ਵਿਸ਼ਵ ਦੇ ਮਹਾਨ ਖਿਡਾਰੀ: ਸੋਵੀਅਤ ਰੂਸ ਦਾ ਵੇਟਲਿਫਟਰ ਯੂਰੀ ਵਲਾਸੋਵ

ਪ੍ਰਿੰ. ਸਰਵਣ ਸਿੰਘ
ਯੂਰੀ ਵਲਾਸੋਵ ਇਸ ਧਰਤੀ ਦਾ ਪਹਿਲਾ ਭਾਰ ਚੁਕਾਵਾ ਸੀ ਜਿਸ ਨੇ ਦੋ ਕੁਇੰਟਲ ਤੋਂ ਵੱਧ ਵਜ਼ਨ ਦਾ ਬਾਲਾ ਕੱਢਿਆ। 1960 ਦੀਆਂ ਓਲੰਪਿਕ ਖੇਡਾਂ ਵਿਚ ਜਦੋਂ ਉਸ ਨੇ 202.5 ਕਿਲੋਗਰਾਮ ਭਾਰ ਬਾਹਾਂ ਉਤੇ ਚੁੱਕਿਆ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਭਰਪੂਰ ਤਾੜੀਆਂ ਮਾਰੀਆਂ। ਆਖ਼ਰ ਦੋ ਕੁਇੰਟਲ ਤੋਂ ਵੱਧ ਵਜ਼ਨ ਬਾਹਾਂ `ਤੇ ਚੁੱਕਣ ਦੀ ਮਿਥਕ ਹੱਦ ਟੁੱਟ ਗਈ ਸੀ

ਜਿਵੇਂ 1954 ਵਿਚ ਮੀਲ ਦੀ ਦੌੜ ਚਾਰ ਮਿੰਟ ਤੋਂ ਘੱਟ ਸਮੇਂ `ਚ ਦੌੜਨ ਦੀ ਹੱਦ ਟੁੱਟੀ ਸੀ। ਉਹ ਹੱਦ ਇੰਗਲੈਂਡ ਦੇ ਰੌਜਰ ਬੈਨਿਸਟਰ ਨੇ ਤੋੜੀ ਸੀ, ਦੋ ਕੁਇੰਟਲ ਦੀ ਹੱਦ ਤੋੜਨੀ ਯੂਰੀ ਵਲਾਸੋਵ ਦੇ ਹਿੱਸੇ ਆਈ। ਉਦੋਂ ਪੱਤਰਕਾਰਾਂ ਨੇ ਵਲਾਸੋਵ ਨੂੰ ਪੁੱਛਿਆ ਸੀ, “ਐ ਮਹਾਨ ਵਲਾਸੋਵ! ਕੀ ਤੇਰੇ ਪਿੱਛੋਂ ਕੋਈ ਹੋਰ ਭਾਰ ਚੁਕਾਵਾ ਵੀ ਤੇਰੇ ਜਿੰਨਾ ਭਾਰ ਚੁੱਕ ਸਕੇਗਾ?” ਤਾਂ ਵਲਾਸੋਵ ਨੇ ਸਹਿਜ ਭਾਅ ਕਿਹਾ ਸੀ, “ਭਵਿੱਖ ਦੇ ਵੇਟਲਿਫਟਰ ਮੇਰੇ ਨਾਲੋਂ ਕਿਤੇ ਤਕੜੇ ਹੋਣਗੇ। ਜਿੰਨਾ ਭਾਰ ਮੈਂ ਸਾਲਾਂ ਦੀ ਮਿਹਨਤ ਨਾਲ ਮਸੀਂ ਚੁੱਕ ਸਕਿਆਂ, ਉਥੋਂ ਉਹ ਭਾਰ ਚੁੱਕਣਾ ਸ਼ੁਰੂ ਕਰਿਆ ਕਰਨਗੇ।”
ਉਸ ਦੀ ਭਵਿੱਖਬਾਣੀ ਸੱਚੀ ਸਾਬਤ ਹੋਈ ਤੇ ਛੇਤੀ ਹੀ ਸਵਾ ਦੋ ਕੁਇੰਟਲ ਦੀ ਹੱਦ ਟੁੱਟ ਗਈ। ਫਿਰ ਢਾਈ ਕੁਇੰਟਲ ਦੀ ਹੱਦ ਵੀ ਟੁੱਟ ਗਈ ਤੇ ਹੁਣ ਪੌਣੇ ਤਿੰਨ ਕੁਇੰਟਲ ਦੀ ਹੱਦ ਟੁੱਟਣ ਵਾਲੀ ਹੈ। ਜਾਰਜੀਆ ਦੇ ਲਾਸ਼ਾ ਤਲਖਾਡਜ਼ੇ ਨੇ 267 ਕਿੱਲੋਗਰਾਮ ਭਾਰ ਬਾਹਾਂ ਉਤੇ ਚੁੱਕ ਵਿਖਾਇਆ ਹੈ! ਹੋ ਸਕਦੈ ਕੋਈ ਭਾਰ ਚੁਕਾਵਾ 21ਵੀਂ ਸਦੀ ਮੁੱਕਣ ਤੱਕ ਤਿੰਨ ਕੁਇੰਟਲ ਦੀ ਹੱਦ ਵੀ ਪਾਰ ਕਰ ਜਾਵੇ। ਬੰਦੇ ਦੀ ਤਾਕਤ ਦਾ ਕੋਈ ਸਿਰਾ ਨਹੀਂ। ਉਹ ਜੋ ਨਹੀਂ ਸੋ ਕਰ ਸਕਦਾ ਹੈ।
ਮਨੁੱਖੀ ਜੁੱਸੇ ਨੂੰ ਜੋ ਕੱਲ੍ਹ ਅਸੰਭਵ ਲੱਗਦਾ ਸੀ ਅੱਜ ਉਹੋ ਸੰਭਵ ਹੋ ਗਿਆ ਹੈ। ਜੋ ਅੱਜ ਅਸੰਭਵ ਲੱਗਦਾ ਹੈ ਉਹ ਭਲਕੇ ਸੰਭਵ ਹੋ ਜਾਣਾ ਹੈ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿਚ ਡੈਨਮਾਰਕ ਦਾ ਵੀਗੋ ਜੈਕਸਨ ਅਤੇ ਗ੍ਰੇਟ ਬ੍ਰਿਟਨ ਦਾ ਈਲੀਅਟ ਮਸੀਂ 111.5 ਕਿਲੋਗਰਾਮ ਵਜ਼ਨ ਦੇ ਬਾਲੇ ਕੱਢ ਕੇ ਕ੍ਰਮਵਾਰ ਗੋਲਡ ਤੇ ਸਿਲਵਰ ਮੈਡਲ ਜਿੱਤ ਸਕੇ ਸਨ। ਉਦੋਂ ਉਹ ਦੁਨੀਆ ਦੇ ਸਭ ਤੋਂ ਤਕੜੇ ਬੰਦੇ ਮੰਨੇ ਗਏ ਸਨ। ਅੱਧੀ ਸਦੀ ਪਿੱਛੋਂ 1948 ਦੀਆਂ ਓਲੰਪਿਕ ਖੇਡਾਂ ਵਿਚ ਅਮਰੀਕਾ ਦੇ ਡੈਵਿਸ ਨੇ 177 ਕਿਲੋਗਰਾਮ ਭਾਰ ਬਾਹਾਂ ਉੱਤੇ ਚੁੱਕ ਵਿਖਾਇਆ ਤੇ ਰੋਮ ਦੀਆਂ ਓਲੰਪਿਕ ਖੇਡਾਂ `ਚ ਵਲਾਸੋਵ ਨੇ 202.5 ਕਿਲੋਗਰਾਮ ਭਾਰ ਬਾਹਾਂ ਉਤੇ ਤੋਲ ਦਿੱਤਾ!
ਯੂਰੀ ਪੈਤਰੋਵਿਚ ਵਲਾਸੋਵ ਦਾ ਜਨਮ 5 ਦਸੰਬਰ, 1935 ਨੂੰ ਪਿਯੋਤਰ ਵਲਾਸੋਵ ਦੇ ਘਰ ਮਾਰੀਆ ਦਾਨੀਲੋਵਨਾ ਵਲਾਸੋਵ ਦੀ ਕੁੱਖੋਂ ਯੂਕਰੇਨ ਦੇ ਸ਼ਹਿਰ ਮਕੇਯੇਵਕਾ ਵਿਚ ਹੋਇਆ ਸੀ। ਉਹਦੇ ਮਾਪੇ ਰੂਸ ਦੇ ਜੰਮਪਲ ਕਜ਼ਾਕ ਸਨ। ਉਹਦਾ ਪਿਓ ਸ਼ੰਘਾਈ ਵਿਚ ਜਨਰਲ ਕੌਂਸਲੇਟ ਤੇ ਬਰਮਾ ਵਿਚ ਰਾਜਦੂਤ ਰਿਹਾ ਸੀ। ਯੂਰੀ ਵਲਾਸੋਵ ਨੇ ਵਿਸ਼ਵ ਜੇਤੂ ਵੇਟਲਿਫਟਰ ਹੋਣ ਦੇ ਨਾਲ ਨਾਮਵਰ ਲੇਖਕ ਤੇ ਸਿਆਸਤਦਾਨ ਹੋਣ ਦਾ ਵੀ ਨਾਮਣਾ ਖੱਟਿਆ। ਕਈ ਕਿਤਾਬਾਂ ਲਿਖੀਆਂ ਤੇ ਰੂਸ ਦੇ ਪ੍ਰਧਾਨ ਦੀ ਚੋਣ ਲੜਿਆ। ਉਸ ਨੇ ਓਲੰਪਿਕ ਖੇਡਾਂ `ਚੋਂ ਇਕ ਸੋਨੇ ਤੇ ਇਕ ਚਾਂਦੀ ਦਾ ਤਗਮਾ ਜਿੱਤਿਆ। ਸੱਤ ਵਾਰ ਯੌਰਪ ਦਾ ਚੈਂਪੀਅਨ ਤੇ ਚਾਰ ਵਾਰ ਵਿਸ਼ਵ ਚੈਂਪੀਅਨ ਬਣਿਆ। 34 ਵਾਰ ਭਾਰ ਚੁੱਕਣ ਦੇ ਵਿਸ਼ਵ ਰਿਕਾਰਡ ਨਵਿਆਏ। ਆਪਣੇ ਜ਼ਮਾਨੇ ਦਾ ਉਹ ਅਫ਼ਲਾਤੂਨ ਭਾਰਤੋਲਕ ਸੀ।
1960 ਵਿਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੂੰ ਸੋਵੀਅਤ ਰੂਸ ਦੇ ਖੇਡ ਦਲ ਦਾ ਝੰਡਾਬਰਦਾਰ ਬਣਾਇਆ ਗਿਆ ਸੀ। ਉਥੇ ਉਸ ਨੇ ਸੁਪਰਹੈਵੀ ਵੇਟ ਵਿਚ ਸਨੈਚ, ਪ੍ਰੈੱਸ ਤੇ ਕਲੀਨ ਐਂਡ ਜਰਕ ਲਾਉਣ ਵਿਚ ਤਿੰਨੇ ਵਿਸ਼ਵ ਰਿਕਾਰਡ ਨਵਿਆਏ। ਉਸ ਸਮੇਂ ਉਸ ਨੂੰ ‘ਧਰਤੀ ਦਾ ਸਭ ਤੋਂ ਤਕੜਾ ਬੰਦਾ’ ਹੋਣ ਦਾ ਖ਼ਿਤਾਬ ਦਿੱਤਾ ਗਿਆ। ਉਹ ਐਨਕਾਂ ਲਾਉਣ ਵਾਲਾ ਤੀਖਣ ਬੁੱਧੀਜੀਵੀ ਸੀ ਜੋ ਤਾਕਤ ਵਧਾਊ ਸਟੀਰੋਇਡਜ਼ ਲੈਣ ਦੇ ਖ਼ਿਲਾਫ਼ ਸੀ। ਉਸ ਨੇ ਹੋਰਨਾਂ ਨੂੰ ਵੀ ਅਜਿਹੇ ਸਟੀਰੋਇਡਜ਼ ਲੈਣੋਂ ਵਰਜਿਆ ਜੋ ਬਾਅਦ ਵਿਚ ਜਾਨ ਲੇਵਾ ਬਣਦੇ ਹਨ। ਇਹੋ ਕਾਰਨ ਸੀ ਕਿ ਵਲਾਸੋਵ ਹੋਰਨਾਂ ਭਾਰ ਚੁਕਾਵਿਆਂ ਦੇ ਮੁਕਾਬਲੇ ਲੰਮੇਰੀ ਉਮਰ ਜਿਉਂ ਸਕਿਆ। ਉਹ 5 ਦਸੰਬਰ 1935 ਤੋਂ 13 ਫਰਵਰੀ 2021 ਤਕ ਜੀਵਿਆ ਤੇ ਕੁਦਰਤੀ ਮੌਤ ਮਰਿਆ।
ਵੇਟਲਿਫਟਰਾਂ ਨੂੰ ਖੇਡਾਂ ਦੀ ਦੁਨੀਆ ਵਿਚ ਆਇਰਨ ਮੈਨ ਭਾਵ ਲੋਹੇ ਦੇ ਬੰਦੇ ਕਿਹਾ ਜਾਂਦਾ ਹੈ। ਉਹ ਹਰ ਵੇਲੇ ਲੋਹੇ ਨਾਲ ਮੱਥਾ ਮਾਰਦੇ ਹਨ। ਉਨ੍ਹਾਂ ਦੇ ਭਰਵੱਟਿਆਂ ਵਿਚ ਮੁੜ੍ਹਕੇ ਦੀਆਂ ਬੂੰਦਾਂ ਅਟਕੀਆਂ ਰਹਿੰਦੀਆਂ ਹਨ। ਵਲਾਸੋਵ ਦੀ ਇਕ ਪੁਸਤਕ ਦਾ ਨਾਂ ਹੀ ‘ਭਰਵੱਟਿਆਂ ਦਾ ਮੁੜ੍ਹਕਾ’ ਹੈ। ਕੁਇੰਟਲਾਂ ਦੇ ਕੁਇੰਟਲ ਭਾਰ ਚੁੱਕਣ ਦੀ ਗੱਲ ਕਹਿਣੀ ਜਿੰਨੀ ਸੌਖੀ ਹੈ ਕਰ ਵਿਖਾਉਣੀ ਉਨੀ ਹੀ ਔਖੀ ਹੈ। ਓਲੰਪਿਕ ਤੇ ਵਿਸ਼ਵ ਜੇਤੂ ਭਾਰਤੋਲਕਾਂ ਬਾਰੇ ਅਕਸਰ ਕਿਹਾ ਜਾਂਦੈ ਕਿ ਉਨ੍ਹਾਂ ਨੇ ਅਭਿਆਸ ਦੌਰਾਨ ਏਨਾ ਭਾਰ ਚੁੱਕਿਆ ਹੁੰਦੈ ਕਿ ਰੇਲ ਦਾ ਇੰਜਣ ਵੀ ਮਸਾਂ ਖਿੱਚ ਸਕੇ! ਇਕ ਇਕ ਕਿਲੋਗਰਾਮ ਦੇ ਵਾਧੇ ਲਈ ਨਿਰੰਤਰ ਅਭਿਆਸ, ਸੰਪੂਰਨ ਖੁਰਾਕ, ਸਾਇੰਟੇਫਿਕ ਕੋਚਿੰਗ ਤੇ ਸਵੈ-ਵਿਸ਼ਵਾਸ ਚਾਹੀਦਾ ਹੁੰਦੈ। ਲੋਹੇ ਦੇ ਬੰਦਿਆਂ ਲਈ ਪਹਿਲਾ ਸਬਕ ਹੁੰਦੈ ਮਿਹਨਤ, ਸਖ਼ਤ ਮਿਹਤਨ ਤੇ ਹੋਰ ਮਿਹਨਤ। ਰੂਸ ਦਾ ਹੀ ਇਕ ਹੋਰ ਭਾਰਚੁਕਾਵਾ ਵਾਸਲੀ ਅਲੈਕਸੀਏਵ ਹਰ ਰੋਜ਼ ਤੀਹ ਤੀਹ ਟਨ ਵਜ਼ਨ ਬਾਹਾਂ ਉਤੇ ਚੁੱਕਣ ਦਾ ਅਭਿਆਸ ਕਰਦਾ ਸੀ। ਜੇਕਰ ਸਾਰਾ ਜੋੜ ਕੀਤਾ ਜਾਂਦਾ ਤਾਂ ਵਜ਼ਨ ਲੱਖ ਟਨ ਤੋਂ ਵੀ ਵਧ ਜਾਂਦਾ!
ਯੂਰੀ ਵਲਾਸੋਵ 1964 ਵਿਚ ਟੋਕੀਓ ਦੀਆਂ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਸਮੇਂ ਵੀ ਸੋਵੀਅਤ ਰੂਸ ਦਾ ਝੰਡਾਬਰਦਾਰ ਸੀ। ਰੋਮ ਵਾਂਗ ਉਥੇ ਵੀ ਉਹ ਗੋਲਡ ਮੈਡਲ ਜਿੱਤਣ ਦਾ ਪੱਕਾ ਦਾਅਵੇਦਾਰ ਸਮਝਿਆ ਜਾਂਦਾ ਸੀ। ਪਰ ਉਹ ਆਪਣੇ ਹੀ ਹਮਵਤਨੀ ਵੇਟਲਿਫਟਰ ਹੱਥੋਂ ਮਾਤ ਖਾ ਗਿਆ ਤੇ ਸਿਲਵਰ ਮੈਡਲ ਜਿੱਤ ਸਕਿਆ। ਟੋਕੀਓ ਜਾਣ ਤੋਂ ਪਹਿਲਾਂ ਵਲਾਸੋਵ, ਲਿਓਨਿਦ ਜ਼ਬੋਤਿੰਸਕੀ ਨਾਲੋਂ ਵੱਧ ਵਜ਼ਨ ਦੇ ਬਾਲੇ ਕੱਢਦਾ ਸੀ। ਵਲਾਸੋਵ ਦਾ ਨਿਸ਼ਾਨਾ ਓਲੰਪਿਕ ਖੇਡਾਂ ਦਾ ਦੂਜਾ ਗੋਲਡ ਮੈਡਲ ਜਿੱਤ ਕੇ ਰਿਟਾਇਰ ਹੋਣ ਦਾ ਸੀ। ਪਰ ਲਿਓਨਿਧ ਅੰਦਰਖਾਤੇ ਆਪਣੇ ਹੀ ਦਾਅ ਵਰਤ ਰਿਹਾ ਸੀ। ਪਹਿਲੀਆਂ ਟਰਾਈਆਂ ਵਿਚ ਉਹ ਜਾਣ-ਬੁੱਝ ਕੇ ਵਲਾਸੋਵ ਤੋਂ ਪਿੱਛੇ ਰਹਿੰਦਾ ਰਿਹਾ। ਆਖ਼ਰੀ ਵੇਟ ਦੀ ਟਰਾਈ ਵਿਚ ਵੀ ਉਹ ਜਾਣ-ਬੁੱਝ ਕੇ ਫੇਲ੍ਹ ਹੋ ਗਿਆ ਤਾਂ ਕਿ ਵਲਾਸੋਵ ਨੂੰ ਯਕੀਨ ਹੋ ਜਾਵੇ ਕਿ ਉਹ ਹੁਣ ਮੁਕਾਬਲੇ `ਚੋਂ ਬਾਹਰ ਹੋ ਜਾਵੇਗਾ। ਅਸਲ ਵਿਚ ਉਹ ਟੈਕਨੀਕਲ ਟ੍ਰਿਕ ਵਰਤ ਰਿਹਾ ਸੀ ਕਿ ਵਲਾਸੋਵ ਦੇ ਪਿੱਛੇ ਲੱਗਾ ਰਹੇ ਤੇ ਜਦ ਉਹਦੀ ਆਖ਼ਰੀ ਟਰਾਈ ਮੁੱਕੇ ਤਾਂ ਹੀ ਪੂਰਾ ਜ਼ੋਰ ਲਾਵੇ।
ਉਹੀ ਗੱਲ ਹੋਈ। ਯੂਰੀ ਵਲਾਸੋਵ ਨੇ ਦੂਜੀ ਟ੍ਰਾਈ ਦੀ ਕਾਮਯਾਬੀ ਨਾਲ ਹੀ ਸਮਝ ਲਿਆ ਕਿ ਹੁਣ ਉਸ ਦਾ ਗੋਲਡ ਮੈਡਲ ਪੱਕਾ ਹੋ ਗਿਆ ਤੇ ਹੋਰ ਵੱਧ ਭਾਰ ਨਾਲ ਹੋਰ ਟਰਾਈ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਲਿਓਨਿਧ ਜ਼ਬੋਤਿੰਸਕੀ ਵਧਵਾਏ 2.5 ਕਿਲੋ ਭਾਰ ਨਾਲ ਕਾਮਯਾਬ ਟਰਾਈ ਮਾਰ ਕੇ ਗੋਲਡ ਮੈਡਲ ਜਿੱਤ ਗਿਆ। ਵਲਾਸੋਵ ਨੇ ਸਨੈਚ, ਪ੍ਰੈੱਸ ਤੇ ਕਲੀਨ ਐਂਡ ਜਰਕ ਨਾਲ ਕੁਲ 570 ਕਿਲੋਗਰਾਮ `ਤੇ ਬੱਸ ਕੀਤੀ ਸੀ ਜਦ ਕਿ ਲਿਓਨਿਦ ਕੁਲ ਜੋੜ 572.5 ਕਿਲੋਗਰਾਮ ਨਾਲ ਗੋਲਡ ਮੈਡਲ ਜਿੱਤ ਗਿਆ। ਆਪਣੇ ਹੀ ਸਾਥੀ ਦੇ ਟੈਕਨੀਕਲ ਟ੍ਰਿਕ ਦਾ ਵਲਾਸੋਵ ਨੂੰ ਸਦਮਾ ਤਾਂ ਬਹੁਤ ਲੱਗਾ ਪਰ ਪਛਤਾਏ ਬਿਨਾਂ ਹੋਰ ਕੁਝ ਕਰ ਨਹੀਂ ਸੀ ਸਕਦਾ। ਆਖ਼ਰ 1968 ਵਿਚ ਉਹ ਭਾਰ ਚੁੱਕਣ ਤੋਂ ਰਿਟਾਇਰ ਹੋ ਕੇ ਲੇਖਕ ਤੇ ਸਿਆਸਤਦਾਨ ਬਣ ਗਿਆ। 1998 ਵਿਚ ਉਹ ‘ਕਾਂਗਰਸ ਆਫ਼ ਪੀਪਲਜ਼ ਡਿਪਟੀਜ਼ ਸੋਵੀਅਤ ਯੂਨੀਅਨ’ ਦਾ ਮੈਂਬਰ ਬਣਿਆ ਅਤੇ 1996 ਵਿਚ ਰੂਸ ਦੀ ਪ੍ਰੈਜ਼ੀਡੈਂਸ਼ਲ ਚੋਣ ਲੜਿਆ ਜਿਸ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ।
ਵਲਾਸੋਵ ਦੀ ਮੁੱਢਲੀ ਪੜ੍ਹਾਈ ਸਾਰਾਤੋਵ ਦੇ ਸੁਵੋਰੋਵ ਮਿਲਟਰੀ ਸਕੂਲ ਵਿਚ ਹੋਈ। ਫਿਰ ਉਸ ਨੇ ਮਾਸਕੋ ਦੀ ਯੁਕੋਵਸਕੀ ਏਅਰ ਫੋਰਸ ਅਕੈਡਮੀ ਤੋਂ 1959 ਵਿਚ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ। ਜਦੋਂ ਮਾਸਕੋ ਦੀ ਅਕੈਡਮੀ ਵਿਚ ਪੜ੍ਹਦਾ ਸੀ ਤਾਂ ਵੇਟ ਟ੍ਰੇਨਿੰਗ ਕਰਦਾ ਵੇਟਲਿਫਟਿੰਗ ਕਰਨ ਲੱਗ ਪਿਆ ਸੀ। ਵੇਟਲਿਫਟਿੰਗ ਦੀ ਕੋਚਿੰਗ ਲਈ ਆਰਮਡ ਫੋਰਸਜ਼ ਸੁਸਾਇਟੀ ਜਾਇਨ ਕਰ ਕੇ 1957 ਵਿਚ ਮਾਸਟਰ ਆਫ਼ ਸਪੋਰਟ ਆਫ ਦਾ ਯੂਐੱਸਐੱਸਆਰ ਦੀ ਡਿਗਰੀ ਹਾਸਲ ਕਰ ਲਈ। 1958 ਵਿਚ ਉਹ ਸੋਵੀਅਤ ਰੂਸ ਦੀ ਚੈਂਪੀਅਨਸ਼ਿਪ ਵਿਚੋਂ ਕਾਂਸੀ ਦਾ ਤਗਮਾ ਜਿੱਤ ਕੇ ਖ਼ਬਰਾਂ ਵਿਚ ਆ ਗਿਆ। 1959-63 ਦੌਰਾਨ ਉਹ ਸੋਵੀਅਤ ਰੂਸ ਤੋਂ ਅੱਗੇ ਯੂਰਪ, ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪਸ ਵੀ ਜਿੱਤੀ ਗਿਆ। ਬੇਸ਼ਕ ਉਸ ਨੇ ਟੋਕੀਓ ਦੀਆਂ ਓਲੰਪਿਕ ਖੇਡਾਂ ਪਿੱਛੋਂ ਵੇਟਲਿਫਟਿੰਗ ਤੋਂ ਰਿਟਾਇਰ ਹੋਣ ਦਾ ਮਨ ਬਣਾਇਆ ਸੀ ਪਰ 1966 ਵਿਚ ਉਹ ਦੁਬਾਰਾ ਸਰਗਰਮ ਹੋ ਗਿਆ ਸੀ। 15 ਮਈ 1966 ਨੂੰ ਉਸ ਨੇ 199 ਕਿਲੋਗਰਾਮ ਦੀ ਪ੍ਰੈੱਸ ਲਾ ਕੇ ਆਪਣਾ ਅਖ਼ੀਰਲਾ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ। ਉਹਦੇ ਬਦਲੇ ਉਸ ਨੂੰ 850 ਰੂਬਲ ਮਿਲੇ ਸਨ। ਜੂਨ 1968 ਵਿਚ ਉਹ ਵੱਡੇ ਵੇਟਲਿਫਟਿੰਗ ਮੁਕਾਬਲਿਆਂ `ਚ ਸ਼ਾਮਲ ਹੋਣੋਂ ਪਿੱਛੇ ਹਟ ਗਿਆ। ਉਨ੍ਹਾਂ ਦਿਨਾਂ ਵਿਚ ਹੀ ਉਸ ਨੇ ਸੋਵੀਅਤ ਆਰਮੀ ਦੀ ਸਪੋਰਟਸ ਇੰਸਟ੍ਰੱਕਟਰ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। 1969 ਵਿਚ ਜਦੋਂ ਉਹ ਨਾਰਵੇ `ਚ ਲੈਕਚਰ ਦੇਣ ਗਿਆ ਤਾਂ ਸਰੋਤਿਆਂ ਦੀ ਮੰਗ ਉਤੇ ਇਕ ਵਾਰ ਫਿਰ 200 ਕਿਲੋਗਰਾਮ ਵਜ਼ਨ ਚੁੱਕ ਕੇ ਵਿਖਾ ਦਿਤਾ। ਉਹਦੀਆਂ ਵੱਡੀਆਂ ਜਿੱਤਾਂ ਦਾ ਸੰਖੇਪ ਦੱਸਣਾ ਹੋਵੇ ਤਾਂ ਓਲੰਪਿਕ ਖੇਡਾਂ ਦਾ ਇਕ ਗੋਲਡ ਤੇ ਇਕ ਸਿਲਵਰ ਮੈਡਲ, ਵਿਸ਼ਵ ਚੈਂਪੀਅਨਸ਼ਿਪਾਂ ਦੇ ਚਾਰ ਗੋਲਡ ਮੈਡਲ ਤੇ ਇਕ ਸਿਲਵਰ ਮੈਡਲ ਅਤੇ ਯੂਰਪੀਨ ਚੈਂਪੀਅਨ ਬਣਨ ਦੇ ਛੇ ਗੋਲਡ ਮੈਡਲ ਹਨ।
ਜਦੋਂ ਉਹਦੀ ਮਸ਼ਹੂਰੀ ਸਿਖਰ `ਤੇ ਸੀ ਉਦੋਂ ਉਹ ਸੋਵੀਅਤ ਡੈਲੀਗੇਸ਼ਨਾਂ ਨਾਲ ਕਦੇ ਫੀਦਲ ਕਾਸਤਰੋ ਤੇ ਕਦੇ ਚਾਰਲਸ ਡੀ ਗੌਲੇ ਨੂੰ ਮਿਲਣ ਜਾਂਦਾ। ਨਿਕੋਲਾਈ ਖਰੋਸ਼ਚੇਵ ਦਾ ਖ਼ਾਸ ਚਹੇਤਾ ਸੀ ਤੇ ਲਿਓਨਿਧ ਬ੍ਰੈਜਨੇਵ ਨੇ ਉਸ ਨੂੰ ਚੀਨ ਬਾਰੇ ਨਿੱਜੀ ਸਲਾਹਕਾਰ ਬਣਾਇਆ ਹੋਇਆ ਸੀ। ਸੱਤ ਵਾਰ ਦਾ ‘ਮਿਸਟਰ ਓਲੰਪੀਆ’ ਆਰਨੋਲਡ, ਯੂਰੀ ਵਲਾਸੋਵ ਨੂੰ ਆਪਣਾ ਇਸ਼ਟ ਮੰਨਦਾ ਸੀ। ਉਹ ਸਿਰਫ਼ 14 ਸਾਲ ਦਾ ਸੀ ਜਦੋਂ 1961 ਦੀ ਵਿਆਨਾ ਵਿਖੇ ਹੋਈ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪਸ ਸਮੇਂ ਪਹਿਲੀ ਵਾਰ ਯੂਰੀ ਵਲਾਸੋਵ ਨੂੰ ਮਿਲਿਆ ਸੀ। ਉਸ ਦੀ ਪ੍ਰਰਨਾ ਨਾਲ ਹੀ ਆਰਨੋਲਡ ਬਾਡੀ ਬਿਲਡਰ ਬਣਨ ਦੇ ਰਾਹ ਪਿਆ ਸੀ। ਵਲਾਸੋਵ ਨੇ ਅਨੇਕਾਂ ਨੌਜੁਆਨਾਂ ਨੂੰ ਬਾਡੀ ਬਿਲਡਰ ਬਣਾਉਣ ਤੇ ਵੇਟ ਲਿਫਟਿੰਗ ਕਰਨ ਦੀ ਸਟੇਜ `ਤੇ ਲਿਆਂਦਾ ਸੀ।
ਵਲਾਸੋਵ ਦੀਆਂ ਵੱਡੀਆਂ ਜਿੱਤਾਂ ਦਾ ਮਾਣ ਸਨਮਾਨ ਕਰਦਿਆਂ ਉਸ ਨੂੰ 1960 ਵਿਚ ਆਰਡਰ ਆਫ ਲੈਨਿਨ ਤੇ 1964-65 ਵਿਚ ਆਰਡਰ ਆਫ਼ ਦਾ ਬੈਜ ਆਫ਼ ਆਨਰ ਦੇ ਅਵਾਰਡਾਂ ਨਾਲ ਸਨਮਾਨਿਆ ਗਿਆ। 1960 ਦੀਆਂ ਓਲੰਪਿਕ ਖੇਡਾਂ ਪਿੱਛੋਂ ਉਹਦੀ ਬਾਲਾ ਕੱਢਦੇ ਦੀ ਡਾਕ ਟਿਕਟ ਜਾਰੀ ਕੀਤੀ ਗਈ। ਉਹ ਸੋਵੀਅਤ ਲੇਖਕ ਯੂਨੀਅਨ ਤੇ ਰੂਸੀ ਲੇਖਕ ਯੂਨੀਅਨ ਦਾ ਸਨਮਾਨਯੋਗ ਮੈਂਬਰ ਸੀ। 1978-79 ਵਿਚ ਉਸ ਦੀ ਸਿਹਤ `ਚ ਅਚਾਨਕ ਨਰਵਸ ਬ੍ਰੇਕ ਡਾਊਨ ਦਾ ਵਿਗਾੜ ਆ ਗਿਆ ਸੀ ਜਿਸ ਦਾ ਕਾਰਨ ਉਸ ਦਾ ਲੇਖਕ ਹੋਣਾ ਸੀ ਨਾ ਕਿ ਵੇਟਲਿਫਟਰ। ਬਾਅਦ ਵਿਚ ਉਹਦੀ ਰੀੜ੍ਹ ਦੀ ਹੱਡੀ ਦੇ ਅਪ੍ਰੇਸ਼ਨ ਹੋਏ ਜਿਸ ਦਾ ਕਾਰਨ ਭਾਰਚੁਕਾਵਾ ਹੋਣਾ ਸੀ। 1980 ਵਿਚ ਉਹ ਮੁੜ ਸਿਹਤਯਾਬ ਹੋ ਗਿਆ ਸੀ ਤੇ ਵੇਟਲਿਫਟਿੰਗ ਦੀਆਂ ਸਰਗਰਮੀਆਂ `ਚ ਦਿਲਚਸਪੀ ਲੈਣ ਲੱਗ ਪਿਆ ਸੀ। ਉਹ 1985-87 ਦੌਰਾਨ ਸੋਵੀਅਤ ਵੇਟਲਿਫਟਿੰਗ ਫੈਡਰੇਸ਼ਨ ਤੇ ਸੋਵੀਅਤ ਬਾਡੀ ਬਿਲਡਿੰਗ ਫੈਡਰੇਸ਼ਨ ਦਾ ਪ੍ਰਧਾਨ ਰਿਹਾ। ਉਹ ਲੰਮੀ ਉਮਰ ਤਕ ਵੇਟ ਟ੍ਰੇਨਿੰਗ ਕਰਦਾ ਰਿਹਾ ਹੋਣ ਕਰਕੇ 69 ਸਾਲ ਦੀ ਉਮਰ ਵਿਚ 185 ਕਿਲੋਗਰਾਮ ਦੀ ਕਲੀਨ ਐਂਡ ਜਰਕ ਲਾ ਗਿਆ ਸੀ। ਉਦੋਂ ਉਹਦਾ ਆਪਣਾ ਭਾਰ 109 ਕਿਲੋਗਰਾਮ ਸੀ ਜਦ ਕਿ 1964 ਦੀਆਂ ਓਲੰਪਿਕ ਖੇਡਾਂ ਵੇਲੇ ਉਹਦਾ ਵਜ਼ਨ 136.4 ਕਿਲੋਗਰਾਮ ਸੀ। ਉਨ੍ਹੀਂ ਦਿਨੀਂ ਉਸ ਨੇ ਆਪਣੀਆਂ ਕਹਾਣੀਆਂ ਦੀ ਪਹਿਲੀ ਪੁਸਤਕ ‘ਓਵਰ ਕਮਿੰਗ ਯੂਅਰਸੈਲਫ’ ਪ੍ਰਕਾਸ਼ਿਤ ਕਰਵਾਈ ਸੀ। ਫਿਰ ਉਸ ਨੇ 15 ਨਾਵਲ ਲਿਖੇ ਤੇ 10 ਕਹਾਣੀ ਸੰਗ੍ਰਹਿ। ਉਸ ਦੀਆਂ ਕਿਤਾਬਾਂ ਕਈ ਭਾਸ਼ਾਵਾਂ ਵਿਚ ਅਨੁਵਾਦ ਹੋਈਆਂ।
ਯੂਰੀ ਵਲਾਸੋਵ ਦਾ ਪਹਿਲਾ ਵਿਆਹ ਨਤਾਲੀਆ ਮੋਦੋਰੋਵਾ ਨਾਲ 1957 ਵਿਚ ਹੋਇਆ ਸੀ। ਨਤਾਲੀਆ ਮਾਸਕੋ ਇੰਸਟੀਚਿਊਟ ਆਫ਼ ਆਰਟਸ ਦੀ ਵਿਦਿਆਰਥਣ ਸੀ ਜੋ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰ ਕੇ ਉਸ ਦੇ ਜਿਮ ਵਿਚ ਲਿਆਉਂਦੀ ਸੀ। ਨਤਾਲੀਆ ਦੀ ਕੁੱਖੋਂ ਧੀ ਨੇ ਜਨਮ ਲਿਆ ਜਿਸ ਦਾ ਨਾਂ ਯੇਲੇਨਾ ਰੱਖਿਆ ਗਿਆ। ਨਤਾਲੀਆ ਦੀ ਅਧਖੜ ਉਮਰ ਵਿਚ ਹੀ ਮਰ ਗਈ। 1976 ਵਿਚ ਵਲਾਸੋਵ ਨੇ ਆਪਣੇ ਤੋਂ 21 ਸਾਲ ਛੋਟੀ ਵਿਦਿਆਰਥਣ ਲਾਰੀਸਾ ਸਰਗੀਯੇਵਨਾ ਨਾਲ ਦੂਜੀ ਸ਼ਾਦੀ ਕਰਵਾਈ। ਉਹ ਬਿਮਾਰ ਹੋਇਆ ਤਾਂ ਕੁਝ ਸਰਜਰੀਆਂ ਕਰਵਾਉਣੀਆਂ ਪਈਆਂ। ਮੇਜਰ ਸਰਜਰੀ 2019-20 ਵਿਚ ਹੋਈ। ਆਖ਼ਰ 86ਵੇਂ ਸਾਲ ਦੀ ਉਮਰੇ ਉਸ ਦਾ 13 ਫਰਵਰੀ 2021 ਨੂੰ ਮਾਸਕੋ ਵਿਚ ਦੇਹਾਂਤ ਹੋ ਗਿਆ। ਉਹ ਸੱਚਮੁੱਚ ‘ਮਹਾਨ ਵਲਾਸੋਵ’ ਸੀ।