ਸੁਖਦੇਵ ਸਿੰਘ ਪੱਤਰਕਾਰ
ਰਾਅ ਦੇ ਸੇਵਾ-ਮੁਕਤ ਸੀਨੀਅਰ ਅਫਸਰ ਗੁਰਬਖਸ਼ੀਸ਼ ਸਿੰਘ ਸਿੱਧੂ ਦੀ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤਾਂ ਮੇਰੇ ਮਨ ਉਪਰ ਇਹ ਪੂਰਵ-ਪ੍ਰਭਾਵ ਭਾਰੂ ਸੀ ਕਿ ਇਸ ਵਿਚ ਦਰਬਾਰ ਸਾਹਿਬ ਉਪਰ “ਬਲੂ ਸਟਾਰ” ਫੌਜੀ ਹਮਲੇ ਤਕ ਦੀਆਂ ਘਟਨਾਵਾਂ ਦਾ ਪੋਲਾ ਪੋਲਾ, ਸਹਿੰਦਾ ਸਹਿੰਦਾ ਬਿਰਤਾਂਤ ਹੋਵੇਗਾ। ਪੱਛਮੀ ਲੇਖਕਾਂ ਤੋਂ ਉਲਟ ਭਾਰਤੀ ਨੌਕਰਸ਼ਾਹ ਅੱਵਲ ਤਾਂ ਲਿਖਦੇ ਹੀ ਨਹੀਂ, ਜੇ ਲਿਖਦੇ ਵੀ ਹਨ ਤਾਂ ਪਬਲਿਕ ਨੂੰ ਦੱਸਦੇ ਘੱਟ ਹਨ, ਛੁਪਾਉਂਦੇ ਵੱਧ ਹਨ। ਪਰ ਕਿਤਾਬ ਦੇ ਪਾਠ ਪਿਛੋਂ ਘੱਟੋ ਘੱਟ ਇਸ ਲੇਖਕ ਦੇ ਮਾਮਲੇ ਵਿਚ ਮੇਰੀ ਸੋਚ ਕਾਫੀ ਬਦਲ ਗਈ ਹੈ।
ਨਿਰੰਤਰ, ਵਿਉਂਤਬੱਧ, ਇਕ-ਪਾਸੜ ਦੇਸ ਅੰਦਰ ਅਤੇ ਬਾਹਰ ‘ਪਰਵਾਨ’ ਚੜ੍ਹਾਏ ਪ੍ਰਚਾਰ ਰਾਹੀਂ ਸਥਾਪਤੀ ਲੋਕ ਮਨਾਂ ਅੰਦਰ ਇਹ ਪੱਕਾ ਕਰਦੀ ਰਹੀ ਕਿ ਪ੍ਰਧਾਨ ਮੰਤਰੀ ਖੁੱਲੇ੍ਹ ਮਨ ਨਾਲ ਪੰਜਾਬ ਦੀਆਂ ਧਰਮ ਯੁੱਧ ਤਹਿਰੀਕ ਰਾਹੀਂ ਉਭਾਰੀਆਂ ਸਮੱਸਿਆਵਾਂ ਵਿਚਾਰਨ ਲਈ ਸਦਾ ਤਤਪਰ ਸਨ ਪਰ ਸੰਤ ਜਰਨੈਲ ਸਿੰਘ ਅਤੇ ਕੁਛ ਹੋਰ ਅਖੌਤੀ ਕੱਟੜ, ਅਤਿਵਾਦੀ ਧੜੇ ਕੋਈ ਪੇਸ਼ ਨਹੀਂ ਜਾਣ ਦੇ ਰਹੇ ਸਨ। ਸਗੋਂ ਇਹ ਪਾਕਿਸਤਾਨ ਦੀ ਮਦਦ ਨਾਲ ਖਾਲਿਸਤਾਨ ਦੀ ਸਥਾਪਨਾ ਲਈ ਦ੍ਰਿੜ੍ਹ ਸੰਕਲਪ ਸਨ। ਇਨ੍ਹਾਂ ਹਾਲਾਤ ਵਿਚ ਸਮੂਹ ਅੰਦਰ ਫੌਜ ਭੇਜਣੀ ਮਜਬੂਰੀ ਬਣ ਗਈ ਸੀ।
ਸਿੱਧੂ ਸਥਾਪਤੀ ਦੇ ਇਸ ਬਿਰਤਾਂਤ ਦੀਆਂ ਬੁਨਿਆਦਾਂ ਹਿਲਾ ਰਿਹਾ ਹੈ। ਉਸ ਵਲੋਂ ਇਕੱਤਰ ਤੱਥ, ਬੱਝਵੇਂ ਢੰਗ ਨਾਲ ਨਾ ਸਹੀ, ਪਰ ਸਮੁੱਚ ਵਿਚ ਨਿਸ਼ਚੇ ਹੀ, ਇਸ ਦੀ ਫੂਕ ਕੱਢਦੇ ਹਨ।
ਲੇਖਕ “1-ਅਕਬਰ ਰੋਡ, ਦਿਲੀ” ਵਾਲੀ ਕੋਠੀ ਅੰਦਰਲੀਆਂ ਸਾਲੋ-ਸਾਲ ਪਹਿਲਾਂ ਵਿਉਂਤੀਆਂ ਜਾਣ ਵਾਲੀਆਂ ਹਰਕਤਾਂ ਉਪਰ ਬਹੁਤ ਜ਼ੋਰ ਦਿੰਦਾ ਹੈ। ਇਸ ਕੋਠੀ ਵਿਚ ਸ਼ੁਰੂ ਵਿਚ ਸੰਜੈ ਗਾਂਧੀ ਦਾ ਨਿਵਾਸ ਸੀ। ਇਸ ਨੂੰ ਲੇਖਕ ਪੰਜਾਬ ਨਾਲ ਸਬੰਧਤ ਅਨੇਕਾਂ ਸਾਜ਼ਿਸ਼ਾਂ ਦਾ ਕੇਂਦਰ ਬਿੰਦੂ ਮੰਨਦਾ ਹੈ। ਕਮਲ ਨਾਥ ਅਤੇ ਗਿਆਨੀ ਜ਼ੈਲ ਸਿੰਘ ਤੋਂ ਇਲਾਵਾ ਕੋਠੀ ਅੰਦਰਲੇ ਗਰੋਹ ਦੇ ਸਾਰੇ ਮੈਂਬਰਾਂ ਦਾ ਨਾਂ ਲੈਣੋਂ ਲੇਖਕ ਸੰਕੋਚ ਕਰਦਾ ਹੈ ਪਰ ਉਹ ਇਹ ਪ੍ਰਭਾਵ ਦਿੰਦਾ ਹੈ ਕਿ ਸਮੇਂ ਸਮੇਂ ਇਸ ਵਿਚਲੇ ਪਾਤਰ ਬਦਲਦੇ ਰਹੇ ਹਨ।
ਲੇਖਕ ਅਨੁਸਾਰ ਅਸਲ ਵਿਚ 1980 ਵਿਚ ਤਾਕਤ ਵਿਚ ਵਾਪਸੀ ਨਾਲ ਇੰਦਰਾ ਗਾਂਧੀ ਅਤੇ ਉਸ ਦੇ ਸਲਾਹਕਾਰਾਂ ਦਾ ਧਿਆਨ 1985 ਦੀਆਂ ਲੋਕ ਸਭਾ ਚੋਣਾਂ ਦੀ ਯੁੱਧਨੀਤੀ ਵੱਲ ਜਾਂਦਾ ਹੈ। ਪੰਜਾਬ ਵੱਲ ਇਸ਼ਾਰੇ ਇਸੇ ਦ੍ਰਿਸ਼ਟੀ ਤੋਂ ਹੀ ਕੀਤੇ ਗਏ ਹਨ। ਦੂਜੇ ਸ਼ਬਦਾਂ ਵਿਚ 1984 ਦੀ ਮੂਲ ਰੂਪ ਵਿਚ ਚਿਤਵੀ ਚੋਣ ਰਾਜਨੀਤੀ ਦਾ ਜਨਮ ਘਰ ਪੰਜਾਬ ਅਤੇ ਸਿੱਖ ਹੀ ਬਣਦੇ ਹਨ। ਬਾਅਦ ਦੀਆਂ ਘਟਨਾਵਾਂ ਇਸੇ ਯੁੱਧਨੀਤੀ ਅੰਦਰ ਫਿੱਟ ਕੀਤੀਆਂ ਜਾਂਦੀਆਂ ਰਹੀਆਂ ਹਨ।
ਇਥੇ ਲੇਖਕ ਆਪ ਮਿਹਨਤ ਕਰਨ ਅਤੇ ਤੱਥਾਂ ਦੀ ਛਾਣਬੀਣ ਕਰਨ ਦੀ ਬਜਾਏ ਬਾਜ਼ਾਰ ਦੇ ਜਾਅਲੀ ਦੁੱਧ ਦੀ ਬਣੀ ਬਣਾਈ ਖੀਰ ਵਲ ਲਪਕ ਪੈਂਦਾ ਹੈ। ਅਖੇ (ਸੰਜੇ ਅਤੇ) ਕਮਲ ਨਾਥ ਨੇ ਸੰਤ ਜਰਨੈਲ ਸਿੰਘ ਅਤੇ ਇਕ ਹੋਰ ਸੰਤ ਨੂੰ ਇੰਟਰਵਿਊ ਲਈ ਬੁਲਾਇਆ ਅਤੇ ਸੰਤ ਜਰਨੈਲ ਸਿੰਘ ਨੂੰ ਇਕ ਖਾਸ ਰੋਲ ਨਿਭਾਉਣ ਲਈ ਚੁਣਿਆ। ਜਿਹੜੇ ਸੰਤ ਜਰਨੈਲ ਸਿੰਘ ਦੇ ਕਰੂਰੇ ਅਤੇ ਸਵੈਮਾਣ ਨੂੰ ਰੱਤੀ ਮਾਸਾ ਵੀ ਜਾਣਦੇ ਸਨ ਉਹ ਕੁਲਦੀਪ ਨਈਅਰ ਦੇ ਫੈਲਾਏ ਇਸ ਕੁਫਰ ਨੂੰ ਸੌ ਫੀਸਦੀ ਬਕਵਾਸ ਮੰਨਦੇ ਹਨ। ਲੇਖਕ ਵਲੋਂ ਚੁੱਕਿਆ ਦੂਜਾ ਸਸਤਾ, ਬਾਜ਼ਾਰੀ ਗੱਪ ਹੀ ਨਿਕਲਦਾ ਹੈ ਕਿ ਦਲ ਖਾਲਸਾ ਨੂੰ ਗਿਆਨੀ ਜ਼ੈਲ ਸਿੰਘ ਨੇ ਠੇਲਿਆ ਜਾਂ ਉਸ ਸੰਸਥਾ ਦੀ ਹੋਟਲ ਅਰੋਮਾ, ਚੰਡੀਗੜ੍ਹ, ਵਾਲੀ ਪਹਿਲੀ ਪ੍ਰੱੈਸ ਕਾਨਫਰੰਸ ਦਾ ਬਿੱਲ ਗਿਆਨੀ ਜ਼ੈਲ ਸਿੰਘ ਨੇ ਅਦਾ ਕੀਤਾ। ਇਸ ਪ੍ਰੱੈਸ ਕਾਨਫਰੰਸ ਅਤੇ ਬਿੱਲ ਵਾਲੇ ਤੱਥ ਦੀ ਮੈਂ ਕੁਛ ਸਾਲ ਹੋਏ ਸਬੰਧਤ ਪੱਤਰਕਾਰਾਂ ਅਤੇ ਦਲ ਖਾਲਸਾ ਵਾਲਿਆਂ ਤੋਂ ਪੜਤਾਲ ਕੀਤੀ ਸੀ। ਇਹ ਝੂਠ ਸਾਬਤ ਹੋਇਆ ਸੀ। ਲੇਖਕ ਦੇ ਇਸ ਵਿਸ਼ਵਾਸ ਦਾ ਵੀ ਕੋਈ ਆਧਾਰ ਨਹੀਂ ਕਿ ਦਲ ਖਾਲਸਾ ਸੰਤ ਜਰਨੈਲ ਸਿੰਘ ਦੇ ਰਾਜਸੀ ਵਿੰਗ ਵਜੋਂ ਵਿਚਰਿਆ। ਦਲ ਖਾਲਸਾ ਦੇ ਨੌਜਵਾਨਾਂ ਉਪਰ ਸਿਧਾਂਤਕ ਤੌਰ ‘ਤੇ ਸਭ ਤੋਂ ਵੱਧ ਪ੍ਰਭਾਵ ਸ. ਕਪੂਰ ਸਿੰਘ ਦਾ ਸੀ ਅਤੇ ਉਨ੍ਹਾਂ ਦਾ ਵਧੇਰੇ ਮੇਲ ਗੇਲ ਵੀ ਸ. ਕਪੂਰ ਸਿੰਘ ਨਾਲ ਹੀ ਰਹਿੰਦਾ ਸੀ। ਸੰਤ ਜਰਨੈਲ ਸਿੰਘ ਦਾ ਆਪਣਾ ਧਾਰਮਿਕ ਸੰਗਠਨ ਦਮਦਮੀ ਟਕਸਾਲ ਸੀ ਜਦਕਿ ਰਾਜਸੀ ਵਿੰਗ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸੀ।
ਇਨ੍ਹਾਂ ਭੁੱਲਾਂ ਅਤੇ ਟਪਲਿਆਂ ਦੇ ਬਾਵਜੂਦ ਲੇਖਕ ਇਹ ਸਾਬਤ ਕਰ ਰਿਹਾ ਹੈ ਕਿ ਫੌਜੀ ਕਾਰਵਾਈ ਵਾਲੇ ਹਾਲਾਤ ਭਾਰਤੀ ਵੋਟਰ ਨੂੰ ਕਾਂਗਰਸ ਦੀ ਚੋਣ ਰਾਜਨੀਤੀ ਦੇ ਸਵੈ-ਇੱਛਤ ਹਿੱਸੇਦਾਰ ਬਣਨ ਲਈ ਰਾਜ਼ੀ ਕਰਨ ਦੀ ਸਫਲ ਕੋਸ਼ਿਸ਼ ਸੀ। ਇਸ ਨਾਟਕ ਨੂੰ ਲਗਾਤਾਰ ਲਗਪਗ ਚਾਰ ਸਾਲ ਤਕ ਸ਼ਹਿਰੀ ਮਿਡਲ ਕਲਾਸ ਦੀ ਦਿਲਚਸਪੀ ਦਾ ਕੇਂਦਰ ਬਣਾ ਕੇ ਰੱਖਿਆ ਗਿਆ।
ਲੇਖਕ ਦੱਸਦਾ ਹੈ ਕਿ ਦਿੱਲੀ ਦੀਆਂ ਅਖੌਤੀ ਵੱਡੀਆਂ ਰਾਸ਼ਟਰੀ ਅਖਬਾਰਾਂ ਵਿਚ ਮੁੱਖ ਲੇਖ ਵਾਲੇ ਸਫਿਆਂ ਉਪਰ (ਸਿੱਖ/ਪੰਜਾਬ ਵਿਰੋਧੀ) ਖਾਸ ਲੇਖਾਂ ਦੀ ਲੜੀ ਲਈ ਮਸਾਲਾ “ਰਾਅ” ਦੀਆਂ ਰਿਪੋਰਟਾਂ ਉਪਰ ਆਧਾਰਤ ਹੁੰਦਾ ਸੀ ਜਿਸ ਨੂੰ ਸੰਪਾਦਕਾਂ ਤਕ ਪ੍ਰਧਾਨ ਮੰਤਰੀ ਦਾ ਪ੍ਰਿੰਸੀਪਲ ਇਨਫਰਮੇਸ਼ਨ ਸਕੱਤਰ ਸ਼ਾਰਦਾ ਪਰਸ਼ਾਦ ਉਪਲੱਬਧ ਕਰਵਾਉਂਦਾ ਸੀ। (ਮੈਨੂੰ ਹਿੰਦੁਸਤਾਨ ਟਾਈਮਜ਼ ਵਿਚ ਛਪਦੇ ਐਨ.ਸੀ. ਮੈਨਨ ਦੇ ਅਤੇ ਟਾਈਮਜ਼ ਆਫ ਇੰਡੀਆ ਵਿਚ ਗਿਰੀ ਲਾਲ ਜੈਨ ਦੇ ਜ਼ਹਿਰੀਲੇ ਲੇਖ ਅਜੇ ਤਕ ਵੀ ਖਟਕਦੇ ਹਨ। – ਸੁਖਦੇਵ ਸਿੰਘ)
ਬਲੂ ਸਟਾਰ ਦੇ ਅਹਿਮ ਮਹੀਨਿਆਂ ਵਿਚ ਬੀ.ਡੀ. ਪਾਂਡੇ ਪੰਜਾਬ ਦੇ ਗਵਰਨਰ ਸਨ। ਪਾਂਡੇ ਆਪਣੀ ਆਤਮਕਥਾ ਵਿਚ ਲਿਖਦਾ ਹੈ ਕਿ ਇੰਦਰਾ ਗਾਂਧੀ ਨਿਰੰਤਰ ਯਤਨਸ਼ੀਲ ਰਹੀ ਕਿ ਪੰਜਾਬ ਦੀ ਸਮੱਸਿਆ ਨੂੰ ਸਿੱਖ ਸਮੱਸਿਆ ਵਜੋਂ ਪੇਸ਼ ਕੀਤਾ ਜਾਵੇ। ਨਾਲ-ਨਾਲ ਖਾੜਕੂਆਂ ਨੂੰ ਖਾਲਿਸਤਾਨ ਦੀ ਸਥਾਪਨਾ ਲਈ ਪਾਕਿਸਤਾਨੀ ਹਥਿਆਰਾਂ ਦੀ ਸਪਲਾਈ ਦਾ ਚਰਚਾ ਵੀ ਹੁੰਦਾ ਰਿਹਾ। ਗਵਰਨਰ ਨੇ ਪਾਕਿਸਤਾਨੀ ਹਥਿਆਰਾਂ ਵਾਲੇ ਝੂਠ ਦਾ ਲਗਾਤਾਰ ਭਾਂਡਾ ਭੰਨਿਆ ਹਾਲਾਂਕਿ ਪ੍ਰਧਾਨ ਮੰਤਰੀ ਦਾ ਪ੍ਰਿੰਸੀਪਲ ਸਕੱਤਰ ਪੀ.ਸੀ. ਅਲੈਗਜ਼ੈਂਡਰ ਗਵਰਨਰ ਤੋਂ ਅਖੌਤੀ ਪਾਕਿਸਤਾਨੀ ਹਥਿਆਰਾਂ ਵਾਲਾ ਝੂਠ ਬੁਲਵਾਉਣ ਦਾ ਯਤਨ ਕਰਦਾ ਰਿਹਾ।
ਪਾਂਡੇ ਦੇ ਇਨ੍ਹਾਂ ਤੱਥਾਂ ਨੂੰ ਸਿੱਧੂ ਦੀ ਕਿਤਾਬ ਵਿਚਲੇ ਇਸ ਬਿਰਤਾਂਤ ਨਾਲ ਮੇਲ ਕੇ ਪੜ੍ਹਨ ਦੀ ਲੋੜ ਹੈ ਕਿ ਅਕਾਲੀ ਦਲ ਨਾਲ ਗੱਲਬਾਤ ਦੇ ਗੇੜਾਂ ਨੂੰ ਕੇਂਦਰ ਨੇ ਉਦੋਂ ਤਕ ਟੁੱਟਣ ਨਹੀਂ ਦਿੱਤਾ ਜਦ ਤਕ ਬਲੂ ਸਟਾਰ ਹਮਲੇ ਦੀ ਤਿਆਰੀ ਮੁਕੰਮਲ ਨਹੀਂ ਕਰ ਲਈ ਗਈ। ਸਿੱਧੂ ਦਾ ਦਾਅਵਾ ਹੈ ਕਿ ਇੰਦਰਾ ਗਾਂਧੀ ਨੇ ਸਵਰਨ ਸਿੰਘ ਦਾ ਸਮਝੌਤਾ ਫਾਰਮੂਲਾ ਜਾਣ ਬੁੱਝ ਕੇ ਰੱਦ ਕੀਤਾ ਤਾਂ ਕਿ ਉਸ ਦੇ ਮੂਲ ਨਿਸ਼ਾਨੇ ਵਿਚ ਕੋਈ ਵਿਘਨ ਨਾ ਪਵੇ।
ਇੰਜ ਪੰਜਾਬ ਦੇ ਇਸ ਦਰਦਨਾਕ ਅਧਿਆਏ ਨੂੰ ਇਕ ਪਾਸੇ ਇੰਦਰਾ ਗਾਂਧੀ ਦੀ ਲੰਮੇ ਸਾਹ ਬਣਾਈ ਅਤੇ ਚਲਾਈ ਚੋਣ ਯੁੱਧਨੀਤੀ ਵਜੋਂ ਵੇਖਿਆ ਜਾਵੇਗਾ ਅਤੇ ਦੂਜੇ ਪਾਸਿਓਂ ਸਿੱਖਾਂ ਨੂੰ ਉਸ ਦੇ ਪਰਿਵਾਰਕ ਤਾਨਾਸ਼ਾਹੀ ਦੇ ਵਿਰੋਧੀ ਵਜੋਂ ਸਬਕ ਸਿਖਾਉਣ ਦੀ ਕਵਾਇਦ ਵਜੋਂ ਸਮਝਿਆ ਜਾਵੇਗਾ|