‘ਧਰਤੀ ਹੇਠਲਾ ਬੌਲਦ’ ਸੀ ਨ੍ਰਿਪਇੰਦਰ ਸਿੰਘ ਰਤਨ

ਵਰਿਆਮ ਸਿੰਘ ਸੰਧੂ
18 ਨਵੰਬਰ ਨੂੰ ਨ੍ਰਿਪਇੰਦਰ ਸਿੰਘ ਰਤਨ ਦੀ ਅੰਤਿਮ-ਅਰਦਾਸ ਸੀ। ਮੈ ਇਸ ਅਰਦਾਸ ਵਿਚ ਸ਼ਾਮਲ ਨਹੀਂ ਹੋ ਸਕਿਆ, ਪਰ ਮੈਂ ਉਨ੍ਹਾਂ ਨਾਲ ਜੁੜੀਆਂ ਕੁਝ ਕੁ ਮਹੱਤਵ ਪੂਰਨ ਯਾਦਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ।
ਰਤਨ ਪਰਿਵਾਰ ਨਾਲ ਮੇਰੀ ਸਾਂਝ ਵੱਡੇ ਭਾ ਜੀ ਸਾਧੂ ਸਿੰਘ ਰਾਹੀਂ ਹੋਈ। ਰਤਨ ਉਦੋਂ ਲੁਧਿਆਣੇ ਦਾ ਡੀ ਸੀ ਹੁੰਦਾ ਸੀ ਤੇ ਉਹਦੀ ਭੈਣ ਰਮਾ ਰਤਨ ਪੀਏਯੂ ਵਿਚ।

ਸਾਧੂ ਭਾ ਜੀ ਨੇ ਰਤਨ ਪਰਿਵਾਰ ਦੀ ਸਾਦਗੀ ਤੇ ਮਿਲਣਸਾਰਤਾ ਬਾਰੇ ਦੱਸਿਆ। ਸੱਚੀ ਗੱਲ ਸੀ, ਰਤਨ ਹੁਰਾਂ ਵਿਚ ਅਫ਼ਸਰੀ ਦੀ ਉੱਕਾ ਫੂੰ-ਫਾਂ ਨਹੀਂ ਸੀ। ਰਮਾ ਵਿਚ ਤਾਂ ਕੀ ਹੋਣੀ ਸੀ! ਬਾਅਦ ਵਿਚ ਮਿਲਣਾ-ਗਿਲਣਾ ਆਮ ਹੋ ਗਿਆ। ਰਮਾ ਹੁਰਾਂ ਨਾਲ ਤਾਂ ਕਾਫ਼ਿਲੇ ਵਿਚ ਵੀ ਸ਼ਿਰਕਤ ਕਰਦੇ ਰਹੇ। ਰਤਨ ਹੁਰਾਂ ਨਾਲ ਵੀ ਸਾਂਝ ਲਗਾਤਾਰ ਵਧਦੀ ਗਈ। ਮੇਲ-ਮਿਲਾਪ ਹੁੰਦਾ ਰਹਿੰਦਾ। ਚਿੱਠੀ-ਪੱਤਰੀ ਵੀ ਅਕਸਰ ਹੁੰਦੀ ਰਹਿੰਦੀ। ਲੋੜ ਪੈਣ ਵੇਲੇ ਅਸੀਂ ਫ਼ੋਨ ਵੀ ਕਰ ਲੈਂਦੇ। ਤਰੱਕੀ ਦੀਆਂ ਪੌੜੀਆਂ ਚੜ੍ਹਦੇ-ਚੜ੍ਹਦੇ ਉਹ ਵੱਡੇ ਤੋਂ ਵੱਡੇ ਅਫ਼ਸਰ ਬਣਦੇ ਰਹੇ, ਪਰ ਸਦਾ ਜ਼ਮੀਨ ਨਾਲ ਜੁੜੇ ਰਹੇ। ਸਾਦਾ ਦਿਲ, ਸਹਿਜ, ਸੁਹਿਰਦ ਸੰਵੇਦਨਸ਼ੀਲ, ਦ੍ਰਿੜ੍ਹ ਤੇ ਮਿਲਣਸਾਰ। ਸਭ ਦੇ ਕੰਮ ਆ ਕੇ ਖ਼ੁਸ਼ ਹੁੰਦੇ।
ਮੇਰਾ ਉਨ੍ਹਾਂ ਨੇ ਬਹੁਤ ਵੱਡਾ ਕੰਮ ਕੀਤਾ। ਕਿਹਾ ਜਾਵੇ ਤਾਂ ਝੂਠ ਨਹੀਂ ਹੋਵੇਗਾ ਮੇਰਾ ਜਲੰਧਰ ਵਾਲਾ ਘਰ ਰਤਨ ਹੁਰਾਂ ਦੀ ਕਿਰਪਾ ਨਾਲ ਹੀ ਬਣਿਆ। ਗੱਲ ਮੁਕਾਉਣੀ ਹੋਵੇ ਤਾਂ ਇੱਕੋ ਸਤਰ ਵਿਚ ਵੀ ਕਹੀ ਜਾ ਸਕਦੀ ਹੈ ਕਿ ਮੇਰੀ ਜ਼ਮੀਨ ਦਾ ਵਰਿ੍ਹਆਂ ਤੋਂ ਅੜਿਆ ਹੋਇਆ ਕੰਮ ਰਤਨ ਹੁਰਾਂ ਨੇ ਹੱਲ ਕਰਵਾਇਆ ਸੀ। ਪਰ ਕੰਮ ਕਿੱਡਾ ਵੱਡਾ ਸੀ, ਇਹ ਜਾਨਣ ਲਈ ਥੋੜਾ ਕੁ ਪਿਛੋਕੜ ਜਾਨਣਾ ਹੀ ਪਵੇਗਾ। ਗੱਲ ਕੁਝ ਇੰਝ ਹੈ:
-ਪਾਕਿਸਤਾਨ ਬਣਨ ਤੋਂ ਬਾਅਦ ਅਸੀਂ ਭਡਾਣੇ ਤੋਂ (ਜਿੱਥੇ ਮੇਰਾ ਪਿਤਾ ਤਿੰਨ ਕੁ ਸਾਲ ਪਹਿਲਾਂ ਹੀ ਸੁਰ ਸਿੰਘ ਤੋਂ ਆਪਣੇ ਪਿਤਾ ਦੇ ਜ਼ੋਰ ਦੇਣ ’ਤੇ ਜਾ ਵੱਸਿਆ ਸੀ ਤੇ ਓਥੇ ਹੀ ਉਹਦਾ ਵਿਆਹ ਹੋਇਆ ਤੇ ਮੇਰਾ ਜਨਮ ਵੀ) ਸੁਰ ਸਿੰਘ ਆ ਗਏ। ਮੇਰਾ ਪਿਤਾ ਬਚਪਨ ਤੋਂ ਸੁਰ ਸਿੰਘ ਹੀ ਪਲਿਆ-ਪੜ੍ਹਿਆ ਤੇ ਵੱਡਾ ਹੋਇਆ ਸੀ। ਸੁਰ ਸਿੰਘ ਮੇਰੇ ਪਿਤਾ ਦੇ ਨਾਨਕੇ ਸਨ ਤੇ ਉਹਦੇ ਬੇਔਲਾਦ ਮਾਮਾ-ਮਾਮੀ ਨੇ ਮੇਰੀ ਦਾਦੀ ਦੇ ਮਰਨ ਤੋਂ ਬਾਅਦ, ਉਹਨੂੰ ਛੇ ਕੁ ਮਹੀਨੇ ਦੇ ਨੂੰ ਆਪਣਾ ਪੁੱਤ ਬਣਾ ਕੇ ਪਾਲਿਆ ਸੀ ਤੇ ਆਪਣੀ ਲਗਭਗ ਸੌ ਏਕੜ ਜ਼ਮੀਨ ਵਿਚੋਂ ਕੁਝ ਜ਼ਮੀਨ ਮੇਰੇ ਪਿਤਾ ਦੇ ਨਾਂ ਵੀ ਕਰਵਾ ਦਿੱਤੀ ਸੀ, ਭਾਵੇਂ ਕਿ ਉਹਦੀ ਸਾਰੀ ਜ਼ਮੀਨ ਦੀ ਦੇਖ-ਰੇਖ ਮੇਰਾ ਪਿਤਾ ਹੀ ਕਰਦਾ ਸੀ। ਪਾਕਿਸਤਾਨ ਵਾਲੇ ਪਿੰਡ ਭਡਾਣੇ ਵਾਲੀ ਜ਼ਮੀਨ ਦੇ ਬਦਲੇ ਸਾਨੂੰ ਦੋ ਥਾਵਾਂ ’ਤੇ ਜ਼ਮੀਨ ਅਲਾਟ ਹੋਈ। ਇੱਕ ਅਬੋਹਰ ਨੇੜੇ ਚਰਾਗ ਢਾਣੀ ਵਿਚ ਤੇ ਦੂਜਾ ਮਲੋਟ ਨੇੜੇ ਪਿੰਡ ਸਾਉਂਕੇ ਵਿਚ। ਅਬੋਹਰ ਵਾਲੀ ਜ਼ਮੀਨ ਮੇਰਾ ਦਾਦਾ ਚੰਦਾ ਸਿੰਘ ਸਾਂਭਦਾ ਰਿਹਾ ਤੇ ਸਾਉਂਕੇ ਵਾਲੀ ਜ਼ਮੀਨ ਉਹ ਹਿੱਸੇ ਠੇਕੇ ’ਤੇ ਦੇ ਛੱਡਦਾ। 1965 ਵਿਚ ਅਸੀਂ ਅਬੋਹਰ ਵਾਲੀ ਜ਼ਮੀਨ ਵੇਚ ਕੇ ਸੁਰ ਸਿੰਘ ਵਿਚ ਨਾਲ-ਲੱਗਦੀ ਕੁਝ ਜ਼ਮੀਨ ਹੋਰ ਖ਼ਰੀਦ ਲਈ। ਮੇਰਾ ਦਾਦਾ ਵੀ ਸੁਰ ਸਿੰਘ ਆ ਕੇ ਰਹਿਣ ਲੱਗਾ ਤੇ ਸਾਉਂਕਿਆਂ ਵਾਲੀ ਜ਼ਮੀਨ ਦਾ ਛੇਆਂ ਮਹੀਨਿਆਂ ਬਾਅਦ ਹਿੱਸਾ-ਠੇਕਾ ਲੈ ਆਉਂਦਾ। ਮੇਰੇ ਦਾਦੇ ਦੀ ਮੌਤ ਤੋਂ ਬਾਅਦ ਇਹ ਜ਼ਿੰਮੇਵਾਰੀ ਮੇਰੇ ਪਿਤਾ ਨੇ ਸੰਭਾਲ ਲਈ। ਪਿਤਾ ਦੀ ਮੌਤ ਤੋਂ ਬਾਅਦ ਵਿਰਾਸਤ ਦਾ ਇੰਤਕਾਲ ਮੇਰੀ ਮਾਂ ਤੇ ਭੈਣ-ਭਰਾਵਾਂ ਦੇ ਨਾਂ ਹੋ ਗਿਆ। ਅਸੀਂ ਸੋਚਿਆ ਕਿ ਸਾਡੇ ਕੋਲੋਂ ‘ਹਿੱਸਾ-ਠੇਕਾ’ ਲੈਣ ਵਾਲੀ ਔਖੀ ਘਾਟੀ ਸਰ ਨਹੀਂ ਹੋਣੀ। ਵੱਡਾ ਹੋਣ ਕਰ ਕੇ ਸਾਰੀ ਜ਼ਿੰਮੇਵਾਰੀ ਮੇਰੇ ਸਿਰ ’ਤੇ ਸੀ। ਮੇਰਾ ਕੰਮ ਲਿਖਣ-ਪੜ੍ਹਨ ਦਾ ਸੀ। ਸਿਆਸਤ ਦੇ ਪੁੱਠੇ-ਸਿੱਧੇ ਕੰਮ ਵਿਚ ਪੈ ਕੇ ਜੇਲ੍ਹ ਜਾਣਾ, ਆ ਜਾਣਾ ਤੇ ਮੁੜ ਜੇਲ੍ਹ ਚਲੇ ਜਾਣਾ। ਇਹ ਹੀ ਸਿਲਸਿਲਾ ਬਣ ਗਿਆ ਸੀ। ਜ਼ਮੀਨ ਵਾਲਾ ਕੰਮ ਮੇਰੇ ਕੋਲੋਂ ਹੋ ਨਹੀਂ ਸੀ ਸਕਣਾ। ਮੈਂ ਸੋਚਿਆ ਕਿ ਜਿਹੜੇ ਲੋਕ ਲੰਮੇ ਸਮੇਂ ਤੋਂ ਜ਼ਮੀਨ ਵਾਹ ਰਹੇ ਨੇ, ਉਨ੍ਹਾਂ ਨਾਲ ਹੀ ਘੱਟ-ਵੱਧ ਕਰ ਕੇ ਜ਼ਮੀਨ ਵੇਚਣ ਦਾ ਸੌਦਾ ਕਰ ਲਿਆ ਜਾਵੇ।
ਮੈਂ ਤੇ ਮੇਰਾ ਮਾਮਾ ਸਾਉਂਕੇ ਗਏ ਤੇ ਜ਼ਮੀਨ ਵਾਹੁਣ ਵਾਲੇ ਬੰਦਿਆਂ ਨਾਲ ਗੱਲਬਾਤ ਕੀਤੀ। ਉਹ ਪੰਜ ਭਰਾ ਸਨ। ਡਾਢੇ ਮਾਰ-ਖ਼ੋਰੇ। ਪਿਛਲੇ ਕਈ ਸਾਲਾਂ ਤੋਂ ਦੋ ਵੱਡੇ ਭਰਾ ਹੀ ਜ਼ਮੀਨ ਵਾਹ ਰਹੇ ਸਨ। ਪਿੰਡੋਂ ਦੂਰ ਸਾਡੀ ਜ਼ਮੀਨ ਵਿਚ ਹੀ ਉਹ ਘਰ ਬਣਾ ਕੇ ਰਹਿ ਰਹੇ ਸਨ। ਦੋਵਾਂ ਵਿਚੋਂ ਇੱਕ ਤਾਂ ਛੱਟਿਆ ਬਦਮਾਸ਼ ਸੀ। ਪਾਕਿਸਤਾਨ ਵਿਚ ਸਜ਼ਾ ਵੀ ਕੱਟ ਆਇਆ ਸੀ। ਦੋਵਾਂ ਨੇ ਬੰਦੂਕਾਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਨਾਂ ਚੌਤੀ ਸਾਲ ਦੀਆਂ ਗਿਰਦੌਰੀਆਂ ਸਨ। ਅਸੀਂ ਉਨ੍ਹਾਂ ਤੋਂ ਕਬਜ਼ਾ ਲੈ ਕੇ ਕਿਸੇ ਹੋਰ ਨੂੰ ਵਾਜਬ ਮੁੱਲ ’ਤੇ ਜ਼ਮੀਨ ਨਹੀਂ ਸਾਂ ਵੇਚ ਸਕਦੇ। ‘ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਲੁਟਾ’, ਦੇ ਕਥਨ ਮੁਤਾਬਕ ਅਸੀਂ ਘੱਟ ਤੋਂ ਘੱਟ ਮੁੱਲ ’ਤੇ ਉਨ੍ਹਾਂ ਨਾਲ ਨਾ-ਮਾਤਰ ਜਿਹਾ ਬਿਆਨਾ ਲੈ ਕੇ ਰਜਿਸਟਰੀ ਦੀ ਤਰੀਕ ਮਿਥ ਲਈ। ਜਦੋਂ ਅਸੀਂ ਰਜਿਸਟਰੀ ਕਰਾਉਣ ਗਏ ਤਾਂ ਉਹ ਮਾਮੂਲੀ ਜਿਹੀ ਰਾਸ਼ੀ ਦੇ ਕੇ ਕਹਿਣ, ‘ਤੁਸੀਂ ਅੱਜ ਰਜਿਸਟਰੀ ਕਰਵਾ ਦਿਉ। ਰੱਬ ਦੀ ਸੌਂਹ ਤਿੰਨਾਂ ਮਹੀਨਿਆਂ ਨੂੰ ਆ ਕੇ ਸਾਰੇ ਪੈਸੇ ਲੈ ਜਾਇਉ।’
ਇਹ ਗੱਲ ਤਾਂ ਮੰਨਣ ਵਾਲੀ ਹੀ ਨਹੀਂ ਸੀ। ਰਜਿਸਟਰੀ ਹੋ ਗਈ, ਫੇਰ ਕਿਸ ਨੇ ਦੇਹ-ਦਿਵਾਲ ਹੋਣਾ ਸੀ। ਉਨ੍ਹਾਂ ਵੱਲੋਂ ਨਵਾਂ ਭਰੋਸਾ ਦੇਣ ’ਤੇ ਅਸੀਂ ਰਜਿਸਟਰੀ ਦੀ ਹੋਰ ਤਰੀਕ ਮਿਥ ਕੇ ਆ ਗਏ। ਅਗਲੀ ਵਾਰ ਵੀ ਉਹੋ ਹਾਲ। ਅਸੀਂ ਬੜੇ ਖੱਜਲ ਹੋਏ। ਉਹ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗੇ। ਉਧਰੋਂ 84 ਵਾਲਾ ਦੌਰ ਆ ਗਿਆ। ਮੈਂ ਜਲੰਧਰ ਸਾਂ ਕਿ ਪਿੱਛੋਂ ‘ਬਦਮਾਸ਼ ਭਰਾ’ ਹਥਿਆਰ ਤੇ ਦੋ ਬੰਦੇ ਨਾਲ ਲੈ ਕੇ ਪਿੰਡ ਆ ਕੇ ਮੇਰੀ ਮਾਂ ਤੇ ਭਰਾ ਨੂੰ ਵੀ ਧਮਕਾ ਗਿਆ ਕਿ ਅਸੀਂ ਰਜਿਸਟੀ ਕਰਵਾ ਦੇਈਏ। ਅੱਗੇ ਮਲੋਟ ਵੱਲ ਮੇਰਾ ਮਾਮਾ ਮੇਰੇ ਨਾਲ ਜਾਂਦਾ ਸੀ। ਹੁਣ ਸਾਡੀ ਮਾਮੀ ਨੇ ਕਿਹਾ ਕਿ ‘ਵਰਿਆਮ ਨੇ ਤਾਂ ਮਰਨਾ ਹੀ ਹੈ, ਤੂੰ ਕਿਉਂ ਮੁਫ਼ਤ ਵਿਚ ਜਾਨ ਗਵਾਉਂਦੈਂ! ਪੈਸੇ ਤਾਂ ਉਨ੍ਹਾਂ ਨੂੰ ਮਿਲਣੇ ਨੇ, ਤੈਨੂੰ ਵਿਚੋਂ ਕੀ ਮਿਲਣਾ?।’
ਜਾਨ ਤਾਂ ਮੈਨੂੰ ਵੀ ਚਾਹੀਦੀ ਸੀ। ਮੈਂ ਵੀ ਹਾਲ ਦੀ ਘੜੀ ਜ਼ਮੀਨ ਦਾ ਖਹਿੜਾ ਛੱਡ ਦਿੱਤਾ ਤੇ ਭਲੇ ਸਮੇਂ ਦੀ ਉਡੀਕ ਕਰਨ ਲੱਗਾ। ਪਰ ਮਨ ਵਿਚ ਜੱਟਾਂ ਵਾਲੀ ਰੜਕ ਵੀ ਕਿ ਕੰਜਰ ਮੁੱਫ਼ਤ ’ਚ ਜ਼ਮੀਨ ਦੱਬ ਕੇ ਬਹਿ ਗਏ! ਹੋਰ ਕੋਈ ਉਹ ਜ਼ਮੀਨ ਲੈਣ ਲਈ ਤਿਆਰ ਹੀ ਨਹੀਂ ਸੀ। ਚੌਤੀ ਸਾਲਾਂ ਦੀਆਂ ਗਿਰਦੌਰੀਆਂ ਹੋਣ ਕਰ ਕੇ ਉਹ ਤਾਂ ਆਪਣੇ ਆਪ ਨੂੰ ਹੀ ਜ਼ਮੀਨ ਦੇ ਮਾਲਕ ਸਮਝਦੇ ਸਨ। ਐਵੇਂ ਤਾਂ ਨਹੀਂ ਸਨ ਸਾਡੀ ਹੀ ਜ਼ਮੀਨ ਵਿਚ ਘਰ ਪਾ ਕੇ ਬੈਠੇ ਹੋਏ।
ਭਲਾ ਸਮਾਂ ਵੀ ਆ ਗਿਆ। ਨ੍ਰਿਪਇੰਦਰ ਸਿੰਘ ਰਤਨ ਉਹਨੀ ਦਿਨੀਂ ਫ਼ਿਰੋਜ਼ਪੁਰ ਡਵੀਜ਼ਨ ਦੇ ਕਮਿਸ਼ਨਰ ਸਨ। ਮੇਰੀ ਜ਼ਮੀਨ ਦੀ ਸਮੱਸਿਆ ਦਾ ਮੇਰੇ ਵੱਡੇ ਭਰਾਵਾਂ ਵਰਗੇ ਡਾ ਰਘਬੀਰ ਸਿੰਘ ਸਿਰਜਣਾ ਨੂੰ ਪਤਾ ਸੀ। ਉਨ੍ਹਾਂ ਨੇ ਮੇਰੇ ਆਖਣ ਤੋਂ ਬਿਨਾਂ ਹੀ ਇੱਕ ਦਿਨ ਰਤਨ ਹੁਰਾਂ ਨਾਲ ਗੱਲ ਕੀਤੀ ਕਿ ਵਰਿਆਮ ਦੀ ਜ਼ਮੀਨ ਮਲੋਟ ਨੇੜੇ ਕੁਝ ਲੋਕ ਦੱਬੀ ਬੈਠੇ ਹਨ। ਤੁਹਾਡਾ ‘ਇਲਾਕਾ’ ਹੈ। ਕੁਝ ਹੋ ਸਕਦਾ ਏ?
ਰਤਨ ਹੁਰਾਂ ਨੇ ਮਿੱਠੀ ਜਿਹੀ ਨਰਾਜ਼ਗੀ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਕਿਉਂ ਨਾ ਦੱਸਿਆ! ਇਹਦੇ ਵਿਚ ਝਕਣ-ਝਕਾਉਣ ਦੀ ਕੀ ਲੋੜ ਸੀ! ਫਿਰ ਉਨ੍ਹਾਂ ਨੇ ਕਿਹਾ ਕਿ ਫ਼ਲਾਂ ਤਰੀਕ ਨੂੰ ਵਰਿਆਮ ਨੂੰ ਨਾਲ ਲੈ ਕੇ ਮੇਰੇ ਕੋਲ ਫ਼ਿਰੋਜ਼ਪੁਰ ਆ ਜਾਣਾ। ਅਗਲਾ ਕੰਮ ਮੇਰਾ ਰਿਹਾ।
ਨਿਸਚਿਤ ਤਰੀਕ ਨੂੰ ਮੈਂ ਆਪਣੇ ਅਜ਼ੀਜ਼ ਬਲਦੇਵ ਧਾਲੀਵਾਲ ਨੂੰ ਨਾਲ ਲੈ ਕੇ (ਕਿਉਂਕਿ ਬਲਦੇਵ ਦਾ ਪਿੰਡ ਸਾਉਂਕਿਆਂ ਦੇ ਨੇੜੇ ਪੈਂਦਾ ਹੈ ਤੇ ਮੈਂ ਸੋਚਿਆ ਉਹਦਾ ਆਸਰਾ ਹੋ ਜਾਊ) ਫ਼ਿਰੋਜ਼ਪੁਰ ਪਹੁੰਚ ਗਿਆ। ਰਘਬੀਰ ਸਿੰਘ ਹੁਰੀਂ ਵੀ ਪਹੁੰਚੇ ਹੋਏ ਸਨ। ਰਤਨ ਹੁਰੀਂ ਬੜੇ ਤਪਾਕ ਨਾਲ ਮਿਲੇ। ਮਿਲਣਾ ਹੀ ਸੀ। ਚਾਹ-ਪਾਣੀ ਪੀਤਾ। ਏਧਰ-ਓਧਰ ਦੀਆਂ ਗੱਲਾਂ ਕੀਤੀਆਂ ਤੇ ਫਿਰ ਸੇਵਾਦਾਰ ਨੂੰ ਕਿਹਾ ਕਿ ‘ਉਹਨੂੰ ਅੰਦਰ ਭੇਜ’
ਉਸੇ ਵੇਲੇ ਮਲੋਟ ਦਾ ਤਹਿਸੀਲਦਾਰ ਹੱਥ ਬੰਨ੍ਹੀ ਸਾਹਮਣੇ ਖਲੋਤਾ ਸੀ, ਜਿਸ ਨੂੰ ਉਨ੍ਹਾਂ ਨੇ ਹੁਕਮ ਦੇ ਕੇ ਦਫ਼ਤਰ ਬੁਲਾਇਆ ਹੋਇਆ ਸੀ।
ਰਤਨ ਹੁਰਾਂ ਨੇ ਤਹਿਸੀਲਦਾਰ ਨੂੰ ਕਿਹਾ, “ਇਹ ਮੇਰੇ ਦੋਸਤ ਨੇ। ਇਨ੍ਹਾਂ ਦਾ ਕੰਮ ਮੇਰਾ ਕੰਮ ਹੈ। ਕੰਮ ਇਹ ਤੈਨੂੰ ਆਪੇ ਦੱਸ ਦੇਣਗੇ। ਹੁਣ ਇਹ ਤੇਰੀ ਜ਼ਿੰਮੇਵਾਰੀ ਹੈ ਕਿ ਤੂੰ ਇਨ੍ਹਾਂ ਦਾ ਕੰਮ ਕਰਵਾਉਣਾ ਹੈ। ਇਹ ਮੇਰੇ ਦੋਸਤ ਨੇ ਤੇ ਮੈਨੂੰ ਏਥੇ ਜਾਂ ਚੰਡੀਗੜ੍ਹ ਆ ਕੇ ਸੌ ਵਾਰ ਮਿਲ ਸਕਦੇ ਨੇ। ਪਰ ਇਨ੍ਹਾਂ ਨੂੰ ਦੂਜੀ ਵਾਰ ਮੈਨੂੰ ਇਸ ਕੰਮ ਵਾਸਤੇ ਨਾ ਮਿਲਣਾ ਪਵੇ! ਸਮਝਿਆ?”
ਉਨ੍ਹਾਂ ਨੇ ਤਾੜਨਾ ਭਰੇ ਲਹਿਜੇ ਵਿਚ ਤਹਿਸੀਲਦਾਰ ਨੂੰ ਕਿਹਾ। ਤਹਿਸੀਲਦਾਰ ਅੱਧਾ ਝੁਕ ਕੇ ਹੱਥ ਜੋੜ ਕੇ ਕਹਿੰਦਾ, “ਜੀ ਸਰ! ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਉਣ ਲੱਗੀ।”
ਤਹਿਸੀਲਦਾਰ ਦਾ ਨਾਂ ਜੀ ਡੀ ਗਾਬਾ ਸੀ। ਰਘਬੀਰ ਸਿੰਘ ਹੁਰੀਂ ਤਾਂ ਚੰਡੀਗੜ੍ਹ ਨੂੰ ਚਲੇ ਗਏ ਤੇ ਤਹਿਸੀਲਦਾਰ ਨੇ ਸਾਨੂੰ ਆਪਣੀ ਕਾਰ ਵਿਚ ਬਿਠਾ ਲਿਆ। ਰਾਹ ਵਿਚ ਨਾਲੇ ਸਾਡੀ ਸੇਵਾ ਕੀਤੀ ਤੇ ਨਾਲੇ ‘ਜੀ, ਜੀ’ ਕਰ ਕੇ ਸਾਰਾ ਕੇਸ ਸਮਝੀ ਜਾਵੇ।
ਅਗਲੀ ਕਹਾਣੀ ਛੇ ਮਹੀਨੇ ਲੰਮੀ ਹੈ। ਤਹਿਸੀਲਦਾਰ ਨੇ ਅਗਲਿਆਂ ਨੂੰ ਮੇਰੇ ਸਾਹਮਣੇ ਸੱਦ ਕੇ ਕਿਹਾ, “ਭਾਈ! ਜ਼ਮੀਨ ਤੁਹਾਨੂੰ ਛੱਡਣੀ ਪੈਣੀ ਏਂ। ਜ਼ਮੀਨ ਸਾਹਬ-ਬਹਾਦਰ ਦੀ ਏ! ਅੜੀ ਫੜੀ ਕਰੋਗੇ ਤਾਂ ਸਾਹਿਬ ਨੇ ਆਪਣਾ ਯਾਰ ਫੌਜੀ ਕਰਨਲ ਜ਼ਮੀਨ ਲੈਣ ਲਈ ਤਿਆਰ ਕੀਤਾ ਹੋਇਆ ਹੈ। ਫੌਜੀਆਂ ਨੇ ਬੰਦੂਕਾਂ ਬੀੜ ਕੇ ਕਬਜ਼ਾ ਤਾਂ ਲੈ ਲੈਣਾ ਦੋਂ ਘੰਟਿਆਂ ’ਚ।”
“ਲੈ ਕਬਜ਼ਾ ਕੋਈ ਕਿਵੇਂ ਕਰ ਲੂ। ਅਸੀਂ ਚੂੜੀਆਂ ਪਾਈਆਂ ਹੋਈਆਂ? ਚਾਲੀ ਸਾਲਾਂ ਤੋਂ ਜ਼ਮੀਨ ਵਾਹ ਰਹੇ ਆਂ। ਜ਼ਮੀਨ ਦੇ ਮਾਲਕ ਆਂ ਅਸੀਂ।”
ਬੰਦੇ ਉਹ ਵੀ ਪਹੁੰਚ ਵਾਲੇ ਸਨ। ਬਾਦਲਾਂ ਤੱਕ ਪਹੁੰਚ ਕੀਤੀ, ਬੜੇ ਹੱਥ ਪੈਰ ਮਾਰੇ ਪਰ ਤਹਿਸੀਲਦਾਰ ਆਖੇ ਕਿ ਜ਼ਮੀਨ ਤਾਂ ਸਾਹਬ ਬਹਾਦਰ ਦੇ ਭਰਾ ਦੀ ਹੈ। ਚਾਹੋ ਤਾਂ ਘੱਟ ਮੁੱਲ ’ਤੇ ਤੁਹਾਨੂੰ ਦਿਵਾ ਦਿੰਦੇ ਆਂ।
ਮੁੱਕਦੀ ਗੱਲ ਉਹ ਸਾਰਾ ਜ਼ੋਰ ਲਾ ਚੁੱਕੇ! ਮੇਰੇ ਵੀ ਕਈ ਫੇਰੇ ਲੱਗੇ। ਪਰ ਆਖ਼ਰ ਮੋਰਚਾ ਫ਼ਤਿਹ ਹੋ ਹੀ ਗਿਆ। ਭਾਵੇਂ ਜ਼ਮੀਨ ਅੱਧ-ਪ-ਚੱਧੇ ਮੁੱਲ ’ਤੇ ਹੀ ਦਿੱਤੀ, ਪਰ ਜੇ ਉਹ ਅਦਾਲਤ ਵਿਚ ਚਲੇ ਜਾਂਦੇ ਤਾਂ ਗਿਰਦੌਰੀਆਂ ਉਨ੍ਹਾਂ ਦੇ ਨਾਂ ਹੋਣ ਕਰ ਕੇ ਮੁਕੱਦਮਾ ਸਾਲਾਂ ਤੱਕ ਲਮਕਣਾ ਸੀ ਤੇ ਮੈਨੂੰ ਦਵਾਨੀ ਨਹੀਂ ਸੀ ਮਿਲਣੀ।
ਮੈਂ ਮੁਕਤਸਰ ਰਹਿੰਦੇ ਆਪਣੇ ਦੋਸਤ ਪ੍ਰੋ ਲੋਕ ਨਾਥ ਨੂੰ ਕਿਹਾ ਕਿ ਰਜਿਸਟਰੀ ਵਾਲੇ ਦਿਨ ਉਹ ਕੁਝ ਆਪਣੇ ਬੰਦੇ ਓਥੇ ਨਾਲ ਲੈ ਆਵੇ ਤਾਂ ਚੰਗਾ ਹੋਵੇਗਾ। ਉਹਨੇ ਮੁਕਤਸਰੋਂ ਤੇ ਮਲੋਟ ਦੁਆਲਿਉਂ ਲਗ ਭਗ ਵੀਹ ਬੰਦੇ ਉਸ ਦਿਨ ’ਕੱਠੇ ਕਰ ਲਏ। ਸੁਖ-ਸੁਖਾਂ ਨਾਲ ਰਜਿਸਟਰੀ ਹੋ ਗਈ। ਕਿਸੇ ਨੇ ‘ਉਨ੍ਹਾਂ’ ਨੂੰ ਵਧਾਈ ਦਿੱਤੀ ਕਿ ਮੁਬਾਰਕ ਹੋਵੇ, ਜ਼ਮੀਨ ਦੇ ਮਾਲਕ ਬਣ ਗਏ ਹੋ। ਤਾਂ ਬਦਮਾਸ਼ ਭਰਾ ਕਹਿੰਦਾ, “ਵਧਾਈ ਕਾਹਦੀ! ਜ਼ਮੀਨ ਤਾਂ ਸਾਡੀ ਸੀ। ਇਹ ਜੱਟ ਹਿੱਕ ਦੇ ਜ਼ੋਰ ਨਾਲ ਸਾਡੇ ਬੋਝੇ ’ਚੋਂ ਪੈਸੇ ਕੱਢ ਕੇ ਲੈ ਗਿਆ!”
ਇਹ ਹਿੱਕ ਦਾ ਜ਼ੋਰ ਤਾਂ ਨ. ਸ. ਰਤਨ ਦਾ ਸੀ।
ਇਨ੍ਹਾਂ ਦਿਨਾਂ ਵਿਚ ਹੀ ਇੱਕ ਦਿਨ ਜਦੋਂ ਮੈਂ ਏਸੇ ਸਿਲਸਿਲੇ ਵਿਚ ਤਹਿਸੀਲਦਾਰ ਨੂੰ ਮਿਲ ਕੇ ਆ ਰਿਹਾ ਸਾਂ ਤਾਂ ਉਨ੍ਹਾਂ ਵਿਚੋਂ ਇੱਕ ਭਰਾ ਮਲੋਟ ਦੇ ਬਜ਼ਾਰ ਵਿਚ ਫਿਰਦਾ ਮਿਲ ਗਿਆ। ਮੈਨੂੰ ਕਹਿੰਦਾ, “ਜੇ ਤੈਨੂੰ ਐਥੇ ਕਤਲ ਕਰ ਦਈਏ, ਤੇਰਾ ਦਵਾਨੀ ਮੁੱਲ ਨਹੀਂ ਪੈਣਾ।”
ਮੈਂ ਉਹਨੂੰ ਕਿਹਾ, “ਜੇ ਮੈਂ ਏਨੇ ਸਾਲ ਏਧਰ ਵੱਟੀ ਨਹੀਂ ਸੀ ਵਾਹੀ ਤਾਂ ਉਹਦਾ ਵੀ ਕਾਰਨ ਸੀ। ਤੇ ਹੁਣ ਜਦੋਂ ਮੈਂ ਮਲੋਟ ਦੀਆਂ ਸੜਕਾਂ ’ਤੇ ਇਕੱਲ੍ਹਾ ਫਿਰ ਰਿਹਾਂ ਤਾਂ ਮੈਨੂੰ ਪਤੈ ਕਿ ਮੇਰੇ ਪਿੱਛੇ ਕਿਹੜੀ ਤਾਕਤ ਹੈ! ਤੁਸੀਂ ਮੇਰੀ ਵਾ ਵੱਲ ਨਹੀਂ ਵੇਖ ਸਕਦੇ।”
ਉਹ ਛਿੱਥਾ ਜਿਹਾ ਹੋ ਕੇ ਅੱਗੇ ਤੁਰ ਗਿਆ।
ਮੇਰੀ ਇਹ ਤਾਕਤ ਨ੍ਰਿਪਇੰਦਰ ਸਿੰਘ ਰਤਨ ਸੀ।
ਰਜਿਸਟਰੀ ਕਰਵਾਉਣ ਤੋਂ ਬਾਅਦ ਅਸੀਂ ਪੈਸਿਆਂ ਦਾ ਬੈਗ ਭਰਿਆ। ਮੇਰੇ ਨਾਲ ਮੇਰਾ ਸਹਿਕਰਮੀ ਇਕਬਾਲ ਭੋਮਾ ਵੀ ਸੀ। ਰਾਤ ਅਸੀਂ ਲੋਕ ਨਾਥ ਕੋਲ ਰਹੇ। ਅਗਲੇ ਦਿਨ ਜਲੰਧਰ ਗਏ। ਅਗਲੇਰੇ ਦਿਨ ਅੱਧੇ ਪੈਸੇ ਛੋਟੇ ਭਰਾ ਨੂੰ ਦੇ ਆਇਆ ਤੇ ਬਾਕੀ ਅੱਧਿਆਂ ਨਾਲ ਜਲੰਧਰ ਵਾਲਾ ਘਰ ਬਣਵਾਇਆ।
ਹੁਣ ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਕਿ ਰਤਨ ਹੁਰਾਂ ਨੇ ਜ਼ਮੀਨ ਦਾ ਕਿੱਡਾ ਵੱਡਾ ਅੜਿਆ ਹੋਇਆ ਕੰਮ ਕਢਵਾਇਆ ਸੀ ਤੇ ਮੇਰੇ ਸਿਰ ’ਤੇ ਜਲੰਧਰ ਵਾਲੇ ਘਰ ਦੀ ਛੱਤ ਦਾ ਜੁਗਾੜ ਕਰ ਦਿੱਤਾ ਸੀ।
ਡਾ ਰਘਬੀਰ ਸਿੰਘ ਹੁਰਾਂ ਨੇ ਰਤਨ ਹੁਰਾਂ ਦਾ ਧੰਨਵਾਦੀ ਡਿਨਰ ਕੀਤਾ। ਮੈਂ ਜਲੰਧਰੋਂ ਗਿਆ। ਨਾ ਰਘਬੀਰ ਸਿੰਘ ਹੁਰਾਂ ਤੇ ਨਾ ਮੈਂ ਜ਼ਮੀਨ ਦੇ ਕਰਵਾਏ ਕੰਮ ਬਾਰੇ ਰਤਨ ਹੁਰਾਂ ਨੂੰ ਕੋਈ ਧੰਨਵਾਦੀ ਸ਼ਬਦ ਕਿਹਾ। ਉਨ੍ਹਾਂ ਨੇ ਪਹਿਲਾਂ ਹੀ ਕਹਿ ਛੱਡਿਆ ਸੀ ਕਿ ਇਸ ਬਾਰੇ ਕੋਈ ਗੱਲ ਹੀ ਨਹੀਂ ਕਰਨੀ।
ਇਹ ਸੀ ਇਨਸਾਨੀ ਵਡਿਆਈ ਦੀ ਬੁਲੰਦੀ ਕਿ ਕੀਤੇ ਉਪਕਾਰ ਲਈ ਧੰਨਵਾਦ ਦੇ ਸ਼ਬਦ ਵੀ ਸੁਣਨ ਲਈ ਵੀ ਤਿਆਰ ਨਾ ਹੋਣਾ!
ਦੂਜਾ ਵੱਡਾ ਕੰਮ ਜੋ ਉਨ੍ਹਾਂ ਮੇਰੇ ਆਖੇ ਕੀਤਾ:-
ਕਾਲਜ ਅਧਿਆਪਕਾਂ ਨੂੰ ਸੀਨੀਅਰ ਤੇ ਸਿਲੈਕਸ਼ਨ ਗਰੇਡ ਲੈਣ ਲਈ ਕੁਝ ਨਿਸਚਿਤ ਰਿਫ਼ਰੈਸ਼ਰ ਕੋਰਸ ਕਰਨੇ ਪੈਂਦੇ ਨੇ। ਡਾ ਜੋਗਿੰਦਰ ਸਿੰਘ ਪੁਆਰ ਦੀ ਮੈਸੂਰ ਵਿਚਲੇ ਭਾਸ਼ਾਵਾਂ ਦੇ ਵਿਭਾਗ ਦੇ ਮੁਖੀ ਡਾ ਕੌਲ ਨਾਲ ਦੋਸਤੀ ਸੀ। ਡੀ ਏ ਵੀ ਕਾਲਜ ਵਿਚ ਡਾ ਕੌਲ ਦੀ ਅਗਵਾਈ ਵਿਚ ਪੰਜਾਹ-ਸੱਠ ਅਧਿਆਪਕਾਂ ਨੇ ਇਹ ਕੋਰਸ ਕਰ ਲਿਆ। ਸਾਲ-ਡੇਢ ਸਾਲ ਬਾਅਦ ਮੇਰੇ ਜਾਣੂ ਅਧਿਆਪਕ ਕਹਿੰਦੇ ਕਿ ਜੇ ਮੈਂ ਉੱਦਮ ਕਰਾਂ ਤਾਂ ਲਾਇਲਪੁਰ ਖ਼ਾਲਸਾ ਕਾਲਜ ਵਿਚ ਡਾ ਕੌਲ ਹੁਰਾਂ ਨੂੰ ਕਹਿ ਕੇ ਇਕ ਹੋਰ ਰਿਫ਼ਰੈਸ਼ਰ ਕੋਰਸ ਕਰਵਾ ਲਿਆ ਜਾਵੇ। ਇੰਝ ਹੀ ਕੀਤਾ। ਮੇਰੀ ਪਹਿਲਕਦਮੀ ’ਤੇ ਮੈਸੂਰ ਤੋਂ ਰਣਜੀਤ ਸਿੰਘ ਰੰਗੀਲਾ ਆ ਗਿਆ। ਪੰਜਾਹ-ਸੱਠ ਹੋਰ ਅਧਿਆਪਕ ਇਹ ਕੋਰਸ ਕਰ ਗਏ। ਪਰ ਮਸਲਾ ਉਦੋਂ ਬਣ ਗਿਆ ਜਦੋਂ ਅਧਿਆਪਕਾਂ ਨੇ ਅਗਲੇ ਗਰੇਡ ਲਈ ਆਪਣੇ ਕੇਸ ਭੇਜੇ ਤਾਂ ਡੀ ਪੀ ਆਈ ਦਫ਼ਤਰ ਨੇ ਇਤਰਾਜ਼ ਲਾ ਦਿੱਤਾ ਕਿ ਮੈਸੂਰ ਵਾਲੇ ਦੋਵੇਂ ਰਿਫ਼ਰੈਸ਼ਰਾਂ ਨੂੰ ਉਹ ਮਾਨਤਾ ਨਹੀਂ ਦਿੰਦੇ। ਡੀ ਪੀ ਆਈ ਦਫ਼ਤਰ ਨੂੰ ਅਧਿਆਪਕ ਡੈਪੂਟੇਸ਼ਨ ਲੈ ਕੇ ਮਿਲਦੇ ਰਹੇ, ਪਰ ਕਲਰਕਾਂ ਨੇ ਕੋਈ ਰਾਹ ਨਾ ਦਿੱਤਾ। ਦੋਸਤ ਮੈਨੂੰ ਕਹਿਣ ਲੱਗੇ ਕਿ ਮੈਂ ਰਤਨ ਹੁਰਾਂ ਨੂੰ ਮਿਲ ਕੇ ਸਭ ਦਾ ਦੁੱਖ ਦੱਸਾਂ ਜੋ ਇਨ੍ਹੀਂ ਦਿਨੀ ਐਜੂਕੇਸ਼ਨ ਸੈਕਟਰੀ ਦੇ ਅਹੁਦੇ ’ਤੇ ਤਾਇਨਾਤ ਸਨ। ਮੈਂ ਉਨ੍ਹਾਂ ਨੂੰ ਚੰਡੀਗੜ੍ਹ ਦਫ਼ਤਰ ਵਿਚ ਜਾ ਮਿਲਿਆ ਤੇ ਦੋਸਤੀ ਦੇ ਮਾਣ ’ਤੇ ਅਧਿਆਪਕਾਂ ਦੇ ਭਵਿੱਖ ਨਾਲ ਹੋ ਰਹੇ ਖ਼ਿਲਵਾੜ ਬਾਰੇ ਦੱਸਿਆ। ਉਨ੍ਹਾਂ ਮੇਰਾ ਮਾਣ ਰੱਖਦਿਆਂ ਡੀ ਪੀ ਆਈ ਦਫ਼ਤਰ ਨੂੰ ਪੱਤਰ ਲਿਖਿਆ।
ਮੈਂ ਮੋਰਚਾ ਜਿੱਤ ਕੇ ਘਰ ਆਇਆ ਤਾਂ ਕੁਝ ਦਿਨਾਂ ਬਾਅਦ ਪਤਾ ਲੱਗਿਆ ਕਿ ਕਲਰਕ ਬਾਬੂਆਂ ਨੇ ਕਾਨੂੰਨੀ ਨੁਕਤੇ ਕੱਢ ਕੇ ਕੇਸ ਫੇਰ ਰੱਦ ਕਰ ਦਿੱਤੇ। ਦੋਸਤਾਂ ਦੇ ਜ਼ੋਰ ਪਾਉਣ ’ਤੇ ਮੈਨੂੰ ਦੋਬਾਰਾ ਰਤਨ ਹੁਰਾਂ ਨੂੰ ਮਿਲਣਾ ਪਿਆ। ਕਲਰਕਾਂ ਦੀ ਚਾਲ ਸਮਝਾਈ ਤੇ ਬੇਨਤੀ ਕੀਤੀ ਕਿ ਐਤਕੀਂ ਕਰੜਾਈ ਨਾਲ ਆਖੋ ਕਿ ਕਲਰਕਾਂ ਨੂੰ ਵੀ ‘ਕਾਨੂੰਨ’ ਸਮਝ ਆ ਜਾਵੇ।
ਇੰਝ ਹੀ ਹੋਇਆ। ਰਤਨ ਹੁਰਾਂ ਦੀ ਮਿਹਰਬਾਨੀ ਨਾਲ ਲਗ ਭਗ ਸੌ ਸਵਾ ਸੌ ਅਧਿਆਪਕਾਂ ਨੂੰ ਕੀਤੇ ਰਿਫ਼ਰੈਸ਼ਰ ਕੋਰਸਾਂ ਦਾ ਲਾਭ ਮਿਲ ਸਕਿਆ ਤੇ ਉਹ ਅਗਲੇ ਗਰੇਡ ਦੇ ਹੱਕਦਾਰ ਬਣੇ।
ਗੱਲਾਂ ਤਾਂ ਹੋਰ ਵੀ ਬਹੁਤ ਨੇ ਕਰਨ ਵਾਲੀਆਂ ਪਰ ਮੈਂ ਸੌ ਹੱਥ ਰੱਸੇ ਦੇ ਸਿਰੇ ’ਤੇ ਗੰਢ ਮਾਰਨ ਲੱਗਾ ਹਾਂ।
ਰਤਨ ਹੁਰਾਂ ਦਾ ਜਨਮ ਦਿਨ ਸੀ। ਮੈਂ ਉਸ ਰਾਤ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕ ਦੇਣ ਲਈ ਫ਼ੋਨ ਕੀਤਾ। ਉਨ੍ਹਾਂ ਬੜੇ ਉਤਸ਼ਾਹ ਤੇ ਪਿਆਰ ਨਾਲ ਮੇਰੀ ਮੁਬਾਰਕ ਸਵੀਕਾਰ ਕੀਤੀ। ਚਾਰ-ਪੰਜ ਮਿੰਟ ਗੱਲਾਂ-ਬਾਤਾਂ ਹੁੰਦੀਆਂ ਰਹੀਆਂ।
ਸਵੇਰੇ ਉੱਠਿਆ ਤਾਂ ਮੇਰੇ ਦੋਸਤ ਕੁਲਵੰਤ ਸੰਧੂ ਨੇ, ਜਿਹੜਾ ਸਾਡੀ ਨੇੜਤਾ ਤੋਂ ਜਾਣੂ ਸੀ, ਫ਼ੋਨ ਕਰ ਕੇ ਮੇਰੇ ਨਾਲ ਰਤਨ ਹੁਰਾਂ ਦੀ ਪਤਨੀ ਦੇ ਚਲਾਣੇ ਦਾ ਅਫ਼ਸੋਸ ਕੀਤਾ। ਮੈਂ ਤਾਂ ਸੁੰਨ ਹੋ ਕੇ ਰਹਿ ਗਿਆ। ਉਹ ਕਹਿੰਦਾ, ‘ਕੱਲ੍ਹ ਦੀ ਅਖ਼ਬਾਰ ਨਹੀਂ ਸੀ ਵੇਖੀ? ਖ਼ਬਰ ਲੱਗੀ ਹੋਈ ਸੀ।’
ਮੈਂ ਸੱਚਮੁੱਚ ਅਖ਼ਬਾਰ ਨਹੀਂ ਸੀ ਵੇਖੀ। ਮੈਂ ਸ਼ਰਮ ਨਾਲ ਪਾਣੀ ਪਾਣੀ ਹੋਏ ਨੇ ਰਾਤ ਨੂੰ ਫ਼ੋਨ ਕਰ ਕੇ ਰਤਨ ਹੁਰਾਂ ਤੋਂ ਮੁਆਫ਼ੀ ਮੰਗਦਿਆਂ ਅਫ਼ਸੋਸ ਕੀਤਾ, ‘ਮੈਂ ਤਾਂ ਖ਼ਬਰ ਪੜ੍ਹੀ ਨਹੀਂ ਸੀ। ਪਰ ਤੁਸੀਂ ਵੀ ਮੇਰੇ ਨਾਲ ਵਰਤ ਗਏ ਭਾਣੇ ਬਾਰੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਕਿ ਇੱਕ ਦਿਨ ਪਹਿਲਾਂ…’
ਰਤਨ ਹੁਰੀਂ ਕਹਿੰਦੇ, “ਤੂੰ ਜਿੰਨੇ ਪਿਆਰ ਅਤੇ ਉਮਾਹ ਨਾਲ ਮੁਬਾਰਕ ਦੇ ਰਿਹਾ ਸੈਂ, ਮੈਂ ਖ਼ਬਰ ਦੇ ਕੇ ਕਿਵੇਂ ਤੈਨੂੰ ਉਦਾਸ ਕਰ ਦਿੰਦਾ। ਮੈਂ ਤੇਰੇ ਵਾਲੇ ਉਤਸ਼ਾਹ ਤੇ ਉਮਾਹ ਨਾਲ ਹੀ ਜਵਾਬ ਦੇਣਾ ਸੀ ਨਾ!”
ਧੰਨ ਸੀ ਨ੍ਰਿਪਇੰਦਰ ਸਿੰਘ ਰਤਨ। ਆਪਣੇ ਮਹਾ-ਦੁੱਖ ਨੂੰ ਕਸੀਸ ਵੱਟ ਕੇ ਪੀ ਜਾਣਾ ਤਾਕਿ ਦੂਜੇ ਦੇ ਉਤਸ਼ਾਹ ਅਤੇ ਖ਼ੁਸ਼ੀ ਵਿਚ ਉਹਦੇ ਆਪਣੇ ਸੰਘਣੇ ਦੁੱਖ ਦਾ ਪ੍ਰਛਾਵਾਂ ਤੱਕ ਨਾ ਪੈ ਸਕੇ!
ਮੈਨੂੰ ਲੱਗਾ ‘ਧਰਤੀ ਹੇਠਲਾ ਬੌਲਦ’ ਕੇਵਲ ਕਹਾਣੀਆਂ ਵਿਚ ਹੀ ਨਹੀਂ ਹੁੰਦਾ!