ਭਾਰਤ ਵਿਚ ਲੋਕਤੰਤਰ ਖ਼ਤਮ ਹੋਣ ਦਾ ਅਸਰ ਦੁਨੀਆ ‘ਤੇ ਪਵੇਗਾ-2

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਨੂੰ ਉਨ੍ਹਾਂ ਦੇ ਲੇਖ ‘ਆਜ਼ਾਦੀ` ਦੇ ਫਰਾਂਸੀਸੀ ਅਨੁਵਾਦ (ਲਿਬਰਟੇ, ਫਾਸ਼ਿਜ਼ਮ, ਫਿਕਸ਼ਨ) ਦੇ ਮੌਕੇ `ਤੇ 12 ਸਤੰਬਰ ਨੂੰ ਉਨ੍ਹਾਂ ਦੀ ਜੀਵਨ ਭਰ ਦੀ ਪ੍ਰਾਪਤੀ ਲਈ 45ਵੇਂ ਯੂਰਪੀ ਲੇਖ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਦਿੱਤੇ ਅਹਿਮ ਭਾਸ਼ਣ ਦੇ ਪਾਠ ਦੀ ਦੂਜੀ ਅਤੇ ਆਖਰੀ ਕਿਸ਼ਤ ਪੇਸ਼ ਹੈ। ਇਸ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।
ਜੁਲਾਈ `ਚ ਨਰਿੰਦਰ ਮੋਦੀ ਸਰਕਾਰੀ ਦੌਰੇ `ਤੇ ਅਮਰੀਕਾ ਅਤੇ ਬੈਸਟੀਲ ਡੇ `ਤੇ ਮੁੱਖ ਮਹਿਮਾਨ ਵਜੋਂ ਫਰਾਂਸ ਗਿਆ। ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਮੈਕਰੋਨ ਅਤੇ ਬਾਇਡਨ ਨੇ ਜਿਸ ਤਰੀਕੇ ਨਾਲ ਉਸ ਦੀ ਤਾਰੀਫ਼ ਕੀਤੀ, ਉਹ ਸ਼ਰਮਨਾਕ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਤਾਰੀਫ਼ 2024 ਦੀਆਂ ਆਮ ਚੋਣਾਂ ਵਿਚ ਮੋਦੀ ਲਈ ਸੋਨਾ ਸਾਬਤ ਹੋਵੇਗੀ ਜਿਸ ਵਿਚ ਉਹ ਤੀਜੀ ਵਾਰ ਚੋਣ ਲੜੇਗਾ। ਅਜਿਹਾ ਨਹੀਂ ਹੈ ਕਿ ਮੈਕਰੋਨ ਅਤੇ ਬਾਇਡਨ ਉਸ ਆਦਮੀ ਬਾਰੇ ਨਹੀਂ ਜਾਣਦੇ ਜਿਸ ਨੂੰ ਉਹ ਗਲੇ ਲਗਾ ਰਹੇ ਹਨ।
ਉਨ੍ਹਾਂ ਨੂੰ ਗੁਜਰਾਤ ਕਤਲੇਆਮ ਵਿਚ ਮੋਦੀ ਦੀ ਭੂਮਿਕਾ ਬਾਰੇ ਪਤਾ ਹੀ ਹੋਵੇਗਾ। ਉਨ੍ਹਾਂ ਨੂੰ ਲਗਾਤਾਰ ਵਾਪਰ ਰਹੀਆਂ ਉਨ੍ਹਾਂ ਘਿਨਾਉਣੀਆਂ ਘਟਨਾਵਾਂ ਬਾਰੇ ਵੀ ਪਤਾ ਹੋਵੇਗਾ ਜਿਨ੍ਹਾਂ ਵਿਚ ਮੁਸਲਮਾਨਾਂ ਨੂੰ ਜਨਤਕ ਤੌਰ `ਤੇ ਕੁੱਟ-ਕੁੱਟ ਕੇ ਮਾਰਿਆ ਜਾ ਰਿਹਾ ਹੈ, ਕਿ ਕਿਵੇਂ ਮੋਦੀ ਦੀ ਵਜ਼ਾਰਤ ਦੇ ਇਕ ਮੈਂਬਰ ਨੇ ਹਜੂਮੀ ਕਤਲ ਦੇ ਕੁਝ ਕਾਤਲਾਂ ਨੂੰ ਹਾਰ ਪਹਿਨਾਏ ਅਤੇ ਉਹ ਇਹ ਵੀ ਜਾਣਦੇ ਹੋਣਗੇ ਕਿ ਮੁਸਲਮਾਨਾਂ ਨੂੰ ਕਿੰਨੀ ਤੇਜ਼ੀ ਨਾਲ ਅਲਹਿਦਗੀ ਅਤੇ ਅਲੱਗ-ਥਲੱਗ ਬਸਤੀਆਂ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਵੀ ਵੀ ਪਤਾ ਹੋਵੇਗਾ ਕਿ ਹਿੰਦੂ ਨਿਗਰਾਨ ਦਸਤਿਆਂ ਵੱਲੋਂ ਸੈਂਕੜੇ ਚਰਚ ਸਾੜੇ ਗਏ ਹਨ।
ਉਨ੍ਹਾਂ ਨੂੰ ਵਿਰੋਧੀ ਧਿਰ ਦੇ ਸਿਆਸਤਦਾਨਾਂ, ਵਿਦਿਆਰਥੀਆਂ, ਮਨੁੱਖੀ ਅਧਿਕਾਰ ਕਾਰਕੁਨਾਂ, ਵਕੀਲਾਂ ਅਤੇ ਪੱਤਰਕਾਰਾਂ `ਤੇ ਹੋ ਰਹੇ ਹਮਲਿਆਂ ਦਾ ਵੀ ਪਤਾ ਹੋਵੇਗਾ। ਇਨ੍ਹਾਂ ਵਿਚੋਂ ਕੁਝ ਨੂੰ ਲੰਮੀ ਜੇਲ੍ਹ ਦੀ ਸਜ਼ਾ ਹੋਈ ਹੈ। ਪੁਲਿਸ ਅਤੇ ਮਸ਼ਕੂਕ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਯੂਨੀਵਰਸਿਟੀਆਂ `ਤੇ ਹਮਲੇ, ਇਤਿਹਾਸ ਦੀਆਂ ਪਾਠ ਪੁਸਤਕਾਂ ਨੂੰ ਦੁਬਾਰਾ ਲਿਖਣਾ, ਫਿਲਮਾਂ `ਤੇ ਪਾਬੰਦੀ, ‘ਐਮਨੈਸਟੀ ਇੰਟਰਨੈਸ਼ਨਲ ਇੰਡੀਆ` ਨੂੰ ਬੰਦ ਕਰ ਦੇਣਾ, ਬੀ.ਬੀ.ਸੀ. ਦੇ ਭਾਰਤੀ ਦਫ਼ਤਰਾਂ `ਤੇ ਛਾਪੇ, ਕਾਰਕੁਨਾਂ, ਪੱਤਰਕਾਰਾਂ ਅਤੇ ਸਰਕਾਰ ਦੇ ਆਲੋਚਕਾਂ ਦੇ ਨਾਂ ‘ਵਿਦੇਸ਼ ਜਾਣ `ਤੇ ਪਾਬੰਦੀ` (ਨੋ-ਫਲਾਈ) ਦੀ ਰਹੱਸਮਈ ਸੂਚੀ `ਚ ਪਾਉਣਾ, ਅਤੇ ਭਾਰਤੀ ਤੇ ਵਿਦੇਸ਼ੀ ਸਿੱਖਿਆ ਸ਼ਾਸਤਰੀਆਂ ਉੱਪਰ ਦਬਾਅ, ਇਹ ਸਭ ਉਨ੍ਹਾਂ ਨੂੰ ਪਤਾ ਹੋਵੇਗਾ।
ਉਨ੍ਹਾਂ ਨੂੰ ਪਤਾ ਹੋਵੇਗਾ ਕਿ ਭਾਰਤ ਹੁਣ ਆਲਮੀ ਪ੍ਰੈੱਸ ਸੁਤੰਤਰਤਾ ਸੂਚਕ ਅੰਕ ਵਿਚ 180 ਵਿਚੋਂ 161ਵੇਂ ਸਥਾਨ `ਤੇ ਹੈ, ਕਿ ਕਈ ਬਿਹਤਰੀਨ ਭਾਰਤੀ ਪੱਤਰਕਾਰਾਂ ਨੂੰ ਮੁੱਖ ਧਾਰਾ ਮੀਡੀਆ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਪੱਤਰਕਾਰਾਂ ਨੂੰ ਸੈਂਸਰਸ਼ਿਪ ਰੈਗੂਲੇਟਰੀ ਵਿਵਸਥਾ ਅਧੀਨ ਲਿਆਂਦਾ ਜਾ ਸਕਦਾ ਹੈ। ਸਰਕਾਰ ਵੱਲੋਂ ਥਾਪੀ ਸੰਸਥਾ ਨੂੰ ਇਹ ਫ਼ੈਸਲਾ ਕਰਨ ਦੀ ਤਾਕਤ ਹੋਵੇਗੀ ਕਿ ਕੀ ਸਰਕਾਰ ਦੇ ਬਾਰੇ ਮੀਡੀਆ ਰਿਪੋਰਟਾਂ ਅਤੇ ਟਿੱਪਣੀਆਂ ਫੇਕ, ਯਾਨੀ ਫਰਜ਼ੀ ਹਨ ਜਾਂ ਗੁਮਰਾਹਕੁਨ ਹਨ; ਤੇ ਨਵਾਂ ਆਈ.ਟੀ. ਕਾਨੂੰਨ ਜੋ ਸੋਸ਼ਲ ਮੀਡੀਆ `ਤੇ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਰੋਕਣ ਲਈ ਬਣਾਇਆ ਗਿਆ ਹੈ।
ਉਹ ਤਲਵਾਰਾਂ ਵਾਲੀਆਂ ਉਨ੍ਹਾਂ ਹਿੰਸਕ ਹਿੰਦੂ ਨਿਗਰਾਨ ਭੀੜਾਂ ਬਾਰੇ ਵੀ ਜਾਣਦੇ ਹੋਣਗੇ ਜੋ ਨਿਯਮਿਤ ਤੌਰ `ਤੇ ਅਤੇ ਖੁੱਲ੍ਹੇਆਮ ਮੁਸਲਮਾਨਾਂ ਦੇ ਵਿਨਾਸ਼ ਅਤੇ ਮੁਸਲਿਮ ਔਰਤਾਂ ਦੇ ਬਲਾਤਕਾਰ ਕਰਨ ਦਾ ਸੱਦਾ ਦਿੰਦੀਆਂ ਹਨ।
ਉਨ੍ਹਾਂ ਨੂੰ ਕਸ਼ਮੀਰ ਦੇ ਹਾਲਾਤ ਵੀ ਪਤਾ ਹੋਣਗੇ ਜਿਸ ਨੂੰ 2019 ਦੇ ਸ਼ੁਰੂ `ਚ ਮਹੀਨਿਆਂ ਤੱਕ ਚੱਲੇ ਸੰਚਾਰ ਬਲੈਕਆਊਟ `ਚ ਰੱਖਿਆ ਗਿਆ। ਜੋ ਕਿਸੇ ਲੋਕਤੰਤਰ ਵਿਚ ਸਭ ਤੋਂ ਲੰਮੀ ਇੰਟਰਨੈੱਟ ਬੰਦੀ ਸੀ – ਤੇ ਉੱਥੇ ਪੱਤਰਕਾਰਾਂ ਨੂੰ ਪ੍ਰੇਸ਼ਾਨੀ, ਗ੍ਰਿਫ਼ਤਾਰੀਆਂ ਅਤੇ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ। 21ਵੀਂ ਸਦੀ ਵਿਚ ਕਿਸੇ ਨੂੰ ਵੀ ਇਵੇਂ ਨਹੀਂ ਰਹਿਣਾ ਚਾਹੀਦਾ ਜਿਵੇਂ ਉਹ ਬੂਟਾਂ ਹੇਠ ਦੱਬੀਆਂ ਗਰਦਨਾਂ ਨਾਲ ਜੀ ਰਹੇ ਹਨ।
ਉਨ੍ਹਾਂ ਨੂੰ 2019 ਵਿਚ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦੇ ਬਾਰੇ ਵੀ ਪਤਾ ਹੋਵੇਗਾ ਜੋ ਮੁਸਲਮਾਨਾਂ ਨਾਲ ਖੁੱਲ੍ਹੇਆਮ ਵਿਤਕਰਾ ਕਰਦਾ ਹੈ। ਇਸ ਦੇ ਕਾਰਨ ਵੱਡੇ ਪੱਧਰ `ਤੇ ਵਿਰੋਧ ਪ੍ਰਦਰਸ਼ਨ ਹੋਏ ਅਤੇ ਕਿਵੇਂ ਇਹ ਵਿਰੋਧ ਪ੍ਰਦਰਸ਼ਨ ਉਦੋਂ ਹੀ ਖ਼ਤਮ ਹੋਏ ਜਦੋਂ ਅਗਲੇ ਸਾਲ ਦਿੱਲੀ ਵਿਚ ਹਿੰਦੂ ਭੀੜ ਦੁਆਰਾ ਦਰਜਨਾਂ ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ (ਜੋ ਸਬਬ ਨਾਲ ਉਦੋਂ ਵਾਪਰਿਆ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰੀ ਦੌਰੇ `ਤੇ ਉਸ ਸ਼ਹਿਰ ਵਿਚ ਸੀ ਅਤੇ ਜਿਸ ਬਾਰੇ ਉਸ ਨੇ ਇਕ ਸ਼ਬਦ ਤੱਕ ਨਹੀਂ ਕਿਹਾ)। ਉਨ੍ਹਾਂ ਨੂੰ ਪਤਾ ਹੋਵੇਗਾ ਕਿ ਕਿਵੇਂ ਦਿੱਲੀ ਪੁਲਿਸ ਨੇ ਸੜਕ `ਤੇ ਪਏ ਗੰਭੀਰ ਰੂਪ `ਚ ਜ਼ਖ਼ਮੀ ਮੁਸਲਮਾਨਾਂ ਨੂੰ ਭਾਰਤੀ ਰਾਸ਼ਟਰੀ ਗੀਤ ਗਾਉਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਜ਼ਲੀਲ ਕੀਤਾ ਅਤੇ ਠੁੱਡੇ ਮਾਰੇ। ਉਨ੍ਹਾਂ ਵਿਚੋਂ ਇਕ ਦੀ ਬਾਅਦ ਵਿਚ ਮੌਤ ਹੋ ਗਈ। ਉਨ੍ਹਾਂ ਨੂੰ ਪਤਾ ਹੋਵੇਗਾ ਕਿ ਜਿਸ ਸਮੇਂ ਉਹ ਮੋਦੀ ਦਾ ਸਵਾਗਤ ਕਰ ਰਹੇ ਸਨ, ਉਸੇ ਸਮੇਂ ਮੁਸਲਮਾਨ ਉੱਤਰੀ ਭਾਰਤ ਦੇ ਉੱਤਰਾਖੰਡ ਦੇ ਛੋਟੇ ਜਿਹੇ ਕਸਬੇ ਤੋਂ ਘਰ-ਬਾਰ ਛੱਡ ਕੇ ਭੱਜ ਰਹੇ ਸਨ ਕਿਉਂਕਿ ਭਾਜਪਾ ਨਾਲ ਜੁੜੇ ਹਿੰਦੂ ਕੱਟੜਪੰਥੀਆਂ ਨੇ ਉਨ੍ਹਾਂ ਦੇ ਦਰਵਾਜ਼ਿਆਂ `ਤੇ ‘ਐਕਸ` ਦੀ ਨਿਸ਼ਾਨੀ ਲਗਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਸੀ। ਸ਼ਰੇਆਮ ‘ਮੁਸਲਿਮ ਮੁਕਤ’ ਉੱਤਰਾਖੰਡ ਦੀ ਗੱਲ ਹੋ ਰਹੀ ਹੈ। ਉਨ੍ਹਾਂ ਨੂੰ ਪਤਾ ਹੋਵੇਗਾ ਕਿ ਮੋਦੀ ਦੀ ਨਿਗਰਾਨੀ ਹੇਠ ਭਾਰਤ ਦੇ ਉੱਤਰ-ਪੂਰਬ ਵਿਚ ਮਨੀਪੁਰ ਰਾਜ ਨੂੰ ਵਹਿਸ਼ੀ ਗ੍ਰਹਿ-ਯੁੱਧ ਵਿਚ ਧੱਕ ਦਿੱਤਾ ਗਿਆ ਹੈ। ਇਕ ਤਰ੍ਹਾਂ ਦਾ ਨਸਲੀ ਸਫ਼ਾਇਆ ਸ਼ੁਰੂ ਹੋ ਚੁੱਕਾ ਹੈ। ਉੱਥੇ ਕੇਂਦਰ ਦੀ ਮਿਲੀਭੁਗਤ ਹੈ, ਰਾਜ ਸਰਕਾਰ ਪੱਖਪਾਤੀ ਹੈ, ਸੁਰੱਖਿਆ ਦਸਤੇ ਪੁਲਿਸ ਅਤੇ ਹੋਰਾਂ ਦਰਮਿਆਨ ਵੰਡੇ ਹੋਏ ਹਨ ਅਤੇ ਉਨ੍ਹਾਂ ਦਾ ਕੋਈ ਕਮਾਂਡ ਸਿਸਟਮ ਨਹੀਂ ਹੈ। ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ, ਖ਼ਬਰਾਂ ਉੱਥੋਂ ਬਾਹਰ ਆਉਣ ਲਈ ਹਫ਼ਤੇ ਲੱਗ ਜਾਂਦੇ ਹਨ।
ਫਿਰ ਵੀ, ਆਲਮੀ ਤਾਕਤਾਂ ਮੋਦੀ ਨੂੰ ਸਮਾਜੀ ਤਾਣੇ-ਬਾਣੇ ਨੂੰ ਤਬਾਹ ਕਰਨ ਅਤੇ ਭਾਰਤ ਨੂੰ ਸਾੜਨ ਲਈ ਲੋੜੀਂਦੀ ਕੁਲ ਆਕਸੀਜਨ ਦੇਣ ਦੀ ਚੋਣ ਕਰ ਰਹੀਆਂ ਹਨ। ਮੇਰੇ ਲਈ ਇਹ ਨਸਲਵਾਦ ਦਾ ਹੀ ਰੂਪ ਹੈ। ਉਹ ਲੋਕਤੰਤਰੀ ਹੋਣ ਦਾ ਦਾਅਵਾ ਕਰਦੇ ਹਨ ਪਰ ਉਹ ਨਸਲਵਾਦੀ ਹਨ। ਉਹ ਇਹ ਨਹੀਂ ਮੰਨਦੇ ਕਿ ਉਨ੍ਹਾਂ ਦੇ ਦੱਸੇ ‘ਮੁੱਲ’ ਗੈਰ-ਗੋਰੇ ਮੁਲਕਾਂ ਉੱਪਰ ਵੀ ਲਾਗੂ ਹੋਣੇ ਚਾਹੀਦੇ ਹਨ। ਬੇਸ਼ੱਕ, ਇਹ ਹੁਣ ਬੀਤੇ ਦੀ ਗੱਲ ਬਣ ਚੁੱਕੀ ਹੈ।
ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਆਪਣੀ ਲੜਾਈ ਆਪ ਲੜਾਂਗੇ – ਤੇ ਆਖ਼ਿਰਕਾਰ ਅਸੀਂ ਆਪਣੇ ਮੁਲਕ ਨੂੰ ਵਾਪਸ ਲਵਾਂਗੇ; ਹਾਲਾਂਕਿ ਜੇ ਉਹ ਇਹ ਕਲਪਨਾ ਕਰਦੇ ਹਨ ਕਿ ਭਾਰਤ ਵਿਚ ਲੋਕਤੰਤਰ ਦੇ ਖ਼ਤਮ ਹੋਣ ਦਾ ਅਸਰ ਪੂਰੀ ਦੁਨੀਆ ਉੱਪਰ ਨਹੀਂ ਪਵੇਗਾ ਤਾਂ ਉਹ ਸੱਚਮੁੱਚ ਭਰਮ ਵਿਚ ਹਨ।
ਉਨ੍ਹਾਂ ਸਾਰਿਆਂ ਲਈ ਜੋ ਇਹ ਮੰਨਦੇ ਹਨ ਕਿ ਭਾਰਤ ਅਜੇ ਵੀ ਇਕ ਲੋਕਤੰਤਰ ਹੈ – ਇਹ ਕੁਝ ਘਟਨਾਵਾਂ ਹਨ ਜੋ ਪਿਛਲੇ ਕੁਝ ਮਹੀਨਿਆਂ `ਚ ਵਾਪਰੀਆਂ ਹਨ। ਜਦੋਂ ਮੈਂ ਕਿਹਾ ਕਿ ਅਸੀਂ ਵੱਖਰੇ ਪੜਾਅ ਵਿਚ ਪਹੁੰਚ ਗਏ ਹਾਂ ਤਾਂ ਮੇਰਾ ਭਾਵ ਇਹੀ ਸੀ। ਚਿਤਾਵਨੀਆਂ ਦਾ ਸਮਾਂ ਖ਼ਤਮ ਹੋ ਗਿਆ ਹੈ, ਤੇ ਸਾਨੂੰ ਹੁਣ ਲੋਕਾਂ ਦੇ ਇਕ ਹਿੱਸੇ ਤੋਂ ਵੀ ਓਨਾ ਹੀ ਡਰਨਾ ਚਾਹੀਦਾ ਹੈ ਜਿੰਨਾ ਅਸੀਂ ਆਪਣੇ ਆਗੂਆਂ ਤੋਂ ਡਰਦੇ ਹਾਂ:
ਮਨੀਪੁਰ ਵਿਚ, ਜਿੱਥੇ ਘਰੇਲੂ ਯੁੱਧ ਛਿੜਿਆ ਹੋਇਆ ਹੈ, ਪੁਲਿਸ ਨੇ ਜੋ ਪੂਰੀ ਤਰ੍ਹਾਂ ਪੱਖਪਾਤੀ ਹੈ, ਦੋ ਔਰਤਾਂ ਨੂੰ ਭੀੜ ਦੇ ਹਵਾਲੇ ਕਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਪੂਰੇ ਪਿੰਡ ਵਿਚ ਨੰਗੀਆਂ ਕਰ ਕੇ ਘੁੰਮਾਇਆ ਜਾ ਸਕੇ ਅਤੇ ਫਿਰ ਉਨ੍ਹਾਂ ਦਾ ਸਮੂਹਿਕ ਬਲਾਤਕਾਰ ਕੀਤਾ ਜਾ ਸਕੇ। ਉਨ੍ਹਾਂ ਵਿਚੋਂ ਇਕ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਛੋਟੇ ਭਰਾ ਦਾ ਕਤਲ ਹੁੰਦਾ ਦੇਖਿਆ। ਜੋ ਔਰਤਾਂ ਬਲਾਤਕਾਰੀਆਂ ਦੇ ਭਾਈਚਾਰੇ `ਚੋਂ ਹੀ ਹਨ, ਉਹ ਬਲਾਤਕਾਰੀਆਂ ਦੇ ਨਾਲ ਖੜ੍ਹੀਆਂ ਹੋਈਆਂ ਹਨ, ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਮਰਦਾਂ ਨੂੰ ਉਨ੍ਹਾਂ ਨਾਲ ਬਲਾਤਕਾਰ ਕਰਨ ਲਈ ਉਕਸਾਇਆ।
ਮਹਾਰਾਸ਼ਟਰ ਵਿਚ ਇਕ ਹਥਿਆਰਬੰਦ ਰੇਲਵੇ ਸੁਰੱਖਿਆ ਤਾਕਤ ਦੇ ਅਧਿਕਾਰੀ ਨੇ ਰੇਲਗੱਡੀ ਦੇ ਡੱਬਿਆਂ ਵਿਚ ਘੁੰਮ-ਘੁੰਮ ਕੇ ਕਈ ਮੁਸਲਮਾਨ ਮੁਸਾਫ਼ਰਾਂ ਨੂੰ ਗੋਲੀ ਮਾਰ ਦਿੱਤੀ ਅਤੇ ਲੋਕਾਂ ਨੂੰ ਮੋਦੀ ਨੂੰ ਵੋਟ ਪਾਉਣ ਲਈ ਕਿਹਾ।
ਇਕ ਬਹੁਤ ਹੀ ਮਸ਼ਹੂਰ ਹਿੰਦੂ ਚੌਕਸੀ ਸਰਗਨੇ ਜੋ ਅਕਸਰ ਹੀ ਚੋਟੀ ਦੇ ਸਿਆਸਤਦਾਨਾਂ ਅਤੇ ਪੁਲਸੀਆਂ ਨਾਲ ਆਪਣੇ ਮੇਲ-ਜੋਲ ਦੀਆਂ ਫੋਟੋਆਂ ਖਿਚਵਾਉਂਦਾ ਰਹਿੰਦਾ ਹੈ, ਨੇ ਹਿੰਦੂਆਂ ਨੂੰ ਸੰਘਣੀ ਆਬਾਦੀ ਵਾਲੀ ਮੁਸਲਿਮ ਬਹੁਗਿਣਤੀ ਬਸਤੀ ਵਿਚੋਂ ਲੰਘਣ ਵਾਲੇ ਧਾਰਮਿਕ ਜਲੂਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਹ ਫਰਵਰੀ ਵਿਚ ਉਨ੍ਹਾਂ ਦੋ ਮੁਸਲਮਾਨ ਨੌਜਵਾਨਾਂ ਦੇ ਕਤਲ ਦਾ ਮੁੱਖ ਦੋਸ਼ੀ ਹੈ ਜਿਨ੍ਹਾਂ ਨੂੰ ਵਾਹਨ ਨਾਲ ਬੰਨ੍ਹ ਕੇ ਜਿਊਂਦੇ ਸਾੜ ਦਿੱਤਾ ਗਿਆ ਸੀ।
ਨੂਹ ਸ਼ਹਿਰ ਗੁੜਗਾਓਂ ਦੇ ਨੇੜੇ ਹੈ ਜਿੱਥੇ ਵੱਡੀਆਂ ਕੌਮਾਂਤਰੀ ਕਾਰਪੋਰੇਸ਼ਨਾਂ ਦੇ ਦਫ਼ਤਰ ਹਨ। ਇਸ ਜਲੂਸ ਵਿਚ ਸ਼ਾਮਿਲ ਹਿੰਦੂਆਂ ਕੋਲ ਮਸ਼ੀਨਗੰਨਾਂ ਅਤੇ ਤਲਵਾਰਾਂ ਸਨ। ਮੁਸਲਮਾਨਾਂ ਨੇ ਆਪਣਾ ਬਚਾਅ ਕੀਤਾ। ਜਿਵੇਂ ਅੰਦਾਜ਼ਾ ਸੀ, ਜਲੂਸ ਦਾ ਅੰਤ ਹਿੰਸਾ ਵਿਚ ਹੋਇਆ। ਛੇ ਲੋਕ ਮਾਰੇ ਗਏ। 19 ਸਾਲ ਦੇ ਇਮਾਮ ਨੂੰ ਉਸ ਦੇ ਬਿਸਤਰੇ ਉੱਪਰ ਹੀ ਮਾਰ ਦਿੱਤਾ ਗਿਆ, ਮਸਜਿਦ ਵਿਚ ਭੰਨਤੋੜ ਕੀਤੀ ਗਈ ਅਤੇ ਉਸ ਨੂੰ ਸਾੜ ਦਿੱਤਾ ਗਿਆ। ਸਟੇਟ ਦਾ ਪ੍ਰਤੀਕਰਮ ਸਾਰੀਆਂ ਗ਼ਰੀਬ ਮੁਸਲਮਾਨ ਬਸਤੀਆਂ ਨੂੰ ਬੁਲਡੋਜਰ ਚਲਾ ਕੇ ਢਾਹ ਦੇਣ ਅਤੇ ਸੈਂਕੜੇ ਪਰਿਵਾਰਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਭੱਜਣ ਲਈ ਮਜਬੂਰ ਕਰਨ ਦਾ ਰਿਹਾ ਹੈ।
ਪ੍ਰਧਾਨ ਮੰਤਰੀ ਕੋਲ ਇਸ ਬਾਰੇ ਕੁਝ ਵੀ ਕਹਿਣ ਨੂੰ ਨਹੀਂ ਹੈ। ਚੋਣਾਂ ਦੀ ਰੁੱਤ ਹੈ। ਆਮ ਚੋਣਾਂ ਅਗਲੇ ਸਾਲ ਮਈ ਵਿਚ ਹੋਣਗੀਆਂ। ਇਹ ਸਭ ਚੋਣ ਮੁਹਿੰਮ ਦਾ ਹਿੱਸਾ ਹੈ। ਅਸੀਂ ਪਹਿਲਾਂ ਤੋਂ ਹੀ ਪਾਲਾਬੰਦ ਆਬਾਦੀ ਦੀ ਹੋਰ ਪਾਲਾਬੰਦੀ ਕਰਨ ਲਈ ਹੋਰ ਜ਼ਿਆਦਾ ਖ਼ੂਨ-ਖਰਾਬੇ, ਸਮੂਹਿਕ ਕਤਲੇਆਮ, ਝੂਠੇ ਹਮਲਿਆਂ, ਯੁੱਧ ਦੇ ਝੂਠੇ ਦੋਸ਼ਾਂ ਵਰਗਾ ਹੋਰ ਕੁਝ ਵੀ ਕਰਨ ਲਈ ਤਿਆਰ ਹਾਂ।
ਮੈਂ ਹੁਣੇ ਜਿਹੇ ਛੋਟੇ ਸਕੂਲ ਦੀ ਜਮਾਤ ਵਿਚ ਫਿਲਮਾਇਆ ਗਿਆ ਰੌਂਗਟੇ ਖੜ੍ਹੇ ਕਰਨ ਵਾਲਾ ਛੋਟਾ ਜਿਹਾ ਵੀਡੀਓ ਦੇਖਿਆ ਹੈ। ਅਧਿਆਪਕਾ ਮੁਸਲਮਾਨ ਬੱਚੇ ਨੂੰ ਆਪਣੀ ਮੇਜ਼ ਦੇ ਕੋਲ ਖੜ੍ਹਾ ਕਰਦੀ ਹੈ ਅਤੇ ਬਾਕੀ ਵਿਦਿਆਰਥੀਆਂ, ਹਿੰਦੂ ਮੁੰਡਿਆਂ ਨੂੰ ਇਕ-ਇਕ ਕਰ ਕੇ ਉਸ ਦੇ ਥੱਪੜ ਮਾਰਨ ਲਈ ਕਹਿੰਦੀ ਹੈ। ਉਹ ਉਨ੍ਹਾਂ ਨੂੰ ਡਾਂਟਦੀ ਹੈ ਜਿਨ੍ਹਾਂ ਨੇ ਉਸ ਨੂੰ ਕੱਸ ਕੇ ਥੱਪੜ ਨਹੀਂ ਮਾਰਿਆ। ਹੁਣ ਤੱਕ ਦੀ ਕਾਰਵਾਈ ਇਹ ਰਹੀ ਹੈ ਕਿ ਪਿੰਡ ਦੇ ਹਿੰਦੂਆਂ ਅਤੇ ਪੁਲਿਸ ਨੇ ਮੁਸਲਮਾਨ ਪਰਿਵਾਰ ਉੱਪਰ ਦੋਸ਼ ਨਾ ਲਗਾਉਣ ਲਈ ਦਬਾਅ ਪਾਇਆ ਹੈ। ਮੁਸਲਿਮ ਲੜਕੇ ਦੀ ਸਕੂਲ ਦੀ ਫ਼ੀਸ ਵਾਪਸ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ ਹੈ।
ਭਾਰਤ ਵਿਚ ਜੋ ਕੁਝ ਹੋ ਰਿਹਾ ਹੈ, ਉਹ ਇੰਟਰਨੈੱਟ ਫਾਸ਼ੀਵਾਦ ਦਾ ਢਿੱਲਾ-ਢਾਲਾ ਰੂਪ ਨਹੀਂ ਹੈ। ਇਹ ਅਸਲੀ ਚੀਜ਼ ਹੈ। ਅਸੀਂ ਨਾਜ਼ੀ ਬਣ ਚੁੱਕੇ ਹਾਂ। ਸਾਡੇ ਆਗੂ ਹੀ ਨਹੀਂ, ਸਾਡੇ ਟੀ.ਵੀ. ਚੈਨਲ ਅਤੇ ਅਖ਼ਬਾਰ ਹੀ ਨਹੀਂ ਸਗੋਂ ਸਾਡੀ ਆਬਾਦੀ ਦਾ ਵੱਡਾ ਹਿੱਸਾ ਵੀ। ਅਮਰੀਕਾ, ਯੂਰਪ ਅਤੇ ਦੱਖਣੀ ਅਫ਼ਰੀਕਾ ਵਿਚ ਰਹਿ ਰਹੀ ਭਾਰਤੀ ਹਿੰਦੂ ਆਬਾਦੀ ਦੀ ਵੱਡੀ ਗਿਣਤੀ ਇਨ੍ਹਾਂ ਫਾਸ਼ੀਵਾਦੀਆਂ ਦੀ ਰਾਜਨੀਤਕ ਅਤੇ ਪਦਾਰਥਕ ਹਮਾਇਤ ਕਰਦੀ ਹੈ। ਸਾਨੂੰ ਆਪਣੀਆਂ ਰੂਹਾਂ ਲਈ, ਆਪਣੇ ਬੱਚਿਆਂ ਲਈ ਅਤੇ ਆਪਣੇ ਬੱਚਿਆਂ ਦੇ ਬੱਚਿਆਂ ਲਈ ਖੜ੍ਹੇ ਹੋਣਾ ਪਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਅਸਫ਼ਲ ਹੁੰਦੇ ਹਾਂ ਜਾਂ ਸਫ਼ਲ ਹੁੰਦੇ ਹਾਂ। ਇਹ ਜ਼ਿੰਮੇਵਾਰੀ ਇਕੱਲੀ ਸਾਡੀ ਭਾਰਤੀਆਂ ਦੀ ਨਹੀਂ ਹੈ। ਛੇਤੀ ਹੀ ਜੇ 2024 ਵਿਚ ਮੋਦੀ ਜਿੱਤ ਗਿਆ ਤਾਂ ਅਸਹਿਮਤੀ ਦੇ ਸਾਰੇ ਰਾਹ ਬੰਦ ਹੋ ਜਾਣਗੇ। ਇਸ ਹਾਲ ਵਿਚ ਤੁਹਾਡੇ ਵਿਚੋਂ ਕਿਸੇ ਨੂੰ ਵੀ ਇਹ ਦਿਖਾਵਾ ਨਾ ਕਰਨਾ ਚਾਹੀਦਾ ਕਿ ਤੁਹਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ।
ਜੇਕਰ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਆਪਣੇ ਲੇਖ ‘ਕਲਪਨਾ ਦਾ ਅੰਤ` ਦਾ ਇਕ ਭਾਗ ਪੜ੍ਹ ਕੇ ਆਪਣੀ ਗੱਲ ਮੁਕਾਵਾਂਗੀ। ਇਹ ਅਸਫ਼ਲਤਾ ਬਾਰੇ ਦੋਸਤ ਨਾਲ ਗੱਲਬਾਤ ਹੈ – ਤੇ ਵਿਅਕਤੀਗਤ ਤੌਰ `ਤੇ ਮੇਰਾ, ਲੇਖਕ ਦਾ ਐਲਾਨਨਾਮਾ।
“ਮੈਂ ਕਿਹਾ ਕਿ ਕਿਸੇ ਵੀ ਮਾਮਲੇ `ਚ ਉਸ ਦਾ ਚੀਜ਼ਾਂ ਬਾਰੇ ਬਾਹਰੀ ਨਜ਼ਰੀਆ ਸੀ, ਇਹ ਧਾਰਨਾ ਕਿ ਕਿਸੇ ਵਿਅਕਤੀ ਦੀ ਖ਼ੁਸ਼ੀ, ਜਾਂ ਕਹਿ ਲਓ ਸੰਤੁਸ਼ਟੀ ਦੀ ਉਠਾਣ ਆਪਣੇ ਸਿਖ਼ਰ `ਤੇ ਸੀ (ਅਤੇ ਹੁਣ ਇਸ ਨੂੰ ਡਿੱਗਣਾ ਚਾਹੀਦਾ ਹੈ) ਕਿਉਂਕਿ ਗ਼ਲਤੀ ਨਾਲ ਉਸ ਕੋਲੋਂ ‘ਸਫਲਤਾ` ਨੂੰ ਠੋਕਰ ਵੱਜ ਗਈ ਸੀ। ਇਹ ਇਸ ਕਲਪਨਾਹੀਣ ਵਿਸ਼ਵਾਸ `ਤੇ ਅਧਾਰਤ ਸੀ ਕਿ ਦੌਲਤ ਅਤੇ ਸ਼ੁਹਰਤ ਹਰ ਕਿਸੇ ਦੇ ਸੁਪਨਿਆਂ ਦੀ ਜ਼ਰੂਰੀ ਚੀਜ਼ ਸੀ।
ਮੈਂ ਉਸ ਨੂੰ ਕਿਹਾ, ਤੁਸੀਂ ਬਹੁਤ ਲੰਮੇ ਸਮੇਂ ਤੋਂ ਨਿਊਯਾਰਕ ਵਿਚ ਰਹੇ ਹੋ। ਹੋਰ ਵੀ ਸੰਸਾਰ ਹਨ। ਹੋਰ ਕਿਸਮ ਦੇ ਸੁਪਨੇ। ਸੁਪਨੇ ਜਿਨ੍ਹਾਂ ਵਿਚ ਅਸਫ਼ਲਤਾ ਸੰਭਵ ਹੋਵੇ, ਸਨਮਾਨਯੋਗ ਹੋਵੇ, ਕਦੇ-ਕਦੇ ਇਹ ਸਫ਼ਲਤਾ ਹਾਸਲ ਕਰਨ ਲਈ ਕੋਸ਼ਿਸ਼ ਕਰਨ ਦੇ ਲਾਇਕ ਵੀ ਹੋਵੇ। ਅਜਿਹੀ ਦੁਨੀਆ ਜਿੱਥੇ ਪਛਾਣ ਹੀ ਪ੍ਰਤਿਭਾ ਜਾਂ ਮਨੁੱਖੀ ਮੁੱਲ ਦਾ ਇਕੋ-ਇਕ ਪੈਮਾਨਾ ਨਹੀਂ ਹੈ। ਇੱਥੇ ਬਹੁਤ ਸਾਰੇ ਯੋਧੇ ਹਨ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਅਤੇ ਪਿਆਰ ਕਰਦੀ ਹਾਂ, ਉਹ ਲੋਕ ਮੇਰੇ ਨਾਲੋਂ ਕਿਤੇ ਵਧੇਰੇ ਵੱਡਮੁੱਲੇ ਹਨ ਜੋ ਨਿੱਤ ਦਿਨ ਯੁੱਧ ਵਿਚ ਜਾਂਦੇ ਹਨ, ਇਹ ਪਹਿਲਾਂ ਹੀ ਜਾਣਦੇ ਹੋਏ ਕਿ ਉਹ ਅਸਫ਼ਲ ਹੋ ਜਾਣਗੇ। ਇਹ ਸੱਚ ਹੈ ਕਿ ਉਹ ਸ਼ਬਦ ਦੇ ਸਭ ਤੋਂ ਅਸ਼ਲੀਲ ਮਾਇਨਿਆਂ `ਚ ਘੱਟ ‘ਸਫ਼ਲ` ਹਨ ਪਰ ਕਿਸੇ ਵੀ ਤਰ੍ਹਾਂ ਘੱਟ ਸੰਪੂਰਨ ਨਹੀਂ ਹਨ।
ਮੈਂ ਉਸ ਨੂੰ ਕਿਹਾ, ਇੱਕੋ-ਇਕ ਸੁਪਨਾ ਜੋ ਦੇਖਣ ਲਾਇਕ ਹੈ, ਉਹ ਇਹ ਸੁਪਨਾ ਹੈ ਕਿ ਕਿ ਤੁਸੀਂ ਜਦੋਂ ਤੱਕ ਜ਼ਿੰਦਾ ਹੋ, ਉਦੋਂ ਤੱਕ ਜਿਊਂਦੇ ਵੀ ਰਹੋ, ਤੇ ਉਦੋਂ ਹੀ ਮਰੋ ਜਦੋਂ ਤੁਸੀਂ ਸੱਚਮੁੱਚ ਮਰ ਜਾਓ। ਜਿਊਂਦੇ ਜੀ ਨਾ ਮਰੋ। (ਕੀ ਇਹ ਪੂਰਵ-ਗਿਆਨ ਸੀ? ਸ਼ਾਇਦ ਇਹ ਸੀ।)
‘ਤੁਸੀਂ ਕਹਿਣਾ ਕੀ ਚਾਹੁੰਦੇ ਹੋ?` (ਭਰਵੱਟੇ ਚੜ੍ਹਾ ਕੇ ਉਸ ਨੇ ਥੋੜ੍ਹਾ ਖਿਝ ਕੇ ਕਿਹਾ।)
ਮੈਂ ਸਮਝਾਉਣ ਦੀ ਵਾਹ ਲਾਈ ਪਰ ਇਸ ਦਾ ਉਸ ਉੱਪਰ ਕੋਈ ਬਹੁਤਾ ਅਸਰ ਨਹੀਂ ਹੋਇਆ। ਕਦੇ-ਕਦੇ ਮੈਨੂੰ ਸੋਚਣ ਲਈ ਲਿਖਣਾ ਪੈਂਦਾ ਹੈ। ਇਸ ਲਈ ਮੈਂ ਉਸ ਦੇ ਲਈ ਪੇਪਰ ਨੈਪਕਿਨ `ਤੇ ਲਿਖਿਆ। ਮੈਂ ਇਹੀ ਲਿਖਿਆ ਹੈ: ਪਿਆਰ ਕਰਨਾ, ਪਿਆਰ ਲੈਣਾ, ਆਪਣਾ ਨਾਚੀਜ਼ ਹੋਣਾ ਕਦੇ ਨਾ ਭੁੱਲਣਾ, ਕਦੇ ਵੀ ਆਪਣੇ ਆਲੇ ਦੁਆਲੇ ਦੀ ਜ਼ਿੰਦਗੀ ਦੀ ਅਕਹਿ ਹਿੰਸਾ ਅਤੇ ਅਸ਼ਲੀਲ ਨਾ-ਬਰਾਬਰੀ ਦਾ ਆਦੀ ਕਦੇ ਨਾ ਹੋਣਾ, ਸਭ ਤੋਂ ਦੁਖਦਾਈ ਸਥਾਨਾਂ ਵਿਚ ਖ਼ੁਸ਼ੀ ਦੀ ਭਾਲ ਕਰਨਾ, ਸੁੰਦਰਤਾ ਦੀ ਭਾਲ ਵਿਚ ਉਸ ਦੇ ਮੂਲ ਤੱਕ ਜਾ ਪਹੁੰਚ ਜਾਣਾ ਜੋ ਪੇਚੀਦਾ ਹੈ, ਉਸ ਕਦੇ ਵੀ ਸਰਲ ਨਾ ਬਣਾਉਣਾ ਅਤੇ ਜੋ ਸਰਲ ਹੈ ਉਸਨੂੰ ਕਦੇ ਵੀ ਪੇਚੀਦਾ ਨਾ ਬਣਾਉਣਾ, ਸ਼ਕਤੀ ਦਾ ਸਤਿਕਾਰ ਕਰਨਾ, ਸੱਤਾ ਦਾ ਕਦੇ ਵੀ ਨਹੀਂ; ਤੇ ਸਭ ਤੋਂ ਵੱਧ ਕੇ, ਦੇਖਣਾ, ਸਮਝਣ ਦੀ ਕੋਸ਼ਿਸ਼ ਕਰਨਾ, ਕਦੇ ਵੀ ਨਜ਼ਰਾਂ ਨਾ ਚੁਰਾਉਣਾ ਅਤੇ ਕਦੇ ਵੀ ਨਾ ਭੁੱਲਣਾ, ਕਦੇ ਵੀ ਨਹੀਂ।”
ਮੈਂ ਇਸ ਪੁਰਸਕਾਰ ਦੇ ਸਨਮਾਨ ਲਈ ਤੁਹਾਡਾ ਦੁਬਾਰਾ ਧੰਨਵਾਦ ਕਰਦੀ ਹਾਂ। ਮੈਨੂੰ ਪੁਰਸਕਾਰ ਦੇ ਹਵਾਲੇ ਦਾ ਉਹ ਹਿੱਸਾ ਪਸੰਦ ਹੈ ਜਿਸ ਵਿਚ ਲਿਖਿਆ ਹੈ, “ਅਰੁੰਧਤੀ ਰਾਏ ਲੇਖ ਦੀ ਵਰਤੋਂ ਯੁੱਧ ਦੇ ਇਕ ਰੂਪ ਵਜੋਂ ਕਰਦੀ ਹੈ।”
ਕਿਸੇ ਲੇਖਕ ਲਈ ਇਹ ਵਿਸ਼ਵਾਸ ਕਰਨਾ ਕਿ ਉਹ ਆਪਣੀ ਲੇਖਣੀ ਨਾਲ ਦੁਨੀਆ ਨੂੰ ਬਦਲ ਸਕਦੀ ਹੈ, ਘਮੰਡ, ਹੰਕਾਰ ਅਤੇ ਜ਼ਰਾ ਕੁ ਮੂਰਖ਼ਤਾ ਵੀ ਹੋਵੇਗੀ ਪਰ ਜੇਕਰ ਉਸ ਨੇ ਕੋਸ਼ਿਸ਼ ਵੀ ਨਾ ਕੀਤੀ ਤਾਂ ਇਹ ਤਰਸਯੋਗ ਗੱਲ ਹੋਵੇਗੀ।
ਜਾਣ ਤੋਂ ਪਹਿਲਾਂ… ਮੈਂ ਬਸ ਇੰਨੀ ਗੱਲ ਕਹਿਣੀ ਚਾਹਾਂਗੀ: ਇਸ ਪੁਰਸਕਾਰ ਨਾਲ ਬਹੁਤ ਸਾਰਾ ਪੈਸਾ ਮਿਲਦਾ ਹੈ। ਇਹ ਮੈਂ ਆਪਣੇ ਕੋਲ ਨਹੀਂ ਰੱਖਾਂਗੀ। ਇਸ ਨੂੰ ਬਹੁਤ ਸਾਰੇ ਦਲੇਰ ਕਾਰਕੁਨਾਂ, ਪੱਤਰਕਾਰਾਂ, ਵਕੀਲਾਂ, ਫਿਲਮ ਨਿਰਮਾਤਾਵਾਂ ਨਾਲ ਸਾਂਝਾ ਕੀਤਾ ਜਾਵੇਗਾ ਜੋ ਲੱਗਭੱਗ ਬਿਨਾਂ ਕਿਸੇ ਵਸੀਲੇ ਦੇ ਇਸ ਹਕੂਮਤ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹਨ। ਹਾਲਾਤ ਭਾਵੇਂ ਕਿੰਨੇ ਵੀ ਗੰਭੀਰ ਕਿਉਂ ਨਾ ਹੋਣ, ਕਿਰਪਾ ਕਰ ਕੇ ਇਹ ਜਾਣ ਲਓ ਕਿ ਜ਼ਬਰਦਸਤ ਲੜਾਈ ਲੜਨੀ ਪਵੇਗੀ। (ਸਮਾਪਤ)