ਹਰਫ਼ਾਂ ਨੂੰ ਮਿਲਦਿਆਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਹਰਫ਼ਾਂ ਦਾ ਵਸੀਹ ਸੰਸਾਰ। ਸਮੁੱਚੀਆਂ ਸੰਸਾਰਕ ਗਤੀਵਿਧੀਆਂ ਅਤੇ ਮਨੁੱਖੀ ਸਰੋਕਾਰ ਇਨ੍ਹਾਂ ਹਰਫ਼ਾਂ ਵਿਚੋਂ ਹੀ ਉਦੈ ਹੁੰਦੇ। ਹਰਫ਼ ਹੀ ਇਨ੍ਹਾਂ ਨੂੰ ਪਰਿਭਾਸ਼ਤ ਕਰਦੇ ਅਤੇ ਦਾਇਰਿਆਂ ਨੂੰ ਵਿਸਥਾਰਦੇ।

ਮੈਂ ਅਕਸਰ ਹੀ ਹਰਫ਼ਾਂ ਨੂੰ ਮਿਲਦਾਂ। ਕਦੇ ਚੁੱਪ-ਚੁਪੀਤੇ, ਕਦੇ ਸੁੰਨ-ਸਮਾਧੀ `ਚ ਅਤੇ ਕਦੇ ਉੱਚੀ ਉੱਚੀ ਚੀਖਦਿਆਂ। ਇਹ ਹਰਫ਼ ਹੀ ਹੁੰਦੇ ਜੋ ਮੇਰੇ ਭਾਂਵਾਂ ਨੂੰ ਜ਼ੁਬਾਨ ਦਿੰਦੇ। ਮੇਰੀਆਂ ਸੋਚਾਂ ਨੂੰ ਅੰਦਾਜ਼, ਸੁਪਨਿਆਂ ਨੂੰ ਪ੍ਰਵਾਜ਼ ਅਤੇ ਤਦਬੀਰਾਂ ਨੂੰ ਖ਼ਾਬ ਦਿੰਦੇ। ਇਸ ਵਿਚੋਂ ਹੀ ਤਕਦੀਰਾਂ ਨੇ ਮੇਰੇ ਮਸਤਕ `ਤੇ ਆਪਣੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ।
ਹਰਫ਼ ਹੀ ਹੁੰਦੇ ਜਿਨ੍ਹਾਂ ਦੀ ਜੂਹ ਵਿਚ ਮੈਂ ਆਪਣੇ ਆਪ ਨੂੰ ਮਿਲਦਾ। ਸਵੈ-ਸੰਵਾਦ ਵੀ ਇਹੀ ਹਰਫ਼ ਉਲਥਾਉਂਦੇ ਅਤੇ ਮੇਰੇ ਅੰਤਰੀਵ ਨੂੰ ਫੈਲਣ ਦਾ ਹੁਨਰ ਅਤੇ ਹਾਸਲ ਮਿਲਦਾ। ਹਰਫ਼ ਹੀ ਹੁੰਦੇ ਜੋ ਅਛੋਪਲੇ ਜਹੇ ਕਲਮ ਦੀ ਨੋਕ `ਤੇ ਆ ਬਹਿੰਦੇ ਅਤੇ ਫਿਰ ਹੌਲੀ ਹੌਲੀ ਸਫ਼ਿਆਂ `ਤੇ ਫੈਲਦੇ, ਕਿਸੇ ਲਿਖਤ ਨੂੰ ਸਿਰਜਦੇ। ਇਸ ਲਿਖਤ ਦੀ ਤਾਸੀਰ ਵਿਚ ਹਰਫ਼ਾਂ ਦੀ ਸਭ ਤੋਂ ਜ਼ਿਆਦਾ ਅਹਿਮੀਅਤ। ਜਦ ਲਿਖਤ ਵਿਚ ਹਰਫ਼ ਕਿਸੇ ਖਾਸ ਰਿਦਮ ਵਿਚ ਹੁੰਦੇ ਤਾਂ ਇਹ ਗੁੱਟਕਦੇ, ਮੌਲਦੇ, ਮਹਿਕਦੇ ਅਤੇ ਇਨ੍ਹਾਂ ਦੀ ਬਦੌਲਤ ਬਹੁਤ ਕੁਝ ਲਿਖਤ ਵਿਚ ਸਮਾ ਜਾਂਦਾ ਜਿਸਨੇ ਪਾਠਕ ਨੂੰ ਕਈ ਵਾਰ ਅਚੰਭਤ ਵੀ ਕਰਨਾ ਹੁੰਦਾ। ਕਈ ਵਾਰ ਤਾਂ ਮੈਂ ਵੀ ਹੈਰਾਨ ਹੁੰਦਾ ਕੀ ਇਹ ਮੇਰੇ ਹੀ ਹਰਫ਼ ਨੇ ਜਿਨ੍ਹਾਂ ਦੇ ਸੰਵਾਦ ਵਿਚੋਂ ਇਸ ਕਿਰਤ ਨੇ ਜਨਮ ਲਿਆ।
ਹਰਫ਼ ਹੀ ਹੁੰਦੇ ਜੋ ਤੁਹਾਡੇ ਸੰਬੰਧਾਂ ਦੀ ਨੀਂਹ। ਇਨ੍ਹਾਂ ਵਿਚਲੀ ਪਾਕੀਜ਼ਗੀ। ਇਨ੍ਹਾਂ ਵਿਚਲੀ ਪਾਹੁਲ ਨੇ ਹੀ ਰਿਸ਼ਤਿਆਂ ਨੂੰ ਨਰੋਇਆਪਣ ਅਤੇ ਨਵੀਨਤਾ ਬਖਸ਼ਣੀ ਹੁੰਦੀ।
ਹਰਫ਼ ਹੀ ਹੁੰਦੇ ਜਿਨ੍ਹਾਂ ਰਾਹੀਂ ਇਤਿਹਾਸ ਅਤੇ ਮਿਥਿਹਾਸ ਸਾਂਭਿਆ ਗਿਆ। ਆਦਿ-ਗਰੰਥ ਰਚੇ ਗਏ। ਇਹ ਹਰਫ਼ਾਂ ਦੀ ਹੀ ਕਰਤਾਰੀ ਸ਼ਕਤੀ ਹੈ ਜਿਸ ਨਾਲ ਸਾਡੇ ਬਜੁLਰਗਾਂ ਦੀਆਂ ਸਿਆਣਪਾਂ ਨੂੰ ਅਗਲੀ ਪੀੜ੍ਹੀ ਨੇ ਸਮਝਿਆ ਅਤੇ ਇਨ੍ਹਾਂ ਸਮੁੱਤਾਂ ਵਿਚੋਂ ਹੀ ਜ਼ਿੰਦਗੀ ਨੂੰ ਨਵੇਂ ਅਰਥਾਂ ਦੀ ਤਸ਼ਬੀਹ ਦਿੱਤੀ।
ਹਰਫ਼ ਹੀ ਹੁੰਦੇ ਜੋ ਕਿਸੇ ਨੂੰ ਲਿਖਤੀ ਇਮਤਿਹਾਨ ਵਿਚੋਂ ਮੋਹਰੀ ਵੀ ਬਣਾਉਂਦੇ ਪਰ ਕਿਸੇ ਨੂੰ ਹੀਣ ਭਾਵਨਾ ਦਾ ਸ਼ਿਕਾਰ ਵੀ। ਹਰਫ਼ ਹੀ ਹੁੰਦੇ ਗਿਆਨ ਤੇ ਲਿਆਕਤ ਦਾ ਪੈਮਾਨਾ। ਪਤਾ ਲੱਗਦਾ ਕਿ ਬੰਦੇ ਨੇ ਕਿਹੜੇ ਹਰਫ਼ਾਂ ਰਾਹੀਂ ਖੁਦ ਨੂੰ ਪ੍ਰਗਟਾਇਆ? ਕਿਹੜੇ ਹਰਫ਼ਾਂ ਰਾਹੀਂ ਆਪਣੀ ਔਕਾਤ ਅਤੇ ਖ਼ਾਸੀਅਤ ਨੂੰ ਜੱਗ-ਜ਼ਾਹਰ ਕੀਤਾ।
ਹਰਫ਼ ਕੁਝ ਵੀ ਨਾ ਹੁੰਦਿਆਂ, ਬਹੁਤ ਕੁਝ ਹੁੰਦੇ ਕਿਉਂਕਿ ਹਰਫ਼ ਜਦ ਜੁੜਦੇ ਤਾਂ ਸ਼ਬਦ ਬਣਦੇ। ਇਹ ਸ਼ਬਦ ਹੀ ਹੁੰਦੇ ਜਿਨ੍ਹਾਂ ਵਿਚੋਂ ਕਿਸੇ ਲਿਖਤ ਜਾਂ ਵਿਅਕਤੀ ਨੇ ਆਪਣੇ ਆਪ ਨਂੂੰ ਜ਼ਾਹਰ ਕਰਨਾ ਹੁੰਦਾ। ਹਰਫ਼ ਨਾ ਹੁੰਦੇ ਤਾਂ ਕਿਵੇਂ ਬੰਦਾ ਲਿਖਤੀ ਰੂਪ ਵਿਚ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਾ? ਕਿਵੇਂ ਉਹ ਆਪਣੀਆਂ ਆਸਾਂ ਨੂੰ ਧਰਵਾਸ ਦਿੰਦਾ? ਕਿਵੇਂ ਆਪਣੇ ਵਿਸ਼ਵਾਸ ਨੂੰ ਹਥਿਆਰ ਬਣਾਉਂਦਾ? ਕਿਵੇਂ ਉਹ ਹਰਫ਼ਾਂ ਦੀ ਇਨਾਇਤ ਵਿਚੋਂ ਅਮੁੱਲ ਖ਼ਜ਼ਾਨਿਆਂ, ਅਮੀਰ ਵਿਰਾਸਤ ਅਤੇ ਸਭਿਆਚਾਰ ਦੇ ਸਨਮੁੱਖ ਹੁੰਦਾ। ਮਨੁੱਖੀ ਵਿਕਾਸ ਦੌਰਾਨ ਹੀ ਸਭਿਅਚਾਰ, ਸਾਹਿਤ ਅਤੇ ਵਿਰਾਸਤ ਹਰਫ਼ਾਂ ਰਾਹੀਂ ਹੀ ਅਗਲੇਰੀ ਨਸਲ ਤੀਕ ਪਹੁੰਚਦੀ। ਇਹ ਨਵੀਂ ਪੀੜ੍ਹੀ ਦਾ ਫ਼ਰਜ਼ ਹੁੰਦਾ ਕਿ ਉਸਨੇ ਆਪਣੀ ਵਸੀਅਤ ਰਾਹੀਂ ਵਿਰਾਸਤ ਨੂੰ ਅੱਗੇ ਕਿਵੇਂ ਤੋਰਨਾ ਹੈ?
ਇਹ ਹਰਫ਼ ਹੁੰਦੇ ਜਿਸ ਨਾਲ ਕਿਸੇ ਦਾ ਦੁੱਖ ਵੰਡਾਇਆ ਜਾ ਸਕਦਾ। ਕਿਸੇ ਦੇ ਹੰਝੂਆਂ ਨੂੰ ਪੂੰਝਿਆ ਜਾ ਸਕਦਾ। ਕਿਸੇ ਦੀ ਸਿਰੋਂ ਲੱਥੀ ਚੁੰਨੀ ਨੂੰ ਸਿਰ `ਤੇ ਟਿਕਾ ਕੇ, ਅਜ਼ਮਤ ਨੂੰ ਨਵੇਂ ਅਰਥ ਦਿੱਤੇ ਜਾ ਸਕਦੇ। ਹਰਫ਼ਾਂ ਵਿਚ ਘੁਲੇ ਬੋਲ ਹੀ ਹੁੰਦੇ ਜੋ ਕਿਸੇ ਬੇਸਹਾਰਾ ਬਦਨਸੀਬ ਜਾਂ ਬੇਗਾਨੇ ਨੂੰ ਅਪਣੱਤ ਦਾ ਅਹਿਸਾਸ ਕਰਾਉਂਦੇ।
ਗੁਰੂਆਂ, ਸੰਤਾਂ, ਮਹਾਂਪੁਰਖ਼ਾਂ, ਰਿਸ਼ੀਆਂ ਅਤੇ ਸਾਧੂ-ਸੰਤਾਂ ਦੇ ਹਰਫ਼ੀ ਪ੍ਰਵਚਨ ਹੀ ਹੁੰਦੇ ਜਿਨ੍ਹਾਂ ਨਾਲ ਮਾਯੂਸ ਅਤੇ ਉਦਾਸ ਵਿਅਕਤੀਆਂ ਨੂੰ ਜੀਵਨ ਦੀ ਸ਼ਾਮ ਵਿਚ ਵੀ ਸਰਘੀ ਨਜ਼ਰ ਆਉਂਦੀ। ਇਸ ਵਿਚੋਂ ਹੀ ਉਹ ਆਪਣੇ ਹਿੱਸੇ ਦੇ ਸੂਰਜ ਅਤੇ ਅੰਬਰ ਨੂੰ ਮਿਲਦੇ ਅਤੇ ਜਿੰLਦਗੀ ਨੂੰ ਨਵਾਂਪਣ ਮਿਲਦਾ।
ਇਹ ਹਰਫ਼ ਹੀ ਹੁੰਦੇ ਜਿਨ੍ਹਾਂ ਨੇ ਬੰਦੇ ਨੂੰ ਇਨਸਾਨੀਅਤ ਦੇ ਰਾਹ ਤੋਰਨਾ ਹੁੰਦਾ। ਹੈਵਾਨੀਅਤ ਨੂੰ ਇਨਸਾਨੀਅਤ ਵਿਚ ਬਦਲਣਾ ਹੁੰਦਾ। ਕਿਆਮਤ ਨੂੰ ਰਹਿਮਤਾਂ ਦੇ ਰੂਪ ਵਿਚ ਦੇਖਣਾ ਹੁੰਦਾ। ਮਨੁੱਖ ਦਾ ਦ੍ਰਿLਸ਼ਟੀਕੋਣ ਵੀ ਹਰਫ਼ਾਂ ਵਿਚੋਂ ਨਜ਼ਰ ਆਉਂਦਾ। ਇਸ ਰਾਹੀਂ ਅਸੀਂ ਮਨੁੱਖੀ ਫ਼ਿਤਰਤ ਨੂੰ ਪੜ੍ਹਦੇ ਅਤੇ ਫਿਰ ਉਸ ਅਨੁਸਾਰ ਸਮਾਜ ਵਿਚ ਵਿਚਰਦੇ।
ਹਰਫ਼ ਦਾ ਵੀ ਅਜੀਬ ਹੀ ਸੰਸਾਰ। ਆਪਣੇ ਆਪ `ਚ ਵਿਸਥਾਰ ਅਤੇ ਅਕਾਰ। ਹਰਫ਼ ਕਦੇ ਸੂਰਜ ਹੁੰਦੇ ਤੇ ਕਦੇ ਬਣਦੇ ਤਾਰੇ। ਕਦੇ ਇਹ ਦਰਿਆ ਦਾ ਵਹਿਣ ਤੇ ਕਦੇ ਸਮੁੰਦਰ ਖਾਰੇ। ਕਦੇ ਇਹ ਫੁੱਲਾਂ ਦੀ ਵਾਦੀ ਅਤੇ ਕਦੇ ਪੱਤੜਝ ਦੇ ਦੀਦਾਰੇ। ਕਦੇ ਇਹ ਮਾਸੂਮ ਹੁੰਦੇ ਤੇ ਕਦੇ ਕਦਾਈਂ ਇਹ ਅੱਖਰਦੇ। ਕਦੇ ਬੁੱਕਲ ਦਾ ਨਿੱਘ ਅਤੇ ਕਦੇ ਸ਼ਰੀਕ ਬਣ ਕੇ ਟੱਕਰਦੇ। ਕਦੇ ਇਹ ਨਿਮਰਤਾ ਦੇ ਪੁੰਜ ਅਤੇ ਕਦੇ ਨਫ਼ਰਤਾਂ ਦਾ ਪੈਗ਼ਾਮ। ਕਦੇ ਇਹ ਮਨ ਦੀ ਸਵੇਰ ਅਤੇ ਕਦੇ ਸਾਡੀ ਸੋਚ ਦੀ ਸ਼ਾਮ। ਕਦੇ ਇਹ ਮਿਲ ਕੇ ਬਹਿੰਦੇ ਤੇ ਕਦੇ ਇਕੱਲ ਹੰਢਾਉਂਦੇ। ਕਦੇ ਸੁਖਨ ਦੀ ਬਾਰਸ਼ ਅਤੇ ਕਦੇ ਦੁੱਖਾਂ ਦੀ ਬਾਤ ਪਾਉਂਦੇ। ਕਦੇ ਇਹ ਰੂਹ ਦਾ ਰੱਜ ਹੁੰਦੇ ਤੇ ਕਦੇ ਇਹ ਰੱਬ ਹੁੰਦੇ। ਕਦੇ ਇਹ ਤਨ ਦੀਆਂ ਲੀਰਾਂ ਤੇ ਕਦੇ ਇਹ ਤਨ ਦਾ ਕੱਜ਼ ਹੁੰਦੇ।
ਕਦੇ ਇਹ ਪੀੜਾਂ ਦੀ ਵੰਝਲੀ ਅਤੇ ਕਦੇ ਖੁਸ਼ੀ ਦਾ ਰਾਗ ਹੁੰਦੇ। ਕਦੇ ਇਹ ਚਿੱਤ ਦੀ ਵਿਲਕਣੀ ਅਤੇ ਕਦੇ ਅੰਤਰੀਵੀ ਨਾਦ ਹੁੰਦੇ। ਕਦੇ ਇਹ ਕੂੜ ਦਾ ਪੁਲੰਦਾ ਅਤੇ ਕਦੇ ਸਮਿਆਂ ਦਾ ਸੱਚ ਹੁੰਦੇ। ਕਦੇ ਇਹ ਹਿਰਖ਼ਾਂ ਦੀ ਭੱਠੀ ਅਤੇ ਕਦੇ ਰਾਹਾਂ ਦਾ ਕੱਚ ਹੁੰਦੇ। ਕਦੇ ਇਹ ਮਿਲਣ ਦਾ ਸਬੱਬ ਅਤੇ ਕਦੇ ਵਿਛੜਣ ਦੀ ਲੇਰ ਹੁੰਦੇ। ਕਦੇ ਇਹ ਸੰਦਲੀ ਸਮਿਆਂ ਦੀ ਸੱਥ ਅਤੇ ਕਦੇ ਅੱਖਾਂ ਵਿਚਲੀ ਗਹਿਰ ਹੁੰਦੇ। ਕਦੇ ਇਹ ਸਫ਼ਰ ਦਾ ਨਾਮ ਅਤੇ ਕਦੇ ਸਫ਼ਰ `ਚ ਉਗੀਆਂ ਖਾਈਆਂ ਹੁੰਦੇ। ਕਦੇ ਪੈੜਾਂ `ਚ ਚਾਨਣ ਦੀ ਬਾਰਸ਼ ਅਤੇ ਕਦੇ `ਨੇਰਿਆਂ ਦੀਆਂ ਵਿਛਾਈਆਂ ਹੁੰਦੇ।
ਹਰਫ਼ਾਂ ਦੇ ਬਹੁਤ ਸਾਰੇ ਰੰਗ ਅਤੇ ਰੂਪ। ਕਈ ਵਾਰ ਕੁਝ ਹਰਫ਼ ਮੜੇ ਜਾਂਦੇ, ਕਦੇ ਕੁਝ ਪੜ੍ਹੇ ਜਾਂਦੇ। ਕਦੇ ਕੁਝ ਹਰਫ਼ ਮਿਟਾਏ ਜਾਂਦੇ ਤੇ ਕੁਝ ਹਰਫ਼ ਲੁਕਾਏ ਜਾਦੇ। ਕੁਝ ਹਰਫ਼ ਦਬਕਾਏ ਜਾਂਦੇ। ਕਈ ਵਾਰ ਕੁਝ ਹਰਫ਼ਾਂ ਨੂੰ ਪਲੋਸਣਾ ਪੈਂਦਾ, ਲਾਡ ਲਡਾਉਣਾ ਪੈਂਦਾ ਤੇ ਪੁੱਚਕਾਰਨਾ ਪੈਂਦਾ। ਇਨ੍ਹਾਂ ਦੀ ਪੁਸ਼ਤਪਨਾਹੀ ਵਿਚੋਂ ਉਦੈ ਹੁੰਦੀ ਨਵੇਂ ਸ਼ਬਦਾਂ ਦੀ ਲਾਮਡੋਰੀ ਜੋ ਲਿਖਤ ਨੂੰ ਵਿਲੱਖਣਤਾ ਦਾ ਨਾਮ ਦਿੰਦੀ।
ਕੁਝ ਹਰਫ਼ਾਂ ਦੀ ਤਾਸੀਰ ਮਿੱਠੀ ਤੇ ਕੁਝ ਦੀ ਨਮਕੀਨ। ਕੁਝ ਦੀ ਕੁਸੈਲੀ ਅਤੇ ਕੁਝ ਦੀ ਖੱਟ-ਮਿੱਠੀ। ਕੁਝ ਦੀ ਤਿੱਖੜੀ ਅਤੇ ਕੁਝ ਦੀ ਫਿੱਕੜੀ। ਪਰ ਕਈ ਹਰਫ਼ ਸਵਾਦਹੀਣ। ਪਰ ਇਹ ਉਹੀ ਹਰਫ਼ ਹੁੰਦੇ ਜਿਸ ਵਿਚ ਸਾਰੇ ਸਵਾਦ ਹੀ ਮਿਲੇ ਹੁੰਦੇ। ਇਹ ਤਾਂ ਤੁਹਾਡੇ `ਤੇ ਨਿਰਭਰ ਕਿ ਤੁਸੀਂ ਇਨ੍ਹਾਂ ਹਰਫ਼ਾਂ ਵਿਚੋਂ ਕਿਹੜੀ ਤਾਸੀਰ ਨੂੰ ਚਿੱਤਰਨਾ ਅਤੇ ਇਸ ਨੂੰ ਜੀਵੰਤ ਤਾਬੀਰ ਦੇਣੀ।
ਹਰਫ਼ ਕਤਲ ਵੀ ਕਰਦੇ ਅਤੇ ਸਾਹ ਵੀ ਬਣਦੇ। ਹਰਫ਼ ਬੇਇਜ਼ਤੀ ਵੀ ਕਰਵਾਉਂਦੇ ਪਰ ਸਨਮਾਨ ਵੀ ਹੁੰਦੇ। ਹਰਫ਼ ਆਪਣਿਆਂ ਨੂੰ ਮਿਲਾਉਂਦੇ ਵੀ, ਪਰ ਕਦੇ ਕਦੇ ਇਹ ਦੂਰੀਆਂ ਵੀ ਵਧਾਉਂਦੇ। ਕਈ ਵਾਰ ਕੁਝ ਹਰਫ਼ ਕਬਰਾਂ ਦੀ ਨਿਸ਼ਾਨਦੇਹੀ ਹੁੰਦੇ। ਕੁਝ ਮਰਸੀਆ ਅਤੇ ਕੁਝ ਵਿਰਲਾਪ ਹੁੰਦੇ। ਕੁਝ ਲੇਰ ਅਤੇ ਕੁਝ ਬੰਨਾਇਆ ਹੋਇਆ ਧੀਰਜ ਹੁੰਦੇ।
ਕਈ ਵਾਰ ਹਰਫ਼ਾਂ ਦੀ ਇਨਾਇਤ, ਜ਼ਿੰਦਗੀ ਦੇ ਦਰ `ਤੇ ਅਜੇਹੀ ਦਸਤਕ ਦਿੰਦੀ ਕਿ ਹਰਫ਼ ਜੀਵਨਦਾਨੀ ਬਣ, ਜੀਵਨ ਨੂੰ ਨਵੇਂ ਅਰਥਾਂ ਨਾਲ ਜਿਊਣ ਦਾ ਸੰਦੇਸ਼ ਬਣ ਜਾਂਦੇ। ਇਹ ਹਰਫ਼ਾਂ ਦੀ ਕਾਇਨਾਤ ਦਾ ਕੇਹਾ ਕਮਾਲ ਕਿ ਕਈ ਵਾਰ ਮੇਰੇ ਪਾਠਕ ਹਰਫ਼ਾਂ ਦੀ ਸ਼ੁਕਰਗੁਜ਼ਾਰੀ ਵਿਚੋਂ ਹੀ ਜ਼ਿੰਦਗੀ ਦੀਆਂ ਬਖਸ਼ਿਸ਼ਾਂ ਨੂੰ ਮਾਨਣ ਲੱਗਦੇ ਅਤੇ ਉਨ੍ਹਾਂ ਲਈ ਜ਼ਿੰਦਗੀ ਨਰਕ ਨਹੀਂ ਸਗੋਂ ਨਿਆਮਤ ਬਣ ਜਾਂਦੀ। ਹਰਫ਼ਾਂ ਨਾਲ ਸਬੰਧਤ ਇਕ ਵਾਕਿਆ ਹੁਣ ਵੀ ਮੇਰੇ ਮਨ ਨੂੰ ਹੁਲਾਸ ਨਾਲ
ਭਰ ਜਾਂਦਾ ਕਿ ਹਰਫ਼ ਕਰਾਮਾਤ ਵੀ ਹੁੰਦੇ। 2017 ਦੀ ਗੱਲ ਹੈ। ਰਾਤ ਦੇ ਇੱਕ ਵਜੇ ਕਿਸੇ ਪਾਠਕ ਦਾ ਫ਼ੋਨ ਆਉਂਦਾ ਏ। ਇੱਕ ਲੇਡੀ ਪੁੱਛਦੀ ਹੈ ਕਿ ਤੁਸੀਂ ਡਾ. ਭੰਡਾਲ ਹੋ? ਜਦ ਮੈਂ ਹਾਂ ਵਿਚ ਉਤਰ ਦਿੰਦਾ ਹਾਂ ਤਾਂ ਉਹ ਕਹਿੰਦੀ ਹੈ ਕਿ ਮੈਂ ਅੱਜ ਅਖ਼ਬਾਰ ਵਿਚ ਤੁਹਾਡਾ ਲੇਖ ‘ਸਾਹ-ਸੁਰੰਗੀ’ ਪੜ੍ਹਿਆ ਹੈ। ਮੈਂ ਬੇਨਤੀ ਕਰਦਾ ਹਾਂ ਕਿ ਹੁਣ ਅੱਧੀ ਰਾਤ ਹੈ। ਮੈਂ ਸਵੇਰੇ ਤੁਹਾਨੂੰ ਫ਼ੋਨ ਕਰਾਂਗਾ ਅਤੇ ਫ਼ੋਨ ਕੱਟ ਦਿੰਦਾ ਹਾਂ।
ਸਵੇਰੇ ਫ਼ੋਨ ਕਰਦਾ ਹਾਂ ਤਾਂ ਔਰਤ ਦੱਸਦੀ ਹੈ ਕਿ ਉਹ ਰਿਟਾਇਰਡ ਸਕੂਲ ਪਿੰ੍ਰਸੀਪਲ ਹੈ ਅਤੇ ਘਰੋਗੀ ਪਰੇਸ਼ਾਨੀਆਂ ਕਾਰਨ ਡਿਪਰੈਸ਼ਨ ਦੀ ਸ਼ਿਕਾਰ ਹੈ। ਨੀਂਦ ਵਾਲੀਆਂ ਗੋਲੀਆਂ ਖਾ ਕੇ ਸੌਣ ਦੀ ਕੋਸ਼ਿਸ਼ ਕਰਦੀ ਹਾਂ ਪਰ ਕਈ ਵਾਰ ਹਫ਼ਤਾ ਭਰ ਮੈਨੂੰ ਨੀਂਦ ਹੀ ਨਹੀਂ ਆਉਂਦੀ। ਮੇਰੇ ਲਈ ਜ਼ਿੰਦਗੀ ਦੇ ਕੋਈ ਅਰਥ ਨਹੀਂ ਸੀ ਰਹਿਗੇ। ਮੈਂ ਤਾਂ ਦੋ ਵਾਰ ਖੁLਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਹਾਂ। ਪਰ ਮੈਂ ਤੁਹਾਡੇ ਆਰਟੀਕਲ ਨੂੰ ਵਾਰ ਵਾਰ ਪੜ੍ਹਿਆ। ਬਹੁਤ ਰੋਈ। ਇਸ ਆਰਟੀਕਲ ਨੇ ਮੇਰੇ ਲਈ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਨੇ ਅਤੇ ਹੁਣ ਮੈਂ ਜ਼ਿੰਦਗੀ ਨੂੰ ਭਰਪੂਰਤਾ ਨਾਲ ਜਿਊਣਾ ਚਾਹੁੰਦੀ ਹਾਂ। ਫਿਰ ਕੁਝ ਸਮੇਂ ਬਾਅਦ ਫ਼ੋਨ ਆਇਆ ਅਤੇ ਦੱਸਿਆ ਕਿ ਉਸ ਦੀਆਂ ਡਿਪਰੈਸ਼ਨ ਨਾਲ ਸਬੰਧਤ ਸਾਰੀਆਂ ਦਵਾਈਆਂ ਛੁੱਟ ਗਈਆਂ ਅਤੇ ਹੁਣ ਉਹ ਜ਼ਿੰਦਗੀ ਨੂੰ ਜਸ਼ਨ ਵਾਂਗ ਮਾਣਦੀ ਹੈ। ਉਸਨੇ ਮੇਰੀਆਂ ਸਾਰੀਆਂ ਕਿਤਾਬਾਂ ਮੰਗਵਾਈਆਂ ਅਤੇ ਆਪਣੇ ਮਨਪਸੰਦ ਵਿਚਾਰਾਂ ਨੂੰ ਖਾਸ ਤਰਤੀਬ ਦੇ ਕੇ “ਸੁੱਚੇ ਸ਼ਬਦ” ਨਾਮੀ ਖੂਬਸੂਰਤ ਪੁਸਤਕ ਤੋਹਫ਼ੇ ਵਜੋਂ ਮੈਨੂੰ ਭੇਟ ਕੀਤੀ। ਉਸਨੇ ਨਿਰਾਸ਼ਾ ਦੇ ਆਲਮ ਵਿਚੋਂ ਨਿਕਲ ਕੇ ਜ਼ਿੰਦਗੀ ਦੀ ਖੂਬਸੂਰਤੀ ਨੂੰ ਜਾਣਿਆ। ਹੁਣ ਉਹ ਜੀਵਨ ਦਾ ਰੱਜ ਮਾਣ ਰਹੀ ਏ। ਉਸਨੇ ਜੀਵਨ ਨੂੰ ਸੁਹਜ ਦੀ ਤਸ਼ਬੀਹ ਦੇਣੀ ਸਿੱਖ ਲਈ।
ਮੈਂ ਅਕਸਰ ਹੀ ਹਰਫ਼ਾਂ ਨੂੰ ਬਹੁਤ ਹੀ ਤਾਮੀਜ਼, ਤਹੱਮਲ ਅਤੇ ਤਾਂਘ ਨਾਲ ਮਿਲਦਾਂ। ਇਨ੍ਹਾਂ ਦੀਆਂ ਪਰਤਾਂ ਫਰੋਲਦਾ। ਨਵੇਂ ਸ਼ਬਦਾਂ ਦੀ ਸਿਰਜਣਾ ਸੁੱਤੇ-ਸਿੱਧ ਹੀ ਹੋ ਜਾਂਦੀ ਜੋ ਸ਼ਬਦ ਭੰਡਾਰ ਬਣ ਜਾਂਦੇ। ਇਹ ਹਰਫ਼ਾਂ ਸਦਕਾ ਹੀ ਮੈਂ ਅਵਚੇਤਨ ਵਿਚ ਘਰ ਕਰੀ ਪਿੰਡ ਦੀ ਸ਼ਬਦਾਵਲੀ ਨੂੰ ਲਿਖਤਾਂ ਵਿਚ ਲਿਆਉਂਦਾ ਹਾਂ। ਉਸ ਸ਼ਬਦਾਵਲੀ ਨੂੰ ਸੰਭਾਲਣ ਦੇ ਯਤਨਾਂ ਵਿਚ ਹਾਂ ਜਿਸ ਰਾਹੀਂ ਸਾਡੇ ਬਜ਼ੁਰਗ ਆਪਣੇ ਖੇਤਾਂ, ਪਸ਼ੂਆਂ ਅਤੇ ਆਪਣਿਆਂ ਨੂੰ ਮੁਖ਼ਾਤਬ ਹੁੰਦੇ ਸਨ। ਇਨ੍ਹਾਂ ਵਿਚੋਂ ਹੀ ਅਸੀਂ ਉਨ੍ਹਾਂ ਦੀ ਜੀਵਨ-ਸ਼ੈਲੀ ਦੇ ਰੁਬਰੂ ਹੋ ਕੇ ਬੀਤੇ ਦੀ ਨਿਸ਼ਾਨਦੇਹੀ ਕਰ ਸਕਦੇ ਹਾਂ।
ਹਰਫ਼ਾਂ ਦੀ ਜਦ ਬੋਲੀ ਲੱਗਦੀ, ਉਹ ਵਿਕਾਊ ਹੁੰਦੇ ਤਾਂ ਹਰਫ਼ ਮਰ ਜਾਂਦੇ। ਉਨ੍ਹਾਂ ਵਿਚਲੇ ਸ਼ਬਦ ਅਤੇ ਅਰਥਾਂ ਵਿਚ ਮਾਤਮ ਛਾ ਜਾਂਦਾ। ਪਰ ਸੁੱਚੇ ਸ਼ਬਦ ਕਦੇ ਵੀ ਨਹੀਂ ਵਿਕਦੇ ਭਾਵੇਂ ਉਨ੍ਹਾਂ ਦੀ ਕੋਈ ਵੀ ਕੀਮਤ ਲਾਈ ਜਾਵੇ।
ਹਰਫ਼ ਚੁੱਭਦੇ ਵੀ, ਪੀੜਾ ਵੀ ਦਿੰਦੇ ਤੇ ਗ਼ਮ। ਪਰ ਇਹੀ ਹਰਫ਼ ਕਦੇ ਜ਼ਖ਼ਮ ਸਹਿਲਾਉਂਦੇ ਤੇ ਲਾ ਦਿੰਦੇ ਮਰ੍ਹਮ। ਹਰਫ਼ ਹੱਸਦੇ ਵੀ ਅਤੇ ਹਸਾਉਂਦੇ ਵੀ। ਰੋਂਦੇ ਵੀ ਅਤੇ ਰੁਆਉਂਦੇ ਵੀ। ਰੁੱਸਦੇ ਵੀ ਅਤੇ ਮਨਾਉਂਦੇ ਵੀ। ਘੂਰਦੇ ਵੀ ਅਤੇ ਸਮਝਾਉਂਦੇ ਵੀ। ਕੂਕਦੇ ਵੀ ਅਤੇ ਕੁਰਲਾਉਂਦੇ ਵੀ। ਹਰਫ਼ ਜਿਤਾਉਂਦੇ ਵੀ ਅਤੇ ਹਰਾਉਂਦੇ ਵੀ। ਪਰ ਕਦੇ ਕਦਾਈਂ ਹਰਫ਼ ਮਰਵਾ ਵੀ ਦਿੰਦੇ ਪਰ ਕਈ ਵਾਰ ਜੀਵਾਉਂਦੇ ਵੀ।
ਹਰਫ਼ ਚੁਲਬੁਲੇ ਵੀ ਤੇ ਨਖ਼ਰੀਲੇ ਵੀ। ਕੁਤਕੁੱਤਾਰੀਆਂ ਵੀ ਕੱਢਦੇ, ਖਿਝਾਉਂਦੇ ਵੀ। ਕਈ ਵਾਰ ਪਿਆਰ ਵੀ ਕਰਦੇ ਅਤੇ ਤੁਹਾਡੇ ਸਾਹਾਂ ਦਾ ਦਮ ਵੀ ਭਰਦੇ। ਇਹ ਹਰਫ਼ ਕਦੇ ਸੱਜਣਾਂ ਦੀ ਹਾਕ ਦਾ ਹੁੰਗਾਰਾ ਤੇ ਕਦੇ ਪਿਆਰ ਪੁੰਗਾਰਾ। ਕਦੇ ਮਿੱਠਾ ਜਿਹਾ ਲਾਰਾ ਅਤੇ ਕਦੇ ਰੋਂਦੇ ਲਈ ਮੋਢੇ ਜੇਹਾ ਸਹਾਰਾ।
ਸ਼ਬਦ ਸਿਰਫ਼ ਲਿਖੇ ਹੀ ਨਹੀਂ ਜਾਂਦੇ। ਇਹ ਅਤੁੱਲ, ਅਮੁੱਲ, ਅਜੀਬ, ਅਣਭੋਲ, ਅਦਭੁਤ, ਅੰਤਰੀਵੀ, ਅਗਾਜ਼ੀ, ਆਵੇਸ਼ੀ, ਅੰਦਾਜ਼ੀ ਤੇ ਅਮਰ ਵੀ। ਆਖਰੀ ਸ਼ਬਦ ਕੋਈ ਨਹੀਂ ਹੁੰਦਾ ਕਿਉਂਕਿ ਹਰਫ਼ਾਂ ਵਿਚੋਂ ਹੀ ਹੋਰ ਸ਼ਬਦ ਜਨਮਦੇ ਅਤੇ ਇਨ੍ਹਾਂ ਵਿਚੋਂ ਨਵੀਆਂ ਬੋਲਬਾਣੀਆਂ ਅਤੇ ਤਬਸਰਿਆਂ
ਨੇ ਜਨਮ ਲੈਣਾ ਹੁੰਦਾ।
ਅਕਸਰ ਹੀ ਮੇਰੇ ਮਨ ਦੀ ਧਰਾਤਲ `ਤੇ
ਸ਼ਬਦਾਂ ਦੇ ਬੀਜ ਪੁੰਗਰਦੇ
ਕੋਮਲ ਪੱਤੀਆਂ ਲਹਿਰਾਉਂਦੀਆਂ

ਲੱਗਰਾਂ ਫੁੱਟਦੀਆਂ
ਤੇ ਫੁੱਲਾਂ ਤੇ ਫਲਾਂ ਨਾਲ ਲਿਫੀਆਂ ਟਾਹਣੀਆਂ
ਕਿਸੇ ਕਲਮ-ਕਿਰਤ ਦਾ ਬਿਰਖ਼ ਬਣ
ਸਫ਼ਿਆਂ ਦੀ ਸੰਘਣੀ ਛਾਂ ਬਣ ਜਾਂਦੇ।

ਇਹ ਸ਼ਬਦ
ਮੈਨੂੰ ਜੀਵਨ-ਜਾਚ ਦੀ ਗੁੱੜਤੀ ਦਿੰਦੇ
ਕਿ ਕਿਵੇਂ
ਸੂਲਾਂ ਨਾਲ ਪੁੱੜੇ ਪੈਰਾਂ ਵਿਚ ਸਫ਼ਰ ਉਗਾਈਦਾ
ਰੱਕੜ ਲਈ ਬਾਰਸ਼-ਬੂੰਦਾਂ ਬਣੀਦਾ
ਬਰੇਤਿਆਂ `ਚੋਂ ਪਾਣੀ ਸਿੰਮਣ ਲਾਈਦਾ
ਕੰਡਿਆਂ ਦੀ ਸੇਜ ਨੂੰ ਮਾਣੀਦਾ
ਜ਼ਖ਼ਮ ਦੀ ਚੀਸ `ਚੋਂ ਚਾਅ ਪਨਪਦੇ
ਅੰਦਰਲੀ ਪੀੜ ਰਾਗ-ਨਾਦ ਬਣਦੀ
ਉਦਾਸੀ ਉਤਸ਼ਾਹ ਪੈਦਾ ਕਰਦੀ
ਤੇ ਜਿੰਦਗੀ ਜਸ਼ਨ ਬਣ ਜਾਂਦੀ।

ਇਹ ਪੁੰਗਰੇ ਹੋਏ ਸ਼ਬਦ ਮੇਰੇ ਲਈ
ਸਿਆਣਿਆਂ ਦੀਆਂ ਸੁਮੱਤਾਂ
ਫ਼ੱਕਰਾਂ ਦੀਆਂ ਰਹਿਮਤਾਂ
ਬਾਪ ਦੀ ਹੱਲਾਸ਼ੇਰੀ

ਮਾਂ ਦੀਆਂ ਦੁਆਵਾਂ
ਭੈਣਾਂ ਭਰਾਵਾਂ ਦਾ ਮੋਹ
ਤੇ ਸੱਜਣਾਂ ਦਾ ਮੋਢਾ ਬਣਦੇ
ਜਿਥੇ ਸਿਰ ਧਰ ਕੇ
ਦਿਲ ਦਾ ਦੁੱਖੜਾ ਸੁਣਾਉਂਦਾ
ਰੱਜ ਕੇ ਰੋ ਵੀ ਲੈਂਦਾ
ਅਤੇ ਖੂਬ ਹੱਸ ਵੀ ਲਈਦਾ।

ਇਹ ਸ਼ਬਦ
ਰਿਸ਼ਤਿਆਂ ਦੀ ਅਪਣੱਤ
ਸੰਬੰਧਾਂ ਦੀ ਖੁਸ਼ਬੂ
ਸਾਂਝਾਂ ਦੀ ਸਮਰਪਿੱਤਾ
ਤੇ ਮੋਹਵੰਤਿਆਂ ਦੀ ਦਿਲਲੱਗੀ ਬਣ
ਖ਼ਾਬਾਂ ਤੇ ਖ਼ਿਆਲਾਂ ਦਾ ਖ਼ਜਾਨਾ ਬਣ ਜਾਂਦੇ।

ਇਹ ਸ਼ਬਦ ਹੀ ਨੇ
ਜੋ ਮੈਂਨੂੰ ਮੇਰੀ ਔਕਾਤ ਦੇ ਰੂਬਰੂ ਕਰਦੇ
ਸਮਾਜਿਕ ਸਰੋਕਾਰਾਂ ਦੀ ਸੋਝੀ ਦਿੰਦੇ
ਸੁਪਨਿਆਂ ਅਤੇ ਸੰਭਾਵਨਾਵਾਂ ਦੀ ਦੱਸ ਪਾਉਂਦੇ
ਤੇ ਮੋਹ-ਮੁਹੱਬਤ ਦੀ ਸੂਹ ਦਿੰਦੇ।

ਇਨ੍ਹਾਂ ਸ਼ਬਦਾਂ ਵਿਚ
ਅਰਥਾਂ ਦੇ ਜਗਦੇ ਚਿਰਾਗ
ਕਾਲੇ ਰਾਹਾਂ ਵਿਚ ਚਾਨਣ ਦੀ ਕਲੀ ਕਰਦੇ
ਰਾਤ ਦੀ ਕੁੱਖ ਵਿਚ ਸਰਘੀ ਧਰਦੇ
ਤੇ ਮੱਥਿਆਂ ਵਿਚ ਸੂਰਜਾਂ ਦੀ ਸਰਗਮ ਬਣਦੇ।

ਸ਼ਬਦਾਂ ਰਾਹੀਂ ਹੀ
ਮੈਂ ਆਪਣੇ ਆਪ ਨੂੰ ਤੇ ਆਪਣਿਆਂ ਨੂੰ ਮਿਲਦਾ
ਖ਼ੁਦ ਨੂੰ ਤਲਾਸ਼ਦਾ ਤੇ ਤਰਾਸ਼ਦਾ
ਤੇ ਇਨ੍ਹਾਂ ਦੀ ਰਹਿਬਰੀ ਵਿਚ
ਸੁਖਨ ਤੇ ਸਕੂਨ ਦੀ ਆਗੋਸ਼ ਮਾਣਦਾ

ਮੈਂ ਤਾਂ ਕੁਝ ਵੀ ਨਹੀਂ
ਅਤੇ ਨਾ ਹੀ ਮੈਂ ਕੁਝ ਲਿਖਦਾ ਹਾਂ
ਇਹ ਤਾਂ ਸ਼ਬਦ ਹੀ ਹਨ
ਜੋ ਮੇਰੀ ਉਂਗਲ ਫੜ
ਮੈਂਨੂੰ ਸ਼ਬਦ-ਰਾਹ `ਤੇ ਤੋਰੀ ਰੱਖਦੇ
ਤੁਸੀਂ ਆਪਣੀਆਂ ਦੁਆਵਾਂ ਵਿਚ
ਮੈਂਨੂੰ ਜ਼ਰੂਰ ਸ਼ਾਮਲ ਕਰਨਾ
ਤਾਂ ਕਿ ਸ਼ਬਦ-ਸਫ਼ਰ ਸਲਾਮਤ ਰਹੇ।
ਹਰਫ਼ ਗੁਪਤ ਵੀ ਹੁੰਦੇ ਅਤੇ ਪਰਤੱਖ ਵੀ। ਹਰਫ਼ਾਂ ਦਾ ਸਿਵਾ ਬਲਦਾ ਤਾਂ ਹਰਫ਼ ਤੜਫਦੇ। ਹਰਫ਼ ਨਹੀਂ ਚਾਹੁੰਦੇ ਕਿ ਕਿਸੇ ਦੀ ਹਿੱਕ ਵਿਚ ਕਬਰ ਉਗੇ। ਕਿਸੇ ਦੇ ਸਾਹਾਂ ਵਿਚ ਸਿਵੇ ਦਾ ਸੇਕ ਪੈਦਾ ਹੋਵੇ। ਕਿਸੇ ਦੀ ਚੁੱਪ ਵਿਚ ਬੋਲ ਖੁਦਕੁਸ਼ੀ ਕਰਨ। ਕਿਸੇ ਦੀ ਜੁLਬਾਨ ਠਾਕੀ ਜਾਵੇ। ਸ਼ੋਰਗੁੱਲ ਵਿਚ ਮਾਤਮੀ ਚੁੱਪ ਦਾ ਵਾਸਾ ਹੋਵੇ। ਕਿਸੇ ਰੱਗ ਵਿਚ ਚੀਸ ਪੈਦਾ ਕੀਤੀ ਜਾਵੇ।
ਕਿਸੇ ਦੇ ਜ਼ਖ਼ਮ ਉਚੇੜੇ ਜਾਣ ਜਾਂ ਕਿਸੇ ਦੇ ਨੈਣਾਂ ਵਿਚ ਸੁਪਨਿਆਂ ਦਾ ਮਾਤਮ ਉਗਾਇਆ ਜਾਵੇ। ਕਿਸੇ ਨੂੰ ਹੰਝੂਆਂ ਦਾ ਸਰਾਪ ਦਿਤਾ ਜਾਵੇ ਜਾਂ ਕਿਸੇ ਦੇ ਚਾਅ ਵਿਚ ਹਾਅ ਬੀਜੀ ਜਾਵੇ।
ਹਰਫ਼ ਤਾਂ ਚਾਹੁੰਦੇ ਕਿ ਉਨ੍ਹਾਂ ਵਿਚ ਮੁਹੱਬਤ ਦਾ ਚਸ਼ਮਾ ਫੁੱਟੇ। ਉਨ੍ਹਾਂ ਵਿਚ ਮਿਲਵਰਤਨ ਦੀ ਨੈਂਅ ਵਗਦੀ ਰਹੇ। ਹਰੇਕ ਮਸਤਕ ਵਿਚ ਸੁੱਚੇ ਵਿਚਾਰਾਂ ਦਾ ਚਿਰਾਗ ਬਲਦਾ ਰਹੇ। ਹਰ ਵਿਹੜੇ ਵਿਚ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ। ਹਰ ਘਰ ਨੂੰ ਘਰ ਹੋਣ ਦਾ ਨਾਜ਼ ਹੋਵੇ। ਹਰ ਵਿਹੜੇ ਵਿਚ ਘਰ ਵਾਲਿਆਂ ਦੀ ਰੌਣਕ ਰਹੇ ਅਤੇ ਹਰ ਚੁੱਲ੍ਹੇ ਵਿਚ ਤੌਣ ਪੱਕਦੀ ਰਹੇ। ਹਰ ਬਨੇਰੇ `ਤੇ ਮੋਮਬੱਤੀਆਂ ਜਗਦੀਆਂ ਰਹਿਣ। ਹਰ ਰਾਤ ਤੋਂ ਬਾਅਦ ਸੂਰਜ ਪੋਲੇ ਪੱਬੀਂ ਪੌੜੀਆਂ ਤੋਂ ਉਤਰੇ ਅਤੇ ਘਰ ਨੂੰ ਸਰਘੀ ਨਾਲ ਭਰ ਦੇਵੇ।
ਇਹ ਹਰਫ਼ ਮੇਰੇ ਪਿੰਡ, ਮਾਪਿਆਂ ਅਤੇ ਬਜੁLਰਗਾਂ ਦੀ ਸਭ ਤੋਂ ਕੀਮਤੀ ਦਾਤ, ਮੇਰੀ ਜਨਮ-ਜਾਤ, ਸੋਚ-ਸਰਗਮ ਵਿਚ ਉਗਦੀ ਪ੍ਰਭਾਤ ਅਤੇ ਮੇਰੀ ਲਿਖਤ ਲਈ ਇਨਾਇਤ। ਹਰਫ਼ਾਂ ਕਰਕੇ ਹੀ ਮੈਂ ਆਪਣੇ ਆਪ ਨੂੰ ਮਿਲਦਾਂ ਹਾਂ। ਇਹ ਮੇਰਾ ਖ਼ੁਦ ਨਾਲ ਰਚਾਇਆ ਸੰਵਾਦ ਹੀ ਹੁੰਦਾ ਜਿਹੜਾ ਮੇਰੀਆਂ ਲਿਖਤਾਂ ਰਾਹੀਂ ਲੋਕ ਮਨਾਂ ਵਿਚ ਨਿੱਕੜੀ ਜਹੀ ਪਛਾਣ ਬਣਾਉਣ ਦੇ ਕਾਬਲ ਹੋਇਆ।
ਮੇਰੀ ਜੋਦੜੀ ਹੈ ਐ ਹਰਫ਼ੋ! ਤੁਸੀਂ ਮੇਰੇ ਦਰ ਖੜਕਾਉਂਦੇ ਰਹਿਣਾ। ਸ਼ਬਦਾਂ ਦੀ ਦਾਤ ਝੋਲੀ ਵਿਚ ਪਾਉਂਦੇ ਰਹਿਣਾ। ਮੇਰੇ ਸਮੁੱਚ ਨੂੰ ਉਲਥਾਉਂਦੇ ਰਹਿਣਾ। ਮੇਰੀਆਂ ਕਮੀਨਗੀਆਂ ਅਤੇ ਕੁਤਾਹੀਆਂ ਨੂੰ ਪ੍ਰਗਟਾਉਂਦੇ ਰਹਿਣਾ। ਮੇਰੇ ਮਨ ਦੀ ਮੈਲ਼ ਧੋਂਦੇ ਰਹਿਣਾ। ਅਤੇ ਮੈਨੂੰ ਮੇਰੀ ਔਕਾਤ ਦਿਖਾਉਂਦੇ ਰਹਿਣਾ ਤਾਂ ਕਿ ਮੈਂ ਜ਼ਮੀਂ ਦਾ ਬੰਦਾ ਬਣ ਕੇ ਜ਼ਮੀਂ ਨਾਲ ਹੀ ਜੁੜਿਆ ਰਹਾਂ। ਮੈਨੂੰ ਅੰਬਰ ਨਹੀਂ ਚਾਹੀਦਾ। ਮੇਰੇ ਲਈ ਸਭ ਤੋਂ ਵੱਡੀ ਪ੍ਰਾਪਤੀ ਹੀ ਇਹੀ ਕਿ ਮੈਂ ਨੀਵਾਂ ਰਹਿ, ਮਿੱਟੀ ਦੀ ਮਹਿਕ ਨੂੰ ਮਾਣਦਾ ਰਹਾਂ। ਉਹੀ ਮਹਿਕ ਮੈਂ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਦੇ ਸਨਮੁੱਖ ਕਰਦਾ ਰਹਾਂ।
ਹਰਫ਼ੋ! ਤੁਹਾਡੀ ਇਨਾਇਤ ਬਣੀ ਰਹੀ ਤਾਂ ਆਖਰੀ ਸਾਹ ਤੀਕ ਮੈਂ ਆਪਣੇ ਆਪ ਨੂੰ ਮਿਲਦਾ ਰਹਾਂਗਾ। ਇਸ ਮਿਲਣੀ ਨੂੰ ਕਲਮ-ਕਿਰਤ ਰਾਹੀਂ ਪਿਆਰੇ ਪਾਠਕਾਂ ਤੀਕ ਪਹੁੰਚਾਂਦਾ ਰਹਾਂਗਾ ਜੋ ਮੇਰੇ ਸਾਹਾਂ ਦੀ ਖ਼ੈਰ ਅਤੇ ਮੇਰੀ ਕਲਮ ਲਈ ਦੁਆਵਾਂ ਮੰਗਦੇ ਨੇ।