ਮਜ਼ਲੂਮ ਫ਼ਲਸਤੀਨੀਆਂ ਨਾਲ ਡੱਟ ਕੇ ਖੜ੍ਹਨ ਦਾ ਵੇਲਾ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
9 ਨਵੰਬਰ ਨੂੰ ਸੰਯੁਕਤ ਰਾਸ਼ਟਰ ਦੇ ਮੈਂਬਰ 145 ਮੁਲਕਾਂ ਦਾ ਯੂ.ਐੱਨ. ਮਤੇ ਦੇ ਹੱਕ `ਚ ਵੋਟ ਪਾਉਣਾ ਜਿਸ ਵਿਚ ਫ਼ਲਸਤੀਨੀ ਇਲਾਕਿਆਂ ਉੱਪਰ ਇਜ਼ਰਾਇਲੀ ਕਬਜ਼ੇ ਦੀ ਨਿਖੇਧੀ ਕੀਤੀ ਗਈ, ਦਿਖਾਉਂਦਾ ਹੈ ਕਿ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਹਕੂਮਤਾਂ ਵੀ ਹੁਣ ਖੁੱਲ੍ਹ ਕੇ ਹਮਾਇਤ ਤੋਂ ਟਾਲਾ ਵੱਟ ਰਹੀਆਂ ਹਨ।

ਇਸ ਵੋਟਿੰਗ ਸਮੇਂ ਸਿਰਫ਼ ਪੰਜ ਮੁਲਕਾਂ ਦੇ ਹੁਕਮਰਾਨ ਅਮਰੀਕਾ-ਇਜ਼ਰਾਈਲ ਨਾਲ ਖੜ੍ਹੇ। ਭਾਰਤ ਦੀ ਭਾਜਪਾ ਸਰਕਾਰ ਨੇ ਵੀ ਇਸ ਵਾਰ ਸੰਯੁਕਤ ਰਾਸ਼ਟਰ ਦੇ ਮਤੇ ਦੀ ਹਮਾਇਤ ਕੀਤੀ ਜਦਕਿ ਪਿਛਲੀ ਵਾਰ ਹਮਲੇ ਰੋਕਣ ਦਾ ਮਤਾ ਪੇਸ਼ ਕੀਤੇ ਜਾਣ `ਤੇ ਸਰਕਾਰ ਨੇ ਇਹ ਬਹਾਨਾ ਬਣਾ ਕੇ ਵੋਟ ਪਾਉਣ ਤੋਂ ਟਾਲਾ ਵੱਟ ਲਿਆ ਸੀ ਕਿ ਮਤੇ ਵਿਚ ਹਮਾਸ ਦੇ ਦਹਿਸ਼ਤਵਾਦ ਦੀ ਨਿਖੇਧੀ ਨਹੀਂ ਕੀਤੀ ਗਈ। ਅਮਰੀਕਾ ਅਤੇ ਪੱਛਮੀ ਤਾਕਤਾਂ ਦੀ ਮਦਦ ਅਤੇ ਸ਼ਹਿ ਨਾਲ ਇਜ਼ਰਾਇਲੀ ਨਸਲਵਾਦੀ ਸਟੇਟ ਐਨਾ ਭੂਤਰਿਆ ਹੋਇਆ ਹੈ ਕਿ ਦੁਨੀਆ ਭਰ `ਚੋਂ ਹੋ ਰਹੇ ਤਿੱਖੇ ਵਿਰੋਧ ਦੇ ਬਾਵਜੂਦ ਗਾਜ਼ਾ ਪੱਟੀ ਉੱਪਰ ਮਹਿਜ਼ ਰੋਜ਼ਾਨਾ ਚਾਰ ਘੰਟੇ ਲਈ ਹਮਲੇ ਰੋਕਣਾ ਮੰਨਿਆ ਹੈ। ਇਹ ਵੱਖਰੀ ਗੱਲ ਹੈ ਕਿ ਇਜ਼ਰਾਈਲ ਹੁਕਮਰਾਨ ਇਸ ਨੂੰ ਕਿੰਨੀ ਕੁ ਇਮਾਨਦਾਰੀ ਨਾਲ ਲਾਗੂ ਕਰਨਗੇ। ਬੈਂਜਾਮਿਨ ਨੇਤਨਯਾਹੂ ਦਾ ਸਪਸ਼ਟ ਕਹਿਣਾ ਹੈ ਕਿ ਇਸ ਨੂੰ ਯੁੱਧ ਰੋਕਣਾ ਨਾ ਸਮਝਿਆ ਜਾਵੇ, ਉਹ ਤਾਂ ਸਿਰਫ਼ ਨਾਗਰਿਕਾਂ ਨੂੰ ਯੁੱਧ-ਖੇਤਰ ਤੋਂ ਦੂਰ ਚਲੇ ਜਾਣ ਲਈ ਸੁਰੱਖਿਅਤ ਲਾਂਘੇ ਦੀ ਸਹੂਲਤ ਦੇਣਾ ਚਾਹੁੰਦੇ ਹਨ। ਯਾਨੀ ਇਜ਼ਰਾਇਲੀ ਨਸਲਵਾਦੀ ਹਕੂਮਤ ਹਰ ਹਾਲਤ `ਚ ਫ਼ਲਸਤੀਨ ਦਾ ਇਹ ਇਲਾਕਾ ਖਾਲੀ ਕਰਾ ਕੇ ਮੁਕੰਮਲ ਕਬਜ਼ਾ ਕਰਨ ਲਈ ਬਜ਼ਿੱਦ ਹੈ। 7 ਅਕਤੂਬਰ ਤੋਂ ਚੱਲ ਰਹੀ ਭਿਆਨਕ ਤਬਾਹੀ ਅਤੇ ਫ਼ਲਸਤੀਨੀਆਂ ਦੀ ਨਸਲਕੁਸ਼ੀ ਦੌਰਾਨ ਇਹ ਇਜ਼ਰਾਇਲੀ ਹਕੂਮਤ ਦਾ ਅਜਿਹਾ ਪਹਿਲਾ ਐਲਾਨ ਹੈ। ਹੁਣ ਤੱਕ 11000 ਤੋਂ ਉੱਪਰ ਫ਼ਲਸਤੀਨੀ ਨਾਗਰਿਕ ਕਤਲ ਕੀਤੇ ਗਏ ਹਨ ਜਿਨ੍ਹਾਂ ਵਿਚ 6000 ਬੱਚੇ ਹਨ। 2800 ਫ਼ਲਸਤੀਨੀ ਲਾਪਤਾ ਹਨ। ਸੰਸਾਰ ਸਿਹਤ ਸੰਸਥਾ ਅਨੁਸਾਰ ਹਰ ਦਸ ਮਿੰਟ `ਚ ਇਕ ਫ਼ਲਸਤੀਨੀ ਬੱਚਾ ਅਤੇ ਹਰ ਘੰਟੇ `ਚ 14 ਫ਼ਲਸਤੀਨੀ ਮਾਰੇ ਜਾ ਰਹੇ ਹਨ। ਕਈ ਪੂਰੇ ਦੇ ਪੂਰੇ ਪਰਿਵਾਰ ਹੀ ਮਾਰ ਦਿੱਤੇ ਗਏ ਹਨ।
ਹੁਣ ਸ਼ਾਇਦ ਹੀ ਕਿਸੇ ਨੂੰ ਕੋਈ ਭੁਲੇਖਾ ਹੋਵੇ ਕਿ ਇਹ ਹਮਾਸ ਦੇ ਹਮਲੇ ਵਿਰੁੱਧ ਪ੍ਰਤੀਕਰਮ ਹੈ। ਦਰਅਸਲ, ਇਹ ਤਾਂ ਨਿਰੋਲ ਰੂਪ `ਚ ਪੂਰੇ ਫ਼ਲਸਤੀਨ ਨੂੰ ਹੜੱਪਣ ਲਈ ਇਜ਼ਰਾਇਲੀ ਸਟੇਟ ਵੱਲੋਂ ਵਿੱਢੀ ਨਸਲਕੁਸ਼ੀ ਹੈ। ਦੁਨੀਆ ਦੇ ਆਪੇ ਬਣੇ ਥਾਣੇਦਾਰ ਅਮਰੀਕਾ ਅਤੇ ਉਸ ਦੀਆਂ ਜੋਟੀਦਾਰ ਹਕੂਮਤਾਂ ਵੱਲੋਂ ਇਸ ਨਸਲਕੁਸ਼ੀ ਨੂੰ ਦਹਿਸ਼ਤਵਾਦ ਵਿਰੁੱਧ ‘ਇਜ਼ਰਾਇਲ ਦਾ ਸਵੈ-ਰੱਖਿਆ ਦਾ ਹੱਕ` ਦੱਸ ਕੇ ਜਾਇਜ਼ ਠਹਿਰਾਉਣ ਲਈ ਜੋ ਕਾਰਨ ਗਿਣਾਏ ਜਾ ਰਹੇ ਹਨ, ਉਹ ਸਾਮਰਾਜੀਆਂ ਦੀ ਧਾੜਵੀ ਦਲੀਲ ਤੋਂ ਸਿਵਾਇ ਹੋਰ ਕੁਝ ਨਹੀਂ ਹਨ। ਅਮਰੀਕਨ ਹੁਕਮਰਾਨ ਸ਼ੁਰੂ ਤੋਂ ਹੀ ਬਹਾਨੇ ਬਣਾ ਕੇ ਪੂਰੀ ਦੁਨੀਆ ਉੱਪਰ ਅਜਿਹੇ ਨਸਲਕੁਸ਼ੀ ਯੁੱਧ ਥੋਪਦੇ ਆ ਰਹੇ ਹਨ। ਦੂਜੇ ਮੁਲਕਾਂ ਦਾ ਲੱਕ ਤੋੜਨ ਲਈ ਉਨ੍ਹਾਂ ਉੱਪਰ ਨਹੱਕੇ ਯੁੱਧ ਥੋਪਣ, ਚੁਣੀਆਂ ਹੋਈਆਂ ਸਮਾਜਵਾਦੀ ਸਰਕਾਰਾਂ ਨੂੰ ਖ਼ਤਮ ਕਰਨ ਲਈ ਪਿਛਾਖੜੀ ਰਾਜ ਪਲਟੇ ਕਰਾਉਣ ਅਤੇ ਅਗਾਂਹਵਧੂ ਲੋਕਾਂ ਦੇ ਕਤਲੇਆਮ ਸਮੇਤ ਹਰ ਹਰਬਾ ਵਰਤਣ ਅਤੇ ਜਨਰਲ ਸੁਹਾਰਤੋ ਵਰਗੇ ਆਪਣੇ ਹੱਥ-ਠੋਕੇ ਤਾਨਾਸ਼ਾਹਾਂ ਨੂੰ ਸੱਤਾ ਵਿਚ ਲਿਆ ਕੇ ਉਨ੍ਹਾਂ ਦੀ ਪੁਸ਼ਤ-ਪਨਾਹੀ ਅਤੇ ਸੱਤਾ ਵਿਚ ਬਣੇ ਰਹਿਣ ਲਈ ਮਦਦ ਕਰਨ ਦਾ ਅਮਰੀਕਨ ਸਾਮਰਾਜੀਆਂ ਦਾ ਬਹੁਤ ਲੰਮਾ ਇਤਿਹਾਸ ਹੈ। ਇਸੇ ਕਰ ਕੇ ਬੇਹੱਦ ਮਕਬੂਲ ਅਮਰੀਕਨ ਬੁੱਧੀਜੀਵੀ ਨੋਮ ਚੌਮਸਕੀ ਕਹਿੰਦੇ ਹਨ ਕਿ “ਮੈਨੂੰ ਲੱਗਦਾ ਹੈ ਕਾਨੂੰਨੀ ਤੌਰ `ਤੇ ਗੱਲ ਕਰੀਏ ਤਾਂ ਦੂਜੇ ਆਲਮੀ ਯੁੱਧ ਤੋਂ ਬਾਦ ਹਰ ਅਮਰੀਕੀ ਰਾਸ਼ਟਰਪਤੀ ਉੱਪਰ ਮਹਾਂ-ਮੁਕੱਦਮਾ ਚਲਾਉਣ ਦਾ ਬੇਹੱਦ ਠੋਸ ਕੇਸ ਬਣਦਾ ਹੈ। ਉਹ ਸਾਰੇ ਜਾਂ ਤਾਂ ਪੂਰੀ ਤਰ੍ਹਾਂ ਯੁੱਧ ਮੁਜਰਿਮ ਹਨ ਜਾਂ ਗੰਭੀਰ ਯੁੱਧ ਜੁਰਮਾਂ `ਚ ਸ਼ਾਮਿਲ ਹਨ।”
ਅਮਰੀਕਾ ਸਮੇਤ ਪੱਛਮੀ ਸਾਮਰਾਜੀ ਸਰਪ੍ਰਸਤੀ ਨਾਲ ਕੀਤੀ ਜਾ ਰਹੀ ਇਸ ਨਸਲਕੁਸ਼ੀ ਦਾ ਅਜੋਕਾ ਚਿਹਰਾ ਐਨਾ ਕਰੂਰ ਹੈ ਕਿ ਸੰਯੁਕਤ ਰਾਸ਼ਟਰ ਦੇ ਮੰਚ ਉੱਪਰ ਤੁਰੰਤ ਯੁੱਧਬੰਦੀ ਦੀ ਮੰਗ ਲਗਾਤਾਰ ਉੱਠ ਰਹੀ ਹੈ। ਯੂ.ਐੱਨ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੂੰ ਵੀ ਹਮਾਸ ਦੇ ਹਮਲੇ ਪਿੱਛੇ ਕੰਮ ਕਰਦੇ ਕਾਰਨਾਂ ਅਤੇ ਤੱਥਾਂ ਦੀ ਗੱਲ ਇਹ ਕਹਿ ਕੇ ਕਰਨੀ ਪਈ ਕਿ ਹਮਾਸ ਦੇ ਹਮਲੇ ‘ਖ਼ਲਾਅ `ਚ ਨਹੀਂ ਹੋਏ ਹਨ’। ਇਸ ਬਿਆਨ ਨਾਲ ਪੱਛਮੀ ਗੁੱਟ ਅਤੇ ਉਨ੍ਹਾਂ ਦੇ ਪਾਲਤੂ ਇਜ਼ਰਾਇਲੀ ਨਸਲਵਾਦੀ ਹੁਕਮਰਾਨ ਐਨਾ ਬੌਖਲਾ ਗਏ ਕਿ ਗੁਟੇਰੇਜ਼ ਦੇ ਬਿਆਨ ਨੂੰ ‘ਸ਼ਰਮਨਾਕ` ਕਰਾਰ ਦੇ ਕੇ ਉਸ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਗੁਟੇਰੇਜ਼ ਵੱਲੋਂ ਇਹ ਸਟੈਂਡ ਲਏ ਜਾਣ ਪਿੱਛੇ ਕੀ ਗਿਣਤੀਆਂ-ਮਿਣਤੀਆਂ ਅਤੇ ਹਿਤ ਕੰਮ ਕਰਦੇ ਹਨ, ਇਹ ਵੱਖਰਾ ਸਵਾਲ ਹੈ ਪਰ ਇਜ਼ਰਾਈਲ ਅਤੇ ਇਸ ਦੇ ਪੱਛਮੀ ਸਾਮਰਾਜੀ ਬੌਸਾਂ ਨੂੰ ਸੰਯੁਕਤ ਰਾਸ਼ਟਰ `ਚ ਓਨਾ ਚਿਰ ਹੀ ‘ਨਿਰਪੱਖਤਾ ਅਤੇ ਨੈਤਿਕਤਾ` ਨਜ਼ਰ ਆਉਂਦੀ ਹੈ ਜਦੋਂ ਤੱਕ ਇਹ ਆਲਮੀ ਸੰਸਥਾ ਸਾਮਰਾਜੀ ਹਿਤਾਂ ਦਾ ਸੰਦ ਬਣ ਕੇ ਨਹੱਕੇ ਯੁੱਧਾਂ ਅਤੇ ਧਾੜਵੀ ਹਮਲਿਆਂ ਨੂੰ ਵਾਜਬੀਅਤ ਮੁਹੱਈਆ ਕਰਦੀ ਰਹਿੰਦੀ ਹੈ ਜਾਂ ਸਾਮਰਾਜੀਆਂ ਦੇ ਜੰਗੀ ਜੁਰਮਾਂ ਪ੍ਰਤੀ ਖ਼ਾਮੋਸ਼ ਦਰਸ਼ਕ ਬਣੀ ਰਹਿੰਦੀ ਹੈ। ਗੁਟੇਰੇਜ਼ ਨੇ ਫ਼ਲਸਤੀਨ-ਇਜ਼ਰਾਈਲ ਟਕਰਾਅ ਦੀ ਮੂਲ ਵਜ੍ਹਾ ਵੱਲ ਉਂਗਲ ਕਰ ਦਿੱਤੀ ਤਾਂ ਇਜ਼ਰਾਇਲੀ ਹੁਕਮਰਾਨਾਂ ਨੇ ਚੀਕ-ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਕਿ ‘ਸੰਯੁਕਤ ਰਾਸ਼ਟਰ ਅਸਫ਼ਲ ਹੋ ਰਿਹਾ ਹੈ’। ਅਮਰੀਕੀ ਹੁਕਮਰਾਨ ਇਸ ਵਿਵਾਦ ਉੱਪਰ ਸ਼ਾਤਰਾਨਾ ਚੁੱਪ ਧਾਰ ਕੇ ਤਮਾਸ਼ਾ ਦੇਖ ਰਹੇ ਹਨ ਜਦਕਿ ਬਰਤਾਨੀਆ ਨੇ ਗੁਟੇਰੇਜ਼ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਉਸ ਵੱਲੋਂ ਦਿੱਤੇ ਸਪਸ਼ਟੀਕਰਨ ਨੂੰ ਨਾਕਾਫ਼ੀ ਕਰਾਰ ਦਿੱਤਾ ਹੈ।
ਉਂਞ ਫ਼ਲਸਤੀਨ ਦੇ ਸਵਾਲ ਉੱਪਰ ਸੰਯੁਕਤ ਰਾਸ਼ਟਰ ਦੀ ਭੂਮਿਕਾ ਹਮਦਰਦੀ ਦੇ ਢੌਂਗ ਤੋਂ ਸਿਵਾਇ ਕੁਝ ਨਹੀਂ ਹੈ। ਸੰਯੁਕਤ ਰਾਸ਼ਟਰ ਨੇ 1947 `ਚ ਇਸ ‘ਝਗੜੇ` ਦੇ ਹੱਲ ਲਈ ਦੋ ਮੁਲਕ ਬਣਾਏ ਜਾਣ ਦਾ ਮਤਾ ਪਾਸ ਕੀਤਾ ਸੀ। ਹੁਣ ਵੀ ਸੰਯੁਕਤ ਰਾਸ਼ਟਰ ਅਤੇ ਪੱਛਮੀ ਗੁੱਟ ‘ਦੋ ਸਟੇਟ ਹੱਲ` ਦੀ ਗੱਲ ਤਾਂ ਕਰਦਾ ਹੈ ਪਰ ਇਸ ਬਾਰੇ ਚੁੱਪ ਹੈ ਕਿ ਫ਼ਲਸਤੀਨ ਦੀ ਜ਼ਮੀਨ ਉੱਪਰ ਕਬਜ਼ਾ ਕਰਕੇ ਇਜ਼ਰਾਈਲ ਮੁਲਕ ਤਾਂ ਬਣ ਗਿਆ ਪਰ ਦੂਜਾ ਮੁਲਕ ਫ਼ਲਸਤੀਨ ਕਿੱਥੇ ਹੈ।
ਫ਼ਲਸਤੀਨੀ ਬੇਹੱਦ ਸੀਮਤ ਵਸੀਲਿਆਂ ਨਾਲ ਬੇਮੇਚੀ ਲੜਾਈ ਲੜ ਰਹੇ ਹਨ ਅਤੇ ਬਹੁਤ ਹੀ ਹੌਸਲੇ ਤੇ ਬਹਾਦਰੀ ਨਾਲ ਇਸ ਨਸਲਕੁਸ਼ੀ ਤੇ ਸਾਮਰਾਜੀ ਚਾਲਾਂ ਦਾ ਟਾਕਰਾ ਕਰ ਰਹੇ ਹਨ।
ਦੁਨੀਆ ਵੀ ਚੁੱਪ ਨਹੀਂ ਹੈ। ਇਸ ਨਸਲਕੁਸ਼ੀ ਨੂੰ ਰੋਕਣ ਲਈ ਲੰਦਨ, ਆਇਰਲੈਂਡ, ਸਕਾਟਲੈਂਡ, ਜਰਮਨੀ, ਇਟਲੀ, ਫਰਾਂਸ, ਸਪੇਨ, ਤੁਰਕੀ, ਡੈਨਮਾਰਕ, ਸਵੀਡਨ, ਇੰਡੋਨੇਸ਼ੀਆ, ਦੱਖਣੀ ਕੋਰੀਆ, ਕੈਨੇਡਾ, ਅਮਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ `ਚ ਜ਼ੋਰਦਾਰ ਮੁਜ਼ਾਹਰੇ ਹੋਏ ਹਨ ਅਤੇ ਹੋ ਰਹੇ ਹਨ। ਫ਼ਲਸਤੀਨੀਆਂ ਨਾਲ ਇਕਮੁੱਠਤਾ ਪ੍ਰਗਟਾਈ ਜਾ ਰਹੀ ਤੇ ਨਸਲਕੁਸ਼ੀ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਮਲੇਸ਼ੀਆ ਵਿਚ ਵੱਡੀ ਗਿਣਤੀ `ਚ ਪ੍ਰਦਰਸ਼ਨਕਾਰੀਆਂ ਨੇ ਕੁਆਲਾਲੰਪੁਰ ਵਿਚ ਅਮਰੀਕੀ ਸਫ਼ਾਰਤਖ਼ਾਨੇ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸਤਾਂਬੁਲ (ਤੁਰਕੀ) ਵਿਚ ਹਜ਼ਾਰਾਂ ਲੋਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਕਿਹਾ ਕਿ ਇਜ਼ਰਾਈਲ ਨਜਾਇਜ਼ ਕਾਬਜ਼ ਹੈ ਅਤੇ ਹਮਾਸ ‘ਦਹਿਸ਼ਤਵਾਦੀ` ਨਹੀਂ ਹੈ। ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਚ ਹਜ਼ਾਰਾਂ ਲੋਕਾਂ ਨੇ ਫ਼ਲਸਤੀਨ ਦੇ ਝੰਡੇ ਅਤੇ ‘ਫਰੀ ਫ਼ਲਸਤੀਨ` ਵਾਲੀਆਂ ਤਖ਼ਤੀਆਂ ਫੜ ਕੇ ਸੰਸਦ ਭਵਨ ਵੱਲ ਮਾਰਚ ਕੀਤਾ। ਪੈਰਿਸ ਵਿਚ ਦਸ ਹਜ਼ਾਰ ਲੋਕ ਫ਼ਲਸਤੀਨ ਨਾਲ ਇਕਜੁੱਟਤਾ ਰੈਲੀ ਵਿਚ ਇਕੱਠੇ ਹੋਏ। ਫ੍ਰੈਂਚ ਅਤੇ ਫਲਸਤੀਨੀ ਪਰਵਾਸੀ ਜਥੇਬੰਦੀਆਂ ਦੇ ਨਾਲ-ਨਾਲ ਪਾਰਟੀਜਨ ਸਮੇਤ ਤੁਰਕੀ ਦੀਆਂ ਇਨਕਲਾਬੀ ਅਤੇ ਜਮਹੂਰੀ ਜਥੇਬੰਦੀਆਂ ਨੇ ਰੈਲੀ ਦੀ ਹਮਾਇਤ ਕੀਤੀ। ਐਂਟੀ-ਇੰਪੀਰੀਅਲਿਸਟ ਐਕਸ਼ਨ ਆਇਰਲੈਂਡ ਨੇ ਬਿਆਨ ਜਾਰੀ ਕਰ ਕੇ ਫ਼ਲਸਤੀਨੀ ਕੌਮੀ ਟਾਕਰੇ ਨਾਲ ਇਕਮੁੱਠਤਾ ਪ੍ਰਗਟਾਈ ਅਤੇ ਅਲ-ਅਕਸਾ ਫਲੱਡ ਓਪਰੇਸ਼ਨ ਦੇ ਹੱਕ `ਚ ਮਜ਼ਬੂਤੀ ਨਾਲ ਸਟੈਂਡ ਲਿਆ। ਆਇਰਲੈਂਡ ਵਿਚ ਫ਼ਲਸਤੀਨ ਦੀ ਹਮਾਇਤ `ਚ ਵੱਡੇ-ਵੱਡੇ ਪ੍ਰਦਰਸ਼ਨ ਹੋਏ। ਕਾਰਕੁਨਾਂ ਨੇ ਫ਼ਲਸਤੀਨ ਦੀ ਹਮਾਇਤ `ਚ ਪਰਚੇ ਵੰਡੇ ਅਤੇ ਫ਼ਲਸਤੀਨੀ ਝੰਡੇ ਲਹਿਰਾਏ। 11 ਅਕਤੂਬਰ ਨੂੰ ਪ੍ਰਦਰਸ਼ਨਕਾਰੀਆਂ ਨੇ ਓਕੋਨੋਲੀ ਸਟਰੀਟ ਬਰਿੱਜ ਉੱਪਰ ਜਾਮ ਲਾ ਕੇ ਡਬਲਿਨ ਵਿਚ ਮਾਰਚ ਕੀਤਾ। 14 ਅਕਤੂਬਰ ਨੂੰ ਡਬਲਿਨ ਦੀ ਮੁੱਖ ਸੜਕ ਤੋਂ ਲੈ ਕੇ ਇਜ਼ਰਾਈਲ ਦੇ ਸਫ਼ਾਰਤਖ਼ਾਨੇ ਤੱਕ ਜ਼ਬਰਦਸਤ ਨਾਅਰੇ ਲਾਉਂਦੇ ਹੋਏ ਵੱਡਾ ਮੁਜ਼ਾਹਰਾ ਹੋਇਆ। ਇਸੇ ਤਰ੍ਹਾਂ 21 ਅਕਤੂਬਰ ਨੂੰ ਡਬਲਿਨ ਅਤੇ ਹੋਰ ਕਈ ਸ਼ਹਿਰਾਂ ਵਿਚ ਜ਼ੋਰਦਾਰ ਮੁਜ਼ਾਹਰੇ ਕੀਤੇ ਗਏ। ਦਹਿ-ਹਜ਼ਾਰਾਂ ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਫ਼ਲਸਤੀਨੀ ਝੰਡੇ ਅਤੇ ‘ਨਦੀ ਤੋਂ ਸਮੁੰਦਰ ਤੱਕ, ਫ਼ਲਸਤੀਨ ਆਜ਼ਾਦ ਹੋਵੇਗਾ` ਦੇ ਬੈਨਰ ਚੁੱਕ ਕੇ ਸੈਂਟਰਲ ਲੰਡਨ ਵਿਚ ਮੁਜ਼ਾਹਰਾ ਕਰ ਕੇ ਤੁਰੰਤ ਜੰਗਬੰਦੀ ਦੀ ਮੰਗ ਕੀਤੀ। ਇਹ ਹਫ਼ਤੇ ਦੇ ਅੰਤ `ਚ ਬਰਤਾਨਵੀ ਰਾਜਧਾਨੀ ਵਿਚ ਫ਼ਲਸਤੀਨੀ ਦੇ ਹੱਕ `ਚ ਤੀਜੀ ਵੱਡੀ ਰੈਲੀ ਸੀ। ਇੱਥੇ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਵਿਚੋਂ ਕੁਝ ਨੂੰ ਨਫ਼ਰਤ ਦਾ ਸ਼ੱਕੀ ਜੁਰਮ ਮੰਨਿਆ ਜਾ ਰਿਹਾ ਹੈ। ਗਾਜ਼ਾ ਅਤੇ ਹੋਰ ਫ਼ਲਸਤੀਨੀ ਇਲਾਕਿਆਂ ਉੱਪਰ ਹਮਲਿਆਂ ਵਿਰੁੱਧ ਸੈਂਕੜੇ ਲੋਕਾਂ ਨੇ ਰੋਮ ਦੇ ਸਭ ਤੋਂ ਗਹਿਮਾ-ਗਹਿਮੀ ਵਾਲੇ ਚੌਕ ਵਿਚ ਫ਼ਲਸਤੀਨ ਦੇ ਝੰਡੇ ਲਹਿਰਾਉਂਦੇ ਹੋਏ ਫ਼ਲਸਤੀਨੀਆਂ ਨਾਲ ਇਕਮੁੱਠਤਾ ਪ੍ਰਗਟਾਈ। ਕੋਲੰਬੀਆ ਦੇ ਮੇਡੇਲਿਨ ਸ਼ਹਿਰ ਵਿਚ ਡੇਢ ਸੌ ਲੋਕਾਂ ਨੇ ਫ਼ਲਸਤੀਨ ਦੇ ਹੱਕ `ਚ ਮਾਰਚ ਕੀਤਾ। ਵੱਖ-ਵੱਖ ਇਨਕਲਾਬੀ ਅਤੇ ਜਮਹੂਰੀ ਗਰੁੱਪ ਵੀ ਫਲਸਤੀਨ ਦੀ ਮੌਜੂਦਾ ਹਾਲਤ ਬਾਰੇ ਵਿਚਾਰ ਕਰਨ ਲਈ ਇਕ ਮੰਚ `ਤੇ ਇਕੱਠੇ ਹੋਏ।
ਬਰਤਾਨੀਆ ਵਿਚ ‘ਵਰਕਰਜ਼ ਫਾਰ ਅ ਫਰੀ ਫਲਸਤੀਨ` ਦੇ ਝੰਡੇ ਹੇਠ ਇਕਜੁੱਟ ਹੋ ਕੇ ਯੂਨਾਈਟ, ਯੂਨੀਸਨ, ਜੀ.ਐੱਮ.ਬੀ., ਐੱਨ.ਈ.ਯੂ., ਬੀ.ਐੱਮ.ਏ., ਯੂ.ਸੀ.ਯੂ., ਬੀਈਸੀਟੂਯੂ ਅਤੇ ਬੀ.ਐੱਫ.ਏ.ਡਬਲਿਊ.ਯੂ. ਦੇ ਮੈਂਬਰਾਂ ਨੇ ਬੀ.ਏ.ਯੂ. ਸਿਸਟਮਜ਼ ਨਾਲ ਸੰਬੰਧਤ ਫੈਕਟਰੀ ਦਾ ਕੰਮ ਬੰਦ ਕਰਵਾ ਕੇ ਗਾਜ਼ਾ ਉੱਪਰ ਬੰਬਾਰੀ ਦਾ ਵਿਰੋਧ ਕੀਤਾ ਅਤੇ ਤੁਰੰਤ ਯੁੱਧਬੰਦੀ ਦੀ ਮੰਗ ਕੀਤੀ। ਬੀ.ਏ.ਯੂ. ਸਿਸਟਮਜ਼ ਬਰਤਾਨੀਆ ਦਾ ਸਭ ਤੋਂ ਵੱਡੀ ਹਥਿਆਰ ਨਿਰਮਾਤਾ ਕੰਪਨੀ ਹੈ ਜੋ ਇਜ਼ਰਾਈਲ ਦੇ ਐੱਫ-35 ਲੜਾਕੂ ਜਹਾਜ਼ਾਂ ਲਈ ਪੁਰਜੇ ਬਣਾਉਂਦੀ ਹੈ।
ਭਾਰਤ ਦੇ ਦੱਖਣੀ ਸੂਬੇ ਕੇਰਲ `ਚ 100,000 ਲੋਕਾਂ ਨੇ ਫ਼ਲਸਤੀਨ ਨਾਲ ਇਕਮੁੱਠਤਾ ਰੈਲੀ ਕੀਤੀ। ਭਾਰਤ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਵੀ ਹੋਰ ਥਾਵਾਂ ਉੱਪਰ ਵੱਡੇ ਪ੍ਰਦਰਸ਼ਨ ਕੀਤੇ ਜਾਣ ਦੀ ਰਿਪੋਰਟਾਂ ਹਨ। ਪੰਜਾਬ ਵਿਚ ਵੀ ਮਜ਼ਦੂਰ, ਕਿਸਾਨ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਵੀ ਫ਼ਲਸਤੀਨ ਦੀ ਹਮਾਇਤ `ਚ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ। ਸੰਘ ਬ੍ਰਿਗੇਡ ਇਨ੍ਹਾਂ ਆਵਾਜ਼ਾਂ ਨੂੰ ਹਰ ਹਰਬਾ ਵਰਤ ਕੇ ਦਬਾਉਣ `ਤੇ ਤੁਲਿਆ ਹੋਇਆ ਹੈ। ਉੱਤਰ ਪ੍ਰਦੇਸ਼ (ਭਾਰਤ) ਵਿਚ ਇਕ ਮੁਸਲਿਮ ਧਾਰਮਿਕ ਆਗੂ ਨੂੰ ਫ਼ਲਸਤੀਨ ਦੀ ਹਮਾਇਤ ਕਾਰਨ ‘ਨਫ਼ਰਤ ਫੈਲਾਉਣ` ਲਈ ਗ੍ਰਿਫ਼ਤਾਰ ਕੀਤਾ ਗਿਆ ਅਤੇ ਚਾਰ ਵਿਦਿਆਰਥੀਆਂ ਨੂੰ ਫ਼ਲਸਤੀਨ ਪੱਖੀ ਸਮਾਗਮ ਜਥੇਬੰਦ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਵਿਚ ਵਿਦਿਆਰਥੀਆਂ, ਅਧਿਆਪਕਾਂ ਤੇ ਬੁੱਧੀਜੀਵੀਆਂ ਵੱਲੋਂ ਫ਼ਲਸਤੀਨ ਦੇ ਹੱਕ ‘ਚ ਰੈਲੀ ਕਰਨ ਵਾਲੇ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਮੁੰਬਈ ਵਿਚ ਫ਼ਲਸਤੀਨ ਨਾਲ ਇਕਮੁੱਠਤਾ ਮਾਰਚ ਹੋਇਆ ਅਤੇ ਇਜ਼ਰਾਇਲੀ ਝੰਡੇ ਦਾ ਅਪਮਾਨ ਕਰਨ ਲਈ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇੰਡੋ-ਕੈਨੇਡੀਅਨ ਕਵਿਤਰੀ ਰੂਪੀ ਕੌਰ ਨੇ ਜੋਅ ਬਾਇਡਨ ਹਕੂਮਤ ਦਾ ਦੀਵਾਲੀ ਸਮਾਗਮ ਦਾ ਸੱਦਾ ਠੁਕਰਾ ਕੇ ਦੁਨੀਆ ਦੇ ਲੋਕਾਂ ਨੂੰ ਇਕ ਸੰਦੇਸ਼ ਦਿੱਤਾ ਹੈ ਕਿ ਅਜਿਹੇ ਨਹੱਕੇ ਯੁੱਧਾਂ ਸਮੇਂ ਸਾਨੂੰ ਕਿਸ ਤਰ੍ਹਾਂ ਦੀ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ। ਲਹੂ ਲਿੱਬੜੇ ਜਬਾੜਿਆਂ ਵਾਲੇ ਹੁਕਮਰਾਨਾਂ ਦੇ ਜਸ਼ਨੀਂ ਸਮਾਗਮਾਂ ਦਾ ਹਿੱਸਾ ਬਣਨ ਦੀ ਬਜਾਏ ਮਜ਼ਲੂਮਾਂ ਲਈ ਹਾਅ ਦਾ ਨਾਅਰਾ ਮਾਰਨ ਦਾ ਜੇਰਾ ਕਰਨਾ ਹੀ ਇਨਸਾਨੀਅਤ ਦਾ ਫ਼ਰਜ਼ ਹੈ। ਰੂਪੀ ਕੌਰ ਨੇ ਆਪਣੇ ਟਵੀਟ ਵਿਚ ਲਿਖਿਆ, ‘ਮੈਨੂੰ 8 ਨਵੰਬਰ ਨੂੰ ਉੱਪ ਰਾਸ਼ਟਰਪਤੀ ਵੱਲੋਂ ਆਯੋਜਤ ਦੀਵਾਲੀ ਸਮਾਗਮ ਦੇ ਲਈ ਬਾਇਡਨ ਪ੍ਰਸ਼ਾਸਨ ਤੋਂ ਸੱਦਾ ਆਇਆ। ਮੈਂ ਅਜਿਹੀ ਸੰਸਥਾ ਦੇ ਕਿਸੇ ਵੀ ਸੱਦੇ ਨੂੰ ਨਾ-ਮਨਜ਼ੂਰ ਕਰਦੀ ਹੈ ਜੋ ਘਿਰੀ ਹੋਈ ਨਾਗਰਿਕ ਆਬਾਦੀ – ਜਿਨ੍ਹਾਂ ਵਿਚ 50 ਫ਼ੀਸਦੀ ਤੋਂ ਵੱਧ ਬੱਚੇ ਹਨ – ਨੂੰ ਸਮੂਹਿਕ ਸਜ਼ਾ ਦਿੱਤੇ ਜਾਣ ਦੀ ਹਮਾਇਤੀ ਹੈ। … ਬਤੌਰ ਭਾਈਚਾਰਾ ਅਸੀਂ ਮੇਜ਼ ਉੱਪਰ ਮਹਿਜ਼ ਇਕ ਸੀਟ ਲੈਣ ਲਈ ਖ਼ਾਮੋਸ਼ ਨਹੀਂ ਰਹਿ ਸਕਦੇ ਜਾਂ ਸਹਿਮਤੀ ਨਹੀਂ ਦੇ ਸਕਦੇ।` ਰੂਪੀ ਕੌਰ ਲਈ ਪ੍ਰੇਰਨਾ ਦੀਵਾਲੀ ਨੂੰ ‘ਬੰਦੀ ਛੋੜ ਦਿਵਸ` ਵਜੋਂ ਲੈਣ ਅਤੇ ਦਾਬੇ ਵਿਰੁੱਧ ਆਜ਼ਾਦੀ ਲਈ ਜੂਝਣ ਦੀ ਸਿੱਖ ਪਰੰਪਰਾ ਹੈ। ਉਸ ਨੇ ਨਿਆਂ ਲਈ ਆਵਾਜ਼ ਉਠਾਉਣ ਦਾ ਇਖ਼ਲਾਕੀ ਫਰਜ਼ ਨਿਭਾਉਣ ਦਾ ਰਾਹ ਚੁਣ ਕੇ ਸਭ ਨੂੰ ਪਟੀਸ਼ਨਾਂ `ਤੇ ਦਸਤਖ਼ਤ ਕਰਨ, ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ, ਬਾਈਕਾਟ ਕਰਨ ਅਤੇ ਆਪਣੀਆਂ ਸਰਕਾਰਾਂ ਦੇ ਨੁਮਾਇੰਦਿਆਂ ਉੱਪਰ ‘ਨਸਲਕੁਸ਼ੀ ਬੰਦ ਕਰੋ` ਦੀ ਮੰਗ ਕਰਨ ਲਈ ਦਬਾਅ ਪਾਉਣ ਦਾ ਹੋਕਾ ਦਿੱਤਾ ਹੈ।
ਉਮੀਦ ਹੈ ਕਿ ਆਉਣ ਵਾਲੇ ਦਿਨਾਂ `ਚ ਫ਼ਲਸਤੀਨ ਦੇ ਹੱਕ `ਚ ਹੋਰ ਵੀ ਜ਼ੋਰਦਾਰ ਅਤੇ ਵਿਆਪਕ ਆਵਾਜ਼ ਉੱਠੇਗੀ ਅਤੇ ਫ਼ਲਸਤੀਨੀਆਂ ਦੇ ਖ਼ੂਨ ਦੇ ਤਿਹਾਏ ਇਜ਼ਰਾਇਲੀ ਨਸਲਵਾਦੀਆਂ ਨੂੰ ਪਿੱਛੇ ਹਟਣਾ ਪਵੇਗਾ। ਇਸ ਲਈ, ਹਰ ਜਾਗਦੀ ਜ਼ਮੀਰ ਵਾਲੇ ਇਨਸਾਨ ਨੂੰ ਆਪਣੇ ਨੇੜੇ-ਤੇੜੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਬਣ ਕੇ ਅਮਰੀਕਨ-ਇਜ਼ਰਾਇਲੀ ਹੁਕਮਰਾਨਾਂ ਦੇ ਘਿਣਾਉਣੇ ਮਨਸੂਬਿਆਂ ਵਿਰੁੱਧ ਮਜ਼ਲੂਮ ਧਿਰ ਨਾਲ ਖੜ੍ਹਨਾ ਚਾਹੀਦਾ ਹੈ।