ਪੰਜਾਬ ਵਿਚ ‘ਇੰਡੀਆ` ਗੱਠਜੋੜ ਸਿਰੇ ਚੜ੍ਹਨ ਦੇ ਆਸਾਰ ਮੱਧਮ

ਚੰਡੀਗੜ੍ਹ: ਵਿਰੋਧੀ ਧਿਰਾਂ ਦੇ ‘ਇੰਡੀਆ` ਗੱਠਜੋੜ ਦੇ ਪੰਜਾਬ ਵਿਚ ਪੈਰ ਲੱਗਣ ਦੇ ਆਸਾਰ ਘੱਟ ਹੀ ਜਾਪ ਰਹੇ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਦਿਨਾਂ ਵਿਚ ਜਿਸ ਤਰ੍ਹਾਂ ਸੂਬਾ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ, ਉਸ ਕਾਰਨ ਪਾਰਟੀ ਦੇ ਸੀਨੀਅਰ ਆਗੂਆਂ ਵਿਚ ਕਾਫੀ ਨਰਾਜ਼ਗੀ ਹੈ।
ਜੇਕਰ ਕੇਸਾਂ ਦਾ ਸਾਹਮਣਾ ਕਰ ਰਹੇ ਸਾਬਕਾ ਕਾਂਗਰਸੀ ਮੰਤਰੀਆਂ ਦੀ ਲੰਮੀ ਸੂਚੀ ਨੂੰ ਦੇਖਿਆ ਜਾਵੇ, ਤਾਂ ਜਾਪਦਾ ਹੈ ਕਿ

ਕਾਂਗਰਸ ਪਾਰਟੀ ਹੀ ਮੁੱਖ ਤੌਰ ਉਤੇ ‘ਆਪ` ਸਰਕਾਰ ਦੇ ਨਿਸ਼ਾਨੇ ਉਤੇ ਹੈ, ਨਾ ਕਿ ਸੂਬੇ ਦੀ ਇਕ ਹੋਰ ਪ੍ਰਮੁੱਖ ਧਿਰ- ਸ਼੍ਰੋਮਣੀ ਅਕਾਲੀ ਦਲ। ਤਕਰੀਬਨ ਤਿੰਨ ਸਾਬਕਾ ਮੰਤਰੀ- ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਤੇ ਸੁੰਦਰ ਸ਼ਾਮ ਅਰੋੜਾ ਆਪਣੀਆਂ ਕਥਿਤ ਵਿੱਤੀ ਬੇਨੇਮੀਆਂ ਲਈ ਗ੍ਰਿਫਤਾਰ ਹੋ ਚੁੱਕੇ ਹਨ। ਜਦਕਿ ਪਲਾਟ ਅਲਾਟਮੈਂਟ ਕੇਸ ਵਿਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅੰਤ੍ਰਿਮ ਪੇਸ਼ਗੀ ਜ਼ਮਾਨਤ ਮਿਲੀ ਹੋਈ ਹੈ। ਹਾਈ ਕੋਰਟ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫਤਾਰੀ ਉਤੇ ਰੋਕ ਲਾ ਦਿੱਤੀ ਸੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਛਗਿੱਛ ਲਈ ਜਾਂਚ ਵਿਜੀਲੈਂਸ ਬਿਊਰੋ ਅੱਗੇ ਪੇਸ਼ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀਆਂ ਗੁਰਪ੍ਰੀਤ ਕਾਂਗੜ ਤੇ ਬ੍ਰਹਮ ਮਹਿੰਦਰਾ ਨੂੰ ਵੀ ਲਗਾਤਾਰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ। ‘ਆਪ` ਸਰਕਾਰ ਦੇ ਸਭ ਤੋਂ ਵੱਡੇ ਆਲੋਚਕ ਸੁਖਪਾਲ ਖਹਿਰਾ ਨਸ਼ਿਆਂ ਦੇ ਇਕ ਪੁਰਾਣੇ ਮਾਮਲੇ ਵਿਚ ਜੇਲ੍ਹ `ਚ ਹਨ। ਸੂਬਾ ਕਾਂਗਰਸ ਦੇ ਕਰੀਬ ਸੱਤ ਚੋਟੀ ਦੇ ਆਗੂਆਂ, ਜਿਨ੍ਹਾਂ ਵਿਚ ਸਾਬਕਾ ਮੰਤਰੀ ਤੇ ਸੰਸਦ ਮੈਂਬਰ ਸ਼ਾਮਲ ਹਨ, ਨੇ ਨਾਮ ਨਾ ਛਾਪਣ ਦੀ ਸ਼ਰਤ `ਤੇ ਕਿਹਾ ਕਿ ਉਨ੍ਹਾਂ ਨੂੰ ‘ਆਪ` ਸਰਕਾਰ ਵੱਲੋਂ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ, ‘ਇਹ ਅਨੋਖਾ ਨਹੀਂ ਹੈ ਕਿ ਇਕ ਪਾਸੇ ਤਾਂ ਉਹ ਇੰਡੀਆ ਬਲਾਕ ਵਿਚ ਸਾਡੀ ਪਾਰਟੀ (ਕਾਂਗਰਸ) ਨਾਲ ਗੱਠਜੋੜ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਜੇ ਪਾਸੇ ਸਾਨੂੰ (ਕਾਂਗਰਸੀਆਂ) ਨਿਸ਼ਾਨਾ ਬਣਾ ਰਹੇ ਹਨ, ਨਾ ਕਿ ਅਕਾਲੀਆਂ ਨੂੰ।` ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਖੁੱਲ੍ਹ ਕੇ ਨਹੀਂ ਬੋਲ ਸਕਦੇ ਕਿਉਂਕਿ ਪਾਰਟੀ ਹਾਈ ਕਮਾਨ ਕੌਮੀ ਪੱਧਰ `ਤੇ ਇੰਡੀਆ ਬਲਾਕ ਲਈ ਵਿਚਾਰ-ਚਰਚਾ ਕਰ ਰਹੀ ਹੈ। ਹਾਲਾਂਕਿ ਇਕ ਕਾਂਗਰਸੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿਚ ਗੱਠਜੋੜ ਸਿਰੇ ਚੜ੍ਹਦਾ ਨਹੀਂ ਜਾਪਦਾ। ਕਾਂਗਰਸ ਦੇ ਇਕ ਚੋਟੀ ਦੇ ਦਲਿਤ ਆਗੂ ਨੇ ‘ਆਪ` ਤੇ ਜਾਤੀਵਾਦੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ, ‘ਵਿਜੀਲੈਂਸ ਬਿਊਰੋ ਵੱਲੋਂ ਦਿੱਤਾ ਜਾ ਰਿਹਾ ਦਖਲ ਅਸਲ ਤਸਵੀਰ ਦਾ ਇਕ ਛੋਟਾ ਜਿਹਾ ਹਿੱਸਾ ਹੈ। ਅਸਲੀਅਤ ਇਹ ਹੈ ਕਿ ਸਮਾਜ ਦੇ ਸਿਰਫ ਇਕ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।` ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੁਖਵਿਲਾਸ ਹੋਟਲ ਮਾਮਲੇ `ਚ ਸੁਖਬੀਰ ਬਾਦਲ ਤੇ ਡਰੱਗਜ਼ ਕੇਸ ਵਿਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਰੁੱਧ ਨਰਮੀ ਵਰਤਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਵਿਜੀਲੈਂਸ ਬਿਊਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਬਿਊਰੋ ਕੋਲ ਚੱਲ ਰਹੇ ਕੇਸਾਂ ਨੂੰ ਨਿੱਜੀ ਜਾਂ ਸਿਆਸੀ ਰੰਗਤ ਦੇਣੀ ਸਹੀ ਨਹੀਂ ਹੋਵੇਗੀ।` ‘ਆਪ` ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੰਡੀਆ ਕੇਂਦਰ ਵਿਚੋਂ ਭਾਜਪਾ ਨੂੰ ਬਾਹਰ ਕਰਨ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲ ਵਿਚ ‘ਆਪ` ਇਕੱਲੀ ਹੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕੋ-ਇਕ ਸੀਟ `ਤੇ ਚੋਣ ਲੜਨ ਲਈ ਤਿਆਰ ਹੈ।