ਅਮਰੀਕਾ ਤੇ ਇਰਾਨ ਵਿਚਾਲੇ ਤਿੰਨ ਦਹਾਕਿਆਂ ਮਗਰੋਂ ਗੱਲਬਾਤ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਟੈਲੀਫੋਨ ‘ਤੇ ਗੱਲ ਕਰਕੇ ਜਿਥੇ ਇਕ ਨਾਟਕੀ ਤੇ ਇਤਿਹਾਸਕ ਕਦਮ ਚੁੱਕਿਆ ਉੱਥੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਬੀਤੇ 30 ਸਾਲਾਂ ਤੋਂ ਵੱਧ ਸਮੇਂ ਦੌਰਾਨ ਇਹ ਪਹਿਲਾ ਮੌਕਾ ਹੈ, ਜਦੋਂ ਉਨ੍ਹਾਂ ਦੇ ਆਗੂਆਂ ਦੀ ਇੰਜ ਗੱਲਬਾਤ ਹੋਈ ਹੈ।
ਰੂਹਾਨੀ ਨਿਊਯਾਰਕ ਵਿਚ ਆਪਣੇ ਹਫਤੇ ਭਰ ਦੇ ਰੁਝੇਵਿਆਂ ਤੋਂ ਫਾਰਗ ਹੋ ਕੇ ਜਦੋਂ ਹਵਾਈ ਅੱਡੇ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਓਬਾਮਾ ਨੇ ਫੋਨ ਕੀਤਾ। ਇਰਾਨ ਦੇ ਰਾਸ਼ਟਰਪਤੀ ਨੇ ਹਫਤਾ ਭਰ ਅਮਰੀਕਾ ਵਿਚ ਰਹਿ ਕੇ ਜਿੱਥੇ ਦੁਨੀਆਂ ਭਰ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ, ਉੱਥੇ ਅਮਰੀਕੀ ਮੀਡੀਆ ਨੂੰ ਇੰਟਰਵਿਊ ਵੀ ਦਿੱਤੀ। ਓਬਾਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਿਲਹਾਲ ਉਨ੍ਹਾਂ ਇਰਾਨ ਦੇ ਰਾਸ਼ਟਰਪਤੀ ਰੂਹਾਨੀ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ।
ਇਸ ਦੌਰਾਨ ਉਨ੍ਹਾਂ ਇਰਾਨ ਦੇ ਪਰਮਾਣੂ ਪ੍ਰੋਗਰਾਮ ਸਮਝੌਤੇ ਨੂੰ ਸਿਰੇ ਚਾੜ੍ਹਨ ਬਾਰੇ ਚਰਚਾ ਕੀਤੀ। ਰੂਹਾਨੀ ਨੂੰ ਉਹੀ ਕੁਝ ਕਿਹਾ ਜੋ ਨਿਊਯਾਰਕ ਵਿਚ ਕਿਹਾ ਸੀ। ਉਨ੍ਹਾਂ ਨੂੰ ਦੱਸਿਆ ਕਿ ਸਮਝੌਤੇ ਨੂੰ ਸਿਰੇ ਲਾਉਣ ਦੇ ਰਾਹ ਵਿਚ ਕਈ ਅੜਿੱਕੇ ਹਨ ਪਰ ਇਸੇ ਦੇ ਬਾਵਜੂਦ ਉਨ੍ਹਾਂ ਨੂੰ ਭਰੋਸਾ ਹੈ ਕਿ ਵਿਆਪਕ ਹੱਲ ਕੱਢ ਹੀ ਲਏ ਜਾਣਗੇ। ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਤੋਂ ਤੁਰੰਤ ਮਗਰੋਂ ਇਹ ਗੱਲਬਾਤ ਕੀਤੀ।
ਅਮਰੀਕੀ ਰਾਸ਼ਟਰਪਤੀ ਨੇ ਵਿਦੇਸ਼ ਮੰਤਰੀ ਜੋਹਨ ਕੈਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਰਾਨ ਸਰਕਾਰ ਨੂੰ ਕੂਟਨੀਤਕ ਢੰਗ ਨਾਲ ਮਨਾਉਣ ਲਈ ਕੋਸ਼ਿਸ਼ਾਂ ਜਾਰੀ ਰੱਖਣ। ਇਰਾਨ ਤੇ ਅਮਰੀਕਾ ਵਿਚਾਲੇ 1979 ਤੋਂ ਕੂਟਨੀਤਕ ਰਿਸ਼ਤੇ ਖਤਮ ਹਨ। 1979 ਵਿਚ ਇਸਲਾਮਿਕ ਕ੍ਰਾਂਤੀ ਰਾਹੀਂ ਇਰਾਨ ਵਿਚ ਅਮਰੀਕਾ ਸਮਰਥਕ ਸ਼ਾਹ ਹਕੂਮਤ ਖਤਮ ਕਰ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਅਮਰੀਕਾ ਤੇ ਇਰਾਨ ਨੇ 30 ਸਾਲ ਤੋਂ ਵੱਧ ਸਮੇਂ ਦੌਰਾਨ ਪਹਿਲੀ ਵਾਰ ਗੱਲਬਾਤ ਕੀਤੀ। ਤਹਿਰਾਨ ਨੇ ਆਪਣੇ ਲੰਮੇ ਸਮੇਂ ਤੋਂ ਵਿਵਾਦਗ੍ਰਸਤ ਚੱਲੇ ਆ ਰਹੇ ਪਰਮਾਣੂ ਪ੍ਰੋਗਰਾਮ ਦੇ ਹੱਲ ਲਈ ਸੰਭਾਵਨਾਵਾਂ ਪੇਸ਼ ਕੀਤੀਆਂ। ਅਮਰੀਕਾ ਵੱਲੋਂ ਇਸ ਬਾਰੇ ਬਹੁਤ ਸੰਕੋਚ ਤੇ ਚੇਤਾਵਨੀ ਭਰੇ ਅੰਦਾਜ਼ ਵਿਚ ਕੰਮ ਕੀਤਾ ਜਾ ਰਿਹਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਗੱਲਬਾਤ ਨੂੰ ਉਸਾਰੂ ਕਰਾਰ ਦਿੱਤਾ ਜਿਸ ਸਦਕਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਵਿਵਾਦ ਹੱਲ ਹੋਣ ਦਾ ਰਾਹ ਖੁੱਲ੍ਹੇਗਾ ਪਰ ਨਾਲ ਹੀ ਚੇਤਾਵਨੀ ਦਿੱਤੀ ‘ਸਿਰਫ ਇਕ ਮੀਟਿੰਗ’ ਤੇ ‘ਸੁਰ ਵਿਚ ਤਬਦੀਲੀ’ ਨਾਲ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਦੇ ਸਾਰੇ ਖਦਸ਼ੇ ਖ਼ਤਮ ਨਹੀਂ ਹੋ ਜਾਂਦੇ। ਜੌਹਨ ਕੈਰੀ ਤੇ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵਾਦ ਜ਼ਰੀਫ ਦੇ ਨਾਲ ਬਰਤਾਨੀਆ, ਫਰਾਂਸ, ਰੂਸ, ਚੀਨ ਤੇ ਜਰਮਨੀ ਦੇ ਵਿਦੇਸ਼ ਮੰਤਰੀ ਵੀ ਮੀਟਿੰਗ ਵਿਚ ਸ਼ਾਮਲ ਸਨ।

Be the first to comment

Leave a Reply

Your email address will not be published.