ਹੱਡ ਬੀਤੀ ਤਰਾਸਦੀ ਦੇ ਅੰਗ-ਸੰਗ: ਇਕ ਨਵੰਬਰ ਉਨੀ ਸੌ ਚੁਰਾਸੀ

ਉਜਾਗਰ ਲਲਤੋਂ
ਫੋਨ: 98724-48221
ਨਵੰਬਰ 1984 ਦੇ ਪਹਿਲੇ ਹਫ਼ਤੇ ਇੰਡੀਅਨ ਪੀਪਲਜ਼ ਫਰੰਟ ਦੀ ਦੂਜੀ ਕੌਮੀ ਕਾਨਫਰੰਸ ਕਲਕੱਤਾ ਵਿਖੇ ਹੋ ਰਹੀ ਸੀ| ਮੈਨੂੰ ਉਸ ਵਿਚ ਦਰਸ਼ਕ ਵਜੋਂ ਸ਼ਾਮਲ ਹੋਣ ਦਾ ਸੱਦਾ ਸੀ ਤੇ ਮੇਰੀ ਰੇਲ ਗੱਡੀ ਦੀ ਸੀਟ ਬੁੱਕ ਕਰਵਾ ਦਿੱਤੀ ਗਈ ਸੀ| ਅਸੀਂ ਕਲਕੱਤੇ ਲਈ ਚੰਡੀਗੜ੍ਹ ਤੋਂ 31 ਅਕਤੂਬਰ ਰਾਤ ਨੂੰ ਕਾਲਕਾ ਮੇਲ ਫੜਨੀ ਸੀ|

31 ਅਕਤੂਬਰ ਨੂੰ ਹੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਹੋ ਗਈ, ਜਿਸ ਨੇ ਸਾਰੇ ਦੇਸ਼ ਨੂੰ ਹੀ ਸੁੰਨ ਕਰ ਕੇ ਰੱਖ ਦਿੱਤਾ ਸੀ|
ਮੈਂ ਦੋਚਿੱਤੀ ’ਚ ਸੀ ਪਰ ਫੇਰ ਵੀ ਮੈਂ ਮਿੱਥੇ ਸਮੇਂ ’ਤੇ ਜਥੇਬੰਦੀ ਦੇ ਆਗੂ ਕਾਮਰੇਡ ਤੇਜਿੰਦਰ ਸੰਧੂ ਦੇ ਚੰਡੀਗੜ੍ਹ ਸਥਿਤ ਘਰ ਪਹੁੰਚ ਗਿਆ| ਪੰਜਾਬ ਦੇ ਪ੍ਰਮੁੱਖ ਨਕਸਲੀ ਆਗੂ ਕਾਮਰੇਡ ਹਾਕਮ ਸਿੰਘ ਸਮਾਓਂ, ਕਾਮਰੇਡ ਅਮਰ ਸਿੰਘ ਅੱਚਰਵਾਲ ਤੇ ਚਾਰ ਹੋਰ ਡੈਲੀਗੇਟ ਸਾਥੀ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸੀ|
ਗੰਭੀਰ ਜਿਹੇ ਮਾਹੌਲ ਵਿਚ ਹੋ ਰਹੀਆਂ ਗੱਲਾਂ-ਬਾਤਾਂ ਵਿਚ ਸਾਡਾ ਸਾਰਿਆਂ ਦਾ ਵਿਚਾਰ ਸੀ ਕਿ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਪ੍ਰਤੀਕਰਮ ਵਜੋਂ ਦਿੱਲੀ ਵਿਚ ਸਿੱਖਾਂ `ਤੇ ਹਿੰਸਕ ਹਮਲੇ ਹੋ ਸਕਦੇ ਹਨ, ਪਰ ਸਾਡੇ ਕਿਸੇ ਦੇ ਵੀ ਦਿਮਾਗ ਵਿਚ ਇਹ ਨਹੀਂ ਆਇਆ ਕਿ ਸਾਡੀ ਰੇਲਗੱਡੀ ‘ਤੇ ਵੀ ਕੋਈ ਹਮਲਾ ਹੋ ਸਕਦਾ ਹੈ, ਪਰ ਉੱਤਰ ਪ੍ਰਦੇਸ਼ ਦੇ ਟੁੰਡਲਾ ਸਟੇਸ਼ਨ ’ਤੇ ਸਾਡੇ ਵਾਲੀ ਰੇਲ-ਗੱਡੀ ’ਤੇ ਹੋਏ ਹਮਲੇ ਵਿਚ ਸਾਡਾ ਤਾਂ ਕਿਵੇਂ ਵੀ ਬਚਾ ਹੋ ਗਿਆ ਪਰ ਹੋਰ ਡੱਬਿਆਂ ਵਿਚ ਸਿੱਖ ਯਾਤਰੀਆਂ ਨਾਲ ਜੋ ਬੀਤੀ, ਉਹ ਵੱਖਰੀ ਕਹਾਣੀ ਸੀ|
ਰੇਲ ਦੇ ਇਸ ਸਫ਼ਰ ਦੌਰਾਨ ਜੋ ਕੁੱਝ ਅਸੀਂ ਝੱਲਿਆ ਤੇ ਦੇਖਿਆ, ਉਸਦੇ ਕਈ ਦ੍ਰਿਸ਼ ਤੇ ਵਿਅਕਤੀਆਂ ਦੇ ਚਿਹਰੇ ਅੱਜ ਵੀ ਮੇਰੇ ਜ਼ਿਹਨ ਵਿਚ ਇਉਂ ਸਾਖਿਆਤ ਹਨ, ਜਿਵੇਂ ਇਹ ਸਾਰਾ ਕੁੱਝ ਇਕ ਦੋ ਦਿਨ ਪਹਿਲਾਂ ਹੀ ਵਾਪਰਿਆ ਹੋਵੇ| ਸਾਡੀ ਗੱਡੀ ਪਹਿਲੀ ਨਵੰਬਰ ਨੂੰ ਦਿਨ ਚੜ੍ਹਦੇ ਨਾਲ ਦਿੱਲੀ ਪਹੁੰਚ ਗਈ| ਭਾਰੀ ਭੀੜ ਭੜੱਕੇ ਵਾਲੇ ਪਲੇਟਫਾਰਮ ’ਤੇ ਸੁੰਨ ਪਸਰੀ ਹੋਈ ਸੀ, ਪਰ ਚਾਹ ਤੇ ਹੋਰ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਪਲੇਟਫਾਰਮ ’ਤੇ ਹੋਕੇ ਦਿੰਦੇ ਫਿਰਦੇ ਸੀ|
ਚਾਹ ਪੀਣ ਵਾਸਤੇ ਪਲੇਟਫਾਰਮ ‘ਤੇ ਉਤਰਨ ਲਈ ਅਜੇ ਅਸੀਂ ਸੀਟਾਂ ਤੋਂ ਉੱਠ ਹੀ ਰਹੇ ਸੀ ਕਿ ਜਥੇਬੰਦੀ ਦਾ ਇਕ ਹੋਰ ਆਗੂ ਕਾਮਰੇਡ ਪਾਂਡੇ ਸਾਡੇ ਕੋਲ ਆ ਪ੍ਰਗਟ ਹੋਇਆ| ਉਹ ਦਿੱਲੀ ਤੋਂ ਹੀ ਗੱਡੀ ਚੜ੍ਹਿਆ ਸੀ| ਉਹਨੇ ਮੈਨੂੰ ਤੇ ਕਾਮਰੇਡ ਸੰਧੂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਗੱਡੀ `ਚੋਂ ਉਤਰਨ ਤੋਂ ਰੋਕ ਦਿੱਤਾ|
ਕਾਮਰੇਡ ਹਾਕਮ ਸਿੰਘ ਸਮਾਓਂ ਤੋਂ ਬਿਨਾਂ ਅਸੀਂ ਸਾਰੇ ਹੀ ਸਿਰੋਂ ਰੋਡੇ ਤੇ ਕੁਤਰੀਆਂ ਦਾੜ੍ਹੀਆਂ ਵਾਲੇ ਸੀ, ਪਰ ਮੈਨੂੰ ਤੇ ਸੰਧੂ ਨੂੰ ਛੱਡ ਕੇ ਬਾਕੀ ਸਾਰੇ ਆਪਣੇ ਪਹਿਰਾਵੇ ਤੋਂ ਪੰਜਾਬੀ ਕਿਸਾਨ ਦਿਖਾਈ ਦੇ ਰਹੇ ਸੀ| ਮੈਂ ਤੇ ਸੰਧੂ ਪਲੇਟਫਾਰਮ ’ਤੇ ਉੱਤਰ ਗਏ| ਪਹਿਲਾਂ ਅਸੀਂ ਅਖ਼ਬਾਰਾਂ ਵਾਲੇ ਵੱਲ ਗਏ ਉਹਦੇ ਕੋਲ ਉਰਦੂ ਅਖਬਾਰ ਦਾ ਸਿਰਫ਼ ਇਕ ਹੀ ਪਰਚਾ ਪਿਆ ਸੀ ਤੇ ਉਹ ਕਾਪੀ ਦੇ ਪੰਜਾਹ ਰੁਪਏ ਮੰਗ ਰਿਹਾ ਸੀ|
ਸਾਡੇ ਵਿਚੋਂ ਕਾਮਰੇਡ ਅਮਰ ਸਿੰਘ ਹੀ ਉਰਦੂ ਪੜ੍ਹ ਸਕਦੇ ਸੀ, ਉਸਨੇ ਸਾਨੂੰ ਬਲੈਕ ਵਿਚ ਅਖ਼ਬਾਰ ਲੈਣ ਤੋਂ ਰੋਕ ਦਿੱਤਾ (ਪਰ ਸਾਡੇ ਨੇੜਲੀ ਸੀਟ `ਤੇ ਬੈਠੇ ਇਕ ਮੱਖੀ ਮੁੱਛਾਂ ਵਾਲੇ ਸੱਜਣ ਨੇ ਅਖ਼ਬਾਰ ਖਰੀਦ ਲਿਆ) ਅਸੀਂ ਚਾਹ ਵਾਲੀ ਸਟਾਲ ਵੱਲ ਆ ਗਏ, ਜਿੱਥੇ ਇਕ ਸਰਦਾਰ ਜੀ ਚਾਹ ਪੀ ਰਹੇ ਸੀ| ਉਹ ਸਾਡੇ ਨਾਲ ਗੱਲਾਂ ਕਰਨ ਲੱਗ ਪਏ| ਉਹ ਪ੍ਰਧਾਨ ਮੰਤਰੀ ਦੀ ਹੱਤਿਆ ਨੂੰ ਸਿੱਖਾਂ ਦਾ ਸਿਰ ਉੱਚਾ ਹੋਇਆ ਦੱਸ ਰਹੇ ਸੀ| ਕਾਮਰੇਡ ਸੰਧੂ ਨੇ ਆਪਣੇ ਪੈਰ ਨਾਲ ਮੇਰੇ ਪੈਰ ਨੂੰ ਦਬਾਇਆ, ਮੈਂ ਚੌਕੰਨਾ ਹੋ ਗਿਆ| ਗੱਲ ਕਰ ਰਹੇ ਸਰਦਾਰ ਜੀ, ਸੀ.ਆਈ.ਡੀ. ਦੇ ਵੀ ਹੋ ਸਕਦੇ ਸੀ| ਪਰ ਮੈਂ ਉਨ੍ਹਾਂ ਦੀ ਗੱਲ ਸੁਣੀ ਜਾ ਰਿਹਾ ਸੀ| ਉਹ ਦੱਸ ਰਹੇ ਸੀ ਕਿ ਉਨ੍ਹਾਂ ਨੇ ਘਰੇ ਲੱਗੀ ਲੇਬਰ ਨੂੰ ਬਰਫ਼ੀ ਵੰਡ ਕੇ ਤੇ ਕੱਪੀ-ਕੱਪੀ ਦੁੱਧ ਪੱਤੀ ਦੀ ਪਿਆ ਕੇ ਦੋ ਘੰਟੇ ਪਹਿਲਾਂ ਹੀ ਛੁੱਟੀ ਕਰ ਦਿੱਤੀ ਸੀ ਤੇ ਆਪ ਕਲਕੱਤੇ ਲਈ ਗੱਡੀ ਚੜ੍ਹ ਆਏ ਸੀ| ਸਾਡੀ ਚਾਹ ਬਣ ਗਈ ਤਾਂ ਮੈਂ ਤੇ ਕਾਮਰੇਡ ਸੰਧੂ ਡੱਬੇ ਅੰਦਰ ਬੈਠੇ ਸਾਥੀਆਂ ਨੂੰ ਚਾਹ ਫੜਾਈ ਤੇ ਆਪਣੀ ਚਾਹ ਲੈ ਕੇ ਸੀਟਾਂ ’ਤੇ ਆ ਬੈਠੇ|
ਕੁਝ ਚਿਰ ਮਗਰੋਂ ਕਾਮਰੇਡ ਹਾਕਮ ਸਿੰਘ ਚਾਦਰ ਲੈ ਕੇ ਉੱਪਰਲੀ ਸੀਟ `ਤੇ ਲੰਮਾ ਪੈ ਗਿਆ| ਉਰਦੂ ਦਾ ਅਖਬਾਰ ਕਾਮਰੇਡ ਅਮਰ ਸਿੰਘ ਦੇ ਹੱਥਾਂ ਵਿਚ ਆ ਗਿਆ ਸੀ| ਬਾਕੀ ਸਾਥੀ ਵੀ ਆਪੋ ਆਪਣੀਆਂ ਪੱਗਾਂ ਉਤਾਰ ਕੇ ਸੌਖੇ ਜਿਹੇ ਹੋ ਕੇ ਬੈਠ ਗਏ ਸਨ|
ਉੱਤਰ ਪ੍ਰਦੇਸ਼ ਦੇ ਟੁੰਡਲਾ ਸਟੇਸ਼ਨ ਨੇੜੇ ਪਹੁੰਚਦੇ ਹੀ, ਪਟੜੀ ਦੇ ਨਾਲ-ਨਾਲ ਭੜਕੇ ਹੋਏ ਲੋਕਾਂ ਦੇ ਟੋਲੇ ਦਿਖਾਈ ਦੇਣ ਲੱਗੇ| ਕੁੱਝ ਲੋਕ ਗੱਡੀ `ਤੇ ਪੱਥਰਬਾਜ਼ੀ ਕਰਨ ਲੱਗੇ| ਸਾਰੇ ਡੱਬੇ ਵਿਚ ਖਿੜਕੀਆਂ ‘ਬੰਦ ਕਰੋ-ਬੰਦ ਕਰੋ’ ਦਾ ਰੌਲਾ ਪੈ ਗਿਆ ਤੇ ਦੇਖਦੇ ਹੀ ਦੇਖਦੇ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਹੋ ਗਏ| ਡੱਬੇ ਅੰਦਰ ਹਫੜਾ-ਦਫੜੀ ਜਿਹੀ ਪੈ ਗਈ|
ਗੱਡੀ ਦੇ ਪਲੇਟਫਾਰਮ `ਤੇ ਰੁਕਦੇ ਹੀ ਖਿੜਕੀਆਂ ਦਰਵਾਜ਼ਿਆਂ ਨੂੰ ਬਾਹਰੋਂ ਜ਼ੋਰ-ਜ਼ੋਰ ਦੀ ਖੜਕਾਇਆ ਜਾਣ ਲੱਗਿਆ, ਜਿਸ ਨਾਲ ਸਿੱਖ ਯਾਤਰੀਆਂ ਵਿਚ ਹੋਰ ਵੀ ਘਬਰਾਹਟ ਪੈਦਾ ਹੋ ਗਈ ਤੇ ਉਹ ਸੀਟਾਂ ਦੇ ਉੱਪਰ ਥੱਲੇ ਲੁਕਣ ਲੱਗੇ|
ਅਸੀਂ ਵੀ ਚੌਕੰਨੇ ਹੋ ਕੇ ਬੈਠ ਗਏ| ਸਾਡੇ ਵਿਚ ਇਕੱਲਾ ਕਾਮਰੇਡ ਹਾਕਮ ਸਿੰਘ ਹੀ ਦਾੜ੍ਹੀ ਕੇਸਾਂ ਵਾਲਾ ਸੀ ਤੇ ਉਹ ਉੱਪਰਲੀ ਸੀਟ ’ਤੇ ਲੰਮਾ ਪਿਆ ਸੀ, ਉਸਦਾ ਮੂੰਹ ਸਿਰ ਵੀ ਚਾਦਰ ਨਾਲ ਢੱਕ ਦਿੱਤਾ ਗਿਆ| ਕਾਮਰੇਡ ਅਮਰ ਸਿੰਘ ਆਪਣੀ ਸੀਟ ’ਤੇ ਸ਼ਾਂਤ ਬੈਠਾ ਉਰਦੂ ਅਖਬਾਰ ਪੜ੍ਹੀ ਜਾ ਰਿਹਾ ਸੀ|
ਤਦੇ ਇਕ ਟੋਲਾ ਸਾਡੇ ਕੈਬਿਨ ਮੂਹਰੇ ਆ ਖੜ੍ਹਾ ਹੋਇਆ| ਮੈਂ ਤੇ ਕਾਮਰੇਡ ਸੰਧੂ ਵੀ ਉੱਠ ਖੜ੍ਹੇ ਹੋਏ|
ਯੇ ਹੈਂ ਸਰਦਾਰ ਉਨ੍ਹਾਂ ਦਾ ਮੋਹਰੀ ਬੋਲਿਆ|
ਯਹਾਂ ਕੋਈ ਸਰਦਾਰ ਨਹੀਂ ਅਸੀਂ ਕਿਹਾ|
ਤਦੇ ਕਮਾਲ ਦੀ ਫੁਰਤੀ ਨਾਲ ਬੰਗਾਲੀ ਕੁੜੀ ਉਨ੍ਹਾਂ ਦੇ ਵਿਚੀਂ ਲੰਘ ਕੇ ਸਾਡੇ ਮੂਹਰੇ ਆ ਖੜ੍ਹੀ ਹੋਈ ਤੇ ਟੋਲੇ ਦੇ ਮੋਹਰੀ ਨੂੰ ਬੋਲੀ, ‘ਨਹੀਂ ਬ੍ਰਦਰ ਯਹਾਂ ਕੋਈ ਸਰਦਾਰ ਨਹੀਂ ਹੈ|’ (ਇਹ ਬੰਗਾਲੀ ਕੁੜੀ ਵੀ ਸਾਡੇ ਨਾਲ ਹੀ ਚੰਡੀਗੜ੍ਹ ਸਟੇਸ਼ਨ ਤੋਂ ਗੱਡੀ ਚੜ੍ਹੀ ਸੀ| ਪੰਜਾਬ ਯੂਨੀਵਰਸਟੀ ਦੀ ਵਿਦਿਆਰਥਣ ਸੀ| ਉਹਨੂੰ ਇਕ ਸਰਦਾਰ ਜੀ ਤੇ ਉਨ੍ਹਾਂ ਦੀ ਪਤਨੀ ਗੱਡੀ ਚੜ੍ਹਾਉਣ ਆਏ ਸੀ ਤੇ ਸਾਨੂੰ ਸਫ਼ਰ ਦੌਰਾਨ ਉਸ ਬੱਚੀ ਦਾ ਖਿਆਲ ਰੱਖਣ ਨੂੰ ਕਹਿ ਕੇ ਗਏ ਸੀ| ਪਰ ਹੁਣ ਉਹ ਸਾਡੀ ਰਾਖੀ ਲਈ ਸਾਡੇ ਮੂਹਰੇ ਖੜ੍ਹੀ ਸੀ|)
ਤੇ ਉਸੇ ਵੇਲੇ ਐਨਕਾਂ ਵਾਲਾ ਇਕ ਹਿੰਦੂ ਨੌਜਵਾਨ ਵੀ ਸਾਡੀ ਹਮਾਇਤ `ਤੇ ਆ ਖੜ੍ਹਾ ਹੋਇਆ ਤੇ ਉਨ੍ਹਾਂ ਨੂੰ ਸਮਝਾਉਣ ਲੱਗਿਆ ਕਿ ਏਥੇ ਕੋਈ ਸਰਦਾਰ ਨਹੀਂ ਹੈ|
ਉਨ੍ਹਾਂ ਦੋਹਾਂ ਦੇ ਆਉਣ ਨਾਲ ਮੈਂ ਤੇ ਕਾਮਰੇਡ ਸੰਧੂ ਹੋਰ ਵੀ ਹੌਂਸਲੇ ਵਿਚ ਹੋ ਗਏ| ਮੈਨੂੰ ਉਮੀਦ ਸੀ ਕਿ ਸਾਡੇ ਨੇੜੇ ਬੈਠੇ ਮੱਖੀ ਮੁੱਛਾਂ ਵਾਲੇ ਸੱਜਣ ਵੀ ਸਾਡੀ ਹਮਾਇਤ `ਤੇ ਆਉਣਗੇ, ਮੈਂ ਕਈ ਵਾਰ ਉਨ੍ਹਾਂ ਵੱਲ ਦੇਖਿਆ ਵੀ; ਪਰ ਉਹ ਬੜੇ ਸ਼ਾਂਤ ਚਿੱਤ ਬੈਠੇ ਖਿੜਕੀ ਥਾਈਂ ਬਾਹਰ ਦੇਖਦੇ ਰਹੇ|
ਤਦੇ ਟੋਲੇ ਵਾਲਿਆਂ ਵਿਚੋਂ ਇਕ ਨੇ ਕਾਮਰੇਡ ਅਮਰ ਸਿੰਘ ਨੂੰ ਪੁੱਛਿਆ, ‘ਆਪ ਸਰਦਾਰ ਹੈਂ?’
ਉਹਦੀ ਗੱਲ ਅਣਸੁਣੀ ਕਰ ਕੇ ਕਾਮਰੇਡ ਅਖਬਾਰ ਪੜ੍ਹਦਾ ਰਿਹਾ| ਉਹਨੇ ਆਪਣਾ ਸਵਾਲ ਹੋਰ ਉੱਚੀ ਆਵਾਜ਼ ਵਿਚ ਦੁਹਰਾਇਆ ਤੇ ਕਾਮਰੇਡ ਨੇ ਫਿਰ ਉਸਨੂੰ ਅਣਸੁਣਿਆ ਕਰ ਦਿੱਤਾ|
ਉਹਦੇ ਨਾਲ ਦੇ ਇਕ ਹੋਰ ਜਾਣੇ ਨੇ ਕਾਮਰੇਡ ਅਮਰ ਸਿੰਘ ਦੇ ਰੋਡੇ ਸਿਰ, ਠੋਡੀ ਤੋਂ ਚੱਪਾ ਕੁ ਵਧੀ ਹੋਈ ਕੁਤਰੀ ਦਾੜ੍ਹੀ ਅਤੇ ਹੱਥ ਵਿਚ ਉਰਦੂ ਦੇ ਅਖਬਾਰ ਵੱਲ ਦੇਖਦੇ ਹੋਏ ਪਹਿਲੇ ਨੂੰ ਸਮਝਾਇਆ, ‘ਦਿਖਤਾ ਨਹੀਂ, ਮੁਹੰਮਡਨ ਹੈ|’
ਹੁਣ ਸਾਰੇ ਟੋਲੇ ਦਾ ਧਿਆਨ ਉੱਪਰਲੀ ਸੀਟ `ਤੇ ਪਏ ਕਾਮਰੇਡ ਹਾਕਮ ਸਿੰਘ ਵੱਲ ਹੋ ਗਿਆ ਸੀ| ਉਹ ਚਾਦਰ ਹੇਠ ਲੰਮੇ ਪਏ ਕਾਮਰੇਡ ਦਾ ਮੂੰਹ ਦੇਖਣ ਦੀ ਗੱਲ ‘ਤੇ ਅੜੇ ਹੋਏ ਸੀ ਤੇ ਸਾਡਾ ਕਹਿਣਾ ਸੀ ਕਿ ਉਹ ਬਿਮਾਰ ਆਦਮੀ ਹੈ, ਉਸਨੂੰ ਸੌਣ ਦਿੱਤਾ ਜਾਵੇ|
ਸਾਡੀ ਇਹ ਕਸ਼ਮਕਸ਼ ਚੱਲ ਹੀ ਰਹੀ ਸੀ ਕਿ ਕਾਮਰੇਡ ਅਮਰ ਸਿੰਘ ਦੀ ਆਵਾਜ਼ ਸੁਣਾਈ ਦਿੱਤੀ, ‘ਦੇਖ ਲੈਣ ਦੋ ਕਾਮਰੇਡ, ਕੀ ਉਹ ਮੂੰਹ ’ਚ ਪਾ ਲੈਣਗੇ?’
ਤਦੇ ਕਾਮਰੇਡ ਹਾਕਮ ਸਿੰਘ ਆਪਣੇ ਮੂੰਹ ਤੋਂ ਚਾਦਰ ਲਾਹ ਕੇ ਉੱਠ ਕੇ ਬੈਠ ਗਿਆ| ਉਹਦੀ ਚਿੱਟੀ ਦਾੜ੍ਹੀ ਕੇਸ ਦੇਖਦੇ ਹੋਏ ਟੋਲੇ ਦਾ ਮੋਹਰੀ ਬੋਲਿਆ, ‘ਯੇ ਤੋ ਬੁੱਢਾ ਹੈ|’ ਤੇ ਉਹ ਸਾਡਾ ਖਹਿੜਾ ਛੱਡ ਕੇ ਅੱਗੇ ਚਲੇ ਗਏ|
ਉਨ੍ਹਾਂ ਦੇ ਜਾਣ ਨਾਲ ਮੈਂ ਸ਼ੁਕਰ ਕੀਤਾ, ਜਿਵੇਂ ਮਸੀਂ ਸੌਖਾ ਸਾਹ ਆਇਆ ਹੋਵੇ| ਗੱਡੀ ਚੱਲ ਪਈ ਤਾਂ ਉਹ ਲੋਕ ਗੱਡੀ `ਚੋਂ ਉੱਤਰ ਗਏ|
ਗੱਡੀ ਨੇ ਗਤੀ ਫੜ ਲਈ ਤਾਂ ਖਿੜਕੀਆਂ ਦੇ ਸ਼ਟਰ ਫਿਰ ਤੋਂ ਖੁੱਲ੍ਹ ਗਏ, ਪਰ ਖਤਰਾ ਅਜੇ ਟਲਿਆ ਨਹੀਂ ਸੀ| ਸਾਡੀ ਹਮਾਇਤ `ਤੇ ਆਏ ਐਨਕਾਂ ਵਾਲੇ ਹਿੰਦੂ ਨੌਜਵਾਨ ਨੇ ਆਪਣੇ ਬੈਗ `ਚੋਂ ਕੱਢ ਕੇ ਸੇਫਟੀ ਤੇ ਛੋਟੀ ਕੈਂਚੀ ਸਾਨੂੰ ਦਿੱਤੀ|
ਦੋ ਕੁ ਘੰਟਿਆਂ ਵਿਚ ਹੀ, ਕਾਮਰੇਡ ਹਾਕਮ ਸਿੰਘ ਸਮੇਤ ਸਾਡਾ ਸਾਰਿਆਂ ਦਾ ਹੁਲੀਆ ਬਦਲਿਆ ਹੋਇਆ ਸੀ| ਹੁਣ ਅਸੀਂ ਸਾਰੇ ਸਫਾਚੱਟ ਚਿਹਰਿਆਂ ਨਾਲ ਸੌਖੇ ਹੋ ਕੇ ਬੈਠ ਗਏ ਸੀ|
ਕੁਝ ਚਿਰ ਮਗਰੋਂ ਮੈਂ ਬਾਥਰੂਮ ਜਾਣ ਵਾਸਤੇ ਉੱਠਿਆ| ਅੱਗੇ ਲਾਂਘੇ ’ਚ ਇਕ ਹਿੰਦੂ ਨੌਜਵਾਨ ਆਪਣੇ ਭਾਰੀ ਬੈਗ ‘ਤੇ ਬੈਠਾ, ਸਾਹਮਣੇ ਕੈਬਨ ’ਚ ਬੈਠੀਆਂ ਸਵਾਰੀਆਂ ਨਾਲ ਹੱਥ ਮਾਰ-ਮਾਰ ਕੇ ਇਉਂ ਗੱਲ ਕਰ ਰਿਹਾ ਸੀ, ਜਿਵੇਂ ਉਹ ਆਪਣੀ ਸਫ਼ਾਈ ਦੇ ਰਿਹਾ ਹੋਵੇ| ਮੈਂ ਨੇੜੇ ਹੋਇਆ, ਤਾਂ ਮੇਰੇ ਵੱਲ ਦੇਖਦੇ ਹੋਏ ਉਹਨੇ ਮੈਨੂੰ ਵੀ ਆਪਣੀ ਗੱਲ-ਬਾਤ ਵਿਚ ਸ਼ਾਮਲ ਕਰ ਲਿਆ ਤੇ ਆਪਣੇ ਮੂੰਹ-ਸਿਰ ਵੱਲ ਇਸ਼ਾਰਾ ਕਰਦਾ ਹੋਇਆ ਬੋਲਿਆ, ‘ਇਹ ਤਾਂ ਭਾਪਾ ਜੀ, ਮੈਂ ਪਹਿਲਾਂ ਈ ਕਟਵਾ ਦੇਣੇ ਸੀ, ਵੈਸੇ ਈ ਰੱਖੇ ਹੋਏ ਸੀ, ਮੇਰੀ ਮੰਮੀ ਨੇ ਸੁੱਖ ਸੁੱਖੀ ਹੋਈ ਸੀ ਤਾਂ ਹੀ ਰੱਖੇ ਹੋਏ ਸੀ|’ ਉਹ ਇਸੇ ਗੱਲ ਨੂੰ ਵਾਰ-ਵਾਰ ਦੁਹਰਾਈ ਜਾ ਰਿਹਾ ਸੀ|
ਤਦੇ ਮੈਨੂੰ ਯਾਦ ਆਇਆ ਕਿ ਇਹ ਤਾਂ ਉਹੀ ਨੌਜਵਾਨ ਸੀ, ਜਿਹੜਾ ਚੰਡੀਗੜ੍ਹ ਸਟੇਸ਼ਨ ’ਤੇ ਸਾਡੇ ਨਾਲ ਹੀ ਗੱਡੀ ਚੜ੍ਹਿਆ ਸੀ, ਫਿਕਸੋ ਨਾਲ ਸੈੱਟ ਕਰ ਕੇ ਜਮਾਈ ਕਾਲੀ ਦਾੜ੍ਹੀ, ਰੰਗ-ਬਰੰਗੀ ਫਿਫਟੀ ਤੇ ਮਾਵੇ ਵਾਲੀ ਪੱਗੜੀ ਦੇ ਆਖਰੀ ਲੜ ਹੇਠ ਚਮਕਦਾ ਚਮਕੀਲਾ ਕਾਗਜ਼; ਅਸੀਂ ਅਜੇ ਆਪਣੀਆਂ ਸੀਟਾਂ `ਤੇ ਬੈਠੇ ਵੀ ਨਹੀਂ ਸੀ ਕਿ ਭਾਰੀ ਬੈਗ ਮੋਢੇ ’ਤੇ ਲਟਕਾਈ, ਉਹ ਤੇਜ਼ੀ ਨਾਲ ਆਇਆ, ਪੋਲੇ ਜਿਹੇ ਹੱਥ ਨਾਲ ਕਾਮਰੇਡ ਅਮਰ ਸਿੰਘ ਨੂੰ ਇਕ ਪਾਸੇ ਕਰ ਕੇ ਸੀਟ ਨੰਬਰ ਦੇਖਿਆ ਤੇ ‘ਸੌਰੀ ਭਾਪਾ ਜੀ…ਮੇਰੀ ਸੀਟ ਅੱਗੇ ਹੈ,’ ਕਹਿੰਦਾ ਹੋਇਆ ਅੱਗੇ ਚਲਾ ਗਿਆ| ਉਸਦੀ ਦਿੱਖ, ਬੋਲ ਚਾਲ ਤੇ ਫੁਰਤੀਲਾਪਣ; ਕਈ ਸਾਥੀਆਂ ਦੇ ਬੁੱਲਾਂ ’ਤੇ ਮੱਲੋ-ਮੱਲੀ ਮੁਸਕਾਨ ਆ ਗਈ ਸੀ| ਪਰ ਹੁਣ ਉਹ ਆਪਣੇ ਬਦਲੇ ਹੋਏ ਹੁਲੀਏ ਵਿਚ ਜਿਵੇਂ ਸਫ਼ਾਈਆਂ ਦੇ ਰਿਹਾ ਸੀ, ਮੈਨੂੰ ਝਟਕਾ ਜਿਹਾ ਲੱਗਿਆ ਤੇ ਮੈਂ ਆਪਣੇ ਕਾਲਜੇ ਵਿਚ ਅਜੀਬ ਜਿਹੀ ਹਿੱਲ-ਜੁਲ ਮਹਿਸੂਸ ਕੀਤੀ| ਮੈਨੂੰ ਉਹਦੇ ਕੋਲ ਹੋਰ ਖੜ੍ਹੇ ਰਹਿਣਾ ਔਖਾ ਹੋ ਗਿਆ| ਵਾਪਸ ਆ ਕੇ ਮੈਂ ਆਪਣੇ ਸਾਥੀਆਂ ਨਾਲ ਗੱਲ ਕੀਤੀ ਤਾਂ ਉਹ ਵੀ ਗੰਭੀਰ ਜਿਹੇ ਹੋ ਕੇ ਬਹਿ ਗਏ| (ਮਗਰੋਂ ਪਤਾ ਲੱਗਿਆ ਕਿ ਉਹਦੇ ਨਾਲ ਦੀਆਂ ਸੀਟਾਂ `ਤੇ ਇਕ ਹਿੰਦੂ ਪਰਿਵਾਰ ਸਫ਼ਰ ਕਰ ਰਿਹਾ ਸੀ, ਜਿਨ੍ਹਾਂ ‘ਚ ਤਿੰਨ-ਚਾਰ ਔਰਤਾਂ ਸੀ| ਉਹਨੇ ਔਰਤਾਂ ਦੀਆਂ ਸੀਟਾਂ ਹੇਠ ਲੁਕ ਕੇ ਆਪਣੀ ਜਾਨ ਬਚਾਈ ਸੀ ਤੇ ਉਸੇ ਪਰਿਵਾਰ ਦੀ ਮਦਦ ਨਾਲ ਆਪਣਾ ਹੁਲੀਆ ਬਦਲਿਆ ਸੀ|)
ਅੱਗੇ ਕਿਸੇ ਛੋਟੇ ਸਟੇਸ਼ਨ ਤੋਂ ਪਹਿਲਾਂ ਗੱਡੀ ਖੇਤਾਂ ਵਿਚ ਹੀ ਰੁਕ ਗਈ| ਸ਼ਾਇਦ ਸਿਗਨਲ ਨਹੀਂ ਸੀ ਹੋਇਆ| ਅਚਾਨਕ ਉਹ ਨੌਜਵਾਨ ਉੱਛਲ ਕੇ ਖੜ੍ਹਾ ਹੋਇਆ, ਬੈਗ ਮੋਢੇ ’ਤੇ ਪਾਇਆ ਤੇ ਕਾਹਲੀ-ਕਾਹਲੀ ਗੱਡੀ ’ਚੋਂ ਉੱਤਰ ਕੇ ਦੌੜਦਾ ਹੋਇਆ ਔਹ ਗਿਆ, ਔਹ ਗਿਆ ਹੋ ਗਿਆ| ਡੱਬੇ ਵਿਚਲੀਆਂ ਸਵਾਰੀਆਂ ਉਸਨੂੰ ਹਾਕਾਂ ਮਾਰਦੀਆਂ ਰਹਿ ਗਈਆਂ| ਗੱਡੀ ਚੱਲ ਪਈ ਅਸੀਂ ਉਸਨੂੰ ਉਦੋਂ ਤੱਕ ਦੇਖਦੇ ਰਹੇ, ਜਦੋਂ ਤੱਕ ਉਸਦੀ ਹਲਕੀ ਜਿਹੀ ਝਲਕ ਵੀ ਦਿਖਾਈ ਦਿੰਦੀ ਰਹੀ|
ਸ਼ੁਕਰ-ਸ਼ੁਕਰ ਕਰ ਕੇ ਗੱਡੀ ਪੱਛਮੀ ਬੰਗਾਲ ਵਿਚ ਦਾਖਲ ਹੋਈ| ਬੰਗਾਲੀ ਕੁੜੀ ਤੇ ਐਨਕਾਂ ਵਾਲਾ ਨੌਜਵਾਨ ਵਰਧਮਾਨ ਉੱਤਰ ਗਏ| ਜਦੋਂ ਸਾਡੀ ਗੱਡੀ ਹਾਵੜਾ ਪਲੇਟਫਾਰਮ `ਤੇ ਲੱਗੀ ਤਾਂ ਅਸੀਂ ਆਪਣੇ ਬੈਗ ਸੰਭਾਲਦੇ ਹੋਏ ਦਰਵਾਜ਼ੇ ਨੇੜੇ ਹੋਏ, ਉਥੇ ਉੱਤਰਨ ਵਾਲਿਆਂ ਦੀ ਪਹਿਲਾਂ ਹੀ ਭੀੜ ਹੋ ਗਈ ਸੀ|
ਅਸੀਂ ਆਪਸ `ਚ ਗੱਲਾਂ ਕਰ ਰਹੇ ਸੀ, ਮੇਰੇ ਕੋਲ ਖੜ੍ਹੇ ਇਕ ਹਿੰਦੂ ਵਿਅਕਤੀ ਨੇ ਮੱਧਮ ਆਵਾਜ਼ ਵਿਚ ਮੈਨੂੰ ਸਮਝਾਇਆ, ‘ਹਿੰਦੀ ਬੋਲੋ-ਹਿੰਦੀ’| ਮੈਂ ਉਨ੍ਹਾਂ ਵੱਲ ਦੇਖਿਆ ਚਿਹਰਾ ਤਾਂ ਜਾਣਿਆ ਪਛਾਣਿਆ ਲੱਗਿਆ ਪਰ ਮੈਂ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ| ਅਸੀਂ ਉਨ੍ਹਾਂ ਦੇ ਮਗਰ ਹੀ ਗੱਡੀ `ਚੋਂ ਉੱਤਰ ਆਏ| ਕਾਮਰੇਡ ਸੰਧੂ ਨੇ ਉਸ ਭਲੇ ਪੁਰਸ਼ ਵੱਲ ਇਸ਼ਾਰਾ ਕਰਦੇ ਹੋਏ ਮੈਨੂੰ ਪੁਛਿਆ, ‘ਪਛਾਣਿਆ?’
ਮੇਰੇ ਨਹੀਂ `ਚ ਸਿਰ ਫੇਰਨ `ਤੇ ਉਹਨੇ ਦੱਸਿਆ, ‘ਉਹੀ ਮੁਹਾਲੀ ਵਾਲੇ ਸ੍ਰੀਮਾਨ, ਲੇਬਰ ਨੂੰ ਬਰਫੀ ਵੰਡਣ ਵਾਲੇ|’
ਮੈਂ ਚੌਂਕ ਗਿਆ, ਹਾਂ ਇਹ ਉਹੀ ਸ੍ਰੀਮਾਨ ਸੀ| ਮੈਂ ਆਪਣੇ ਮੂਹਰੇ ਤੁਰੇ ਜਾ ਰਹੇ ਉਸ ਵਿਅਕਤੀ ਵੱਲ ਦੇਖਿਆ, ਪਰ ਉਹ ਪਲੇਟਫਾਰਮ ਦੀ ਭੀੜ ਵਿਚ ਗੁੰਮ ਹੋ ਚੁੱਕਿਆ ਸੀ।