ਫਿਲਮ ‘ਲੰਚ ਬੌਕਸ’ ਖ਼ਤਾਂ ਰਾਹੀਂ ਪ੍ਰਵਾਨ ਚੜ੍ਹੀ ਪਿਆਰ ਕਹਾਣੀ ਹੈ। ਇਸ ਫ਼ਿਲਮ ਵਿਚ ਮੁੱਖ ਕਿਰਦਾਰ ਇਰਫ਼ਾਨ ਖ਼ਾਨ, ਨਿਮਰਤ ਕੌਰ ਅਤੇ ਨਿਵਾਜ਼ੂਦੀਨ ਸਿਦੀਕੀ ਨੇ ਨਿਭਾਏ ਹਨ। ਕਾਨ ਫ਼ਿਲਮ ਮੇਲੇ ਅਤੇ ਹੋਰ ਕਈ ਕੌਮਾਂਤਰੀ ਸਮਾਗਮਾਂ ਵਿਚ ਇਸ ਫ਼ਿਲਮ ਨੇ ਬੜੀਆਂ ਧੁੰਮਾਂ ਪਾਈਆਂ ਅਤੇ ਇਸ ਦੀ ਵਾਹਵਾ ਤਾਰੀਫ਼ ਹੋਈ। ਫਿਲਮ ਦੀ ਕਹਾਣੀ ਮੁੰਬਈ ਵਿਚ ਵਾਪਰਦੀ ਹੈ ਜਿੱਥੇ ਢਾਬੇ ਵਾਲਾ (ਲੰਚ ਬੌਕਸ ਸਰਵਿਸ) ਇਕ ਲੰਚ ਬੌਕਸ ਗ਼ਲਤ ਥਾਂ ਉਤੇ ਪਹੁੰਚਾ ਦਿੰਦਾ ਹੈ। ਇਸ ਨਾਲ ਰਿਟਾਇਰਮੈਂਟ ਕੰਢੇ ਪੁੱਜੇ ਸਾਜਨ (ਇਰਫ਼ਾਨ ਖ਼ਾਨ) ਅਤੇ ਈਲਾ (ਨਿਮਰਤ ਕੌਰ) ਵਿਚਕਾਰ ਪਿਆਰ ਸ਼ੁਰੂ ਹੋ ਜਾਂਦਾ ਹੈ। ਸਾਜਨ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਈਲਾ ਆਪਣੇ ਵਿਆਹ ਤੋਂ ਨਾਖੁਸ਼ ਹੈ। ਇਹ ਫਿਲਮ ਬਣਾਉਣ ਦੀ ਕਹਾਣੀ ਦੀ ਬੜੀ ਵਿਲੱਖਣ ਹੈ। ‘ਦਿ ਮਾਰਨਿੰਗ ਰਿਚੂਅਲ’, ‘ਗਰੀਬ ਨਿਵਾਜ਼ ਕੀ ਟੈਕਸੀ’, ‘ਕੈਫੇ ਰੈਗੂਲਰ’ ਅਤੇ ਕਾਹਿਰਾ ਵਰਗੀਆਂ ਦਸਤਾਵੇਜ਼ੀ ਫਿਲਮਾਂ ਬਣਾਉਣ ਵਾਲਾ ਫਿਲਮਸਾਜ਼ ਰਤੇਸ਼ ਬੱਤਰਾ ਮੁੰਬਈ ਵਿਚ ਲੰਚ ਬੌਕਸ ਡਿਲਿਵਰੀ ਸਿਸਟਮ ਬਾਰੇ ਦਸਤਾਵੇਜ਼ੀ ਫਿਲਮ ਬਣਾਉਣ ਪੁੱਜਾ ਸੀ। ਇਹ 2007 ਦੀ ਗੱਲ ਹੈ। ਹਫ਼ਤੇ ਭਰ ਵਿਚ ਉਸ ਨੇ ਲੰਚ ਬੌਕਸ ਸਰਵਿਸ ਬਾਰੇ ਥਾਂ-ਥਾਂ ਜਾ ਕੇ ਖੋਜ ਕੀਤੀ। ਇਸ ਹਫ਼ਤੇ ਦੌਰਾਨ ਉਸ ਨੂੰ ਇਸ ਸਰਵਿਸ ਨਾਲ ਸਬੰਧਤ ਕਈ ਕਹਾਣੀਆਂ ਬਾਰੇ ਪਤਾ ਲੱਗਿਆ। ਬੱਸ, ਇਸ ਤੋਂ ਬਾਅਦ ਉਸ ਦੇ ਮਨ ਵਿਚ ਦਸਤਾਵੇਜ਼ੀ ਫਿਲਮ ਦੀ ਥਾਂ ਮੁਕੰਮਲ ਫੀਚਰ ਫਿਲਮ ਬਣਾਉਣ ਦਾ ਖਿਆਲ ਪੱਕਾ ਹੁੰਦਾ ਗਿਆ। ਉਸ ਨੇ ਪਟਕਥਾ ਲਿਖੀ ਅਤੇ ਫਿਲਮ ਦੀ ਤਿਆਰ ਸ਼ੁਰੂ ਕਰ ਦਿੱਤੀ। ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਈ ਅਤੇ ਬੌਕਸ ਆਫ਼ਿਸ ਉਤੇ ਇਸ ਨੇ ਚੋਖੀ ਕਮਾਈ ਕੀਤੀ। ਫਿਲਮ ਆਲੋਚਕਾਂ ਨੇ ਵੀ ਇਸ ਦੀ ਬਹੁਤ ਤਾਰੀਫ਼ ਕੀਤੀ। ਸੀæਐਨæਐਨæ-ਆਈæਬੀæਐਨæ ਦੇ ਰਾਜੀਵ ਮਸੰਦ ਨੇ ਤਾਂ ਇਸ ਨੂੰ ਪੰਜ ਵਿਚੋਂ ਪੰਜ ਸਟਾਰ ਦਿੱਤੇ। ਇਸ ਫ਼ਿਲਮ ਬਾਰੇ ਚਰਚਾ ਸੀ ਕਿ ਇਹ ਆਸਕਰ ਇਨਾਮਾਂ ਲਈ ਵੀ ਭੇਜੀ ਜਾਵੇਗੀ ਪਰ ਭਾਰਤੀ ਫਿਲਮ ਫੈਡਰੇਸ਼ਨ ਨੇ ਇਸ ਦੀ ਥਾਂ ਨਵੀਂ ਗੁਜਰਾਤੀ ਫਿਲਮ ‘ਦਿ ਗੁੱਡ ਰੋਡ’ ਆਕਸਰ ਲਈ ਭੇਜ ਦਿੱਤੀ। ਫੈਡਰੇਸ਼ਨ ਦੇ ਇਸ ਫੈਸਲੇ ਦੀ ਬਹੁਤ ਨੁਕਤਾਚੀਨੀ ਹੋਈ। ਫਿਲਮ ਆਲੋਚਕਾਂ ਦਾ ਕਹਿਣਾ ਸੀ ਕਿ ਲੰਚ ਬੌਕਸ ਫਿਲਮ ਨਾਲ ਜਾਣ-ਬੁਝ ਕੇ ਵਧੀਕੀ ਕੀਤੀ ਗਈ।
ਇਸ ਫਿਲਮ ਦੀ ਨਾਇਕਾ ਨਿਮਰਤ ਕੌਰ ਸਟੇਜ ਦੀ ਬੜੀ ਦਮਦਾਰ ਅਦਾਕਾਰ ਹੈ। 13 ਮਾਰਚ 1982 ਨੂੰ ਪਿਲਾਨੀ (ਰਾਜਸਥਾਨ) ਵਿਚ ਜਨਮੀ ਨਿਮਰਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ। ਇਸ ਤੋਂ ਬਾਅਦ ਉਸ ਨੇ ਮੁੰਬਈ ਵਿਚ ਰੰਗਕਰਮੀ ਸੁਨੀਲ ਸ਼ਾਨਬਾਗ ਅਤੇ ਮਾਨਵ ਕੌਲ ਨਾਲ ਥੀਏਟਰ ਕੀਤਾ। 2012 ਵਿਚ ਉਸ ਨੇ ‘ਬਗਦਾਦ ਵੈਡਿੰਗ’ ਵਰਗੇ ਚਰਚਿਤ ਨਾਟਕ ਵਿਚ ਹਿੱਸਾ ਲਿਆ। 2012 ਵਿਚ ਹੀ ਉਸ ਦੀ ਫਿਲਮ ‘ਪੈਡਲਰਜ਼’ ਨਾਲ ਉਸ ਦੀ ਬੜੀ ਪ੍ਰਸ਼ੰਸਾ ਹੋਈ। ਉਸ ਨੇ 2006 ਵਿਚ ‘ਵਨ ਨਾਈਟ ਵਿੱਧ ਦਿ ਕਿੰਗ’, 2010 ਵਿਚ ‘ਐਨਕਾਊਂਟਰ’, 2012 ਵਿਚ ‘ਲਵ ਸ਼ਵ ਤੇ ਚਿਕਨ ਖੁਰਾਨਾ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਉਸ ਦਾ ਕੈਡਬਰੀ ਡੇਅਰੀ ਮਿਲਕ ਵਾਲਾ ਇਸ਼ਤਿਹਾਰ ਦਰਸ਼ਕਾਂ ਨੇ ਬੜਾ ਪਸੰਦ ਕੀਤਾ ਹੈ।
ਚਾਲੀ ਸਾਲਾ ਇਰਫਾਨ ‘ਲੰਚ ਬੌਕਸ’ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਹੀ ਫਿਲਮਾਂ ਵਿਚ ਕੰਮ ਕਰਨਾ ਚਾਹੁੰਦਾ ਹੈ ਅਤੇ ਖੁਦ ਵੀ ਬਣਾਉਣੀਆਂ ਚਾਹੁੰਦਾ ਹੈ। ਉਸ ਨੇ ਮੰਨਿਆ ਕਿ ਅੱਜਕੱਲ੍ਹ ਹਿੰਦੀ ਵਿਚ ਫਜ਼ੂਲ ਕਿਸਮ ਦੀਆਂ ਫਿਲਮਾਂ ਬਥੇਰੀਆਂ ਬਣਦੀਆਂ ਹਨ ਪਰ ਕੁਝ ਕੁ ਚੰਗੀਆਂ ਫਿਲਮਾਂ ਵੀ ਬਣਦੀਆਂ ਹਨ। ਇਨ੍ਹਾਂ ਵਿਚੋਂ ‘ਲੰਚ ਬੌਕਸ’ ਵੀ ਅਜਿਹੀ ਫਿਲਮ ਹੈ। ਇਸ ਫਿਲਮ ਵਿਚ ਪਿਆਰ ਦੀ ਕਹਾਣੀ ਬਹੁਤ ਸੁਚੱਜੇ ਅਤੇ ਸੂਖਮ ਢੰਗ ਨਾਲ ਦਿਖਾਈ ਗਈ ਹੈ। ਉਹ ਕਹਿੰਦਾ ਹੈ, “ਇਸ ਫਿਲਮ ਦੇ ਸੱਚ ਅਤੇ ਸੁੱਚਮ ਨਾਲ ਮੈਨੂੰ ਬੜਾ ਮੋਹ ਹੈ। ਮੈਂ ਇਸ ਫਿਲਮ ਕੰਮ ਕਰਕੇ ਧੰਨ-ਧੰਨ ਹੋ ਗਿਆ ਹਾਂ।”
Leave a Reply