ਜੀਵਨੀ ਰਾਹਾਂ ਦੀ ਨਿਸ਼ਾਨਦੇਹੀ –‘ਕੱਚੇ-ਪੱਕੇ ਰਾਹ’

ਡਾ. ਕੁਲਵਿੰਦਰ ਸਿੰਘ ਬਾਠ
209 600 2897
209 371 7234
ਦੋ ਦਰਜਨ ਦੇ ਕਰੀਬ ਕਿਤਾਬਾਂ ਅਤੇ ਸੈਂਕੜੇ ਹੀ ਸਾਹਿਤਕ ਆਰਟੀਕਲਾਂ ਦੇ ਰਚੇਤਾ, ਸ਼੍ਰੋਮਣੀ ਪੰਜਾਬੀ ਪਰਵਾਸੀ ਸਾਹਿਤਕਾਰ, ਪੰਜਾਬੀ ਸਾਹਿਤ ਨੂੰ ਸਮਰਪਿਤ, ਅਧਿਆਪਕ, ਵਿਗਿਆਨੀ, ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ, ਡਾ. ਗੁਰਬਖ਼ਸ਼ ਸਿੰਘ ਭੰਡਾਲ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹਨ।

ਇਨ੍ਹਾਂ ਕੋਲ ਸ਼ਬਦਾਂ ਦਾ ਭੰਡਾਰ ਤਾਂ ਹੈ ਹੀ, ਪਰ ਨਾਲ਼ ਹੀ ਸ਼ਬਦਾਂ ਨਾਲ਼ ਖੇਡਣ ਤੇ ਸ਼ਬਦਾਂ ਨੂੰ ਜ਼ੁਬਾਨ ਤੇ ਅਹਿਸਾਸ ਦੇ ਕਾਬਲ ਬਣਾਉਣ ਦੀ ‘ਜਾਦੂਗਰੀ ਬਖ਼ਸ਼ਿਸ਼’ ਵੀ ਹੈ। ਅਨੁਸ਼ਾਸਨਕ ਲਗਾਤਾਰਤਾ ਨਾਲ਼ ਦਹਾਕਿਆਂ ਤੋਂ ਲਿਖਦੇ ਆ ਰਹੇ ਹਨ। ਵਾਰਤਕ ਦੇ ਨਾਲ਼ ਹੀ ਕਵਿਤਾ ਵੀ ਬੜੀ ਸੋਹਣੀ ਲਿਖਦੇ ਹਨ। ਇਨ੍ਹਾਂ ਨੂੰ ਜਾਨਣ ਵਾਲੇ ਜਾਣਦੇ ਹਨ ਕਿ ਸਭ ਬੁਲੰਦੀਆਂ ਦੇ ਬਾਵਜੂਦ ਵੀ ਕੋਈ ’ਉੱਘਾ, ਪ੍ਰਸਿੱਧ, ਜਾਂ ਵਿਦਵਾਨ’ ਬਣਨ ਦੀ ਚਾਹਤ ਲਈ ਦੌੜਨਾ, ਲੜਨਾ, ਤੜਫਣਾ, ਕਲ਼ਪਣਾ, ਜਾਂ ਉਲਝਣਾ ਡਾ. ਭੰਡਾਲ ਦੀ ਜ਼ਿੰਦਗੀ ਦੀ ਕਿਤਾਬ `ਚ ਦਰਜ ਹੀ ਨਹੀਂ ਹੈ। ਅਕਸਰ ਕਹਿ ਦਿੰਦੇ ਹਨ, … “ਮੈਂ ਕੋਈ ਲੇਖਕ ਨਹੀਂ। ਸਿਰਫ ਸ਼ਬਦਾਂ ਦੀ ਸੰਗਤ ਵਿਚੋਂ ਵਰਕਿਆਂ `ਤੇ ਕੁਝ ਉਕਰਨ ਦੀ ਕੋਸ਼ਿਸ਼ ਵਿਚ ਲਿਖਣਾ ਹੀ ਸਿੱਖ ਰਿਹਾ ਹਾਂ।” ਇੱਕ ਮਿੱਤਰ ਅਤੇ ਨਿਮਰ ਇਨਸਾਨ ਦੀ ਤਰ੍ਹਾਂ ਵਿਚਰਨਾ ਇਨ੍ਹਾਂ ਦੀ ਅੰਦਰੂਨੀ ਤੇ ਮਾਨਸਿਕ ਸੁੰਦਰਤਾ, ਸਬਰ-ਸੰਤੋਖ, ਅਤੇ ਖ਼ਾਸੀਅਤ ਦਾ ਪ੍ਰਤੀਕ ਹੈ।
ਕੱਚੇ-ਪੱਕੇ ਰਾਹ…
ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਰੂਹ ਨਾਲ ਲਿਖੀ ਹੋਈ ਨਵੀਂ ਕਿਤਾਬ, ‘ਕੱਚੇ-ਪੱਕੇ ਰਾਹ’ ਪੰਜ-ਆਬ ਪ੍ਰਕਾਸ਼ਨ, ਜਲੰਧਰ ਦੁਆਰਾ ਮਹੀਨਾ ਕੁ ਪਹਿਲਾਂ ਛਪ ਕੇ ਪਾਠਕਾਂ ਤੱਕ ਪਹੁੰਚ ਗਈ ਹੈ। ਅਤੀਤ, ਅੱਜ, ਅਤੇ ਭਵਿੱਖ ਦੀਆਂ ਗੱਲਾਂ-ਬਾਤਾਂ ਨਾਲ ਭਰਪੂਰ ਇਕ ਵਿਲੱਖਣ ਵਾਰਤਕ ਅਤੇ ਕਵਿਤਾ ਦੇ ਸੁਮੇਲ ਨਾਲ ਸ਼ਿੰਗਾਰੀ ਖ਼ੂਬਸੂਰਤ ਤੇ ਦਿਲਚਸਪ ਸਵੈ-ਜੀਵਨੀ ਹੈ। ਇਸ ਕਿਤਾਬ ਬਾਰੇ, ਕਿਤਾਬ ਅੰਦਰ ਹੀ, ਨਾਮੀ ਸਾਹਿਤਕਾਰਾਂ, ਪ੍ਰੋ. ਦਰਸ਼ਨ ਸਿੰਘ ਬੁੱਟਰ, ਰਵਿੰਦਰ ਸਿੰਘ ਸਹਿਰਾਅ, ਅਤੇ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਬਹੁਤ ਸੁੰਦਰ ਸ਼ਬਦਾਂ ਦੁਆਰਾ ਆਪਣੀ ਰਾਏ ਦਰਜ ਕੀਤੀ ਹੈ। ਕਿਤਾਬ ਵਿਚਲੀ ਵਾਰਤਾਲਾਪ `ਚ ਭੰਡਾਲ ਜੀ ਨੇ ਆਪਣਾ-ਆਪ, ਆਪਣਾ ਅੰਦਰ-ਬਾਹਰ, ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਦਾ ਅਹਿਸਾਸ, ਜ਼ਿੰਦਗੀ ਦੇ ਸੰਘਰਸ਼ ਭਰੇ ਦਿਨ, ਸੁਪਨਿਆਂ ਮਗਰਲੀ ਦੌੜ, ਫੇਲ੍ਹ ਹੋਣ ਦੀ ਠੋਕਰ, ਪੜ੍ਹਾਈ ਦਾ ਸਿਖਰ, ਮਿਹਨਤ ਤੇ ਲਗਨ, ਅਤੇ ਦੇਸੀ-ਪਰਦੇਸੀ ਜੀਵਨ ਦੀਆਂ ਯਾਦਾਂ ਦੀ ਪਟਾਰੀ ਨੂੰ ਖੋਲਿ੍ਹਆ ਹੈ। 168 ਸਫ਼ੇ ਅਤੇ ਵੀਹ ਕੁ ਕੱਚੇ ਅਤੇ ਪੱਕੇ ਰਾਹਾਂ ਦੇ ਇਸ ਤਾਣੇ-ਬਾਣੇ ਦੇ ‘ਐਨ-ਵਿਚਕਾਰ’ ਮੈਨੂੰ ਭੰਡਾਲ ਸਾਹਿਬ ਆਪ ਖੜ੍ਹੇ ਮਹਿਸੂਸ ਹੁੰਦੇ ਹਨ,… ਉਹ ਵੀ ਕਿਸੇ ਅਗਲੇ ਤੇ ਅਗਲੇਰੇ ਕੱਚੇ-ਪੱਕੇ ਰਾਹ ਦੇ ਸਫ਼ਰ ਵੱਲ ਤੱਕਦੇ, ਤੇ ਇਹ ਕਹਿੰਦੇ ਹੋਏ ਕਿ…ਹਾਲੇ ਤਾਂ…
ਹਾਲੇ ਤਾਂ ਮੈਂ ਸਫ਼ਰ ‘ਤੇ ਤੁਰਨਾ ਹੈ।
ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।
ਹਾਲੇ ਤਾਂ ਮੈਂ ਖੁਦ ਨੂੰ ਮਿਲਣਾ ਹੈ।
ਹਾਲੇ ਤਾਂ… ਕੱਚੇ ਪੱਕੇ ਰਾਹਾਂ ਦਾ ਸਫ਼ਰ ਅਧੂਰਾ ਏ।
ਹਾਲੇ ਤਾਂ… ਕੱਚੇ ਪੱਕੇ ਰਾਹਾਂ ਦਾ ਸਫ਼ਰ ਜਾਰੀ ਏ।
ਜ਼ਿੰਦਗੀ ਦੀ ਬਾਜ਼ੀ ਵੀ ਤਾਸ਼ ਦੀ ਬਾਜ਼ੀ ਵਾਂਗ ਬਾਦਸ਼ਾਹ-ਬੇਗ਼ਮਾਂ ਦੇ ਨਾ ਹੁੰਦਿਆਂ ਵੀ ਨਹਿਲੇ `ਤੇ ਦਹਿਲੇ ਮਾਰ ਕੇ ਜਿੱਤ ਰਹੇ ਹਨ। ਵਿਰਾਸਤੀ ਚਾਂਦੀ ਦੇ ‘ਚਮਚੇ-ਚੁਮਚੇ’ ਦੀ ਤਾਂ ਗੱਲ ਹੀ ਛੱਡੋ, ਬਚਪਨ ‘ਚ ਮੱਝਾਂ-ਡੰਗਰ ਚਾਰਨ ਵਾਲਾ… ਮੰਡ ਦੇ ਇਲਾਕੇ ਦਾ ਇਹ ਸ਼ਖ਼ਸ ਅੱਜ ਅਮਰੀਕਾ ਦੀ ਨਾਮਵਰ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੂੰ ‘ਨਿਊਕਲੀਅਰ ਫਿਜ਼ਿਕਸ’ ਦੇ ਗੁਰ ਸਿਖਾ ਰਿਹਾ ਹੈ। ਇਹ ਕੋਈ ਛੋਟੀ ਉਪਲੱਬਧੀ ਨਹੀਂ ਹੈ। ਅਸਫ਼ਲਤਾਵਾਂ ਜਾਂ ਫੇਲ੍ਹ-ਪਾਸ ਤਾਂ ਹਰੇਕ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੀ ਹੁੰਦੀਆਂ ਹਨ, ਪਰ ਫੇਲ੍ਹ ‘ਚੋਂ ਪਾਸ ਹੋਣ ਅਤੇ ਫਿਰ ਕਦੇ ਨਾ ਫੇਲ੍ਹ ਹੋਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਦ੍ਰਿੜ ਇਰਾਦਾ ਅਸੰਭਵ ਨੂੰ ਸੰਭਵ ਅਤੇ ਜੀਵਨ ਬਦਲ ਦਿੰਦਾ ਹੈ!! ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਅਰਾਮ ਨਹੀਂ ਬਹਿੰਦੇ…। ਡਾ. ਭੰਡਾਲ ਦੀ ਸਵੈ-ਜੀਵਨੀ ਇਸ ਦੀ ਤਸਦੀਕ ਕਰਦੀ ਹੈ। ਸੁਪਨਿਆਂ ਅਤੇ ਸੰਭਾਵਨਾਵਾਂ ਦੇ ਕੱਚੇ-ਪੱਕੇ ਰਾਹਾਂ ਦੇ ਸਫ਼ਰ ਦੀ ਸ਼ੁਰੂਆਤ ਡਾ. ਭੰਡਾਲ ਆਪਣੇ ਚੇਤਿਆਂ `ਚ ਵਸਦੇ ਮਾਂ-ਬਾਪ ਨੂੰ ਕੁਝ ਦੱਸਣ ਅਤੇ ਫਿਰ ‘ਬਹੁਤ-ਕੁਝ ਦੱਸਣ ਦੀ ਕੋਸ਼ਿਸ਼ ਤੇ ਨਾਲ਼ ਕਰਦੇ ਹਨ… ਆਪਣੇ ਮਾਂ ਬਾਪ ਦੇ ਲਾਡ-ਪਿਆਰ, ਦੁੱਖ-ਸੁੱਖ, ਤੰਗੀਆਂ-ਤੁਰਸ਼ੀਆਂ, ਮੇਲ-ਵਿਛੋੜੇ ਦਾ ਭੰਡਾਲ ਜੀ ਦੇ ਜੀਵਨ `ਤੇ ਗਹਿਰਾ ਅਸਰ ਹੈ।
ਮਾਂ! ਤੈਨੂੰ ਦੱਸਣਾ ਸੀ…
ਛੇ ਕੁ ਸਾਲ ਪਹਿਲਾਂ ਤੁਰ ਗਈ ਮਾਂ ਨਾਲ਼… ਭੰਡਾਲ ਸਾਹਿਬ ਇੰਜ ‘ਗੱਲ ਕਰ ਰਹੇ ਹਨ, …
“ਅੱਜ ਮੈਨੂੰ ਸ਼੍ਰੋਮਣੀ ਪੰਜਾਬੀ ਪਰਵਾਸੀ ਸਾਹਿਤਕਾਰ ਲਈ ਚੁਣਿਆ ਗਿਆ, … ਮਾਂ…! ਅੱਖਰਾਂ / ਲੇਖਣੀਆਂ ਦੀ ਸਮਝ ਨਾ ਹੀ ਸਹੀ ਪਰ… ਫਿਰ ਵੀ ਤੂੰ ਕਿੰਨਾ ਖੁਸ਼ ਹੋਣਾ ਸੀ,.. ਅੱਜ… ਮਾਂ!!”

ਫਿਰ ਚੇਤੇ ਆਇਆ, ਕਦੇ
ਫੋਨ ਮੰਜੇ ਨਾਲ ਮੰਜਾ ਹੋਈ ਮਾਂ ਕੋਲ ਹੁੰਦਾ
ਮਾਂ ਫ਼ੋਨ ਚੁੱਕਦੀ
ਤੇ ਅਵਾਜ਼ ਪਛਾਣ ਕੇ ਪੁੱਛਦੀ
ਵੇ ਪੁੱਤ ਕਦੋਂ ਆਵੇਂਗਾ? ………
ਤੇ ਮੇਰੇ ਹੱਥੋਂ ਫ਼ੋਨ ਡਿਗ ਪੈਂਦਾ ਹੈ।

ਮਾਂ
ਬੜੇ ਚਿਰ ਬਾਅਦ
ਮੈਂ ਘਰ ਪਰਤ ਰਿਹਾ ਹਾਂ
ਬੜਾ ਚਿਰ ਉਡੀਕਦਾ ਰਿਹਾ ਤੇਰੇ ਬੋਲਾਂ ਨੂੰ
ਕਿ ਤੂੰ ਕਹੇਂਗੀ, “….ਪੁੱਤ ਕਦੋਂ ਆਵੇਂਗਾ”

ਮਾਂ
ਮੈਂ ਕਿੰਨਾ ਨਾਦਾਨ ਸਾਂ?
ਸਦਾ ਲਈ ਤੁਰ ਗਈਆਂ ਮਾਂਵਾਂ ਵੀ
ਕਦੇ ਪੁੱਤਾਂ ਨੂੰ ਕਹਿੰਦੀਆਂ ਨੇ
ਕੇ ਵੇ ਪੁੱਤ ਕਦੋਂ ਆਵੇਂਗਾ?
ਕਿੱਧਰ ਖਿਸਕ ਗਿਆ ਮੇਰੀ ਉਂਗਲੀ ਨੂੰ ਪੋਲੇ ਜਿਹੇ ਛੱਡ ਕੇ ਉਹ ਫ਼ਕੀਰ…?
ਫ਼ਕੀਰ ਵਰਗੇ ਬਾਪ ਨੂੰ ‘ਦਵਾ ਤੇ ਦੁਆ’ ਦੀ ਹਰ ਕੋਸ਼ਿਸ਼ ਦੇ ਬਾਵਜੂਦ ਵੀ ਆਪਣੀਆਂ ਅੱਖਾਂ ਸਾਹਵੇਂ ਹੱਥੋਂ ਖਿਸਕਦਾ ਦੇਖ, ਉਦਾਸ ਤੇ ਬੇਵੱਸ ਹੋਏ ਡਾ. ਭੰਡਾਲ ਮਨ ਹੀ ਮਨ ਤੜਫਦੇ ਹਨ,…
‘ਬਾਪ ਕੋਲ ਬੈਠਾ ਹਰ ਦਮ ਬਾਪ ਵੰਨੀਂ ਦੇਖਦਾ ਰਹਿੰਦਾ ਹਾਂ। ਉਸਦੀ ਲਾਚਾਰਗੀ ਦੇਖ ਕੇ ਕਈ ਵਾਰ ਸੋਚਦਾ, ਪਤਾ ਨਹੀਂ ਬਾਪ ਕਿਹੜੀ ਸਮਾਧੀ ਵਿਚ ਹੈ?’ ਪਰ

ਮੈਂ ਬੇਵੱਸ
ਬੇਸੁੱਧ ਪਏ ਬਾਪ ਦੇ ਸਾਹਾਂ ਦੀ ਗਿਣਤੀ ਕਰਦਾ
ਆਪਣੇ ਸਾਹ ਵੀ ਭੁੱਲਣ ਲੱਗ ਪਿਆਂ ਹਾਂ।
ਸੱਚੀਂ!
ਕਿੰਨਾ ਨਿਕੰਮਾ ਤੇ ਅਰਥਹੀਣ ਹਾਂ
ਬਾਪ ਕੋਲ ਬੈਠਾ ਮੈਂ।

ਯਾਦ ਆਉਂਦਾ ਹੈ ਬਾਪ ਦਾ ਕਦੇ ਕਦਾਈਂ ਸ਼ਹਿਰ ਮਿਲਣ ਆਉਣਾ…
ਮੇਰਾ ਬਾਪ
ਬਹੁਤ ਘੱਟ
ਮੈਨੂ ਸ਼ਹਿਰ ਮਿਲਣ ਆਉਂਦਾ ਹੈ।
ਕਦੇ ਕਦੇ ਆਉਣ ਵਾਲਾ ਮੇਰਾ ਬਾਪ
ਬੂਹਾ ਖੋਲ੍ਹਣ ਤੋਂ ਡਰਦਾ
ਬੈਲ ਮਾਰ ਕੇ ਉਡੀਕ ਕਰਦਾ ਹੈ ਕਿ
ਹਾਊਸ ਨੰਬਰ ਬਣੇ ਘਰ ਦਾ ਗੇਟ ਕਦੋਂ ਖੁੱਲ੍ਹੇਗਾ।

ਪਿੰਡ ਤੋਂ ਸ਼ਹਿਰ-ਦੇਸ ਵਿਚ ਹੀ ਪਰਦੇਸ ਹੰਢਾਇਆ…
ਪੰਜਾਹ ਕੁ ਸਾਲ ਤੋਂ ਛੱਡਿਆ ਪਿੰਡ ਅੱਜ ਵੀ ਯਾਦਾਂ ‘ਚ ਪੂਰਾ ਕਾਇਮ ਹੈ, ਪਛਤਾਵਾ ਤੇ ਤਾਂਘ ਵੀ ਹੈ ਮਿਲਣ ਦੀ।
ਜੀਅ ਕਰਦੈ! ਸਭ ਛੱਡ ਛੁਡਾ ਕੇ
ਪਿੰਡ ਨੂੰ ਮੈਂ ਉੱਡ ਜਾਵਾਂ
ਬਹੁਤ ਮਨ ਕਰਦਾ ਨੰਗੇ ਪੈਰੀਂ
ਖੇਤੀਂ ਗੇੜਾ ਲਾਵਾਂ।

ਹੁਣ ਬਚਪਨ ਦੀ ਬੀਹੀ ਵਿਚ
ਜਦ ਵੀ ਲਾਵਾਂ ਗੇੜਾ
ਨਾ ਮਿਲਦੇ ਬਚਪਨ ਦੇ ਬੇਲੀ
ਨਾ ਉਹ ਘਰ ਤੇ ਵਿਹੜਾ।
ਪਰਦੇਸ `ਚ ਪਰਦੇਸ…. ਦੂਹਰੀ ਜ਼ਿੰਦਗੀ ਦਾ ਸਰਾਪ
ਵਿਦੇਸ਼ੀ ਧਰਤੀ `ਤੇ ਸਾਰੀਆਂ ਸੁੱਖ-ਸਹੂਲਤਾਂ ਮਾਣਦਿਆਂ ਵੀ ਲੇਖਕ ਨੂੰ ਬਚਪਨ ਦਾ ਬਿਨ ਪਲੱਸਤਰੋਂ, ਬਿਨ-ਬਨੇਰਿਓਂ, ਬਿਨ-ਪੌੜੀਓਂ, ਬਿਨ-ਦਰਵਾਜਿਓਂ, ਬਿਨ-ਬਾਰੀਓਂ, ਹਵਾਦਾਰ, ਬੋਰੀਆਂ ਦੇ ਪਰਦੇ ਟੰਗੀ ਚੁਬਾਰਾ ਟਿਕਣ ਹੀ ਨਹੀਂ ਦੇ ਰਿਹਾ। ਅਕਸਰ ਸੁਪਨਿਆਂ `ਚ ਆ ਬੇਤਾਬ ਕਰਦਾ ਹੈ, ਆਪ ਮੁਹਾਰੇ ਬੋਲ ਛੋਟੇ ਪੈਂਦੇ ਹਨ।
ਚੁਬਾਰੇ ਨੂੰ ਲੱਗਦਾ ਹੈ
ਕੰਧਾਂ ਤੇ ਮਾਰੀਆਂ ਲੀਕਾਂ ਦੀ ਖ਼ਾਮੋਸ਼ੀ ‘ਚੋਂ
ਬੀਤੇ ਦੇ ਨਕਸ਼ ਨਿਹਾਰਨ ਵਾਲੇ
ਬਹੁਤ ਦੂਰ ਤੁਰ ਗਏ ਨੇ।

ਘਰ ਤੋਂ ਨਿਕਲ, ਪਿੰਡ ਦੀਆਂ ਬੀਹੀਆਂ, ਸਕੂਲਾਂ, ਅਤੇ ਰਣਧੀਰ ਕਾਲਜ ਵਿਚ ਦੀ ਹੁੰਦਿਆਂ ਹੋਇਆਂ ਯੂਨੀਵਰਸਿਟੀ ਜਾ ਦਸਤਕ ਦਿੱਤੀ। ਇਸ ਸਮੇਂ ਦੌਰਾਨ ਅਨੇਕਾਂ ਯਾਰ ਦੋਸਤ ਬਣੇ ਤੇ ਬਦਲੇ ਵੀ, ਕਈ ਸੂਝਵਾਨ ਅਧਿਆਪਕ ਜੀਵਨ ਦੇ ਰਾਹ ਦਸੇਰੇ ਵੀ ਬਣ ਗਏ।

ਹੱਸਣ, ਖੇਡਣ ਤੇ ਮਿਲਣ ਦੀ ਰੁੱਤ
ਤੇ ਸੱਧਰਾਂ ਦਾ ਰਾਗ
ਮਸਤਕ ਵਿਚ ਲੱਗ ਜਾਂਦਾ ਹੈ
ਅੱਖਰ ਗਿਆਨ ਦਾ ਜਾਗ।

ਆੜੀਆਂ ਦੇ ਸੰਗ ਰੁੱਸਣਾ ਮੰਨਣਾ
ਨਿੱਤ ਦਾ ਸੀ ਅਭਿਆਸ
ਸਾਰਾ ਦਿਨ ਹੀ ਖੇਡਦੇ ਰਹਿਣਾ
ਯਾਦ ਨਾ ਭੁੱਖ ਪਿਆਸ।

ਫੇਲ੍ਹ ਦੇ ਨਾਲ ਪਾਸ ਵੀ… ਗ਼ਮੀ ਦੇ ਨਾਲ ਖੁਸ਼ੀ ਵੀ…
ਅਸੀਂ ਨਿੱਤ ਦੀ ਜ਼ਿੰਦਗੀ `ਚ ਅਸਫਲ-ਸਫ਼ਲ ਤੇ ਫੇਲ੍ਹ-ਪਾਸ ਤਾਂ ਹੁੰਦੇ ਰਹਿੰਦੇ ਹਾਂ। ਫਿਰ ਵੀ ਬਹੁਤੇ ਇਨਸਾਨ ‘ਫੇਲ੍ਹ ਹੋਣ ਨੂੰ ਮਾੜਾ ਜਾਂ ਨਾ-ਕਾਬਲੀਅਤ ਦੀ ਨਿਸ਼ਾਨੀ, ਜਾਂ ਫਿਰ ਸ਼ਰਮ ਮਹਿਸੂਸ ਕਰ ਸਾਰੀ ਉਮਰ ਇਸ ਨੂੰ ਛੁਪਾਉਣ ਦਾ ਭਾਰ ਚੁੱਕੀ ਫਿਰਦੇ ਰਹਿੰਦੇ ਹਨ। ਇਸ ਦੇ ਉਲਟ, ਦੂਰ ਦ੍ਰਿਸ਼ਟੀ ਦੀ ਸੋਚ ਵਾਲੇ, ਫੇਲ੍ਹ ਨੂੰ ਪਾਸ ਵਿਚ ਬਦਲਣ ਵਿਚ ਜੁਟ ਕੇ ਟੀਸੀਆਂ ਸਰ ਕਰ ਜਾਂਦੇ ਹਨ!! ਫੇਲ੍ਹ ਨੂੰ ਇੱਕ ਵਰਦਾਨ ਸਮਝਦੇ ਹਨ… ਬਿਲਕੁਲ ਡਾ. ਭੰਡਾਲ ਦੇ ਗਿਆਰਵੀਂ ‘ਚੋਂ ਫੇਲ੍ਹ ਹੋ ਕੇ ਪੜ੍ਹਨ ਦੇ ਜਨੂੰਨ ‘ਚ ਫਿਜ਼ਿਕਸ ਦੀ ਪੀ ਐਚ ਡੀ ਕਰਨ ਵਾਂਗ।
ਪਾਠਕਾਂ ਨੂੰ ਇਹ ਕਿਤਾਬ ਪੜ੍ਹਦਿਆਂ ਕੁਝ ਅਚੰਭਾ ਤਾਂ ਹੋਵੇਗਾ ਹੀ ਜਦ ਡਾ. ਭੰਡਾਲ ਆਪਣੇ ਪ੍ਰੈਪ ਵਿਚੋਂ ਫੇਲ੍ਹ ਹੋਣ ਨੂੰ ‘ਵਰਦਾਨ, ਅਤੇ ਕਾਲਜ ਦੀ ਨੌਕਰੀ ਦੀ ਟਰਮੀਨੇਸ਼ਨ ਨੂੰ ‘ਸ਼ਗਨ ਦੀ ਅਸੀਸ ਕਹਿੰਦੇ ਹਨ…। ਇੱਕ ਜਵਾਨ ਜੋੜੇ ਦੇ ਤਾਜ਼ੇ ਵਿਆਹ ਦੀਆਂ ਖੁਸ਼ੀਆਂ ਤੋਂ ਤੁਰੰਤ ਬਾਅਦ ਹੀ ਨੌਕਰੀ ਤੋਂ ‘ਬੇਰੁਜ਼ਗਾਰੀ ਦੇ ਸ਼ਗਨ’ ਦੇ ਝਟਕੇ ਨਾਲ਼ ਧੜੰਮ ਕਰ ਕੇ ਡਿੱਗੇ ਗੁਰਬਖ਼ਸ਼ ਭੰਡਾਲ ਫਿਰ ਉੱਠ ਕੇ ਖੜ੍ਹੇ ਹੋ ਗਏ… ਆਪਣੇ ਅਗਲੇ ਤੇ ਅਗਲੇਰੇ ਕੱਚੇ-ਪੱਕੇ ਰਾਹਾਂ ਦੇ ਸਫ਼ਰ ਵੱਲ! ਇਸ ਸਫ਼ਰ ਵਿਚ ਸਰਕਾਰੀ ਕਾਲਜ ਦੀ ਨੌਕਰੀ ਤੇ ਐਮ. ਐਸ. ਸੀ. ਤੋਂ ਕੋਈ ਡੇਢ ਦਹਾਕੇ ਬਾਅਦ ਜਨੂੰਨ, ਜਜ਼ਬੇ, ਤੇ ਜਜ਼ਬਾਤ ਵਿਚੋਂ ਉੱਗੀ ਪੀ ਐਚ ਡੀ ਵੀ ਸ਼ਾਮਲ ਸੀ।
ਸੁਪਨੇ ਮਰਨੇ ਨਹੀਂ ਚਾਹੀਦੇ…ਘਰ ਘਰ ਤੇ ਫਿਰ ਘਰ
ਡਾ. ਭੰਡਾਲ ਨੇ ਜੀਵਨ ਵਿਚ ਲਾਈਆਂ ਉਡਾਰੀਆਂ ਦਾ ਜ਼ਿਕਰ ਵੀ ਇਸ ਕਿਤਾਬ ਵਿਚ ਕੀਤਾ ਹੈ। ਜਨਮ ਦੇ ਪਿੰਡ ਤੋਂ ਚੱਲ ਕੇ ਹੁਣ ਤੱਕ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਦੇ ਘਰ ਤੱਕ ਦੇ ਮੋੜ-ਘੇੜਾਂ ਦੀ ਦਾਸਤਾਨ ਵੀ ਬਿਆਨ ਕੀਤੀ ਹੈ – ਘਰ ਤੋਂ ਘਰ ਤੇ ਫਿਰ ਘਰ ਤੀਕ ਦਾ ਸਫ਼ਰ।
ਆਪਣੇ ਹੱਥੀਂ ਬਣਾਏ ਤੇ ਆਪ ਹੀ ਉਜਾੜੇ ਘਰਾਂ ਦੇ ਦਰਦ ਪਿੱਛਾ ਹੀ ਨਹੀਂ ਛੱਡਦੇ। ਬਾਹਰੀ/ ਦੁਨਿਆਵੀ ਘਰ ਅਤੇ ਮਨੁੱਖ ਦੇ ਅੰਤਰੀਵ ਦੇ ਘਰ ਬਾਰੇ ਵੀ ਬਹੁਤ ਸੁੰਦਰ ਲਿਖਿਆ ਹੈ….

ਖਾਲ਼ੀ ਘਰ ਦੇ ਖ਼ੁਰੇ ਹਰਫ਼ਾਂ ‘ਚ,
ਕਿਹੜਾ ਅਰਥ ਟਿਕਾਵਾਂ
ਜਿਸ ਦੀ ਜੂਹ ‘ਚੋਂ ਵਾਸ਼ਪ ਹੋਇਆ
ਇਸਦਾ ਹੀ ਸਿਰਨਾਵਾਂ।

ਇੱਕ ਘਰ ਮੇਰੇ ਅੰਦਰ ਵੱਸਦਾ
ਲਈ ਕਦੇ ਨਾ ਸਾਰ
ਬਾਹਰੀ ਘਰ ਦਾ ਕਰਦਾ ਰਹਿੰਨਾ
ਹਰ ਦਮ ਹਾਰ ਸ਼ਿੰਗਾਰ।

ਇੱਕ ਘਰ ਮੇਰੇ ਮਸਤਕ ਵੱਸਦਾ
ਚਾਨਣਾ ਦਿੱਤਾ ਵਿਸਾਰ
ਨਾ ਆਲ਼ਾ ਤੇ ਨਾ ਬਨੇਰਾ
ਨਾ ਦੀਵਿਆਂ ਦੀ ਡਾਰ।

ਇੱਕ ਘਰ ਮੇਰੇ ਘਰ ਵਰਗਾ ਹੀ
ਮੇਰਾ ਸੁਪਨ-ਸੰਸਾਰ
ਜਿਸਦੇ ਮੱਥੇ ਧਰਨੇ ਇਕ ਦਿਨ
ਸੂਰਜ ਚੰਦ ਹਜ਼ਾਰ।
ਡਾ. ਭੰਡਾਲ ਸੁਪਨੇ ਲੈਣ ਅਤੇ ਸੁਪਨਿਆਂ ਦੇ ਮਗਰ ਪੈ ਕੇ ਉਨ੍ਹਾਂ ਨੂੰ ਸਾਕਾਰ ਕਰਨ `ਚ ਕੋਈ ਕਸਰ ਨਹੀਂ ਛੱਡਦੇ। ਇਸਦੀ ਉਦਾਹਰਨ ਉਨ੍ਹਾਂ ਦੇ 1977 ਵਿਚ ਲਏ ਸੁਪਨੇ ਦਾ ਚਾਲੀ ਸਾਲਾਂ ਬਾਅਦ, 2016 ਵਿਚ ਕਲੀਵਲੈਂਡ ਸਟੇਟ ਯੂਨੀਵਰਸਿਟੀ `ਚ ਫਿਜ਼ਿਕਸ ਦਾ ਪ੍ਰੋਫ਼ੈਸਰ ਬਣਨਾ ਵੀ ਸ਼ਾਮਲ ਹੈ। ਜ਼ਿੰਦਗੀ ਕਦੇ ਵੀ ਸਿੱਧੀ ਪੱਧਰੀ ਨਹੀਂ ਹੁੰਦੀ। ਇਨ੍ਹਾਂ ਦੀ ਜ਼ਿੰਦਗੀ ‘ਚ ਵੀ ਕਈ ਦਰਵਾਜ਼ੇ ਬੰਦ ਹੋਏ ਅਤੇ ਕਈ ਹੋਰ ਫ਼ਰਿਸ਼ਤਿਆਂ ਵਰਗੇ ਇਨਸਾਨਾਂ ਨੇ ਖੁੱਲ੍ਹੇ-ਦਿਲ ਨਾਲ ਖੋਲ੍ਹ ਦਿੱਤੇ। ਡਾ. ਭੰਡਾਲ ਜੀ ਅਨੁਸ਼ਾਸਨਕ ਅਤੇ ਟਾਈਮ ਦੇ ਪੂਰੇ ਪਾਬੰਦ ਹਨ। ਅਕਸਰ ਕਹਿ ਦਿੰਦੇ ਹਨ, … “60 ਵਿਦਿਆਰਥੀਆਂ ਦੀ ਕਲਾਸ ‘ਚ ਮੇਰਾ 5 ਮਿੰਟ ਲੇਟ ਜਾਣ ਦਾ ਸਿੱਧਾ-ਜਿਹਾ ਹਿਸਾਬ ਹੈ ਕਿ ਵਿਦਿਆਰਥੀਆਂ ਦੇ 5 ਘੰਟੇ ਖਰਾਬ!… ਕਿਉਂ ਕਰਾਂ ਮੈ?”
ਡਾ. ਭੰਡਾਲ ਅੰਦਰ ਸ਼ਬਦਾਂ ਦਾ ਡੂੰਘਾ ਤਹਿਖ਼ਾਨਾ ਹੈ। ਸ਼ਬਦਾਂ/ ਅੱਖਰਾਂ ਬਾਰੇ ਆਪ ਹੀ ਕਹਿ ਦਿੰਦੇ ਹਨ, … ਸ਼ਬਦਾਂ ਰਾਹੀਂ ਆਰ-ਪਾਰ ਦੇਖਣਾ ਅਤੇ ਰੂਹ ਦੀਆਂ ਪਰਤਾਂ ਫਰੋਲਣਾ ਬਹੁਤ ਚੰਗਾ ਲੱਗਦਾ ਹੈ ਕਿਉਂਕਿ;
ਮੇਰੇ ਲਈ ਸ਼ਬਦ ਫੱਕਰ ਦੀ ਰੂਹ ਵਰਗਾ
ਮੇਰੇ ਪਿੰਡ ਦੀ ਸੁੱਚੀ ਜੂਹ ਵਰਗਾ
ਸਾਝਰੇ ਵਗਦੇ ਖੂਹ ਵਰਗਾ
ਤੇ ਸੱਜਣਾਂ ਦੀ ਆਉਂਦੀ ਸੂਹ ਵਰਗਾ।

ਚੁੱਪ ਜਾਂ ਉਦਾਸੀ ਹਾਵੀ ਹੋਣ ਲੱਗੇ ਤਾਂ ਅਕਸਰ ਸ਼ਬਦਾਂ ਨੂੰ ਹਾਕਾਂ ਵੀ ਮਾਰਨ ਲੱਗ ਜਾਂਦੇ ਹਨ…
ਸ਼ਬਦੋ ਵੇ! ਮੇਰੇ ਵਿਹੜੇ ਆਵੋ
ਅੰਦਰ ਦੀ ਚੁੱਪ ਨੂੰ ਵਰਾਵੋ
ਮੇਰੇ ਭਾਵਾਂ ਨੂੰ ਉਲਥਾਵੋ
ਹਿੱਕ ‘ਚ ਸੂਰਜ ਉਗਾਓ।

ਇਕੱਲੇ ਸ਼ਬਦ ਜਾਣਦੇ ਹੀ ਨਹੀਂ, ਬਲਕਿ ਸ਼ਬਦਾਂ ਦੀ ਜਾਦੂਗਰੀ ਦਾ ਨਮੂਨਾ ਵੀ ਦੇਖੋ…
ਕਈ ਵਾਰ ਤਾਂ ਇੰਜ ਵੀ ਹੁੰਦਾ;
ਸ਼ਬਦਾਂ ਨੇ ਦਸਤਕ ਦਿੱਤੀ
ਮੈਂ ਬੂਹਾ ਖੋਲਿ੍ਹਆ
ਸਾਹਮਣੇ ਪੁਸਤਕ ਮੁਸਕਰਾ ਰਹੀ ਸੀ।

ਸ਼ਬਦਾਂ ਵਿਚ
ਅਰਥਾਂ ਦੀ ਆਸ ਜਾਗੀ
ਜਗਦੇ ਦੀਵੇ
ਵਰਕਿਆਂ ਨੂੰ ਚਾਨਣ-ਰੱਤਾ ਕਰ ਗਏ।
ਇੱਕ ਸੁਹਿਰਦ ਪਾਠਕ ਵਾਂਗ ਮਹਿਸੂਸ ਕਰਦਿਆਂ ਮੈਂ ਇਹ ਕੁਝ ਕੁ ਅਨੁਭਵ ਤੁਹਾਡੇ ਨਾਲ ਸਾਂਝੇ ਕੀਤੇ ਹਨ। ਮੈਨੂੰ ਇਹ ਕਿਤਾਬ ਅੰਦਰੋਂ-ਬਾਹਰੋਂ ਬਹੁਤ ਖ਼ੂਬਸੂਰਤ ਲੱਗੀ ਅਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਆਸ ਕਰਦਾ ਹਾਂ ਕਿ ਆਪ ਸਭ ਵੀ ਡਾ. ਭੰਡਾਲ ਦੀ ਜ਼ਿੰਦਗੀ ਦੇ ਕੱਚੇ-ਪੱਕੇ ਰਾਹਾਂ ਦਾ ਸਫ਼ਰ ਪਸੰਦ ਕਰੋਗੇ ਅਤੇ ਲੇਖਕ ਨੂੰ ਸ਼ਾਬਾਸ਼ ਵੀ ਦੇਵੋਗੇ ਇਹੋ ਜਿਹੀ ਮਿਆਰੀ ਲਿਖਤ ਪਾਠਕਾਂ ਦੇ ਰੂਬਰੂ ਕਰਨ ਲਈ। ਮੇਰੇ ਵੱਲੋਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਬਹੁਤ ਬਹੁਤ ਮੁਬਾਰਕਾਂ, ਸ਼ੁੱਭ-ਇੱਛਾਵਾਂ ਅਤੇ ਇਸ ਆਸ ਨਾਲ਼ ਕਿ ਡਾ. ਭੰਡਾਲ ਦੀ ਜ਼ਿੰਦਗੀ ਦਾ ਇਹ ‘ਅਧੂਰਾ-ਸਫ਼ਰ’ ਜਾਰੀ ਰਹੇਗਾ…ਜ਼ਿੰਦਗੀ ਜ਼ਿੰਦਾਬਾਦ!!