ਤਾਰਾ ਸਿੰਘ ਕਾਮਿਲ ਨੂੰ ਚੇਤੇ ਕਰਦਿਆਂ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਕਵੀ ਤਾਰਾ ਸਿੰਘ ਕਾਮਿਲ (15.08.29 – 02.02.93) ਹੁਸ਼ਿਆਰਪੁਰ ਦੇ ਪਿੰਡ ਹੁਕੜਾਂ ਦਾ ਜੰਮਪਲ ਸੀ| ਉਹ ਰੋਜ਼ੀ-ਰੋਟੀ ਦੀ ਭਾਲ ਵਿਚ ਛੋਟੀ ਉਮਰੇ ਦਿੱਲੀ ਚਲਾ ਗਿਆ ਸੀ| ਸ਼ਾਇਦ ਵਿਆਹ ਦੇ ਬੰਧਨ ਤੋਂ ਡਰਦਾ| ਉਹ ਲਿਖਦਾ ਹੈ:

ਉਦੋਂ ਜਦ ਤੁਰਿਆ ਸਾਂ ਮੈਂ ਪਰਦੇਸ ਨੂੰ
ਤੂੰ ਦੂਰ ਤੱਕ ਆਈ ਸੈਂ ਸਮਝਾਵਣ ਲਈ
ਜਲਦੀ ਵਿਆਹ ਲਈ ਮੰਨ ਜਾ
ਹੁਣ ਤਾਂ ਪਾ ਦੇ ਫਕੀਰਨੀ ਮਾਂ ਦੀ ਝੋਲੀ ’ਚ ਖੈਰ
ਉਹ ਆਪਣੀ ਮਾਂ ਦੀ ਝੋਲੀ ’ਚ ਖੈਰ ਪਾਏ ਬਿਨਾ ਇਹੋ ਜਿਹਾ ਦਿੱਲੀ ਵੜਿਆ ਕਿ 1993 ਵਿਚ ਅੰਤਮ ਸੁਆਸ ਲੈਣ ਤੱਕ ਉਥੇ ਹੀ ਰਿਹਾ| ਇਹ ਗੱਲ ਵੱਖਰੀ ਹੈ ਕਿ ਦਿੱਲੀ ਪਹੁੰਚ ਕੇ ਕੰਮ-ਕਾਰ ਕਰਦਿਆਂ ਉਸ ਨੇ ਨਿਰਮਲ ਕੌਰ ਨਾਲ ਵਿਆਹ ਵੀ ਕਰਵਾਇਆ ਤੇ ਗੁਰਮਿੰਦਰ, ਸਵਿੰਦਰ, ਸਮਰਜੀਤ ਤੇ ਸੰਦੇਹ ਨਿਵਿਰਤ ਨਾਂ ਦੀਆਂ ਚਾਰ ਬੇਟੀਆਂ ਦਾ ਪਿਤਾ ਵੀ ਬਣਿਆ| ਅਸੀਂ ਉਨ੍ਹਾਂ ਨੂੰ ਪੋਪੀ, ਗਿੰਨੀ, ਸਿੰਮੀ ਤੇ ਚਿੰਕੀ ਆਖਦੇ ਹਾਂ| ਅੱਜ ਦੀ ਗੱਲ ਦਾ ਸਬੰਧ ਵੀ ਉਨ੍ਹਾਂ ਨਾਲ ਹੋਈ ਸੱਜਰੀ ਮੁਲਾਕਾਤ ਹੀ ਸਮਝੋ|
ਤਾਰਾ ਸਿੰਘ ਕਿੰਨਾ ਵੀ ਦਿੱਲੀ ਰਿਹਾ ਹੋਵੇ| ਉਹਦੇ ਪਿੰਡ ਵਾਲਿਆਂ ਨੂੰ ਉਹ ਨਹੀਂ ਭੁੱਲਿਆ| ਉਸ ਪਿੰਡ ਦਾ ਜੰਮਪਲ ਰਾਮ ਦਿਆਲ ਸਾਡੇ ਚੰਡੀਗੜ੍ਹ ਵਾਲੇ 36 ਸੈਕਟਰ ਦੇ ਥਾਣੇ ਵਿਚ ਕੰਮ ਕਰਦਿਆਂ ਮੈਨੂੰ ਮਿਲਿਆ ਤਾਂ ਇਹ ਜਾਣ ਕੇ ਬੜਾ ਖ਼ੁਸ਼ ਹੋਇਆ ਕਿ ਮੈਂ ਉਸਦੇ ਗਰਾਈਂ ਤਾਰਾ ਸਿੰਘ ਦਾ ਮਿੱਤਰ ਰਿਹਾ ਹਾਂ| ਜਦੋਂ ਉਸਨੂੰ ਪਤਾ ਲੱਗਿਆ ਕਿ ਹੁਣ ਉਸ ਪਿੰਡ ਵਿਚ ਨਵੀਂ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਤਾਰਾ ਸਿੰਘ ਕਾਮਿਲ ਯਾਦਗਾਰੀ ਲਾਇਬ੍ਰੇਰੀ ਦਾ ਪ੍ਰਬੰਧ ਕਰ ਰਹੀ ਹੈ ਤਾਂ ਉਸਨੇ ਆਪਣੇ ਪਿੰਡ ਵਿਚ 4 ਨਵੰਬਰ ਨੂੰ ਅਜਿਹਾ ਸਮਾਗਮ ਰਚਾਇਆ ਜਿਹੜਾ ‘ਮਿੱਤਰਾਂ ਦਾ ਮੇਲਾ’ ਹੋ ਨਿਬੜਿਆ| ਮੈਂ ਖੁLਦ ਚੰਡੀਗੜ੍ਹ ਤੋਂ ਚੱਬੇਵਾਲ ਪਹੁੰਚਿਆ ਤਾਂ ਉਥੋਂ ਦੇ ਗੁਰਦੀਪ ਸਿੰਘ ਨੇ ਆਪਣਾ ਮੋਟਰ ਸਾਈਕਲ ਮੇਰੀ ਕਾਰ ਦੇ ਅੱਗੇ ਤੋਰ ਲਿਆ ਤੇ ਸਾਨੂੰ ਆਪਣੀ ਬੇਟੀ ਵਲੋਂ ਚਲਾਈ ਜਾ ਰਹੀ ਦੁਕਾਨ (ਕਿਸਾਨ ਸਟੋਰ) ਅੱਗੋਂ ਦੀ ਲੰਘਾ ਕੇ ਵਿੰਗ ਵਲੇਵਿਆਂ ਵਾਲੀਆਂ ਕੱਚੀਆਂ ਤੇ ਪੱਕੀਆਂ ਸੜਕਾਂ ਉਤੋਂ ਦੀ ਘੁਮਾਉਂਦਾ ਹੁਕੜਾਂ ਲੈ ਗਿਆ|
ਮੇਰੇ ਲਈ ਖੁਸ਼ੀ ਦੀ ਗੱਲ ਇਹ ਵੀ ਕਿ ਏਥੇ ਤਾਰਾ ਸਿੰਘ ਦੀਆਂ ਚਾਰੇ ਬੇਟੀਆਂ ਪਹਿਲਾਂ ਹੀ ਦਿੱਲੀ ਤੋਂ ਆ ਚੁੱਕੀਆਂ ਸਨ| ਭਾਵੇਂ ਪਿੰਡ ਵਿਚ ਉਨ੍ਹਾਂ ਦਾ ਆਪਣਾ ਘਰ ਤਾਂ ਢਹਿ ਚੁੱਕਿਆ ਹੈ ਪਰ ਹੁਕੜਾਂ ਪਿੰਡ ਦੇ ਸੇਵਾਮੁਕਤ ਅਧਿਆਪਕ ਭੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਪਿੰਡ ਦੀਆਂ ਧੀ-ਧਿਆਣੀਆਂ ਹੋਣ ਦੇ ਨਾਤੇ ਏਦਾਂ ਸਾਂਭਿਆ ਹੋਇਆ ਸੀ ਜਿਵੇਂ ਉਹ ਉਸਦੇ ਪਰਿਵਾਰ ਦੀਆਂ ਮੈਂਬਰ ਹੋਣ|
ਮੈਨੂੰ ਇਹ ਜਾਣ ਕੇ ਹੋਰ ਵੀ ਚੰਗਾ ਲੱਗਿਆ ਕਿ ਬਣਨ ਵਾਲੀ ਲਾਇਬ੍ਰੇਰੀ ਲਈ ਲੋੜੀਂਦਾ ਕਮਰਾ ਪਿੰਡ ਵਾਲੇ ਤਾਰਾ ਸਿੰਘ ਦੇ ਜੱਦੀ ਘਰ ਵਿਚ ਉਸਾਰ ਰਹੇ ਹਨ| ਭਾਵੇਂ ਇਸ ਉੱਦਮ ਦੀ ਰੂਹੇ ਰਵਾਂ ਰਾਮਦਿਆਲ ਸੀ ਪਰ ਸਮਾਗਮ ਵਿਚ ਭਾਸ਼ਾ ਵਿਭਾਗ ਵਾਲਾ ਜਸਵੰਤ ਰਾਏ ਤੇ ਬੀਡੀਓ ਦੇ ਦਫਤਰ ਵਾਲਾ ਜਗਤਾਰ ਸਿੰਘ ਹੀ ਨਹੀਂ ਗਵਾਂਢੀ ਪਿੰਡ ਦੇ ਹੋਰ ਪਤਵੰਤੇ ਵੀ ਚਾਅ ਨਾਲ ਪਹੁੰਚੇ ਹੋਏ ਸਨ|
ਨੋਟ ਕਰਨ ਵਾਲੀ ਗੱਲ ਇਹ ਵੀ ਕਿ ਜਸਵੰਤ ਰਾਏ ਨੇ ਲਾਇਬ੍ਰੇਰੀ ਲਈ ਜਿਹੜੀ ਪੁਸਤਕ ਮੌਕੇ ਉੱਤੇ ਪੇਸ਼ ਕੀਤੀ| ਉਹ ਸ਼ਹੀਦ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ ਦੀ ਜੀਵਨੀ ਹੈ| ਉਸਨੇ ਇਹ ਵੀ ਦੱਸਿਆ ਕਿ ਸ਼ਹੀਦ ਹਰਨਾਮ ਸਿੰਘ ਨੂੰ ਗੋਰੀ ਸਰਕਾਰ ਨੇ ਨਵੰਬਰ ਮਹੀਨੇ ਦੀ 14 ਤਰੀਕ ਨੂੰ ਫਾਂਸੀ ਚਾੜ੍ਹਿਆ ਸੀ, 1916 ਵਿਚ| ਜਸਵੰਤ ਰਾਇ ਦੁਖੀ ਸੀ ਕਿ ਜਲੰਧਰ ਵਾਲੀ ਦੇਸ਼ ਭਗਤ ਯਾਦਗਾਰੀ ਕਮੇਟੀ ਵਰਗੀਆਂ ਸੰਸਥਾਵਾਂ ਗਲਤੀ ਨਾਲ ਏਸ ਫਾਂਸੀ ਦੀ ਮਿਤੀ 10 ਨਵੰਬਰ ਮਿਥੀ ਬੈਠੀਆਂ ਹਨ ਜਿਹੜੀ ਕਿ ਸੋਹਨ ਲਾਲ ਪਾਠਕ ਦੀ ਸ਼ਹੀਦੀ ਮਿਤੀ ਸੀ| ਬਾਬੂ ਹਰਨਾਮ ਸਿੰਘ ਦੀ ਨਹੀਂ| ਜਸਵੰਤ ਰਾਏ ਦੇ ਖੋਜ ਕਾਰਜ ਅਤੇ ਉਸਦੀ ਰਚਨਾ ਬਾਰੇ ਕਦੀ ਫੇਰ ਸਹੀ, ਹਾਲ ਦੀ ਘੜੀ ਤਾਰਾ ਸਿੰਘ ਦੀ ਗੱਲ ਕਰੀਏ ਜਿਸਨੂੰ ਸੱਜਰਾ ਸਮਾਗਮ ਸਮਰਪਤ ਸੀ| ਉਥੇ ਇਹ ਗੱਲ ਵੀ ਹੋਈ ਕਿ ਤਾਰਾ ਸਿੰਘ ਦੀ ਪ੍ਰਥਮ ਪੁਸਤਕ ‘ਸਿੰਮਦੇ ਪੱਥਰ’ ਛਪਣ ਸਮੇਂ ਖੁਸ਼ਵੰਤ ਸਿੰਘ ਵਰਗੇ ਮਹਾਰਥੀ ਨੇ ਹਿੰਦੁਸਤਾਨ ਟਾਈਮਜ਼ ਵਿਚ ਜਿਹੜਾ ਕਾਲਮ ਲਿਖਿਆ| ਉਹਦਾ ਸਿਰਲੇਖ ‘ਕਾਰਪੈਂਟਰ ਪੋਇਟ ਤਾਰਾ ਸਿੰਘ’ ਸੀ ਤੇ ਇਸ ਵਿਚ ਤਾਰਾ ਸਿੰਘ ਦੀ ਉਹ ਤਸਵੀਰ ਸੀ| ਜਿਸ ਵਿਚ ਉਹ ਰੰਦਾ ਵਾਹੁੰਦਾ ਦੇਖਿਆ ਜਾ ਸਕਦਾ ਸੀ|
ਏਸ ਕਾਲਮ ਨੇ ਤਾਰਾ ਸਿੰਘ ਦੀ ਕਾਵਿ ਕਲਾ ਉੱਤੇ ਅਜਿਹੀ ਮੋਹਰ ਲਾਈ ਕਿ ਉਹ ਸਾਹਿਤਕ ਜਗਤ ਵਿਚ ਛਾ ਗਿਆ| ਉਸਨੇ ‘ਸਿੰਮਦੇ ਪੱਥਰ’ ਤੋਂ ਪਿਛੋਂ ‘ਮੇਘਲੇ’, ‘ਅਸੀਂ ਤੁਸੀਂ’, ‘ਸੂਰਜ ਦਾ ਲੈਟਰ ਬੋਕਸ’ ਤੇ ‘ਕਹਿਕਸ਼ਾਂ’ ਨਾਂ ਦੇ ਅੱਧੀ ਦਰਜਨ ਕਾਵਿ-ਸੰਗ੍ਰਹਿ ਪੰਜਾਬੀ ਜਗਤ ਦੀ ਝੋਲੀ ਪਾਏ| ‘ਨਾਥਬਾਣੀ’ ਨਾਂ ਦੇ ਕਾਵਿ ਵਿਅੰਗ ਸਮੇਤ| ਉਸ ਦੀਆਂ ਹਰਮਨ-ਪਿਆਰੀਆਂ ਰਚਨਾਵਾਂ ਦੇ ਨਾਂ ‘ਦਰਪਣ ਬੁਲਬੁਲਿਆ ਦੇ’ ਤੇ ‘ਸਰਗੋਸ਼ੀਆਂ’ ਹਨ| ਇਹ ਵਾਲੀਆਂ ਪੁਸਤਕਾਂ ਨੇ ਉਸਦਾ ਸਾਹਿਤਕ ਕੱਦ ਤਾਂ ਵਧਾਇਆ ਪਰ ਆਮਦਨ ਦਾ ਸਾਧਨ ਨਾ ਬਣੀਆਂ| ਇਹਦੇ ਲਈ ਉਸਨੇ (1) ਅਬਦੁਲ ਹਲੀਮ ਸ਼ਰਰ ਦੀ ਉਰਦੂ ਪੁਸਤਕ ‘ਗੁਜ਼ਸ਼ਤਾ ਲਖਨਊ’, (2) ਰੂਸੀ ਨਾਵਲ ‘ਫਾਲ ਆਫ ਏ ਟਾਈਟਨ’, (3) ਰਾਜਿੰਦਰ ਸਿੰਘ ਬੇਦੀ ਦੇ ਸੱਤ ਉਰਦੂ ਇਕਾਂਗੀ, (4) ਬੇਗਮ ਅਨੀਸ ਕਿਦਵਾਈ ਦੀ ‘ਆਜ਼ਾਦੀ ਦੀ ਛਾਓਂ ਮੇਂ’ ਅਤੇ ਸਤਯਦੇਵ ਤ੍ਰਿਵੇਦੀ ਦੀ ਹਿੰਦੀ ਪੁਸਤਕ ‘ਪ੍ਰਾਚੀਨ ਭਾਰਤ ਮੇਂ ਗੁਪਤਚਰ ਸੇਵਾ’ ਦਾ ਪੰਜਾਬੀ ਅਨੁਵਾਦ ਕੀਤਾ| ਇਸ ਤੋਂ ਬਿਨਾ ਉਹ ਰੋਜ਼ਾਨਾ ‘ਖਾਲਸਾ ਸੇਵਕ’ ਤੇ ਸਪਤਾਹਿਕ ‘ਲੋਕ ਰੰਗ’ ਦਾ ਸੰਪਾਦਕ ਵੀ ਰਿਹਾ|
ਇਨ੍ਹਾਂ ਗਤੀਵਿਧੀਆਂ ਸਦਕਾ ਭਾਸ਼ਾ ਵਿਭਾਗ ਪੰਜਾਬ ਨੇ ਉਸਨੂੰ ਸ਼੍ਰੋਮਣੀ ਪੱਤਰਕਾਰ, ਦਿੱਲੀ ਸਰਕਾਰ ਨੇ ਸ਼੍ਰੋਮਣੀ ਕਵੀ ਤੇ ਭਾਰਤੀ ਸਾਹਿਤ ਅਕਾਡਮੀ ਨੇ ਆਪਣੇ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ|
ਕੇਵਲ 67 ਸਾਲ ਦੀ ਅਲਪ ਉਮਰ ਵਾਲੇ ‘ਕਾਰਪੈਂਟਰ ਪੋਇਟ’ ਤਾਰਾ ਸਿੰਘ ਬਾਰੇ ਮਨਿੰਦਰ ਸਿੰਘ ਕਾਂਗ ਨੇ ‘ਤਾਰਾ ਸਿੰਘ ਕਾਵਿ ਜਗਤ’ ਤੇ ਗੁਰਮੋਹਿੰਦਰ ਸਿੰਘ ਨੇ ‘ਤਾਰਾ ਸਿੰਘ ਦੀ ਕਵਿਤਾ ਦਾ ਵਿਕਾਸ’ ਨਾਂ ਦੀਆਂ ਪੁਸਤਕਾਂ ਰਚੀਆਂ, ਜਿਨ੍ਹਾਂ ਨੂੰ ਸ਼ਿਲਾਲੇਖ ਪ੍ਰਕਾਸ਼ਨ, ਦਿੱਲੀ ਵਰਗੇ ਪ੍ਰਕਾਸ਼ਕਾਂ ਨੇ ਸਲਾਹਿਆ ਤੇ ਪ੍ਰਕਾਸ਼ਤ ਕੀਤਾ|
ਮੇਰੇ ਲਈ ਹੁਸ਼ਿਆਰਪੁਰ ਦੇ ਪਿੰਡ ਹੁਕੜਾਂ ਵਿਚ ਹੋਏ ਇਸ ਸਮਾਗਮ ਦਾ ਹਾਸਲ ਇਹ ਵੀ ਸੀ ਕਿ ਏਥੇ ਸ਼ਹੀਦ ਹਰਨਾਮ ਸਿੰਘ ਕਾਹਰੀ ਸਾਹਰੀ ਨੂੰ ਚੇਤੇ ਕੀਤਾ ਗਿਆ ਜਿਹੜਾ ਵਡੇਰੇ ਕਾਲਮ ਦੀ ਮੰਗ ਕਰਦਾ ਹੈ| ਇਹੋ ਜਿਹੇ ਮਰਜੀਵੜਿਆਂ ਦੀ ਯਾਦ ਕਿਸੇ ਦਿਵਸ ਦੀ ਮੁਹਤਾਜ ਨਹੀਂ ਹੁੰਦੀ|

ਅੰਤਿਕਾ
—ਅਨੂਪ ਸਿੰਘ ਵਿਰਕ—
ਮੇਰੇ ਬੋਲ ਹਵਾ ਵਿਚ ਰਹਿਣ ਸਦਾ
ਮੇਰਾ ਐਸਾ ਕੋਈ ਵਿਸ਼ਵਾਸ ਨਹੀਂ|
ਲੋਕੀ ਨਾਮ ਹਮੇਸ਼ਾ ਲੈਣ ਮੇਰਾ
ਐਸੀ ਵੀ ਕੋਈ ਖੑਵਾਹਿਸ਼ ਨਹੀਂ|
ਬੱਸ ਮਹਿਕ ਨਾ ਭੁੱਲਣ ਮਿੱਟੀ ਦੀ
ਜਿਹੜੇ ਗੀਤ ਸਮੁੰਦਰੋਂ ਪਾਰ ਗਏ|