ਜਤਿੰਦਰ ਮੌਹਰ
ਰੂਸੀ ਲੇਖਕ ਬੋਰਸ ਪੋਲੇਵਈ ਦੀ ਰਚਨਾ ‘ਅਸਲੀ ਇਨਸਾਨ ਦੀ ਕਹਾਣੀ’ ਰੂਸੀ ਉਡਾਰੂ (ਪਾਇਲਟ) ਦੀ ਬਾਬਤ ਹੈ। ਉਹਦਾ ਹਵਾਈ ਜਹਾਜ਼ ਬਰਫ਼ੀਲੇ ਇਲਾਕੇ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਬੁਰੀ ਤਰ੍ਹਾਂ ਜ਼ਖ਼ਮੀ ਉਡਾਰੂ, ਖ਼ਤਰਨਾਕ ਮੌਸਮ ਅਤੇ ਹਾਲਾਤ ‘ਚ ਅਠਾਰਾਂ ਦਿਨ ਲੰਬਾ ਸਫ਼ਰ ਕਰ ਕੇ ਸਰੱਖਿਅਤ ਥਾਂ ‘ਤੇ ਪਹੁੰਚ ਜਾਂਦਾ ਹੈ। ਇਹ ਕਹਾਣੀ ਮਨੁੱਖੀ ਸਮਰੱਥਾ ਅਤੇ ਯਕੀਨ ਦੇ ਜਸ਼ਨ ਵਜੋਂ ਜਾਣੀ ਜਾਂਦੀ ਹੈ ਪਰ ਕਈ ਪੱਛਮੀ ਪੜਚੋਲੀਏ ਇਸ ਕਹਾਣੀ ਨੂੰ ਝੂਠੀ ਮੰਨਦੇ ਹਨ। ਦੂਜੇ ਪਾਸੇ ਪੱਛਮ ਵਿਚ ‘ਦਿ ਲੌਂਗ ਵਾਕ’ ਕਿਤਾਬ ਨੂੰ ਖ਼ੂਬ ਪ੍ਰਚਾਰਿਆ ਅਤੇ ਸਲਾਹਿਆ ਗਿਆ ਹੈ। ਇਸ ਕਿਤਾਬ ‘ਤੇ ਬਣੀ ਫ਼ਿਲਮ ‘ਦਿ ਵੇਅ ਬੈਕ’ ਸਾਇਬੇਰੀਆ ਤੋਂ ਹਿੰਦੋਸਤਾਨ ਤੱਕ ਦੇ ਮਹੀਨਿਆਂ ਲੰਬੇ ਪੈਦਲ-ਸਫ਼ਰ ਬਾਰੇ ਹੈ। 2010 ‘ਚ ਪਰਦਾਪੇਸ਼ ਹੋਈ ਇਹ ਫ਼ਿਲਮ ਦੂਜੀ ਆਲਮੀ ਜੰਗ ਦੇ ਵੇਲਿਆਂ ਦੀ ਹੈ। ਇਹ ਸੋਵੀਅਤ ਯੂਨੀਅਨ ਵਿਚ ਸਾਇਬੇਰੀਆ ਦੇ ਗੁਲਾਗ ਮੁਸ਼ੱਕਤੀ ਡੇਰੇ ਤੋਂ ਫ਼ਰਾਰ ਹੋਣ ਵਾਲੇ ਕੈਦੀਆਂ ਦੀ ਕਹਾਣੀ ਹੈ। ਭਗੌੜਿਆਂ ‘ਚ ਜਨੁਸਜ਼ (ਪੋਲੈਂਡ ਵਾਸੀ), ਮਿਸਟਰ ਸਮਿੱਥ (ਅਮਰੀਕੀ ਇੰਜੀਨਿਅਰ), ਵਾਲਕਾ (ਰੂਸੀ ਮੁਜਰਮ), ਤੋਮਸਜ਼ (ਪੋਲੈਂਡ), ਵੋਸ (ਲਾਤਵੀਆਈ ਪਾਦਰੀ), ਕਾਜ਼ਕ (ਪੋਲੈਂਡ) ਅਤੇ ਜ਼ੋਰਾਨ (ਯੂਗੋਸਲਾਵੀਆਈ ਲੇਖਾਕਾਰ) ਸ਼ਾਮਲ ਸਨ। ਰਸਤੇ ‘ਚ ਉਨ੍ਹਾਂ ਨੂੰ ਫ਼ਰਾਰ ਕੁੜੀ ਇਰੈਨਾ ਮਿਲਦੀ ਹੈ ਜੋ ਕਮਿਉਨਿਸਟ ਜਬਰ ਦੀ ਝੂਠੀ ਕਹਾਣੀ ਸੁਣਾ ਕੇ ਭਗੌੜੇ ਦਲ ‘ਚ ਸ਼ਾਮਲ ਹੋ ਜਾਂਦੀ ਹੈ। ਕਾਜ਼ਕ ਠੰਢ ਨਾਲ ਰੂਸ ‘ਚ ਹੀ ਮਾਰਿਆ ਜਾਂਦਾ ਹੈ। ਵਾਲਕਾ ਰੂਸੀ-ਮੰਗੋਲੀਆ ਸਰਹੱਦ ਤੋਂ ਵਾਪਸ ਮੁੜ ਜਾਂਦਾ ਹੈ ਕਿਉਂਕਿ ਉਹ ਅਜੇ ਵੀ ਸਟਾਲਿਨ ਨੂੰ ਆਪਣਾ ਨਾਇਕ ਮੰਨਦਾ ਸੀ। ਮੰਗੋਲੀਆ ਦੀ ਸਰਹੱਦ ‘ਤੇ ਮੁਕਾਮੀ ਆਗੂ ਦੇ ਨਾਲ ਸਟਾਲਿਨ ਅਤੇ ਲਾਲ ਤਾਰੇ ਦਾ ਚਿੰਨ੍ਹ ਦੇਖ ਕੇ ਪਤਾ ਲਗਦਾ ਹੈ ਕਿ ਮੰਗੋਲੀਆ ਵੀ ਕਮਿਉਨਿਸਟ ਰਾਜ ਹੇਠ ਹੈ। ਚੀਨ ‘ਚ ਜਾਪਾਨੀਆਂ ਦਾ ਕਬਜ਼ਾ ਹੈ। ਜਨੁਸਜ਼ ਹਿੰਦੋਸਤਾਨ ਨੂੰ ਸੁਰੱਖਿਅਤ ਜਗ੍ਹਾ ਮੰਨ ਕੇ ਸਫ਼ਰ ਜਾਰੀ ਰੱਖਣ ਦੀ ਸਲਾਹ ਦਿੰਦਾ ਹੈ। ਇਰੈਨਾ ਅਤੇ ਦੋ ਹੋਰ ਕੈਦੀ ਚੀਨ-ਮੰਗੋਲੀਆ ਵਿਚ ਫੈਲੇ ਗੋਬੀ ਰੇਗਿਸਤਾਨ ‘ਚ ਮਾਰੇ ਜਾਂਦੇ ਹਨ। ਜਨੁਸਜ਼, ਸਮਿੱਥ, ਵੋਸ ਅਤੇ ਜ਼ੋਰਾਨ ਤਿੱਬਤ ਪਹੁੰਚਣ ‘ਚ ਕਾਮਯਾਬ ਹੁੰਦੇ ਹਨ। ਸਮਿੱਥ ਲਹਾਸਾ ‘ਚ ਅਮਰੀਕੀ ਫ਼ੌਜ ਨਾਲ ਸਬੰਧਤ ਜਾਣਕਾਰ ਲੱਭ ਕੇ ਉੱਥੇ ਹੀ ਰਹਿ ਜਾਂਦਾ ਹੈ। ਬਾਕੀ ਤਿੰਨੇ ਹਿੰਦੋਸਤਾਨ ਚਲੇ ਜਾਂਦੇ ਹਨ। ਵੋਸ ਅਤੇ ਜ਼ੋਰਾਨ ਹਿੰਦੋਸਤਾਨ ‘ਚ ਟਿਕ ਜਾਂਦੇ ਹਨ ਪਰ ਜਨੁਸਜ਼ ਦੁਨੀਆਂ ਘੁੰਮਦਾ ਰਹਿੰਦਾ ਹੈ। ਕਮਿਉਨਿਸਟ ਰਾਜ ਖਤਮ ਹੋਣ ਤੋਂ ਬਾਅਦ 1989 ‘ਚ ਉਹ ਪੋਲੈਂਡ ਪਹੁੰਚਦਾ ਹੈ ਤੇ 50 ਸਾਲ ਬਾਅਦ ਘਰਵਾਲੀ ਨੂੰ ਮਿਲਦਾ ਹੈ। ਜਨੁਸਜ਼ ਉੱਤੇ ਜਸੂਸੀ ਦਾ ਦੋਸ਼ ਸੀ। ਕਮਿਉਨਿਸਟਾਂ ਨੇ ਉਹਦੀ ਘਰਵਾਲੀ ‘ਤੇ ਤਸ਼ੱਦਦ ਕਰ ਕੇ ਜਨੁਸਜ਼ ਦੇ ਖ਼ਿਲਾਫ਼ ਬਿਆਨ ਦਿਵਾਇਆ ਸੀ। ਫ਼ਿਲਮ ਕਮਿਉਨਿਸਟ ਜਬਰ ਦੀ ਦੁਹਾਈ ਦਿੰਦੀ ਹੈ ਅਤੇ ਕਮਿਉਨਿਸਟ ਸਰਕਾਰਾਂ ਨੂੰ ਜ਼ਾਲਮ ਠਹਿਰਾਉਂਦੀ ਹੈ।
‘ਦਿ ਲੌਂਗ ਵਾਕ’ ਕਿਤਾਬ ਪੋਲੈਂਡ ਦੇ ਫ਼ੌਜੀ ਸਲਾਵੋਮੀਰ ਰਾਵਿਕਜ਼ ਨੇ ਲਿਖੀ ਸੀ। ਉਹਦਾ ਦਾਅਵਾ ਹੈ ਕਿ ਇਹ ਉਹਦੀ ਆਤਮ-ਕਥਾ ਹੈ ਪਰ ਕਹਾਣੀ ਨੂੰ ਸਹੀ ਠਹਿਰਾਉਣ ਲਈ ਉਹ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਸਲਾਵੋਮੀਰ ਮੁਤਾਬਕ ਉਹਨੇ ਛੇ ਕੈਦੀਆਂ ਸਮੇਤ ਗੁਲਾਗ ਮੁਸ਼ੱਕਤੀ ਡੇਰੇ ਤੋਂ ਹਿੰਦੋਸਤਾਨ ਤੱਕ ਚਾਰ ਹਜ਼ਾਰ ਮੀਲ ਦੀ ਪੈਦਲ ਯਾਤਰਾ ਕੀਤੀ ਸੀ। ਕਿਤਾਬ ਦੀਆਂ ਪੰਜ ਲੱਖ ਜਿਲਦਾਂ ਵਿਕੀਆਂ ਅਤੇ ਇਹ ਪੱਚੀ ਜ਼ੁਬਾਨਾਂ ਵਿਚ ਉਲਥਾਈ ਗਈ। ਫ਼ਿਲਮ ਤੋਂ ਬਾਅਦ ਕਿਤਾਬ ਦੀ ਮੰਗ ਹੋਰ ਵਧ ਗਈ। ਕਿਹਾ ਜਾਂਦਾ ਹੈ ਕਿ ਇਸ ਕਿਤਾਬ ਨੇ ਕਈ ਘੁਮੱਕੜਾਂ ਅਤੇ ਖੋਜੀਆਂ ਨੂੰ ਹੱਲਾਸ਼ੇਰੀ ਦਿੱਤੀ। 1956 ਵਿਚ ਛਪੀ ਇਹ ਕਿਤਾਬ ਹਮੇਸ਼ਾਂ ਸ਼ੱਕ ਦੇ ਘੇਰੇ ‘ਚ ਰਹੀ ਹੈ। ਸਫ਼ਰ ਦੌਰਾਨ ਰਹੱਸਮਈ ਬਰਫ਼ਾਨੀ-ਮਨੁੱਖ (ਯਤੀ) ਮਿਲਣ ਦੇ ਦਾਅਵੇ ‘ਤੇ ਗੰਭੀਰ ਖ਼ਦਸ਼ੇ ਹਨ। ਬੀæਬੀæਸੀ ਨਿਊਜ਼ ਦੇ ਹਿਊਗ ਲੇਵਿਨਸਨ ਦੀ ਅਗਵਾਈ ਹੇਠ 2006 ‘ਚ ਕਿਤਾਬ ਨਾਲ ਜੁੜੇ ਦਾਅਵਿਆਂ ਅਤੇ ਤੱਥਾਂ ਨੂੰ ਖੰਗਾਲਿਆ ਗਿਆ। ਪੋਲੈਂਡ, ਲਾਤਵੀਆ, ਅਮਰੀਕਾ, ਲਿਥੂਆਨੀਆ, ਫ਼ਿਨਲੈਂਡ, ਸਵੀਡਨ ਅਤੇ ਹੋਰ ਥਾਂਵਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ। ਸਲਾਵੋਮੀਰ ਦੇ ਪੁਰਾਣੇ ਸਕੂਲ, ਪੋਲੈਂਡ ਦੇ ਫ਼ੌਜੀ ਪੁਰਾਲੇਖਾਂ ਅਤੇ ਰੱਖਿਆ ਮੰਤਰਾਲੇ ਦੇ ਦਸਤਾਵੇਜ਼ਾਂ ਦੀ ਪੁਣ-ਛਾਣ ਕੀਤੀ ਗਈ। ਮਾਸਕੋ ‘ਚ ਗੁਲਾਗ ਮੁਸ਼ੱਕਤੀ ਡੇਰੇ ਦੇ ਦਸਤਾਵੇਜ਼ ਦੇਖੇ ਗਏ ਪਰ ਕਿਤੇ ਸਲਾਵੋਮੀਰ ਦੇ ਗੁਲਾਗ ਡੇਰੇ ‘ਚ ਜੰਗੀ ਕੈਦੀ ਹੋਣ ਦੇ ਤੱਥ ਦੀ ਪੁਸ਼ਟੀ ਨਹੀਂ ਹੋ ਸਕੀ। ਬੇਲਾਰੂਸ ਤੋਂ ਮਿਲੇ ਦਸਤਾਵੇਜ਼ਾਂ ਨੇ ਸਲਾਵੋਮੀਰ ਦੀ ਜੰਗ ਤੋਂ ਪਹਿਲਾਂ ਦੀ ਜ਼ਿੰਦਗੀ, ਪਰਿਵਾਰ ਅਤੇ ਪਿਛੋਕੜ ‘ਤੇ ਰੌਸ਼ਨੀ ਪਾਈ ਪਰ ਕਿਤੇ ਵੀ ਉਹਦੇ ਗੁਲਾਗ ਡੇਰੇ ਤੋਂ ਭੱਜਣ ਦਾ ਵੇਰਵਾ ਨਹੀਂ ਮਿਲਦਾ। ਪੋਲਸ਼ ਇੰਸਟੀਟਿਊਟ ਅਤੇ ਸਿਕੋਰਸਕੀ ਅਜਾਇਬ ਘਰ ਲੰਡਨ ਵਿਚ ਮੌਜੂਦ ਦੂਜੀ ਆਲਮੀ ਜੰਗ ਬਾਬਤ ਦਸਤਾਵੇਜ਼ ਵੀ ਫਰੋਲੇ ਗਏ। ਸਲਾਵੋਮੀਰ ਦੇ ਫ਼ੌਜੀ ਰਿਕਾਰਡ ਮੁਤਾਬਕ, ਉਹ ਰੂਸ ‘ਚ ਪੋਲੈਂਡ ਦੀ ਫ਼ੌਜ ਨਾਲ ਦੁਬਾਰਾ ਜਾ ਮਿਲਿਆ ਸੀ। ਇਹ ਤੱਥ ਕਿਤਾਬ ਵਿਚਲੇ ਵੇਰਵਿਆਂ ਨਾਲ ਮੇਲ ਨਹੀਂ ਖਾਂਦਾ। ਅਮਰੀਕੀ ਖੋਜੀ ਲਿੰਡਾ ਵਿਲੀਸ ਦੀ ਖ਼ੋਜ ਮੁਤਾਬਕ ਸਲਾਵੋਮੀਰ ਨੂੰ 1942 ਵਿਚ ਪੋਲੈਂਡ ਦੇ ਸਿਆਸੀ ਕੈਦੀਆਂ ਦੀ ਆਮ ਮੁਆਫ਼ੀ ਵੇਲੇ ਰਿਹਾਅ ਕੀਤਾ ਗਿਆ ਸੀ। ਆਮ ਮੁਆਫ਼ੀ ਦੇ ਦਸਤਾਵੇਜ਼ ਅਤੇ ਪੋਲੈਂਡ ਫ਼ੌਜ ਨਾਲ ਮਿਲ ਕੇ ਰੂਸ ‘ਚ ਦੁਬਾਰਾ ਜਾਣ ਦਾ ਇਜਾਜ਼ਤਨਾਮਾ ਇਸ ਗੱਲ ਦਾ ਸਬੂਤ ਹਨ। ਆਮ ਮੁਆਫ਼ੀ ਦਸਤਾਵੇਜ਼ਾਂ ਮੁਤਾਬਕ ਉਹ ਰੂਸ ਤੋਂ ਸਿੱਧਾ ਇਰਾਨ ਪਹੁੰਚਿਆ ਸੀ। ਇਹ ਸਾਰੇ ਸਬੂਤ ਸਲਾਵੀਮੋਰ ਦੇ ਗੁਲਾਗ ਡੇਰੇ ‘ਚੋਂ ਭੱਜਣ ਦੀ ਗਵਾਹੀ ਨਹੀਂ ਭਰਦੇ। ਸਲਾਵੀਮੋਰ ਉੱਤੇ ਐਨæਕੇæਵੀæਡੀæ (ਰੂਸ ਦੀ ਖ਼ੁਫ਼ੀਆ ਏਜੰਸੀ ਕੇæਜੀæਬੀ ਦੀ ਮੋਹਰੀ ਸੰਸਥਾ) ਦੇ ਅਫ਼ਸਰ ਨੂੰ ਕਤਲ ਕਰਨ ਦਾ ਦੋਸ਼ ਲੱਗਿਆ ਸੀ। 2009 ਵਿਚ ਵਿਟੋਲਡ ਗਲਿੰਸਕੀ ਨਾਮ ਦੇ ਬੰਦੇ ਨੇ ਦਾਅਵਾ ਕੀਤਾ ਸੀ ਕਿ ‘ਦਿ ਲੌਂਗ ਵਾਕ’ ਉਹਦੀ ਸੱਚੀ ਕਹਾਣੀ ਹੈ ਅਤੇ ਸਲਾਵੋਮੀਰ ਦਾ ਦਾਅਵਾ ਝੂਠਾ ਹੈ। ਗਲਿੰਸਕੀ ਦਾ ਕਹਿਣਾ ਹੈ ਕਿ ਉਹ ਦੂਜੀ ਆਲਮੀ ਜੰਗ ‘ਚ ਪੋਲੈਂਡ ਦਾ ਫ਼ੌਜੀ ਸੀ। ਗਲਿੰਸਕੀ ਦੇ ਦਾਅਵਿਆਂ ‘ਤੇ ਵੀ ਗੰਭੀਰ ਸਵਾਲ ਉਠਾਏ ਗਏ ਹਨ। ਪੋਲੈਂਡ ਸਮੇਤ ਆਲਮ ਦੀ ਏਡੀ ਮਸ਼ਹੂਰ ਕਿਤਾਬ ਦੇ ਛਪਣ ਤੋਂ ਤਰਵੰਜਾ ਸਾਲ ਬਾਅਦ ਗਲਿੰਸਕੀ ਦਾ ਪੇਸ਼ ਕੀਤਾ ਦਾਅਵਾ ਹੈਰਾਨੀ ਅਤੇ ਸ਼ੱਕ ਦਾ ਸਬੱਬ ਬਣਦਾ ਹੈ। ‘ਲੌਂਗ ਰਾਈਡਰਜ਼ ਗਿਲਡ’ ਦੇ ਬਾਨੀਆਂ ਅਤੇ ਹੋਰ ਖੋਜੀ ਲੇਖਕਾਂ ਨੇ ਇਸ ਤਰ੍ਹਾਂ ਦੇ ਕਈ ਪੱਛਮੀ ‘ਨਾਇਕਾਂ’ ਦੀ ਪੋਲ ਖੋਲ੍ਹੀ ਹੈ ਜਿਹੜੇ ਆਪਣੇ ਆਪ ਨੂੰ ਮਹਾਨ, ਖ਼ਤਰਨਾਕ ਅਤੇ ਦਲੇਰੀ ਭਰੇ ਸਫ਼ਰਨਾਮਿਆਂ ਦੇ ਨਾਇਕ ਦੱਸਦੇ ਰਹੇ। ਲੇਖਕ, ਪੱਤਰਕਾਰ, ਫ਼ਿਲਮਸਾਜ਼ ਅਤੇ ਹੋਰ ਲੋਕ, ਬਿਨਾਂ ਕੋਈ ਸਬੂਤ ਮੰਗੇ ਇਨ੍ਹਾਂ ਝੂਠੇ ਨਾਇਕਾਂ ਨੂੰ ਵਡਿਆਉਂਦੇ ਰਹਿੰਦੇ ਹਨ। ਰੂਈਯਾਰਡ ਕਿਪਲਿੰਗ ਦੀ ਕਹਾਣੀ ‘ਦਿ ਮੈਨ ਹੂ ਵਾਜ਼’ 1907 ਵਿਚ ਛਪੀ ਸੀ। ਇਹ ਕਹਾਣੀ ‘ਦਿ ਲੌਂਗ ਵਾਕ’ ਉਤੇ ਅਸਰ ਅੰਦਾਜ਼ ਲਗਦੀ ਹੈ। ਕਿਪਲਿੰਗ ਦੀ ਕਹਾਣੀ ਮੁਤਾਬਕ ਕੈਵਲਰੀ ਅਫ਼ਸਰ ਨੂੰ ਸਾਇਬੇਰੀਆ ‘ਚ ਕੈਦ ਕਰ ਲਿਆ ਜਾਂਦਾ ਹੈ। ਉਹ ਜੇਲ੍ਹ ‘ਚੋਂ ਭੱਜ ਕੇ ਪਹਾੜ-ਘਾਟੀਆਂ-ਥਲ ਪਾਰ ਕਰਦਾ ਹੋਇਆ ਹਿੰਦੋਸਤਾਨ ਜਾ ਪਹੁੰਚਦਾ ਹੈ। ਸਲਾਵੋਮੀਰ ਦੀ ਕੜੀ ਵਿਚ ਅਮਰੀਕੀ ‘ਮਹਾਂ ਨਾਇਕ’ ਫ਼ਰੈਂਕ ਹੌਪਕਿਨਜ਼ ਦਾ ਸਫ਼ਰਨਾਮਾ ਵੀ ਮਨਘੜਤ ਹੈ। ਉਹ ਖ਼ੁਦ ਨੂੰ ਅਰਬ ਖ਼ਿੱਤੇ ਵਿਚ ਤਿੰਨ ਹਜ਼ਾਰ ਮੀਲ ਲੰਬੀ ਘੋੜ-ਦੌੜ ਦਾ ਜੇਤੂ ਘੋੜ ਸਵਾਰ ਸਿੱਧ ਕਰਦਾ ਹੈ। ਹੌਪਕਿਨਜ਼ ਨੇ 1890 ਦੇ ਨੇੜੇ-ਤੇੜੇ ਹੋਈ ਘੋੜ-ਦੌੜ ਵਿਚ ਸੀਰੀਆ ਦੀ ਖਾੜੀ ਅਤੇ ਕਈ ਮੱਧ-ਪੂਰਬੀ ਮੁਲਕਾਂ ਨੂੰ ਪਾਰ ਕਰਨ ਦਾ ਦਾਅਵਾ ਕੀਤਾ ਸੀ। ਖੋਜੀਆਂ ਮੁਤਾਬਕ ਅਜਿਹੀ ਘੋੜ-ਦੌੜ ਕਦੇ ਨਹੀਂ ਹੋਈ। ਆਲਮ ਦੇ ਪੰਜ ਮੁਲਕਾਂ ਦੇ 80 ਖੋਜੀਆਂ ਨੇ ਫ਼ਰੈਂਕ ਹੌਪਕਿਨਜ਼ ਦੀ ਝੂਠੀ ਕਹਾਣੀ ਦੀ ਪੋਲ ਖੋਲ੍ਹ ਦਿੱਤੀ ਸੀ ਪਰ ਫ਼ਿਲਮ ਕੰਪਨੀ ਡਿਜ਼ਨੀ ਨੇ ਉਹਦੀ ਕਹਾਣੀ ‘ਤੇ ਫ਼ਿਲਮ ‘ਹਿਡਾਲਗੋ’ (2004) ਬਣਾਈ ਅਤੇ ਫ਼ਿਲਮ ਨੂੰ ਸੱਚੀ ਕਹਾਣੀ ‘ਤੇ ਆਧਾਰਤ ਕਿਹਾ। ‘ਰੌਇਲ ਜੌਗਰਾਫੀਕਲ ਸੁਸਾਇਟੀ’ ਦੇ ਰਸਾਲੇ ‘ਜੌਗਰਾਫੀਕਲ’ ਨੇ ਹੌਪਕਿਨਜ਼ ਦੀ ਕਹਾਣੀ ਨੂੰ ਸਫ਼ਰਨਾਮਿਆਂ ਦੇ ਇਤਿਹਾਸ ਵਿਚ ਵੱਡਾ ਗ਼ਬਨ ਐਲਾਨਿਆ ਹੈ। ਫ਼ਿਲਮ ਪੜਚੋਲੀਆਂ ਨੇ ‘ਹਿਡਾਲਗੋ’ ਨੂੰ ਨਸਲਵਾਦੀ ਫ਼ਿਲਮ ਕਿਹਾ ਹੈ ਜੋ ਅਰਬੀ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਭੜਕਾਉਂਦੀ ਹੈ।
1942 ਵਿਚ ਹਿੰਦੋਸਤਾਨ ‘ਚ ਤਾਇਨਾਤ ਰਹੇ ਬਰਤਾਨਵੀ ਖ਼ੁਫ਼ੀਆ ਅਫ਼ਸਰ ਰੁਪਾਰਟ ਮਾਅਨੇ ਨੇ ਕਾਫ਼ੀ ਸਾਲਾਂ ਬਾਅਦ ਖੁਲਾਸਾ ਕੀਤਾ ਕਿ ਉਹ ਤਿੰਨ ਅਜਿਹੇ ਬੰਦਿਆਂ ਨੂੰ ਮਿਲਿਆ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਇਬੇਰੀਆ ਤੋਂ ਬਚ ਕੇ ਆਏ ਹਨ। ਇਹ ਮੁਲਾਕਾਤ ਕਲਕੱਤੇ ‘ਚ ਹੋਈ ਦੱਸੀ ਜਾਂਦੀ ਹੈ। ਰੁਪਾਰਟ ਮੁਤਾਬਕ ਤਿੰਨਾਂ ਦੀ ਕਹਾਣੀ ‘ਦਿ ਲੌਂਗ ਵਾਕ’ ਨਾਲ ਮਿਲਦੀ-ਜੁਲਦੀ ਸੀ ਪਰ ਰੁਪਾਰਟ ਉਨ੍ਹਾਂ ਦੇ ਨਾਮ ਯਾਦ ਨਹੀਂ ਕਰ ਸਕਿਆ। ਰੁਪਾਰਟ ਦੇ ਦਾਅਵੇ ਦਾ ਸੱਚ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਦੂਜੇ ਮੱਤ ਮੁਤਾਬਕ ਸੋਵੀਅਤ ਯੂਨੀਅਨ ਨੇ ਹਜ਼ਾਰਾਂ ਜੰਗੀ ਕੈਦੀ ਰਿਹਾਅ ਕਰ ਦਿੱਤੇ ਸਨ। ਲਾਜ਼ਮੀ ਹੈ ਕਿ ਉਨ੍ਹਾਂ ਵਿਚੋਂ ਕਈ ਜਣੇ ਭਿਆਨਕ ਜੰਗ ਦੇ ਪੂਰਬੀ ਜਾਂ ਪੱਛਮੀ ਮੋਰਚੇ ਵੱਲ ਨਹੀਂ ਗਏ ਹੋਣਗੇ। ਜੰਗ ਤੋਂ ਬਚਣ ਲਈ ਦੱਖਣ ਵੱਲ ਇਰਾਨ ਜਾਂ ਹਿੰਦੋਸਤਾਨ ਵੱਲ ਗਏ ਹੋਣਗੇ। ਇਨ੍ਹਾਂ ਪੈਂਡਿਆਂ ਦੇ ਪੱਕੇ ਸਬੂਤ ਨਹੀਂ ਹਨ। ਵਧੇਰੇ ਜ਼ੁਬਾਨੀ ਖੁਲਾਸੇ ਮਿਲਦੇ ਹਨ ਜਿਨ੍ਹਾਂ ਰਾਹੀਂ ਵਿਰੋਧੀਆਂ ਨੂੰ ਸੋਵੀਅਤ ਯੂਨੀਅਨ ਦੀ ਬਦਨਾਮੀ ਕਰਨ ਦਾ ਮਸਾਲਾ ਲਾਜ਼ਮੀ ਮਿਲ ਜਾਂਦਾ ਹੈ। ‘ਦਿ ਵੇਅ ਬੈਕ’ ਕਿਸੇ ਇਤਿਹਾਸਕ ਤੱਥ, ਖ਼ੋਜ ਜਾਂ ਸਫ਼ਰ ਵਿਚ ਦਿਲਚਸਪੀ ਰੱਖਣ ਵਾਲੇ ਫ਼ਿਲਮਸਾਜ਼ ਦੀ ਕਿਰਤ ਨਾਲੋਂ ਕਮਿਉਨਿਜ਼ਮ ਦੇ ਭੰਡੀ-ਪ੍ਰਚਾਰ ਦਾ ਮਕਸਦ ਵਧੇਰੇ ਲੱਗਦੀ ਹੈ। ਇਸੇ ਕੜੀ ਵਿਚ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਮਸ਼ਕ ਦੇਖੀ ਜਾ ਸਕਦੀ ਹੈ।
Leave a Reply