ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਦਬਦਬਾ ਘਟਾਉਣ ਲਈ ਕੋਸ਼ਿਸ਼ਾਂ ਨਾਕਾਮ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਉਮੀਦਵਾਰ ਨੂੰ ਮਿਲੇ ਬੇਹੱਦ ਮੱਠੇ ਹੁੰਗਾਰੇ ਨੇ ਬਾਦਲ ਵਿਰੋਧੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲੇ ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨੂੰ ਮਹਿਜ਼ 17 ਵੋਟਾਂ ਹੀ ਮਿਲੀਆਂ ਹਨ।

ਬਾਦਲ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਤੋਂ ਦਬਦਬਾ ਘਟਾਉਣ ਲਈ ਵਿਰੋਧੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਅੱਡੀ-ਚੋਟੀ ਦਾ ਜ਼ੋਰ ਹੀ ਨਹੀਂ ਲਾਇਆ ਜਾ ਰਿਹਾ ਸਗੋਂ ਭਾਜਪਾ ਦੇ ਇਕ ਆਗੂ ‘ਤੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ‘ਚ ਦਖਲ ਦੇਣ ਦੇ ਦੋਸ਼ ਲੱਗੇ ਸਨ। ਇਸ ਤਰ੍ਹਾਂ ਨਾਲ ਭਾਜਪਾ ਦੇ ਇਕ ਸਿੱਖ ਆਗੂ ਨੂੰ ਵੀ ਬਾਦਲਾਂ ਵਿਰੋਧੀ ਮੁਹਿੰਮ ‘ਚ ਅਸਫਲ ਰਹਿਣ ਕਾਰਨ ਝਟਕਾ ਲੱਗਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਵਾਰ ਪਿਛਲੇ ਸਾਲ ਨਾਲੋਂ ਜ਼ਿਆਦਾ ਵੋਟਾਂ ਹਾਸਲ ਹੋਈਆਂ ਹਨ। ਸੂਤਰਾਂ ਅਨੁਸਾਰ ਬਾਦਲਾਂ ਦੇ ਵਿਰੋਧ ‘ਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਲਾਮਬੰਦੀ ਨਾ ਹੋਣ ਕਾਰਨ ਸਾਬਕਾ ਪ੍ਰਧਾਨ ਜਗੀਰ ਕੌਰ ਇਸ ਵਾਰੀ ਮੈਦਾਨ ਵਿਚ ਨਹੀਂ ਨਿੱਤਰੇ। ਹਾਲਾਂਕਿ ਇਕ ਵਾਰੀ ਤਾਂ ਸਾਬਕਾ ਪ੍ਰਧਾਨ ਨੇ ਮੁੜ ਤੋਂ ਅਕਾਲੀ ਦਲ ਦੇ ਵਿਰੋਧ ‘ਚ ਨਿੱਤਰਨ ਦਾ ਮਨ ਬਣਾ ਲਿਆ ਸੀ ਪਰ ਆਖਰ ਸੰਤ ਬਲਬੀਰ ਸਿੰਘ ਨੂੰ ਮੈਦਾਨ ‘ਚ ਲਿਆਂਦਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਅਕਾਲੀਆਂ ਦੇ ਦੋ ਧੜੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਲਗਾਤਾਰ ਤੀਜੀ ਵਾਰ ਆਹਮੋ-ਸਾਹਮਣੇ ਜ਼ੋਰ-ਅਜ਼ਮਾਈ ਕੀਤੀ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲੇ ਅਕਾਲੀ ਦਲ (ਸੰਯੁਕਤ) ਵੱਲੋਂ ਬਾਦਲਾਂ ਤੋਂ ਵੱਖ ਹੋਣ ਤੋਂ ਬਾਅਦ ਸਾਲ 2021 ਵਿਚ ਆਪਣੀ ਪਾਰਟੀ ਵੱਲੋਂ ਉਮੀਦਵਾਰ ਖੜ੍ਹਾ ਕੀਤਾ ਪਰ ਹਰ ਵਾਰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਤਾਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਧਾਨਗੀ ਲਈ ਚੋਣ ਮੈਦਾਨ ਵਿਚ ਨਿੱਤਰੇ ਸਨ ਅਤੇ ਸ੍ਰੀ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਵੱਲੋਂ ਵੀ ਹਮਾਇਤ ਕੀਤੀ ਗਈ ਸੀ ਪਰ ਬੀਬੀ ਜਗੀਰ ਕੌਰ ਨੂੰ ਇਨ੍ਹਾਂ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਾਦਲਾਂ ਦੇ ਵਿਰੋਧੀ ਧੜੇ ਵੱਲੋਂ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਮਿਲ ਰਹੀਆਂ ਭਾਰੀ ਸਿਆਸੀ ਚੁਣੌਤੀਆਂ ਦੇ ਬਾਵਜੂਦ ਵਿਰੋਧੀ ਧੜਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਹਮਾਇਤ ਨਹੀਂ ਮਿਲ ਰਹੀ। ਪਿਛਲੇ ਸਾਲ ਬਾਦਲਾਂ ਵਿਰੁੱਧ ਭੁਗਤਣ ਵਾਲੇ ਕਮੇਟੀ ਮੈਂਬਰਾਂ ਦੀ ਗਿਣਤੀ 50 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਸੀ ਪਰ ਐਤਕੀਂ ਇਹ ਗਿਣਤੀ 17 ਹੀ ਰਹਿ ਗਈ। ਪ੍ਰਕਾਸ਼ ਸਿੰਘ ਬਾਦਲ ਦੇ ਇਸ ਦੁਨੀਆਂ ਤੋਂ ਰੁਖਸਤ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਇਸ ਵਾਰੀ ਪਹਿਲੀ ਪ੍ਰੀਖਿਆ ਸੀ। ਸਾਲ 2015 ਤੋਂ ਲੈ ਕੇ ਜਦੋਂ ਤੋਂ ਅਕਾਲੀ ਦਲ ਬੇਅਦਬੀ ਦੇ ਦੋਸ਼ਾਂ ਵਿਚ ਘਿਰਿਆ ਸੀ ਉਦੋਂ ਤੋਂ ਹੀ ਪਾਰਟੀ ਤੇ ਬਾਦਲ ਪਰਿਵਾਰ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ। 2017 ਵਿਚ ਪਾਰਟੀ ਨੇ ਭਾਜਪਾ ਨਾਲ ਰਲ ਕੇ ਮਹਿਜ਼ 15 ਵਿਧਾਨ ਸਭਾ ਸੀਟਾਂ ਜਿੱਤੀਆਂ ਤੇ ਸਾਲ 2019 ਵਿਚ ਤਾਂ ਸੰਸਦ ਵਿਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹੀ ਪਹੁੰਚ ਸਕੇ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਨੂੰ 3 ਸੀਟਾਂ ਨਾਲ ਹੀ ਗੁਜ਼ਾਰਾ ਕਰਨਾ ਪਿਆ ਸੀ। ਇਸ ਤਰ੍ਹਾਂ ਅਗਾਮੀ ਸੰਸਦੀ (2014) ਚੋਣਾਂ ਅਕਾਲੀ ਦਲ ਖਾਸ ਕਰ ਸੁਖਬੀਰ ਸਿੰਘ ਬਾਦਲ ਲਈ ਵੱਡੀ ਪ੍ਰੀਖਿਆ ਹਨ।
ਸ਼੍ਰੋਮਣੀ ਕਮੇਟੀ ਲਈ ਲੜਾਈ ਜਾਰੀ ਰਹੇਗੀ: ਢੀਂਡਸਾ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸਿਧਾਂਤਕ ਲੜਾਈ ਲੜ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਪੰਥ ਦੇ ਭਲੇ ਲਈ ਜ਼ਮੀਰ ਦੀ ਆਵਾਜ਼ ‘ਤੇ ਬਾਦਲਾਂ ਦੇ ਵਿਰੋਧੀ ਉਮੀਦਵਾਰ ਨੂੰ ਹਮਾਇਤ ਦੇਣ ਦੀ ਅਪੀਲ ਕੀਤੀ ਸੀ। ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ ਉਨ੍ਹਾਂ ਦੀ ਸਿਧਾਂਤਕ ਲੜਾਈ ਭਵਿੱਖ ‘ਚ ਵੀ ਜਾਰੀ ਰਹੇਗੀ।