ਪੰਜਾਬੀ ਬੋਲੀ ਦੇ ਵਿਰਸੇ ਅਤੇ ਭਵਿੱਖ ਉੱਤੇ ਨਜ਼ਰ

ਡਾ. ਰਛਪਾਲ ਸਹੋਤਾ
ਪੰਜਾਬ ਦੀ ਧਰਤੀ ਉਪਜਾਊ ਅਤੇ ਵਿਲੱਖਣ ਰਣਨੀਤਕ ਟਿਕਾਣੇ `ਤੇ ਹੋਣ ਕਰਕੇ ਐਥੋਂ ਦਾ ਇਤਿਹਾਸ ਕਿੰਨੀਆਂ ਹੀ ਸੱਭਿਅਤਾਵਾਂ, ਧਰਮਾਂ ਅਤੇ ਸਾਮਰਾਜਾਂ ਦੇ ਵਿਖਿਆਨਾਂ ਨਾਲ ਭਰਿਆ ਹੈ। ਸਿੰਧ ਘਾਟੀ ਦੀ ਸੱਭਿਅਤਾ ਤੋਂ ਲੈ ਕੇ, ਆਧੁਨਿਕ ਵਿਸ਼ਵ-ਪ੍ਰਧਾਨ ਯੁਗ ਤੀਕਰ ਇਹ ਧਰਤੀ, ਦੂਰ ਦੁਰਾਡੇ ਵਪਾਰੀਆਂ, ਵਿਜੈਤਾਵਾਂ, ਵਿਦਵਾਨਾਂ ਅਤੇ ਯਾਤਰੂਆਂ ਨੂੰ ਆਕਰਸ਼ਕ ਕਰਦੀ ਰਹੀ ਹੈ। ਸਿੱਟੇ ਵਜੋਂ

ਪੰਜਾਬ ਦੀ ਸੱਭਿਅਤਾ ਵੱਖੋ-ਵੱਖਰੇ ਰੰਗਾਂ ਨਾਲ ਬੁਣੀ ਫੁਲਕਾਰੀ ਹੈ ਜਿਸਦੀ ਰੂਹ ਅਤੇ ਦਿਲਾਂ ਦੀ ਧੜਕਣ, ਐਥੋਂ ਦੀ ਸੁਰੀਲੀ ਪੰਜਾਬੀ ਬੋਲੀ ਹੈ। ਆਚਾਰਾਂ, ਕਦਰਾਂ, ਮਾਣ ਤੇ ਸੰਗੀਤ ਨਾਲ ਗੁੰਦੀ ਇਹ ਬੋਲੀ, ਕਰੋੜਾਂ ਮਾਣਮੱਤੇ ਲੋਕਾਂ ਦੇ ਵਿਰਸੇ ਦਾ ਅਟੁੱਟ ਅੰਗ ਹੈ।
ਲਗਾਤਾਰ ਬਦਲਦੇ ਵਕਤ ਨਾਲ ਹਰ ਬੋਲੀ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਬੋਲੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ `ਚ ਨਵੇਂ ਸ਼ੰਕੇ ਉਪਜਣੇ ਸ਼ੁਰੂ ਹੋ ਜਾਂਦੇ ਹਨ। ਪਿਛਲੇ ਪੰਜਾਹ ਕੁ ਸਾਲਾਂ ਵਿਚ ਸਾਇੰਸ ਅਤੇ ਤਕਨਾਲੌਜੀ ਨੇ ਅਜਿਹੀ ਸਪੀਡ ਨਾਲ ਤਰੱਕੀ ਕੀਤੀ ਹੈ ਕਿ ਇਹ ਨਿੱਕਾ ਸਮਾਂ ਆਪਣੇ ਆਪ ਵਿਚ ਇਕ ਯੁੱਗ ਬਣ ਗਿਆ ਹੈ; ਐਨੀ ਤਰੱਕੀ ਦੁਨੀਆਂ ਨੇ ਪਹਿਲੇ ਹਜ਼ਾਰ ਸਾਲਾਂ ਵਿਚ ਵੀ ਨਹੀਂ ਸੀ ਵੇਖੀ। ਇਸ ਤੇਜ਼ ਬਦਲਦੀ ਦੁਨੀਆਂ ਨਾਲ ਕਿਹੜੀ ਬੋਲੀ ਬਚੇਗੀ ਅਤੇ ਕਿਹੜੀ ਖਤਮ ਹੋ ਜਾਵੇਗੀ, ਵਰਗੇ ਸੁਆਲ ਪੈਦਾ ਹੋਣੇ ਕੁਦਰਤਨ ਹਨ। ਪੰਜਾਬੀ ਦੇ ਬੁੱਧੀਜੀਵੀਆਂ ਅਤੇ ਪੰਜਾਬੀ ਵਿਰਸੇ ਨਾਲ ਮੋਹ ਰੱਖਣ ਵਾਲਿਆਂ ਵਿਚ ਵੀ, ਪੰਜਾਬੀ ਬੋਲੀ ਦੇ ਭਵਿੱਖ ਨੂੰ ਲੈ ਕੇ ਇੱਕ ਅਜੀਬ ਜਿਹਾ ਡਰ ਤੇ ਅਣਸੁਖਾਵਾਂਪਣ ਨਜ਼ਰ ਆਉਂਦਾ ਹੈ। ਵਿਸ਼ਵੀਕਰਨ ਦੇ ਹੋ ਰਹੇ ਬੇਲਗਾਮ ਵਾਧੇ ਕਾਰਨ, ਹੋਰਨਾਂ ਬੋਲੀਆਂ, ਖਾਸਕਰ ਅੰਗ੍ਰੇਜ਼ੀ ਸ਼ਬਦਾਂ ਦਾ ਪੰਜਾਬੀ `ਚ ਵੜਨਾ ਕਿਸੇ ਤੋਂ ਲੁਕਿਆ ਨਹੀਂ ਹੈ। ਬਹੁਤਿਆਂ ਨੂੰ ਲਗਦਾ ਹੈ ਕਿ ਅੰਗ੍ਰੇਜ਼ੀ ਦੀ ਇਸ ਘੁਸਪੈਠ ਕਾਰਨ, ਪੰਜਾਬੀ ਦੀ ਸ਼ੁੱਧਤਾ, ਵਿਲੱਖਣਤਾ ਅਤੇ ਰੂਹ, ਪਤਲੇ ਹੋ ਰਹੇ ਹਨ। ਸ਼ੁੱਧਤਾ-ਪੱਖੀ ਅਤੇ ਪ੍ਰੰਪਰਾਗਤ ਵਿਦਵਾਨਾਂ ਦੀ ਰਾਇ ਹੈ ਕਿ ਪੰਜਾਬੀ ਦੀ ਪਵਿੱਤਰਤਾ ਨੂੰ ਬਚਾਉਣ ਲਈ ਸਾਡੇ ਲਈ ਜ਼ਰੂਰੀ ਹੈ ਕਿ ਆਪਾਂ ਇਹਨੂੰ ਹੋਰਨਾਂ ਬੋਲੀਆਂ ਦੇ ਅਸਰ ਤੋਂ ਬਚਾ ਕੇ ਰੱਖੀਏ ਤੇ ਉਨ੍ਹਾਂ ਗੈਰ ਸ਼ਬਦਾਂ ਨੂੰ ਪੰਜਾਬੀ ਬੋਲੀ ਵਿਚ ਵੜ ਕੇ ਆਪਣੀ ਜ਼ੁਬਾਨ ਨੂੰ ਗੰਧਲਾ ਨਾ ਕਰਨ ਦੇਈਏ। ਉਨ੍ਹਾਂ ਦੀ ਰਾਇ ਹੈ ਕਿ ਬੋਲੀ ਦਾ ਸੁਹੱਪਣ ਤੇ ਪਾਕੀਜ਼ਗੀ ਸਿਰਫ ਉਸਦੇ ਸ਼ੁੱਧ ਰੂਪ ਵਿਚ ਹੀ ਮਹਿਸੂਸ ਕੀਤੇ ਜਾ ਸਕਦੇ ਹਨ ਅਤੇ ਜੇਕਰ ਬਾਹਰਲੀਆਂ ਭਾਸ਼ਾਵਾਂ ਬੋਲੀ ਨੂੰ ਨਾਪਾਕ ਅਤੇ ਪਤਲਾ ਕਰ ਦੇਣ ਤਾਂ ਬੋਲੀ, ਸਿਰਫ ਨਾਂ ਮਾਤਰ ਦੀ ਬੋਲੀ ਬਣ ਕੇ ਰਹਿ ਜਾਂਦੀ ਹੈ।
ਪਰੰਤੂ ਇੱਥੇ ਇੱਕ ਬਹੁਤ ਸੰਜੀਦਾ ਸਵਾਲ ਪੈਦਾ ਹੁੰਦਾ ਹੈ-ਕੀ ਸਖਤਾਈ ਨਾਲ ਸਾਂਭੀ ਸ਼ੁੱਧਤਾ, ਪੰਜਾਬੀ ਲਈ ਵਧੀਆ ਭਵਿੱਖ ਹੈ? ਇਸ ਆਧੁਨਿਕਤਾ ਅਤੇ ਪਰੰਪਰਾ ਵਾਲੇ ਚੁਰੱਸਤੇ `ਤੇ ਖੜ੍ਹਿਆਂ ਇਹ ਜ਼ਰੂਰੀ ਹੈ ਕਿ ਆਪਾਂ ਭਾਸ਼ਾਈ ਵਿਕਾਸ ਦੀ ਪ੍ਰਕਿਰਿਆ ਅਤੇ ਲੋੜ ਉੱਤੇ ਖੁੱਲ੍ਹੀ ਨਜ਼ਰ ਮਾਰੀਏ। ਬਿਨਾਂ ਸ਼ੱਕ ਇਹ ਜ਼ਰੂਰੀ ਹੈ ਕਿ ਸਾਨੂੰ ਆਪਣੀ ਬੋਲੀ ਦੀਆਂ ਨੀਂਹਾਂ ਦੀ ਕਦਰ ਕਰਨੀ ਅਤੇ ਉਨ੍ਹਾਂ ਨੂੰ ਸਾਂਭਣਾ ਚਾਹੀਦਾ ਹੈ। ਪਰ ਸਾਨੂੰ ਇਹ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਬੋਲੀਆਂ ਬੇਜਾਨ ਚੀਜ਼ਾਂ ਨਹੀਂ ਹੁੰਦੀਆਂ – ਇਹ ਵੀ ਸਾਡੇ ਵਾਂਗ ਜਿਉਂਦੀਆਂ ਜਾਗਦੀਆਂ ਨੇ; ਇਹ ਵੀ ਸਾਹ ਲੈਂਦੀਆਂ, ਵਧਦੀਆਂ, ਫੁੱਲਦੀਆਂ ਨੇ ਤੇ ਆਪਣੇ ਆਪ ਨੂੰ, ਆਪਣੇ ਦੁਆਲੇ ਦੇ ਬਦਲਦੇ ਵਾਤਾਵਰਨ ਦੇ ਅਨੁਸਾਰ ਢਾਲਦੀਆਂ ਨੇ। ਜਿਵੇਂ ਜਿਵੇਂ ਵਿਸ਼ਵੀਕਰਨ, ਦੁਨੀਆਂ ਦੀਆਂ ਸੱਭਿਆਤਾਵਾਂ ਨੂੰ ਇਕੱਠਾ ਕਰਦਾ ਜਾ ਰਿਹਾ ਹੈ, ਕੀ ਇਹ ਸੰਭਵ ਨਹੀਂ ਕਿ ਨਵੇਂ ਸ਼ਬਦਾਂ ਨੂੰ ਅਪਨਾਉਣ ਨਾਲ, ਪੰਜਾਬੀ ਸਗੋਂ ਨਰੋਈ ਹੋਵੇਗੀ, ਆਉਣ ਵਾਲੀਆਂ ਨਸਲਾਂ ਨੂੰ ਵੱਧ ਚੰਗੀ ਲੱਗੇਗੀ, ਅਤੇ ਨਵੀਂ ਜੁੜਦੀ ਦੁਨੀਆਂ ਵਿਚ ਆਪਣੀ ਥਾਂ ਬਣਾਈ ਰੱਖੇਗੀ?
ਤਬਦੀਲੀ ਭਾਸ਼ਾਵਾਂ ਦਾ ਕੁਦਰਤੀ ਸੁਭਾਅ ਹੈ।
ਬੋਲੀਆਂ ਕਿਸੇ ਸਥਾਈ ਚੱਟਾਨ ਵਾਂਗ ਨਹੀਂ ਹੁੰਦੀਆਂ, ਜਿਹੜੀਆਂ ਗੁਜ਼ਰਦੇ ਵਕਤ ਤੋਂ ਬੇਖਬਰ, ਇਕ ਥਾਂ ਟਿਕੀਆਂ ਪਈਆਂ ਰਹਿਣ। ਇਹ ਤਾਂ ਉਸ ਸ਼ੀਸ਼ੇ ਵਾਂਗ ਹੁੰਦੀਆਂ ਹਨ ਜਿਸ ਵਿਚ ਆਪਾਂ ਇਨਸਾਨ ਦੇ ਸਫਰ ਦੀਆਂ ਸੱਭਿਅਕ, ਰਾਜਨੀਤਕ, ਆਰਥਿਕ ਤਬਦੀਲੀਆਂ ਅਤੇ ਜੱਦੋ-ਜਹਿਦ ਨੂੰ ਵੇਖ ਸਕਦੇ ਹਾਂ। ਬੋਲੀਆਂ ਵੀ ਜਿਉਂਦੇ ਜੀਵ ਜੰਤੂਆਂ ਦੇ ਐਵੋਲਿਊਸ਼ਨ (ਜਾਤੀ-ਵਿਕਾਸ, ਜਿਹੜਾ ਦੁਨੀਆਂ ਦੀ ਹਰ ਜਿਉਂਦੀ ਸ਼ੈਅ ਦੇ ਅਜੋਕੇ ਰੂਪ ਲਈ ਜਿੰLਮੇਵਾਰ ਹੈ) ਵਾਂਗ, ਤਬਦੀਲੀ ਦੇ ਵਹਾਅ ਵਿਚ ਫਸੀਆਂ ਹਨ ਅਤੇ ਇਨਸਾਨੀ ਵਿਕਾਸ ਦੇ ਨਾਲ-ਨਾਲ ਆਪਣਾ ਰੂਪ ਬਦਲਦੀਆਂ ਰਹਿੰਦੀਆਂ ਹਨ। ਬੋਲੀ ਦਾ ਹਰ ਸੁਰ, ਹਰ ਸ਼ਬਦ, ਹਰ ਵਾਕ-ਰਚਨਾ, ਹਜ਼ਾਰਾਂ ਮਨੁੱਖੀ ਤਜਰਬਿਆਂ, ਰੂਪਾਂਤਰਾਂ, ਅਤੇ ਮਿਲਵਰਤਨਾਂ ਦੀ ਪੈੜ ਨਿਸ਼ਾਨੀ ਹੁੰਦਾ ਹੈ। ਬਾਬੇ ਫਰੀਦ ਦੇ ਸੁਰਾਂ ਬੱਧੇ ਵਚਨ, ਬੋਲੀ ਦੀਆਂ ਡੂੰਘਾਈਆਂ ਦੇ ਪ੍ਰਤੀਕ ਹਨ, ਪਰ ਉਹਦੀ ਬੋਲੀ ਪੰਜਾਬ ਦੇ ਸੰਘਣੇ ਤੇ ਆਰਥਿਕ ਦੌੜ ਵਿਚ ਪਏ ਸ਼ਹਿਰਾਂ ਦੀ ਬੋਲੀ ਨਾਲ਼ ਮੇਲ ਨਹੀਂ ਖਾਂਦੀ। ਪਰ ਇਸ ਤਬਦੀਲੀ ਦਾ ਮਤਲਬ ਇਹ ਨਹੀਂ ਕਿ ਪੰਜਾਬੀ ਪਤਲੀ ਹੋ ਰਹੀ ਹੈ ਜਾਂ ਆਪਾ ਗਵਾ ਰਹੀ ਹੈ। ਇਹ ਤਾਂ ਪੰਜਾਬੀਆਂ ਦੇ ਉਸ ਉਤੇਜਿਤ ਸਫਰ ਦੀ ਕਹਾਣੀ ਹੈ ਜਿਸ ਵਿਚ ਉਹ ਵੰਨ-ਸੁਵੰਨੇ ਖਿਆਲਾਂ ਨਾਲ ਖੇਡਦੇ, ਤਕਨੀਕੀ ਵਿਕਾਸ ਨਾਲ ਮੋਢਾ ਡਾਹੁੰਦੇ, ਅਤੇ ਵੱਖੋ ਵੱਖਰੀਆਂ ਸੱਭਿਅਤਾਵਾਂ ਨਾਲ ਮੋਢੇ ਘਸਾਉਂਦੇ ਰਹੇ ਹਨ। ਬੋਲੀ ਦਾ ਲਗਾਤਾਰ ਵਿਕਾਸ, ਬੋਲੀ ਦੀ ਜਿਊਣ-ਸ਼ਕਤੀ ਅਤੇ ਲਚੀਲੇਪਣ ਦੀ ਨਿਸ਼ਾਨੀ ਹੁੰਦਾ ਹੈ, ਕਿ ਕਿਵੇਂ ਉਹ ਬੋਲੀ ਪੂਰੀ ਧੜਕਣ ਨਾਲ ਜ਼ਿੰਦਾ ਰਹਿ ਸਕਦੀ ਹੈ ਅਤੇ ਆਪਣੇ ਪੁਰਾਣੇ ਨੂੰ ਸਾਂਭਦੀ, ਨਵੇਂ ਨੂੰ ਗਲਵੱਕੜੀ ਵਿਚ ਲੈ ਸਕਦੀ ਹੈ।
ਅੰਗਰੇਜ਼ੀ ਜ਼ੁਬਾਨ – ਤਬਦੀਲੀ ਦੀ ਮਿਸਾਲ
ਤੁਲਨਾਤਮਕ ਤੌਰ `ਤੇ ਆਪਾਂ ਅੰਗਰੇਜ਼ੀ ਬੋਲੀ ਵੱਲ ਨਜ਼ਰ ਮਾਰਦੇ ਹਾਂ। ਜੇਕਰ ਆਪਾਂ ਐਲਿਜ਼ਾਬੈੱਥ ਦੌਰ ਦੇ ਇੰਗਲੈਂਡ ਵਿਚ ਫੇਰੀ ਮਾਰੀਏ, ਤਾਂ ਸ਼ੇਕਸਪੀਅਰ ਦੇ ‘ਸਮਾਂ-ਮੁਕਤ’ ਡਰਾਮੇ ਮੁਲਕ ਦੇ ਥੀਏਟਰਾਂ `ਚ ਖੇਡੇ ਜਾਂਦੇ ਮਿਲਣਗੇ। ਪਰ ਉਹ ਅੰਗਰੇਜ਼ੀ, ਅੱਜ ਦੇ ਇੱਕੀਵੀਂ ਸਦੀ ਦੇ ਅੰਗਰੇਜ਼ੀ ਕੰਨਾਂ ਨੂੰ ਵਿਦੇਸ਼ੀ ਬੋਲੀ ਲਗਦੀ ਹੈ। (ਦੂਜੇ ਪਾਸੇ, ਓਸ ਤੋਂ ਸਦੀਆਂ ਪੁਰਾਣੀ ਬਾਬਾ ਫਰੀਦ ਦੀ ਬੋਲੀ ਅਜੋਕੀ ਪੰਜਾਬੀ ਬੋਲੀ ਨਾਲ ਪੂਰਾ ਮੇਲ ਖਾਂਦੀ ਹੈ।) ਸ਼ੇਕਸਪੀਅਰ ਦੇ ਡਰਾਮਿਆਂ ਦੀ ਉਹ ਵਿਸਥਾਰਪੂਰਵਕ, ਭਰਪੂਰ ਸ਼ੈਲੀ, ਵਿਲੱਖਣ ਧੁਨ, ਸ਼ਬਦਾਵਲੀ, ਲਹਿਜ਼ਾ, ਅਜੋਕੀ ਅੰਗਰੇਜ਼ੀ ਬੋਲਣ ਵਾਲੇ ਲਈ ਚੁਣੌਤੀ ਹੈ ਤੇ ਇਸ ਪਏ ਵਕਤੀ ਪਾੜ ਨੂੰ ਅਨੁਵਾਦਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ। ਪਰ ਕੀ ਇਸ ਪਾੜ ਨੂੰ ਅੰਗਰੇਜ਼ੀ ਬੋਲਣ ਵਾਲੇ ਡਰ ਜਾਂ ਖਤਰੇ ਵਾਲੀ ਐਨਕ ਨਾਲ ਵੇਖਦੇ ਨੇ ਅਤੇ ਉਹਦੀ ਸ਼ੁੱਧਤਾ `ਤੇ ਸ਼ੱਕ ਕਰਦੇ ਨੇ? ਨਹੀਂ, ਸਚਾਈ ਸਗੋਂ ਉਸਦੇ ਉਲਟ ਹੈ। ਅੰਗਰੇਜ਼ੀ ਜ਼ੁਬਾਨ ਦੇ ਇਸ ਬਦਲਦੇ ਰੂਪ ਨੇ ਅੰਗਰੇਜ਼ੀ ਬੋਲੀ ਨੂੰ ਅਤੇ ਉਸਦੀ ਹੋਂਦ ਨੂੰ ਪਤਲਾ ਨਹੀਂ ਕੀਤਾ; ਇਹ ਤਬਦੀਲੀ ਤਾਂ ਸਗੋਂ ਅੰਗਰੇਜ਼ੀ ਦੇ ਅਨੋਖੇ ਸਫਰ ਦੀ ਦਿਲਚਸਪ ਕਹਾਣੀ ਬਣ ਗਈ ਹੈ। ਨਾਲ ਹੀ ਇਹ ਤਬਦੀਲੀ ਇਸ ਗੱਲ ਦੀ ਸਬੂਤ ਹੈ ਕਿ ਕਿਵੇਂ, ਮੱਧਕਾਲੀ ਮਹਾਰਾਜਿਆਂ ਦੀਆਂ ਅਦਾਲਤਾਂ ਤੋਂ ਲੈ ਕੇ ਅਜੋਕੇ ਡਿਜੀਟਲ ਪਲੇਟਫਾਰਮ ਤੀਕਰ, ਅੰਗਰੇਜ਼ੀ ਜ਼ੁਬਾਨ ਆਪਣੇ ਆਪ ਨੂੰ ਵਾਤਾਵਰਨ ਦੇ ਅਨੁਕੂਲ ਬਣਾਉਂਦੀ, ਉਸ ਵਿਚ ਘੁਲ-ਮਿਲ ਜਾਂਦੀ, ਅਤੇ ਵਿਕਾਸ ਦਾ ਹਿੱਸਾ ਬਣਦੀ ਰਹੀ ਏ। ਅੰਗਰੇਜ਼ੀ ਦਾ ਇਤਿਹਾਸ ਵੇਖੀਏ ਤਾਂ ਪਤਾ ਚਲਦਾ ਹੈ ਕਿ ਕਿਵੇਂ ਇਹ, ਲਾਤੀਨੀ, ਫਰਾਂਸੀਸੀ, ਜਰਮਨ ਤੇ ਹੋਰ ਅਨੇਕਾਂ ਭਾਸ਼ਾਵਾਂ ਦੀ ਸ਼ਬਦਾਵਲੀ ਨੂੰ ਆਪਣੇ ਆਪ ਵਿਚ ਸਮੋਂਦੀ ਅਤੇ ਉਨ੍ਹਾਂ ਸ਼ਬਦਾਂ ਨੂੰ ਆਪਣੇ ਰੂਪ ਵਿਚ ਰੰਗਦੀ ਰਹੀ ਹੈ। ਅੰਗਰੇਜ਼ੀ ਦੀ ਦੂਜੀਆਂ ਭਾਸ਼ਾਵਾਂ ਨਾਲ ਇੱਕ-ਮਿੱਕ ਹੋਣ ਅਤੇ ਉਨ੍ਹਾਂ ਦੇ ਸ਼ਬਦਾਂ ਨੂੰ ਆਪਣੇ ਰੂਪ ਵਿਚ ਢਾਲ਼ ਲੈਣ ਦੀ ਸਮਰੱਥਾ ਇਸ ਬੋਲੀ ਦੇ ਤਕੜੇਪਣ ਅਤੇ ਬਹੁਰੂਪਤਾ ਦਾ ਸਬੂਤ ਹੈ। ਵਿਸ਼ਵਕਰਨੀ ਤਬਦੀਲੀਆਂ ਦੇ ਭਾਰ ਥੱਲੇ ਆ, ਖਤਮ ਹੋਣ ਦੀ ਜਗ੍ਹਾ, ਅੰਗਰੇਜ਼ੀ ਜ਼ੁਬਾਨ ਵਧਦੀ ਫੁੱਲਦੀ ਗਈ, ਬੇਲੋੜੀ ਹੋਣ ਤੋਂ ਬਚਣ ਲਈ ਬਦਲਦੀ ਗਈ, ਲੋਕਾਂ ਦੇ ਕੰਮ ਆਉਂਦੀ ਗਈ ਤੇ ਦੁਨੀਆਂ ਦੀਆਂ ਦੂਰ ਦੁਰੇਡੀਆਂ ਥਾਵਾਂ ਤੀਕਰ ਪ੍ਰਭਾਵਸ਼ਾਲੀ ਬਣੀ ਰਹੀ।
ਬੋਲੀ ਦੀ ਬਣਤਰ: ਗਰਾਮਰ ਅਤੇ ਵਾਕ-ਰਚਨਾ
ਬੋਲੀਆਂ, ਮਨੁੱਖੀ ਭਾਵਨਾਵਾਂ ਨੂੰ ਪੇਸ਼ ਕਰਨ ਤੇ ਉਨ੍ਹਾਂ ਦੀ ਵਿਆਖਿਆ ਕਰਨ ਦਾ ਜ਼ਰੀਆ ਹੁੰਦੀਆਂ ਹਨ। ਹਰ ਬੋਲੀ ਇੱਕ ਗੁੰਝਲਦਾਰ ਤਾਣਾ-ਬਾਣਾ ਹੁੰਦੀ ਹੈ ਜਿਹੜੀ ਪ੍ਰਚੱਲਤ ਸ਼ਬਦਾਂ ਦੀ ਵਰਤੋਂ, ਵੱਖੋ-ਵੱਖਰੇ ਰੰਗਾਂ ਅਤੇ ਸਾਈਜ਼ ਵਾਲੇ ਮਣਕਿਆਂ ਦੇ ਤੌਰ `ਤੇ ਕਰਦੀ ਹੈ। ਸ਼ਬਦਾਵਲੀ ਉਹ ਮਣਕੇ ਹੁੰਦੇ ਹਨ ਜਿਨ੍ਹਾਂ ਰਾਹੀਂ ਭਾਸ਼ਾ ਆਪਣੀ ਗੱਲ ਸਮਝਾ ਸਕਦੀ ਹੈ, ਪਰ ਕਿਸੇ ਵੀ ਭਾਸ਼ਾ ਦੀ ਜੜ੍ਹ ਉਹਦੀ ਗਰਾਮਰ ਅਤੇ ਵਾਕ-ਰਚਨਾ ਹੁੰਦੀ ਹੈ, ਜਿਸ ਨਾਲ ਉਸਦੀ ਇਕਾਗਰਤਾ ਅਤੇ ਡੂੰਘਾਈ ਦਾ ਪਤਾ ਲੱਗਦਾ ਹੈ। ਗਰਾਮਰ ਤੇ ਵਾਕ ਰਚਨਾ ਭਾਸ਼ਾ ਦੇ ਇੰਜਨੀਅਰ ਹੁੰਦੇ ਹਨ ਜਿਹੜੇ ਮਣਕਿਆਂ ਨੂੰ ਫਿਕਰਿਆਂ ਦਾ ਰੂਪ ਦਿੰਦੇ ਹਨ ਤਾਂ ਜੋ ਗੱਲ ਨੂੰ, ਸੌਖਿਆਂ ਅਤੇ ਸਹੀ ਵਹਾਅ ਵਿਚ ਸਮਝਾਇਆ ਜਾ ਸਕੇ।
ਇੱਕ ਵਾਰ ਮੈਂ ਚੰਡੀਗੜ੍ਹ ਕਿਸੇ ਕਾਨਫਰੰਸ ਵਿਚ ਬੈਠਾ ਜਾਵੇਦ ਅਖ਼ਤਰ ਨੂੰ ਸੁਣ ਰਿਹਾ ਸਾਂ। ਉਨ੍ਹਾਂ ਇੱਕ ਬੜਾ ਦਿਲਚਸਪ ਸਵਾਲ ਪੁੱਛਿਆ। “ਯੇ ਹਾਲ ਏਅਰ ਕੰਡੀਸ਼ਨਡ ਹੈ,” ਕੀ ਇਹ ਫਿਕਰਾ ਹਿੰਦੀ ਦਾ ਹੈ, ਜਾਂ ਇੰਗਲਿਸ਼ ਦਾ? ਉਨ੍ਹਾਂ ਖੁLਦ ਹੀ ਇਸਦਾ ਜਵਾਬ ਦਿੱਤਾ ਕਿ ਬੇਸ਼ੱਕ ਇਸ ਫਿਕਰੇ ਵਿਚ ਤਿੰਨ ਵੱਡੇ ਲਫਜ਼ ਅੰਗਰੇਜ਼ੀ ਅਤੇ ਸਿਰਫ ਦੋ, ਤੇ ਉਹ ਵੀ ਸਭ ਤੋਂ ਨਿੱਕੇ, ਹਿੰਦੀ ਦੇ ਹਨ, ਇਹ ਫਿਕਰਾ ਹਿੰਦੀ ਦਾ ਹੀ ਹੈ ਕਿਉਂਕਿ ਇਸ ਵਿਚ ਗਰਾਮਰ ਤੇ ਵਾਕ ਰਚਨਾ ਹਿੰਦੀ ਦੀ ਹੈ। ਮੈਂ ਇਸ ਦੇ ਉਲਟ ਇੱਕ ਫਿਕਰਾ ਬਣਾ ਕੇ ਵੇਖਿਆ – ‘ਦਿਸ ਕਮਰਾ ਇਜ਼ ਪੂਰਾ ਠੰਢਾ।’ ਘੋਖ ਕੇ ਵੇਖੋ ਤਾਂ ਬਿਨਾਂ ਸ਼ੱਕ ਇਹ ਫਿਕਰਾ ਅੰਗਰੇਜ਼ੀ ਦਾ ਹੈ ਜਿਸ ਵਿਚ ਤਿੰਨ ਪੰਜਾਬੀ ਦੇ ਸ਼ਬਦ ਵਰਤੇ ਗਏ ਹਨ।
ਇਸ ਦਲੀਲ ਨੂੰ ਮੱਦੇਨਜ਼ਰ ਰੱਖਦਿਆਂ ਇਹ ਸਾਫ ਹੈ ਕਿ ਦੂਜੀ ਭਾਸ਼ਾ ਦੇ ਸ਼ਬਦਾਂ ਨੂੰ ਅਪਣਾ ਲੈਣਾ, ਭਾਸ਼ਾ ਲਈ ਕੋਈ ਖਤਰੇ ਵਾਲੀ ਗੱਲ ਨਹੀਂ ਹੁੰਦੀ; ਇਹ ਤਾਂ ਸਗੋਂ ਭਾਸ਼ਾ ਨੂੰ ਵਿਕਸਤ ਅਤੇ ਅਮੀਰ ਹੋਣ ਦੇ ਮੌਕੇ ਪ੍ਰਦਾਨ ਕਰਦਾ ਹੈ। ਜਿਵੇਂ ਦਰਿਆ, ਚੋਆਂ ਅਤੇ ਨਦੀ ਨਾਲਿਆਂ ਦਾ ਪਾਣੀ ਲੈ ਲੈ ਕੇ, ਹੌਲੀ ਹੌਲੀ ਵੱਡਾ ਤੇ ਤਾਕਤਵਰ ਬਣ ਜਾਂਦਾ ਹੈ, ਇਸੇ ਤਰ੍ਹਾਂ ਬੋਲੀਆਂ, ਦੂਜੀਆਂ ਬੋਲੀਆਂ ਦੀ ਸ਼ਬਦਾਵਲੀ ਨੂੰ ਗਲਵੱਕੜੀ ਲੈ, ਆਪਣੇ ਆਪ ਨੂੰ ਨਰੋਆ ਤੇ ਬਦਲਦੀ ਦੁਨੀਆਂ ਦੇ ਅਨੁਕੂਲ ਕਰ ਲੈਂਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਕੋਈ ਬੋਲੀ ਪਤਲੀ ਨਹੀਂ ਹੁੰਦੀ ਤੇ ਨਾ ਹੀ ਆਪੇ ਨੂੰ ਗਵਾਉਂਦੀ ਹੈ – ਇਹ ਤਾਂ ਸਗੋਂ ਲੋਕਾਂ, ਖਾਸ ਕਰ ਨਵੀਆਂ ਪੀੜ੍ਹੀਆਂ ਵਿਚ ਆਪਣੇ ਲਈ ਨਵੀਂ ਚਾਹਤ ਪੈਦਾ ਕਰਦੀ ਹੈ ਤੇ ਉਹ ਇਸ ਬੋਲੀ ਨੂੰ ਇਸ ਲਈ ਸਿੱਖਦੇ ਹਨ ਤਾਂ ਜੋ ਉਹ ਉਹਨੂੰ ਸੌਖਿਆਂ ਵਰਤ ਸਕਣ, ਨਾ ਕਿ ਇਸ ਕਰਕੇ ਕਿ ਇਹ ਉਨ੍ਹਾਂ ਦੇ ਪੁਰਖਿਆਂ ਦੀ ਜਾਇਦਾਦ ਹੈ, ਜਿਸਨੂੰ ਸੰਭਾਲ ਕੇ ਰੱਖਣ ਦੀ ਜਿੰLਮੇਵਾਰੀ ਉਨ੍ਹਾਂ ਦੇ ਮੋਢਿਆਂ `ਤੇ ਭਾਰ ਹੈ। ਕਿਸੇ ਬੋਲੀ ਦੀ ਆਪਣੇ ਮੂਲ਼ ਰੂਪ ਨੂੰ ਗਵਾਏ ਬਿਨਾਂ ਬਦਲ ਲੈਣ ਦੀ ਸਮਰੱਥਾ, ਤਾਂ ਜੋ ਉਹ ਦੂਜੀਆਂ ਬੋਲੀਆਂ ਨਾਲ ਜੁੜੀ ਰਹਿ ਸਕੇ, ਲੋਕਾਂ ਦੀ ਲੋੜ ਨੂੰ ਪੂਰਿਆਂ ਕਰ ਸਕੇ, ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਨਾਲ ਜੋੜੀ ਰੱਖ ਸਕੇ, ਉਸ ਬੋਲੀ ਦੇ ਨਰੋਏ ਅਤੇ ਲਚਕੀਲੇਪਣ ਦੀ ਪਛਾਣ ਹੁੰਦੀ ਹੈ।
ਵਿਕਾਸ `ਤੇ ਝਾਤ- ਭਵਿੱਖ `ਤੇ ਇੱਕ ਨਜ਼ਰ
ਅੱਜ ਦੇ ਵਿਸ਼ਵੀਕਰਣ ਯੁੱਗ ਵਿਚ, ਜਿੱਥੇ ਦੁਨੀਆਂ ਡਿਜੀਟਲ ਰੂਪ ਵਿਚ ਜੁੜ ਚੁੱਕੀ ਹੈ, ਅੰਗਰੇਜ਼ੀ ਬੋਲੀ ਦਾ ਦੁਨੀਆਂ ਦੀ ਸਟੇਜ `ਤੇ ਉੱਭਰ ਕੇ ਆਉਣਾ ਕਿਸੇ ਤੋਂ ਲੁਕਿਆ ਨਹੀਂ ਹੈ। ਆਪਣੇ ਇਤਿਹਾਸ, ਦੂਜੇ ਮੁਲਕਾਂ ਉੱਤੇ ਜਿੱਤਾਂ, ਵਪਾਰ ਅਤੇ ਸਭਿਅਤਾ ਦੀਆਂ ਨੀਂਹਾਂ `ਤੇ ਖੜੋ, ਅੰਗਰੇਜ਼ੀ ਦਾ ਬਾਕੀ ਬੋਲੀਆਂ ਦੇ ਉੱਤੋਂ ਸਿਰ ਕੱਢ ਲੈਣ ਦਾ ਕਾਰਨ, ਕਿਸੇ ‘ਲੋਹੇ ਦੀ ਛੜੀ `ਤੇ ਪਾਈ ਗਾਂਧੀ ਟੋਪੀ’ ਵਰਗੀ ਕੱਟੜਤਾ ਨਹੀਂ, ਸਗੋਂ ਇਹ ਇਸ ਬੋਲੀ ਦੇ ਲਚਕੀਲਾਪਣ ਅਤੇ ਅਡੈਪਟੇਬਿਲਿਟੀ—ਮਤਲਬ ਵਾਤਾਵਰਨ ਦੇ ਅਨੁਕੂਲ ਹੋ ਸਕਣ ਦੀ ਯੋਗਤਾ ਹੈ। ਇਸੇ ਲਚਕੀਲੇਪਣ ਅਤੇ ਅਡੈਪਟੇਬਿਲਿਟੀ ਸਦਕਾ, ਅੰਗਰੇਜ਼ੀ ਵਿਭਿੰਨ ਖਿਆਲਾਂ, ਸੱਭਿਆਚਾਰਾਂ ਤੇ ਵਿਕਾਸਾਂ ਦੇ ਨਾਲ ਇੱਕ-ਮਿੱਕ ਹੁੰਦੀ ਰਹੀ ਹੈ। ਹਰ ਸਾਲ ਆਪਾਂ ਵੇਖਦੇ ਹਾਂ ਕਿਵੇਂ, ਕਿੰਨੇ ਹੀ ਨਵੇਂ ਸ਼ਬਦ ਜਿਹੜੇ ਅੰਗਰੇਜ਼ੀ ਦੀ ਡਿਕਸ਼ਨਰੀ ਵਿਚ ਜੋੜੇ ਜਾਂਦੇ ਹਨ, ਕਿਵੇਂ ਵੱਖੋ ਵੱਖਰੀਆਂ ਬੋਲੀਆਂ, ਸੱਭਿਆਤਾਵਾਂ ਤੇ ਤਕਨੀਕੀ ਵਿਕਾਸ ਵਿਚੋਂ ਲਏ ਹੁੰਦੇ ਹਨ।
ਭਾਸ਼ਾਈ ਵਿਕਾਸ ਦੇ ਚੁਰੱਸਤੇ `ਤੇ ਖਲੋਤੀ ਪੰਜਾਬੀ ਭਾਸ਼ਾ ਨੂੰ, ਅੰਗਰੇਜ਼ੀ ਦੇ ਇਸ ਚੜ੍ਹਾਈ ਵਾਲੇ ਸਫਰ ਤੋਂ ਕਈ ਗੱਲਾਂ ਸਿੱਖਣ ਦੀ ਲੋੜ ਹੈ। ਪੰਜਾਬੀ ਨੂੰ ਅੰਗਰੇਜ਼ੀ ਦੇ ਵਿਸ਼ਵਕਰਨੀ ਰਸੂਖ਼ ਤੋਂ ਡਰਨ ਜਾਂ ਨਿਰਾਸ਼ ਹੋਣ ਦੀ ਜਗ੍ਹਾ, ਅੰਗਰੇਜ਼ੀ ਦੇ ਇਸ ਸਫਰ ਤੋਂ ਆਪਣੇ ਲਈ ਨਕਸ਼ੇ-ਕਦਮ ਤਿਆਰ ਕਰਨ ਦੀ ਜ਼ਰੂਰਤ ਹੈ ਕਿ ਕਿਵੇਂ ਇਹਨੇ, ਇਸ ਘਸ ਰਹੀਆਂ ਹੱਦਾਂ ਵਾਲੀ ਨਵੀਂ ਦੁਨੀਆਂ ਵਿਚ, ਪ੍ਰਫੁੱਲਤ ਹੋਣਾ ਹੈ। ਭਵਿੱਖ ਲਈ ਤਿਆਰ ਹੋਣ ਦਾ ਮਤਲਬ ਇਸ ਵਿਸ਼ਵਕਰਨੀ ਬਗੀਚੇ ਨੂੰ ਇੱਕ ਜੰਗੀ ਮੈਦਾਨ ਵਾਂਗੂ ਨਹੀਂ, ਸਗੋਂ ਉਸ ਬੁਣੀ ਜਾ ਰਹੀ ਨਵੀਂ ਫੁਲਕਾਰੀ ਵਾਂਗ ਵੇਖਣ ਦੀ ਲੋੜ ਹੈ, ਜਿਸ ਵਿਚ ਹਰ ਜਿਉਂਦੀ ਬੋਲੀ, ਇੱਕ ਵਿਲੱਖਣ ਰੰਗ ਵਾਲੇ ਧਾਗੇ ਵਾਂਗ ਹੋਵੇਗੀ, ਜਿਸ ਬਿਨਾਂ ਇਹ ਫੁਲਕਾਰੀ ਪੂਰੀ ਨਹੀਂ ਲੱਗੇਗੀ।
ਇਸੇ ਦਲੀਲ ਨੂੰ ਅੱਗੇ ਤੋਰਦਿਆਂ, ਜੇਕਰ ਪੰਜਾਬੀ ‘ਉਹਨੇ ਮੇਰੇ ਸਿਰ ਵਿਚ ਸਟੋਨ ਮਾਰਿਆ,’ ਅਤੇ ਜਾਂ, ‘ਟਰੀਜ਼ ਤੋਂ ਲੀਵਜ਼ ਫਾਲ ਕਰ ਰਹੇ ਨੇ,’ ਵਰਗੇ ਫਿਕਰਿਆਂ ਨੂੰ ਸਵੀਕਾਰ ਕਰ ਲਵੇ ਤਾਂ ਇਸ ਨਾਲ ਪੰਜਾਬੀ ਬੋਲੀ ਨੂੰ ਢਾਹ ਲੱਗਣਾ ਨਹੀਂ ਆਖਾਂਗੇ। ਸਗੋਂ ਇੱਕ ਦਿਨ ਆਉਣ ਵਾਲੀਆਂ ਪੀੜ੍ਹੀਆਂ ਲਈ, ਸਕੂਲ, ਗਲਾਸ, ਸਟੇਸ਼ਨ, ਤੇ ਪੇਪਰ ਵਰਗੇ ਸ਼ਬਦਾਂ ਵਾਂਗ, ਸਟੋਨ, ਟਰੀਜ਼, ਲੀਵਜ਼ ਤੇ ਫਾਲ ਵਰਗੇ ਸ਼ਬਦ ਵੀ, ਪੰਜਾਬੀ ਜ਼ੁਬਾਨ ਦਾ ਅਟੁੱਟ ਹਿੱਸਾ ਲੱਗਣ ਲੱਗ ਜਾਣਗੇ। ਇਹ ਸਬੂਤ ਹੋਵੇਗਾ, ਪੰਜਾਬੀ ਦੀ ਚਲਦੀ ਨਬਜ਼ ਦਾ ਅਤੇ ਇਸਦੇ ਧੜਕਦੇ ਦਿਲ ਦਾ। ਸਿੱਟੇ ਵਜੋਂ, ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਬੋਲੀ, ਆਪਣੀ ਤਾਕਤ ਅਤੇ ਰੈਲੇਵੈਂਸ (ਪ੍ਰਸੰਗ) ਬਣਾਈ ਰੱਖ ਸਕੇਗੀ।
ਬਦਲਦੀ ਦੁਨੀਆਂ ਵਿਚ ਆਪਣੇ ਵਿਰਸੇ ਨੂੰ ਬਚਾਈ ਰੱਖਣਾ
ਬੋਲੀ ਨੂੰ ਬਚਾਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਸ ਦੁਆਲੇ ਕੋਈ ਕੰਧ ਖੜ੍ਹੀ ਕਰ ਦੇਈਏ ਤਾਂ ਜੋ ਉਹ ਬਾਹਰੀ ਅਸਰਾਂ ਤੋਂ ਬਚੀ ਰਹਿ ਸਕੇ। ਇਹਨੂੰ ਬਚਾਉਣ ਦਾ ਇੱਕੋ ਤਰੀਕਾ ਹੈ ਕਿ ਇਹਨੂੰ ਬੋਲਣ ਵਾਲੇ, ਸਿੱਧੇ ਜਾਂ ਅਸਿੱਧੇ ਤੌਰ `ਤੇ, ਦੂਜੀਆਂ ਸੱਭਿਅਤਾਵਾਂ, ਬਦਲਦੀ ਤਕਨਾਲੋਜੀ ਤੇ ਵਿਕਸਤ ਹੋ ਰਹੀਆਂ ਦੂਜੀਆਂ ਬੋਲੀਆਂ ਦੇ ਲਗਾਤਾਰ ਸੰਪਰਕ ਵਿਚ ਰਹਿਣ। ਬੋਲੀਆਂ ਸਿਰਫ ਸੰਪਰਕ ਦਾ ਸਾਧਨ ਹੀ ਨਹੀਂ ਹੁੰਦੀਆਂ, ਇਹ ਜਿਉਂਦੀਆਂ ਜਾਗਦੀਆਂ ਚੀਜ਼ਾਂ ਨੇ, ਜਿਨ੍ਹਾਂ ਨੂੰ ਆਪਣੀ ਧੜਕਣ ਕਾਇਮ ਰੱਖਣ ਲਈ, ਸਾਹ ਲੈਣ, ਅਤੇ ਵਧਣ-ਫੁੱਲਣ ਲਈ ਬਦਲਦੇ ਵਾਤਾਵਰਨ ਨਾਲ ਸੰਪਰਕ ਰੱਖਣ ਦੀ ਲੋੜ ਹੁੰਦੀ ਹੈ। ਮਨੁੱਖੀ ਇਤਿਹਾਸ ਦੱਸਦਾ ਹੈ ਕਿ ਉਹੀਓ ਬੋਲੀਆਂ ਜਿਉਂਦੀਆਂ ਜਾਗਦੀਆਂ ਅਤੇ ਧੜਕਦੀਆਂ ਰਹਿੰਦੀਆਂ ਹਨ ਜਿਹੜੀਆਂ ਮਨੁੱਖੀ ਤਜਰਬਿਆਂ ਦੇ ਵਿਕਸਤ ਹੋ ਰਹੇ ਬਗੀਚੇ ਦੇ ਨਾਲ ਨਾਲ ਪੁੰਗਰਦੀਆਂ ਰਹਿੰਦੀਆਂ ਨੇ। ਹੱਦਾਂ ਵਿਚ ਸੀਮਤ ਰੱਖੀਆਂ ਬੋਲੀਆਂ ਹੌਲੀ ਹੌਲੀ ਅਲੋਪ ਜਾਂ ਇਰਰੈਲੇਵੈਂਟ (ਬੇਪ੍ਰਸੰਗ) ਹੋ ਜਾਂਦੀਆਂ ਹਨ।
ਆਪਣੀ ਇਸ ਰਸ-ਮਈ ਅਤੇ ਗਹਿਰਾਈਆਂ ਭਰੀ ਪੰਜਾਬੀ ਬੋਲੀ ਦਾ ਵਿਰਸਾ ਸਦੀਆਂ ਪੁਰਾਣਾ ਹੈ। ਇਹ ਲੋਕਾਂ ਦੀ ਰੂਹ ਅਤੇ ਉਨ੍ਹਾਂ ਦੇ ਹਠ ਅਤੇ ਵਿਕਾਸ ਦੀ ਕਹਾਣੀ ਹੈ। ਆਪਣੇ ਲੰਮੇ ਸਫਰ ਦੌਰਾਨ, ਪੁਰਾਣੇ ਸ਼ਾਸਤਰਾਂ ਅਤੇ ਗੁਰਬਾਣੀ ਤੋਂ ਲੈ ਕੇ, ਅਜੋਕੇ ਡਿਜੀਟਲ ਯੁੱਗ ਤੀਕ ਇਹ ਬੋਲੀ ਬਹੁਤ ਤਬਦੀਲੀਆਂ ਵਿਚੋਂ ਲੰਘੀ ਹੈ ਅਤੇ ਆਪਣੇ ਆਪੇ ਨੂੰ ਗਵਾਏ ਬਗੈਰ ਇਸ ਨੇ ਫਾਰਸੀ, ਅਰਬੀ, ਸੰਸਕ੍ਰਿਤ ਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਦੇ ਅਨੇਕਾਂ ਸ਼ਬਦਾਂ ਨੂੰ ਆਪਣਾ ਬਣਾ ਲਿਆ ਹੈ। ਇਸਦੀ ਇਹ ਅਡੈਪਟੇਬਿਲਿਟੀ ਇਹਦੀ ਤਾਕਤ ਅਤੇ ਵਾਤਾਵਰਨ ਅਨੁਸਾਰ ਢਲ ਸਕਣ ਦੀ ਯੋਗਤਾ ਦਾ ਸਬੂਤ ਹੈ।
ਪੰਜਾਬੀ ਦੀ ਅਹਿਮੀਅਤ ਨੂੰ ਸਦ-ਬਰਕਰਾਰ ਰੱਖਣ ਲਈ, ਇਸਦੇ ਸੁਨਹਿਰੀ ਵਿਰਸੇ ਅਤੇ ਭਵਿੱਖ ਲਈ ਲੋੜੀਂਦੀ ਤਬਦੀਲੀ ਵਿਚਕਾਰ ਇੱਕ ਸੰਤੁਲਨ ਕਾਇਮ ਕਰਨ ਦੀ ਲੋੜ ਹੈ। ਪੰਜਾਬੀ ਬੋਲੀ ਸਿਰ ਉੱਚਾ ਕਰ ਕੇ ਭਵਿੱਖ ਵਿਚ ਵਿਚਰ ਸਕੇ ਇਸ ਲਈ ਇਸ ਨੂੰ ਆਪਣੇ ਭਰਪੂਰ ਵਿਰਸੇ ਦੇ ਨਾਲ ਨਾਲ, ਬਦਲਦੀ ਹਵਾ, ਨਵੇਂ ਵਿਚਾਰਾਂ, ਨਵੀਆਂ ਧਾਰਨਾਵਾਂ ਨਾਲ ਜੁੜੇ ਰਹਿਣ ਦੀ ਲੋੜ ਹੈ। ਪੁਰਾਣੇ ਅਤੇ ਨਵੇਂ-ਪਿਰਤ ਅਤੇ ਵਿਕਾਸ ਦੇ ਸੁਮੇਲ ਨਾਲ ਪੰਜਾਬੀ ਦੀ ਧੜਕਣ ਹਮੇਸ਼ਾ ਬਣੀ ਰਹੇਗੀ ਅਤੇ ਇਹ ਆਉਣ ਵਾਲੀਆਂ ਪੀੜ੍ਹੀਆ ਦੇ ਦਿਲਾਂ ਵਿਚ ਵਸਦੀ ਰਹੇਗੀ।