ਕਤਲੇਆਮ 84 ਅਤੇ ਜਾਂਚ ਕਮਿਸ਼ਨਾਂ ਦੇ ਪਾਪ; ਸਰਕਾਰੀ ਜਾਂਚਾਂ ਨੇ ਸਚਾਈ ਨੂੰ ਧੁੰਦਲਾ ਕਿਵੇਂ ਕੀਤਾ?-3

ਹਰਤੋਸ਼ ਸਿੰਘ ਬੱਲ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਨਵੰਬਰ ਦਾ ਪਹਿਲਾ ਹਫਤਾ ਸਿੱਖਾਂ ਲਈ ਬਹੁਤ ਭਿਆਨਕ ਸੁਫਨਾ ਹੋ ਨਿੱਬੜਿਆ ਸੀ। 31 ਅਕਤੂਬਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਮੁਲਕ ਦੇ ਕੁਝ ਹੋਰ ਸ਼ਹਿਰਾਂ ਵਿਚ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਇਸ ਲੰਮੇ ਲੇਖ ਵਿਚ ਉਘੇ ਪੱਤਰਕਾਰ ਹਰਤੋਸ਼ ਸਿੰਘ ਬੱਲ ਨੇ ਉਸ ਵੇਲੇ ਦੇ ਹਾਲਾਤ ਕਲਮਬੱਧ ਕੀਤੇ ਹਨ। ਇਹ ਲਿਖਤ ਤਕਰੀਬਨ ਇਕ ਦਹਾਕਾ ਪੁਰਾਣੀ ਹੈ ਪਰ ਇਸ ਵਿਚ ਦਰਜ ਤੱਥ ਦੱਸਦੇ ਹਨ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜਾਂਚ ਕਮਿਸ਼ਨਾਂ ਨੇ ਕੀ ਕੁਝ ਕੀਤਾ। ਇਸ ਲੇਖ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। ਇਸ ਦੀ ਤੀਜੀ ਕਿਸ਼ਤ ਪੇਸ਼ ਹੈ।

ਦਿੱਲੀ ਕਤਲੇਆਮ ਤੋਂ 8 ਹਫ਼ਤੇ ਬਾਅਦ ਭਾਰਤ ਵਿਚ ਹੋਈਆਂ ਚੋਣਾਂ ਨੇ ਮੁਲਕ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਚੋਣ ਫ਼ਤਵਾ ਦਿੱਤਾ। ਕਾਂਗਰਸ ਦੀ ਲੀਡਰਸ਼ਿਪ ਮਹੀਨਿਆਂ ਤੋਂ ਆਮ ਚੋਣਾਂ ਦੀ ਤਿਆਰੀ ਕਰ ਰਹੀ ਸੀ। ਸ਼ੁਰੂ ਤੋਂ ਹੀ ਸਿੱਖ ਖਾੜਕੂਵਾਦ ਨੂੰ ਦਬਾਉਣਾ ਉਨ੍ਹਾਂ ਦੀ ਯੁੱਧਨੀਤੀ ਦਾ ਕੇਂਦਰ ਸੀ। ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਆਰ.ਕੇ. ਧਵਨ ਅਨੁਸਾਰ ਰਾਜੀਵ ਗਾਂਧੀ, ਅਰੁਣ ਨਹਿਰੂ ਅਤੇ ਅਰੁਣ ਸਿੰਘ (ਪ੍ਰਧਾਨ ਮੰਤਰੀ ਦਾ ਇਕ ਹੋਰ ਸਲਾਹਕਾਰ) ਸਾਰੇ ਇਸ ਗੱਲ `ਤੇ ਸਹਿਮਤ ਸਨ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਸਫ਼ਲ ਫ਼ੌਜੀ ਕਾਰਵਾਈ ਉਨ੍ਹਾਂ ਨੂੰ ਵੋਟਾਂ `ਚ ਸੌਖਿਆਂ ਹੀ ਜਿੱਤ ਦਿਵਾ ਦੇਵੇਗੀ।
ਉਸ ਸਾਲ ਮਾਨਸੂਨ ਦੌਰਾਨ ਕਾਂਗਰਸ ਦੀ ਜੋ ਇਸ਼ਤਿਹਾਰਬਾਜ਼ੀ ਮੁਹਿੰਮ ਸੋਚੀ ਗਈ ਸੀ, ਉਹ ਇਸ ਦੇ ਸਨਕੀਪੁਣੇ ਲਈ ਚੇਤੇ ਕੀਤੀ ਜਾਂਦੀ ਹੈ। 1984 ਦੀ 25ਵੀਂ ਵਰ੍ਹੇਗੰਢ ਦੇ ਮੌਕੇ `ਤੇ ‘ਆਉਟਲੁੱਕ’ ਦੇ ਵਿਸ਼ੇਸ਼ ਐਡੀਸ਼ਨ ਵਿਚ ਇਸ਼ਤਿਹਾਰ ਕਾਰਜਕਾਰੀ ਅਧਿਕਾਰੀ ਅਜੀਤ ਬਾਲਾਕ੍ਰਿਸ਼ਨਨ ਨੇ ਕਹਾਣੀ ਦੱਸੀ ਕਿ ਇਹ ਮੁਹਿੰਮ ਕਿਵੇਂ ਵਿਕਸਿਤ ਕੀਤੀ ਗਈ ਸੀ। ਰਾਜੀਵ ਗਾਂਧੀ ਨੇ “ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀਆਂ ਤੇਜ਼ੀ ਨਾਲ ਘਟ ਰਹੀਆਂ ਸੰਭਾਵਨਾਵਾਂ ਨੂੰ ਸੁਧਾਰਨ `ਚ ਮਦਦ ਲਈ ਆਪਣੇ ਮਿੱਤਰਾਂ ਅਰੁਣ ਸਿੰਘ ਅਤੇ ਅਰੁਣ ਨਹਿਰੂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਸੀ।” ਉਹ ਦੱਸਦਾ ਹੈ, ਅਰੁਣ ਸਿੰਘ ਅਤੇ ਅਰੁਣ ਨਹਿਰੂ ਨੇ ਉਨ੍ਹਾਂ ਕੰਪਨੀਆਂ ਵਿਚ ਕੰਮ ਕੀਤਾ ਸੀ ਜਿਨ੍ਹਾਂ ਲਈ ਬਾਲਾਕ੍ਰਿਸ਼ਨਨ ਦੀ ਫਰਮ ਰੀਡੀਫਿਊਜ਼ਨ ਨੇ “ਹੁਣੇ ਹੀ ਮਸ਼ਹੂਰ ਇਸ਼ਤਿਹਾਰੀ ਮੁਹਿੰਮਾਂ ਕੀਤੀਆਂ ਸਨ।… ਸੋ ਜਦੋਂ ਸਾਡੇ ਗਾਹਕਾਂ ਨੂੰ ਦਿੱਲੀ ਬੁਲਾਇਆ ਗਿਆ ਤਾਂ ਅਸੀਂ ਵੀ ਉੱਥੇ ਹੀ ਸੀ।”
ਬਾਲਾਕ੍ਰਿਸ਼ਨਨ ਨੇ ਕਈ ਬਣਾਏ ਗਏ ਪ੍ਰਿੰਟ-ਇਸ਼ਤਿਹਾਰਾਂ ਬਾਰੇ ਚਰਚਾ ਕੀਤੀ। “ਕੀ ਭਵਿੱਖ `ਚ ਤੁਹਾਡੀ ਕਰਿਆਨੇ ਦੀ ਸੂਚੀ ਵਿਚ ਐਸਿਡ ਬਲਬ, ਲੋਹੇ ਦੀਆਂ ਰਾਡਾਂ, ਖੰਜਰ ਸ਼ਾਮਲ ਹੋਣਗੇ?” ਪਹਿਲੇ ਨੂੰ ਸਵਾਲ ਪੁੱਛਿਆ। ਅਸੀਂ ਦਲੀਲ ਦਿੱਤੀ ਕਿ ਆਮ ਨਾਗਰਿਕਾਂ ਨੂੰ ਉਦੋਂ ਹੀ ਆਪਣੇ ਆਪ ਨੂੰ ਹਥਿਆਰਬੰਦ ਕਰਨ ਦੀ ਲੋੜ ਹੁੰਦੀ ਹੈ ਜਦੋਂ ਸਰਕਾਰਾਂ ਕਮਜ਼ੋਰ ਹੋ ਜਾਂਦੀਆਂ ਹਨ। ਕਾਂਗਰਸ ਨੂੰ ਵੋਟ ਦਿਓ।
“ਕੀ ਮੁਲਕ ਦੀ ਸਰਹੱਦ ਆਖ਼ਿਰਕਾਰ ਤੁਹਾਡੀ ਸਰਦਲ ਤੱਕ ਆ ਜਾਵੇਗੀ?” ਜ਼ੋਰ ਫੜ ਰਹੇ ਵੱਖਵਾਦੀ ਅੰਦੋਲਨਾਂ `ਤੇ ਅੱਖ ਰੱਖਦੇ ਹੋਏ ਅਗਲੇ ਇਸ਼ਤਿਹਾਰ `ਚ ਸਵਾਲ ਪੁੱਛਿਆ ਗਿਆ। ਕੀ ਤੁਸੀਂ ਛੇਤੀ ਹੀ ਆਪਣੇ ਗੁਆਂਢੀ ਨੂੰ ਸਿਰਫ਼ ਇਸ ਲਈ ਬੇਚੈਨੀ ਨਾਲ ਦੇਖੋਗੇ ਕਿਉਂਕਿ ਉਹ ਕਿਸੇ ਹੋਰ ਫਿਰਕੇ ਨਾਲ ਸਬੰਧਿਤ ਹੈ? ਕਾਂਗਰਸ ਨੂੰ ਵੋਟ ਦਿਓ ਅਤੇ ਏਕਤਾ ਨੂੰ ਵੋਟ ਦਿਓ, ਨਹੀਂ ਤਾਂ ਇਹ ਵੱਖਵਾਦ ਨੂੰ ਵੋਟ ਹੈ।
ਪ੍ਰਤੱਖ ਤੌਰ `ਤੇ ਮਾਨਸੂਨ ਦੇ ਅੰਤ ਤੱਕ ਇਸ਼ਤਿਹਾਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਸੀ ਪਰ ਅਜੇ ਪ੍ਰਕਾਸ਼ਿਤ ਨਹੀਂ ਸੀ ਕੀਤੇ ਗਏ। ਫਿਰ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਬਾਲਾਕ੍ਰਿਸ਼ਨਨ ਨੇ ਦੱਸਿਆ, “ਅਚਾਨਕ ਜੋ ਸ਼ਬਦ ਅਸੀਂ ਕਈ ਮਹੀਨੇ ਪਹਿਲਾਂ ਘੜੇ ਸਨ, ਉਹ ਹੁਣ ਉਦੋਂ ਨਾਲੋਂ ਵੀ ਜ਼ਿਆਦਾ ਟੁਣਕਣ ਲੱਗ ਪਏ।”
ਇਸ ਤੋਂ ਤੁਰੰਤ ਬਾਅਦ ਚੋਣਾਂ ਦਾ ਬਿਗਲ ਵੱਜ ਗਿਆ। ਇਸ਼ਤਿਹਾਰ ਮੁਹਿੰਮ ਉਸੇ ਤਰ੍ਹਾਂ ਚੱਲੀ, ਜਿਵੇਂ ਇਹ ਉਸ ਤੋਂ ਕਈ ਮਹੀਨੇ ਪਹਿਲਾਂ ਤਿਆਰ ਕੀਤੀ ਗਈ ਸੀ; ਘਟਨਾਵਾਂ ਦੇ ਅਦਭੁਤ ਮੋੜ ਲੈਣ ਨਾਲ ਅਸਲੀਅਤ ਵੀ ਪਹੁੰਚ ਗਈ ਸੀ, ਤੇ ਸਾਡੀ ਕਲਪਨਾ ਨਾਲੋਂ ਵੀ ਭਿਆਨਕ ਇਸ ਹਕੀਕਤ ਨੇ ਸਾਡੇ ਦੁਆਰਾ ਵਰਤੇ ਗਏ ਸ਼ਬਦਾਂ ਅਤੇ ਤਸਵੀਰਾਂ ਦੀਆਂ ਬਾਰੀਕੀਆਂ ਨੂੰ ਹੋਰ ਉਘਾੜਿਆ ਅਤੇ ਉਨ੍ਹਾਂ ਨੂੰ ਅਜਿਹਾ ਮਹੱਤਵ ਮੁਹੱਈਆ ਕੀਤਾ ਜੋ ਅਸੀਂ ਉਨ੍ਹਾਂ ਨੂੰ ਬਣਾਉਣ ਵੇਲੇ ਨਹੀਂ ਦੇਖਿਆ ਸੀ।”
ਇਸ ਮੁਹਿੰਮ ਨੇ ਜ਼ਿਆਦਾਤਰ ਸਿੱਖਾਂ `ਚ ਜੋ ਖ਼ੌਫ਼ ਪੈਦਾ ਕੀਤਾ, ਉਸ ਨੂੰ ਸਵੀਕਾਰ ਕਰਨ ਵਿਚ ਉਸ ਦੀ ਨਾਕਾਮੀ ਤੋਂ ਮੈਂ ਹੈਰਾਨ ਸੀ। ਇਸ ਸਾਲ ਅਗਸਤ `ਚ ਮੈਂ ਚੋਣ ਮੁਹਿੰਮ ਬਾਰੇ ਪੁੱਛਣ ਲਈ ਬਾਲਾਕ੍ਰਿਸ਼ਨਨ ਨਾਲ ਸੰਪਰਕ ਕੀਤਾ ਜੋ ਹੁਣ ਰੈਡਿਫ ਡਾਟ ਕਾਮ ਦਾ ਮੁਖੀ ਹੈ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕਲਕੱਤਾ ਦੇ ਬੋਰਡ ਆਫ ਗਵਰਨਰਜ਼ ਦਾ ਚੇਅਰਮੈਨ ਹੈ। ਮੈਨੂੰ ਉਮੀਦ ਸੀ ਕਿ ਇਸ ਨਾਲ 1984 `ਚ ਰਾਜੀਵ ਗਾਂਧੀ ਦੇ ਵਿਸ਼ਵਾਸਪਾਤਰ ਬੰਦਿਆਂ ਦੀ ਸੋਚ ਬਾਰੇ ਕੁਝ ਸਮਝ ਹਾਸਲ ਹੋ ਸਕਦੀ ਹੈ। ਬਾਲਾਕ੍ਰਿਸ਼ਨਨ ਨੇ ਬੇਨਤੀ ਕੀਤੀ ਕਿ ਮੈਂ ਉਸ ਨੂੰ ਈਮੇਲ ਰਾਹੀਂ ਆਪਣੇ ਸਵਾਲ ਭੇਜਾਂ। ਹੋਰ ਗੱਲਾਂ ਦੇ ਨਾਲ-ਨਾਲ ਮੈਂ ਉਸ ਨੂੰ ਪੁੱਛਿਆ: “ਇੰਞ ਜਾਪਦਾ ਹੈ ਕਿ ਜ਼ਿਆਦਾਤਰ ਮੁਹਿੰਮ 1984 ਦੇ ਸਿੱਖ ਕਤਲੇਆਮ ਤੋਂ ਪਹਿਲਾਂ ਚੱਲੀ ਸੀ, ਕੀ ਉਨ੍ਹਾਂ ਘਟਨਾਵਾਂ ਤੋਂ ਬਾਅਦ ਮੁਹਿੰਮ ਨੂੰ ਢਾਲਿਆ ਗਿਆ ਜਾਂ ਮੁੜ ਢਾਲਿਆ ਗਿਆ ਸੀ? ਕੀ ਕਤਲੇਆਮ ਤੋਂ ਬਾਅਦ ਮੁਹਿੰਮ ਦੇ ਜ਼ੋਰ ਉੱਪਰ ਕੋਈ ਚਰਚਾ ਹੋਈ?
‘ਆਉਟਲੁੱਕ’ ਵਿਚ ਆਪਣੀ ਲਿਖਤ ਵਿਚ ਤੁਸੀਂ ਵਿਵਾਦਪੂਰਨ ਇਸ਼ਤਿਹਾਰ ਦਾ ਜ਼ਿਕਰ ਨਹੀਂ ਕੀਤਾ ਜਿਸ ਵਿਚ ਇਹ ਪੁੱਛਿਆ ਗਿਆ ਸੀ: ਕੀ ਤੁਸੀਂ ਆਪਣੇ ਟੈਕਸੀ ਡਰਾਈਵਰ `ਤੇ ਭਰੋਸਾ ਕਰ ਸਕਦੇ ਹੋ ਜੋ ਕਿਸੇ ਸਿੱਖ ਦੇ ਪ੍ਰਛਾਵੇਂ ਵਰਗਾ ਜਾਪਦਾ ਹੈ? ਇਸ ਦੀ ਕਲਪਨਾ ਕਦੋਂ ਕੀਤੀ ਗਈ ਸੀ?
ਘਟਨਾਵਾਂ ਦੇ 25 ਸਾਲ ਬਾਅਦ ਲਿਖਿਆ ਗਿਆ ਤੁਹਾਡਾ ਲੇਖ ਅਜੇ ਵੀ ਇਸ ਇਸ਼ਤਿਹਾਰ ਮੁਹਿੰਮ ਨੂੰ ਮੁਲਕ ਵਿਚ `ਚ ਚੋਣ ਪ੍ਰਚਾਰ ਮੀਲ ਪੱਥਰ ਮੰਨਦਾ ਜਾਪਦਾ ਹੈ ਪਰ ਇਸ ਦੇ ਸਮੱਸਿਆ ਵਾਲੇ ਪਹਿਲੂਆਂ ਬਾਰੇ ਕਹਿਣ ਲਈ ਕੁਝ ਨਹੀਂ ਹੈ। ਮੇਰੇ ਵਰਗੇ ਬਹੁਤ ਸਾਰੇ (ਤੇ ਮੈਂ ਉਦੋਂ ਸਿਰਫ਼ 17 ਸਾਲ ਦਾ ਸੀ) ਮੁਹਿੰਮ ਦੀ ਉੱਚੀ ਸੁਰ ਤੋਂ ਡਰੇ ਹੋਏ ਸਨ ਜੋ ਇਸ ਦਾ ਇਰਾਦਾ ਕੁਝ ਵੀ ਹੋਵੇ, ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੇ ਰੂਪ ਵਿਚ ਸਾਹਮਣੇ ਆਈ। ਕੀ ਇਸ ਜਾਇਜ਼ੇ ਨੂੰ ਤੁਸੀਂ ਪੂਰੀ ਤਰ੍ਹਾਂ ਅਣਡਿੱਠ ਕਰਦੇ ਹੋ?”
ਜਿਸ ਸਮੇਂ ਇਹ ਲੇਖ ਛਾਪਿਆ ਗਿਆ, ਜਵਾਬ ਲੈਣ ਲਈ ਕੀਤੀਆਂ ਵਾਰ-ਵਾਰ ਗੁਜ਼ਾਰਿਸ਼ਾਂ ਅਸਫਲ ਰਹੀਆਂ।
19 ਨਵੰਬਰ 1984 ਨੂੰ ਰਾਜੀਵ ਗਾਂਧੀ ਨੇ ਆਪਣੀ ਮਾਂ ਦੇ ਜਨਮ ਦੀ ਵਰ੍ਹੇਗੰਢ ਮਨਾਉਣ ਲਈ ਦਿੱਲੀ ਦੇ ਇੰਡੀਆ ਗੇਟ ਨੇੜੇ ਬੋਟ ਕਲੱਬ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਉਸ ਨੇ ਇੰਦਰਾ ਦੇ ਕਤਲ ਬਾਰੇ ਬਿਆਨ ਦਿੱਤਾ ਜਿਸ ਨੇ ਬਾਅਦ ਦੇ ਕਤਲੇਆਮ ਲਈ ਰਾਜ ਦੇ ਸਮੁੱਚੇ ਪ੍ਰਤੀਕਰਮ ਦਾ ਖ਼ਾਸਾ ਬਿਆਨ ਕਰ ਦਿੱਤਾ: “ਜਦੋਂ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ।” ਇਕ ਮਹੀਨੇ ਬਾਅਦ ਕਾਂਗਰਸ ਨੇ ਲੋਕ ਸਭਾ ਚੋਣਾਂ ਵਿਚ ਹੂੰਝਾ ਫੇਰ ਦਿੱਤਾ ਅਤੇ ਰਾਜੀਵ ਜਿੱਤ ਹਾਸਲ ਕਰ ਕੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਿਚ ਪਰਤਿਆ। ਇਸ ਨੁਕਤੇ ਤੋਂ ਕਤਲੇਆਮ ਪੀੜਤਾਂ ਨੂੰ ਨਿਆਂ ਦੇਣ ਲਈ ਤਿਆਰ ਕੀਤੇ ਗਏ ਅਮਲ ਉਲਟਾ ਇਸ ਨੂੰ ਦਬਾਉਣ ਲਈ ਵਰਤੇ ਗਏ।
ਐੱਸ.ਐੱਸ. ਜੋਗ ਜੋ ਹੁਣ 87 ਸਾਲ ਦੇ ਹਨ, ਅਮਰਾਵਤੀ (ਮਹਾਰਾਸ਼ਟਰ) ਵਿਚ ਰਹਿੰਦੇ ਹਨ। ਨਵੰਬਰ 1984 `ਚ, ਮਹਾਰਾਸ਼ਟਰ ਕਾਡਰ ਦੇ ਬੇਦਾਗ਼ ਰਿਕਾਰਡ ਵਾਲੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਜੋਗ ਨੂੰ ਸੁਭਾਸ਼ ਟੰਡਨ ਦੀ ਥਾਂ `ਤੇ ਦਿੱਲੀ ਪੁਲਿਸ ਦਾ ਕਮਿਸ਼ਨਰ ਲਾਇਆ ਗਿਆ।
ਇਸ ਸਾਲ ਅਗਸਤ `ਚ ਜੋਗ ਨੇ ਅਮਰਾਵਤੀ ਤੋਂ ਮੇਰੇ ਨਾਲ ਫੋਨ `ਤੇ ਗੱਲ ਕੀਤੀ। ਜੋਗ ਨੇ ਮੈਨੂੰ ਦੱਸਿਆ, “ਜਦੋਂ ਮੈਂ ਕਤਲ ਤੋਂ ਬਾਅਦ ਅਹੁਦਾ ਸੰਭਾਲਿਆ ਤਾਂ ਫੋਰਸ ਦੀਆਂ ਕਈ ਸਮੱਸਿਆਵਾਂ ਸਨ – ਕਾਨੂੰਨ ਅਤੇ ਵਿਵਸਥਾ ਦੀਆਂ ਸਮੱਸਿਆਵਾਂ, ਸੰਚਾਲਨ ਦੀਆਂ ਸਮੱਸਿਆਵਾਂ। ਮੈਨੂੰ ਪਹਿਲਾਂ ਇਹ ਸੁਲਝਾਉਣੀਆਂ ਪੈਣੀਆਂ ਸਨ।” ਉਸ ਨੇ ਕਿਹਾ ਕਿ ਉਸ ਨੇ ਪ੍ਰਬੰਧਕੀ ਅਤੇ ਸੰਚਾਰ ਸਮੱਸਿਆਵਾਂ ਨੂੰ ਹੱਲ ਕਰਨ ਤੋਂ ਸ਼ੁਰੂਆਤ ਕੀਤੀ। ਹਿੰਸਾ ਦੌਰਾਨ ਹਰ ਪੁਲਿਸ ਜ਼ਿਲ੍ਹੇ `ਚ ਕੰਟਰੋਲ ਰੂਮ ਨੂੰ ਸੂਚਨਾ ਮਿਲ ਤਾਂ ਰਹੀ ਸੀ “ਪਰ ਇਹ ਅੱਗੇ ਮੁੱਖ ਕੰਟਰੋਲ ਰੂਮ ਨੂੰ ਭੇਜੀ ਨਹੀਂ ਜਾ ਰਹੀ ਸੀ। ਨਤੀਜੇ ਵਜੋਂ ਦੋ ਸੌ ਮੌਤਾਂ ਹੋ ਗਈਆਂ ਸਨ ਜਿਨ੍ਹਾਂ ਦੀ ਮੁੱਖ ਕੰਟਰੋਲ ਰੂਮ ਨੂੰ ਕੋਈ ਜਾਣਕਾਰੀ ਨਹੀਂ ਸੀ।”
ਜੋਗ ਨੇ ਕਿਹਾ ਕਿ ਪੁਲਿਸ ਕੋਲ ਮਹੱਤਵਪੂਰਨ ਸਾਧਨਾਂ ਦੀ ਵੀ ਘਾਟ ਸੀ। “ਵਾਇਰਲੈੱਸ ਪ੍ਰਣਾਲੀਆਂ ਦੀ ਘਾਟ ਸੀ। ਅਸੀਂ ਇਸ ਨੂੰ ਮੁਖ਼ਾਤਿਬ ਹੋਏ। ਫੋਰਸਾਂ ਦੀ ਘਾਟ ਸੀ। ਬਹੁਤੇ ਪੁਲਿਸ ਮੁਲਾਜ਼ਮ ਹਰਿਆਣਾ ਦੇ ਸਨ; ਉਹ ਉੱਥੇ ਰਹਿੰਦੇ ਸਨ ਅਤੇ ਦਿਨ ਲਈ ਹੀ ਸ਼ਹਿਰ ਵਿਚ ਆਉਂਦੇ ਸਨ। ਨਤੀਜੇ ਵਜੋਂ ਲੋੜ ਪੈਣ `ਤੇ ਸਾਡੇ ਕੋਲ ਕੋਈ ਸਟੈਂਡ-ਬਾਈ ਫੋਰਸ ਨਹੀਂ ਸੀ।” ਇਸ ਤੋਂ ਇਲਾਵਾ ਪੁਲਿਸ ਨੇ ਛੇ ਸਾਲ ਪੁਰਾਣੀ ਕਮਾਂਡ ਪ੍ਰਣਾਲੀ ਨੂੰ ਨਹੀਂ ਢਾਲਿਆ ਸੀ।” ਜੋਗ ਨੇ ਕਿਹਾ, “ਅਜੇ ਵੀ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਪੁਲਿਸ ਦੀਆਂ ਸ਼ਕਤੀਆਂ ਪੁਲਿਸ ਕੋਲ ਹਨ।… ਫੋਰਸ ਅਜੇ ਵੀ ਮੈਜਿਸਟ੍ਰੇਟ ਦੇ ਆਉਣ ਅਤੇ ਗੋਲੀ ਚਲਾਉਣ ਦਾ ਹੁਕਮ ਦੇਣ ਦੀ ਉਡੀਕ ਕਰਦੀ ਸੀ। ਮੈਂ ਉਨ੍ਹਾਂ ਦੇ ਰਵੱਈਏ ਨੂੰ ਮੁੜ ਸੇਧ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਹੈੱਡ ਕਾਂਸਟੇਬਲ ਵੀ ਗੋਲੀ ਚਲਾਉਣ ਦਾ ਹੁਕਮ ਦੇ ਸਕਦਾ ਹੈ ਅਤੇ ਕੁਝ ਨਹੀਂ ਹੋਵੇਗਾ – ਮੈਂ ਹਰ ਤਰ੍ਹਾਂ ਨਾਲ ਉਸ ਨਾਲ ਖੜ੍ਹਾਂਗਾ।”
ਜੋਗ ਨੇ ਕਤਲੇਆਮ ਦੀ ਜਾਂਚ ਲਈ ਪਹਿਲਾ ਕਮਿਸ਼ਨ ਬਣਾਇਆ। ਜਾਂਚ ਦੀ ਅਗਵਾਈ ਲਈ ਉਸ ਨੇ ਆਪਣੇ ਡਿਪਟੀ ਵੇਦ ਮਰਵਾਹ ਨਾਂ ਦੇ ਦਿੱਲੀ ਪੁਲਿਸ ਦੇ ਅਫਸਰ ਨੂੰ ਚੁਣਿਆ।
ਜੋਗ ਨੇ ਦੱਸਿਆ, “ਵੇਦ ਮਰਵਾਹ ਮੇਰਾ ਨੰਬਰ ਦੋ ਸੀ। ਉਹ ਲੰਮੇ ਸਮੇਂ ਤੋਂ ਦਿੱਲੀ ਪੁਲਿਸ ਵਿਚ ਸੀ ਅਤੇ ਕੁਦਰਤੀ ਤੌਰ `ਤੇ ਮੈਂ ਉਸ `ਤੇ ਨਿਰਭਰ ਸੀ। ਮੈਂ ਦਿੱਲੀ ਵਿਚ ਨਵਾਂ ਬੰਦਾ ਸੀ ਅਤੇ ਉਹ ਪੁਰਾਣਾ ਤਜਰਬੇਕਾਰ ਸੀ, ਇਸ ਲਈ ਮੈਂ ਉਸ ਦੀ ਸਲਾਹ `ਤੇ ਨਿਰਭਰ ਕਰਦਾ ਸੀ।
“ਮੈਂ ਉਸ ਨੂੰ 84 ਦੇ ਦੰਗਿਆਂ ਦੌਰਾਨ ਜੋ ਕੁਝ ਵਾਪਰਿਆ ਸੀ, ਉਸ ਦੀ ਪ੍ਰਸ਼ਾਸਨਿਕ ਜਾਂਚ ਕਰਨ ਲਈ ਨਿਯੁਕਤ ਕੀਤਾ ਸੀ।” ਜੋਗ ਨੇ ਅੱਗੇ ਕਿਹਾ, “ਇੱਥੇ ਦੋ ਤਰ੍ਹਾਂ ਦੀਆਂ ਪੜਤਾਲਾਂ ਹੋਈਆਂ ਹਨ। ਇਕ, ਪ੍ਰਸ਼ਾਸਨਿਕ – ਇਹ ਪਤਾ ਲਾਉਣ ਲਈ ਕਿ ਪੁਲਿਸ ਅਤੇ ਪ੍ਰਸ਼ਾਸਨ ਵਿਚ ਕੀ ਗ਼ਲਤ ਹੋਇਆ। ਦੂਜੀ, ਵਿਅਕਤੀਗਤ ਜ਼ਿੰਮੇਵਾਰੀ। ਕਿਸੇ ਨੂੰ ਤਾਂ ਕਰਨੀ ਹੀ ਪੈਣੀ ਸੀ ਅਤੇ ਇਹ ਕੰਮ ਮਰਵਾਹ ਨੂੰ ਸੌਂਪਿਆ ਗਿਆ। ਇਹ ਕੰਮ ਉਸ ਨੂੰ ਮੈਂ ਸੌਂਪਿਆ।” ਜੋਗ ਨੇ ਕਿਹਾ ਕਿ ਪੜਤਾਲ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਦਿੱਲੀ ਤੋਂ ਚਲਾ ਗਿਆ ਸੀ।
ਮਰਵਾਹ ਦਾ ਵੇਰਵਾ ਵੱਖਰਾ ਸੀ। ਜਦੋਂ ਮੈਂ ਉਸ ਮਹੀਨੇ ਦੇ ਸ਼ੁਰੂ `ਚ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਮੈਨੂੰ ਦੱਸਿਆ ਕਿ ਜਦੋਂ ਪੜਤਾਲ ਪੂਰੀ ਹੋਣ ਵਾਲੀ ਸੀ ਤਾਂ ਉਸ ਨੂੰ ਇਸ ਨੂੰ ਬੰਦ ਕਰ ਦੇਣ ਦਾ ਹੁਕਮ ਦਿੱਤਾ ਗਿਆ ਸੀ। ਉਸ ਨੇ ਕਿਹਾ, ਹੁਕਮ ਜੋਗ ਤੋਂ ਆਏ ਸਨ।
ਜਦੋਂ ਮੈਂ ਇਸ ਦਾ ਜ਼ਿਕਰ ਜੋਗ ਕੋਲ ਕੀਤਾ ਤਾਂ ਉਸ ਦਾ ਲਹਿਜਾ ਇਕਦਮ ਬਦਲ ਗਿਆ: “ਹੈਂ, ਉਸ ਨੇ ਇਹ ਕਿਹਾ ਹੈ? ਹੁਣ ਮੈਨੂੰ ਸਮਝ ਨਹੀਂ ਆਉਂਦਾ। ਤੁਸੀਂ ਮੈਨੂੰ 25 ਸਾਲ ਪਹਿਲਾਂ ਦੀਆਂ ਗੱਲਾਂ ਬਾਰੇ ਕਿਉਂ ਪੁੱਛ ਰਹੇ ਹੋ? ਮੈਨੂੰ ਹੁਣ ਕੁਝ ਵੀ ਚੇਤੇ ਨਹੀਂ ਏ।” ਤੇ ਉਸ ਨੇ ਫੋਨ ਬੰਦ ਕਰ ਦਿੱਤਾ।
ਮਈ 1985 ਵਿਚ ਮਰਵਾਹ ਜਾਂਚ ਬੰਦ ਕਰਨ ਦਾ ਅਧਿਕਾਰਤ ਕਾਰਨ ਇਹ ਸੀ ਕਿ ਕਮਿਸ਼ਨ ਆਫ ਇਨਕੁਆਇਰੀ ਐਕਟ ਤਹਿਤ ਇਕ ਸੰਸਥਾ ਬਣਾਈ ਜਾ ਰਹੀ ਸੀ। ਉਸੇ ਮਹੀਨੇ ਬਣਾਏ ਇਸ ਨਵੇਂ ਕਮਿਸ਼ਨ ਨੂੰ “ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਵਾਪਰੀਆਂ ਜਥੇਬੰਦ ਹਿੰਸਾ ਦੀਆਂ ਘਟਨਾਵਾਂ ਸਬੰਧੀ ਦੋਸ਼ਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਗਿਆ ਸੀ।” ਇਹ ਮਿਸ਼ਰਾ ਕਮਿਸ਼ਨ ਸੀ ਜਿਸ ਦੀ ਰਿਪੋਰਟ ਅਗਸਤ 1986 ਵਿਚ ਸਰਕਾਰ ਨੂੰ ਸੌਂਪੀ ਗਈ ਸੀ ਅਤੇ ਅਗਲੇ ਫਰਵਰੀ ਵਿਚ ਜਨਤਕ ਕੀਤੀ ਗਈ ਸੀ।
ਸ਼ੁਰੂ ਤੋਂ ਹੀ ਮਿਸ਼ਰਾ ਕਮਿਸ਼ਨ ਵਿਧੀਗਤ ਤਰੀਕੇ ਨਾਲ ਪੱਖਪਾਤੀ ਸੀ। ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸਕਾਂ ਨੂੰ ਕੈਮਰੇ ਅੱਗੇ ਬਿਆਨ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ; ਇੱਥੋਂ ਤੱਕ ਕਿ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੂੰ ਹਾਜ਼ਰ ਹੋਣ ਤੋਂ ਰੋਕ ਦਿੱਤਾ ਗਿਆ ਸੀ – ਗਵਾਹਾਂ ਦੀ ਜਾਂਚ ਕਰਨ ਦੀ ਗੱਲ ਹੀ ਛੱਡੋ। ਐੱਚ.ਐੱਸ. ਫੂਲਕਾ ਅਨੁਸਾਰ, ਇਹ ਲੁਕਵੇਂ ਬਿਆਨ ਲਏ ਜਾਣ ਤੋਂ ਬਾਅਦ ਵੀ ਲੰਮੇ ਸਮੇਂ ਤੱਕ ਨਾ ਤਾਂ ਇਨ੍ਹਾਂ ਦੀ ਭਿਣਕ ਵਕੀਲਾਂ ਨੂੰ ਪਈ ਸੀ ਅਤੇ ਨਾ ਹੀ ਮੀਡੀਆ ਨੂੰ।
ਪੁਲਿਸ ਵਾਲਿਆਂ ਦੇ ਪੱਖ ਵਿਚ ਗਵਾਹੀ ਘੜਨ ਲਈ ਠੋਸ ਯਤਨ ਵੀ ਕੀਤਾ ਗਿਆ ਸੀ। ਇਕ ਹਲਫ਼ਨਾਮੇ ਵਿਚ ਕਲਿਆਣਪੁਰੀ ਨਿਵਾਸੀ ਪਰਸਾ ਸਿੰਘ ਨੇ ਕਿਹਾ ਕਿ ਉਸ ਨੂੰ ਸੂਰਵੀਰ ਸਿੰਘ ਤਿਆਗੀ ਦੇ ਥਾਣੇ ਵਿਚ ਬੁਲਾਇਆ ਗਿਆ ਸੀ: “ਤਿਆਗੀ ਨਾਲ ਮੇਰੇ ਚੰਗੇ ਸਬੰਧ ਸਨ। ਉਸ ਨੇ ਮੈਨੂੰ ਕਿਹਾ- ‘ਮੈਂ ਕਈ ਵਾਰ ਤੇਰੀ ਮਦਦ ਕੀਤੀ ਸੀ ਅਤੇ ਤੇਰੇ ਨਾਲ ਮੇਰੇ ਚੰਗੇ ਸਬੰਧ ਰਹੇ ਹਨ। ਨਵੰਬਰ ਦੌਰਾਨ ਜੋ ਹੋਇਆ, ਉਸ ਲਈ ਮੈਨੂੰ ਬਹੁਤ ਅਫਸੋਸ ਹੈ ਪਰ ਮੈਂ ਬਿਲਕੁਲ ਬੇਕਸੂਰ ਹਾਂ ਅਤੇ ਤੈਨੂੰ ਮੇਰੀ ਮਦਦ ਕਰਨੀ ਚਾਹੀਦੀ ਹੈ’।” ਮੈਂ ਜਵਾਬ ਦਿੱਤਾ, “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ 1 ਨਵੰਬਰ 1984 ਨੂੰ ਜਦੋਂ ਭੀੜ ਆਈ ਤਾਂ ਤੁਹਾਡੇ ਬੰਦਿਆਂ ਨੇ ਸਾਡੇ ਲੋਕਾਂ ਤੋਂ ਬੰਦੂਕਾਂ ਖੋਹ ਲਈਆਂ ਅਤੇ ਜਦੋਂ ਭੀੜ ਨੇ ਸਾਡੇ `ਤੇ ਹਮਲਾ ਕੀਤਾ ਅਤੇ ਅਸੀਂ ਉਨ੍ਹਾਂ ਦੇ ਹਮਲੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਸਾਡੇ `ਤੇ ਗੋਲੀ ਚਲਾਈ ਅਤੇ ਤੁਸੀਂ ਨਿੱਜੀ ਤੌਰ `ਤੇ ਆਪਣਾ ਰਿਵਾਲਵਰ ਮੇਰੀ ਛਾਤੀ `ਤੇ ਤਾਣਿਆ ਅਤੇ ਮੈਨੂੰ ਕਿਹਾ ਕਿ ਮੈਂ ਉੱਥੋਂ ਚਲੇ ਜਾਵਾਂ, ਨਹੀਂ ਤਾਂ ਤੁਸੀਂ ਮੈਨੂੰ ਗੋਲੀ ਮਾਰ ਦਿਓਗੇ। ਅਸੀਂ ਡਰ ਕੇ ਭੱਜ ਗਏ। ਤੁਸੀਂ ਲੋਕਾਂ ਨੂੰ ਸਾਡੇ ਘਰਾਂ ਨੂੰ ਅੱਗ ਲਾਉਣ ਲਈ ਉਕਸਾਇਆ ਅਤੇ ਸਾਡੀ ਜਾਇਦਾਦ ਲੁੱਟ ਲਈ। ਅਸੀਂ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ, ਤੁਸੀਂ ਸਾਨੂੰ ਗ੍ਰਿਫ਼ਤਾਰ ਕਰ ਕੇ ਝੂਠੇ ਕੇਸਾਂ ਵਿਚ ਫਸਾਇਆ। ਤੁਸੀਂ ਹੁਣ ਸਾਨੂੰ ਮਦਦ ਕਰਨ ਲਈ ਕਿਵੇਂ ਕਹਿ ਸਕਦੇ ਹੋ।”
ਹਲਫ਼ਨਾਮਾ ਅੱਗੇ ਕਹਿੰਦਾ ਹੈ, “ਤਿਆਗੀ ਨੇ ਕਿਹਾ ਕਿ ਉਸ ਨੇ ਆਪਣੇ ਤੌਰ `ਤੇ ਕੁਝ ਨਹੀਂ ਕੀਤਾ। ਉਸ ਨੂੰ ਉੱਪਰੋਂ ਅਜਿਹਾ ਕਰਨ ਦੇ ਹੁਕਮ ਸਨ। ਜਦੋਂ ਮੈਂ ਉਸ ਨੂੰ ਕਿਹਾ ਕਿ ਉਹ ਮੌਕੇ `ਤੇ ਮੌਜੂਦ ਅਧਿਕਾਰੀ ਸੀ ਅਤੇ ਉਸ ਨੇ ਸਭ ਕੁਝ ਕੀਤਾ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਤਾਂ ਬੇਵੱਸ ਸੀ, ਉਸ ਨੂੰ ਆਪਣੇ ਅਫਸਰ ਦੇ ਹੁਕਮ ਸਨ। ਮਿਸਟਰ ਜਾਟਵ ਅਤੇ ਡਾ. ਅਸ਼ੋਕ (ਹੁਕਮ ਚੰਦ ਜਾਟਵ ਅਤੇ ਇਕ ਕਾਂਗਰਸੀ ਸਿਆਸਤਦਾਨ ਤੇ ਕਲਿਆਣਪੁਰੀ ਤੋਂ ਮਿਉਂਸਿਪਲ ਨੁਮਾਇੰਦਾ ਅਸ਼ੋਕ ਗੁਪਤਾ) “ਉਸ ਉੱਪਰ ਲਗਾਤਾਰ ਦਬਾਅ ਪਾ ਰਹੇ ਸਨ ਅਤੇ ਇੱਥੋਂ ਤੱਕ ਕਿ ਕੇਂਦਰ ਸਰਕਾਰ ਦਾ ਮੰਤਰੀ ਐੱਚ.ਕੇ.ਐੱਲ. ਭਗਤ ਵੀ ਉਨ੍ਹਾਂ ਉੱਪਰ ਦਬਾਅ ਪਾ ਰਿਹਾ ਸੀ।” ਪਰਸਾ ਸਿੰਘ ਨੇ ਦੱਸਿਆ ਕਿ ਉਸ ਨੂੰ ਪੇਸ਼ੀ ਤੋਂ ਤਿੰਨ-ਚਾਰ ਦਿਨ ਪਹਿਲਾਂ ਕਲਿਆਣਪੁਰੀ ਥਾਣੇ ਵਿਚ ਤਲਬ ਕੀਤਾ ਗਿਆ ਸੀ; ਹੋਰ ਗਵਾਹਾਂ ਅਤੇ ਪੀੜਤਾਂ ਨੇ ਵੀ ਇਸੇ ਤਰ੍ਹਾਂ ਦੇ ਵੇਰਵੇ ਦਿੱਤੇ। ਇਸ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਅਧਿਕਾਰੀ ਉਨ੍ਹਾਂ ਤਰੀਕਾਂ ਦੀ ਜਾਣਕਾਰੀ ਹਾਸਲ ਤੋਂ ਲੈ ਰਹੇ ਸਨ ਜਿਨ੍ਹਾਂ ਤਰੀਕਾਂ `ਤੇ ਉਨ੍ਹਾਂ ਵਿਰੁੱਧ ਗਵਾਹੀ ਦੇਣ ਵਾਲੇ ਪੇਸ਼ ਹੋਣਗੇ ਪਰ ਇਨ੍ਹਾਂ ਧਮਕਾਊ ਕਾਰਵਾਈਆਂ ਦੇ ਬਾਵਜੂਦ ਹਲਫ਼ਨਾਮੇ ਦਾਇਰ ਕੀਤੇ ਗਏ ਸਨ।
ਹਿੰਸਾ ਦੇ ਨਿਰਦੇਸ਼ ਦੇਣ `ਚ ਭਗਤ ਦੀ ਭੂਮਿਕਾ ਦੀ ਪੁਸ਼ਟੀ ਹਿੰਦੂ ਸਬਜ਼ੀ ਵਿਕਰੇਤਾ ਸੁਖਨ ਸਿੰਘ ਸੈਣੀ ਦੇ ਹਲਫ਼ਨਾਮੇ ਦੁਆਰਾ ਕੀਤੀ ਗਈ ਸੀ। 31 ਅਕਤੂਬਰ ਦੀ ਰਾਤ ਨੂੰ 8 ਵਜੇ ਦੇ ਕਰੀਬ ਸੈਣੀ ਨੇ ਸ਼ਿਆਮ ਸਿੰਘ ਤਿਆਗੀ ਨਾਂ ਦੇ ਵਿਅਕਤੀ ਦੇ ਘਰ ਦੇ ਸਾਹਮਣੇ ਭੀੜ ਖੜ੍ਹੀ ਦੇਖੀ: “ਮੈਂ ਉਨ੍ਹਾਂ ਸਾਰਿਆਂ ਨੂੰ ਪਛਾਣਦਾ ਹਾਂ। ਮੈਂ ਐੱਚ.ਕੇ.ਐੱਲ. ਭਗਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਕਿਉਂਕਿ ਮੈਂ ਉਸ ਦੀ ਕੋਠੀ ਕਈ ਵਾਰ ਗਿਆ ਹਾਂ ਅਤੇ ਉਹ ਮੰਤਰੀ ਹਨ। ਭਗਤ ਜੀ ਨੂੰ ਦੇਖ ਕੇ ਮੈਂ ਉੱਥੇ ਰੁਕ ਗਿਆ ਅਤੇ ਦੇਖਿਆ ਕਿ ਭਗਤ ਜੀ ਆਪਣੀਆਂ ਜੇਬਾਂ ਵਿਚੋਂ ਨੋਟਾਂ ਦੇ ਬੰਡਲ ਕੱਢ ਰਹੇ ਸਨ ਤੇ ਭੂਪ ਸਿੰਘ ਤਿਆਗੀ ਨੂੰ ਦੇ ਰਹੇ ਸਨ ਅਤੇ ਕਹਿ ਰਹੇ ਸਨ ਕਿ “ਇਹ ਦੋ ਹਜ਼ਾਰ ਰੁਪਏ ਸ਼ਰਾਬ ਲਈ ਰੱਖ ਲੈ ਅਤੇ ਜਿਵੇਂ ਮੈਂ ਤੈਨੂੰ ਕਿਹਾ ਹੈ, ਉਹੀ ਕਰ।” ਉਸ ਨੇ ਅੱਗੇ ਕਿਹਾ, “ਤੈਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਸਭ ਕੁਝ ਦੇਖ ਲਵਾਂਗਾ।” ਮੈਂ ਘਰ ਚਲਾ ਗਿਆ।
ਅਗਲੇ ਦਿਨ, ਸੈਣੀ ਨੇ ਦਰਿਆਗੰਜ ਸਬਜ਼ੀ ਮੰਡੀ ਵਿਚ ਇਕ ਭੀੜ ਵਿਚ ਸ਼ਿਆਮ ਸਿੰਘ ਤਿਆਗੀ, ਭੂਪ ਸਿੰਘ ਤਿਆਗੀ ਅਤੇ ਮੀਟਿੰਗ ਦੇ ਕਈ ਹੋਰ ਮੈਂਬਰਾਂ ਨੂੰ “ਸਰਦਾਰਾਂ ਨੂੰ ਕੁੱਟਦੇ ਅਤੇ ਸਾੜਦੇ ਹੋਏ” ਦੇਖਿਆ। ਪੀੜਤਾਂ ਅਤੇ ਗਵਾਹਾਂ ਦੇ ਹਲਫ਼ਨਾਮਿਆਂ ਨੂੰ ਰਿਕਾਰਡ ਉੱਪਰ ਲਿਆਉਣ ਦੇ ਬਾਵਜੂਦ ਮਿਸ਼ਰਾ ਕਮਿਸ਼ਨ ਨੇ ਭਗਤ ਅਤੇ ਉਸ ਦੇ ਨਜ਼ਦੀਕੀ ਲੋਕਾਂ ਦੁਆਰਾ ਦਿੱਤੀਆਂ ਧਮਕੀਆਂ ਅਤੇ ਹਿੰਸਾ ਨੂੰ ਨਜ਼ਰਅੰਦਾਜ਼ ਕਰਨ ਦੀ ਚੋਣ ਕੀਤੀ। ਕਮਿਸ਼ਨ ਦੇ ਨਤੀਜਿਆਂ `ਚ ਨੋਟ ਕੀਤਾ ਗਿਆ ਕਿ ਗਵਾਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਨੁਕਤੇ ਉੱਪਰ ਕੋਈ ਹੋਰ ਟਿੱਪਣੀ ਜਾਂ ਸਿਫ਼ਾਰਸ਼ ਨਹੀਂ ਕੀਤੀ ਗਈ।
(ਚੱਲਦਾ)