ਸੁਤੰਤਰਤਾ ਸੰਗਰਾਮੀਆਂ ਦੀ ਪੈੜ ਨੱਪਦਿਆਂ

ਗੁਲਜ਼ਾਰ ਸਿੰਘ ਸੰਧੂ
2023 ਦਾ ਵਰ੍ਹਾ ਅਜੇ ਸਮਾਪਤ ਨਹੀਂ ਹੋਇਆ ਪਰ ਇਸ ਸਾਲ ਪੰਜਾਬ ਦੇ ਲੇਖਕਾਂ ਨੇ ਸੁਤੰਤਰਤਾ ਸੰਗਰਾਮੀਆਂ ਨੂੰ ਖੂਬ ਚੇਤੇ ਕੀਤਾ ਹੈ| ਪੰਜਾਬ ਸਰਕਾਰ ਨੇ ਵੀ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ 16 ਨਵੰਬਰ ਨੂੰ ਸਾਰੇ ਸਰਕਾਰੀ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ| ਜਸਵੰਤ ਰਾਏ ਨੇ ਸ਼ਹੀਦ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ ਦੀ ਜੀਵਨੀ ‘ਕੌਮ ਦਾ ਸਿਤਾਰਾ’ ਪਾਠਕਾਂ ਦੀ ਝੋਲੀ ਪਾਈ ਹੈ|

ਜਗਤਾਰ ਸਿੰਘ ਤੇ ਗੁਰਦਰਸ਼ਨ ਸਿੰਘ ਬਾਹੀਆ ਨੇ ‘ਕਾਲਾ ਪਾਣੀ’ ਨਾਂ ਦੀ ਪੁਸਤਕ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਅੰਗਰੇਜ਼ੀ ਭਾਸ਼ਾ ਵਿਚ ਕਲਮਬੰਦ ਕੀਤਾ ਹੈ| ਏਸੇ ਤਰ੍ਹਾਂ ਗੁਰਦੇਵ ਸਿੰਘ ਸਿੱਧੂ ਨੇ ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ, ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ ਤੇ ਗਿਆਨੀ ਊਧਮ ਸਿੰਘ ਵਰਗੇ ਅਣਗੌਲੇ ਆਜ਼ਾਦੀ ਘੁਲਾਟੀਆਂ ਦੀ ਜੀਵਨੀ ਬਾਰੇ ਤਿੰਨ ਪੰਜਾਬੀ ਪੁਸਤਕਾਂ ਜਾਰੀ ਕੀਤੀਆਂ ਹਨ| ਜਿੱਥੋਂ ਤਕ ਸੁਤੰਤਰਤਾ ਸੰਗਰਾਮ ਵਿਚ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦੇ ਯੋਗਦਾਨ ਦਾ ਸਬੰਧ ਹੈ ‘ਕਾਲਾ ਪਾਣੀ’ ਨਾਂ ਦੀ ਅੰਗ੍ਰੇਜ਼ੀ ਪੁਸਤਕ ਵਿਚ ਇਸਦਾ ਭਰਵਾਂ ਜ਼ਿਕਰ ਤਾਂ ਕੀਤਾ ਹੀ ਹੈ ਪਰ ਇਸਨੂੰ ਸੱਤ ਸਮੁੰਦਰ ਪਾਰ ਦੇ ਅੰਗਰੇਜ਼ੀ ਪਾਠਕਾਂ ਤਕ ਵੀ ਪਹੁੰਚਾਇਆ ਹੈ|
ਇਸ ਵਿਚ ਗੰਡਾ ਸਿੰਘ, ਫੌਜਾ ਸਿੰਘ ਵਰਗੇ ਇਤਿਹਾਸਕਾਰਾਂ ਤੇ ਮਾਲਵਿੰਦਰਜੀਤ ਸਿੰਘ ਵੜੈਚ ਵਰਗੇ ਸਮਾਜ ਸ਼ਾਸਤ੍ਰੀਆਂ ਦੇ ਹਵਾਲੇ ਨਾਲ ਇਹ ਦਰਸਾਇਆ ਗਿਆ ਹੈ ਕਿ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਦੇ ਨਾਤੇ ਪੰਜਾਬ ਨੂੰ ਸਿਕੰਦਰ ਤੇ ਬਾਬਰ ਵਰਗੇ ਹਮਲਾਵਰਾਂ ਦਾ ਮੁਕਾਬਲਾ ਕਰਨਾ ਸਿੱਧ ਕਰਦਾ ਹੈ ਕਿ ਅਣਖੀਲੇ ਪੰਜਾਬੀ ਮੁੱਢ ਕਦੀਮੋਂ ਮਾਂ ਧਰਤੀ ਲਈ ਜਾਨਾਂ ਵਾਰਦੇ ਆਏ ਨੇ| ਇਨ੍ਹਾਂ ਨੇ ਬਰਤਾਨਵੀ ਸੈਨਾ ਨੂੰ ਸਤਲੁਜ ਨਦੀ ਤੋਂ ਅੱਗੇ ਨਹੀਂ ਵਧਣ ਦਿੱਤਾ|
ਪੰਜਾਬ ਜਿਸ ਵਿਚ ਅਜੋਕਾ ਪਾਕਿਸਤਾਨ ਵੀ ਸ਼ਾਮਿਲ ਸੀ| ਆਜ਼ਾਦੀ ਸੰਗਰਾਮ ਦਾ ਲਾਸਾਨੀ ਪੰਘੂੜਾ ਰਿਹਾ ਹੈ| ਸ਼ਾਹ ਮੁਹੰਮਦ ਦੇ ਸ਼ਬਦਾਂ ਵਿਚ ਗੋਰੀਆਂ ਫੌਜਾਂ ਦੇ ਨਿੰਬੂਆਂ ਵਾਂਗ ਲਹੂ ਨਿਚੋੜਨ ਵਾਲਿਆਂ ਵਿਚ ਮੇਵਾ ਸਿੰਘ ਤੇ ਮਾਖੇ ਖਾਂ ਦੋਵੇਂ ਹੀ ਨਿੱਠ ਕੇ ਲੜੇ ਸਨ| 19 ਸਾਲ ਦੀ ਉਮਰ ਵਿਚ ਸ਼ਹੀਦੀ ਪਾਉਣ ਵਾਲੇ ਕਰਤਾਰ ਸਿੰਘ ਤੇ 23 ਸਾਲਾ ਭਗਤ ਸਿੰਘ ਸ਼ਹੀਦ ਨੇ ਵੀ ਗੋਰੀ ਸਰਕਾਰ ਨਾਲ ਡਟ ਕੇ ਆਢਾ ਲਿਆ|
ਇਨ੍ਹਾਂ ਤੋਂ ਬਿਨਾ ਕਾਲੇ ਪਾਣੀ ਦੀ ਸਜ਼ਾ ਭੁਗਤਣ ਵਾਲੇ ਆਜ਼ਾਦੀ ਘੁਲਾਟੀਆਂ ਦਾ ਵੀ ਕੋਈ ਅੰਤ ਨਹੀਂ| ਗੋਰੀ ਸਰਕਾਰ ਤੋਂ ਆਜ਼ਾਦ ਹੋਣ ਲਈ ਨਾਮਧਾਰੀਆਂ, ਗ਼ਦਰੀਆਂ ਤੇ ਬੱਬਰ ਅਕਾਲੀਆਂ ਦਾ ਯੋਗਦਾਨ ਵੀ ਭੁੱਲਣ ਵਾਲਾ ਨਹੀਂ| ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਸਮੇਤ|
ਇਹ ਪੁਸਤਕ ਪੰਜਾਬੀਆਂ ਦੇ ਯੋਗਦਾਨ ਦੀ ਬਾਤ ਪਾਉਂਦੇ ਸਮੇਂ ਮੁਸਲਮਾਨ ਸੰਗਰਾਮੀਆਂ ਦਾ ਜ਼ਿਕਰ ਵੀ ਮਾਣ ਨਾਲ ਕਰਦੀ ਹੈ| ਵੱਡੀ ਗੱਲ ਇਹ ਕਿ ਇਹ ਰਚਨਾ ਵੀਰ ਸਾਵਰਕਰ ਵਲੋਂ ਮੰਗੇ ਮੁਆਫੀਨਾਮੇ ਦਾ ਘੁੰਡ ਵੀ ਚੁੱਕਦੀ ਹੈ ਜਿਸਦੇ ਸਿਰ ਉੱਤੇ ਆਜ਼ਾਦੀ ਦਾ ਤਾਜ਼ ਪਹਿਨਾਉਣ ਵਿਚੋਂ ਮੁੰਬਈ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ| ਹਥਲੀ ਪੁਸਤਕ ਇਹ ਵੀ ਦੱਸਦੀ ਹੈ ਕਿ ਅੰਡੇਮਾਨ ਦੀ ਬੰਦ ਕੋਠੜੀ ਜੇਲ੍ਹ ਵਿਚ ਸਿਆਸੀ ਕੈਦੀਆਂ ਨੂੰ ਇਹੋ ਜਿਹੇ ਕਮਰਿਆਂ ਵਿਚ ਰਹਿਣਾ ਪੈਂਦਾ ਸੀ ਜਿਥੇ ਰੋਸ਼ਨੀ ਦੀ ਖਿੜਕੀ ਵੀ ਨਾਂ ਮਾਤਰ ਸੀ ਤੇ ਟੱਟੀ ਪਿਸ਼ਾਬ ਵੀ ਕਾਲ ਕੋਠੜੀ ਵਿਚ ਹੀ ਕਰਨਾ ਪੈਂਦਾ ਸੀ|
ਜਗਤਾਰ ਸਿੰਘ ਤੇ ਗੁਰਦਰਸ਼ਨ ਬਾਹੀਆ ਦੇ ਸਿਰ ਇਸ ਗੱਲ ਦਾ ਸਿਹਰਾ ਬੱਝਦਾ ਹੈ ਕਿ ਉਨ੍ਹਾਂ ਨੇ ਇਹ ਰਚਨਾ ਅੰਗਰੇਜ਼ੀ ਭਾਸ਼ਾ ਵਿਚ ਲਿਖ ਕੇ ਪੰਜਾਬੀਆਂ ਦੇ ਯੋਗਦਾਨ ਨੂੰ ਸੰਸਾਰ ਭਰ ਦੇ ਅੰਗਰੇਜ਼ੀ ਪੜ੍ਹਨ ਵਾਲਿਆਂ ਤੱਕ ਪਹੁੰਚਾਇਆ ਹੈ| ਪੁਸਤਕ ਸੱਚਮੁੱਚ ਹੀ ਪੜ੍ਹਨਯੋਗ ਹੈ|
ਕੁੱਝ ਅਣਗੌਲੇ ਸੁਤੰਤਰਤਾ ਸੰਗਰਾਮੀ
ਉਪਰੋਕਤ ਪੁਸਤਕ ਦੀ ਗੱਲ ਕਰਦਿਆਂ ਮੈਂ ਇਹ ਦੱਸਣਾ ਭੁੱਲ ਗਿਆ ਕਿ 1909 ਤੋਂ 1921 ਤੱਕ ਜਿਨ੍ਹਾਂ ਸੰਗਰਾਮੀਆਂ ਨੇ ਅੰਡੇਮਾਨ ਤੇ ਨਿਕੋਬਾਰ ਦੀ ਜੇਲ੍ਹ ਵਿਚ ਸਜ਼ਾ ਭੁਗਤੀ ਉਨ੍ਹਾਂ ਵਿਚੋਂ 73 ਪੰਜਾਬ ਤੋਂ ਸਨ, 9 ਯੂਨਾਈਟਿਡ ਪ੍ਰਵਿੰਸ ਤੋਂ ਤੇ ਤਿੰਨ ਬੰਬਈ ਤੋਂ ਜਿਨ੍ਹਾਂ ਵਿਚ ਮੁਆਫੀ ਮੰਗਣ ਵਾਲਾ ਵਿਨਾਇਕ ਦਮੋਦਰ ਸਾਵਰਕਰ ਵੀ ਸੀ| ਸੰਨ 2023 ਦੀ ਖ਼ੁਸ਼ੀ ਇਹ ਹੈ ਕਿ ਗੁਰਦੇਵ ਸਿੰਘ ਸਿੱਧੂ ਨੇ ਨਿਧਾਨ ਸਿੰਘ ਮਹੇਸਰੀ, ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ ਤੇ ਗਿਆਨੀ ਊਧਮ ਸਿੰਘ ਦੀ ਜੀਵਨ ਕਹਾਣੀ ਬਾਰੇ ਤਿੰਨ ਪੁਸਤਕਾਂ ਏਸੇ ਹੀ ਸਾਲ ਪ੍ਰਕਾਸ਼ਤ ਕਰਵਾਈਆਂ ਹਨ|
ਨਿਧਾਨ ਸਿੰਘ ਨੂੰ ਸੁਤੰਤਰਤਾ ਦੀ ਜਾਗ ਅਮਰੀਕਾ ਜਾ ਕੇ ਲੱਗੀ| ਫੇਰ ਉਥੋਂ ਦੀ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਤਾਂ ਨਿਧਾਨ ਸਿੰਘ ਸੋਵੀਅਤ ਯੂਨੀਅਨ ਜਾ ਵੜਿਆ ਤੇ ਵਾਪਸ ਆ ਕੇ ਆਪਣੇ ਪਿੰਡ ਮਹੇਸਰੀ ਸੰਧੂਆਂ ਵਿਚ ਰਹਿ ਕੇ ਸਮਾਜਿਕ ਗਤੀਵਿਧੀਆਂ ਵਿਚ ਰੁੱਝ ਗਿਆ| ਜਿਸ ਵਿਚੋਂ ਕੁਝ ਸਮਾਂ ਉਸ ਸਮੇਂ ਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਵੀ ਸਰਗਰਮ ਰਿਹਾ| ਚੇਤੇ ਰਹੇ ਕਿ ਜਿਹੜੀ ਸੜਕ ਉਨ੍ਹਾਂ ਦੇ ਪਿੰਡ ਨੂੰ ਲੁਧਿਆਣਾ-ਫਿਰੋਜ਼ਪੁਰ ਸੜਕ ਨਾਲ ਜੋੜਦੀ ਹੈ ਉਸ ਦਾ ਨਾਂ ਬਾਬਾ ਨਿਧਾਨ ਸਿੰਘ ਮਾਰਗ ਰੱਖਿਆ ਗਿਆ ਹੈ| ਖ਼ੁਸ਼ੀ ਇਹ ਕਿ ਉਹ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਨੂੰ ਪਰਨਾਇਆ ਰਿਹਾ|
ਅਣਗੋਲਿਆ ਮਾਸਟਰ ਗੱਜਣ ਸਿੰਘ ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਸਾਨੇਵਾਲ ਦੇ ਗਵਾਂਢੀ ਪਿੰਡ ਗੋਬਿੰਦਗੜ੍ਹ ਦਾ ਜੰਮਪਲ ਸੀ| ਉਸਨੇ ਪਹਿਲੇ ਵਿਸ਼ਵ ਯੁੱਧ ਦੇ ਸਮਾਪਤ ਹੁੰਦੇ ਸਾਰ 18 ਸਾਲ ਦੀ ਉਮਰੇ ਸ਼ਿੰਘਾਈ ਨੂੰ ਚਾਲੇ ਪਾ ਦਿੱਤੇ ਸਨ| ਉਥੇ ਜਾ ਕੇ ਰੋਜ਼ੀ-ਰੋਟੀ ਲਈ ਤਾਂ ਸਕੂਲ ਅਧਿਆਪਕ ਜਾ ਲੱਗਿਆ ਪਰ ਤਨੋਂ-ਮਨੋਂ ਕ੍ਰਾਂਤੀਕਾਰੀ ਰਿਹਾ| ਉਸਨੂੰ ਸ਼ਿੰਘਾਈ ਦੀ ਜੇਲ੍ਹ ਵਿਚ ਕੈਦ ਵੀ ਕੱਟਣੀ ਪਈ| ਏਥੇ ਹੀ ਬਸ ਨਹੀਂ ਕਲਕੱਤਾ ਪਹੁੰਚਦੇ ਸਾਰ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬੰਗਾਲ ਦੀਆਂ ਮਿਦਨਾਪੁਰ ਤੇ ਢਾਕਾ ਜੇਲ੍ਹਾਂ ਤੋਂ ਪਿੱਛੋਂ ਲੁਧਿਆਣਾ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ| ਜੇਲ੍ਹ ਤੋਂ ਛੁੱਟੀ ਮਿਲਣ ਉਪਰੰਤ ਮਾਸਟਰ ਜੀ ਨੂੰ ਸਿੰਧ ਪ੍ਰਾਂਤ ਦੀ ਕਿਰਤੀ ਲਹਿਰ ਦੀ ਜ਼ਿੰਮੇਵਾਰੀ ਸੌਂਪੀ ਗਈ ਪਰ ਛੇਤੀ ਹੀ ਗੋਰੀ ਸਰਕਾਰ ਨੇ ਕਿਰਤੀ ਕਿਸਾਨ ਪਾਰਟੀ ਨੂੰ ਗ਼ੈਰ-ਕਾਨੂੰਨੀ ਜਥੇਬੰਦੀ ਐਲਾਨ ਦਿੱਤਾ ਤੇ ਮਾਸਟਰ ਗੱਜਣ ਸਿੰਘ ਉੱਤੇ ਜੂਹਬੰਦੀ ਲਾਗੂ ਕਰ ਦਿੱਤੀ| ਫੇਰ ਦੂਜੇ ਸੰਸਾਰ ਯੁੱਧ ਸਮੇਂ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਕੇ ਦਿਉਲੀ ਕੈਂਪ ਦੀ ਜੇਲ੍ਹ ਵਿਚ ਤੁੰਨ ਦਿੱਤਾ| ਮਾੜੀ ਗੱਲ ਇਹ ਕਿ 1947 ਦੀ ਦੇਸ਼ ਵੰਡ ਪਿਛੋਂ ਵੀ ਧਾਰਮਿਕ ਜਨੂੰਨੀਆਂ ਨੇ ਮਾਸਟਰ ਜੀ ਨੂੰ ਟਿਕ ਕੇ ਨਹੀਂ ਬਹਿਣ ਦਿੱਤਾ ਤੇ ਉਹ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਗਏ| ਇਹ ਗੱਲ ਵੱਖਰੀ ਹੈ ਕਿ ਇਸ ਅਵਸਥਾ ਵਿਚ ਵੀ ਉਹ ਜਿਹੜਾ ਸ਼ਬਦ ਬੋਲਦਾ ਇਸ ਵਿਚੋਂ ਨਿਡਰਤਾ ਡੁੱਲ੍ਹ-ਡੁੱਲ੍ਹ ਪੈਂਦੀ ਸੀ|
ਰਿਆਸਤ ਨਾਭਾ ਦੇ ਪਿੰਡ ਖਣਿਆਣ ਦਾ ਜੰਮਪਲ ਇਕ ਹੋਰ ਜੀਊਣਾ ਫੌਜ ਵਿਚ ਭਰਤੀ ਹੋਣ ਸਮੇਂ ਤਾਂ ਬਾਬੂ ਸਿੰਘ ਨਾਂ ਨਾਲ ਵਿਚਰਿਆ ਪਰ 28 ਸਾਲ ਦੀ ਉਮਰੇ ਅਕਾਲੀ ਦਲ ਵਿਚ ਸ਼ਾਮਲ ਹੋਣ ਸਮੇਂ ਉਸਨੇ ਅੰਮ੍ਰਿਤ ਛਕਿਆ ਤੇ ਊਧਮ ਸਿੰਘ ਹੋ ਗਿਆ| ਪਾਇਲ ਦੇ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਸੇਵਾ ਨਿਭਾਉਣ ਤੇ ਮੇਰਠ ਛਾਉਣੀ ਵਿਚ ਕਿਰਤੀ ਪ੍ਰਚਾਰ ਕਰਨ ਵਾਲੇ ਊਧਮ ਸਿੰਘ ਨੂੰ 1923 ਵਿਚ ਮਹਾਰਾਜਾ ਨਾਭਾ ਨੂੰ ਅੰਗਰੇਜ਼ ਸਰਕਾਰ ਵਲੋਂ ਜ਼ਬਰਦਸਤੀ ਗੱਦੀ ਤੋਂ ਉਤਾਰੇ ਜਾਣ ਖ਼ਿਲਾਫ ਦੀਵਾਨ ਸਜਾਉਣ ਕਾਰਨ ਤੇ 1929 ਵਿਚ ਸੇਵਾ ਸਿੰਘ ਠੀਕਰੀਵਾਲ ਨਾਲ ਮਿਲ ਕੇ ਅਕਾਲੀ ਦਲ ਬਣਾਉਣ ਦੇ ਦੋਸ਼ ਵਿਚ ਜੇਲ੍ਹ ਜਾਣਾ ਪਿਆ| ਉਸ ਤੋਂ ਪਿਛੋਂ ਮਾਰਚ 1941 ਨੂੰ ਫੌਜੀ ਬਗ਼ਾਵਤ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਸਿਕੰਦਰਬਾਦਾ, ਮੀਆਂਵਾਲੀ, ਮੁਜ਼ੱਫਰਗੰਜ ਅਤੇ ਲਾਇਲਪੁਰ ਦੀ ਜੇਲ੍ਹ ਵਿਚ ਬੰਦੀ ਰੱਖਿਆ ਗਿਆ| ਏਥੋਂ ਰਿਹਾਈ ਉਪਰੰਤ ਉਨ੍ਹਾਂ ਨੇ ਧਮੋਟ ਦੇ ਗੁਰਦੁਆਰੇ ਵਿਚ ਗ੍ਰੰਥੀ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ| ਜਦੋਂ 1960 ਵਿਚ ਉਹ ਵੀ ਨਿਧਾਨ ਸਿੰਘ ਵਾਂਗ ਅਧਰੰਗ ਦਾ ਸ਼ਿਕਾਰ ਹੋ ਗਿਆ ਤਾਂ ਉਸ ਨੂੰ ਕੂਹਲੀ ਕਲਾਂ ਵਿਆਹੀ ਭੈਣ ਨੰਦ ਕੌਰ ਆਪਣੇ ਕੋਲ ਲੈ ਆਈ ਜਿੱਥੇ 1964 ਦੀ 20 ਨਵੰਬਰ ਨੂੰ ਉਸ ਨੇ ਅੰਤਮ ਸੁਆਸ ਲਏ| ਭਾਰਤੀ ਸੈਨਾ, ਕਿਰਤੀ ਪਾਰਟੀ ਤੇ ਗੁਰਦੁਆਰਿਆਂ ਵਿਚ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਇਸ ਵਿਅਕਤੀ ਦਾ ਜੀਵਨ ਰੰਗ ਰੰਗੀਲਾ ਸੀ|
ਗੁਰਦੇਵ ਸਿੰਘ ਸਿੱਧੂ ਵਲੋਂ ਅਣਗੌਲੇ ਆਜ਼ਾਦੀ ਘੁਲਾਟੀਆਂ ਨੂੰ ਚੇਤੇ ਰੱਖਣ ਸਮੇਂ ਪਰਿਵਾਰਕ ਤਸਵੀਰਾਂ ਸਮੇਤ ਪੇਸ਼ ਕਰਨ ਦਾ ਸਵਾਗਤ ਕਰਨਾ ਬਣਦਾ ਹੈ|
ਅੰਤਿਕਾ
(ਧਨੀ ਰਾਮ ਚਾਤ੍ਰਿਕ)
ਬੰਦੀ-ਜਨ ਦੇ ਹਲਵੇ ਨਾਲੋਂ
ਟੁਕੜੇ ਭਲੇ ਫਕੀਰਾਂ ਦੇ
ਕਰ ਗੁਜਰਨ ਸੁਤੰਤ੍ਰਤਾ ਵਿਚ
ਪਹਿਨ ਗੋਦੜੇ ਲੀਰਾਂ ਦੇ।