗਾ? ਜਵਾਬ ਮੈਨੂੰ ਆਪਣੇ ਅੰਦਰੋਂ ਹੀ ਤੁਰੰਤ ਮਿਲ ਗਿਆ। ਸ਼ਾਇਦ ਕੋਈ ਨਹੀਂ, ਸ਼ਾਇਦ ਕਿਸੇ ਨੂੰ ਯਾਦ ਵੀ ਨਾ ਹੋਵੇ!

ਮੈਂ ਆਪਣੇ ਬਾਰੇ ਸੋਚਿਆ, ਫਿਰ ਮੈਂ ਕਿਉਂ ਦੇਖ ਰਿਹਾ ਹਾਂ? ਪਹਿਲਾਂ ਹੀ ਤਬੀਅਤ ਨਾ-ਸਾਜ਼ ਹੈ। ਪਤਾ ਨਹੀਂ ਕਿਸ ਤਰ੍ਹਾਂ ਦੀ ਫਿਲਮ ਹੋਵੇਗੀ। ਤਬੀਅਤ ਹੋਰ ਬੋਝਲ ਚੀਜ਼ਾਂ ਦੇਖਣ ਲਈ ਤਿਆਰ ਨਹੀਂ ਸੀ। ਖੈਰ! ਮੈਨੂੰ ਅੰਗਰੇਜ਼ੀ ਅਖਬਾਰ ਵਿਚ ਛਪੇ ਇਸ ਫਿਲਮ ਬਾਰੇ ਲੇਖ ਦੀ ਯਾਦ ਆਈ ਜਿਸ ਵਿਚ ਲਿਖਿਆ ਸੀ ਕਿ ਉਸ ਨੇ ‘ਭੁਵਨ ਸ਼ੋਮ’ ਦੇਖਣ ਤੋਂ ਬਾਅਦ ਬਹੁਤ ਸਾਰੀਆਂ ਉਹ ਚਾਰਜ ਸੀਟਾਂ ਪਾੜ ਕੇ ਸੁੱਟ ਦਿੱਤੀਆਂ ਸਨ ਜੋ ਉਹ ਆਪਣੇ ਅਧੀਨ ਮੁਲਾਜ਼ਮਾਂ ਨੂੰ ਦੇਣ ਲਈ ਤਿਆਰ ਕਰ ਚੁੱਕਿਆ ਸੀ।
ਕ੍ਰੈਡਿਟ ਖਤਮ ਹੋਇਆ, ਬਚਪਨ ਵਿਚ ਅਸੀਂ ਇਸ ਨੂੰ ਨੰਬਰਿੰਗ ਕਹਿੰਦੇ ਸਾਂ; ਸਾਨੂੰ ਕਾਹਲ ਹੁੰਦੀ ਸੀ ਕਿ ਕਦੋਂ ਇਹ ਨੰਬਰਿੰਗ ਖਤਮ ਹੋਵੇ ਤੇ ਫਿਲਮ ਸ਼ੁਰੂ ਹੋਵੇ। ਸਮੇਂ ਦਾ ਫੇਰ ਹੈ, ਮੈਂ ਹੁਣ ਕਲਾਸਿਕ ਫਿਲਮਾਂ ਦੀ ਚਰਚਾ ਕਰਦਾ ਹਾਂ, ਉਨ੍ਹਾਂ ਨਾਲ ਜੁੜੇ ਲੋਕਾਂ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਤਾਂ ਸਭ ਤੋਂ ਵੱਧ ਕ੍ਰੈਡਿਟ ’ਤੇ ਹੀ ਧਿਆਨ ਦਿੰਦਾ ਹਾਂ। ਹੁਣ ਇਹ ਭਾਉਂਦਾ ਵੀ ਹੀ ਤੇ ਮੇਰੀ ਲੋੜ ਵੀ ਹੈ।
ਫਿਲਮ ਸ਼ੁਰੂ ਹੋਈ, ਸੋਚਿਆ ਇਹੀ ਸੀ ਕਿ ਜੇ ਮਨ ‘ਤੇ ਬੋਝ ਪਾਉਣ ਵਾਲੀ ਕਹਾਣੀ ਹੋਈ ਤਾਂ ਫਿਰ ਕਦੇ ਦੇਖਾਂਗਾ ਕਿਉਂਕਿ ਮੈਂ ਉਨ੍ਹਾਂ ਫਿਲਮਾਂ ‘ਤੇ ਲਿਖ ਰਿਹਾ ਹਾਂ ਜਿਨ੍ਹਾਂ ਦਾ ਆਧਾਰ ਸਾਹਿਤਕ ਸੀ, ਤੇ ਇਹ ਉਨ੍ਹਾਂ ‘ਚੋਂ ਇੱਕ ਹੈ ਪਰ ਫਿਰ ਕਦੇ ਦੇਖਾਂਗਾ, ਕੈਫ਼ੀਅਤ ਨੂੰ ਹੋਰ ਬੋਝਲ ਨਹੀਂ ਕਰਨਾ।
‘ਭੁਵਨ ਸ਼ੋਮ’ ਦਾ ਆਰੰਭਕ ਦ੍ਰਿਸ਼ ਰੇਲਵੇ ਸਟੇਸ਼ਨ ਦਾ ਹੈ, ਗੁਜਰਾਤ ‘ਚ ਕਿਤੇ ਦੂਰ-ਦਰੇਡੇ ਦਾ। ਰੇਲਵੇ ਦੇ ਅਫਸਰ ਆਪਸ ਵਿਚ ਗੱਲ ਕਰ ਰਹੇ ਹਨ। ਉਹ ਡਰ ਰਹੇ ਹਨ ਕਿ ਜਿਹੜੇ ਸਾਹਿਬ ਉਥੇ ਆ ਰਹੇ ਹਨ, ਉਹ ਬੜੇ ਸਖਤ ਮਿਜ਼ਾਜ ਹਨ, ਕਿਸੇ ਨੂੰ ਨਹੀਂ ਬਖਸ਼ਦੇ। ਜਾਧਵ ਪਟੇਲ ਟਿਕਟ ਕਲੈਕਟਰ ਹੈ। ਉਹ ਸਭ ਤੋਂ ਵੱਧ ਡਰਿਆ ਹੋਇਆ ਹੈ ਕਿਉਂਕਿ ਉਹ ਇਧਰੋਂ ਉਧਰੋਂ ਵੀ ਕੁਝ ਨਾ ਕੁਝ ਕਮਾਈ ਕਰ ਲੈਂਦਾ ਹੈ ਜਿਸ ਨੂੰ ਆਉਣ ਵਾਲਾ ਅਫਸਰ ਬਿਲਕੁੱਲ ਬਰਦਾਸ਼ਤ ਨਹੀਂ ਕਰਦਾ। ਉਸ ਦਾ ਮੰਗਣਾ ਹੋਇਆ ਹੋਇਆ ਹੈ ਅਤੇ ਜਲਦੀ ਹੀ ਸ਼ਾਦੀ ਹੋਣ ਵਾਲੀ ਹੈ। ਉਹ ਡਰਦਾ ਹੈ ਕਿ ਕਿਤੇ ਆਉਣ ਵਾਲਾ ਕੜਕ ਅਫਸਰ ਉਸ ਦੀ ਨੌਕਰੀ ‘ਤੇ ਕੋਈ ਸਵਾਲ ਪੈਦਾ ਨਾ ਕਰ ਦਵੇ, ਉਹ ਇਸ ਕੰਮ ਲਈ ਨਾਮਵਰ ਵੀ ਤਾਂ ਹੈ।
‘ਭੁਵਨ ਸ਼ੋਮ’ ਮ੍ਰਿਣਾਲ ਸੇਨ ਨਿਰਦੇਸ਼ਤ ਚਰਚਿਤ ਫਿਲਮ ਹੈ ਜੋ ਬੰਗਲਾ ਲੇਖਕ ਬਲਾਈ ਚੰਦ ਮੁਖੋਪਾਧਿਆਏ ਉਰਫ ਬਨਫੂਲ ਦੀ ਕਹਾਣੀ ‘ਤੇ ਆਧਾਰਿਤ ਹੈ।
ਜਾਧਵ ਪਟੇਲ ਅਤੇ ਸਾਥੀ ਜਿਸ ਅਫਸਰ ਤੋਂ ਡਰ ਰਹੇ ਹਨ, ਉਹ ਸ਼ੋਮ ਸਾਹਿਬ ਹਨ, ਭੁਵਨ ਸ਼ੋਮ। ਸਖਤ ਅਨੁਸ਼ਾਸਨ ਪਸੰਦ, ਰੇਲਵੇ ਦੇ ਵੱਡੇ ਅਫਸਰ ਜਿਨ੍ਹਾਂ ਨੇ ਅਸੂਲਾਂ ‘ਤੇ ਚਲਦਿਆਂ ਆਪਣੇ ਪੁੱਤਰ ਦੀ ਨੌਕਰੀ ਤੱਕ ਖਤਮ ਕਰਵਾ ਦਿੱਤੀ ਸੀ ਅਤੇ ਉਹ ਹੁਣ ਉਨ੍ਹਾਂ ਨਾਲ ਨਹੀਂ ਬੋਲਦਾ ਅਤੇ ਕਿਸੇ ਆਸ਼ਰਮ ਵਿਚ ਰਹਿੰਦਾ ਹੈ। ਉਨ੍ਹਾਂ ਦੀ ਘਰੇਲੂ ਜ਼ਿੰਦਗੀ ਲਗਭਗ ਖਤਮ ਹੈ, ਪਤਨੀ ਵੀ ਹੁਣ ਦੁਨੀਆ ‘ਤੇ ਨਹੀਂ ਹੈ। ਉਨ੍ਹਾਂ ਦੀ ਇਸ ਬੇਰਸ ਜ਼ਿੰਦਗੀ ਵਿਚ ਜੋ ਰਸ ਹੈ, ਉਹ ਦਫਤਰੀ ਕੰਮ-ਕਾਜ ਦਾ ਹੈ ਜਾਂ ਫਿਰ ਮੁਲਾਜ਼ਮਾਂ ਵਿਚ ਉਨ੍ਹਾਂ ਦਾ ਡਰ ਹੈ।
ਸ਼ੋਮ ਸਾਹਿਬ ਬੰਗਾਲ ਦੇ ਰਹਿਣ ਵਾਲੇ ਹਨ, ਉਹ ਬੰਗਾਲ ਜਿੱਥੇ ਸਾਹਿਤ ਦੇ ਰਸੀਏ ਰਹਿੰਦੇ ਹਨ, ਜਿੱਥੇ ਲੋਕ ਆਲ੍ਹਾ ਸੰਗੀਤ ਸੁਣਦੇ ਹਨ, ਸੂਖਮ ਹਨ ਪਰ ਸ਼ੋਮ ਸਾਹਬ ਦੇ ਹਾਲਾਤ ਕੁਝ ਇਸ ਤਰ੍ਹਾਂ ਬਦਲੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਇਨ੍ਹਾਂ ਵਿਚੋਂ ਕੁਝ ਵੀ ਨਹੀਂ। ਉਹ ਹੁਣ ਕੰਮ-ਕਾਜੀ ਯਾਤਰਾ ‘ਤੇ ਗੁਜਰਾਤ ਆਏ ਹਨ, ਉਹ ਵੀ ਦਿਹਾਤੀ ਇਲਾਕੇ ਵਿਚ।
ਦੂਰ ਦਿਹਾਤ ਵਿਚ ਇੱਕ ਚਾਰਾਗਾਹ ਹੈ ਜੋ ਸ਼ਿਕਾਰ ਲਈ ਪ੍ਰਸਿੱਧ ਹੈ। ਵੈਸੇ ਤਾਂ ਸ਼ੋਮ ਸਾਹਿਬ ਆਪਣੇ ਢੱਰੇ ‘ਤੇ ਜੰਮੀ ਹੋਈ ਜ਼ਿੰਦਗੀ ਵਿਚ ਰਹਿ ਕੇ ਖੁਸ਼ ਹਨ, ਫਿਰ ਵੀ ਉਹ ਫੈਸਲਾ ਕਰਦੇ ਹਨ ਕਿ ਉਹ ਵੀ ਸ਼ਿਕਾਰ ਖੇਡਣ ਜਾਣਗੇ। ਗੁਜਰਾਤ ਦੇ ਦੂਰ-ਦੁਰਾਡੇ ਇਲਾਕੇ ਦਾ ਦ੍ਰਿਸ਼ ਚਿਤਰਨ ਕਮਾਲ ਦਾ ਹੈ। ਫਿਲਮ ਦੇ ਕੈਮਰਾਮੈਨ ਕੇ.ਕੇ. ਮਹਾਜਨ ਇਸ ਦੂਰਗਾਮੀ ਰੇਤਲੇ ਇਲਾਕੇ ਦੀ ਸੁੰਦਰਤਾ ਫਿਲਮਾਉਣ ਵਿਚ ਅਤਿਅੰਤ ਕਾਮਯਾਬ ਰਹੇ ਹਨ, ਭਾਵੇਂ ਉਦੋਂ ਤਕਨੀਕ ਵੀ ਅਜੋਕੇ ਪੱਧਰ ਦੀ ਨਹੀਂ ਸੀ। ਫਿਲਮ ਵਿਚ ਕਿਰਦਾਰਾਂ ਦੀ ਵੇਸ-ਭੂਸ਼ਾ ਵੀ ਆਕਰਸ਼ਿਤ ਕਰਦੀ ਹੈ, ਬੋਲੀ ਵੀ ਇਲਾਕਾਈ ਹੈ, ਕਈ ਵਾਰ ਸਮਝ ਨਹੀਂ ਵੀ ਆਉਂਦੀ ਤਾਂ ਇੰਗਲਿਸ਼ ਟਾਈਟਲਾਂ ਤੋਂ ਸਮਝ ਆ ਜਾਂਦੀ ਹੈ। ਨਿਰਦੇਸ਼ਕ ਨੇ ਕਹਾਣੀ ਦੇ ਮਰ੍ਹਮ ਨੂੰ ਮੂਲ ਰੂਪ ‘ਚ ਦਿਖਾਉਣ ਲਈ ਹਰ ਉਪਰਾਲਾ ਕੀਤਾ ਹੈ।
ਉਹ ਸ਼ਿਕਾਰ ਵਾਲੀ ਜਗ੍ਹਾ ‘ਤੇ ਪਹੁੰਚਣ ਲਈ ਗੱਡਾ ਕਿਰਾਏ ’ਤੇ ਲੈਂਦੇ ਹਨ, ਗੱਡੇ ਵਾਲਾ ਬਾਤੂਨੀ ਬੰਦਾ ਹੈ, ਨਿਰੋਲ ਦਿਹਾਤੀ ਵੀ। ਅੱਗੇ ਜਾ ਕੇ ਉਨ੍ਹਾਂ ਦਾ ਸਾਹਮਣਾ ਝੋਟੇ ਨਾਲ ਹੋ ਜਾਂਦਾ ਹੈ। ਝੋਟਾ ਬਹੁਤ ਖਤਰਨਾਕ ਦਿਖਾਈ ਦਿੰਦਾ ਹੈ ਤਾਂ ਸ਼ੋਮ ਬਾਬੂ ਬਹੁਤ ਡਰ ਜਾਂਦੇ ਹਨ। ਝੋਟਾ ਉਨ੍ਹਾਂ ਨੂੰ ਮਾਰਨ ਵੀ ਦੌੜਦਾ ਹੈ ਪਰ ਉਹ ਭੱਜ-ਭਜਾ ਕੇ ਕਿਵੇਂ ਨਾ ਕਿਵੇਂ ਜਾਨ ਬਚਾਉਂਦੇ ਹਨ ਕਿ ਅਚਾਨਕ ਉੱਥੇ ਕੁੜੀ ਆਉਂਦੀ ਹੈ। ਕੁੜੀ ਕਿਸੇ ਛੋਟੇ ਜਾਨਵਰ ਵਾਂਗੂ ਝੋਟੇ ਦੇ ਸਿਰ ‘ਤੇ ਹੱਥ ਫੇਰਦੀ ਹੈ ਅਤੇ ਆਪਣੇ ਨਾਲ ਲੈ ਜਾਂਦੀ ਹੈ।
ਇਹ ਦੇਖ ਕੇ ਸ਼ੋਮ ਬਾਬੂ ਹੈਰਾਨ ਰਹਿ ਜਾਂਦੇ ਹਨ। ਇਸੇ ਰੌਲੇ ‘ਚ ਉਧਰ ਗੱਡੇ ਵਾਲੇ ਦੇ ਬਲਦ ਗੱਡਾ ਕਿਸੇ ਪਾਸੇ ਲੈ ਜਾਂਦੇ ਹਨ ਜੋ ਨਹੀਂ ਮਿਲਦੇ। ਉਨ੍ਹਾਂ ਨੂੰ ਭਾਲਣ ਜਾਂਦੇ ਹਨ ਤਾਂ ਭਵਨ ਬਾਬੂ ਨੂੰ ਕੁੜੀ ਦੁਬਾਰਾ ਮਿਲਦੀ ਹੈ ਜਿਸ ਦਾ ਨਾਮ ਗੌਰੀ ਹੈ। ਖੁਸ਼ਕਿਸਮਤੀ ਨਾਲ ਉਹ ਹਿੰਦੀ ਬੋਲ ਸਕਦੀ ਹੈ। ਦੂਰ-ਦੁਰਾਡੇ ਰੇਤਲੇ ਟਿੱਬਿਆਂ ਵਿਚ ਰੁਲ ਰਹੇ, ਡਰੇ ਹੋਏ ਸ਼ੋਮ ਬਾਬੂ ਨੂੰ ਕੁੜੀ ਅਤੇ ਉਸ ਦਾ ਪਿਤਾ ਮਹਿਮਾਨ ਨਿਵਾਜ ਵਜੋਂ ਮਿਲਦੇ ਹਨ।
1950-60 ਦੇ ਕਾਲ ਦੀ ਕਹਾਣੀ ‘ਤੇ ਬਣੀ ਇਸ ਫਿਲਮ ਵਿਚ ਭੁਵਨ ਸ਼ੋਮ ਦੀ ਭੂਮਿਕਾ ਉਤਪਲ ਦੱਤ ਨੇ ਨਿਭਾਈ ਹੈ ਅਤੇ ਗੌਰੀ ਦੀ ਭੂਮਿਕਾ ਸੁਹਾਸਿਨੀ ਮੂਲੇ ਨੇ ਅਦਾ ਕੀਤੀ ਹੈ। ਉਤਪਲ ਦੱਤ ਨੂੰ ਇਸ ਭੂਮਿਕਾ ਵਿਚ ਦੇਖਣਾ ਵੀ ਅਨੋਖਾ ਅਨੁਭਵ ਹੈ, ਅਸੀਂ ਆਮ ਤੌਰ ‘ਤੇ ਉਨ੍ਹਾਂ ਨੂੰ ਚਿਕਨੇ ਚੋਪੜੇ ਮੁੱਛਾਂ ਵਾਲੇ ਪਿਤਾ ਜੀ, ਬਾਊ ਜੀ ਵਜੋਂ ਹੀ ਦੇਖਦੇ ਆਏ ਹਾਂ। ਬਹਰਹਾਲ, ਸ਼ੋਮ ਬਾਬੂ ਜ਼ਿਆਦਾਤਰ ਦਫਤਰਾਂ ਵਿਚ ਹੀ ਰਹੇ ਹਨ, ਸੋ ਸ਼ਿਕਾਰ ਵਿਚ ਕਾਮਯਾਬ ਨਹੀਂ ਹੁੰਦੇ, ਭਾਵੇਂ ਫਾਈਲਾਂ ਰਾਹੀਂ ਆਪਣੇ ਅਧੀਨ ਕਰਮਚਾਰੀਆਂ ਦਾ ਸ਼ਿਕਾਰ ਕਰਨਾ ਉਨ੍ਹਾਂ ਨੂੰ ਬਾਖੂਬੀ ਆਉਂਦਾ ਹੈ।
ਗੌਰੀ ਦੀ ਸ਼ਖਸੀਅਤ ਬੇਦੋਸ਼ ਪੰਛੀ ਵਾਂਗ ਹੈ, ਪਹਾੜਾਂ ਦੇ ਪਾਣੀ ਨਿਰਮਲ ਅਤੇ ਪਵਿਤਰ। ਉਸ ਨੂੰ ਸ਼ੋਮ ਬਾਬੂ ‘ਤੇ ਤਰਸ ਆਉਂਦਾ ਹੈ। ਉਹ ਦਿਲੋਂ ਚਾਹੁੰਦੀ ਹੈ ਕਿ ਸ਼ੋਮ ਬਾਬੂ ਸ਼ਿਕਾਰ ਕਰਨ ਵਿਚ ਕਾਮਯਾਬ ਹੋ ਜਾਣ। ਗੌਰੀ ਦੀ ਸ਼ਖਸੀਅਤ ਵਿਚ ਮੌਜੂਦ ਪਵਿੱਤਰਤਾ, ਰਹਿਮ ਦਿਲੀ ਤੋਂ ਉਹ ਪ੍ਰਭਾਵਿਤ ਹੁੰਦੇ ਹਨ, ਖੁੱਲ੍ਹੇ ਵਾਤਾਵਰਨ ਤੇ ਕੁਦਰਤ ਦੀ ਨੇੜਤਾ, ਪਿੰਡਾਂ ਦੇ ਲੋਕਾਂ ਅੰਦਰ ਵਸੀ ਮਨੁੱਖਤਾ ਦਾ ਅਸਰ ਵੀ ਉਨ੍ਹਾਂ ਦੀ ਰੂਹ ‘ਤੇ ਹੁੰਦਾ ਹੈ। ਇਹ ਨਿਰਦੇਸ਼ਕ ਦਾ ਕਮਾਲ ਹੈ ਕਿ ਨਾ ਦਿਸਣ ਵਾਲਾ ਇਹ ਅੰਦਰੂਨੀ ਵਰਤਾਰਾ ਫਿਲਮ ਵਿਚ ਸਾਫ ਦਿਖਾਈ ਦਿੰਦਾ ਹੈ।
ਮ੍ਰਿਣਾਲ ਸੇਨ ਨਿਰਦੇਸ਼ਤ ਇਹ ਫਿਲਮ ਦੇਖਦਿਆਂ ਪਤਾ ਲੱਗਦਾ ਹੈ ਕਿ ਕਿਸੇ ਸਾਹਿਤਕ ਕਹਾਣੀ ਦੀ ਸੂਖਮਤਾ ਨੂੰ ਪਰਦੇ ‘ਤੇ ਕਿਵੇਂ ਦਿਖਾਇਆ ਜਾਣਾ ਚਾਹੀਦਾ ਹੈ। ਗੌਰੀ ਮਦਦ ਕਰਦੀ ਹੈ, ਸਲਾਹ ਦਿੰਦੀ ਹੈ ਕਿ ਭੁਵਨ ਬਾਬੂ ਨੂੰ ਦਿਹਾਤੀ ਕੱਪੜੇ ਪਹਿਨਣੇ ਚਾਹੀਦੇ ਹਨ, ਇਸ ਨਾਲ ਪੰਛੀ ਡਰਨਗੇ ਨਹੀਂ। ਹਿਚਕਚਾਹਟ ਤੋਂ ਬਾਅਦ ਭੁਵਨ ਬਾਊ ਉਹ ਕੱਪੜੇ ਪਹਿਨ ਲੈਂਦੇ ਹਨ।
ਸ਼ਿਕਾਰ ਦੀ ਕੋਸ਼ਿਸ਼ ਵਿਚ ਜਦੋਂ ਭੁਵਨ ਬਾਬੂ ਗੋਲੀ ਚਲਾਉਂਦੇ ਹਨ ਤਾਂ ਪੰਛੀ ਡਿੱਗ ਜਾਂਦਾ ਹੈ। ਭੁਵਨ ਬਾਬੂ ਖੁਸ਼ ਹਨ ਕਿ ਉਨ੍ਹਾਂ ਨੇ ਸ਼ਿਕਾਰ ਕਰ ਲਿਆ ਹੈ। ਗੌਰੀ ਸਾਹਮਣੇ ਉਨ੍ਹਾਂ ਦੀ ਇੱਜ਼ਤ ਰਹਿ ਗਈ ਹੈ ਜੋ ਇਸ ਸਮੇਂ ਵੀ ਨਾਲ ਹੀ ਹੈ। ਗੌਰੀ ਜੋ ਪੰਛੀਆਂ ਨੂੰ ਬਿਹਤਰ ਜਾਣਦੀ ਹੈ, ਸ਼ੋਮ ਨੂੰ ਦੱਸਦੀ ਹੈ ਕਿ ਪੰਛੀ ਮਰਿਆ ਨਹੀਂ, ਉਸ ਨੂੰ ਗੋਲੀ ਨਹੀਂ ਲੱਗੀ, ਉਹ ਸਿਰਫ ਬੇਹੋਸ਼ ਹੋਇਆ ਹੈ। ਪੰਛੀ ਅਕਸਰ ਡਰ ਕੇ ਬੇਹੋਸ਼ ਹੋ ਜਾਂਦੇ ਹਨ, ਇਨਸਾਨ ਵੀ!
ਇਹ ਦ੍ਰਿਸ਼ ਸਾਹਿਤ ਦੀ ਸੰਕੇਤਕ ਭਾਸ਼ਾ ਪਰਦੇ ‘ਤੇ ਉਤਾਰਨ ਦੀ ਸ੍ਰੇਸ਼ਟ ਉਦਾਹਰਨ ਹੈ। ਅਚੇਤ ‘ਚ ਸ਼ੋਮ ਬਾਬੂ ਨੂੰ ਉਨ੍ਹਾਂ ਅਧੀਨ ਕਰਮਚਾਰੀਆਂ ਦੇ ਚਿਹਰੇ ਆਉਂਦੇ ਹਨ ਜੋ ਉਨ੍ਹਾਂ ਤੋਂ ਡਰੇ ਹੋਏ ਰਹਿੰਦੇ ਹਨ।
ਇਹ ਅੰਦਰੂਨੀ ਬਦਲਾਓ ਦੀ ਸ਼ਰੂਆਤ ਹੈ।
ਸ਼ਹਿਰ ਤੋਂ ਦੂਰ ਰੇਤਲੇ ਟਿੱਬਿਆਂ ਵਿਚ ਥਕਾਵਟ ਭਰਿਆ ਦਿਨ ਬਿਤਾਉਣ ਦਰਮਿਆਨ ਭੁਵਨ ਬਾਬੂ ਨੂੰ ਪਤਾ ਲੱਗਦਾ ਹੈ ਕਿ ਗੌਰੀ ਦੀ ਸ਼ਾਦੀ ਰੇਲਵੇ ਦੇ ਕਿਸੇ ਮੁਲਾਜ਼ਮ ਨਾਲ ਹੋਣ ਵਾਲੀ ਹੈ। ਕੁਝ ਸੰਕੋਚ ਤੋਂ ਬਾਅਦ ਭੁਵਨ ਬਾਬੂ ਗੌਰੀ ਨੂੰ ਦੱਸਦੇ ਹਨ ਕਿ ਉਹ ਵੀ ਰੇਲਵੇ ਵਿਚ ਅਫਸਰ ਹਨ। ਇਸ ‘ਤੇ ਗੌਰੀ ਉਨ੍ਹਾਂ ਨੂੰ ਆਪਣੇ ਮਨ ਦਾ ਤੌਖਲਾ ਦੱਸਦੀ ਹੈ। ਉਹ ਕਹਿੰਦੀ ਹੈ ਕਿ ਉਸ ਦਾ ਹੋਣ ਵਾਲਾ ਪਤੀ ਟਿਕਟ ਕਲੈਕਟਰ ਹੈ, ਤਨਖਾਹ ਵੀ ਹੈ ਅਤੇ ਉਤੋਂ ਵੀ ਚਾਹ-ਪਾਣੀ ਬਣ ਜਾਂਦਾ ਹੈ ਪਰ ਸ਼ੋਮ ਸਾਹਿਬ ਨਾਂ ਦਾ ਕੋਈ ਅਫਸਰ ਉਸ ਦੇ ਪਿੱਛੇ ਪਿਆ ਹੋਇਆ ਹੈ। ਉਹ ਸ਼ੋਮ ਸਾਹਿਬ ਕੋਲ ਉਸ ਦੇ ਪਤੀ ਦੀ ਸਿਫਾਰਿਸ਼ ਕਰ ਦੇਵੇ। ਉਹ ਸਾਹਿਬ ਤੋਂ ਬਹੁਤ ਡਰਿਆ ਹੋਇਆ ਹੈ, ਉਹ ਬੜਾ ਭੈੜਾ ਅਫਸਰ ਹੈ।
ਦਿਲਚਸਪ ਗੱਲ ਇਹ ਹੈ ਕਿ ਗੌਰੀ ਨੂੰ ਨਹੀਂ ਪਤਾ ਕਿ ਜਿਸ ਨਾਲ ਉਹ ਗੱਲ ਕਰ ਰਹੀ ਹੈ, ਇਹ ਉਹੀ ਅਫਸਰ ਹੈ ਜਿਸ ਬਾਰੇ ਉਸ ਦੇ ਪਤੀ ਨੇ ਆਪਣਾ ਡਰ ਸਾਂਝਾ ਕੀਤਾ ਹੈ, ਜਿਸ ਨੂੰ ਬੜਾ ਬੇਰਹਿਮ ਦੱਸਿਆ ਹੈ।
ਕੁਦਰਤ ਦੀ ਨੇੜਤਾ, ਪਿੰਡਾਂ ਦੇ ਲੋਕਾਂ ਦੇ ਭੋਲੇਪਨ, ਪੰਛੀਆਂ ਦੀ ਮਾਸੂਮੀਅਤ ਅਤੇ ਗੌਰੀ ਦੀ ਸ਼ਖਸੀਅਤ ਨੇ ਭੁਵਨ ਸ਼ੋਮ ਅੰਦਰ ਦੀ ਕਠੋਰਤਾ ਨੂੰ ਪਿਘਲਾ ਦਿੱਤਾ ਹੈ, ਸ਼ਖਸੀਅਤ ਨੂੰ ਕੁਝ ਹੱਦ ਤੱਕ ਬਦਲ ਦਿੱਤਾ ਹੈ, ਮੂਰਛਿਤ ਹੋ ਚੁੱਕੀਆਂ ਮਨੁੱਖੀ ਸੰਵੇਦਨਾਵਾਂ ਕਰਵਟ ਲੈਣ ਲੱਗੀਆਂ ਹਨ। ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਹੁਣ ਵਾਪਸ ਸ਼ਹਿਰ ਜਾਣਾ ਪੈਣਾ ਹੈ, ਭਾਵੇਂ ਉਹ ਇਨ੍ਹਾਂ ਰੇਤਲੇ ਟਿੱਬਿਆਂ ਦੇ ਹਸੀਨ ਦ੍ਰਿਸ਼ਾਂ ਵਿਚ ਦਿਲ ਲਾ ਬੈਠੇ ਹਨ।
ਭੁਵਨ ਸ਼ੋਮ ਵਾਪਸ ਸ਼ਹਿਰ ਆ ਜਾਂਦੇ ਹਨ, ਦਫਤਰ ਆਪਣੀ ਕੁਰਸੀ ‘ਤੇ ਬੈਠ ਕੇ ਉਹ ਉਸ ਟਿਕਟ ਕਲੈਕਟਰ ਨੂੰ ਬੁਲਾਉਂਦੇ ਹਨ ਜਿਸ ਬਾਰੇ ਗੌਰੀ ਨੇ ਕਿਹਾ ਸੀ, ਉਸ ਦਾ ਮੰਗੇਤਰ ਜਾਧਵ ਪਟੇਲ। ਉਨ੍ਹਾਂ ਨੇ ਚਾਰਜ ਸ਼ੀਟ ਤਿਆਰ ਕੀਤੀ ਹੋਈ ਹੈ, ਸਿਰਫ ਦੇਣੀ ਹੈ ਪਰ ਜਿਵੇਂ ਪਹਿਲਾਂ ਲਿਖਿਆ ਹੈ, ਉਨ੍ਹਾਂ ਅੰਦਰ ਕਾਫੀ ਕੁਝ ਬਦਲ ਗਿਆ ਹੈ, ਸਖਤ ਕੋਨਾ ਪਿਘਲ ਕੇ ਨਰਮ ਹੋ ਗਿਆ ਹੈ। ਉਹ ਜ਼ਿੰਦਗੀ ‘ਚ ਪਹਿਲੀ ਵਾਰ ਕਿਸੇ ‘ਤੇ ਰਹਿਮ ਕਰਦੇ ਹਨ, ਚਾਰਜ ਸ਼ੀਟ ਪਾੜ ਦਿੰਦੇ ਹਨ ਅਤੇ ਚਿਤਾਵਨੀ ਦੇ ਕੇ ਜਾਧਵ ਪਟੇਲ ਨੂੰ ਛੱਡ ਦਿੰਦੇ ਹਨ। ਜਾਧਵ ਪਟੇਲ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭੁਵਨ ਸ਼ੋਮ ਨੇ ਉਸ ਨੂੰ ਬਖਸ਼ ਦਿੱਤਾ ਹੈ। ਉਸ ਨੂੰ ਧੰਨਵਾਦ ਕਰਨ ਲਈ ਲਫਜ਼ ਨਹੀਂ ਸੁੱਝ ਰਹੇ ਪਰ ਸਭ ਕੁਝ ਉਸ ਦੇ ਚਿਹਰੇ ‘ਤੇ ਲਿਖਿਆ ਹੁੰਦਾ ਹੈ ਅਤੇ ਭੁਵਨ ਸ਼ੋਮ ਉਸ ਨੂੰ ਪੜ੍ਹ ਲੈਂਦੇ ਹਨ।
ਸ਼ੋਮ ਸਾਹਬ ਨੂੰ ਪਹਿਲੀ ਵਾਰ ਅਸਲ ਖੁਸ਼ੀ ਮਿਲਦੀ ਹੈ। ਅੰਦਰੂਨੀ ਖੇੜਾ, ਸਖਤੀ ਤੋਂ ਆਜ਼ਾਦੀ, ਇੱਕ ਢੱਰੇ ਦੀ ਜ਼ਿੰਦਗੀ ‘ਚ ਖੁਸ਼ ਰਹਿਣ ਦੀ ਵਜ੍ਹਾ। ਉਹ ਦਫਤਰੀ ਕਮਰੇ ਵਿਚ ਹੱਸਦੇ ਹਨ, ਲੇਟਦੇ ਹਨ, ਫਾਈਲਾਂ ਚੁੱਕ ਕੇ ਇਧਰ ਉਧਰ ਮਾਰਦੇ ਹਨ, ਬੱਚਿਆਂ ਵਾਂਗ ਖੁਸ਼ ਹੋ ਰਹੇ ਹਨ। ਇਹ ਇਜ਼ਹਾਰ ਉਹ ਆਪਣੇ ਕਮਰੇ ਵਿਚ ਇਸੇ ਤਰ੍ਹਾਂ ਕਰ ਸਕਦੇ ਸਨ, ਕਰਦੇ ਹਨ।
ਥੋੜ੍ਹਾ ਸਮਾਂ ਬੀਤਦਾ ਹੈ ਤਾਂ ਜਾਧਵ ਪਟੇਲ ਗੌਰੀ ਨੂੰ ਖਤ ਲਿਖ ਕੇ ਦੱਸਦਾ ਹੈ ਕਿ ਉਸ ਦੀ ਬਦਲੀ ਉੱਥੇ ਕਰ ਦਿੱਤੀ ਗਈ ਹੈ ਜਿੱਥੇ ਚਾਹ ਪਾਣੀ ਕੁਝ ਜ਼ਿਆਦਾ ਮਿਲਦਾ ਹੈ।
ਮੈਂ ਆਰੰਭ ਵਿਚ ਲਿਖਿਆ ਸੀ ਕਿ ਮੇਰਾ ਇਰਾਦਾ ਸੀ, ਜੇ ਫਿਲਮ ਬੋਝਲ ਹੋਈ ਤਾਂ ਅੱਧ ਵਿਚ ਛੱਡ ਦੇਵਾਂਗਾ ਜਾਂ ਫਿਰ ਇਸ ਤੋਂ ਵੀ ਪਹਿਲਾਂ ਪਰ ਫਿਲਮ ਦੀ ਕਹਾਣੀ ਵਿਚ ਗਤੀ ਹੈ, ਦਿਲਚਸਪ ਕਥਾ ਦੀ ਜੁਗਤ ਹੈ, ਮੈਂ ਫਿਲਮ ਖਤਮ ਹੋਣ ਤੋਂ ਪਹਿਲਾਂ ਨਹੀਂ ਛੱਡ ਸਕਿਆ।
ਫਿਲਮ ਵਿਚ ਜਿੱਥੇ ਗੁਜਰਾਤ ਦੇ ਰੇਤਲੇ ਇਲਾਕਿਆਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ, ਉਥੋਂ ਦੇ ਪੁਰਾਤਨ ਸੱਭਿਆਚਾਰ ਰਸਮੋ-ਰਿਵਾਜ਼ ਤੱਕਣ ਦਾ ਮੌਕਾ ਵੀ ਮਿਲਦਾ ਹੈ। ਉਥੋਂ ਦੀ ਭਾਸ਼ਾ ਸੁਣਾਈ ਦਿੰਦੀ ਹੈ, ਉਥੋਂ ਦਾ ਲੋਕ-ਸੰਗੀਤ ਸੁਣਨ ਨੂੰ ਵੀ ਮਿਲਦਾ ਹੈ, ਉੱਥੇ ਦੀਆਂ ਕਈ ਥਾਵਾਂ ਦਿਸਦੀਆਂ ਹਨ, ਤੇ ਚੰਗਾ ਲੱਗਦਾ ਹੈ।
ਮ੍ਰਿਣਾਲ ਸੇਨ ਦੀ ਇਹ ਮਹਾਨ ਕਿਰਤ ਹੈ ਜਿਸ ਤੋਂ ਮਗਰੋਂ ਤੁਸੀਂ ਉਨ੍ਹਾਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਧਿਆਨ ਰੱਖ ਲੱਗ ਪਓਗੇ ਜੋ ਤੁਹਾਡੀ ਰੋਜ਼ਮੱਰਾ ਜ਼ਿੰਦਗੀ ਦੀ ਤੇਜ਼ੀ ਕਾਰਨ ਦਮ ਤੋੜ ਰਹੀਆਂ ਹਨ, ਕੰਮ-ਕਾਜੀ ਫਾਈਲਾਂ ਅਤੇ ਦਫਤਰੀ ਰੁਤਬੇ ਦੇ ਰੋਅਬ ਕਾਰਨ ਦਮ ਤੋੜ ਰਹੀਆਂ ਹਨ।
ਭੁਵਨ ਸ਼ੋਮ ਨੂੰ ਤਿੰਨ ਖੇਤਰਾਂ ‘ਚ ਨੈਸ਼ਨਲ ਫਿਲਮ ਐਵਾਰਡ ਪ੍ਰਾਪਤ ਹੋਏ। ਸਰਵੋਤਮ ਫਿਲਮ, ਮ੍ਰਿਣਾਲ ਸੇਨ ਨੂੰ ਸਰਵੋਤਮ ਨਿਰਦੇਸ਼ਨ ਵਾਸਤੇ ਅਤੇ ਉਤਪਲ ਦੱਤ ਨੂੰ ਸਰਵੋਤਮ ਅਦਾਕਾਰ ਲਈ। ਇਹ ਫਿਲਮ ਇਸ ਲਈ ਵੀ ਯਾਦ ਕੀਤੀ ਜਾਂਦੀ ਹੈ ਕਿ ਇਸ ਫਿਲਮ ਰਾਹੀਂ ਅਮਿਤਾਭ ਬਚਨ ਨੇ ਹਿੰਦੀ ਫਿਲਮ ਸੰਸਾਰ ‘ਚ ਪਹਿਲੀ ਵਾਰ ਕਦਮ ਰੱਖਿਆ ਸੀ। ਉਹ ਪਰਦੇ ‘ਤੇ ਨਜ਼ਰ ਨਹੀਂ ਆਏ ਪਰ ਫਿਲਮ ਅੱਗੇ ਤੋਰਨ ‘ਚ ਉਹ ਕਹਾਣੀ ਅਤੇ ਪਾਤਰਾਂ ਦੇ ਅੰਦਰ ਦੀ ਹਲਚਲ ਬੋਲ ਕੇ ਦੱਸਦੇ ਹਨ। ਪਿਠਭੂਮੀ ਵਿਚ ਅਮਿਤਾਭ ਬਚਨ ਦੀ ਆਵਾਜ਼ ਹੈ। ਫਿਲਮ ‘ਚ ਸੰਗੀਤ ਵਿਜੈ ਰਾਘਵ ਰਾਓ ਦਾ ਹੈ।