ਵਿਸ਼ਵ ਦੇ ਮਹਾਨ ਖਿਡਾਰੀ: ਜੈਵਲਿਨ ਥਰੋਅ ਦਾ ਜਗਤ ਜੇਤੂ ਨੀਰਜ ਚੋਪੜਾ

ਪ੍ਰਿੰ. ਸਰਵਣ ਸਿੰਘ
ਨੀਰਜ ਚੋਪੜਾ ਇੰਡੀਆ ਦਾ ‘ਗੋਲਡਨ ਬੋਆਏ’ ਹੈ। ਪੰਜਾਬ ਯੂਨੀਵਰਸਿਟੀ, ਆਲ ਇੰਡੀਆ ਯੂਨੀਵਰਸਿਟੀਜ਼, ਕੌਮੀ ਖੇਡਾਂ, ਸੈਫ ਖੇਡਾਂ, ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪਸ, ਏਸ਼ਿਆਈ ਖੇਡਾਂ, ਕਾਮਨਵੈੱਲਥ ਖੇਡਾਂ, ਓਲੰਪਿਕ ਖੇਡਾਂ, ਡਾਇਮੰਡ ਲੀਗ ਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਸ ਦੇ ਗੋਲਡ ਮੈਡਲਾਂ ਦਾ ਜੇਤੂ। ਨਿਰਾ ਸੋਨਾ ਈ ਸੋਨਾ। ਉਸ ਨੇ ਛੋਟੀ ਉਮਰ ਵਿਚ ਹੀ ਬੜੀਆਂ ਵੱਡੀਆਂ ਮੱਲਾਂ ਮਾਰ ਵਿਖਾਈਆਂ ਨੇ।

ਅਥਲੈਟਿਕਸ ਵਿਚ ਉਹ ਭਾਰਤ ਦਾ ਪਹਿਲਾ ਓਲੰਪਿਕ ਚੈਂਪੀਅਨ ਹੈ। ਉਸ ਤੋਂ ਪਹਿਲਾਂ ਓਲੰਪਿਕ ਖੇਡਾਂ ਦੇ ਸਵਾ ਸੌ ਸਾਲਾ ਇਤਿਹਾਸ ਵਿਚ ਭਾਰਤ ਦੇ ਕਿਸੇ ਅਥਲੀਟ ਨੇ ਕਦੇ ਕੋਈ ਓਲੰਪਿਕ ਮੈਡਲ ਨਹੀਂ ਸੀ ਜਿੱਤਿਆ। ਇਹ ਵੱਖਰੀ ਗੱਲ ਹੈ ਕਿ ਕਲਕੱਤੇ `ਚ ਜੰਮਣ ਵਾਲੇ ਇਕ ਐਂਗਲੋ ਇੰਡੀਅਨ ਨੌਰਮਨ ਪ੍ਰਿਚਰਡ ਨੇ ਪੈਰਿਸ 1900 ਦੀਆਂ ਓਲੰਪਿਕ ਖੇਡਾਂ `ਚੋਂ ਬ੍ਰਿਟਿਸ਼ ਇੰਡੀਆ ਦੇ ਨਾਂ `ਤੇ ਦੋ ਸਿਲਵਰ ਮੈਡਲ ਜਿੱਤੇ ਸਨ ਜੋ ਓਲੰਪਿਕ ਖੇਡਾਂ ਦੇ ਰਿਕਾਰਡ ਵਿਚ ਇੰਡੀਆ ਦੇ ਮੈਡਲ ਹੀ ਗਿਣੇ ਜਾਂਦੇ ਹਨ। ਵੈਸੇ ਨੌਰਮਨ ਪ੍ਰਿਚਰਡ ਬ੍ਰਿਟਿਸ਼ ਸਿਟੀਜ਼ਨ ਸੀ। ਉਦੋਂ ਇੰਡੀਅਨ ਓਲੰਪਿਕ ਐਸੋਸੀਏਸ਼ਨ ਨਹੀਂ ਸੀ ਬਣੀ ਜੋ 1927 ਵਿਚ ਹੋਂਦ `ਚ ਆਈ।
ਪੰਜਾਬ ਦਾ ‘ਫਲਾਈਂਗ ਸਿੱਖ’ ਮਿਲਖਾ ਸਿੰਘ ਰੋਮ 1960 ਦੀਆਂ ਓਲੰਪਿਕ ਖੇਡਾਂ ਵਿਚ 400 ਮੀਟਰ ਦੀ ਦੌੜ ਵਿਚੋਂ ਚੌਥਾ ਸਥਾਨ ਲੈ ਸਕਿਆ ਸੀ। ਨੀਰਜ ਨੇ ਆਪਣਾ ਓਲੰਪਿਕ ਗੋਲਡ ਮੈਡਲ ਸਵਰਗੀ ਮਿਲਖਾ ਸਿੰਘ ਨੂੰ ਅਰਪਣ ਕੀਤਾ। ਕੇਰਲਾ ਦੀ ‘ਉਡਣ ਪਰੀ’ ਪੀਟੀ ਊਸ਼ਾ ਵੀ ਲਾਸ ਏਂਜਲਸ 1984 ਦੀਆਂ ਓਲੰਪਿਕ ਖੇਡਾਂ ਦੀ 400 ਮੀਟਰ ਹਰਡਲ਼ਜ਼ ਦੌੜ `ਚ ਚੌਥੇ ਸਥਾਨ `ਤੇ ਰਹੀ ਸੀ। ਪੰਜਾਬ ਦਾ ‘ਉਡਣਾ ਬਾਜ’ ਗੁਰਬਚਨ ਸਿੰਘ ਰੰਧਾਵਾ ਟੋਕੀਓ ਓਲੰਪਿਕਸ 1964 ਦੀ 110 ਮੀਟਰ ਹਰਡਲਜ਼ ਦੌੜ ਵਿਚ ਤੇ ਕੇਰਲਾ ਦੀ ਅੰਜੂ ਬੌਬੀ ਜੌਰਜ ਏਥਨਜ਼ 2004 ਦੀਆਂ ਓਲੰਪਿਕ ਖੇਡਾਂ ਦੀ ਲੰਮੀ ਛਾਲ `ਚ ਪੰਜਵੇਂ ਸਥਾਨ `ਤੇ ਰਹੇ ਸਨ। ਨੀਰਜ ਚੋਪੜਾ ਭਾਰਤ ਦਾ ਪਹਿਲਾ ਅਥਲੀਟ ਹੈ ਜੋ ਨਾ ਸਿਰਫ਼ ਏਸ਼ੀਆ ਤੇ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਿਆ ਬਲਕਿ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਸ `ਚੋਂ ਵੀ ਗੋਲਡ ਮੈਡਲ ਜਿੱਤਿਆ। ਇੰਜ ਉਹ ਇਕੋ ਵੇਲੇ ਏਸ਼ੀਆ ਚੈਂਪੀਅਨ, ਓਲੰਪਿਕ ਚੈਂਪੀਅਨ, ਵਿਸ਼ਵ ਚੈਂਪੀਅਨ ਤੇ ਡਾਇਮੰਡ ਲੀਗ ਦਾ ਵੀ ਚੈਂਪੀਅਨ ਹੈ। ਉਹ ਪਹਿਲਾ ਏਸ਼ੀਅਨ ਅਥਲੀਟ ਹੈ ਜੋ ਓਲੰਪਿਕ ਖੇਡਾਂ ਦੇ ਨਾਲ ਵਰਲਡ ਚੈਂਪੀਅਨਸ਼ਿਪ ਦਾ ਵੀ ਗੋਲਡ ਮੈਡਲ ਜਿੱਤਿਆ ਹੈ।
ਨੀਰਜ ਨੇ 2018 ਵਿਚ ਕਾਮਨਵੈਲਥ ਖੇਡਾਂ ਤੇ ਏਸ਼ਿਆਈ ਖੇਡਾਂ ਵਿਚ ਭਾਗ ਲੈਂਦਿਆਂ ਦੋਹੀਂ ਥਾਈਂ ਗੋਲਡ ਮੈਡਲ ਜਿੱਤੇ ਸਨ। 2018 ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਖਿਡਾਰੀ ਦਲ ਦਾ ਝੰਡਾ ਬਰਦਾਰ ਸੀ। 2022 ਦੀ ਵਿਸ਼ਵ ਅਥਲੈਟਿਕਸ ਵਿਚ ਉਹ ਬੇਸ਼ਕ ਗੋਲਡ ਮੈਡਲ ਜਿੱਤਣੋਂ ਖੁੰਝ ਗਿਆ ਸੀ ਤੇ ਸਿਲਵਰ ਮੈਡਲ ਹੀ ਜਿੱਤ ਸਕਿਆ ਸੀ ਪਰ 2023 ਦੀ ਵਿਸ਼ਵ ਚੈਂਪੀਅਨਸ਼ਿਪ `ਚੋਂ ਗੋਲਡ ਮੈਡਲ ਸ਼ਾਨ ਨਾਲ ਜਿੱਤਿਆ। 2016 ਵਿਚ ਜਦੋਂ ਉਹ ਸੈਫ ਖੇਡਾਂ ਵਿਚੋਂ ਗੋਲਡ ਮੈਡਲ ਜਿੱਤਿਆ ਸੀ ਤਾਂ ਭਾਰਤੀ ਫੌਜ ਨੇ ਉਸ ਨੂੰ ਸਪੋਰਟਸ ਕੋਟੇ ਵਿਚ ਨਾਇਬ ਸੂਬੇਦਾਰ ਭਰਤੀ ਕਰ ਲਿਆ ਸੀ। ਹੁਣ ਉਹ ਸੂਬੇਦਾਰ ਹੈ।
ਹਰਿਆਣੇ ਦੇ ਇਸ ਹੋਣਹਾਰ ਅਥਲੀਟ ਦਾ ਪੂਰਾ ਨਾਂ ਨੀਰਜ ਕੁਮਾਰ ਚੋਪੜਾ ਹੈ ਪਰ ਪਰਿਵਾਰ ਦੇ ਜੀਅ ਪਿਆਰ ਨਾਲ ‘ਰਿੱਜੂ’ ਹੀ ਕਹਿੰਦੇ ਹਨ। ਉਸ ਦਾ ਜਨਮ ਹਰਿਆਣੇ ਦੇ ਅਰੋੜਾ ਪਰਿਵਾਰ ਵਿਚ ਪਾਣੀਪਤ ਨੇੜੇ ਪਿੰਡ ਖੰਡਰਾ ਵਿਖੇ 24 ਦਸੰਬਰ 1997 ਨੂੰ ਹੋਇਆ। ਪਿਤਾ ਦਾ ਨਾਂ ਸਤੀਸ਼ ਕੁਮਾਰ ਹੈ ਤੇ ਮਾਤਾ ਦਾ ਸਰੋਜ ਦੇਵੀ। ਸਤੀਸ਼ ਕੁਮਾਰ ਹੋਰੀਂ ਚਾਰ ਭਰਾ ਹਨ ਜੋ ਸਾਂਝੇ ਪਰਿਵਾਰ `ਚ ਰਹਿੰਦੇ ਹਨ। ਨੀਰਜ ਦਾ ਦਾਦਾ ਧਰਮ ਸਿੰਘ ਵਡੇਰੀ ਉਮਰ ਵਿਚ ਹੈ ਜਦ ਕਿ ਦਾਦੀ ਨੱਥੂ ਦੇਵੀ 2006 ਵਿਚ ਗੁਜ਼ਰ ਗਈ ਸੀ। ਧਰਮ ਸਿੰਘ ਦੇ ਪੰਜ ਪੋਤੇ ਤੇ ਚਾਰ ਪੋਤੀਆਂ ਹਨ। ਅਠਾਰਾਂ ਜੀਆਂ ਦਾ ਕਿਸਾਨ ਪਰਿਵਾਰ ਇਕੋ ਚੁੱਲ੍ਹੇ ਰੋਟੀ ਖਾਂਦਾ ਹੈ। ਖੇਤੀਬਾੜੀ ਕਰਨ ਵਾਲੇ ਇਸ ਘਰ `ਚ ਦੁੱਧ ਘਿਓ ਦੀ ਕਦੇ ਤੋਟ ਨਹੀਂ ਆਈ। ਨੀਰਜ ਨੂੰ ਬਚਪਨ ਤੋਂ ਖੁੱਲ੍ਹਾ ਦੁੱਧ-ਘਿਓ ਤੇ ਮਲਾਈ-ਬੂਰਾ ਮਿਲਦਾ ਰਿਹਾ। ਪਹਿਲਾਂ ਉਹ ਪਿੰਡ ਦੀ ਚੌਪਾਲ `ਚ ਬਾਲ ਜੋਤੀ ਪਬਲਿਕ ਸਕੂਲ ਵਿਚ ਪੜ੍ਹਨ ਲੱਗਾ ਤੇ ਫਿਰ ਪਾਣੀਪਤ ਦੇ ਬੀਵੀਐੱਨ ਸਕੂਲ `ਚ ਦਾਖਲ ਹੋ ਗਿਆ। ਬਾਅਦ ਵਿਚ ਡੀਏਵੀ ਕਾਲਜ ਚੰਡੀਗੜ੍ਹ ਤੇ ਲਵਲੀ ਯੁਨੀਵਰਸਿਟੀ ਵਿਚ ਪੜ੍ਹਿਆ।
ਬਚਪਨ ਵਿਚ ਉਹ ਗੋਲ-ਮਟੋਲ ਬਾਲਕ ਸੀ ਜੋ ਆਮ ਬੱਚਿਆਂ ਨਾਲੋਂ ਕਾਫੀ ਮੋਟਾ ਸੀ। ਤੇਰਾਂ ਸਾਲ ਦੀ ਉਮਰ ਵਿਚ ਹੀ ਉਹਦਾ ਵਜ਼ਨ 80-90 ਕਿਲੋ ਹੋ ਗਿਆ ਸੀ। ਨਾਲ ਦੇ ਮੁੰਡੇ ਉਸ ਨੂੰ ‘ਮੋਟੂ’ ਕਹਿ ਕੇ ਛੇੜਦੇ ਪਰ ਉਹ ਗੁੱਸਾ ਨਹੀਂ ਸੀ ਕਰਦਾ। ਜਦੋਂ ਉਹ ਕੁੜਤੇ ਪਜਾਮੇ ਵਿਚ ਬਣ ਫੱਬ ਕੇ ਪਿੰਡ ਦੀਆਂ ਬੀਹੀਆਂ `ਚ ਮੇਲ੍ਹਦਾ ਤਾਂ ਪਿੰਡ ਵਾਲੇ ਉਸ ਨੂੰ ‘ਸਰਪੰਚ’ ਕਹਿ ਕੇ ਮਖੌਲ ਕਰਦੇ ਤੇ ਹੱਸਦੇ। ਉਦੋਂ ਕੋਈ ਸੋਚ ਨਹੀਂ ਸੀ ਸਕਦਾ ਕਿ ਇਹ ਭਾਰੀ ਭਰਕਮ ਛੋਹਰਾ ਵੱਡਾ ਹੋ ਕੇ ਓਲੰਪਿਕ ਚੈਂਪੀਅਨ ਬਣੇਗਾ! ਹੁਣ ਉਸ ਦੇ ਸਡੌਲ ਸਰੀਰ ਦਾ ਵਜ਼ਨ 86 ਕਿਲੋਗਰਾਮ ਤੇ ਕੱਦ 1.82 ਮੀਟਰ ਹੈ। ਉਂਜ ਵੀ ਬਣਦਾ ਫਬਦਾ ਤੇ ਸੋਹਣਾ ਸੁਣੱਖਾ ਨੌਜਵਾਨ ਹੈ।
ਕਿਸ਼ੋਰ ਅਵਸਥਾ ਵਿਚ ਉਸ ਦਾ ਬਾਪ ਉਹਦਾ ਭਾਰ ਘਟਾਉਣ ਤੇ ਸਰੀਰ ਸਡੌਲ ਬਣਾਉਣ ਲਈ ਉਸ ਨੂੰ ਨੇੜਲੇ ਜਿਮਨੇਜੀਅਮ `ਚ ਲਿਜਾਣ ਲੱਗ ਪਿਆ ਸੀ। ਫਿਰ ਉਹ ਪਾਣੀਪਤ ਦੇ ਜਿਮ ਦਾ ਮੈਂਬਰ ਬਣ ਗਿਆ ਤੇ ਸ਼ਿਵਾਜੀ ਸਟੇਡੀਅਮ ਪਾਣੀਪਤ ਵਿਚ ਖੇਡਣ ਲੱਗ ਪਿਆ। ਜਿਤੇਂਦਰ ਜਾਗਲਾਨ ਉਹਦੀ ਫਿੱਟਨੈੱਸ ਕਰਵਾਉਂਦਾ ਸੀ। ਉਥੇ ਹੀ ਕੋਚ ਜੈਵੀਰ ਚੌਧਰੀ ਅਥਲੈਟਿਕਸ ਦੀ ਕੋਚਿੰਗ ਦਿੰਦਾ ਸੀ। ਇਕ ਦਿਨ ਨੀਰਜ ਨੇ ਕੁਝ ਮੁੰਡੇ ਜੈਵਲਿਨ ਸੁੱਟਦੇ ਵੇਖੇ। ਉਨ੍ਹਾਂ ਦੀ ਰੀਸ ਕਰਦਿਆਂ ਉਸ ਨੇ ਵੀ ਜੈਵਲਿਨ ਸੁੱਟਿਆ ਜੋ ਪਹਿਲੀ ਵਾਰ ਹੀ 30 ਮੀਟਰ ਦੂਰ ਚਲਾ ਗਿਆ। ਉਸ ਤੋਂ ਦੋ-ਤਿੰਨ ਸਾਲ ਵੱਡੇ ਮੁੰਡੇ ਮਸੀਂ 25 ਕੁ ਮੀਟਰ ਦੂਰ ਜੈਵਲਿਨ ਸੁੱਟਦੇ ਸਨ। ਉਦੋਂ ਉਹਦੀ ਉਮਰ 13 ਕੁ ਸਾਲ ਦੀ ਸੀ। ਉਸੇ ਵੇਲੇ ਉਹ ਸਪੋਰਟਸ ਸੈਂਟਰ ਪਾਣੀਪਤ ਦੇ ਕੋਚਾਂ ਦੀ ਨਜ਼ਰੇ ਚੜ੍ਹ ਗਿਆ। ਜੈਵੀਰ ਚੌਧਰੀ ਉਸ ਦਾ ਪਹਿਲਾ ਕੋਚ ਬਣਿਆ। ਕੁਝ ਮਹੀਨੇ ਪ੍ਰੈਕਟਿਸ ਕਰਨ ਨਾਲ ਉਹ ਪਾਣੀਪਤ ਜ਼ਿਲ੍ਹੇ ਦਾ ਚੈਂਪੀਅਨ ਬਣ ਗਿਆ।
ਪਹਿਲੀ ਜਿੱਤ ਨਾਲ ਨੀਰਜ ਦੇ ਮਨ ਵਿਚ ਹੋਰ ਤਕੜਾ ਜੈਵਲਿਨ ਥਰੋਅਰ ਬਣਨ ਦੀ ਰੀਝ ਜਾਗ ਪਈ। ਉਹ ਯੂ-ਟਿਊਬ ਤੋਂ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਜੇਨ ਜੇਲੇਜ਼ਨੀ ਦੀਆਂ ਵੀਡੀਓਜ਼ ਵੇਖਣ ਲੱਗਾ। ਉਨ੍ਹਾਂ ਨਾਲ ਉਸ ਨੂੰ ਜੈਵਲਿਨ ਸੁੱਟਣ ਦੀ ਚੰਗੀ ਜਾਚ ਆਉਂਦੀ ਗਈ। ਚੈਕੋਸਲੋਵਾਕੀਆ ਦੇ ਜੇਲੇਜ਼ਨੀ ਨੇ ਓਲੰਪਿਕ ਖੇਡਾਂ `ਚੋਂ ਇਕ ਚਾਂਦੀ ਤੇ ਤਿੰਨ ਸੋਨੇ ਦੇ ਤਗਮੇ ਜਿੱਤੇ ਸਨ। ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਵਿਚ ਵੀ ਤਿੰਨ ਵਾਰ ਚੈਂਪੀਅਨ ਬਣਿਆ ਸੀ ਤੇ ਦੋ ਵਾਰ ਤੀਜੇ ਸਥਾਨ `ਤੇ ਰਿਹਾ ਸੀ। ਨੀਰਜ ਮਨੋ-ਮਨੀ ਜੇਨ ਜੇਲੇਜ਼ਨੀ ਬਣਨ ਦੇ ਸੁਫਨੇ ਲੈਣ ਲੱਗਾ।
ਜੈਵਲਿਨ ਥਰੋਅ ਨੂੰ ਨੇਜ਼ਾ ਸੁੱਟਣਾ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਇਹ ਸ਼ਿਕਾਰ ਕਰਨ ਲਈ ਹਥਿਆਰ ਵਜੋਂ ਵਰਤਿਆ ਜਾਂਦਾ ਸੀ। ਪੁਰਾਤਨ ਓਲੰਪਿਕ ਖੇਡਾਂ ਵਿਚ ਨੇਜ਼ਾ ਸੁੱਟਣਾ ਅਥਲੈਟਿਕਸ ਦੇ ਇਕ ਈਵੈਂਟ ਵਜੋਂ ਸ਼ੁਰੂ ਹੋਇਆ ਜੋ ਮਾਡਰਨ ਓਲੰਪਿਕ ਖੇਡਾਂ `ਚ ਵੱਖ-ਵੱਖ ਰੂਪ ਵਟਾਉਂਦਾ ਰਿਹਾ। 2020 ਦੀਆਂ ਓਲੰਪਿਕ ਖੇਡਾਂ ਤਕ ਇਸ ਈਵੈਂਟ ਦੇ 69 ਓਲੰਪਿਕ ਮੈਡਲਾਂ ਵਿਚੋਂ ਨਾਰਵੇ, ਸਵੀਡਨ ਤੇ ਫਿਨਲੈਂਡ ਦੇ ਸੁਟਾਵਿਆਂ ਨੇ 32 ਮੈਡਲ ਜਿੱਤੇ ਹਨ ਜਦ ਕਿ ਬਾਕੀ ਸਾਰੀ ਦੁਨੀਆ ਦੇ ਹਿੱਸੇ 37 ਮੈਡਲ ਹੀ ਆਏ ਹਨ। ਪੁਰਾਤਨ ਤੋਂ ਨਵੀਨ ਓਲੰਪਿਕ ਖੇਡਾਂ ਤਕ ਪੁੱਜਦਿਆਂ ਜੈਵਲਿਨ ਯਾਨੀ ਨੇਜੇ ਦੀ ਬਣਤਰ ਤੇ ਸੁੱਟਣ ਦੇ ਸਟਾਈਲ ਨੇ ਵੀ ਕਈ ਰੂਪ ਵਟਾਏ ਹਨ।
ਪਹਿਲਾਂ ਬਾਂਸ ਦਾ ਜੈਵਲਿਨ ਹੀ ਸੁੱਟਿਆ ਜਾਂਦਾ ਸੀ ਹੁਣ ਮੈਟਲ ਦਾ ਸੁੱਟਿਆ ਜਾ ਰਿਹੈ। 21 ਜੁਲਾਈ 1984 ਨੂੰ ਉਵੇ ਹੌਨ੍ਹ ਨੇ ਬਰਲਿਨ ਵਿਖੇ ਪੁਰਾਣੀ ਟਾਈਪ ਦਾ ਜੈਵਲਿਨ 104.80 ਮੀਟਰ ਯਾਨੀ 343 ਫੁੱਟ 8 ਇੰਚ ਦੂਰ ਸੁੱਟ ਕੇ ਦਰਸ਼ਕ ਦੰਗ ਕਰ ਦਿੱਤੇ ਤੇ ਖੇਡ ਅੰਪਾਇਰ ਪਰੇਸ਼ਾਨ! 400 ਮੀਟਰ ਦੇ ਸਟੇਡੀਅਮ ਵਿਚ ਇਹ ਈਵੈਂਟ ਕਰਾਉਣਾ ਇਕ ਤਰ੍ਹਾਂ ਖ਼ਤਰਨਾਕ ਬਣ ਗਿਆ ਸੀ। ਮਾਹਿਰਾਂ ਨੇ ਸੋਚ ਵਿਚਾਰ ਕੇ ਜੈਵਲਿਨ ਦਾ ਅਗਲਾ ਭਾਗ ਰਤਾ ਭਾਰਾ ਕਰ ਦਿੱਤਾ। ਵਜ਼ਨ ਤਾਂ ਪਹਿਲਾਂ ਜਿੰਨਾ 800 ਗਰਾਮ ਹੀ ਰੱਖਿਆ ਤੇ ਲੰਬਾਈ ਵੀ ਓਨੀ ਹੀ 2.6 ਮੀਟਰ ਰੱਖੀ ਪਰ ਉਹਦੀ ਸੈਂਟਰ ਆਫ਼ ਗਰੈਵਟੀ 4 ਸੈਂਟੀਮੀਟਰ ਅੱਗੇ ਖਿਸਕਾ ਦਿੱਤੀ। ਨਤੀਜਾ ਇਹ ਨਿਕਲਿਆ ਕਿ ਨੇਜ਼ਾ ਪਹਿਲਾਂ ਨਾਲੋਂ ਦਸਵਾਂ ਹਿੱਸਾ ਨੇੜੇ ਡਿੱਗਣ ਲੱਗ ਪਿਆ। ਧਾਤ ਦੇ ਨਵੇਂ ਜੈਵਲਿਨ ਦਾ ਵਿਸ਼ਵ ਰਿਕਾਰਡ ਹੁਣ ਜੇਨ ਜੇਲੇਜ਼ਨੀ ਦੇ ਨਾਂ ਹੈ: 98.48 ਮੀਟਰ। ਜਦੋਂ100 ਮੀਟਰ ਹੱਦ ਫਿਰ ਟੱਪ ਗਈ ਤਾਂ ਸੰਭਵ ਹੈ ਜੈਵਲਿਨ ਦੀ ਸੈਂਟਰ ਆਫ਼ ਗਰੈਵਟੀ ਹੋਰ ਅੱਗੇ ਨੂੰ ਖਿਸਕਾਉਣੀ ਪਵੇ। ਬਾਂਸ ਦੇ ਪੁਰਾਣੇ ਜੈਵਲਿਨ ਤਾਂ ਸਸਤੇ ਮਿਲ ਜਾਂਦੇ ਸਨ ਪਰ ਮੈਟਲ ਦੇ ਜੈਵਲਿਨਾਂ ਦੀ ਕੀਮਤ ਹੁਣ ਡੇਢ ਦੋ ਲੱਖ ਰੁਪਏ ਤੱਕ ਜਾ ਪੁੱਜੀ ਹੈ। ਨੀਰਜ ਚੋਪੜਾ ਨੇ ਪਹਿਲਾ ਜੈਵਲਿਨ 200 ਰੁਪਏ ਦਾ ਖਰੀਦਿਆ ਸੀ, ਫਿਰ ਸੱਤ ਹਜ਼ਾਰ ਦਾ ਖਰੀਦਿਆ ਤੇ ਹੁਣ ਲੱਖ ਰੁਪਏ ਤੋਂ ਵੱਧ ਦਾ ਸੁੱਟ ਰਿਹੈ!
ਨੀਰਜ ਕੋਲੋਂ ਪ੍ਰੈਕਟਿਸ ਕਰਦਿਆਂ ਇਕ ਵਾਰ ਜੈਵਲਿਨ ਟੁੱਟ ਵੀ ਗਿਆ ਸੀ ਜਿਸ ਕਰਕੇ ਜੈਵਲਿਨ ਸੁੱਟਣ ਵਾਲੇ ਸੀਨੀਅਰ ਸਾਥੀ ਨਾਰਾਜ਼ ਹੋਏ ਸਨ ਤੇ ਉਸ ਨੂੰ ਜੈਵਲਿਨ ਸੁੱਟਣੋਂ ਮਨ੍ਹਾਂ ਕਰ ਦਿੱਤਾ ਸੀ। ਹਾਲਾਂਕਿ ਉਦੋਂ ਬਾਂਸ ਦੇ ਉਸ ਜੈਵਲਿਨ ਦੀ ਕੀਮਤ ਸਿਰਫ਼ 200 ਰੁਪਏ ਸੀ। ਪਰ ਨੀਰਜ ਜੈਵਲਿਨ ਸੁੱਟਣੋਂ ਨਾ ਹਟਿਆ ਸਗੋਂ ਘਰਦਿਆਂ ਕੋਲੋਂ ਪੈਸੇ ਲੈ ਕੇ 7000 ਹਜ਼ਾਰ ਦਾ ਵਧੀਆ ਜੈਵਲਿਨ ਖਰੀਦ ਲਿਆਇਆ। ਵੈਸੇ ਘਰਦਿਆਂ ਨੂੰ ਉਦੋਂ ਇਲਮ ਨਹੀਂ ਸੀ ਕਿ ਉਨ੍ਹਾਂ ਦਾ ਇਹ ਗੋਲ ਮਟੋਲ ਮੁੰਡਾ ਓਲੰਪਿਕ ਚੈਂਪੀਅਨ ਬਣਨ ਦਾ ਸੁਪਨਾ ਪਾਲ ਰਿਹੈ। ਨੀਰਜ ਦੇ ਵਡੇਰਿਆਂ ਵਿਚ ਕਿਸੇ ਨੂੰ ਵੀ ਖੇਡਾਂ ਦਾ ਕੋਈ ਖ਼ਾਸ ਸ਼ੌਕ ਨਹੀਂ ਸੀ। ਇਹ ਤੱਥ ਸਾਬਤ ਕਰਦਾ ਹੈ ਕਿ ਬਿਨਾਂ ਕਿਸੇ ਖੇਡ ਪਿਛੋਕੜ ਦੇ ਵੀ ਕੋਈ ਬੱਚਾ ਓਲੰਪਿਕ ਚੈਂਪੀਅਨ ਬਣ ਸਕਦਾ ਹੈ।
ਨੀਰਜ ਦੀ ਰੀਝ ਨੂੰ ਉਸ ਵੇਲੇ ਬੂਰ ਪਿਆ ਜਦੋਂ ਉਹ 15ਵੇਂ ਸਾਲ ਦੀ ਉਮਰ ਵਿਚ ਹੀ 27 ਅਕਤੂਬਰ 2012 ਨੂੰ ਲਖਨਊ ਵਿਖੇ ਜੈਵਲਿਨ ਥਰੋਅ ਦਾ ਜੂਨੀਅਰ ਨੈਸ਼ਨਲ ਚੈਂਪੀਅਨ ਬਣ ਗਿਆ। ਫਿਰ ਹਰਿਦੁਆਰ ਦੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ 68.46 ਮੀਟਰ ਦੂਰ ਨੇਜ਼ਾ ਸੁੱਟ ਕੇ ਨਵਾਂ ਨੈਸ਼ਨਲ ਰਿਕਾਰਡ ਰੱਖ ਦਿੱਤਾ। 2013 ਵਿਚ ਉਸ ਨੇ ਯੂਕਰੇਨ ਵਿਖੇ ਹੋਈ ਵਿਸ਼ਵ ਯੂਥ ਚੈਂਪੀਅਨਸ਼ਿਪ ਜਿੱਤੀ ਤੇ ਕੇਰਲਾ ਦੀ ਨੈਸ਼ਨਲ ਚੈਂਪੀਅਨਸ਼ਿਪ ਵਿਚ 69.66 ਮੀਟਰ ਦੂਰ ਜੈਵਲਿਨ ਸੁੱਟੀ। 2014 ਵਿਚ 17 ਸਾਲ ਦੀ ਉਮਰੇ ਉਸ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ `ਚ 70 ਮੀਟਰ ਦਾ ਬੈਰੀਅਰ ਤੋੜਿਆ। 2015 `ਚ ਉਸ ਨੇ ਆਲ ਇੰਡੀਆ ਇੰਟਰਵਰਸਿਟੀ ਮੀਟ `ਚ 81.04 ਮੀਟਰ ਦੂਰ ਜੈਵਲਿਨ ਸੁੱਟ ਕੇ ਦਰਸ਼ਕਾਂ ਨੂੰ ਦੰਗ ਕਰ ਦਿੱਤਾ। ਉਸ ਦੀ ਇਸ ਸੁੱਟ ਨਾਲ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਰੱਖਿਆ ਗਿਆ। ਇਹ ਪਹਿਲ਼ੀ ਵਾਰ ਸੀ ਕਿ ਉਹ 80 ਮੀਟਰ ਦੀ ਹੱਦ ਟੱਪਿਆ। ਉਸ ਪਿੱਛੋਂ ਤਾਂ ਉਸ ਦੀ ਦੇਸ਼ ਵਿਦੇਸ਼ ਦੀਆਂ ਅਥਲੈਟਿਕਸ ਮੀਟਾਂ ਵਿਚ ਲਗਾਤਾਰ ਮੰਗ ਵਧਣ ਲੱਗੀ ਹਾਲਾਂਕਿ ਵਿਚੋਂ ਕੁਝ ਸਮੇਂ ਲਈ ਉਹ ਅੰਗੂਠੇ ਦੀ ਚੋਟ ਕਾਰਨ ਤੇ ਫਿਰ ਕੂਹਣੀ ਦੇ ਅਪ੍ਰੇਸ਼ਨ ਕਾਰਨ ਪ੍ਰੈਕਟਿਸ ਤੇ ਮੁਕਾਬਲਿਆਂ ਤੋਂ ਪਾਸੇ ਵੀ ਰਿਹਾ।
ਉਸ ਦੀ ਟ੍ਰੇਨਿੰਗ ਦਾ ਮੁੱਖ ਸੈਂਟਰ ਐੱਨ ਆਈ ਐੱਸ ਪਟਿਆਲਾ ਹੁੰਦਾ ਜਿਥੇ ਉਸ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ। ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਵੀ ਕੋਈ ਘਾਟ ਨਹੀਂ ਸੀ। ਭਾਰਤ ਦੇ ਖਿਡਾਰੀਆਂ ਨੂੰ ਮੁੱਢ ਤੋਂ ਹੀ ਖੇਡ ਸਹੂਲਤਾਂ ਦੀ ਘਾਟ ਰੜਕਦੀ ਰਹੀ ਹੈ ਪਰ ਨੀਰਜ ਚੋਪੜਾ ਨੂੰ ਅਜਿਹੀ ਕੋਈ ਘਾਟ ਨਹੀਂ ਰਹੀ। ਜੇਕਰ ਨੀਰਜ ਵਾਂਗ ਹੋਰਨਾਂ ਖਿਡਾਰੀਆਂ ਨੂੰ ਵੀ ਖੇਡ ਸਹੂਲਤਾਂ ਮਿਲਣ ਲੱਗ ਪੈਣ ਤਾਂ ਭਾਰਤ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਵਧੇਰੇ ਮੈਡਲ ਜਿੱਤ ਸਕਦਾ ਹੈ। ਨੀਰਜ ਕੁਮਾਰ ਨੂੰ ਭਾਰਤੀ ਕੋਚਾਂ ਦੇ ਨਾਲ ਵਿਦੇਸ਼ੀ ਕੋਚਾਂ ਨੇ ਵੀ ਵਧੀਆ ਕੋਚਿੰਗ ਦਿੱਤੀ ਤੇ ਉਸ ਨੂੰ ਅੰਤਰਾਰਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ `ਚ ਭਾਗ ਲੈਣ ਦੀ ਕਦੇ ਤੋਟ ਨਹੀਂ ਆਈ। ਉਸ ਨੇ ਰੀਓ ਦੀਆਂ ਓਲੰਪਿਕ ਖੇਡਾਂ-2016 ਵਿਚ 19 ਸਾਲ ਦੀ ਉਮਰੇ ਹੀ ਭਾਗ ਲੈ ਲੈਣਾ ਸੀ ਜੇਕਰ ਕੁਆਲੀਫਾਈ ਟਰਾਇਲਾਂ ਵਿਚ ਉਹਦੀ 82.23 ਮੀਟਰ ਥਰੋਅ 83 ਮੀਟਰ ਤੱਕ ਚਲੀ ਜਾਂਦੀ। ਇਕ ਮਹੀਨੇ ਬਾਅਦ ਉਹ 2016 ਦੀ ਅੰਡਰ 20 ਵਿਸ਼ਵ ਚੈਂਪੀਅਨਸ਼ਿਪਸ `ਚ 86.48 ਮੀਟਰ ਦੂਰ ਜੈਵਲਿਨ ਸੁੱਟ ਕੇ ਨਵਾਂ ਵਿਸ਼ਵ ਰਿਕਾਰਡ ਕਰ ਗਿਆ ਸੀ ਪਰ ਤਦ ਤਕ 11 ਜੁਲਾਈ 2016 ਦੀ ਓਲੰਪਿਕ ਕੱਟ ਅੱਪ ਤਾਰੀਖ ਲੰਘ ਚੁੱਕੀ ਸੀ।
ਨੀਰਜ ਚੋਪੜਾ ਦੀਆਂ ਵੱਡੀਆਂ ਖੇਡ ਪ੍ਰਾਪਤੀਆਂ ਸਦਕਾ 2018 ਵਿਚ ਉਸ ਨੂੰ ਅਰਜਨਾ ਅਵਾਰਡ ਦਿੱਤਾ ਗਿਆ, 2020 ਵਿਚ ਵਸ਼ਿਸ਼ਟ ਸੇਵਾ ਮੈਡਲ, 2021 ਵਿਚ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ, 2022 ਵਿਚ ਪਰਮ ਵਸ਼ਿਸ਼ਟ ਸੇਵਾ ਮੈਡਲ ਤੇ 2022 ਵਿਚ ਪਦਮਸ਼੍ਰੀ ਪੁਰਸਕਾਰ। ਉਸ ਨੂੰ ਮਿਲੇ ਕੈਸ਼ ਅਵਾਰਡਾਂ ਦਾ ਤਾਂ ਕੋਈ ਲੇਖਾ ਹੀ ਨਹੀਂ ਜੋ ਕਰੋੜਾਂ ਵਿਚ ਹਨ। ਸੰਭਵ ਹੈ ਕਦੇ ਅਰਬ ਤੋਂ ਵੀ ਟੱਪ ਜਾਣ। 2013 ਵਿਚ ਉਸ ਨੇ 66.75 ਮੀਟਰ ਦੂਰ ਜੈਵਲਿਨ ਸੁੱਟਿਆ ਸੀ। 2015 ਵਿਚ 70.50 ਮੀਟਰ ਦੂਰ ਸੁੱਟਿਆ। 2016 ਵਿਚ 82.23 ਮੀਟਰ, 2017 ਵਿਚ 86.48 ਮੀਟਰ, 2018 ਵਿਚ 86.47 ਮੀਟਰ, 2018 ਵਿਚ 88.06 ਮੀਟਰ, 2021 ਵਿਚ 87.58 ਮੀਟਰ, 2022 ਵਿਚ 88.13 ਮੀਟਰ ਤੇ 2023 ਵਿਚ 88.17 ਮੀਟਰ ਦੂਰ ਸੁੱਟਿਆ। 4 ਅਕਤੂਬਰ 2023 ਨੂੰ ਸਟਾਕਹੋਮ ਦੀ ਡਾਇਮੰਡ ਲੀਗ ਵਿਚ ਉਹ 89.94 ਮੀਟਰ ਦੂਰ ਜੈਵਲਿਨ ਸੁੱਟ ਕੇ 90 ਮੀਟਰ ਦੇ ਨੇੜੇ ਜਾ ਢੁੱਕਾ ਹੈ। ਹੁਣ ਨੀਰਜ ਦਾ ਨਿਸ਼ਾਨਾ 90 ਮੀਟਰ ਦੀ ਹੱਦ ਪਾਰ ਕਰਨਾ ਤੇ 2024 ਵਿਚ ਪੈਰਿਸ ਵਿਖੇ ਹੋ ਰਹੀਆਂ ਓਲੰਪਿਕ ਖੇਡਾਂ `ਚੋਂ ਦੂਜਾ ਗੋਲਡ ਮੈਡਲ ਜਿੱਤਣਾ ਹੈ। ਉਹਦੇ ਲਈ ਉਹ ਲਗਾਤਾਰ ਜੂਝ ਰਿਹੈ।