ਹਾਅ ਦਾ ਨਾਅਰਾ: ਗਾਜ਼ਾ ਦੇ ਬੱਚਿਆਂ ਦੇ ਨਾਂ ਚਿੱਠੀ

ਕ੍ਰਿਸ ਹੈਜਸ
ਅਨੁਵਾਦ: ਬੂਟਾ ਸਿੰਘ ਮਹਿਮੂਦੁਪਰ
ਉੱਘੇ ਅਮਰੀਕਨ ਪੱਤਰਕਾਰ, ਤਬਸਰਾਕਾਰ ਅਤੇ ਦਰਜਨਾਂ ਕਿਤਾਬਾਂ ਦੇ ਲੇਖਕ ਕ੍ਰਿਸ ਹੈਜਸ ਦੀ ਇਹ ਚਿੱਠੀ ਬਹੁਤ ਮਾਰਮਿਕ ਹੈ। ਇਸ ਵਿਚ ਜੰਗ ਕਾਰਨ ਤਬਾਹ ਹੋ ਰਹੀ ਮਨੁੱਖਤਾ ਬਾਰੇ ਫਿਕਰ ਹੈ। ਇਹ ਅਸਲ ਵਿਚ ਮਨੁੱਖਤਾ ਬਾਰੇ ਜ਼ਾਹਿਰ ਕੀਤਾ ਫਿਕਰ ਹੀ ਹੈ। ਉਹ ਜੰਗ ਦੌਰਾਨ ਅਣਗੌਲੇ ਗਏ ਨੰਨ੍ਹੇ ਬੱਚਿਆਂ ਦੇ ਬਹਾਨੇ ਜੰਗ ਦੀ ਭਿਆਨਕਤਾ ਦੀ ਬਾਤ ਪਾ ਰਿਹਾ ਹੈ।

ਪਿਆਰੇ ਬੱਚੇ। ਅੱਧੀ ਰਾਤ ਹੋ ਚੁੱਕੀ ਹੈ। ਮੈਂ ਅੰਧ ਮਹਾਂਸਾਗਰ ਤੋਂ ਹਜ਼ਾਰਾਂ ਫੁੱਟ ਉੱਪਰ ਹਨੇਰੇ `ਚ ਸੈਂਕੜੇ ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਰਿਹਾ ਹਾਂ। ਮੈਂ ਮਿਸਰ ਦੀ ਯਾਤਰਾ ਕਰ ਰਿਹਾ ਹਾਂ। ਮੈਂ ਰਾਫਾਹ `ਚ ਗਾਜ਼ਾ ਸਰਹੱਦ `ਤੇ ਜਾਵਾਂਗਾ। ਮੈਂ ਤੁਹਾਡੇ ਕਰ ਕੇ ਜਾ ਰਿਹਾ ਹਾਂ।
ਤੁਸੀਂ ਕਦੇ ਹਵਾਈ ਜਹਾਜ਼ `ਚ ਨਹੀਂ ਬੈਠੇ ਹੋਵੋਗੇ। ਤੁਸੀਂ ਕਦੇ ਗਾਜ਼ਾ ਤੋਂ ਬਾਹਰ ਨਹੀਂ ਗਏ ਹੋਵੋਗੇ। ਤੁਸੀਂ ਸਿਰਫ਼ ਭੀੜ-ਭੜੱਕੇ ਵਾਲੀਆਂ ਸੜਕਾਂ ਅਤੇ ਗਲੀਆਂ ਹੀ ਜਾਣਦੇ ਹੋਵੋਗੇ ਜਾਂ ਕੰਕਰੀਟ ਦੇ ਢੇਰ। ਤੁਸੀਂ ਸਿਰਫ਼ ਸੁਰੱਖਿਆ ਨਾਕਿਆਂ ਅਤੇ ਵਾੜਾਂ ਬਾਰੇ ਹੀ ਜਾਣਦੇ ਹੋਵੋਗੇ ਜਿਨ੍ਹਾਂ ਉੱਪਰ ਗਾਜ਼ਾ ਦੇ ਚਾਰੇ-ਪਾਸੇ ਸਿਪਾਹੀ ਗਸ਼ਤ ਕਰਦੇ ਰਹਿੰਦੇ ਹਨ। ਜਹਾਜ਼ ਤੁਹਾਡੇ ਲਈ ਭਿਆਨਕ ਹਨ। ਲੜਾਕੂ ਜੈੱਟ ਜਹਾਜ਼। ਹਮਲਾ ਕਰਨ ਵਾਲੇ ਹੈਲੀਕਾਪਟਰ। ਡਰੋਨ। ਇਹ ਤੁਹਾਡੇ ਉੱਪਰ ਮੰਡਰਾਉਂਦੇ ਰਹਿੰਦੇ ਹਨ। ਉਹ ਮਿਜ਼ਾਈਲਾਂ ਅਤੇ ਬੰਬ ਸੁੱਟਦੇ ਹਨ। ਕੰਨ ਬੋਲ਼ੇ ਕਰ ਦੇਣ ਵਾਲੇ ਧਮਾਕੇ ਹੁੰਦੇ ਹਨ। ਧਰਤੀ ਕੰਬ ਜਾਂਦੀ ਹੈ। ਇਮਾਰਤਾਂ ਢਹਿ ਜਾਂਦੀਆਂ ਹਨ। ਮੌਤਾਂ। ਚੀਕਾਂ। ਮਲਬੇ ਹੇਠਾਂ ਦੱਬੀ ਹੋਈ ਆਵਾਜ਼ ਮਦਦ ਲਈ ਪੁਕਾਰਦੀ ਹੈ। ਇਹ ਸਿਲਸਿਲਾ ਰੁਕਦਾ ਨਹੀਂ ਹੈ। ਰਾਤ-ਦਿਨ ਚੱਲਦਾ ਰਹਿੰਦਾ ਹੈ। ਮਲਬਾ ਬਣੇ ਕੰਕਰੀਟ ਢੇਰ ਹੇਠ ਫਸੇ ਹੋਏ। ਤੁਹਾਡੇ ਸਾਥੀ। ਤੁਹਾਡਾ ਸਹਿਪਾਠੀ। ਤੁਹਾਡੇ ਗੁਆਂਢੀ ਪਲਾਂ `ਚ ਤੁਰ ਗਏ। ਜਦੋਂ ਉਨ੍ਹਾਂ ਨੂੰ ਖੋਦ ਕੇ ਬਾਹਰ ਕੱਢਿਆ ਜਾਂਦਾ ਹੈ ਤਾਂ ਤੁਸੀਂ ਦੇਖਦੇ ਹੋ ਕਿ ਉਨ੍ਹਾਂ ਦੇ ਚਿਹਰੇ ਸਲੇਟੀ ਰੰਗੇ ਹੋ ਚੁੱਕੇ ਹਨ ਅਤੇ ਸਰੀਰ ਝੂਲ ਰਹੇ ਹਨ। ਮੈਂ ਰਿਪੋਰਟਰ ਹਾਂ। ਇਹ ਦੇਖਣਾ ਮੇਰਾ ਕੰਮ ਹੈ। ਤੁਸੀਂ ਬੱਚੇ ਹੋ। ਤੁਹਾਨੂੰ ਇਹ ਕਦੇ ਨਹੀਂ ਦੇਖਣਾ ਚਾਹੀਦਾ।
ਮੌਤ ਦੀ ਬਦਬੂ। ਕੰਕਰੀਟ ਦੇ ਮਲਬੇ ਹੇਠ ਸੜਦੀਆਂ ਲਾਸ਼ਾਂ। ਤੁਸੀਂ ਆਪਣਾ ਸਾਹ ਬੰਦ ਕਰ ਲੈਂਦੇ ਹੋ। ਆਪਣਾ ਮੂੰਹ ਕੱਪੜੇ ਨਾਲ ਢੱਕ ਲੈਂਦੇ ਹੋ। ਤੁਸੀਂ ਤੇਜ਼ ਤੇਜ਼ ਤੁਰਨ ਲੱਗ ਪੈਂਦੇ ਹੋ। ਤੁਹਾਡਾ ਆਂਢ-ਗੁਆਂਢ ਕਬਰਿਸਤਾਨ ਬਣ ਗਿਆ ਹੈ। ਹਰ ਜਾਣੀ-ਪਛਾਣੀ ਹਰ ਸ਼ੈਅ ਖ਼ਤਮ ਹੋ ਗਈ ਹੈ। ਤੁਸੀਂ ਹੈਰਾਨੀ ਨਾਲ ਤੱਕਦੇ ਰਹਿ ਜਾਂਦੇ ਹੋ। ਤੁਸੀਂ ਹੈਰਾਨ ਹੋ ਕਿ ਤੁਸੀਂ ਕਿੱਥੇ ਹੋ।
ਤੁਸੀਂ ਭੈਭੀਤ ਹੋ। ਵਿਸਫੋਟ ਦਰ ਵਿਸਫੋਟ। ਤੁਸੀਂ ਚੀਕਦੇ-ਚਿਲਾਉਂਦੇ ਹੋ। ਤੁਸੀਂ ਆਪਣੀ ਮਾਂ ਜਾਂ ਬਾਪ ਨਾਲ ਚਿੰਬੜ ਜਾਂਦੇ ਹੋ। ਤੁਸੀਂ ਆਪਣੇ ਕੰਨ ਬੰਦ ਕਰ ਲੈਂਦੇ ਹੋ। ਤੁਸੀਂ ਮਿਜ਼ਾਈਲ ਦੀ ਚਿੱਟੀ ਲੋਅ ਦੇਖਦੇ ਹੋ ਅਤੇ ਧਮਾਕੇ ਦੀ ਉਡੀਕ ਕਰਦੇ ਹੋ। ਉਹ ਬੱਚਿਆਂ ਨੂੰ ਕਿਉਂ ਮਾਰਦੇ ਹਨ? ਤੁਸੀਂ ਆਖ਼ਿਰ ਕੀ ਗੁਨਾਹ ਕੀਤਾ ਹੈ? ਕੋਈ ਤੁਹਾਡੀ ਰੱਖਿਆ ਕਿਉਂ ਨਹੀਂ ਕਰ ਸਕਦਾ? ਕੀ ਤੁਸੀਂ ਜ਼ਖ਼ਮੀ ਹੋ ਜਾਓਗੇ? ਕੀ ਤੁਸੀਂ ਇਕ ਲੱਤ ਜਾਂ ਬਾਂਹ ਗੁਆ ਬੈਠੋਗੇ? ਕੀ ਤੁਸੀਂ ਅੰਨ੍ਹੇ ਹੋ ਜਾਵੋਗੇ ਜਾਂ ਵ੍ਹੀਲਚੇਅਰ `ਤੇ ਰਹੋਗੇ? ਤੁਸੀਂ ਕਿਉਂ ਜਨਮ ਲਿਆ ਸੀ? ਕੀ ਇਹ ਇਕ ਚੰਗੇ ਕੰਮ ਲਈ ਸੀ? ਜਾਂ ਇਹ ਏਸ ਲਈ ਸੀ? ਕੀ ਤੁਸੀਂ ਵੱਡੇ ਹੋ ਸਕੋਗੇ? ਕੀ ਤੁਸੀਂ ਖੁਸ਼ ਹੋਵੋਗੇ? ਆਪਣੇ ਦੋਸਤਾਂ ਤੋਂ ਬਿਨਾਂ ਇਹ ਤੁਹਾਨੂੰ ਕਿਹੋ ਜਿਹਾ ਲੱਗੇਗਾ? ਮਰਨ ਦੀ ਅਗਲੀ ਵਾਰੀ ਕਿਸ ਦੀ ਹੋਵੇਗੀ? ਤੁਹਾਡੀ ਮਾਂ? ਤੁਹਾਡੇ ਪਿਤਾ? ਤੁਹਾਡੇ ਭੈਣ-ਭਰਾ? ਤੁਹਾਡਾ ਕੋਈ ਜਾਣੂ ਜ਼ਖ਼ਮੀ ਹੋ ਜਾਵੇਗਾ। ਛੇਤੀ ਹੀ।
ਰਾਤ ਨੂੰ ਤੁਸੀਂ ਹਨੇਰੇ ਵਿਚ ਠੰਢੇ ਸੀਮਿੰਟ ਦੇ ਫਰਸ਼ `ਤੇ ਪਏ ਰਹਿੰਦੇ ਹੋ। ਫੋਨ ਕੱਟ ਦਿੱਤੇ ਗਏ ਹਨ। ਇੰਟਰਨੈੱਟ ਬੰਦ ਹੈ। ਤੁਸੀਂ ਨਹੀਂ ਜਾਣਦੇ ਕਿ ਕੀ ਹੋ ਰਿਹਾ ਹੈ। ਚਾਨਣ ਦੀਆਂ ਲਿਸ਼ਕਾਂ ਪੈ ਰਹੀਆਂ ਹਨ। ਧਮਾਕੇ ਦੇ ਝਟਕੇ ਦੀਆਂ ਲਹਿਰਾਂ ਹਨ। ਚੀਕਾਂ ਹੀ ਚੀਕਾਂ ਹਨ। ਇਹ ਸਿਲਸਿਲਾ ਰੁਕ ਨਹੀਂ ਰਿਹਾ।
ਜਦੋਂ ਤੁਹਾਡੇ ਪਿਤਾ ਜਾਂ ਮਾਤਾ ਭੋਜਨ ਜਾਂ ਪਾਣੀ ਦੀ ਭਾਲ `ਚ ਜਾਂਦੇ ਹਨ ਤਾਂ ਤੁਸੀਂ ਇੰਤਜ਼ਾਰ ਕਰਦੇ ਹੋ। ਤੁਹਾਡੇ ਪੇਟ `ਚ ਉਹ ਕਿੰਨਾ ਭਿਆਨਕ ਅਹਿਸਾਸ ਹੁੰਦਾ ਹੈ। ਕੀ ਉਹ ਵਾਪਸ ਆਉਣਗੇ? ਕੀ ਤੁਸੀਂ ਉਨ੍ਹਾਂ ਨੂੰ ਦੁਬਾਰਾ ਦੇਖ ਸਕੋਗੇ? ਕੀ ਅਗਲਾ ਨਿਸ਼ਾਨਾ ਤੁਹਾਡਾ ਛੋਟਾ ਜਿਹਾ ਘਰ ਹੋਵੇਗਾ? ਕੀ ਬੰਬ ਤੁਹਾਨੂੰ ਟੋਲ੍ਹ ਲੈਣਗੇ? ਕੀ ਇਹ ਧਰਤੀ `ਤੇ ਤੁਹਾਡੇ ਆਖਰੀ ਪਲ ਹਨ?
ਤੁਹਾਨੂੰ ਖ਼ਾਰਾ, ਗੰਦਾ ਪਾਣੀ ਪੀਣਾ ਪੈਂਦਾ ਹੈ। ਇਹ ਤੁਹਾਨੂੰ ਬਹੁਤ ਬਿਮਾਰ ਕਰ ਦਿੰਦਾ ਹੈ। ਤੁਹਾਡਾ ਢਿੱਡ ਦੁਖ ਰਿਹਾ ਹੈ। ਤੁਸੀਂ ਭੁੱਖੇ ਹੋ। ਬੇਕਰੀਆਂ ਤਬਾਹ ਕਰ ਦਿੱਤੀਆਂ ਗਈਆਂ ਹਨ। ਰੋਟੀ ਨਹੀਂ ਹੈ। ਤੁਸੀਂ ਦਿਨ ਵਿਚ ਇਕ ਵਾਰ ਖਾ ਕੇ ਡੰਗ ਟਪਾਉਂਦੇ ਹੋ। ਪਾਸਤਾ। ਖੀਰਾ। ਛੇਤੀ ਹੀ ਇਹ ਕਿਸੇ ਦਾਅਵਤ ਵਰਗਾ ਲੱਗਣਾ ਸ਼ੁਰੂ ਹੋ ਜਾਵੇਗਾ।
ਤੁਸੀਂ ਲੀਰਾਂ ਦੀ ਬਣੀ ਆਪਣੀ ਖਿੱਦੋ ਨਾਲ ਨਹੀਂ ਖੇਡਦੇ। ਤੁਸੀਂ ਹੁਣ ਪੁਰਾਣੇ ਅਖ਼ਬਾਰਾਂ ਦੀ ਬਣਾਈ ਪਤੰਗ ਨਹੀਂ ਉਡਾਉਂਦੇ।
ਤੁਸੀਂ ਵਿਦੇਸ਼ੀ ਪੱਤਰਕਾਰਾਂ ਨੂੰ ਦੇਖਿਆ ਹੈ। ਅਸੀਂ ਫਲੈਕ ਜੈਕਟਾਂ ਪਹਿਨਦੇ ਹਾਂ ਜਿਸ `ਤੇ ਪ੍ਰੈੱਸ ਸ਼ਬਦ ਲਿਖਿਆ ਹੁੰਦਾ ਹੈ। ਸਾਡੇ ਕੋਲ ਹੈਲਮਟ ਹੈ। ਸਾਡੇ ਕੋਲ ਕੈਮਰੇ ਹਨ। ਅਸੀਂ ਜੀਪ ਚਲਾ ਕੇ ਆਉਂਦੇ ਹਾਂ। ਅਸੀਂ ਬੰਬ ਧਮਾਕੇ ਜਾਂ ਗੋਲੀਬਾਰੀ ਤੋਂ ਬਾਅਦ ਆਉਂਦੇ ਹਾਂ। ਅਸੀਂ ਬਹੁਤ ਚਿਰ ਤੱਕ ਕੌਫ਼ੀ ਲੈ ਕੇ ਬੈਠੇ ਰਹਿੰਦੇ ਹਾਂ ਅਤੇ ਵੱਡਿਆਂ ਨਾਲ ਗੱਲਬਾਤ ਕਰਦੇ ਹਾਂ। ਫਿਰ ਅਸੀਂ ਗ਼ਾਇਬ ਹੋ ਜਾਂਦੇ ਹਾਂ। ਅਸੀਂ ਆਮ ਤੌਰ `ਤੇ ਬੱਚਿਆਂ ਦੀ ਇੰਟਰਵਿਊ ਨਹੀਂ ਲੈਂਦੇ ਪਰ ਮੈਂ ਅਜਿਹੇ ਇੰਟਰਵਿਊ ਕੀਤੇ ਹਨ ਜਦੋਂ ਤੁਸੀਂ ਸਾਡੇ ਆਲੇ-ਦੁਆਲੇ ਝੁਰਮਟ ਪਾ ਲੈਂਦੇ ਹੋ। ਹੱਸਦੇ ਹੋ। ਇਸ਼ਾਰੇ ਕਰਦੇ ਹੋ। ਸਾਨੂੰ ਆਪਣੀ ਫੋਟੋ ਲੈਣ ਲਈ ਕਹਿੰਦੇ ਹੋ।
ਗਾਜ਼ਾ `ਚ ਮੇਰੇ ਉੱਪਰ ਜੈੱਟ ਜਹਾਜ਼ ਦੁਆਰਾ ਬੰਬਾਰੀ ਕੀਤੀ ਗਈ ਹੈ। ਮੇਰੇ ਉੱਪਰ ਹੋਰ ਯੁੱਧਾਂ `ਚ ਬੰਬਾਰੀ ਕੀਤੀ ਗਈ ਹੈ, ਉਹ ਯੁੱਧ ਜੋ ਤੁਹਾਡੇ ਜਨਮ ਤੋਂ ਪਹਿਲਾਂ ਹੋਏ ਸਨ। ਮੈਂ ਵੀ ਬਹੁਤ, ਬਹੁਤ ਸਹਿਮਿਆ ਹੋਇਆ ਸੀ। ਮੇਰੇ ਕੋਲ ਅਜੇ ਵੀ ਇਸ ਬਾਰੇ ਸੁਪਨੇ ਹਨ। ਜਦੋਂ ਮੈਂ ਗਾਜ਼ਾ ਦੀਆਂ ਤਸਵੀਰਾਂ ਦੇਖਦਾ ਹਾਂ ਤਾਂ ਇਹ ਯੁੱਧ ਗੜਗੱਜ ਅਤੇ ਬਿਜਲੀ ਦੀ ਤੇਜ਼ੀ ਨਾਲ ਮੇਰੇ ਕੋਲ ਪਰਤ ਆਉਂਦੇ ਹਨ। ਮੈਂ ਤੁਹਾਡੇ ਬਾਰੇ ਸੋਚਦਾ ਹਾਂ।
ਅਸੀਂ ਸਾਰੇ ਜੋ ਯੁੱਧ ਵਿਚ ਜੀ ਰਹੇ ਲੋਕ ਯੁੱਧ ਨੂੰ ਕਰਦੇ ਹਾਂ, ਸਭ ਤੋਂ ਜ਼ਿਆਦਾ ਨਫ਼ਰਤ ਉਸ ਕਰ ਕੇ ਜੋ ਅਸਰ ਇਸ ਦਾ ਬੱਚਿਆਂ ਉੱਪਰ ਪੈਂਦਾ ਹੈ।
ਮੈਂ ਤੁਹਾਡੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਤੁਸੀਂ ਲੋਕਾਂ `ਤੇ ਜ਼ੁਲਮ ਕਰਦੇ ਹੋ, ਹਫ਼ਤਾ-ਹਫ਼ਤੇ, ਮਹੀਨੇ-ਦਰ-ਮਹੀਨੇ, ਸਾਲ-ਦਰ-ਸਾਲ, ਦਹਾਕੇ-ਦਹਾਕੇ, ਜਦੋਂ ਤੁਸੀਂ ਲੋਕਾਂ ਨੂੰ ਆਜ਼ਾਦੀ ਅਤੇ ਮਾਣ-ਸਨਮਾਨ ਤੋਂ ਵਾਂਝੇ ਕਰਦੇ ਹੋ, ਜਦੋਂ ਤੁਸੀਂ ਉਨ੍ਹਾਂ ਨੂੰ ਜਲੀਲ ਕਰਦੇ ਹੋ ਅਤੇ ਖੁੱਲ੍ਹੀ ਜੇਲ੍ਹ `ਚ ਡੱਕ ਦਿੰਦੇ ਹੋ। ਜਦੋਂ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਮਾਰਦੇ ਹੋ ਜਿਵੇਂ ਉਹ ਜਾਨਵਰ ਹੋਣ ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਆ ਜਾਂਦਾ ਹੈ। ਉਹ ਦੂਜਿਆਂ ਨਾਲ ਉਹੀ ਕੁਝ ਕਰਦੇ ਹਨ ਜੋ ਉਨ੍ਹਾਂ ਨਾਲ ਕੀਤਾ ਗਿਆ ਸੀ। ਮੈਂ ਇਹ ਗੱਲ ਵਾਰ-ਵਾਰ ਕਹੀ ਹੈ। ਮੈਂ ਇਹ ਸੱਤ ਸਾਲ ਕਹਿੰਦਾ ਰਿਹਾ। ਕੁਝ ਨੇ ਮੇਰੀ ਗੱਲ ਸੁਣੀ; ਤੇ ਹੁਣ ਇਹ ਹੋ ਰਿਹਾ ਹੈ।
ਇੱਥੇ ਬਹੁਤ ਬਹਾਦਰ ਫ਼ਲਸਤੀਨੀ ਪੱਤਰਕਾਰ ਹਨ। ਇਹ ਬੰਬਾਰੀ ਸ਼ੁਰੂ ਹੋਣ ਤੋਂ ਲੈ ਕੇ ਉਨ੍ਹਾਂ ਵਿਚੋਂ 39 ਮਾਰੇ ਗਏ ਹਨ। ਉਹ ਹੀਰੋ ਹਨ। ਤੁਹਾਡੇ ਹਸਪਤਾਲਾਂ ਦੇ ਡਾਕਟਰ ਅਤੇ ਨਰਸਾਂ ਵੀ ਇਸੇ ਤਰ੍ਹਾਂ ਦੇ ਲੋਕ ਹਨ। ਸੰਯੁਕਤ ਰਾਸ਼ਟਰ ਦੇ ਮੁਲਾਜ਼ਮ ਵੀ ਇਸੇ ਮਿੱਟੀ ਦੇ ਬਣੇ ਹੋਏ ਹਨ। ਉਨ੍ਹਾਂ ਵਿਚੋਂ 89 ਮਾਰੇ ਜਾ ਚੁੱਕੇ ਹਨ। ਇਸੇ ਤਰ੍ਹਾਂ ਐਂਬੂਲੈਂਸ ਡਰਾਈਵਰ ਅਤੇ ਡਾਕਟਰ ਹਨ। ਬਚਾਅ ਟੀਮਾਂ ਵੀ ਅਜਿਹੀਆਂ ਹੀ ਹਨ ਜੋ ਆਪਣੇ ਹੱਥਾਂ ਨਾਲ ਕੰਕਰੀਟ ਦੀਆਂ ਸਲੈਬਾਂ ਨੂੰ ਚੁੱਕ ਕੇ ਥੱਲੇ ਦਬੇ ਲੋਕਾਂ ਨੂੰ ਕੱਢਦੀਆਂ ਹਨ। ਇਸੇ ਤਰ੍ਹਾਂ ਤੁਹਾਡੇ ਮਾਵਾਂ ਅਤੇ ਬਾਪ ਹਨ ਜੋ ਤੁਹਾਨੂੰ ਬੰਬਾਂ ਤੋਂ ਬਚਾਉਂਦੇ ਹਨ।
ਪਰ ਅਸੀਂ ਉੱਥੇ ਨਹੀਂ ਹਾਂ। ਇਸ ਵਾਰ ਨਹੀਂ। ਅਸੀਂ ਅੰਦਰ ਨਹੀਂ ਜਾ ਸਕਦੇ। ਅਸੀਂ ਬਾਹਰ ਡੱਕੇ ਹੋਏ ਹਾਂ।
ਦੁਨੀਆ ਭਰ ਦੇ ਰਿਪੋਰਟਰ ਰਾਫਾਹ ਵਿਖੇ ਸਰਹੱਦ ਪਾਰ ਕਰਨ ਜਾ ਰਹੇ ਹਨ। ਅਸੀਂ ਇਸ ਲਈ ਜਾ ਰਹੇ ਹਾਂ ਕਿਉਂਕਿ ਅਸੀਂ ਹੱਥ `ਤੇ ਹੱਥ ਧਰ ਕੇ ਇਹ ਕਤਲੇਆਮ ਨਹੀਂ ਦੇਖ ਸਕਦੇ। ਅਸੀਂ ਇਸ ਲਈ ਜਾ ਰਹੇ ਹਾਂ ਕਿਉਂਕਿ ਇਕ ਦਿਨ `ਚ ਸੈਂਕੜੇ ਲੋਕ ਮਾਰੇ ਜਾ ਰਹੇ ਹਨ ਜਿਨ੍ਹਾਂ ਵਿਚ 160 ਬੱਚੇ ਵੀ ਸ਼ਾਮਿਲ ਹਨ। ਅਸੀਂ ਜਾ ਰਹੇ ਹਾਂ ਕਿਉਂਕਿ ਇਹ ਨਸਲਕੁਸ਼ੀ ਰੁਕਣੀ ਚਾਹੀਦੀ ਹੈ। ਅਸੀਂ ਜਾ ਰਹੇ ਹਾਂ ਕਿਉਂਕਿ ਸਾਡੇ ਵੀ ਬੱਚੇ ਹਨ। ਤੁਹਾਡੇ ਵਰਗੇ। ਅਨਮੋਲ। ਮਾਸੂਮ। ਪਿਆਰੇ ਜਹੇ। ਅਸੀਂ ਜਾ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਿੰਦਾ ਰਹੋ।
ਮੈਨੂੰ ਉਮੀਦ ਹੈ ਕਿ ਅਸੀਂ ਇਕ ਦਿਨ ਮਿਲਾਂਗੇ। ਤੁਸੀਂ ਬਾਲਗ ਹੋ ਗਏ ਹੋਵੋਗੇ। ਮੈਂ ਬੁੱਢਾ ਹੋ ਗਿਆ ਹੋਵਾਂਗਾ, ਹਾਲਾਂਕਿ ਤੁਹਾਡੇ ਲਈ ਮੈਂ ਪਹਿਲਾਂ ਹੀ ਬਹੁਤ ਬੁੱਢਾ ਹਾਂ। ਆਪਣੇ ਸੁਪਨਿਆਂ ਵਿਚ ਮੈਂ ਤੁਹਾਨੂੰ ਆਜ਼ਾਦ, ਸੁਰੱਖਿਅਤ ਅਤੇ ਖ਼ੁਸ਼ ਦੇਖਾਂਗਾ। ਕੋਈ ਵੀ ਤੁਹਾਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਤੁਸੀਂ ਬੰਬਾਂ ਦੀ ਬਜਾਇ ਲੋਕਾਂ ਨਾਲ ਭਰੇ ਹਵਾਈ ਜਹਾਜ਼ `ਚ ਉਡੋਗੇ। ਤੁਸੀਂ ਕਿਸੇ ਤਸੀਹਾ ਕੈਂਪ ਵਿਚ ਘਿਰੇ ਹੋਏ ਨਹੀਂ ਹੋਵੋਗੇ। ਤੁਸੀਂ ਦੁਨੀਆ ਦੇਖੋਗੇ। ਤੁਸੀਂ ਵੱਡੇ ਹੋਵੋਗੇ ਅਤੇ ਤੁਹਾਡੇ ਬੱਚੇ ਹੋਣਗੇ। ਤੁਸੀਂ ਬੁੱਢੇ ਹੋਵੋਗੇ। ਤੁਹਾਨੂੰ ਇਹ ਮੁਸੀਬਤਾਂ ਚੇਤੇ ਰਹਿਣਗੀਆਂ ਪਰ ਤੁਹਾਨੂੰ ਪਤਾ ਹੋਵੇਗਾ ਕਿ ਇਸ ਦਾ ਮਤਲਬ ਹੈ ਕਿ ਤੁਹਾਨੂੰ ਦੁਖੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹੀ ਮੇਰੀ ਉਮੀਦ ਹੈ। ਇਹੀ ਮੇਰੀ ਪ੍ਰਾਰਥਨਾ ਹੈ।
ਅਸੀਂ ਤੁਹਾਨੂੰ ਅਸਫਲ ਬਣਾ ਦਿੱਤਾ ਹੈ। ਇਹ ਉਹ ਭਿਆਨਕ ਅਪਰਾਧ-ਬੋਧ ਹੈ ਜੋ ਅਸੀਂ ਢੋਅ ਰਹੇ ਹਾਂ। ਅਸੀਂ ਯਤਨ ਤਾਂ ਕੀਤੇ ਪਰ ਸਾਡੇ ਕੋਲੋਂ ਕਾਫ਼ੀ ਯਤਨ ਨਹੀਂ ਹੋਏ। ਅਸੀਂ ਰਾਫਾਹ ਜਾਵਾਂਗੇ। ਸਾਡੇ ਵਿਚੋਂ ਬਹੁਤ ਸਾਰੇ। ਪੱਤਰਕਾਰ। ਅਸੀਂ ਵਿਰੋਧ ਵਜੋਂ ਗਾਜ਼ਾ ਸਰਹੱਦ ਦੇ ਬਾਹਰ ਖੜ੍ਹੇ ਰਹਾਂਗੇ। ਅਸੀਂ ਲਿਖਾਂਗੇ ਅਤੇ ਫਿਲਮਾਂ ਬਣਾਵਾਂਗੇ। ਇਹੀ ਤਾਂ ਅਸੀਂ ਕਰਦੇ ਹਾਂ। ਇਹ ਬਹੁਤ ਕੁਝ ਤਾਂ ਨਹੀਂ ਹੈ ਪਰ ਇਹ ਕੁਝ ਤਾਂ ਹੈ। ਅਸੀਂ ਤੁਹਾਡੀ ਕਹਾਣੀ ਮੁੜ ਦੱਸਾਂਗੇ।
ਤੁਹਾਡੇ ਕੋਲੋਂ ਮੁਆਫ਼ੀ ਮੰਗਣ ਦਾ ਹੱਕ ਲੈਣ ਲਈ ਸ਼ਾਇਦ ਇਹ ਕਾਫ਼ੀ ਹੋਵੇਗਾ।