-ਗੁਲਜ਼ਾਰ ਸਿੰਘ ਸੰਧੂ
ਦੁਨੀਆਂ ਵਿਚ ਭਾਰਤ ਇੱਕੋ ਇੱਕ ਦੇਸ਼ ਹੈ ਜਿੱਥੇ ਗਰੀਬੀ ਰੇਖਾ ਤੋਂ ਥੱਲੇ ਵਿਚਰ ਰਹੇ 82 ਕਰੋੜ ਵਾਸੀਆਂ ਨੂੰ ਖਾਣ ਵਾਲਾ ਅਨਾਜ ਉਨ੍ਹਾਂ ਦੀ ਪਹੁੰਚ ਦੇ ਮੁੱਲ ਵਿਚ ਦਿੱਤਾ ਜਾਵੇਗਾ। ਭਾਰਤ ਸਰਕਾਰ ਵੱਲੋਂ ਸੰਸਦ ਵਿਚ ਪਾਸ ਕੀਤਾ ਨਵਾਂ ਖੁਰਾਕ ਸੁਰੱਖਿਆ ਬਿੱਲ ਲਾਸਾਨੀ ਕਿਹਾ ਜਾ ਸਕਦਾ ਹੈ। ਹਿਮਾਚਲ ਪ੍ਰਦੇਸ਼ ਸਮੇਤ ਪੰਜ ਰਾਜਾਂ ਨੇ ਇਸ ਉਤੇ ਅਮਲ ਵੀ ਸ਼ੁਰੂ ਕਰ ਦਿੱਤਾ ਹੈ। ਐਫ ਏ ਓ ਵਲੋਂ 20% ਅਲਪ-ਆਹਾਰੀ ਦੇਸ਼ ਗਰਦਾਨੇ ਜਾਣ ਉਪਰੰਤ ਦੇਸ਼ ਦੀ ਸਰਕਾਰ ਦਾ ਇਹ ਫੈਸਲਾ ਸ਼ਲਾਘਾ ਵਾਲਾ ਹੈ। ਪੰਜਾਹ ਸਾਲ ਪਹਿਲਾਂ ਵਾਲੀ ਭੁਖਮਰੀ ਦੇ ਇਸ ਦੇਸ਼ ਨੂੰ ਵੀਹਵੀਂ ਸਦੀ ਦੇ ਸਠਵਿਆਂ ਦੀ ਹਰੀ ਕ੍ਰਾਂਤੀ ਨੇ ਅਨਾਜ ਪੱਖੋਂ ਮਾਲਾ ਮਾਲ ਕੀਤਾ। ਇਹ ਉਹ ਸਮਾਂ ਸੀ ਜਦੋਂ ਪਾਲ ਅਰਲਿਚ ਤੇ ਵਿਲੀਅਮ ਪੈਡਕ ਵਰਗੇ ਜਗਤ ਪ੍ਰਸਿੱਧ ਖੇਤੀ ਵਿਗਿਆਨੀ ਭਾਰਤ, ਮਿਸਰ ਤੇ ਫਿਲਪੀਨ ਆਦਿ ਦੇਸ਼ਾਂ ਨੂੰ ਉਨ੍ਹਾਂ ਦੇਸ਼ਾਂ ਵਿਚ ਗਿਣਦੇ ਸਨ ਜਿਨ੍ਹਾਂ ਨੂੰ ਤਬਾਹੀ ਤੋਂ ਬਚਾਉਣ ਦਾ ਕੋਈ ਸਾਧਨ ਹੀ ਨਹੀਂ ਸੀ।
ਇਹ ਤਾਂ ਅਮਰੀਕੀ ਵਿਗਿਆਨੀ ਡਾæ ਐਨ ਬੋਰਲਾਗ ਦਾ ਕ੍ਰਿਸ਼ਮਾ ਸੀ ਜਿਸ ਨੇ ਮੈਕਸੀਕੋ ਵਿਚ ਕਣਕ ਦਾ ਅਜਿਹਾ ਬੀਜ ਈਜਾਦ ਕੀਤਾ ਜਿਹੜਾ ਕਣਕ ਦੀ ਉਪਜ ਵਿਚ ਚੌਗੁਣਾ ਵਾਧਾ ਕਰਨ ਵਾਲਾ ਸੀ। ਉਸ ਦੀ ਮਦਦ ਨਾਲ ਭਾਰਤ ਨੇ ਪੰਜਾਬ, ਹਰਿਆਣਾ ਤੇ ਪੱਛਮੀ ਉਤਰ ਪ੍ਰਦੇਸ਼ ਵਿਚ 18,000 ਟਨ ਲਰਮਾ ਰੋਜ਼ੋ, ਸੋਨੋਰੋ ਆਦਿ ਬੀਜ ਅਮਰੀਕਾ ਤੋਂ ਲਿਆ ਕੇ ਉਨਤ ਢੰਗ ਨਾਲ ਬੀਜੇ ਤੇ ਲਹਿਰਾਂ-ਬਹਿਰਾਂ ਹੋ ਗਈਆਂ। ਪੰਜਾਬ ਦੀ ਲੁਧਿਆਣਾ ਤੇ ਯੂ ਪੀ ਦੀ ਪੰਤਨਗਰ ਯੂਨੀਵਰਸਿਟੀ ਨੇ ਇਨ੍ਹਾਂ ਨੂੰ ਸਾਂਭਣ, ਬੀਜਣ ਤੇ ਪ੍ਰਚਾਰਨ ਦਾ ਉਹ ਕੰਮ ਕੀਤਾ ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਜੇ ਅੱਜ ਭਾਰਤੀ ਸੰਸਦ ਆਪਣੇ ਦੇਸ਼ ਦੀ ਦੋ ਤਿਹਾਈ ਵਸੋਂ ਨੂੰ ਖੁਰਾਕ ਹੱਕ ਪ੍ਰਦਾਨ ਕਰਨ ਦਾ ਵਚਨ ਦੇ ਸਕੀ ਹੈ ਤਾਂ ਇਸ ਦੀ ਨੀਂਹ ਹਰੀ ਕ੍ਰਾਂਤੀ ਨੇ ਰੱਖੀ ਸੀ।
ਮੈਂ 28 ਸਾਲ ਭਾਰਤ ਦੇ ਖੇਤ ਮੰਤਰਾਲੇ ਤੇ ਪੰਜਾਬ ਦੀ ਖੇਤੀ ਯੂਨੀਵਰਸਿਟੀ ਵਿਚ ਕੰਮ ਕਰਨ ਸਦਕਾ ਹਰੀ ਕ੍ਰਾਂਤੀ ਦਾ ਚਸ਼ਮਦੀਦ ਗਵਾਹ ਹਾਂ। ਮੈਂ ਖੁਦ ਪੂਸਾ ਇੰਸਟੀਚਿਊਟ-ਨਵੀਂ ਦਿੱਲੀ ਤੋਂ ਨਵੇਂ ਬੀਜ ਲਿਜਾ ਕੇ ਆਪਣੇ ਜੱਦੀ ਪਿੰਡ ਸੂਨੀ (ਹੁਸ਼ਿਆਰਪੁਰ) ਜਾ ਕੇ ਬੀਜੇ ਸਨ। ਮੈਂ ਹਰ ਐਤਵਾਰ ਰਾਤ ਦੀ ਗੱਡੀ ਲੁਧਿਆਣੇ ਪਹੁੰਚ ਕੇ ਉਥੋਂ ਦੇ ਸਟੇਸ਼ਨ ਤੋਂ ਆਪਣਾ ਸਕੂਟਰ ਲੈ ਕੇ ਪਿੰਡ ਜਾਂਦਾ ਤੇ ਦਿਨ ਦੇ ਦਿਨ ਦਿੱਲੀ ਵਾਪਸ ਪਰਤਦਾ ਰਿਹਾ ਹਾਂ। ਇਹ ਬੀਜ ਮੈਂ ਆਪਣੇ ਬਾਪ ਦੀ ਬੀਜੀ ਹੋਈ ਕਣਕ ਆਪਣੇ ਹੱਥੀਂ ਹਲ ਵਾਹ ਕੇ ਵੀ ਬੀਜਿਆ ਸੀ। ਇਸ ਦੀ ਫਸਲ ਤੋਂ ਮਿਲੀ ਉਪਜ ਵੇਖਣ ਸਾਰੇ ਗਵਾਂਢੀ ਪਿੰਡਾਂ ਦੇ ਜੱਟ ਸਾਡੇ ਪਿੰਡ ਪਹੁੰਚੇ ਤਾਂ ਮੇਰੇ ਪਿਤਾ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਮੈਕਸੀਕਨ ਬੀਜਾਂ ਦਾ ਇਹ ਕ੍ਰਿਸ਼ਮਾ ਉਤਰੀ ਭਾਰਤ ਵਿਚ ਕਈ ਥਾਂ ਵੇਖਣ ਨੂੰ ਮਿਲਿਆ।
ਹੁਣ ਉਹ ਦਿਨ ਲੱਦ ਗਏ ਹਨ। ਡਾæ ਬੋਰਲਾਗ ਚੱਲ ਵੱਸਿਆ ਹੈ। ਹੁਣ ਅਨਾਜ ਸੁਰੱਖਿਆ ਬਿੱਲ ਨੂੰ ਸਫਲ ਕਰਨ ਦੀ ਲੋੜ ਹੈ। ਇਸ ਤੋਂ ਵੱਡੀ ਲੋੜ ਵਧੇਰੇ ਅਨਾਜ ਪੈਦਾ ਕਰਨ ਵਾਲੇ ਖੇਤਰਾਂ ਵਿਚ ਅਨਾਜ ਨੂੰ ਸੁਰੱਖਿਅਤ ਰੱਖਣ ਵਾਲੀਆਂ ਸਾਈਲੋਜ਼ ਵਰਗੀਆਂ ਸਟੋਰੇਜ ਵਿਧੀਆਂ ਉਸਾਰਨ ਦੀ ਹੈ। ਸਾਡੇ ਕੋਲ ਹਾਲੀ ਵੀ ਅਨਾਜ ਸਾਂਭਣ ਦੀਆਂ ਉਚਿਤ ਵਿਧੀਆਂ ਬਹੁਤ ਘੱਟ ਹਨ। ਦੇਸ਼ ਵਿਚ ਅੱਜ 6,50,00,000 ਟਨ ਅਨਾਜ ਪੈਦਾ ਕਰਨ ਦੀ ਸਮਰਥਾ ਹੈ। ਇਹ ਤੱਦ ਹੀ ਵਰਤੋਂ ਵਿਚ ਆਵੇਗਾ ਜੇ ਇਸ ਦੀ ਠੀਕ ਸੰਭਾਲ ਹੋਵੇ। ਭਵਿੱਖ ਵਿਚ ਅਨਾਜ ਦੀ ਲੋੜ ਨੇ ਹੋਰ ਵਧਣਾ ਹੈ। ਪੌਣ ਪਾਣੀ ਦਾ ਵਤੀਰਾ ਖਰਾਬੀ ਵਾਲਾ ਹੈ। ਅਜਿਹੇ ਪੌਣ ਪਾਣੀ ਨਾਲ ਨਿਪਟਣ ਲਈ ਸੂਝਵਾਨ ਸਿਰੜੀ ਵਿਗਿਆਨੀਆਂ ਦੀ ਲੋੜ ਹੈ। ਉਨ੍ਹਾਂ ਨੂੰ ਯੋਗ ਸਾਧਨ ਤੇ ਵਸੀਲੇ ਵੀ ਦੇਣੇ ਪੈ ਸਕਦੇ ਹਨ। ਸਰਕਾਰ ਦੇ ਪਾਸ ਕੀਤੇ ਬਿੱਲ ਉਤੇ ਪਹਿਰਾ ਦੇਣਾ ਸੌਖਾ ਨਹੀਂ। ਇਸ ਦੀ ਸਫਲਤਾ ਲਈ ਸਾਧਨ ਦੇਣ ਤੇ ਸਾਧਨ ਲੈਣ ਵਾਲਿਆਂ ਦਾ ਤਾਲਮੇਲ ਬਹੁਤ ਜ਼ਰੂਰੀ ਹੈ। ਦਿਨ ਪਰ ਦਿਨ ਵਿਗੜ ਰਹੇ ਪੌਣ ਪਾਣੀ ਉਤੇ ਕਾਬੂ ਪਾਉਣ ਸਮੇਤ।
ਅਰਥ ਵਿਗਿਆਨੀ ਡਾæ ਸ਼ਸ਼ ਛੀਨਾ ਤਾਂ ਇਹ ਵੀ ਚਾਹੁੰਦਾ ਹੈ ਕਿ ਲੋਕਾਂ ਦੀ ਖਰੀਦ ਸ਼ਕਤੀ ਵਧਾਈ ਜਾਵੇ। ਇਹ ਤਦ ਹੀ ਹੋ ਸਕਦਾ ਹੈ ਜੇ ਵਿਕਾਸ ਕਾਰਜਾਂ ਵਿਚ ਵਾਧਾ ਕਰਕੇ ਮਨਰੇਗਾ ਰੋਜ਼ਗਾਰ ਸਕੀਮ ਰਾਹੀਂ ਹਰ ਇਕ ਪਰਿਵਾਰ ਲਈ ਹੁਣ ਨਾਲੋਂ ਦੁਗਣਾ ਰੁਜ਼ਗਾਰ ਪੈਦਾ ਕੀਤਾ ਜਾਵੇ। ਇਸ ਸਭ ਕਾਸੇ ਲਈ ਸੱਤਾਧਾਰੀ ਸਰਕਾਰ ਨੂੰ ਵਿਰੋਧੀ ਧਿਰ ਦਾ ਸਹਿਯੋਗ ਮਿਲਣਾ ਜ਼ਰੂਰੀ ਹੈ।
ਨਵਾਜ਼ ਸ਼ਰੀਫ ਦੀ ਭਤੀਜੀ ਬਣੀ ਚੰਡੀਗੜ੍ਹ ਦੀ ਨੂੰਹ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਅਤੇ ਓਧਰਲੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਬੇਟੀ ਖਦੀਜਾ ਪੰਚਕੂਲਾ ਦੇ ਵਸਨੀਕ ਕਾਨਵ ਪ੍ਰਤਾਪ ਸਿੰਘ ਨਾਲ ਵਿਆਹ ਦੇ ਬੰਧਨ ਵਿਚ ਬੰਨ੍ਹੀ ਗਈ ਹੈ। ਪੰਚਕੂਲਾ ਤੇ ਮੁਹਾਲੀ ਇੱਕ ਤਰ੍ਹਾਂ ਨਾਲ ਚੰਡੀਗੜ੍ਹ ਦਾ ਅੰਗ ਹੀ ਗਿਣੇ ਜਾਂਦੇ ਹਨ। ਕਾਨਵ ਸੇਵਾ ਮੁਕਤ ਲੈਫਟੀਨੈਂਟ ਜਨਰਲ ਪੀ ਐਨ ਹੂਨ ਦਾ ਪੋਤਰਾ ਹੈ। ਜਨਰਲ ਹੂਨ ਵੀ ਪੰਜਾਬ ਦੇ ਜੱਟ ਸਿੱਖ ਗਰੇਵਾਲਾਂ ਦੀ ਧੀ ਨਾਲ ਵਿਆਹਿਆ ਹੋਇਆ ਹੈ। ਖਦੀਜਾ ਦੀ ਅਮਰੀਕਾ ਵਿਚ ਪੜ੍ਹਦਿਆਂ ਕਾਨਵ ਨਾਲ ਦੋਸਤੀ ਹੋਈ ਸੀ। ਪਿਛਲੇ ਦਿਨੀਂ ਸ਼੍ਰੀਮਤੀ ਸਾਹਬਾਜ਼ ਸ਼ਰੀਫ ਦੇ ਚੰਡੀਗੜ੍ਹ ਆਉਣ ਉਤੇ ਹੂਨ ਪਰਿਵਾਰ ਵਲੋਂ ਚੰਡੀਗੜ੍ਹ ਦੇ 17 ਸੈਕਟਰ ਵਾਲੇ ਪੈਲੇਸ ਹੋਟਲ ਵਿਚ ਦਿੱਤੀ ਸਵਾਗਤੀ ਪਾਰਟੀ ਦਾ ਜ਼ਿਕਰ ਘਰ ਘਰ ਹੋ ਰਿਹਾ ਹੈ। ਮੇਰੇ ਕੋਲ ਇਹ ਖ਼ਬਰ ਮੇਰੇ ਗਵਾਂਢੀ ਕਰਨਲ ਏ ਐਸ ਗਰੇਵਾਲ ਰਾਹੀਂ ਆਈ ਹੈ। ਮੇਰਾ ਇਸ ਨੂੰ ਭਾਰਤ-ਪਾਕਿ ਦੋਸਤੀ ਨਾਲ ਜੋੜਨ ਨੂੰ ਜੀਅ ਕਰਦਾ ਹੈ। ਸਵਾਗਤ ਹੈ।
ਅੰਤਿਕਾ: (ਪਾਸ਼)
ਕਿਉਂ ਦਿਨੋ ਦਿਨ ਜ਼ਿੰਦਗੀ,
ਬੇਨੂਰ ਹੁੰਦੀ ਜਾ ਰਹੀ?
ਪਾਂਧੀਆ ਮੰਜ਼ਿਲ ਤੇਰੀ,
ਕਿਉਂ ਦੂਰ ਹੁੰਦੀ ਜਾ ਰਹੀ?
ਸ਼ੌਕ ਚਾਹੀਦਾ,
ਝਨਾਵਾਂ ਦਾ ਕੋਈ ਘਾਟਾ ਨਹੀਂ,
ਹਰ ਨਦੀ ਤੇਰੇ ਇਸ਼ਕ ਵਿਚ,
ਚੂਰ ਹੁੰਦੀ ਜਾ ਰਹੀ।
Leave a Reply