ਪ੍ਰੋ. ਅੱਛਰੂ ਸਿੰਘ
ਫੋਨ: +91-98155-01381
ਪੰਜਾਬੀ ਪੁਰਾਤਨ, ਸਮਰੱਥ ਅਤੇ ਅਮੀਰ ਭਾਸ਼ਾ ਹੈ। ਇਸ ਵਿਚ ਹਰ ਸਥਿਤੀ, ਭਾਵ ਅਤੇ ਵਿਚਾਰ ਨੂੰ ਪ੍ਰਗਟ ਕਰਨ ਦੀ ਸਮਰੱਥਾ ਹੈ। ਇਸ ਪਾਸ ਆਪਣਾ ਵਿਸ਼ਾਲ ਸ਼ਬਦ, ਮੁਹਾਵਰਾ ਅਤੇ ਅਖਾਣ ਭੰਡਾਰ ਹੈ ਅਤੇ ਸਮੇਂ ਅਨੁਸਾਰ ਢਲਣ ਤੇ ਬਦਲਣ ਦੀ ਲੋੜੀਂਦੀ ਯੋਗਤਾ ਹੈ। ਇਸ ਨੂੰ ਸਿੱਖਣਾ ਅਤੇ ਸਿਖਾਉਣਾ ਵੀ ਬਹੁਤ ਆਸਾਨ ਹੈ। ਸਾਡਾ ਫ਼ਰਜ਼ ਹੈ ਕਿ ਇਸ ਨੂੰ ਮਾਣ ਨਾਲ ਬੋਲੀਏ, ਪੜ੍ਹੀਏ, ਲਿਖੀਏ ਅਤੇ ਸਿੱਖੀਏ।
ਆਪਣੇ ਚਾਲ਼ੀ ਸਾਲਾਂ ਤੋਂ ਵੀ ਲੰਮੇ ਅਰਸੇ ਦੇ ਅਧਿਆਪਨ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦਿਆਂ ਕਈ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ। ਮੇਰੀ ਕਰਮ-ਭੂਮੀ ਨਿਰੋਲ ਪੇਂਡੂ ਪਿਛੋਕੜ ਵਾਲੀ ਸੀ ਅਤੇ ਮੇਰੇ ਵਿਦਿਆਰਥੀਆਂ ਦਾ ਅੰਗਰੇਜ਼ੀ ਵਿਚ ਹੱਥ ਅਕਸਰ ਤੰਗ ਹੀ ਹੁੰਦਾ ਸੀ। ਕਦੇ ਕਿਸੇ ਦਾ ਉਚਾਰਣ ਵਿਗੜ ਜਾਂਦਾ ਅਤੇ ਕਦੇ ਕਿਸੇ ਸ਼ਬਦਜੋੜ ਦੀ ਗ਼ਲਤੀ ਕਾਰਨ ਅਰਥਾਂ ਦੇ ਅਨਰਥ ਹੋ ਜਾਂਦੇ। ਸਭ ਤੋਂ ਵੱਧ ਸਮੱਸਿਆ ਉਸ ਸਮੇਂ ਆਉਂਦੀ ਜਦ ਕਿਸੇ ਸ਼ਬਦ ਵਿਚ ਖ਼ਾਮੋਸ਼ ਅੱਖਰ ਅੜਿੱਕਾ ਡਾਹ ਦਿੰਦੇ। ਇਕ ਵਾਰ ਜਦ ਮੈਂ ਵਿਦਿਆਰਥੀਆਂ ਨੂੰ ਪੁੱਛਿਆ ਕਿ ਅੱਜ ਕਿਹੜੀ ਕਵਿਤਾ ਪੜ੍ਹਨੀ ਹੈ ਤਾਂ ਇਕ ਵਿਦਿਆਰਥੀ ਨੇ ਝੱਟ ਉੱਤਰ ਦਿੱਤਾ, “ਜੀ, ਏ ਪਸਾਲਮ ਆਫ ਲਾਈਫ।” ਮੈਂ ਕਿਹਾ, “ਓਏ, ਏ ਪਸਾਲਮ ਆਫ ਲਾਈਫ ਨਹੀਂ, ਏ ਸਾਮ ਆਫ ਲਾਈਫ ਕਹਿ।” ਮੈਂ ਐੱਚ.ਡਬਲਿਊ. ਲਾਂਗਫੈਲੋ ਦੀ ਪ੍ਰਸਿੱਧ ਕਵਤਿਾ ‘ਏ ਸਾਮ ਆਫ ਲਾਈਫ` ਪੜ੍ਹਾਉਣੀ ਸੀ ਅਤੇ ਕਿਉਂਕਿ ਸਾਮ ਦੇ ਸਪੈਲਿੰਗ ਪੀ.ਐੱਸ.ਏ.ਐੱਲ.ਐੱਮ. ਹਨ, ਮੇਰਾ ਵਿਦਿਆਰਥੀ ਇਸ ਸ਼ਬਦ ਨੂੰ ਪਸਾਲਮ ਪੜ੍ਹ ਰਿਹਾ ਸੀ।
ਕਵਿਤਾ ਪੜ੍ਹਾਉਣ ਦੀ ਗੱਲ ਵਿਚਕਾਰ ਹੀ ਰਹਿ ਗਈ ਤੇ ਅੰਗਰੇਜ਼ੀ ਦੇ ਸ਼ਬਦ ਜੋੜਾਂ ਬਾਰੇ ਨਵੀਂ ਬਹਿਸ ਛਿੜ ਪਈ। ਵਿਦਿਆਰਥੀ ਕਹਿਣ ਲੱਗੇ ਕਿ ਜਦ ਕੁਝ ਅੱਖਰਾਂ ਨੇ ਕੋਈ ਆਵਾਜ਼ ਹੀ ਨਹੀਂ ਦੇਣੀ ਤਾਂ ਇਨ੍ਹਾਂ ਨੂੰ ਵੱਖ-ਵੱਖ ਸ਼ਬਦਾਂ `ਚ ਘਸੋੜਿਆ ਹੀ ਕਿਉਂ ਜਾਂਦਾ ਹੈ? ਇਹ ਕੀ ਗੱਲ ਬਣੀ ਕਿ ਲਿਖੀਏ ‘ਕਨੋਅ` (ਕਨੋੱ) ਤੇ ਪੜ੍ਹੀਏ ‘ਨੋਅ`। ਲਿਖੀਏ ‘ਪਸਾਈਚਾਲੋਜੀ` (ਪਸੇਚਹੋਲੋਗੇ) ਤੇ ਪੜ੍ਹੀਏ ‘ਸਾਈਕਾਲੋਜੀ`। ਲਿਖੀਏ ‘ਔਫਟਨ` (ੋਾਟੲਨ) ਤੇ ਪੜ੍ਹੀਏ ‘ਔਫਨ`। ਲਿਖੀਏ ‘ਸਬਟਲ` (ਸੁਬਟਲੲ) ਤੇ ਪੜ੍ਹੀਏ ‘ਸਟਲ`। ਲਿਖੀਏ ‘ਸਿਗਨ` (ਸਗਿਨ) ਤੇ ਪੜ੍ਹੀਏ ‘ਸਾਈਨ` ਆਦਿ। ਨਾਲੇ ਜੇ ਬੀ.ਯੂ.ਟੀ. ‘ਬੱਟ` ਤਾਂ ਪੀ.ਯੂ.ਟੀ. ‘ਪੱਟ` ਕਿਉਂ ਨਹੀਂ ਅਤੇ ਐੱਸ.ਓ. ‘ਸੋ` ਹੈ ਤਾਂ ਡੀ.ਓ. ‘ਡੋ` ਕਿਉਂ ਨਹੀਂ।
ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੰਗਰੇਜ਼ੀ ਵਰਣਮਾਲਾ ਵਿਚ ਕੇਵਲ ਛੱਬੀ ਅੱਖਰ ਹਨ ਅਤੇ ਇਨ੍ਹਾਂ ਅੱਖਰਾਂ ਨੂੰ ਹੀ ਨਾ ਕੇਵਲ ਵੱਖ-ਵੱਖ ਧੁਨੀਆਂ ਦੇ ਉਚਾਰਣ ਲਈ ਵਰਤਿਆ ਜਾਂਦਾ ਹੈ ਸਗੋਂ ਲਗਾਂ-ਮਾਤਰਾਵਾਂ ਦਾ ਕੰਮ ਵੀ ਇਨ੍ਹਾਂ ਤੋਂ ਹੀ ਲੈਣਾ ਪੈਂਦਾ ਹੈ। ਇਸ ਦੇ ਉਲਟ, ਸਾਡੀ ਪੰਜਾਬੀ `ਚ ਪੈਂਤੀ ਮੁੱਢਲੇ ਅੱਖਰਾਂ ਤੇ ਛੇ ਪੈਰ ਬਿੰਦੀ ਵਾਲੇ ਅੱਖਰਾਂ ਤੋਂ ਇਲਾਵਾ ਲਗਾਂ-ਮਾਤਰਾਵਾਂ ਵੱਖਰੀਆਂ ਹਨ। “ਫਿਰ ਸਰ, ਆਪਾਂ ਅੰਗਰੇਜ਼ੀ ਨੂੰ ਅਮੀਰ ਭਾਸ਼ਾ ਐਵੇਂ ਹੀ ਕਹੀ ਜਾਂਦੇ ਹਾਂ?” ਇਕ ਵਿਦਿਆਰਥੀ ਨੇ ਸ਼ਿਕਵਾ ਕਰਦਿਆਂ ਪੁੱਛਿਆ।
ਇਸ ਤੋਂ ਬਾਅਦ ਗੱਲ ਵੱਡੇ-ਛੋਟੇ ਅੱਖਰਾਂ ਦੀ ਚੱਲ ਪਈ। ਇਹੀ ਝੰਜਟ ਪਿਆ ਰਹਿੰਦਾ ਹੈ ਕਿ ਕਿੱਥੇ ਵੱਡਾ ਅੱਖਰ ਪਾਈਏ ਅਤੇ ਕਿੱਥੇ ਛੋਟਾ। ਪੰਜਾਬੀ ਵਿਚ ਇਹ ਪੰਗਾ ਤਾਂ ਨਹੀਂ। ਸਾਰੇ ਅੱਖਰ ਬਰਾਬਰ; ਭਾਵੇਂ ਕਿਸੇ ਨੂੰ ਵਾਕ ਦੇ ਸ਼ੁਰੂ ਵਿਚ ਲਾ ਦੇਵੋ, ਭਾਵੇਂ ਅੱਧ-ਵਿਚਕਾਰ ਅਤੇ ਭਾਵੇਂ ਅਖ਼ੀਰ ਵਿਚ। ਮੈਂ ਮਾਣ ਨਾਲ ਕਿਹਾ: ਕੀ ਤੁਹਾਨੂੰ ਪਤਾ ਨਹੀਂ ਪੰਜਾਬੀ ਭਾਸ਼ਾ ਲਈ ਵਰਤੀ ਜਾਂਦੀ ਗੁਰਮੁਖੀ ਲਿਪੀ ਨੇ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਦੁਆਰਾ ਆਪਣਾ ਵਰਤਮਾਨ ਸਰੂਪ ਪ੍ਰਾਪਤ ਕੀਤਾ ਹੈ ਤੇ ਜਦ ਉਨ੍ਹਾਂ ਨੇ ਸਮੁੱਚੇ ਸਮਾਜ ਵਿਚ ਵੱਡੇ-ਛੋਟੇ ਦਾ ਭੇਦ ਖ਼ਤਮ ਕਰ ਦਿੱਤਾ, ਫਿਰ ਲਿਪੀ ਵਿਚ ਵੱਡੇ-ਛੋਟੇ ਦਾ ਭੇਦ ਕਿਵੇਂ ਰਹਿ ਸਕਦਾ ਸੀ? ਹਾਂ, ਅੱਖਰ ‘ੳ` ਜ਼ਰੂਰ ਬਾਕੀ ਅੱਖਰਾਂ ਤੋਂ ਉੱਚਾ ਹੈ ਤੇ ਇਸ ਦਾ ਉੱਚਾ ਹੋਣਾ ਬਿਲਕੁਲ ਜਾਇਜ਼ ਵੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਅੱਗੇ ‘੧` ਦੀ ਵਰਤੋਂ ਕਰ ਕੇ ਅਤੇ ਇਸ ਨੂੰ ਉੱਪਰ ਤੋਂ ਖੁੱਲ੍ਹਾ ਰੱਖ ਕੇ ਇਸ ਨੂੰ ਪਾਰਬ੍ਰਹਮ ਦਾ ਸੂਚਕ ਬਣਾ ਦਿੱਤਾ। ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਲਿਪੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰ ਕੇ ਇਸ ਨੂੰ ਰੂਹਾਨੀਅਤ ਦੀ ਬੁਲੰਦੀ ਤਕ ਪਹੁੰਚਾ ਦਿੱਤਾ। ਹੁਣ ਚਰਚਾ ਸਿਖ਼ਰ ਵੱਲ ਪਹੁੰਚ ਰਹੀ ਸੀ। ਮੈਂ ਵਿਦਿਆਰਥੀਆਂ ਨੂੰ ਸਮਝਾ ਰਿਹਾ ਸੀ ਕਿ ਕੌਮਾਂਤਰੀ ਭਾਸ਼ਾ ਹੋਣ ਕਾਰਨ ਅੰਗਰੇਜ਼ੀ ਦਾ ਤਸੱਲੀਬਖ਼ਸ਼ ਗਿਆਨ ਹੋਣਾ ਜ਼ਰੂਰੀ ਹੈ ਪਰ ਇਹ ਸਮਝ ਲੈਣਾ ਕਿ ਅੰਗਰੇਜ਼ੀ ਵਧੀਆ ਅਤੇ ਪੰਜਾਬੀ ਘਟੀਆ ਭਾਸ਼ਾ ਹੈ, ਬਿਲਕੁਲ ਗ਼ਲਤ ਹੈ। ਅਸੀਂ ਪੰਜਾਬੀ ਨੂੰ ਪੂਰੇ ਮਾਣ ਨਾਲ ਪੜ੍ਹਨਾ, ਲਿਖਣਾ ਤੇ ਬੋਲਣਾ ਸਿੱਖਣਾ ਹੈ ਤੇ ਅੰਗਰੇਜ਼ੀ ਵਿਚ ਵੀ ਨਿਪੁੰਨ ਹੋਣਾ ਹੈ।
ਪੰਜਾਬੀਆਂ ਦੇ ਸੁਭਾਅ ਵਾਂਗ ਪੰਜਾਬੀ ਦਾ ਸੁਭਾਅ ਵੀ ਖੁੱਲ੍ਹਾ-ਡੁੱਲ੍ਹਾ ਅਤੇ ਅਣਖ਼ੀਲਾ ਹੈ। ਇਹ ਹੋ ਹੀ ਨਹੀਂ ਸਕਦਾ ਕਿ ਕਿਤੇ ਕੋਈ ਪੰਜਾਬੀ ਮੌਜੂਦ ਹੋਵੇ ਤੇ ਉਸ ਦੀ ਹੋਂਦ ਸਵੀਕਾਰੀ ਨਾ ਜਾਵੇ ਅਤੇ ਇਹ ਵੀ ਨਹੀਂ ਹੋ ਸਕਦਾ ਕਿ ਕਿਤੇ ਕੋਈ ਪੰਜਾਬੀ ਅੱਖਰ ਮੌਜੂਦ ਹੋਵੇ ਤੇ ਉਸ ਦੀ ਹੋਂਦ ਛੁਪੀ ਰਹਿ ਜਾਵੇ। ਅੱਖਰ ਤਾਂ ਬਹੁਤ ਵੱਡੀ ਚੀਜ਼ ਹੈ, ਪੰਜਾਬੀ ਵਿਚ ਤਾਂ ਬਿੰਦੀ ਦੀ ਹੋਂਦ ਵੀ ਨਹੀਂ ਨਕਾਰੀ ਜਾ ਸਕਦੀ। ਜੇ ‘ਸੇਰ` ਦੇ ਪੈਰ ਵਿਚ ਬਿੰਦੀ ਲੱਗ ਜਾਵੇ ਤਾਂ ਉਹ ‘ਸ਼ੇਰ` ਬਣ ਜਾਂਦਾ ਹੈ ਅਤੇ ਜੇ ‘ਗਾ` `ਤੇ ਬਿੰਦੀ ਲੱਗ ਜਾਵੇ ਤਾਂ ਉਹ ‘ਗਾਂ` ਬਣ ਜਾਂਦੀ ਹੈ। ਹੋਰ ਤਾਂ ਹੋਰ, ਕਿਸੇ ਪੂਰੇ ਅੱਖਰ ਦੇ ਪੈਰ `ਚ ਪਿਆ ਅੱਖਰ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ। ਅਸਲ ਵਿਚ ਪੰਜਾਬੀ ਅੱਖਰਾਂ ਦਾ ਇਹ ਖ਼ਾਸਾ ਸਮੁੱਚੇ ਪੰਜਾਬੀਆਂ ਦਾ ਹੀ ਖ਼ਾਸਾ ਹੈ ਕਿ ਉਨ੍ਹਾਂ ਦੀ ਹੋਂਦ ਭਾਵੇਂ ਇਕ ਬਿੰਦੀ ਜਿੰਨੀ ਰਹਿ ਜਾਵੇ ਤੇ ਭਾਵੇਂ ਉਨ੍ਹਾਂ ਨੂੰ ਪੈਰਾਂ ਹੇਠ ਲਤਾੜਨ ਦੀ ਲੱਖ ਕੋਸ਼ਿਸ਼ ਕੀਤੀ ਜਾਵੇ, ਉਨ੍ਹਾਂ ਦੀ ਹੋਂਦ ਨਾ ਕਦੇ ਖ਼ਤਮ ਹੋਈ ਹੈ ਅਤੇ ਨਾ ਹੀ ਹੋਵੇਗੀ।
ਕਈ ਵਾਰ ਇਹ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ ਅਤੇ ਅਜਿਹੇ ਚਰਚੇ ਵੀ ਛਿੜੇ ਹਨ ਕਿ ਪੰਜਾਬੀ ਦਾ ਕੇਵਲ ਭਵਿੱਖ ਹੀ ਧੁੰਦਲਾ ਨਹੀਂ ਸਗੋਂ ਇਸ ਦੀ ਤਾਂ ਹੋਂਦ ਨੂੰ ਵੀ ਖ਼ਤਰਾ ਹੈ। ਅਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਹਨ ਕਿ ਆਉਣ ਵਾਲੇ ਪੰਜਾਹ ਸਾਲਾਂ ਵਿਚ ਇਸ ਦੀ ਹੋਂਦ ਹੀ ਮਿਟ ਜਾਵੇਗੀ ਅਤੇ ਇਸ ਦੀ ਅਹਿਮੀਅਤ ਬਿਲਕੁਲ ਖ਼ਤਮ ਹੋ ਜਾਵੇਗੀ ਪਰ ਮੈਂ ਉਨ੍ਹਾਂ ਵਿਅਕਤੀਆਂ ਵਿਚੋਂ ਹਾਂ ਜੋ ਦਿਲੋਂ ਇਹ ਮਹਿਸੂਸ ਕਰਦੇ ਹਨ ਕਿ ਇਹ ਭਾਸ਼ਾ ਇੰਨੀ ਪੁਰਾਤਨ, ਅਮੀਰ ਅਤੇ ਸ਼ਕਤੀਸ਼ਾਲੀ ਹੈ ਕਿ ਆਉਣ ਵਾਲੇ ਪੰਜਾਹ ਸਾਲਾਂ ਵਿਚ ਤਾਂ ਕੀ, ਆਉਣ ਵਾਲੇ ਪੰਜਾਹ ਹਜ਼ਾਰ ਸਾਲਾਂ ਵਿਚ ਵੀ ਕੋਈ ਇਸ ਦੀ ਹੋਂਦ ਨੂੰ ਖ਼ਤਮ ਨਹੀਂ ਕਰ ਸਕੇਗਾ ਅਤੇ ਜਦ ਤਕ ਵਿਸ਼ਵ ਭਰ ਵਿਚ ਕਿਤੇ ਵੀ ਪੰਜਾਬੀ ਮੌਜੂਦ ਹੋਣਗੇ, ਉੱਥੇ ਇਸ ਭਾਸ਼ਾ ਦਾ ਬੋਲਬਾਲਾ ਰਹੇਗਾ ਹੀ ਰਹੇਗਾ। ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਭਾਸ਼ਾ ਵਿਚ ਸਮੁੱਚੀ ਮਾਨਵਤਾ ਦੀ ਅਗਵਾਈ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਧਾਰਮਿਕ ਗ੍ਰੰਥ, ਵਾਰਿਸ ਸ਼ਾਹ ਦੀ ਹੀਰ, ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਅਤੇ ਹਰ ਵੰਨਗੀ ਦਾ ਮਹਾਨ ਸਾਹਿਤ ਮੌਜੂਦ ਹੋਵੇ ਅਤੇ ਜਿਸ ਨੂੰ ਬੋਲਣ ਵਾਲੀ ਕੌਮ ਵਿਸ਼ਵ ਭਰ `ਚ ਚੜ੍ਹਦੀਕਲਾ `ਚ ਹੋਵੇ, ਭਲਾ ਉਹ ਖ਼ਤਮ ਕਿਵੇਂ ਹੋ ਸਕਦੀ ਹੈ? ਹਾਂ, ਆਪਣੀ ਅਣਗਹਿਲੀ ਕਾਰਨ ਅਸੀਂ ਇਸ ਦਾ ਕੁਝ ਨੁਕਸਾਨ ਜ਼ਰੂਰ ਕਰ ਰਹੇ ਹਾਂ ਜਿਸ ਬਾਰੇ ਸੋਚਣਾ ਬਣਦਾ ਹੈ। ਇਸ ਦੀ ਇੱਥੇ ਉਦਾਹਰਨ ਵੀ ਦੇ ਰਿਹਾ ਹਾਂ।
“ਸਰ, ਆਹ ਤਾਂ ਸਰਕਾਰ ਨੇ ਸ਼ੁੱਧ ਮਲਵਈ ਲਿਖ ਰੱਖੀ ਹੈ।” ਇਕ ਦਿਨ ਬੱਸ ਵਿਚ ਮੇਰੇ ਨਾਲ ਬੈਠੇ ਮੇਰੇ ਵਿਦਿਆਰਥੀ ਨੇ ਮੈਨੂੰ ਸੰਬੋਧਨ ਕਰਦਿਆਂ ਸੜਕ ਕਿਨਾਰੇ ਲੱਗੇ ਹਰੇ ਰੰਗ ਦੇ ਬੋਰਡ ਜਿਸ `ਤੇ ਅੰਗਰੇਜ਼ੀ ਅਤੇ ਪੰਜਾਬੀ ਵਿਚ ‘ਬੱਸ ਲੇ ਬਾਈ` ਲਿਖਿਆ ਹੋਇਆ ਸੀ, ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਸਪਸ਼ਟ ਤੌਰ `ਤੇ ਉਸ ਦਾ ਸੰਕੇਤ ਮਾਲਵੇ ਵਿਚ ਭਰਾ ਲਈ ਵਰਤੇ ਜਾਂਦੇ ਮੋਹ ਭਰੇ ਸ਼ਬਦ ‘ਬਾਈ` ਵੱਲ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸ ਦੀ ਗੱਲ ਦਾ ਕੋਈ ਜਵਾਬ ਦਿੰਦਾ, ਨਾਲ ਬੈਠੇ ਦੂਸਰੇ ਲੜਕੇ ਨੇ ਕਿਹਾ, “ਬਾਕੀ ਗੱਲ ਤਾਂ ਠੀਕ ਹੈ ਪਰ ਲੈ ਨੂੰ ਲੇ ਕਿਉਂ ਲਿਖ ਰੱਖਿਆ ਹੈ? ਨਾਲੇ ਫਿਰ ‘ਟਰੱਕ ਲੇ ਬਾਈ` ਦਾ ਕੀ ਭਾਵ ਹੋਇਆ?” “ਪਟਿਆਲੇ ਕੰਨੀ ਲੈ ਨੂੰ ਲੇ ਹੀ ਕਹਿੰਦੇ ਹਨ- ਇਸ ਲਈ ਲੇ ਲਿਖ ਦਿੱਤਾ ਹੋਵੇਗਾ ਪਰ ‘ਟਰੱਕ ਲੇ ਬਾਈ` ਵਾਲੀ ਗੱਲ ਤਾਂ ਮੇਰੀ ਵੀ ਸਮਝ ਤੋਂ ਬਾਹਰ ਹੈ।” ਪਹਿਲੇ ਨੇ ਆਪਣੇ ਸੀਮਤ ਗਿਆਨ ਦਾ ਪ੍ਰਗਟਾਵਾ ਕਰਦਿਆਂ ਕਿਹਾ। “ਬੱਸ ਲੈ ਭਾਈ, ਕਿਉਂ ਨਹੀਂ? ਕੀ ਬੱਸਾਂ ਕੇਵਲ ਬਾਈਆਂ ਲਈ ਹਨ, ਬੀਬੀਆਂ ਤੇ ਮਾਈਆਂ ਲਈ ਨਹੀਂ?” ਮੇਰੇ ਖੱਬੇ ਪਾਸੇ ਬੈਠੀ ਇਕ ਲੜਕੀ ਵੀ ਵਾਰਤਾਲਾਪ ਵਿਚ ਸ਼ਾਮਲ ਹੋ ਗਈ। ਹੁਣ ਵਾਰੀ ਮੇਰੇ ਬੋਲਣ ਦੀ ਸੀ ਅਤੇ ਮੈਂ ਬੱਸ ਵਿਚ ਹੀ ਆਪਣਾ ਲੈਕਚਰ ਸ਼ੁਰੂ ਕਰ ਦਿੱਤਾ:
ਇਸ ਬੋਰਡ ‘ਤੇ ਜੋ ਲਿਖਿਆ ਹੈ ਉਹ ਕਿਸੇ ਬਾਈ, ਭਾਈ ਜਾਂ ਮਾਈ ਨੂੰ ਬੱਸ ਲੈਣ ਲਈ ਕੀਤੀ ਗਈ ਬੇਨਤੀ ਜਾਂ ਹਦਾਇਤ ਨਹੀਂ ਸਗੋਂ ਇਹ ਤਾਂ ਅੰਗਰੇਜ਼ੀ ਵਾਕੰਸ਼ ‘ਲਅੇ ਬੇ` ਦੀ ਗ਼ਲਤ ਅਤੇ ਕੁਚੱਜੀ ਵਰਤੋਂ ਹੈ। ਇਸ ਅੰਗਰੇਜ਼ੀ ਵਾਕੰਸ਼ ਦਾ ਅਰਥ ਹੁੰਦਾ ਹੈ: ਵਾਹਨ ਖੜ੍ਹੇ ਕਰਨ ਲਈ ਪਾਸਿਓਂ ਕੀਤੀ ਚੌੜੀ ਸੜਕ ਪਰ ਸਾਡੇ ਮਹਾਂਰਥੀਆਂ ਨੇ ‘ਬੇ’ ਨੂੰ ‘ਬੇੲ’ ਬਣਾ ਕੇ ਇਸ ਦਾ ਕੋਈ ਵੀ ਅਰਥ ਨਹੀਂ ਰਹਿਣ ਦਿੱਤਾ। ਇਕ ਵਾਰ ਅਨੰਦਪੁਰ ਸਾਹਿਬ ਵੱਲ ਜਾਂਦੇ ਹੋਏ ਮੈਂ ‘ਬੇ’ ਨੂੰ ‘ਬਅੲ’ ਲਿਖਿਆ ਵੀ ਦੇਖਿਆ। ਉਂਝ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਸ਼ਬਦ ਦੇ ਸ਼ਬਦਜੋੜਾਂ ਨਾਲ ਜੱਗੋਂ ਤੇਰ੍ਹਵੀਂ ਹੋਈ ਹੋਵੇ ਕਿਉਂਕਿ ਜਨਤਕ ਥਾਵਾਂ ਉੱਪਰ ਅਸੀਂ ਅੰਗਰੇਜ਼ੀ ਅਤੇ ਪੰਜਾਬੀ ਦੇ ਅਣਗਿਣਤ ਅਜਿਹੇ ਸ਼ਬਦ ਦੇਖ ਸਕਦੇ ਹਾਂ ਜੋ ਜਾਂ ਤਾਂ ਗ਼ਲਤ ਸ਼ਬਦਜੋੜਾਂ ਜਾਂ ਕੁਚੱਜੀ ਵਰਤੋਂ ਕਾਰਨ ਸਾਡਾ ਮੂੰਹ ਚਿੜਾਉਂਦੇ ਹਨ। ‘ਬੱਸ ਲੇ ਬਾਈ` ਅਤੇ ‘ਟਰੱਕ ਲੇ ਬਾਈ` ਇਸ ਦੀਆਂ ਕੇਵਲ ਨਿਗੂਣੀਆਂ ਜਿਹੀਆਂ ਉਦਾਹਰਨਾਂ ਹਨ। ਇਸੇ ਤਰ੍ਹਾਂ ਇਕ ਹੋਰ ਮੋੜ `ਤੇ ਲਿਖਿਆ ਹੋਇਆ ਸੀ: ਧੀਮੀ ਗਤੀ ਵਾਲੇ ਵਾਹਨ ਖੱਬੇ ਲੇਨ ਵਿਚ ਚੱਲਣ। ਮੈਂ ਹੈਰਾਨ ਹਾਂ ਕਿ ਲਿਖਣ ਵਾਲਿਆਂ ਨੇ ਇਸ ਤਰ੍ਹਾਂ ਕਿਉਂ ਨਹੀਂ ਲਿਖਿਆ: ਹੌਲੀ ਚੱਲਣ ਵਾਲੇ ਵਾਹਨ ਖੱਬੀ ਕਤਾਰ ਵਿਚ ਚੱਲਣ। ਕੀ ਇਹ ਵਧੇਰੇ ਸਰਲ ਅਤੇ ਸਮਝ ਵਿਚ ਆਉਣ ਵਾਲੀ ਪੰਜਾਬੀ ਨਹੀਂ ਹੋਣੀ ਸੀ?
ਜਿੱਥੋਂ ਤਕ ‘ਲਅੇ ਬੇ’ ਦੀ ਕੁਚੱਜੀ ਵਰਤੋਂ ਦਾ ਸਬੰਧ ਹੈ, ਉਹ ਇਸ ਗੱਲ ਤੋਂ ਭਲੀ-ਭਾਂਤ ਸਪਸ਼ਟ ਹੈ ਕਿ ਸਾਡੇ ਪਾਸ ਬੱਸ/ਟਰੱਕ ਸਟਾਪ, ਆਰਜ਼ੀ ਠਹਿਰ, ਠਹਿਰ ਜਾਂ ਰੁਕਣ ਸਥਾਨ ਆਦਿ ਵਰਗੇ ਬੜੇ ਹੀ ਢੁਕਵੇਂ ਸ਼ਬਦ ਹੋਣ ਦੇ ਬਾਵਜੂਦ ਅਸੀਂ ਅੰਗਰੇਜ਼ੀ ਦੇ ਅਜਿਹੇ ਸ਼ਬਦ ਲਿਖ ਰਹੇ ਹਾਂ ਜਿਨ੍ਹਾਂ ਤੋਂ ਬਹੁਗਿਣਤੀ ਬਿਲਕੁਲ ਅਣਜਾਣ ਹੈ ਜੋ ਬਿਲਕੁਲ ਬੇਢਬੇ ਹਨ ਅਤੇ ਜੋ ਕਦੇ ਵੀ ਮਕਬੂਲ ਹੋਣ ਦੀ ਸਮਰੱਥਾ ਨਹੀਂ ਰੱਖਦੇ। ਇੱਥੇ ਮੈਂ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਕਿਸੇ ਭਾਸ਼ਾ ਦੀ ਸ਼ੁੱਧਤਾ ਦਾ ਮੁੱਦਈ ਨਹੀਂ ਹਾਂ ਕਿਉਂਕਿ ਲੋੜ ਅਨੁਸਾਰ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਰਲੇਵਾਂ ਕਿਸੇ ਵੀ ਭਾਸ਼ਾ ਨੂੰ ਗਤੀਸ਼ੀਲ ਅਤੇ ਸਮਾਂ-ਅਨੁਕੂਲ ਰੱਖਣ ਲਈ ਅਤਿ ਜ਼ਰੂਰੀ ਹੁੰਦਾ ਹੈ। ਹਾਂ, ਇਹ ਜ਼ਰੂਰ ਹੁੰਦਾ ਹੈ ਕਿ ਕੋਈ ਭਾਸ਼ਾ ਦੂਜੀਆਂ ਭਾਸ਼ਾਵਾਂ ਦੇ ਕੁਝ ਸ਼ਬਦ ਜਿਉਂ ਦੇ ਤਿਉਂ ਜਜ਼ਬ ਕਰ ਲੈਂਦੀ ਹੈ ਅਤੇ ਕੁਝ ਨੂੰ ਆਪਣੇ ਸੁਭਾਅ ਅਨੁਸਾਰ ਢਾਲ਼ ਲੈਂਦੀ ਹੈ।
ਪੰਜਾਬੀ ਭਾਸ਼ਾ ਵਿਚ ਆਏ ਅੰਗਰੇਜ਼ੀ ਭਾਸ਼ਾ ਦੇ ਸ਼ਬਦ
ਜਿਸ ਤਰ੍ਹਾਂ ਲਗਭਗ ਹਰ ਭਾਸ਼ਾ ਬਾਰੇ ਹੀ ਕਿਹਾ ਜਾ ਸਕਦਾ ਹੈ, ਪੰਜਾਬੀ ਭਾਸ਼ਾ ਵਿਚ ਵੀ ਬਹੁਤ ਸਾਰੇ ਸ਼ਬਦ ਅਜਿਹੇ ਹਨ ਜੋ ਇਸ ਵਿਚ ਦੂਜੀਆਂ ਭਾਸ਼ਾਵਾਂ ਜਿਵੇਂ ਸੰਸਕਿਤਿ, ਅਰਬੀ, ਫ਼ਾਰਸੀ, ਅੰਗਰੇਜ਼ੀ ਆਦਿ ਵਿਚੋਂ ਆਏ ਹਨ। ਇਹ ਸ਼ਬਦ ਸਾਨੂੰ ਤਿੰਨ ਰੂਪਾਂ ਵਿਚ ਮਿਲਦੇ ਹਨ:
1. ਬਿਨਾਂ ਕਿਸੇ ਤਬਦੀਲੀ ਤੋਂ ਜਿਨ੍ਹਾਂ ਨੂੰ ਤਤਸਮ ਕਿਹਾ ਜਾਂਦਾ ਹੈ।
2. ਜਿਨ੍ਹਾਂ ਦੇ ਉਚਾਰਣ ਅਤੇ ਲਿਖਣ ਵਿਚ ਕੁਝ ਅੰਤਰ ਆਇਆ ਹੋਵੇ ਉਨ੍ਹਾਂ ਨੂੰ ਅਰਧ-ਤਤਸਮ ਕਿਹਾ ਜਾਂਦਾ ਹੈ।
3. ਜਿਨ੍ਹਾਂ ਦਾ ਰੂਪ ਬਹੁਤ ਬਦਲ ਚੁੱਕਾ ਹੋਵੇ, ਉਨ੍ਹਾਂ ਨੂੰ ਤਦਭਵ ਕਿਹਾ ਜਾਂਦਾ ਹੈ।
ਅੱਜ ਅਸੀਂ ਦੇਖ ਸਕਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦੇ ਅਣਗਿਣਤ ਸ਼ਬਦ ਪੰਜਾਬੀ ਭਾਸ਼ਾ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਹਰ ਕਿਸਮ ਦੇ ਲੋਕ ਉਨ੍ਹਾਂ ਦੀ ਦਿਨ-ਰਾਤ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚੋਂ ਕੱਢਣਾ ਤਾਂ ਇਕ ਪਾਸੇ ਰਿਹਾ, ਪੰਜਾਬੀ ਵਿਚ ਅਨੁਵਾਦ ਕਰਨ ਬਾਰੇ ਵੀ ਨਹੀਂ ਸੋਚਿਆ ਜਾ ਸਕਦਾ।
ਆਵਾਜਾਈ ਦੇ ਸਾਧਨਾਂ ਨਾਲ ਸਬੰਧਿਤ ਜਿਉਂ ਦੇ ਤਿਉਂ ਵਰਤੇ ਜਾ ਰਹੇ ਅੰਗਰੇਜ਼ੀ ਸ਼ਬਦਾਂ ਵਿਚ ਰੇਲ, ਬੱਸ, ਕਾਰ, ਜੀਪ, ਟਰੱਕ, ਟਰੈਕਟਰ, ਟੈਂਕ, ਸਕੂਟਰ, ਸਾਈਕਲ, ਰਿਕਸ਼ਾ, ਆਟੋ, ਟੈਕਸੀ, ਕੈਬ, ਇੰਜਣ, ਬੱਸ ਸਟੈਂਡ, ਬੱਸ ਸਟਾਪ, ਸਪੀਡ, ਸਪੀਡ ਬਰੇਕਰ, ਕਲੱਚ , ਬਰੇਕ, ਵਾਈਪਰਜ਼, ਪੈਟਰੋਲ, ਡੀਜ਼ਲ ਆਦਿ ਸ਼ਾਮਲ ਕੀਤੇ ਜਾ ਸਕਦੇ ਹਨ। ਪੜ੍ਹਾਈ-ਲਿਖਾਈ ਦੇ ਖੇਤਰ ਨਾਲ ਸਬੰਧਿਤ ਸ਼ਬਦ ਯੂਨੀਵਰਸਿਟੀ, ਕਾਲਜ, ਸਕੂਲ, ਇੰਸਟੀਚਿਊਟ, ਲਾਇਬ੍ਰੇਰੀ, ਲਬਾਰਟਰੀ, ਪ੍ਰੋਫੈਸਰ, ਲੈਕਚਰਰ, ਕਲਰਕ, ਸਰ, ਮੈਡਮ, ਟੀਚਰ, ਥਿਊਰੀ, ਪ੍ਰੈਕਟੀਕਲ, ਬਲੈਕ ਬੋਰਡ, ਬੈਂਚ, ਡੈੱਸਕ, ਟੈੱਸਟ, ਪਾਸ, ਫੇਲ੍ਹ, ਪੈੱਨ, ਪੈੱਨਸਿਲ ਆਦਿ ਸਾਰੇ ਹੀ ਅੰਗਰੇਜ਼ੀ ਸ਼ਬਦ ਹਨ।
ਘਰੇਲੂ ਵਸਤਾਂ ਜਿਵੇਂ ਡਬਲ ਬੈੱਡ, ਸੋਫਾ ਸੈੱਟ, ਡਾਈਨਿੰਗ ਟੇਬਲ, ਡੌਂਗਾ, ਜੱਗ, ਗਲਾਸ, ਕੱਪ, ਪਲੇਟ, ਕੁੱਕਰ, ਮਾਈਕਰੋਵੇਵ, ਗੈਸ, ਸਿਲੰਡਰ, ਫਰਿੱਜ, ਟੈਲੀਵਿਜ਼ਨ ਆਦਿ ਵੀ ਅੰਗਰੇਜ਼ੀ ਸ਼ਬਦ ਹਨ। ਡਰਾਇੰਗ ਰੂਮ, ਡਾਈਨਿੰਗ ਰੂਮ, ਬਾਥ/ਵਾਸ਼ ਰੂਮ, ਫਲੱਸ਼, ਕਿਚਨ, ਡਬਲ ਸਟੋਰੀ, ਵਿੰਡੋ, ਗਰਿੱਲ, ਰੇਲਿੰਗ, ਕੱਪ ਬੋਰਡ ਆਦਿ ਸ਼ਬਦ ਵੀ ਮੂਲ ਰੂਪ ਵਿਚ ਅੰਗਰੇਜ਼ੀ ਭਾਸ਼ਾ ਵਿਚੋਂ ਹੀ ਆਏ ਹਨ। ਆਮ ਆਦਮੀ ਦੀ ਸਵਾਰੀ ਸਾਈਕਲ ਦੇ ਲਗਭਗ ਸਾਰੇ ਹੀ ਪੁਰਜ਼ਿਆਂ ਦੇ ਨਾਮ ਜਿਵੇਂ ਹੈਂਡਲ, ਫਰੇਮ, ਹੱਬ, ਚੇਨ, ਕੈਰੀਅਰ, ਸਟੈਂਡ, ਮੱਡਗਾਰਡ, ਬਰੇਕ, ਟਾਇਰ, ਟਿਊਬ ਆਦਿ ਜਿਉਂ ਦੇ ਤਿਉਂ ਅਪਣਾਏ ਗਏ ਸ਼ਬਦ ਹਨ। ਵਿਗਿਆਨ ਅਤੇ ਤਕਨਾਲੋਜੀ ਖੇਤਰਾਂ ਨਾਲ ਸਬੰਧਤਿ ਤਾਂ ਲਗਭਗ ਸਾਰੇ ਹੀ ਸ਼ਬਦ- ਮੋਬਾਈਲ ਤੇ ਟੈਲੀਫੋਨ ਤੋਂ ਲੈ ਕੇ ਕੰਪਿਊਟਰ, ਇੰਟਰਨੈੱਟ ਅਤੇ ਸੈਟੇਲਾਈਟ ਤਕ ਜਿਉਂ ਦੇ ਤਿਉਂ ਸਾਡੀ ਭਾਸ਼ਾ ਵਿਚ ਜਜ਼ਬ ਹੋ ਚੁੱਕੇ ਹਨ। ਪਹਿਰਾਵੇ ਵਿਚ ਕਮੀਜ਼-ਪਜਾਮਾ ਅਤੇ ਕੁੜਤੀ-ਸਲਵਾਰ ਵਰਗੇ ਸ਼ਬਦਾਂ ਨੂੰ ਛੱਡ ਕੇ ਸਾਡਾ ਕੁੱਲ ਪਹਿਰਾਵਾ ਹੀ ਅੰਗਰੇਜ਼ੀ ਨਾਵਾਂ ਵਾਲਾ ਹੈ। ਇਸੇ ਤਰ੍ਹਾਂ ਖਾਣ-ਪੀਣ ਦੀਆਂ ਵਸਤਾਂ ਜਿਵੇਂ ਟਾਫੀ, ਚਾਕਲੇਟ, ਕੇਕ, ਬਿਸਕੁਟ, ਆਮਲੇਟ, ਆਈਸਕਰੀਮ, ਟੋਸਟ, ਮੈਗੀ, ਬਰਗਰ, ਸਕਾਚ, ਵਿਸਕੀ, ਬੀਅਰ, ਜੂਸ, ਸ਼ੇਕ ਆਦਿ ਸਭ ਅੰਗਰੇਜ਼ੀ ਸ਼ਬਦ ਹਨ।
ਬਹੁਤ ਸਾਰੇ ਸ਼ਬਦਾਂ ਦਾ ਇੰਨਾ ਵਧੀਆ ਪੰਜਾਬੀਕਰਨ ਹੋ ਚੁੱਕਾ ਹੈ ਕਿ ਉਹ ਸਾਨੂੰ ਬਿਲਕੁਲ ਓਪਰੇ ਨਹੀਂ ਜਾਪਦੇ। ਮਿਸਾਲ ਦੇ ਤੌਰ `ਤੇ ਅਸੀਂ ਸਟੀਅਰਿੰਗ ਤੋਂ ਸਟੇਰਿੰਗ, ਐਕਸੇਲਰੇਟਰ ਤੋਂ ਐਕਸੀਲੇਟਰ, ਗੀਅਰ ਤੋਂ ਗੇਅਰ, ਡਿੱਕੀ ਤੋਂ ਡਿੱਗੀ, ਸਟੈੱਪਨੀ ਤੋਂ ਸਟਿਪਣੀ, ਲੈਨਟਰਨ ਤੋਂ ਲਾਲਟੈਣ, ਗਰਡਰ ਤੋਂ ਗਾਡਰ, ਲਿੰਟਲ ਤੋਂ ਲੈਂਟਰ, ਸਵਿੱਚ ਤੋਂ ਸੁੱਚ, ਸਟੇਸ਼ਨ ਤੋਂ ਟੇਸ਼ਨ, ਰਸਕ ਤੋਂ ਰਸ, ਬਨ ਤੋਂ ਬੰਦ, ਲਾਈਨਨ ਤੋਂ ਲੀਲ੍ਹਣ, ਕੌਰਡੁਰਾਅਏ ਤੋਂ ਕਾਟਰਾਈ ਆਦਿ ਅਨੇਕ ਸ਼ਬਦਾਂ ਨੂੰ ਪੂਰੀ ਤਰ੍ਹਾਂ ਅਪਣਾ ਚੁੱਕੇ ਹਾਂ। ਇੱਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਅੰਗਰੇਜ਼ੀ ਦੇ ਬਹੁਤੇ ਸ਼ਬਦ ਅੰਗਰੇਜ਼ੀ ਵਸਤਾਂ ਦੇ ਪਹੁੰਚਣ ਨਾਲ ਹੀ ਪਹੁੰਚੇ ਹਨ ਜਦੋਂਕਿ ਬਹੁਤ ਸਾਰੇ ਹੋਰ ਸ਼ਬਦ ਸਾਡੇ ਤਕ ਸਾਡੇ ਫ਼ੌਜੀ ਭਰਾਵਾਂ ਰਾਹੀਂ ਪਹੁੰਚੇ ਹਨ। ਅੰਗਰੇਜ਼ ਦੇ ਸਮੇਂ ਵਿਚ ਸਾਡੇ ਲਗਭਗ ਸਾਰੇ ਹੀ ਫ਼ੌਜੀ ਅਨਪੜ੍ਹ ਸਨ ਪਰ ਫਿਰ ਵੀ ਆਪਣੇ ਅਫਸਰਾਂ ਮੂੰਹੋਂ ਵਾਰ-ਵਾਰ ਸੁਣੇ ਕੁਝ ਅੰਗਰੇਜ਼ੀ ਸ਼ਬਦ ਉਨ੍ਹਾਂ ਦੇ ਜ਼ਿਹਨ ਵਿਚ ਪੱਕੀ ਤਰ੍ਹਾਂ ਉੱਤਰ ਜਾਂਦੇ ਸਨ ਅਤੇ ਘਰ ਆ ਕੇ ਉਹ ਵੀ ਉਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਸਨ। ਅਨਪੜ੍ਹ ਹੋਣ ਕਾਰਨ ਉਹ ਨਾ ਤਾਂ ਉਨ੍ਹਾਂ ਸ਼ਬਦਾਂ ਦੇ ਸਹੀ ਅਰਥ ਸਮਝਦੇ ਸਨ ਅਤੇ ਨਾ ਹੀ ਉਨ੍ਹਾਂ ਦਾ ਸਹੀ ਉਚਾਰਣ ਕਰ ਸਕਦੇ ਸਨ। ਕਈ ਵਾਰ ਤਾਂ ਉਨ੍ਹਾਂ ਸ਼ਬਦਾਂ ਦੇ ਮੂਲ ਨੂੰ ਲੱਭਣਾ ਵੀ ਅਸੰਭਵ ਜਾਪਦਾ ਸੀ।
ਸਾਡੇ ਪਿਤਾ ਜੀ ਅਤੇ ਉਨ੍ਹਾਂ ਦੀ ਪੀੜ੍ਹੀ ਦੇ ਕੁਝ ਹੋਰ ਲੋਕ ਕਿਸੇ ਗੱਲ/ਕੰਮ `ਤੇ ਤਸੱਲੀ ਪ੍ਰਗਟਾਉਣ ਲਈ ਕਿਹਾ ਕਰਦੇ ਸਨ, “ਬਈ, ਇਹ ਤਾਂ ਪੂਰਾ ਗੁੱਡਮੈਨ ਦੀ ਲਾਲਟੈਣ ਕੰਮ ਹੋ ਗਿਆ।” ਅਸੀਂ ਸੋਚਦੇ ਕਿ ਇਹ ਗੁੱਡਮੈਨ ਦੀ ਲਾਲਟੈਣ ਕੀ ਬਲਾ ਹੋਈ। ਫਿਰ ਸਾਨੂੰ ਪਤਾ ਲੱਗਾ ਕਿ ਕਿਸੇ ਸਮੇਂ ਗੁੱਡਮੈਨ ਕੰਪਨੀ ਦੀ ਲਾਲਟੈਣ ਸਭ ਤੋਂ ਵਧੀਆ ਲਾਲਟੈਣ ਮੰਨੀ ਜਾਂਦੀ ਸੀ ਅਤੇ ਲੋਕ ਕਿਸੇ ਵੀ ਵਧੀਆ ਚੀਜ਼ ਦੀ ਤੁਲਨਾ ਗੁੱਡਮੈਨ ਦੀ ਲਾਲਟੈਣ ਨਾਲ ਕਰਨ ਲੱਗ ਪਏ ਸਨ। ਇਸੇ ਤਰ੍ਹਾਂ ਗੋਰੀਆਂ (ਅੰਗਰੇਜ਼) ਔਰਤਾਂ ਲਈ ਵਰਤਿਆ ਜਾਂਦਾ ਸ਼ਬਦ ‘ਮੇਮ` ਵੀ ਅੰਗਰੇਜ਼ੀ ਸ਼ਬਦ ਮੈਡਮ ਦੇ ਛੋਟੇ ਰੂਪ ‘ਮੈਮ` ਦਾ ਹੀ ਵਿਗੜਿਆ ਰੂਪ ਹੈ। ਇਕ ਫ਼ੌਜੀ ਵੀਰ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ, “ਅਸੀਂ ਤਾਂ ਸਾਰਾ ਦਿਨ ਲੈਫਟਰਾਈ-ਲੈਫਟਰਾਈ ਹੀ ਕਰਦੇ ਰਹਿੰਦੇ ਹਾਂ।” ਜਦ ਉਨ੍ਹਾਂ ਦੇ ਕੁਝ ਸਮਝ ਨਾ ਆਇਆ ਤਾਂ ਫ਼ੌਜੀ ਉਨ੍ਹਾਂ ਅੱਗੇ ਪਰੇਡ ਕਰਨ ਲੱਗ ਪਿਆ, ਤਾਂ ਕਿਤੇ ਬੱਚਿਆਂ ਦੇ ਸਮਝ ਪਿਆ ਕਿ ਉਹ ਲੈਫਟ-ਰਾਈਟ ਨੂੰ ਲੈਫਟਰਾਈ ਕਹਿ ਰਿਹਾ।
ਮੇਰਾ ਕਹਿਣ ਦਾ ਭਾਵ ਹੈ ਕਿ ਅਸੀਂ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਜੰਮ-ਜੰਮ ਕਰੀਏ ਪਰ ਇਹ ਵਰਤੋਂ ਠੀਕ ਅਤੇ ਢੁੱਕਵੀਂ ਹੋਣੀ ਚਾਹੀਦੀ ਹੈ, ਕੇਵਲ ਦਿਖਾਵੇ ਲਈ ਨਹੀਂ। ਦੂਜੇ, ਇਸ ਗੱਲ ਦਾ ਧਿਆਨ ਵੀ ਰੱਖਿਆ ਜਾਣਾ ਚਾਹੀਦਾ ਹੈ ਕਿ ਜੇਕਰ ਸਾਡੀ ਆਪਣੀ ਭਾਸ਼ਾ ਵਿਚ ਢੁੱਕਵੇਂ ਸ਼ਬਦ ਉਪਲਬਧ ਹੋਣ ਤਾਂ ਉਨ੍ਹਾਂ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਤੀਜੇ, ਲੇ ਬਾਈ ਵਰਗੀ ਸ਼ਬਦਾਵਲੀ ਤੋਂ ਹਰ ਹੀਲੇ ਬਚਣਾ ਚਾਹੀਦਾ ਹੈ ਅਤੇ ਜੇਕਰ ਮਜਬੂਰੀਵੱਸ ਕਿਤੇ ਅਜਿਹੇ ਸ਼ਬਦ ਵਰਤਣੇ ਹੀ ਪੈ ਜਾਣ ਤਾਂ ਉਨ੍ਹਾਂ ਦੇ ਠੀਕ ਰੂਪ ਅਤੇ ਭਾਵ-ਅਰਥ ਬਾਰੇ ਪੁਸ਼ਟੀ ਕਰ ਲੈਣੀ ਚਾਹੀਦੀ ਹੈ। ਚੌਥੇ, ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰੀਏ। ਇਸ ਨਾਲ ਜਿੱਥੇ ਸਾਡੇ ਗਿਆਨ ਵਿਚ ਵਾਧਾ ਹੋਵੇਗਾ ਉੱਥੇ ਅਸੀਂ ਵਧੇਰੇ ਕਾਬਿਲ ਅਤੇ ਹੁਨਰਮੰਦ ਵੀ ਹੋ ਸਕਾਂਗੇ। ਕਿਸੇ ਵੀ ਭਾਸ਼ਾ ਦਾ ਕਿਸੇ ਹੋਰ ਭਾਸ਼ਾ ਨਾਲ ਵਿਰੋਧ ਨਹੀਂ ਹੈ।
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਬਹੁਤ ਪੁਰਾਤਨ, ਸਮਰੱਥ ਅਤੇ ਅਮੀਰ ਭਾਸ਼ਾ ਹੈ। ਇਸ ਵਿਚ ਹਰ ਸਥਿਤੀ, ਹਰ ਭਾਵ ਅਤੇ ਹਰ ਵਿਚਾਰ ਨੂੰ ਪ੍ਰਗਟ ਕਰਨ ਦੀ ਸ਼ਕਤੀ, ਸਮਰੱਥਾ ਅਤੇ ਯੋਗਤਾ ਹੈ। ਇਸ ਪਾਸ ਆਪਣਾ ਵਿਸ਼ਾਲ ਸ਼ਬਦ, ਮੁਹਾਵਰਾ ਅਤੇ ਅਖਾਣ ਭੰਡਾਰ ਹੈ ਅਤੇ ਇਸ ਵਿਚ ਸਮੇਂ ਅਨੁਸਾਰ ਢਲਣ ਅਤੇ ਬਦਲਣ ਦੀ ਲੋੜੀਂਦੀ ਯੋਗਤਾ ਹੈ। ਇਸ ਨੂੰ ਸਿੱਖਣਾ ਅਤੇ ਸਿਖਾਉਣਾ ਵੀ ਬਹੁਤ ਆਸਾਨ ਹੈ। ਇਸ ਦੀ ਰੀਸ ਕਰਨੀ ਸੱਚਮੁੱਚ ਹੀ ਕੋਈ ਸੁਖਾਲਾ ਕੰਮ ਨਹੀਂ। ਸੋ, ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਇਸ ਨੂੰ ਪੂਰੇ ਮਾਣ ਨਾਲ ਬੋਲੀਏ, ਪੜ੍ਹੀਏ, ਲਿਖੀਏ ਅਤੇ ਸਿੱਖੀਏ।