ਸ਼ਰਧਾਂਜਲੀ: ਕਬੱਡੀ ਦਾ ਬਾਬਾ ਬੋਹੜ ਸੀ ਸਰਵਣ ਰਮੀਦੀ

ਪ੍ਰਿੰ. ਸਰਵਣ ਸਿੰਘ
ਮੇਰਾ ਸਿਰਨਾਵੀਆਂ ਸਰਵਣ ਸਿੰਘ ਰਮੀਦੀ ਆਖ਼ਰ ਜਾਂਦੀ ਵਾਰ ਦੀ ਫਤਿਹ ਬੁਲਾ ਗਿਆ। ਉਸ ਨੂੰ ਕਬੱਡੀ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ। ਕਈ ਖੇਡ ਪ੍ਰੇਮੀ ਸਾਨੂੰ ਦੋਹਾਂ ਨੂੰ ਇਕੋ ਸਮਝਦੇ ਸਨ। ਪਰ ਸਰਵਣ ਰਮੀਦੀ ਕਬੱਡੀ ਖਿਡਾਰੀ ਸੀ ਮੈਂ ਖੇਡ ਲਿਖਾਰੀ ਹਾਂ।

ਅਸੀਂ ਸੀਗੇ ਵੀ ਹਾਣੀ। ਪਰ ਸਾਡਾ ਪਹਿਲਾ ਮੇਲ ਬੜੀ ਦੇਰ ਬਾਅਦ ਹੋਇਆ ਸੀ। 1970ਵਿਆਂ ਵਿਚ ਉਹ ਢੁੱਡੀਕੇ ਦੇ ਖੇਡ ਮੇਲੇ `ਚ ਕਪੂਰਥਲੇ ਦੀ ਟੀਮ ਲੈ ਕੇ ਆਇਆ ਤਾਂ ਰਾਤ ਮੇਰੇ ਕੋਲ ਰਿਹਾ। ਦਿਲ ਦੀਆਂ ਖੁੱਲ੍ਹੀਆਂ ਗੱਲਾਂ ਹੋਈਆਂ। ਅਗਲੇ ਦਿਨ ਜੇਕਰ ਲਾਲਾ ਲਾਜਪਤ ਰਾਏ ਕਾਲਜ ਦੇ ਦੇਸ਼ ਭਗਤ ਸਟੇਡੀਅਮ ਵਿਚ ਸਾਡਾ ਦੋਹਾਂ ਦਾ `ਕੱਠਾ ਫੋਟੋ ਨਾ ਲਾਹਿਆ ਜਾਂਦਾ ਤਾਂ ਪਤਾ ਨਹੀਂ ਇਹ ਭੁਲੇਖਾ ਕਿੰਨਾ ਚਿਰ ਬਣਿਆ ਰਹਿੰਦਾ ਕਿ ਅਸੀਂ ਇਕੋ ਹਾਂ। ਉਦੋਂ ਦਿੱਲੀ ਦੇ ਰਸਾਲੇ ‘ਸਚਿੱਤਰ ਕੌਮੀ ਏਕਤਾ’ ਵਿਚ ਮੇਰਾ ਕਾਲਮ ‘ਖੇਡ ਮੈਦਾਨ `ਚੋਂ’ ਛਪਦਾ ਸੀ। ਮੈਂ ਸਰਵਣ ਰਮੀਦੀ ਦਾ ਰੇਖਾ ਚਿੱਤਰ ‘ਸਚਿੱਤਰ ਕੌਮੀ ਏਕਤਾ’ ਨੂੰ ਭੇਜਣ ਵੇਲੇ ਦੋਹਾਂ ਦੀ ਫੋਟੋ ਵੀ ਨਾਲ ਹੀ ਭੇਜ ਦਿੱਤੀ। ਸੰਪਾਦਕ ਰਾਜਿੰਦਰ ਸਿੰਘ ਭਾਟੀਆ ਨੇ ਫੋਟੋ ਹੇਠਾਂ ਛਾਪ ਦਿੱਤਾ, “ਦੋਵੇਂ ਸਰਵਣ ਸਿੰਘ ਹਨ। ਬੁੱਝੋ ਕਿਹੜਾ ਲੇਖਕ ਹੈ, ਕਿਹੜਾ ਖਿਡਾਰੀ?”
ਫੋਟੋ ਵਿਚ ਮੇਰੇ ਕੋਟ ਪੈਂਟ ਤੇ ਉਹਦੇ ਓਵਰ ਕੋਟ ਪਾਇਆ ਹੋਇਆ ਸੀ। ਕਈਆਂ ਨੇ ਓਵਰ ਕੋਟ ਵਾਲੇ ਨੂੰ ਲੇਖਕ ਲਿਖਿਆ ਤੇ ਸੂਟ ਵਾਲੇ ਨੂੰ ਖਿਡਾਰੀ। ਕਈ ਜਾਣਕਾਰਾਂ ਨੇ ਸਹੀ ਵੀ ਲਿਖਿਆ। ਉਹਦੇ ਨਾਲ ਭੁਲੇਖਾ ਨਿਕਲ ਗਿਆ ਕਿ ਸਰਵਣ ਸਿੰਘ ਨਾਂ ਦਾ ਬੰਦਾ ਇਕ ਨਹੀਂ ਦੋ ਹਨ। ਖੇਡ ਪ੍ਰੇਮੀਆਂ ਨੂੰ ਭੁਲੇਖਾ ਇਸ ਕਰਕੇ ਵੀ ਲੱਗਦਾ ਸੀ ਕਿ ਅਸੀਂ ਦੋਹੇਂ ਕਬੱਡੀ ਗਰਾਊਂਡਾਂ ਦੇ ਸ਼ਿੰਗਾਰ ਸਾਂ। ਉਂਜ ਉਹਦਾ ਪੂਰਾ ਨਾਂ ਸਰਵਣ ਸਿੰਘ ਬੱਲ ਸੀ ਤੇ ਮੇਰਾ ਸਰਵਣ ਸਿੰਘ ਸੰਧੂ ਹੈ। ਉਹ ਕਾਫੀ ਦੇਰ ਤੋਂ ਢਿੱਲਾ ਮੱਠਾ ਚੱਲ ਰਿਹਾ ਸੀ ਪਰ ਸੀ ਸੁਰਤ ਸੰਭਾਲ ਸਿਰ। ਪਰਿਵਾਰ ਨੇ ਸੇਵਾ ਸੰਭਾਲ ਦੀ ਕੋਈ ਕਸਰ ਨਹੀਂ ਸੀ ਛੱਡੀ। ਆਖ਼ਰ 5 ਅਕਤੂਬਰ 2023 ਨੂੰ ਉਹ ਕਪੂਰਥਲੇ `ਚ ਪਰਲੋਕ ਸਿਧਾਰ ਗਿਆ ਜਿਸ ਦਾ ਕਬੱਡੀ ਜਗਤ ਨੂੰ ਬੜਾ ਘਾਟਾ ਪਿਆ।
ਉਸ ਦਾ ਜਨਮ 26 ਮਈ, 1938 ਨੂੰ ਪਿੰਡ ਰਮੀਦੀ ਜ਼ਿਲ੍ਹਾ ਕਪੂਰਥਲਾ ਵਿਚ ਲਛਮਣ ਸਿੰਘ ਦੇ ਘਰ ਮਾਤਾ ਚੰਨਣ ਕੌਰ ਦੀ ਕੁੱਖੋਂ ਹੋਇਆ ਸੀ। ਉਹ ਦਸ ਬਾਰਾਂ ਸਾਲ ਸਿਰੇ ਦੀ ਕਬੱਡੀ ਖੇਡਿਆ। ਛੇ ਫੁੱਟੇ ਨਿੱਗਰ ਜੁੱਸੇ ਨਾਲ ਜਦੋਂ ਉਹ ਕਬੱਡੀ ਪਾਉਂਦਾ ਤਾਂ ਧਰਤੀ ਉਹਦੇ ਕਦਮਾਂ ਥੱਲੇ ਕੰਬਦੀ ਸੀ। ਮਾੜਾ ਜਾਫੀ ਤਾਂ ਉਹਦੀ ਧਮਕ ਨਾਲ ਹੀ ਦਹਿਲ ਜਾਂਦਾ ਸੀ। ਇਕੋ ਵਾਰੀ ਉਹਦੀ ਫੇਟ ਦਾ ਭੰਨਿਆ ਖਿਡਾਰੀ ਫਿਰ ਛੇਤੀ ਕੀਤਿਆਂ ਉਹਦੇ ਵੱਲ ਨੱਕ ਨਹੀਂ ਸੀ ਕਰਦਾ। ਮਾੜੇ ਮੋਟੇ ਜਾਫੀ ਨੂੰ ਤਾਂ ਉਹ ਉਂਜ ਹੀ ਕੁੱਛੜ ਚੁੱਕ ਲਿਆਉਂਦਾ ਸੀ!
1960ਵਿਆਂ ਵਿਚ ਉਹਦੀ ਗੁੱਡੀ ਪੂਰੀ ਚੜ੍ਹੀ ਹੋਈ ਸੀ। ਉਹ ਕਪੂਰਥਲੀਆਂ ਵੱਲੋਂ ਅੰਬਰਸਰੀਆਂ ਦੀ ਟੀਮ ਵਿਰੁੱਧ ਫਗਵਾੜੇ `ਚ ਮੈਚ ਖੇਡਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਇਨਾਮ ਵੰਡਣ ਆਏ। ਸਰਵਣ ਦੀ ਕਬੱਡੀ ਤੋਂ ਉਹ ਬੜੇ ਪ੍ਰਭਾਵਿਤ ਹੋਏ। ਫਿਰ ਉਨ੍ਹਾਂ ਨੇ ਆਪਣੇ ਪਿੰਡ ਕੈਰੋਂ `ਚ ਕਬੱਡੀ ਦਾ ਦਰਸ਼ਨੀ ਮੈਚ ਕਰਵਾਇਆ ਤੇ ਸਰਵਣ ਨੂੰ ਉਥੇ ਉਚੇਚਾ ਸੱਦਿਆ। ਇਕ ਬੰਨੇ ਰੋਹਤਕ ਤੇ ਹਿਸਾਰ ਦੇ ਭਲਵਾਨਾਂ ਵਰਗੇ ਜਾਟ ਸਨ ਤੇ ਦੂਜੇ ਬੰਨੇ ਮਝੈਲ ਭਾਊ। ਉਦੋਂ ਬੇਸ਼ਕ ਹਰਿਆਣਾ ਨਹੀਂ ਸੀ ਬਣਿਆ ਪਰ ਮੈਚ ਹਰਿਆਣੇ ਤੇ ਪੰਜਾਬ ਦਾ ਹੀ ਬਣ ਗਿਆ। ਜਾਟ ਜੁੱਸੇ ਵੱਲੋਂ ਤਕੜੇ ਸਨ ਤੇ ਭਾਊ ਜੁਗਤ ਵੱਲੋਂ ਤਕੜੇ। ਸਰਵਣ ਨੇ ਕੌਡੀ ਪਾਈ ਤਾਂ ਉਸ ਨੂੰ ਕੈਰੋਂ ਨੇ ਸੌ ਰੁਪਏ ਦਾ ਇਨਾਮ ਬੁਲਵਾਇਆ। ਸਮਝੋ ਸੋਨੇ ਦਾ ਮੈਡਲ। ਮੈਚ ਸਰਵਣ ਹੋਰਾਂ ਦੀ ਟੀਮ ਨੇ ਜਿੱਤ ਲਿਆ ਜਿਸ ਨਾਲ ਮੈਚ ਵੇਖਦੇ ਹਜ਼ਾਰਾਂ ਭਾਊਆਂ ਦਾ ਸੇਰ ਸੇਰ ਲਹੂ ਵਧ ਗਿਆ। ਇਨਾਮ ਵੰਡ ਵੇਲੇ ਕੈਰੋਂ ਨੇ ਖਿਡਾਰੀਆਂ ਨੂੰ ਖਾਲੀ ਅਟੈਚੀ ਕੇਸ ਵੰਡੇ ਤਾਂ ਇਕ ਭਾਊ ਨੇ ਕੈਰੋਂ ਨੂੰ ਕਿਹਾ, “ਭਾਊ, ਹਾਅ ਕੀ ਕੀਤਾ ਈ? ਸਰਵਣ ਨੂੰ ਖਾਲੀ ਟੈਚੀ ਦੇ ਦਿੱਤਾ ਈ। ਅਹੀਂ ਤਾਂ `ਨੁਮਾਨ ਲਾਈ ਬੈਠੇ ਸਾਂ ਪਈ ਭਰਿਆ ਦਏਂਗਾ।”
ਕੈਰੋਂ ਨੇ ਭਰਵੀਂ ਦਾੜ੍ਹੀ `ਚੋਂ ਮੁਸਕਰਾਂਦਿਆਂ ਕਿਹਾ, “ਏਥੇ ਅਸੀਂ ਖਾਲੀ ਈ ਦੇਂਦੇ ਆਂ। ਕਦੇ ਭਰਿਆ ਵੀ ਮਿਲਜੂ।”
ਉਹੀ ਗੱਲ ਹੋਈ। ਥੋੜ੍ਹੇ ਦਿਨਾਂ ਪਿੱਛੋਂ ਕਪੂਰਥਲੇ ਦੇ ਡੀਸੀ ਨੇ ਸਰਵਣ ਰਮੀਦੀ ਨੂੰ ਸੱਜਰ ਸੂਈ ਮੱਝ ਦਾ ਸੰਗਲ ਫੜਾਉਂਦਿਆਂ ਕਿਹਾ, “ਕੈਰੋਂ ਸਾਹਿਬ ਚਾਹੁੰਦੇ ਨੇ ਕਿ ਤੂੰ ਰੱਜ ਕੇ ਦੁੱਧ ਘਿਓ ਪੀਵੇਂ ਖਾਵੇਂ। ਹੋਰ ਤਕੜਾ ਹੋ ਕੇ ਕਬੱਡੀਆਂ ਪਾਵੇਂ ਤੇ ਪੰਜਾਬ ਦਾ ਨਾਂ ਹੋਰ ਰੌਸ਼ਨ ਕਰੇਂ।”
ਸਰਵਣ ਬੱਲ ਦੇ ਦੱਸਣ ਮੂਜਬ ਉਸ ਨੇ ਮੱਝ ਦੇ ਕਈ ਸੂਏ ਪੀਤੇ ਤੇ ਉੱਚ ਪਾਏ ਦੀ ਕਬੱਡੀ ਖੇਡੀ। ਕੈਰੋਂ ਸਾਹਿਬ ਦਾ ਉਹ ਲਾਡਲਾ ਖਿਡਾਰੀ ਸੀ। ਇਕ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਸ਼ਿਮਲੇ ਆਉਣਾ ਸੀ। ਉਨ੍ਹਾਂ ਨੂੰ ਪੰਜਾਬ ਦੀ ਕਬੱਡੀ ਵਿਖਾਉਣ ਲਈ ਚੈਲ ਲਿਜਾਇਆ ਗਿਆ ਜਿਥੇ ਸਰਵਣ ਹੋਰਾਂ ਦੀ ਕਬੱਡੀ ਵਿਖਾਈ ਗਈ। ਪ੍ਰਧਾਨ ਮੰਤਰੀ ਉਹਦੀ ਖੇਡ ਵੇਖ ਕੇ ਬੜੇ ਖੁਸ਼ ਹੋਏ ਤੇ ਉਹਦਾ ਉਚਿਤ ਮਾਣ ਸਨਮਾਨ ਕੀਤਾ ਗਿਆ। ਬਾਅਦ ਵਿਚ ਪੰਜਾਬ ਸਰਕਾਰ ਵੱਲੋਂ ਸਰਵਣ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਵੀ ਸਨਮਾਨਿਆ ਗਿਆ। ਉਹ ਐਸਾ ਖਿਡਾਰੀ ਸੀ ਜੋ ਪਿੰਡਾਂ ਦੀ ਮਿੱਟੀ `ਚੋਂ ਉੱਗਿਆ ਤੇ ਆਕਾਸ਼ ਤਕ ਅੱਪੜਿਆ। ਉਸ ਨੇ ਕਬੱਡੀ ਖ਼ੁਦ ਖੇਡੀ, ਹੋਰਨਾਂ ਨੂੰ ਖਿਡਾਈ, ਲੱਖਾਂ ਲੋਕਾਂ ਨੂੰ ਵਿਖਾਈ ਤੇ ਦੇਸ਼ ਵਿਦੇਸ਼ ਵਿਚ ਦੂਰ ਦੂਰ ਤਕ ਪੁਚਾਈ।
ਉਹ ਜਦੋਂ ਸਕੂਲ `ਚ ਪੜ੍ਹਦਾ ਸੀ ਤਾਂ ਰਮੀਦੀ ਦੇ ਪ੍ਰਸਿੱਧ ਖਿਡਾਰੀ ਨਿਰਭੈ ਸਿੰਘ ਨੇ ਉਸ ਨੂੰ ਕਬੱਡੀ ਖੇਡਣ ਦੀ ਚੇਟਕ ਲਾਈ ਸੀ। ਪਹਿਲਾਂ ਉਹ ਵਾਲੀਬਾਲ ਖੇਡਣ ਲੱਗਾ ਸੀ। ਆਪਣੇ ਪਿੰਡ ਦੇ ਸਕੂਲ `ਚੋਂ ਮੈਟ੍ਰਿਕ ਕਰ ਕੇ 1959 ਵਿਚ ਉਹ ਰਣਧੀਰ ਕਾਲਜ ਕਪੂਰਥਲੇ ਵਿਚ ਦਾਖਲ ਹੋਇਆ ਸੀ। ਉਸ ਨੂੰ ਡੀਏਵੀ ਕਾਲਜ ਜਲੰਧਰ ਨੇ ਪੱਟਣਾ ਚਾਹਿਆ ਜਿਥੇ ਮਹਿੰਦਰ ਬੋਲਾ ਕਬੱਡੀ ਦਾ ਤਕੜਾ ਖਿਡਾਰੀ ਪਹਿਲਾਂ ਹੀ ਦਾਖਲ ਸੀ। ਪਰ ਉਸ ਨੇ ਰਣਧੀਰ ਕਾਲਜ ਨਾ ਛੱਡਿਆ ਤੇ ਉਨ੍ਹਾਂ ਦੀ ਟੀਮ ਪੰਜਾਬ ਯੂਨੀਵਰਸਿਟੀ ਦੀ ਕਬੱਡੀ ਚੈਂਪੀਅਨਸ਼ਿਪ ਵਿਚ ਰਨਰਜ਼ ਅੱਪ ਰਹੀ। ਪਰ 1960 ਵਿਚ ਉਨ੍ਹਾਂ ਦੀ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨ ਬਣ ਗਈ। ਕੈਰੋਂ ਉਹਦੇ ਉਤੇ ਏਨਾ ਦਿਆਲ ਸੀ ਕਿ ਉਨ੍ਹੀਂ ਦਿਨੀਂ ਉਸ ਨੂੰ ਦੋ ਸੌ ਰੁਪਏ ਮਹੀਨੇ ਦਾ ਵਜ਼ੀਫਾ ਲਾ ਦਿੱਤਾ। ਕਾਲਜ ਵਿਚ ਪੜ੍ਹਦਿਆਂ ਉਹ ਪਿੰਡਾਂ ਦੇ ਟੂਰਨਾਮੈਂਟਾਂ ਵਿਚ ਵੀ ਜਾਂਦਾ ਤੇ ਜ਼ਿਲ੍ਹਾ ਕਪੂਰਥਲਾ ਵੱਲੋਂ ਪੰਜਾਬ ਚੈਂਪੀਅਨਸ਼ਿਪ ਵੀ ਖੇਡਦਾ। ਉਹਦੀ ਖੇਡ ਨਾਲ ਜ਼ਿਲ੍ਹਾ ਕਪਰੂਥਲਾ ਛੇ ਵਾਰ ਕਬੱਡੀ ਦੀ ਪੰਜਾਬ ਚੈਂਪੀਅਨਸ਼ਿਪ ਜਿੱਤਿਆ। 1958 ਤੋਂ 68 ਤਕ ਉਹ ਪੰਜਾਬ ਵੱਲੋਂ ਕਬੱਡੀ ਦੀ ਨੈਸ਼ਨਲ ਚੈਂਪੀਅਨਸ਼ਿਪ ਵੀ ਖੇਡਿਆ। 1963 ਵਿਚ ਉਹ ਪੰਜਾਬ ਦੀ ਟੀਮ ਦਾ ਕਪਤਾਨ ਸੀ। ਹਰੇਕ ਮੈਚ ਵਿਚ ਉਹ ਧੰਨ ਧੰਨ ਕਰਾਉਂਦਾ। ਉਨ੍ਹੀਂ ਦਿਨੀਂ ਸਾਰੇ ਪੰਜਾਬ, ਖ਼ਾਸ ਕਰਕੇ ਦੁਆਬੇ ਵਿਚ ਸਰਵਣ ਸਰਵਣ ਹੋਈ ਪਈ ਸੀ। ਪਿੰਡਾਂ ਦੇ ਲੋਕ ਆਮ ਹੀ ਕਹਿੰਦੇ, “ਤੂੰ ਕਿਹੜਾ ਸਰਵਣ ਰਮੀਦੀ ਐ ਬਈ ਕਿਸੇ ਤੋਂ ਡੱਕਿਆ ਨੀ ਜਾਣਾ!”
ਉਸ ਨੂੰ ਜੇ ਕਿਸੇ ਨੇ ਚੱਜ ਨਾਲ ਡੱਕਿਆ ਤਾਂ ਕੇਵਲ ਇਕ ਵਾਰ ਮਹਿੰਦਰ ਬੋਲੇ ਨੇ ਡੱਕਿਆ। ਬੋਲੇ `ਚ ਉਦੋਂ ਸਾਨ੍ਹ ਜਿੰਨਾ ਜ਼ੋਰ ਸੀ। ਫਿਰ ਇਕ ਦਰਸ਼ਨੀ ਮੈਚ ਨਿਰੰਜਣ ਸਿੰਘ ਦੇ ਪਿੰਡ ਜਗਤਪੁਰ `ਚ ਹੋਇਆ। ਸਰਵਣ ਉਦੋਂ ਟਾਈਫਾਈਡ ਤੋਂ ਉਠਿਆ ਸੀ ਜਿਸ ਕਰਕੇ ਕੁਝ ਕਮਜ਼ੋਰ ਪਿਆ ਹੋਇਆ ਸੀ। ਬੋਲੇ ਨੇ ਸਰਵਣ ਨੂੰ ਲਗਾਤਾਰ ਜਿੰਦਰੇ ਲਾਏ ਤਾਂ ਸਰਵਣ ਠੰਢਾ ਹੋ ਕੇ ਖੜ੍ਹ ਗਿਆ। ਨਿਰੰਜਣ ਸਿੰਘ ਨੇ ਮਾਈਕ ਤੋਂ ਕਿਹਾ, “ਸਰਵਣਾ, ਪਾ ਬਈ ਕਬੱਡੀ, ਤੈਨੂੰ ਬੋਲ਼ਾ ਉਡੀਕਦੈ!” ਬੱਸ ਉਹੋ ਇਕੋ ਮੈਚ ਸੀ ਜਿਥੇ ਸਰਵਣ ਨੂੰ ਨਮੋਸ਼ੀ ਸਹਿਣੀ ਪਈ।
ਇਕੇਰਾਂ ਅੰਮ੍ਰਿਤਸਰ ਦੇ ਇਕ ਸਿਆਸਤਦਾਨ ਨੇ ਕਿਹਾ ਸੀ, “ਸਰਵਣ ਸਿਅ੍ਹਾਂ, ਜੇ ਤੂੰ ਜ਼ਿਲ੍ਹਾ ਅੰਮ੍ਰਿਤਸਰ ਅੱਲੋਂ ਖੇਡੇਂ ਤਾਂ ਜੋ ਮਰਜ਼ੀ ਈ ਮੰਗ। ਭਾਵੇਂ ਸਾਰੀ ਉਮਰ ਦੀਆਂ ਰੋਟੀਆਂ ਮੰਗ ਲੈ।”
ਸਰਵਣ ਸਿੰਘ ਨੇ ਜਵਾਬ ਦਿੱਤਾ ਸੀ, “ਤੁਹਾਡੀ ਬੜੀ ਮਿਹਰਬਾਨੀ। ਪਰ ਮੈਂ ਜਿਸ ਜ਼ਿਲ੍ਹੇ `ਚ ਜੰਮਿਆ ਉਸੇ ਵੱਲੋਂ ਈ ਖੇਡਾਂਗਾ। ਅੱਜ ਲਾਲਚ `ਚ ਆ ਕੇ ਮੈਂ ਤੁਹਾਡੇ ਵੱਲੋਂ ਖੇਡ ਲਵਾਂ ਤਾਂ ਭਲਕ ਨੂੰ ਆਪਣੇ ਜ਼ਿਲ੍ਹੇ ਵਿਰੁੱਧ ਖੇਡਣਾ ਪਵੇਗਾ। ਫੇਰ ਮੈਂ ਆਪਣੇ ਲੋਕਾਂ ਨੂੰ ਕੀ ਮੂੰਹ ਦਿਖਾਵਾਂਗਾ? ਲੋਕ ਮੈਨੂੰ ਰਮੀਦੀ ਦੀ ਜੂਠ ਕਹਿਣਗੇ। ਸਾਡੀ ਟੀਮ ਭਾਵੇਂ ਮਾੜੀ ਐ ਭਾਵੇਂ ਤਕੜੀ, ਮੈਂ ਆਪਣਾ ਜ਼ਿਲ੍ਹਾ ਨਹੀਂ ਛੱਡ ਸਕਦਾ। ਇਹੋ ਜਵਾਬ ਉਸ ਨੇ ਡੀਏਵੀ ਕਾਲਜ ਜਲੰਧਰ ਵਾਲਿਆਂ ਨੂੰ ਦਿੱਤਾ ਸੀ ਜਦੋਂ ਉਹ ਉਸ ਨੂੰ ਰਣਧੀਰ ਕਾਲਜ ਕਪੂਰਥਲੇ ਤੋਂ ਪੁੱਟ ਕੇ ਆਪਣੇ ਕਾਲਜ ਵਿਚ ਲਿਆਉਣ ਦਾ ਲਾਲਚ ਦਿੰਦੇ ਸਨ। ਜਦੋਂ ਤਕ ਉਹ ਖੇਡਦਾ ਰਿਹਾ ਉਹਦੇ ਇਲਾਕੇ ਦੇ ਲੋਕਾਂ ਨੇ ਉਸ ਨੂੰ ਸਿਰ ਮੱਥੇ ਰੱਖਿਆ। ਖੇਡ ਛੱਡੀ ਤਾਂ ਪੰਜਾਬ ਸਰਕਾਰ ਨੇ 1968 ਵਿਚ ਉਸ ਨੂੰ ਖੇਡ ਵਿਭਾਗ ਵਿਚ ਕਬੱਡੀ ਦਾ ਪਹਿਲਾ ਕੋਚ ਬਣਾ ਦਿੱਤਾ। ਕੋਚ ਬਣ ਕੇ ਉਸ ਨੇ ਹੋਰ ਵੀ ਨਾਮਣਾ ਖੱਟਿਆ। ਇੰਗਲੈਂਡ ਵਸਦੇ ਪੰਜਾਬੀਆਂ ਨੇ ਉਸ ਨੂੰ ਆਦਰ ਮਾਣ ਨਾਲ ਵਲਾਇਤ ਸੱਦਿਆ। ਸਰਵਣ ਬੱਲ ਪਹਿਲਾ ਕਬੱਡੀ ਖਿਡਾਰੀ ਹੈ ਜੋ ਕਬੱਡੀ ਦੇ ਸਿਰ `ਤੇ ਇੰਗਲੈਂਡ ਗਿਆ। ਉਹ ਭਾਵੇਂ ਕੋਚ ਬਣ ਚੁੱਕਾ ਸੀ ਪਰ ਉਹਦੇ ਪ੍ਰਸੰLਸਕਾਂ ਦੇ ਜ਼ੋਰ ਪਾਉਣ `ਤੇ ਖੇਡ ਤੋਂ ਰਿਟਾਇਰ ਹੋਏ ਨੇ ਵੀ ਮੁੜ ਕਪੜੇ ਉਤਾਰੇ ਤੇ ਵਲਾਇਤ ਦੀ ਧਰਤੀ `ਤੇ ਕਬੱਡੀਆਂ ਪਾ ਕੇ ਆਪਣੇ ਵਤਨੀਆਂ ਦਾ ਚਿੱਤ ਰਾਜ਼ੀ ਕੀਤਾ ਸੀ।
ਬਾਅਦ ਵਿਚ ਤਾਂ ਉਹ ਯੂਰਪ, ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਵਿਚ ਵੀ ਕਬੱਡੀ ਟੀਮਾਂ ਲੈ ਕੇ ਜਾਂਦਾ ਰਿਹਾ ਸੀ ਤੇ ਕਬੱਡੀ ਪ੍ਰੇਮੀਆਂ ਦਾ ਮਨ ਪਰਚਾਉਂਦਾ ਰਿਹਾ ਸੀ। ਕੈਲੇਫੋਰਨੀਆ ਵਿਚ ਗਾਖਲਾਂ ਦੇ ਕਬੱਡੀ ਵਰਲਡ ਕੱਪ `ਤੇ ਤਾਂ ਉਹ ਅਕਸਰ ਹੀ ਪਹੁੰਚਦਾ ਸੀ ਜਿਥੇ ਉਹਦੇ ਨਾਲ ਮੇਲੇ ਗੇਲੇ ਹੁੰਦੇ ਰਹਿੰਦੇ ਸਨ। ਇਕ ਵਾਰ ਟੋਰਾਂਟੋ ਦੇ ਇੰਦਰਜੀਤ ਸਿੰਘ ਬੱਲ ਨੇ ਮੈਨੂੰ ਕਿਹਾ ਸੀ ਕਿ ਸਰਵਣ ਸਿੰਘ ਬੱਲ ਦੀ ਜੀਵਨੀ ਲਿਖੀ ਜਾਵੇ। ਮੈਂ ਨਿੰਦਰ ਘੁਗਿਆਣਵੀ ਤੇ ਨਵਦੀਪ ਗਿੱਲ ਦੀ ਡਿਊਟੀ ਵੀ ਲਾਈ ਪਰ ਗੱਲ ਵਿਚੇ ਰਹਿ ਗਈ। ਮੈਨੂੰ ਉਸ ਦਾ ਬੇਹੱਦ ਅਫਸੋਸ ਹੈ। ਕਬੱਡੀ ਸਰਵਣ ਰਮੀਦੀ ਦੇ ਲਹੂ ਵਿਚ ਸੀ। ਕਬੱਡੀ ਨੂੰ ਉਹਦੀ ਦੇਣ ਕਦੇ ਨਹੀਂ ਭੁੱਲੇਗੀ।
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ