ਕਰਮ ਸਿੰਘ ਮਾਨ
ਫੋਨ: 559-261-5024
ਜਿਸ ਆਇਤਕਾਰ ਪਾਰਕ ਦੀ ਗੱਲ ਮੈਂ ਕਰਦਾ ਹਾਂ, ਇਸ ਦਾ ਘੇਰਾ ਅੱਧ ਮੀਲ ਦਾ ਹੈ। ਇਸ ਦੇ ਚਾਰ-ਚੁਫੇਰੇ ਤੁਰਨ ਲਈ ਖੁਲ੍ਹੀ ਸਾਈਡ ਵਾਕ ਹੈ, ਜਿਸ ‘ਤੇ ਤਿੰਨੇ ਬੰਦੇ ਅਸਾਨੀ ਨਾਲ ਬਰਾਬਰ ਤੁਰ ਸਕਦੇ ਹਨ। ਸਾਈਡ ਵਾਕ ਦੇ ਨਾਲ ਨਾਲ ਸ਼ਰਬਜ ਤੇ ਸਦਾ ਬਹਾਰ ਫੁੱਲ ਬੂਟੇ। ਇਕ ਪਾਸੇ ਕਨੇਰ ਦੇ ਫੁੱਲਾਂ ਦੀ ਕੰਧ ਜਿਹੀ ਬਣੀ ਖੜ੍ਹੀ ਹੈ। ਮਦਾਨ ਵਿਚ ਮਖ਼ਮਲੀ ਹਰਾ ਕਚੂਰ ਘਾਹ ਹੈ।
ਟੈਨਿਸ ਕੋਰਟ, ਵਾਲੀਬਾਲ, ਫਾਲੀਡ ਹਾਕੀ, ਸਾਕਰ ਲਈ ਗਰਾਊਂਡਾਂ। ਇਕ ਖੂੰਜੇ ਵਿਚ ਬੱਚਿਆ ਲਈ ਝੂਲੇ, ਸਲਾਈਡਾਂ ਤੇ ਪੀਂਘਾ ਆਦਿ। ਉਸਦੇ ਚੜ੍ਹਦੇ ਪਾਸੇ ਖੁੱਲ੍ਹੇ ਪਿਸ਼ਾਬ ਘਰ। ਰੁਖਾਂ `ਤੇ ਚੁਰਚੁਰ ਕਰਦੇ ਪੰਛੀ। ਥਾਂ-ਥਾਂ ‘ਤੇ ਬੈਠਣ ਲਈ ਬੈਂਚ। ਦੱਖਣ ਦੀ ਦਿਸ਼ਾ ਵੱਲ ਛੋਟਾ ਹਾਲ, ਚਾਰੇ ਪਾਸਿਆਂ ਤੋਂ ਖੁੱਲ੍ਹਾ, ੳੁੱਪਰ ਢਾਲੂ ਛੱਤ। ਇੰਜ ਲਗਦਾ ਜਿਵੇਂ ਹਾਲ ਸਿਰ `ਤੇ ਛਤਰੀ ਲਈ ਖੜ੍ਹਾ ਹੋਵੇ। ਉੱਚੇ ਉੱਚੇ ਖੰਭਿਆਂ ‘ਤੇ ਜਲਦੇ ਲਾਟੂ ਅਤੇ ਟਿਊਬਾਂ ਐਨਾ ਚਾਨਣ ਸੁੱਟਦੇ ਹਨ ਕਿ ਰਾਤ ਦੇ ਹਨੇਰੇ ਵਿਚ ਕੀੜੀ ਫਿਰਦੀ ਦਿਸਦੀ ਹੈ।
ਸਵੇਰ ਦੇ ਛੇ ਵਜੇ ਤੋਂ ਰਾਤ ਦੇ ਦਸ ਵਜੇ ਤੱਕ ਇਸ ਪਾਰਕ ਵਿਚ ਜ਼ਿੰਦਗੀ ਹਰ ਵੇਲੇ ਮਚਲਦੀ ਹੈ। ਪੈਰਾਂ ਵਿਚ ਪੰਜੇਬਾਂ ਪਾ ਕੇ ਨਚਦੀ, ਭੰਗੜਾ ਪਾਉਂਦੀ ਜ਼ਿੰਦਗੀ। ਇੱਥੇ ਤਾਂ ਇਉਂ ਲਗਦਾ ਹੈ, ਗ਼ਮ ਵਰਗੀ ਕੋਈ ਚੀਜ਼ ਹੈ ਈ ਨਹੀਂ ਇਸ ਜ਼ਿੰਦਗੀ ਵਿਚ। ਪੂਰੀ ਗਹਮਾ-ਗਹਿਮੀ ਤੇ ਚਹਿਲ-ਪਹਿਲ ਰਹਿੰਦੀ ਹੈ ਇਸ ਪਾਰਕ ਵਿਚ। ਇਕੱਲੇ-ਇਕਹਿਰੇ, ਜੋਟੀਆਂ ਵਿਚ ਘੁੰਮਦੇ, ਬੈਂਚਾਂ ‘ਤੇ ਬੈਠੇ ਗੱਲਾਂ ਕਰਦੇ। ਸਾਈਕਲ ਚਲਾਉਂਦੇ ਕਿਲਕਾਰੀਆਂ ਮਾਰਦੇ ਬੱਚੇ। ਸਟਰੋਲਰਾਂ ਵਿਚ ਬੱਚੇ ਲੈ ਕੇ ਜ਼ਿੰਦਾ ਦਿਲ ਜਵਾਨ ਮੁਟਿਆਰਾਂ, ਔਰਤਾਂ। ਭੜਕੀਲੇ ਕੱਪੜੇ, ਕਰੀਮ ਨਾਲ ਚੋਪੜੀਆਂ ਗੱਲਾਂ। ਬੁਲਾਂ ‘ਤੇ ਲਿਪਸਟਿਕ, ਜਿਵੇਂ ਹੁਣੇ ਡੋਲੀ ਵਿਚ ਬੈਠਣਾ ਹੋਵੇ। ਕੁੱਤੇ ਲੈ ਕੇ ਘੁੰਮਦੀਆਂ ਔਰਤਾਂ। ਕਿਸ ਕੋਲ ਇਕ, ਕਿਸੇ ਕੋਲ ਦੋ ਅਤੇ ਕਿਸੇ ਕੋਲ ਤਿੰਨ ਤੋਂ ਵੀ ਵੱਧ। ਗੋਰੇ-ਕਾਲੇ ਦੁਨੀਆਂ ਦੇ ਹਰ ਹਿੱਸੇ ’ਚੋਂ ਆ ਕੇ ਇੱਥੇ ਵਸੇ ਲੋਕ ਇਸ ਪਾਰਕ ਵਿਚ ਆਉਂਦੇ ਹਨ।
ਪਾਰਕ ਵਿਚ ਸੈਰ ਕਰਨ ਤਾਂ ਬਹੁਤ ਆਉਂਦੇ ਹਨ ਪਰ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਆਪਣੀ ਵੱਖਰੀ ਨੁਹਾਰ ਹੁੰਦੀ ਹੈ। ਜਿਨ੍ਹਾਂ ਦੀ ਹਾਜ਼ਰੀ ਨਾਲ ਪਾਰਕ ਭਰਿਆ-ਭਰਿਆ ਲਗਦਾ ਹੈ ਤੇ ਗੈਰ- ਹਾਜ਼ਰੀ ਨਾਲ ਸੁੰਨਾਂ, ਸੱਖਣਾ। ਕੁਝ ਅਜਿਹੇ ਮਗ਼ਰੂਰ ਵੀ ਜਿਨ੍ਹਾਂ ਦੀ ਹੋਂਦ ਵੀ ਰੜਕਦੀ ਹੈ ਤੇ ਗੈਰ ਹਾਜ਼ਰੀ ਵੀ। ਕਿਸੇ ਨਾਲ ਵੱਖਰੀ ਸਾਂਝ ਹੁੰਦੀ ਹੈ, ਕੋਈ ਆਂਢ-ਗੁਆਂਢ, ਜਾਤ ਬਰਾਦਰੀ ਦੀ ਤੇ ਜਾਂ ਕੋਈ ਹੋਰ।
ਮੀਨਾ ਤਾਂ ਪਤਾ ਨਹੀਂ ਕਿੰਨੇ ਚਿਰ ਤੋਂ ਆ ਰਹੀ ਹੈ, ਇਸ ਪਾਰਕ ਵਿਚ। ਉਹ ਹਰ ਰੋਜ਼ ਸਵੇਰ ਦੇ ਅੱਠ ਵਜੇ ਪਾਰਕ ਵਿਚ ਆਉਂਦੀ ਹੈ। ਹਰਮੀਤ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਦੇ ਚੱਕਰ ਕੱਟਣ ਲਗਦੀ ਹੈ। ਇਕ ਨਹੀਂ, ਦੋ ਨਹੀਂ ਪੂਰੇ ਸੱਤ ਚੱਕਰ ਕਟਦੀ ਹੈ। ਜਿਵੇਂ ਉਹ ਪਾਰਕ ਨਾਲ ਸੱਤ ਫੇਰੇ ਲੈਂਦੀ ਹੋਵੇ। ਚੁੱਪ ਕਰਕੇ ਤੁਰੀ ਫਿਰਦੀ ਹੈ। ਕਿਸੇ ਨਾਲ ਹੈਲ਼ੋ-ਸ਼ੈਲੋ ਨਾ ਸਾਹਿਬ ਸਲਾਮ। ਮੱਚੀ ਜਿਹੀ। ਵੇਖਣ ਵਾਲੇ ਦਾ ਮੂਡ ਖਰਾਬ ਕਰਦੀ ਹੈ। ਹਰ ਵੇਲੇ ਚੰਦਰਾ ਜਿਹਾ ਮੂੰਹ ਬਣਾਈ। ਜੇ ਚੰਦਰਾ ਜਿਹਾ ਮੂੰਹ ਬਣਾ ਕੇ ਤੁਰਨਾ ਕਿਤੇ ਹੋਰ ਸੈਰ ਕਰ ਲਿਆ ਕਰੇ। “ਕੋਹ ਕਾਫ਼ ਦੀ ਪਰੀ ਨ੍ਹੀ ਤੂੰ? ਆਹ, ਸੈਂਡੀ, ਲਿੰਡਾ, ਮਰੀਆ ਤੇ ਸੋਫੀਆ ਵੱਲ ਈ ਵੇਖ ਲਿਆ ਕਰ ਤੂੰ? ਕੁਝ ਤਾਂ ਸਿੱਖ ਲਾ ਇਨ੍ਹਾਂ ਤੋਂ” ਹਰਮੀਤ ਸੋਚਦਾ।
ਬਹੁਤ ਹੀ ਦਿਲਚਸਪ ਔਰਤ ਹੈ ਸੈਂਡੀ। ਗੱਠਵਾਂ ਸਰੀਰ ਨੈਣ ਨਕਸ਼ ਬਹੁਤੇ ਤਿੱਖੇ ਤਾਂ ਨਹੀਂ ਪਰ ਉਸਦੀ ਦਿੱਖ ਤਾਂ ਆਪਣੀ ਹੈ। ਪੂਰੀ ਦਿਲਕਸ਼। ਉਸਦੇ ਚਿਹਰੇ ‘ਤੇ ਫੈਲੀ ਮੁਸਕਾਨ, ਮੰਤਰ-ਮੁਗਧ ਕਰ ਦਿੰਦੀ ਹੈ। ਉਹ ਪੂਰੇ ਦਸ ਚੱਕਰ ਕਟਦੀ ਹੈ, ਇਸ ਪਾਰਕ ਦੇ। ਉਹ ਹਰ ਗੇੜੇ, ਅੱਖਾਂ ਵਿਚ ਅੱਖਾਂ ਪਾ ਕੇ ਬਹੁਤ ਮੁਸਕਰਾ ਕੇ ਸੁਗੰਧ ਸਮੀਰ ਦੇ ਝੋਕੇ ਵਾਂਗ ਲੰਘ ਜਾਂਦੀ ਹੈ ਕੋਲ ਦੀ। ਕਿੰਨੀ ਫੁਰਤੀ ਹੈ ਉਸਦੇ ਕਦਮਾਂ ’ਚ। ਪੱਬ ਧਰਤੀ ‘ਤੇ ਲਗਦੇ ਈ ਨ੍ਹੀਂ ਦਿਸਦੇ। ਪਹਿਲੇ ਗੇੜੇ ਉਹ ‘ਗੁੱਡ ਮਾਰਨਿੰਗ’ ਕਹਿੰਦੀ, ਦੂਜੇ ਗੇੜੇ ਮੌਸਮ ਦੀ ਗੱਲ ਕਰਦੀ, ਤੀਜੇ ਪਰਿਵਾਰ ਦਾ ਹਾਲ-ਚਾਲ ਪੁੱਛਦੀ, ਚੌਥੇ ਆਪਣਾ ਸੁਣਾਉਂਦੀ, ਆਖਰੀ ਚੱਕਰ ਸ਼ੁਭ ਇਛਾਵਾਂ ਕਹਿੰਦੀ, ਅਗਲੇ ਦਿਨ ਮਿਲਣ ਕਹਿੰਦੀ ਤੁਰ ਜਾਂਦੀ ਹੈ। ਉਸਦੇ ਜਾਣ ਪਿੱਛੋਂ ਇਉਂ ਲਗਦਾ ਹੈ ਜਿਵੇਂ ਬਾਗ ਵਿਚੋਂ ਬਹਾਰ ਅਲੋਪ ਹੋ ਗਈ ਹੋਵੇ ਤੇ ਲਿੰਡਾ ਵੀ ਤਾਂ!
ਲਿੰਡਾ! ਥਮਲੇ ਵਰਗੀ ਲਿੰਡਾ ਚੰਦਨ ਦੀ ਗੇਲੀ ਵਰਗੇ ਪੱਟ। ਚੋਪੜੇ-ਚੋਪੜੇ। ਤੁਰਦੀ ਦੇ ਪੈਰਾਂ ਥੱਲੇ ਧਰਤੀ ਧਮਕਦੀ। ਤੁਰਦੀ ਦਾ ਸਾਹ ਚੜ੍ਹ ਜਾਂਦਾ ਹੈ। ਉਹ ਆਪਣੇ ਦੋਵੇਂ ਕੁੱਤੇ ਲ਼ੈ ਕੇ ਪਾਰਕ ਵਿਚ ਆਉਂਦੀ ਹੈ। ਦਰਮਿਆਨੇ ਕੱਦ ਦੇ, ਭੂਸਲੇ ਰੰਗ ਦੇ। ਉਸਨੂੰ ਆਪਣੀ ਸਿਹਤ ਨਾਲੋਂ ਕੁੱਤਿਆਂ ਦਾ ਵੱਧ ਖਿਆਲ ਹੈ। ਉਹ ਹੱਥ ਵਿਚ ਫੜੀ ਬਾਲ ਵਗਾਹ ਕੇ ਮਾਰਦੀ, ਕੁੱਤੇ ਉਸਨੂੰ ਚੁੱਕ ਕੇ ਉਸ ਕੋਲ ਵਾਪਸ ਆ ਜਾਂਦੇ ਹਨ। ਉਹ ਫਿਰ ਬਾਲ ਸੁੱਟਦੀ ਹੈ ਤੇ ਕੁੱਤੇ ਉਸਨੂੰ ਚੁੱਕ ਕੇ ਵਾਪਸ ਆ ਜਾਂਦੇ ਹਨ। ਉਹ ਬਾਲ ਸੁੱਟਦੀ ਹਫ ਜਾਂਦੀ ਆ। ਉਸ ਨੂੰ ਸਾਹ ਦਿਵਾਉਣ ਲਈ ਕੁੱਤੇ ਉਸ ਕੋਲ ਆ ਬੈਠਦੇ ਹਨ। ਇੰਨੇ ਚਿਰ ਨੂੰ ਮਰੀਆ ਆ ਜਾਂਦੀ ਹੈ ਆਪਣੇ ਕੁੱਤੇ ਲੈ ਕੇ।
ਮਰੀਆ, ਪਤਲੀ ਪਤੰਗ ਮਰੀਆ!। ਬੋਲਦੀ ਦੇ ਗੌਲ-ਗੋਲ ਗੱਲ੍ਹਾਂ ਵਿਚ ਪੈਂਦੇ ਟੋਏ, ਮਾਨਸਰੋਵਰ ਝੀਲ ਵਰਗੇ। ਜ਼ਿੰਦਾ ਦਿਲ ਔਰਤ। ਉਹ ਵੀ ਆਪਣੇ ਕੁੱਤਿਆਂ ਸਮੇਤ ਆਉਂਦੀ ਹੈ। ਹਫ ਕੇ ਬੈਠੀ ਲਿੰਡਾ ਕੋਲ ਮਰੀਆ ਵੀ ਆ ਬੈਠਦੀ ਹੈ।
ਖ਼ਰਮਸਤੀ ਕਰਦੀਆਂ ਦੋਵੇਂ ਸਹੇਲੀਆਂ ਆਪਣਾ ਸੰਸਾਰ ਵਸਾ ਲੈਂਦੀਆਂ ਹਨ। ਦੂਜੇ ਪਾਸੇ ਉਨ੍ਹਾਂ ਦੇ ਕੁੱਤੇ ਆਪਸ ਵਿਚ ਖੇਡਦੇ ਆਪਣਾ ਸੰਸਾਰ ਵਸਾ ਲੈਂਦੇ ਹਨ। ਉਹ ਹਸਰਤ ਭਰੀਆਂ ਨਜ਼ਰਾਂ ਨਾਲ ਕੁੱਤਿਆਂ ਵੱਲ ਵੇਖਣ ਲੱਗ ਜਾਂਦੀਆਂ ਹਨ। ਉਹ ਸੈਰ ਕਰਦੇ ਲੋਕਾਂ ਵੱਲੋਂ ਬੇਪਰਵਾਹ ਹੋ ਕੇ ਘਾਹ ‘ਤੇ ਲਿਟਦੀਆਂ, ਕੁੱਤਿਆਂ ਵਾਂਗ ਅਸ਼ਲੀਲ ਹਰਕਤਾਂ ਕਰਦੀਆਂ ਹਨ। ਉਨ੍ਹਾਂ ਦਾ ਧਿਆਨ ਉਦੋਂ ਹੀ ਟੁੱਟਦਾ ਹੈ ਜਦੋਂ ਉਨ੍ਹਾਂ ਦੇ ਕੁੱਤੇ ਦੂਰੋਂ ਆ ਰਹੇ ਕੁੱਤਿਆਂ ਨੂੰ ਵੇਖ ਕੇ ਭੌਂਕਦੇ ਹਨ। ਉਹ ਇਕ ਸੀਟੀ ਮਾਰਦੀਆਂ ਕੁੱਤੇ ਭੱਜ ਕੇ ਉਨ੍ਹਾਂ ਦੇ ਪੈਰਾਂ ਵਿਚ ਆ ਡਿਗਦੇ ਹਨ।
ਹਰਮੀਤ ਮੀਨਾ ਬਾਰੇ ਸੋਚਦਾ, “ਕਿਉਂ ਹਰ ਵੇਲੇ ਘੁੱਟੀ ਜੀ ਰਹਿੰਦੀ ਐ ਇਹ? ਕਿਉਂ ਨੀ ਇਹ ਕਿਸੇ ਵੱਲ ਝਾਕਦੀ? ਕਿਉਂ ਕਿਸੇ ਨਾਲ ਗੱਲ ਨਹੀਂ ਕਰਦੀ? ਨੀਵੀਂ ਪਾ ਕੇ ਤੁਰੀ ਫਿਰਦੀ ਐ। ਕਿਤੇ ਸੰਗਦੀ ਤਾਂ ਨ੍ਹੀਂ? ਕਿਸੇ ਨੂੰ ਹੈਲੋ, ਹਾਇ ਤਾਂ ਕਰੇ। ‘ਸੰਗਣ ਵਾਲੀ ਕਿਹੜੀ ਗੱਲ ਹੈ? ਸੁਹਣੀ-ਸੁਨੱਖੀ ਹੈ। ਸਰੋਂ੍ਹ ਫੁੱਲੇ ਸੂਟ ਵਿਚ ਵੱਟ ਤੇ ਧੌਣ ਅਕੜਾਈ ਖੜੀ ਸਵਾਨ ਤਿੱਤਰੀ ਵਰਗੀ ਲਗਦੀ ਹੈ। ਹਰਮੀਤ ਨੂੰ ਇਸਦਾ ਕਿਸੇ ਨਾਲ ਨਾ ਬੋਲਣਾ ਚੁੱਭਦਾ ਸੀ।
“ਕਿਤੇ ਇਹ ਇਕੱਲੀ ਇਸ ਲਈ ਨਾ ਤੁਰਦੀ ਹੋਵੇ, ਇਸ ਨਾਲ ਆਉਣ ਵਾਲਾ ਕੋਈ ਹੋਵੇ ਈ ਨਾ। ਇਸ ਦੇ ਘਰ ਵਾਲਾ ਇਸ ਨੂੰ ਛੱਡ ਨਾ ਗਿਆ ਹੋਵੇ? ਇਹ ਟੁੱਟੇ ਪਰਿਵਾਰ ਦੀ ਸੱਟ ਨਾ ਝੱਲ ਸਕੀ ਹੋਵੇ? ਕਿਤੇ ਇਹ ਬਾਂਝ ਨਾ ਹੋਵੇ? ਜਿਸ ਕਰਕੇ ਇਹ ਅੰਦਰੋਂ ਬੁਝ ਗਈ ਹੋਵੇ।” ਹਰਮੀਤ ਕਈ ਤਰ੍ਹਾਂ ਦੇ ਲੱਖਣ ਲਾਉਂਦਾ। ਕਦੀ ਉਸਨੂੰ ਦਲਜੀਤ ਨਾਲ ਮੇਚ ਕੇ ਵੇਖਦਾ।
“ਦਲਜੀਤ ਵੀ ਤਾਂ ਚੁੱਪ ਰਹਿੰਦੀ ਇਸਦੀ ਤਰ੍ਹਾਂ। ਉਸ ਦੀ ਵੀ ਤਾਂ ਕੁੱਖ ਫੁੱਟੀ ਨ੍ਹੀਂ ਸੀ ਲਗਦੀ। ਇਸ ਦੀ ਤਰ੍ਹਾਂ ਦਲਜੀਤ ਨੂੰ ਵੀ ਕਿਸੇ ਨੇ ਹਸਦਾ ਨ੍ਹੀਂ ਵੇਖਿਆ ਸੀ। ਉਹ ਵੀ ਬੁਝਾਰਤ ਬਣੀ ਵੀ ਸੀ ਸਭ ਲਈ। ਸਾਰਾ ਦਿਨ ਉਹ ਵੀ ਚੁੱਪ-ਚਾਪ ਤੁਰੀ ਫਿਰਦੀ ਸੀ। ਉਹ ਤਾਂ ਆਪਣੇ ਕੰਮ ਨਾਲ ਮਤਲਬ ਰਖਦੀ। ਘਰੋਂ ਸਕੂਲ਼ ਤੇ ਸਕੂਲੋਂ ਘਰ। ਕਿਸੇ ਨਾਲ ਵਾਧੂ-ਘਾਟੂ ਗੱਲ ਨਾ ਕਰਦੀ। ਇੱਕ ਸਾਲ ਉਸਦੀ ਬਦਲੀ ਹੋ ਗਈ ਸੀ। ਜਿਸ ਦਿਨ ਉਹ ਫਾਰਗ ਹੋਈ ਸੀ, ਉਸ ਦਿਨ ਉਸਦਾ ਪਤੀ ਆਇਆ ਸੀ ਜਿਹੜਾ ਫੌਜ ਵਿਚ ਕੈਪਟਨ ਸੀ।
“ਇਹਦੇ ਵਾਂਗੂੰ ਤਾਂ ਨ੍ਹੀਂ ਸੀ ਦਲਜੀਤ। ਕੀ ਹੋਇਆ ਜੇ ਉਹ ਖੁੱਲ੍ਹ ਕੇ ਗੱਲਾਂ ਨਹੀਂ ਸੀ ਕਰਦੀ, ਪਰ ਉਹ ਬੱਚਿਆਂ ਨਾਲ ਤਾਂ ਘੁਲੀ-ਮਿਲੀ ਰਹਿੰਦੀ ਸੀ। ਬੱਚੇ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਹਰ ਵੇਲੇ ਦਲਜੀਤ ਭੈਣ ਜੀ-ਭੈਣ ਜੀ ਕਰਦੇ ਰਹਿੰਦੇ ਪਰ ਮੀਨਾ ਤਾਂ ਪਾਰਕ ਵਿਚ ਖੇਡਦੇ ਬੱਚਿਆਂ ਵੱਲ ਵੀ ਨ੍ਹੀਂ ਸੀ ਝਾਕਦੀ।”
“ਬਸ ਮੀਨਾ ਬਾਰੇ ਇਹੀ ਗੱਲ ਦਿਸਦੀ ਹੈ, ਇਹਦੇ ਘਰ ਵਾਲਾ ਮਰ ਗਿਆ ਹੋਣੈ। ਇਹ ਵਿਧਵਾ ਹੋਊ, ਜਾਂ ਫਿਰ ਛੁੱਟੜ ਹੋਊੂ। ਅੱਕ ਕੇ ਘਰ ਵਾਲੇ ਨੇ ਇਸਦਾ ਰੱਸਾ ਲਾਹ ਦਿੱਤਾ ਹੋਵੇ” ਹਰਮੀਤ ਉਸ ਬਾਰੇ ਲੇਪਣ ਲਾਉਂਦਾ ਰਹਿੰਦਾ।
“ਦੁਬਾਰਾ ਵਿਆਹ ਕਰਵਾ ਲਏ। ਨਹੀਂ ਤਾਂ ਕੋਈ ਬੁਆਏ-ਫਰੈਂਡ ਰੱਖ ਲਏ। ਅਮਰੀਕਾ ਵੀ ਆ ਗਈ, ਫਿਰ ਝਿਜਕ ਕਾਹਦੀ? ਇੱਥੇ ਦੀ ਆਜ਼ਾਦੀ ਤੇ ਖੁੱਲ੍ਹ ਦਾ ਇਸ ਨੂੰ ਕੀ ਭਾਅ? ਫੇਰ ਤਾਂ-!” ਉਹ ਇਸ ਸੋਚ ਕੇ ਮੁਸਕਰਾਇਆ।
“ਕਿਉਂ ਨਾ ਇਸ ਨਾਲ ਨੇੜਤਾ ਵਧਾ ਲਈ ਜਾਵੇ! ਆਖਰ ਉਹ ਕਿੰਨਾ ਚਿਰ ਚੁੱਪ ਰਹੂਗੀ ਰੰਡੀ ਤਾਂ ਰੰਡੇਪਾ ਕੱਟ ਲਏ ਪਰ ਉਂਗਲਾਂ ਵਾਲੇ-’ ਆਪਣੇ ਅੰਦਰ ਸੋਚਦਾ ਉਹ ਖੁੱਲ੍ਹ ਕੇ ਹੱਸਿਆ।
ਹਰ ਰੋਜ਼ ਹਰਮੀਤ ਦੇ ਅੰਦਰ ਇਹ ਸਵਾਲ ਉਠਦੇ ਸਨ। ਹਰ ਰੋਜ਼ ਇਹ ਵਿਚਾਰ ਉਸਦੇ ਮੋਢਿਆਂ ‘ਤੇ ਚੜੇ੍ਹ ਰਹਿੰਦੇ ਸਨ। ਉਹ ਹਰ ਰੋਜ਼ ਇਹੀ ਸਵਾਲ ਲੈ ਕੇ ਘਰੇ ਚਲਿਆ ਜਾਂਦਾ ਸੀ। ਹਰ ਰੋਜ਼ ਇਹੀ ਸਵਾਲ ਉਸਦੇ ਨਾਲ ਪਾਰਕ ਵਿਚ ਆ ਜਾਂਦੇ ਸਨ।
ਇਕ ਦਿਨ ਹਰਮੀਤ ਨੇ ਦਿਲ ਕਰੜਾ ਕਰ ਕੇ ਊਸਨੂੰ ਇਕ ਕਿਸਮ ਦਾ ਖੜ੍ਹਾ ਹੀ ਲਿਆ। ਉਸ ਨੇ ਉਸਨੂੰ ਸਤਿ ਸ੍ਰੀ ਅਕਾਲ ਬੁਲਾਈ। ਸਤਿ ਸ੍ਰੀ ਅਕਾਲ ਮੰਨਣ ਤੋਂ ਸਿਵਾਏ ਹੁਣ ਮੀਨਾ ਕੋਲ ਕੋਈ ਚਾਰਾ ਨਹੀਂ ਸੀ।
ਅਗਲੇ ਦਿਨ ਉਹ ਪਹਿਲਾਂ ਵਾਂਗ ਖੁਸ਼ਕ ਨਹੀਂ ਸੀ। ਅਗਲੇ ਦਿਨ ਉਸਦੇ ਰੌਂਅ ਵਿਚ ਕੁਝ ਤਬਦੀਲੀ ਆ ਗਈ ਸੀ।
ਅੱਜ ਉਹ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਪਾਰਕ ਆਈ ਹੈ। ਅੱਜ ਉਸਨੇ ਜੀਨ ਦੀ ਪੈਂਟ ਦੀ ਥਾਂ ਗੋਡਿਆਂ ਤੋਂ ਥੱਲੇ ਤੱਕ ਸ਼ੋਰਟਸ ਪਹਿਨਿਆ ਹੈ। ਉਸ ਦੀਆਂ ਅੱਧੀਆਂ ਲੱਤਾਂ ਨੰਗੀਆਂ ਹਨ। ਉਸ ਨੇ ਪਹਿਲਾਂ ਵਾਂਗ ਹੀ ਹਰਮੀਤ ਤੋ ਅੱਖਾਂ ਲੁਕਾ ਕੇ ਸਤਿ ਸ੍ਰੀ ਅਕਾਲ ਦਾ ਜੁਆਬ ਦਿੱਤਾ ਹੈ ਪਰ ਉਸਦੇ ਮੱਥੇ ਦੀ ਤਿਉੜੀ ਗ਼ਾਇਬ ਹੈ। ਉਸਦੇ ਚਿਹਰੇ ‘ਤੇ ਹਲਕੀ ਮੁਸਕਰਾਹਟ ਹੈ। ਸਿਰ ‘ਤੇ ਟੋਪ ਲਈ ਕੋਈ ਮੇਮ ਲਗਦੀ ਹੈ। ਅੱਗੇ ਨਾਲੋਂ ਦਸ ਸਾਲ ਛੋਟੀ। ਅਗਲੇ ਦਿਨ ਉਸ ’ਚ ਹੋਰ ਵੀ ਤਬਦੀਲੀ ਆਈ ਲਗਦੀ ਹੈ।
ਹਰਮੀਤ ਇਹ ਵੇਖ ਕੇ ਬਹੁਤ ਹੀ ਖ਼ੁਸ਼ ਹੈ। ਹੁਣ ਉਹ ਸੱਤ ਵਜੇ ਤੋਂ ਪਹਿਲਾਂ ਹੀ ਪਾਰਕ ਵਿਚ ਆ ਜਾਂਦੀ ਹੈ। ਉਹ ਵੱਡਾ ਟੋਪ, ਜੋ ਉਹ ਪਹਿਲਾਂ ਸਿਰ ‘ਤੇ ਰਖਦੀ ਸੀ, ਹੱਥ ’ਚ ਫੜ ਕੇ ਸਿਰ ਨੰਗਾ ਕੀਤਾ ਹੋਇਆ ਹੈ। ਉਸਦੇ ਸਿਰ ‘ਤੇ ਕੱਟ ਕੇ ਚਾਰ ਇੰਚ ਲੰਬੇ ਲੱਛੇਦਾਰ ਵਾਲ ਉਸਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ।
ਹਰਮੀਤ ਇਹ ਵੇਖ ਕੇ ਬਹੁਤ ਹੀ ਖ਼ੁਸ਼ ਹੈ। ਹੁਣ ਉਹ ਸੱਤ ਦੀ ਬਜਾਏ ਛੇ ਵਜੇ ਪਾਰਕ ਵਿਚ ਆ ਜਾਂਦਾ ਹੈ। ਹਰ ਚੱਕਰ ‘ਤੇ ਉਹ ਇਕ ਦੂਜੇ ਨੂੰ ਦੋ ਵਾਰ ਮਿਲਦੇ ਹਨ। ਓਪਰਿਆਂ ਵਾਂਗ ਨਹੀਂ ਆਪਣਿਆਂ ਵਾਂਗ।
ਉਹ ਉਸ ਵੱਲ ਸਿਰ ਉੱਚਾ ਕਰ ਕੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣ ਲੱਗ ਪਈ ਹੈ। ਹਰਮੀਤ ਉਸਦੇ ਚਿਹਰੇ ਨੂੰ ਨਿਹਾਰਨਾ ਚਾਹੁੰਦਾ ਹੈ। ਪਰ ਉਸਦੇ ਕਾਲੇ ਗੌਗਲਜ਼ ਵਿਚ ਦੀ ਕੁਝ ਵੀ ਨ੍ਹੀਂ ਦਿਸਦਾ।
ਉਹ ਹਰ ਰੋਜ਼ ਨੇੜੇ ਹੁੰਦੇ ਜਾਂਦੇ ਹਨ। ਹੁਣ ਉਹ ਪਾਰਕ ਦੇ ਚੱਕਰ ਲਾਉਂਦੇ, ਇਕੱਠੇ ਤੁਰਦੇ ਹਨ ਗੱਲਾਂ ਕਰਦੇ। ਹਰਮੀਤ ਉਸ ਤੋਂ ਉਸਦੇ ਘਰ ਬਾਰੇ ਤੇ ਬੱਚਿਆਂ ਬਾਰੇ ਪੁੱਛਦਾ ਹੈ।
“ਮੀਨਾ ਜੀ, ਤੁਹਾਡੇ ਬੱਚੇ ਕੀ ਕਰਦੇ ਹਨ? ਉਨ੍ਹਾਂ ਨੂੰ ਵੀ ਕਿਤੇ ਪਾਰਕ ਲਿਆਇਆ ਕਰੋ।” ਇੱਕ ਲੜਕਾ ਹੈ। ਉਹ ਗਰੇਡ ਟਵੈਲ਼ਵ ਵਿਚ ਹੈ।” ਕਹਿ ਕੇ ਗੰਭੀਰ ਹੋ ਜਾਂਦੀ ਹੈ।
ਜਦ ਵੀ ਹਰਮੀਤ ਮੀਨਾ ਨਾਲ ਉਸਦੇ ਘਰ ਬਾਰੇ ਗੱਲ ਕਰਦਾ ਉਹ ਉਦਾਸ ਹੋ ਜਾਂਦੀ। ਉਸਦੇ ਚਿਹਰੇ ‘ਤੇ ਪਲੱਤਣ ਛਾ ਜਾਂਦੀ। ਉਸਦੀ ਤੋਰ ਸੁਸਤ ਹੋ ਜਾਂਦੀ। ਉਹ ਚੱਕਰ ਵਿਚਾਲੀ ਘਰ ਨੂੰ ਤੁਰ ਜਾਂਦੀ। ਕਹਿ ਦਿੰਦੀ ਕਿ ਅੱਜ ਉਸਨੇ ਛੇਤੀ ਵਾਪਸ ਜਾਣਾ ਹੈ। ਫਿਰ ਉਸ ਤੋਂ ਇਸ ਬਾਰੇ ਕਈ-ਕਈ ਦਿਨ ਪੁੱਛਣ ਦੀ ਹਿੰਮਤ ਨਾ ਪੈਂਦੀ।
ਹਰਮੀਤ ਨੂੰ ਪਤਾ ਲੱਗ ਗਿਆ ਸੀ, ਜਦੋਂ ਮੀਨਾ ਮੁਸ਼ਕਲ ਨਾਲ ਤੇਈ ਸਾਲ ਦੀ ਸੀ, ਉਸਦੇ ਪਤੀ ਮਹੇਸ਼ ਨੂੰ ਕੈਂਸਰ ਹੋ ਗਈ ਸੀ। ਉਸ ਦੀ ਉਮਰ ਪੱਚੀ ਸਾਲ ਦੀ ਸੀ ਜਦੋਂ ਮਹੇਸ਼ ਸਦੀਵੀ ਵਿਛੋੜਾ ਦੇ ਗਿਆ ਸੀ। ਉਸਦਾ ਇਹ ਲੜਕਾ ਸਤੀਸ਼ ਉਦੋਂ ਦੋ ਸਾਲ ਦਾ ਸੀ, ਜਿਹੜਾ ਉਸਨੇ ਪਾਲ-ਪਲੋਸ ਲਿਆ ਸੀ ਅਤੇ ਉਸਦੇ ਸਹਾਰੇ ਹੀ ਦਿਨ ਕੱਟ ਰਿਹਾ ਸੀ। ਘਰਦਿਆਂ ਨੇ ਉਸ ‘ਤੇ ਬਹੁਤ ਜੋLਰ ਪਾਇਆ ਸੀ ਪਰ ਦੂਸਰਾ ਵਿਆਹ ਕਰਵਾਉਣ ਲਈ ਉਹ ਮੰਨੀ ਨਹੀਂ ਸੀ। ਪਤੀ ਦੇ ਉਸਦੇ ਜੇਠ ਨਾਲ ਦੋ ਸਟਾਰ ਸਾਂਝੇ ਸਨ ਉਨ੍ਹਾਂ ਦਾ ਪੂਰਾ ਹਿਸਾਬ ਤਾਂ ਕੀ ਦੇਣਾ ਸੀ, ਘਰ ਚਲਾਉਣ ਲਈ ਖਰਚ ਪੂਰਾ ਨਹੀਂ ਦਿੰਦੇ ਸਨ।
ਹਰਮੀਤ ਦਾ ਉਸ ਨਾਲ ਲਗਾਅ ਦਿਨ-ਬ-ਦਿਨ ਵਧ ਰਿਹਾ ਸੀ। ਹੁਣ, ਉਹ ਮਿੱਥੇ ਸਮੇਂ ‘ਤੇ ਪਾਰਕ ਆਉਂਦੇ। ਇੱਕ ਦੂਜੇ ਦਾ ਨਾਉਂ ਲੈ ਕੇ ਬੁਲਾਉਂਦੇ। ਉਹ ਉਸ ਨਾਲ ਲੋੜ ਤੋਂ ਵੱਧ ਹਮਦਰਦੀ ਵਿਖਾਉਂਦਾ। ਜਿਹੜੀ ਕਈ ਵਾਰ ਮੀਨਾ ਨੂੰ ਬਹੁਤ ਹੀ ਚੁੱਭਦੀ।
ਕਈ ਵਾਰ ਹਰਮੀਤ ਨੂੰ ਮੀਨਾ ‘ਤੇ ਤਰਸ ਆਉਂਦਾ। ਇਕ ਪਲ ਉਹ ਉਸਦੇ ਤਿਆਗ ਦੀ ਪ੍ਰਸੰLਸਾ ਕਰਦਾ, ਦੂਜੇ ਪਲ ਕੁਝ ਹੋਰ ਈ ਸੋਚਦਾ। “ਇਸਦੇ ਮੁੰਡੇ ਨੇ ਤਾਂ ਕੁਝ ਸਾਲਾਂ ਨੂੰ ਵਿਆਹੇ ਜਾਣਾ। ਉਸਨੇ ਕਿਹੜਾ ਇਸਦੇ ਨਾਲ ਰਹਿਣਾ। ਇਕੱਲੀ ਕਿਵੇਂ ਇਹ ਜ਼ਿੰਦਗੀ ਕੱਟੂਗੀ? ਆਖਰ ਇਸ ਨੂੰ ਸਾਥੀ ਤਾਂ ਚਾਹੀਦਾ ਹੈ, ਇਸ ਉਮਰ ਵਿਚ। ਇਸ ਦੇ ਦਿਲ ਦਾ ਹਮਰਾਜ਼! ਬਾਕੀ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆ ਜਾਣੇ।” ਪਤਾ ਨਹੀਂ ਉਹ ਉਸਦੇ ਤਰਸ ’ਚ ਪੰਘਰਦਾ ਸੀ ਜਾਂ ਆਪਣੇ ਆਪ ਨੂੰ ਛਪਾਉਣ ਲਈ ਦਲੀਲਾਂ ਘੜਦਾ ਸੀ।
ਉਹ ਇਕ ਵਾਰ ਸ਼ੌਪਿੰਗ ਹਾਲ ’ਚ ਮਿਲ ਪਏ। ਹਰਮੀਤ ਨੇ ਉਸਨੂੰ ਕੌਫ਼ੀ ਦੀ ਪੇਸ਼ਕਸ਼ ਕੀਤੀ। ਉਸਨੇ ਮਨਜੂLਰ ਕਰ ਲਈ। ਇਕ-ਦੋ ਵਾਰ ਹਰਮੀਤ ਨੇ ਉਸਨੂੰ ਆਪਣੇ ਘਰ ਸੱਦਿਆ। ਇਕ ਵਾਰ ਆਪਣੇ ਜਨਮ ਦਿਨ ‘ਤੇ। ਇਕ ਵਾਰ ਸਹਿਜ ਪਾਠ ਦੇ ਭੋਗ ’ਤੇ। ਇਸ ਸਮੇਂ ਵੀ ਉਹ ਇਕ ਦੂਜੇ ਨੂੰ ਪਹਿਲੇ ਨਾਮ ਨਾਲ ਸੰਬੋਧਨ ਹੁੰਦੇ। ਉਹ ਆਪਣੀ ਪਤਨੀ ਨੂੰ ਉਸਦੇ ਤਿਆਗ ਦੀਆਂ ਗੱਲਾਂ ਸੁਣਾਉਂਦਾ। ਸਭ ਦੇ ਦਿਲ ’ਚ ਮੀਨਾ ਲਈ ਬਹੁਤ ਪਿਆਰ ਤੇ ਸਤਿਕਾਰ ਸੀ ਪਰ ਉਸਦੀ ਪਤਨੀ ਦੇ ਦਿਲ ’ਚ ਸ਼ੱਕ ਅੰਗੜਾਈ ਭਰ ਈ ਲੈਂਦੀ ਸੀ।
ਇਕ ਦਿਨ ਹਰਮੀਤ ਤੇ ਮੀਨਾ ਪਾਰਕ ਵਿਚ ਸੈਰ ਕਰ ਰਹੇ ਸਨ। ਭਾਵੇਂ ਪਾਰਕ ਵਿਚ ਖੰਭਿਆਂ ‘ਤੇ ਲਟਕਦੇ ਲਾਟੂਆਂ ਦੇ ਚਾਨਣ ਨਾਲ ਕੀੜੀ ਤੁਰਦੀ ਦਿਸਦੀ ਸੀ। ਪਰ ਪਾਰਕ ਦਾ ਇਕ ਖੂੰਜਾ ਗੁਆਂਢੀਆਂ ਦੇ ਘਰ ਵਿਚ ਲੱਗੇ ਦਰਖਤਾਂ ਦੀ ਛਾਂ ਕਾਰਨ ਹਨੇਰੇ ਵਿਚ ਸੀ।
“ਮੀਨਾ, ਹੁਣ ਤੋਂ ਕੁੱਤਿਆਂ ਤੋਂ ਬਿਲਕੁਲ ਨ੍ਹੀਂ ਡਰਦੀ। ਪਹਿਲਾਂ ਤਾਂ ਐਵੇਂ ਡਰੀ ਜਾਂਦੀ ਸੀ ਕੁੱਤੇ ਵੀ ਉਹੀ, ਉਨ੍ਹਾਂ ਦੇ ਮਾਲਕ ਵੀ ਉਹੀ?” ਹਰਮੀਤ ਨੇ ਉਸਦੇ ਮੋਢੇ `ਤੇ ਹੱਥ ਧਰਦਿਆਂ ਆਖਿਆ।
“ਕੁੱਤੇ ਦਾ ਡਰ?” ਉਹ ਚੱਕਰ ਵਿਚਾਲੇ ਛੱਡ ਕੇ ਘਰ ਨੂੰ ਤੁਰ ਗਈ। ਮੁੜ ਕੇ ਉਹ ਪਾਰਕ ਵਿਚ ਨਹੀਂ ਆਈ।