ਸੁਖਮਿੰਦਰ ਸਿੰਘ ਸੇਖੋਂ
ਫੋਨ: +91-98145-07693
ਕੋਈ ਵੀ ਅਜਿਹਾ ਹਿੰਦੀ ਸਿਨੇਮਾ ਪ੍ਰੇਮੀ ਨਹੀਂ ਹੋਵੇਗਾ ਜੋ ਬਲਦੇਵ ਰਾਜ ਚੋਪੜਾ ਨੂੰ ਨਾ ਜਾਣਦਾ ਹੋਵੇ; ਵਿਸ਼ੇਸ਼ ਕਰ ਕੇ ਗਹਿਰਾਈ ਨਾਲ ਸਿਨੇਮਾ ਨੂੰ ਮਾਣਨ ਤੇ ਸਮਝਣ ਵਾਲਾ ਤਾਂ ਅਜਿਹਾ ਕੋਈ ਵੀ ਸ਼ਖ਼ਸ ਨਹੀਂ ਹੋਵੇਗਾ। ਲਾਹੌਰ ਤੋਂ ਚੱਲ ਕੇ ਬੰਬੇ (ਮੁੰਬਈ) ਤੱਕ ਦਾ ਰਸਤਾ ਤੈਅ ਕਰਨ ਵਾਲਾ ਇਹ ਫਿਲਮੀ ਕਾਮਾ ਕਦੇ ਥੱਕਿਆ ਹਾਰਿਆ ਨਹੀਂ ਤੇ ਆਪਣੇ ਬਲਬੂਤੇ ਆਪਣਾ ਮੁਕਾਮ ਹਾਸਲ ਕੀਤਾ। ਉਸ ਦਾ ਜਨਮ 22 ਅਪਰੈਲ 1914 ਨੂੰ ਹੋਇਆ
। ਐੱਮ.ਏ. ਅੰਗਰੇਜ਼ੀ ਲਿਟਰੇਚਰ ਵਿਚ ਕਰਨ ਵਾਲੇ ਇਸ ਸ਼ਖ਼ਸ ਨੇ ਆਪਣੇ ਸ਼ੁਰੂਆਤੀ ਦੌਰ ਵਿਚ ਫਿਲਮੀ ਪੱਤਰਕਾਰੀ ਵੀ ਕੀਤੀ ਪਰ ਫਿਲਮਾਂ ਵਿਚ ਨਿਰਦੇਸ਼ਨ ਕਰਨ ਦੇ ਜਨੂਨ ਨੇ ਫਿਲਮ ਇੰਡਸਟਰੀ ਵਿਚ ਉਸ ਲਈ ਆਪਣੇ ਦੁਆਰ ਖੋਲ੍ਹ ਦਿੱਤੇ ਅਤੇ ਉਸ ਨੇ ਫਿਲਮ ‘ਚਾਂਦਨੀ ਚੌਕ` ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰ ਕੇ।
ਬੀ.ਆਰ. ਨੇ ਆਪਣੇ ਲੰਮੇ ਕਾਰਜਕਾਲ ਦੌਰਾਨ ਬੇਸ਼ੱਕ ਅਨੇਕਾਂ ਫਿਲਮਾਂ ਦਾ ਨਿਰਮਾਣ ਕੀਤਾ ਪਰ ਇੱਥੇ ਆਪਾਂ ਕੇਵਲ ਉਸ ਦੀਆਂ ਕੁਝ ਕੁ ਫਿਲਮਾਂ ਦਾ ਜ਼ਿਕਰ ਹੀ ਕਰਾਂਗੇ। ਉਸ ਨੇ ਸਿਨੇਮਾ ਪ੍ਰੇਮੀਆਂ ਨੂੰ ਮਨੋਰੰਜਨ ਦੇ ਨਾਲ ਨਾਲ ਸੇਧਾਤਮਕ ਫਿਲਮਾਂ ਵੀ ਦਿੱਤੀਆਂ ਜਿਵੇਂ ‘ਕਾਨੂੰਨ`, ‘ਸਾਧਨਾ`, ‘ਇਤਫਾਕ`, ‘ਆਦਮੀ ਔਰ ਇਨਸਾਨ`। ‘ਗੁੰਮਰਾਹ` ਤੇ ‘ਵਕਤ` ਵੀ ਚੰਗੀਆਂ ਫਿਲਮਾਂ ਵਿਚ ਸ਼ੁਮਾਰ ਹੁੰਦੀਆਂ ਹਨ ਪਰ ਇੱਥੇ ਉਸ ਦੀਆਂ ਕੇਵਲ ਦੋ ਫਿਲਮਾਂ ਦਾ ਹੀ ਵਿਸ਼ੇਸ਼ ਤੌਰ `ਤੇ ਜ਼ਿਕਰ ਕਰਾਂਗੇ, ਉਹ ਹਨ ‘ਨਿਕਾਹ` ਤੇ ‘ਇਨਸਾਫ ਕਾ ਤਰਾਜ਼ੂ`। ‘ਨਿਕਾਹ` ਵਿਚ ਰਾਜ ਬੱਬਰ ਦੇ ਨਾਲ ਦੋ ਨਵੇਂ ਚਿਹਰਿਆਂ ਦੀਪਕ ਪ੍ਰਾਸ਼ਰ ਅਤੇ ਪਾਕਿਸਤਾਨੀ ਅਦਾਕਾਰਾ ਤੇ ਗਾਇਕਾ ਸਲਮਾ ਆਗਾ ਨੂੰ ਪੇਸ਼ ਕੀਤਾ ਗਿਆ ਸੀ। ਦੋ ਪ੍ਰੇਮੀ (ਦੀਪਕ ਤੇ ਸਲਮਾ) ਜਦੋਂ ਵਿਆਹ ਬੰਧਨ ਵਿਚ ਬੱਝ ਜਾਂਦੇ ਹਨ ਤਾਂ ਸ਼ੁਰੂਆਤ ਦੇ ਕੁਝ ਦਿਨ ਤਾਂ ਠੀਕ ਹੀ ਬੀਤਦੇ ਹਨ ਜਿਵੇਂ ਆਮ ਜੀਵਨ ਵਿਚ ਸਾਰਿਆਂ ਨਾਲ ਹੁੰਦਾ ਹੈ ਪਰ ਹੌਲੀ-ਹੌਲੀ ਜ਼ਿੰਦਗੀ ਦੂਸਰੀ ਤਰਫ਼ ਕਰਵਟ ਲੈਣ ਲੱਗਦੀ ਹੈ ਤੇ ਦੋਵਾਂ ਦੇ ਵਿਆਹੁਤਾ ਜੀਵਨ ਵਿਚ ਤਰੇੜਾਂ ਪੈਣ ਲੱਗਦੀਆਂ ਹਨ। ਤੂੰ-ਤੂੰ ਮੈਂ-ਮੈਂ ਤੋਂ ਹੱਥੋਪਾਈ ਤੱਕ ਵੀ ਗੱਲ ਵਧਣ ਲੱਗਦੀ ਹੈ ਪਰ ਇਸ ਦਰਮਿਆਨ ਸਲਮਾ ਨੂੰ ਜ਼ਿੰਦਗੀ ਦੇ ਇਸ ਮੋੜ `ਤੇ ਰਾਜ ਬੱਬਰ ਨਾਂ ਦਾ ਨੌਜਵਾਨ ਮਿਲਦਾ ਹੈ ਜੋ ਸਲਮਾ ਵਾਂਗ ਹੀ ਕਲਾ ਪ੍ਰੇਮੀ ਹੈ ਤੇ ਉਸ ਵਾਂਗ ਹੀ ਗਾਉਣ ਦਾ ਸ਼ੌਕ ਰੱਖਦਾ ਹੈ। ਗੀਤ ਗਾਉਣ ਵਿਚ ਇੱਕ ਦੂਸਰੇ ਦੀ ਕਹਾਣੀ ਬਿਆਨ ਹੋਣ ਲੱਗਦੀ ਹੈ। ਕਹਾਣੀ ਹੋਰ ਅਗਾਂਹ ਤੁਰਦੀ ਹੈ ਤੇ ਸਲਮਾ ਦੀਪਕ ਤੋਂ ਤਲਾਕ ਲੈ ਕੇ ਰਾਜ ਦੀ ਹੋ ਜਾਂਦੀ ਹੈ ਪਰ ਫਿਲਮ ਦਾ ਕਲਾਈਮੈਕਸ ਦੇਖਣਯੋਗ ਹੈ। ਸਲਮਾ ਚੀਕ ਉੱਠਦੀ ਹੈ, “ਪਹਿਲਾਂ ਇੱਕ ਨਾਲ ਪਿਆਰ ਕੀਤਾ, ਫੇਰ ਦੂਸਰੇ ਨਾਲ ਅਤੇ ਹੁਣ ਮਰਦ ਸਮਾਜ ਦਾ ਚਲਨ ਦੇਖੋ, ਦੂਸਰਾ ਸ਼ਖ਼ਸ ਮੈਨੂੰ ਤਲਾਕ ਦੇਣ ਲਈ ਕਹਿੰਦਾ ਹੈ? ਮੈਂ ਤਾਂ ਸਮਝੋ ਦੋ ਮਰਦਾਂ ਵਿਚਕਾਰ ਘਿਰ ਗਈ, ਨਾ ਇਸ ਦੀ ਰਹੀ ਤੇ ਨਾ ਦੂਸਰੇ ਦੀ ਹੋਈ? ਔਰਤ ਜਾਵੇ ਤਾਂ ਕਿੱਥੇ ਜਾਵੇ? ਕੀ ਔਰਤ ਕਠਪੁਤਲੀ ਹੈ?” ਇਸ ਕਲਾਈਮੈਕਸ ਨੂੰ ਦੇਖ ਕੇ ਦਰਸ਼ਕ ਵੀ ਸੁੰਨ ਰਹਿ ਜਾਂਦਾ ਹੈ। ਫਿਲਮ ਸੁਪਰ ਹਿੱਟ ਸਾਬਤ ਹੋਈ ਤੇ ਦਰਸ਼ਕਾਂ ਤੋਂ ਇਲਾਵਾ ਸਿਨੇਮਾ ਆਲੋਚਕਾਂ ਵੱਲੋਂ ਵੀ ਇਸ ਨੂੰ ਵਧੀਆ ਨੰਬਰ ਦਿੱਤੇ ਗਏ। ਇਸ ਫਿਲਮ ਦਾ ਪਹਿਲਾਂ ਨਾਮਕਰਨ ‘ਤਲਾਕ, ਤਲਾਕ, ਤਲਾਕ` ਕੀਤਾ ਸੀ ਪਰ ਬੀ.ਆਰ. ਨੇ ਕੁਝ ਸਿਆਣੇ ਬੰਦਿਆਂ ਦੀ ਸਲਾਹ ਨਾਲ ਇਸ ਦਾ ਅੰਤਿਮ ਨਾਮ ਰੱਖਿਆ- ‘ਨਿਕਾਹ`।
ਫਿਲਮ ‘ਇਨਸਾਫ ਕਾ ਤਰਾਜ਼ੂ` ਵੀ ਇਸਤਰੀ ਮਨ ਤੇ ਮਸਲੇ ਨਾਲ ਸਬੰਧਿਤ ਸੀ ਪਰ ਇਸ ਦਾ ਵਿਸ਼ਾ ਪਹਿਲੀ ਨਾਲੋਂ ਬਿਲਕੁਲ ਹਟ ਕੇ ਸੀ। ਮਾਡਲ ਜ਼ੀਨਤ ਅਮਾਨ ਉੱਪਰ ਰਾਜ ਬੱਬਰ ਫਿਦਾ ਹੋ ਜਾਂਦਾ ਹੈ। ਫਿਦਾ ਤੋਂ ਭਾਵ ਇਹ ਨਹੀਂ ਕਿ ਉਹ ਉਸ ਨੂੰ ਦਿਲੋਂ ਪ੍ਰੇਮ ਪਿਆਰ ਕਰਨ ਲੱਗਦਾ ਹੈ ਬਲਕਿ ਇੱਦਾਂ ਕਹਿ ਸਕਦੇ ਹਾਂ ਕਿ ਉਹ ਉਸ ਦੇ ਰੰਗ ਰੂਪ ਤੇ ਸਰੀਰ ਵੱਲ ਖਿੱਚਿਆ ਜਾਂਦਾ ਹੈ ਪਰ ਜਦੋਂ ਤਿਤਲੀ ਹੱਥ ਨਹੀਂ ਲੱਗਦੀ ਤਾਂ ਉਸ ਦੇ ਖੰਭ ਮਰੋੜਨ ਦਾ ਨਿਸ਼ਚਾ ਕਰ ਲੈਂਦਾ ਹੈ ਤੇ ਉਸ ਨੂੰ ਆਪਣੇ ਇਸ ਨਾਪਾਕ ਇਰਾਦੇ ਵਿਚ ਸਫਲਤਾ ਵੀ ਹਾਸਲ ਹੁੰਦੀ ਹੈ। ਨਾਇਕਾ ਬਲਾਤਕਾਰ ਦੀ ਸ਼ਿਕਾਰ ਹੋ ਜਾਂਦੀ ਹੈ ਪਰ ਉਹ ਲੜਦੀ ਹੈ। ਆਪਣੀ ਇੱਜ਼ਤ ਦੀ ਬਹਾਲੀ ਵਾਸਤੇ ਲੜਾਈ ਕਰਦੀ ਹੈ ਪਰ ਰਾਜ ਨਾਂ ਦਾ ਪਾਤਰ ਏਥੇ ਹੀ ਚੁੱਪ ਨਹੀਂ ਕਰਦਾ ਜਦੋਂ ਉਸ ਨੂੰ ਜ਼ੀਨਤ ਦੀ ਛੋਟੀ ਭੈਣ ਪਦਮਨੀ ਕੋਹਲਾਪੁਰੀ ਦੀ ਝਲਕ ਮਿਲਦੀ ਹੈ ਤਾਂ ਉਹ ਉਸ ਨਾਬਾਲਗ `ਤੇ ਵੀ ਮੋਹਿਤ ਹੋ ਜਾਂਦਾ ਹੈ ਅਤੇ ਆਪਣੀ ਅਯਾਸ਼ੀ ਨੂੰ ਅੰਜਾਮ ਦਿੰਦਾ ਹੈ। ਉਹ ਪਦਮਨੀ ਨੂੰ ਹੌਲੀ-ਹੌਲੀ ਪਿਆਰ ਨਾਲ ਤੇ ਫੇਰ ਡਰਾ ਕੇ ਆਪਣਾ ਮਕਸਦ ਪੂਰਾ ਕਰਦਾ ਹੈ। ਮਾਸੂਮ, ਨਾਬਾਲਗ ਅਤੇ ਬੇਵੱਸ ਲੜਕੀ ਕਰ ਵੀ ਕੀ ਸਕਦੀ ਸੀ? ਬੇਸ਼ੱਕ ਇਸ ਕੁਝ ਮਿੰਟਾਂ ਦੇ ਲੰਮੇ ਸੀਨ ਨੂੰ ਚੋਪੜਾ ਪ੍ਰੋਡਕਸ਼ਨ ਨੇ ਚਟਖਾਰੇ ਨਾਲ ਪੇਸ਼ ਕੀਤਾ ਪਰ ਉਹ ਵਿਸ਼ੇ ਪੱਖੋਂ ਆਪਣੇ ਮੰਤਵ ਦੀ ਪੂਰਤੀ ਵੀ ਕਰ ਗਏ। ਜਿਵੇਂ ਕਹਿੰਦੇ ਨੇ ਰਾਵਣ ਜਾਂ ਹਰਨਾਕਸ ਵਗੈਰਾ ਜਿੰਨੇ ਮਰਜ਼ੀ ਅੱਤਿਆਚਾਰ ਕਰ ਲੈਣ, ਅਖੀਰ ਜਿੱਤ ਤਾਂ ਬਦੀ `ਤੇ ਨੇਕੀ ਦੀ ਹੀ ਹੁੰਦੀ ਹੈ। ਫਿਰ ਦਰਸ਼ਕਾਂ ਸਾਹਮਣੇ ਧਰਮਿੰਦਰ ਆ ਗਰਜਦਾ ਹੈ। ਫ਼ੌਜ ਵਿਚੋਂ ਰਿਟਾਇਰ ਹੋਇਆ ਇਹ ਕਿਰਦਾਰ ਰਾਜ ਬੱਬਰ ਦਾ ਬੱਧ ਕਰ ਦਿੰਦਾ ਹੈ। ਅਦਾਲਤ ਉਸ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਉਸ ਦਾ ਪੱਖ ਸੁਣਨਾ ਚਾਹੁੰਦੀ ਹੈ ਤਾਂ ਉਹ ਲੰਮਾ ਡਾਇਲਾਗ ਬੋਲਦਾ ਹੈ ਜਿਸ ਦਾ ਸਾਰ ਹੈ, “ਮੈਂ ਫ਼ੌਜ ਵਿਚ ਰਿਹਾ, ਲੜਾਈ ਵੇਲੇ ਦੁਸ਼ਮਣਾਂ ਦੇ ਛੱਕੇ ਛੁੜਾਏ ਤੇ ਮੇਰੀ ਵਰਦੀ `ਤੇ ਤਗ਼ਮੇ ਤੇ ਤਗ਼ਮੇ ਲੱਗਦੇ ਚਲੇ ਗਏ ਪਰ ਅੱਜ? ਬੇਸ਼ੱਕ ਮੈਨੂੰ ਕੋਈ ਵੀ ਤਗ਼ਮਾ ਨਾ ਮਿਲੇ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜੰਗ ਸਮੇਂ ਮੈਂ ਬਾਹਰੀ ਦੁਸ਼ਮਣਾਂ ਦਾ ਸਫਾਇਆ ਕੀਤਾ ਅਤੇ ਹੁਣ? ਅੱਜ ਘਰ ਦੇ ਦੁਸ਼ਮਣ, ਭਾਵ ਆਪਣੇ ਦੇਸ਼ ਦੇ ਅੰਦਰੂਨੀ ਦੁਸ਼ਮਣ ਨੂੰ ਸਜ਼ਾ ਸੁਣਾਈ ਹੈ ਜਿਸ ਦਾ ਮੈਨੂੰ ਕੋਈ ਦੁੱਖ ਜਾਂ ਪਛਤਾਵਾ ਨਹੀਂ ਬਲਕਿ ਮੈਂ ਇਸ `ਤੇ ਫਖ਼ਰ ਮਹਿਸੂਸ ਕਰਦਾ ਹਾਂ।”
ਕੁੱਲ ਮਿਲਾ ਕੇ ਦੇਖਿਆਂ ਤਾਂ ਇਨ੍ਹਾਂ ਦੋ ਫਿਲਮਾਂ ਵਿਚੋਂ ਸਾਡੇ ਪ੍ਰੋੜ ਤੇ ਪੁਰਾਣੇ ਫਿਲਮਸਾਜ਼ ਬਲਦੇਵ ਰਾਜ ਚੋਪੜਾ ਦਾ ਅਕਸ ਇਸਤਰੀ ਪੱਖੀ ਵਜੋਂ ਉੱਭਰਦਾ ਹੈ। ਉਸ ਦੀ ਹੀ ਇੱਕ ਹੋਰ ਫਿਲਮ ‘ਬਾਗਬਾਨ’ ਦਾ ਜ਼ਿਕਰ ਆਪਾਂ ਕਦੀ ਫੇਰ ਕਰਾਂਗੇ ਪਰ ਚੱਲਦੇ ਚੱਲਦੇ ਏਨਾ ਹੀ ਕਹਿਣਾ ਕਾਫ਼ੀ ਹੋਵੇਗਾ ਕਿ ਜਦੋਂ ਅਮਤਿਾਭ ਬਚਨ ਆਪਣੀ ਨਾਵਲੀ ਰਚਨਾ ‘ਬਾਗਬਾਨ` ਦੇ ਪ੍ਰਸੰਗ ਵਿਚ ਸਟੇਜ ਤੋਂ ਉਤਰ ਕੇ ਆਉਂਦਾ ਹੈ ਤਾਂ ਉਸ ਦੀ ਪਤਨੀ ਹੇਮਾ ਮਾਲਿਨੀ ਵੀ ਨਾਲ ਹੁੰਦੀ ਹੈ। ਮੁਆਫ਼ੀ ਵਜੋਂ ਉਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਅਮਤਿਾਭ ਬਚਨ ਏਨਾ ਕਹਿ ਕੇ ਆਪਣੀ ਪਤਨੀ ਨਾਲ ਅਗਾਂਹ ਟੁਰ ਪੈਂਦਾ ਹੈ- “ਜੋ ਬੱਚੇ ਅਪਨੇ ਮਾਂ ਬਾਪ ਕੋ ਪਿਆਰ ਨਹੀਂ ਕਰਤੇ, ਉਨਹੇ ਮੈਂ ਕਭੀ ਮਾਫ ਨਹੀਂ ਕਰਤਾ।” ਪ੍ਰਤੀਕਾਤਮਕ ਨਜ਼ਰੀਏ ਤੋਂ ਫਿਲਮ ਦਾ ਵਧੀਆ ਅੰਤ ਹੋ ਜਾਂਦਾ ਹੈ ਜੋ ਸਲਾਹੁਣਯੋਗ ਬਣਦਾ ਹੈ। ਅਜਿਹੀਆਂ ਹੀ ਕੁਝ ਫਿਲਮਾਂ ਕਰ ਕੇ ਤਾਂ ਅਸੀਂ ਬੀ.ਆਰ. ਚੋਪੜਾ ਨੂੰ ਔਰਤਾਂ ਦਾ ਵਕੀਲ ਕਹਿੰਦੇ ਹਾਂ। ਬਹੁ-ਚਰਚਿਤ ਟੀਵੀ ਲੜੀਵਾਰ ‘ਮਹਾਂਭਾਰਤ` ਤੇ ‘ਬਹਾਦਰਸ਼ਾਹ ਜ਼ਫਰ` ਦਾ ਨਿਰਮਾਣ ਕਰਨ ਵਾਲਾ ਇਹ ਸ਼ਖ਼ਸ 94 ਵਰਿ੍ਹਆਂ ਦੀ ਲੰਮੀ ਉਮਰ ਭੋਗ ਕੇ 5 ਨਵੰਬਰ 2008 ਨੂੰ ਰੁਖ਼ਸਤ ਹੋ ਗਿਆ।