ਗੁਲਜ਼ਾਰ ਸਿੰਘ ਸੰਧੂ
25 ਅਕਤੂਬਰ 2023 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਉਘੇ ਪੱਤਰਕਾਰ ਸੁਰਜਨ ਜ਼ੀਰਵੀ ਨੂੰ ਉਸ ਦੇ ਸੰਗੀ-ਸਾਥੀਆਂ ਅਤੇ ਪ੍ਰਸੰLਸਕਾਂ ਨੇ ਆਪੋ-ਆਪਣੇ ਢੰਗ ਨਾਲ ਯਾਦ ਕੀਤਾ ਹੈ। ਪੰਜਾਬੀ ਪੱਤਰਕਾਰੀ ਦੇ ਉਸ ਦੌਰ ਬਾਰੇ ਜਦੋਂ ਵੀ ਕਿਤੇ ਜ਼ਿਕਰ ਛਿੜਦਾ ਹੈ ਤਾਂ ਉਨ੍ਹਾਂ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਕਈ ਸਾਲ ਪਹਿਲਾਂ ਲਿਖੇ ਆਪਣੇ ਇਸ ਲੇਖ ਵਿਚ ਉਘੇ ਲੇਖਕ ਗੁਲਜ਼ਾਰ ਸਿੰਘ ਸੰਧੂ ਨੇ ਉਨ੍ਹਾਂ ਦੇ ਜੀਵਨ ਦੀਆਂ ਕੁਝ ਖਾਸ ਗੱਲਾਂ ਅਤੇ ਸਾਂਝਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਤੋਂ ਉਨ੍ਹਾਂ ਦੇ ਖੁੱਲ੍ਹੇ-ਖੁਲਾਸੇ ਸੁਭਾਅ ਦੇ ਨਾਲ-ਨਾਲ ਆਪਣੇ ਕਸਬ ਪ੍ਰਤੀ ਉਨ੍ਹਾਂ ਦੀ ਪਹੁੰਚ ਦੀ ਸੋਅ ਵੀ ਮਿਲਦੀ ਹੈ।
ਮੇਰੇ ਲਈ ਸੁਰਜਨ ਜ਼ੀਰਵੀ ਨੂੰ ਚੇਤੇ ਕਰਨਾ ਉਮਰ ਖ਼ੱਯਾਮ ਨੂੰ ਚੇਤੇ ਕਰਨ ਵਾਂਗ ਹੈ। ਇਸ ਲਈ ਨਹੀਂ ਕਿ ਉਹ ਕਵੀ ਹੈ ਜਾਂ ਉਸ ਦਾ ਉਮਰ ਖ਼ੱਯਾਮ ਦੇ ਦੇਸ਼ ਈਰਾਨ ਨਾਲ ਕੋਈ ਰਿਸ਼ਤਾ ਨਾਤਾ ਹੈ, ਕੇਵਲ ਇਸ ਲਈ ਕਿ ਉਸ ਦੇ ਸੁਭਾਅ ਅਤੇ ਜੀਵਨ ਸ਼ੈਲੀ ਵਿਚ ਉਮਰ ਖ਼ਯਾਮ ਦੀਆਂ ਰੁਬਾਈਆਂ ਵਰਗਾ ਰਸ ਹੈ। ਮੇਰੇ ਕੋਲ ਇਸ ਰਸ ਦੀ ਖ਼ੁਸ਼ਬੋਈ ਉਹਦੇ ਬਾਰੇ ਸੁਣੀਆਂ-ਸੁਣਾਈਆਂ ਗੱਲਾਂ ਰਾਹੀਂ ਆਈ ਹੈ। ਨਿਸਚੇ ਹੀ ਮੇਰੀਆਂ ਗੱਲਾਂ ਵਿਚ ਕਿਸੇ ਫੁੱਲ ਵਰਗੀ ਚੀਜ਼ ਨੂੰ ਛੂਹ ਕੇ ਦੇਖਣ ਨਾਲੋਂ ਸੁੰਘ ਕੇ ਮਾਨਣ ਦਾ ਅਹਿਸਾਸ ਮਿਲੇਗਾ। ਉਹਦੇ ਬਾਰੇ ਲਿਖਣਾ ਖ਼ੁਸ਼ਬੋਈ ਨੂੰ ਫੜਨ ਵਾਂਗ ਹੈ। ਜਿਹੜਾ ਬੰਦਾ ਜ਼ਿੰਦਗੀ ਦੇ ਕਿਸੇ ਵੀ ਪੜਾਅ ਉਤੇ ਤੁਹਾਡਾ ਦੋਸਤ ਨਾ ਰਿਹਾ ਹੋਵੇ, ਦੁੱਖ-ਸੁੱਖ ਦਾ ਭਾਈਵਾਲ ਵੀ ਨਹੀਂ। ਬਹੁਤ ਵੱਡੀ ਭੀੜ ਵਿਚ ਅੰਗ-ਸੰਗ ਨਹੀਂ ਤੁਰਿਆ, ਉਸ ਦੇ ਵਜੂਦ ਨੂੰ ਫੜਨਾ ਤਾਂ ਇਕ ਪਾਸੇ ਰਿਹਾ, ਉਸ ਦਾ ਆਕਾਰ ਪਛਾਣਨਾ ਵੀ ਸੌਖਾ ਨਹੀਂ। ਮੇਰੀ ਹਾਲਤ ਈਸ਼ਵਰ ਚਿੱਤਰਕਾਰ ਦੇ ਇਸ ਸ਼ਿਅਰ ਵਰਗੀ ਹੈ:
ਤੇਰੇ ਪਿਆਰ ਸਾਹਮਣੇ ਮੇਰੀ ਨਿਗਾਹ ਕੀ ਟਿਕੇ
ਫੁੱਲਾਂ ਦੀ ਮਹਿਕ ਹੈ ਸਦਾ ਫੁੱਲਾਂ ਤੋਂ ਦੌੜਦੀ ਰਹੀ।
ਬੀਤੇ ਦੇ ਝਰੋਖੇ ਵਿਚੋਂ ਕੁਝ ਗੱਲਾਂ ਫੜਨ ਲਈ ਆਪਣੇ ਮਿੱਤਰ ਹਰਦਿਆਲ (ਨੇਤਾ ਜੀ) ਦੀ ਜਵਾਨੀ ਵੱਲ ਪਰਤਦਾ ਹਾਂ।
ਆਸਮਾਂ ਕੇ ਨੀਚੇ
ਹਮ ਆਜ ਅਪਨੇ ਪੀਛੇ
ਪਿਆਰ ਕਾ ਜਹਾਂ ਬਸਾ ਕੇ ਚਲੇ।
ਜੇ ਮੈਂ ਭੁੱਲਦਾ ਨਹੀਂ ਤਾਂ ਜ਼ੀਰਵੀ ਨਾਲ ਮੇਰੀ ਪਹਿਲੀ ਮੁਲਾਕਾਤ ਜਲੰਧਰ ਨੇੜੇ ਗੜ੍ਹੇ ਪਿੰਡ ਵਿਚ
ਹੋਈ ਸੀ। ਚਾਰ ਦਹਾਕੇ ਪਹਿਲਾਂ ਹਰਦਿਆਲ ਦੇ ਘਰ। ਛੱਤ ਵਾਲੀ ਮਹਿਫ਼ਲ ਵਿਚ ਕਾਮਰੇਡ ਨੌਨਿਹਾਲ, ਪਰੇਮ ਸਿੰਘ, ਮਾਰਸ਼ਲ (ਊਧਮ ਸਿੰਘ, ਸਾਧੂ ਸਿੰਘ ਭਾਅ ਜੀ) ਤੇ ਸੁਰਿੰਦਰਪਾਲ ਦੀ ਸੰਗਤ ਵਿਚ। ਸ਼ਾਇਦ ਬਿਕਰਮ ਗਰਚਾ ਵੀ ਹਾਜ਼ਰ ਸੀ ਪਰ ਉਹ ਮਹਿਫ਼ਲ ਵਿਚ ਰੜਕਣ ਵਾਲਾ ਬੰਦਾ ਨਹੀਂ। ਉਂਜ ਵੀ ਉਹ ਮਹਿਫ਼ਲਾਂ ਮਾਨਣ ਦੇ ਦਿਨ ਸਨ। ਬੰਦੇ ਜਾਂ ਗੱਲਾਂ ਚੇਤੇ ਰੱਖਣ ਦੇ ਨਹੀਂ। ਮਹਿਫ਼ਲਾਂ ਲਾਉਣ ਲਈ ਬਹਾਨਾ ਲੱਭਣ ਦੀ ਲੋੜ ਨਹੀਂ ਸੀ ਹੁੰਦੀ। ਖ਼ੁਸ਼ੀ ਨਾਲੋਂ ਗ਼ਮੀ ਦਾ ਜਸ਼ਨ ਵਧੇਰੇ ਜੰਮਦਾ ਸੀ। ਯੋਗ ਬਹਾਨਾ ਨਾ ਮਿਲਣ ਦੀ ਸੂਰਤ ਵਿਚ ਬਹਾਨਾ ਲੱਭਣ ਵਿਚ ਆਈਆਂ ਔਕੜਾਂ ਹੀ ਮਾਣੀਆਂ ਜਾਂਦੀਆਂ। ਨਿੱਕੇ-ਮੋਟੇ ਪਾੜੇ ਗਾਇਕੀ ਨਾਲ ਭਰੇ ਜਾਂਦੇ ਸਨ। ਹਰਦਿਆਲ ਅਤੇ ਜ਼ੀਰਵੀ ਦੇ ਬੋਲ ਧੁਰ ਆਕਾਸ਼ ਤੱਕ ਚਲੇ ਜਾਂਦੇ। ਕਦੇ-ਕਦਾਈਂ ਕੰਵਲ (ਮਿਸਿਜ਼ ਹਰਦਿਆਲ) ਦੀਆਂ ਸੁਰਾਂ ਵੀ ਆ ਰਲਦੀਆਂ। ਰੰਗ ਬੰਨਿ੍ਹਆ ਜਾਂਦਾ ਸੀ। ਨੌਨਿਹਾਲ ਦਾ ਹਾਸਾ, ਮਾਰਸ਼ਲ ਦਾ ਰੋਸਾ, ਹਰਦਿਆਲ ਦੇ ਦਬਕੇ ਅਤੇ ਜ਼ੀਰਵੀ ਦਾ ਸਲੀਕਾ ਮਹਿਫ਼ਲ ਵਿਚ ਰਸ ਭਰਦੇ ਸਨ। ਲੁੱਚੇ ਤੇ ਸੁੱਚੇ ਲਤੀਫ਼ੇ। ਸਭ ਕੁਝ ਹੀ। ਇੰਨੇ ਵੱਡੇ ਜਮਘਟੇ ਅਤੇ ਧੁੰਦਲਕੇ ਵਿਚੋਂ ਜ਼ੀਰਵੀ ਦੇ ਸਲੀਕੇ ਤੇ ਅਦਬ-ਆਦਾਬ ਨੂੰ ਫੜਨਾ ਕਿੰਨਾ ਔਖਾ ਹੈ, ਤੁਸੀਂ ਜਾਣਦੇ ਹੀ ਹੋ। ਆਪਾਂ ਹਰਦਿਆਲ ਦੇ ਘਰ ਦੀ ਛੱਤ ਤੋਂ ਉਤਰ ਕੇ ‘ਨਵਾਂ ਜ਼ਮਾਨਾ’ ਦੇ ਦਫ਼ਤਰ ਚਲੀਏ, ਜਿਥੇ ਅੰਮ੍ਰਿਤ (ਜ਼ੀਰਵੀ ਦੀ ਬੀਵੀ) ਜ਼ੀਰਵੀ ਤੋਂ ਉਰਦੂ ਸਿੱਖਣ ਆਉਂਦੀ ਸੀ। ਅੰਮ੍ਰਿਤ ਨੂੰ ਉਰਦੂ ਪੜ੍ਹਨ ਦਾ ਸ਼ੌਕ ਕਿਵੇਂ ਜਾਗਿਆ, ਇਹ ਤਾਂ ਕਿਸੇ ਨੂੰ ਪਤਾ ਨਹੀਂ ਪਰ ਉਸ ਨੂੰ ਉਰਦੂ ਪੜ੍ਹਾਉਣ ਵਾਲੇ ਦਾ ਹਰ ਕੋਈ ਜਾਣੂੰ ਸੀ। ਇਹ ਸੀ ‘ਨਵਾਂ ਜ਼ਮਾਨਾ’ ਦੇ ਸੰਪਾਦਕੀ ਅਮਲੇ ਦੀ ਰੌਣਕ, ਬਣ-ਠਣ ਕੇ ਰਹਿਣ ਵਾਲਾ ਹਲਕਾ-ਫੁਲਕਾ ਬੰਦਾ ਸੁਰਜਨ ਜ਼ੀਰਵੀ। ਆਵਾਜ਼ ਦੀ ਬੁਲੰਦੀ ਵਿਚ ਹਰਦਿਆਲ ਤੋਂ ਮਾਰ ਖਾਣ ਵਾਲਾ ਪਰ ਲਿਸ਼ਕ-ਪੁਸ਼ਕ ਕੇ ਰਹਿਣ ਵਿਚ ਉਸ ਨੂੰ ਮਾਤ ਪਾਉਣ ਵਾਲਾ, ਸੁਹਣਾ ਸੁਬਕ ਤੇ ਪਤਲਾ ਪਤੰਗ ਇਨਸਾਨ। ਸਿਰ ਤੋਂ ਪੈਰਾਂ ਤਕ ਆਸ਼ਿਕ ਮਿਜ਼ਾਜ ਕਾਮਰੇਡ। ਉਸ ਦੀ ਗੁਰਗ਼ਾਬੀ ਸੱਜਰੀ ਪਾਲਿਸ਼ ਨਾਲ ਲਿਸ਼ਕਾਂ ਮਾਰਦੀ ਹੁੰਦੀ। ਉਸ ਦੀ ਸਜ-ਧਜ ਅਤੇ ਸਲੀਕੇ ਵਿਚ ਰਲੇ ਹੋਏ ਅਦਬ-ਆਦਾਬ ਨੇ ਹੀ ਸੇਠੀ ਖੱਤਰੀਆਂ ਦੀ ਧੀ ਅੰਮ੍ਰਿਤ ਦਾ ਦਿਲ ਮੋਹ ਲਿਆ ਸੀ। ਵਰਨਾ ਕੌਣ ਨਹੀਂ ਸੀ ਜਾਣਦਾ ਕਿ ਜ਼ੀਰਵੀ ਖ਼ੁਦ ਰਾਮਗੜ੍ਹੀਆ ਬਰਾਦਰੀ ‘ਚੋਂ ਸੀ, ਜਿਸ ਨੂੰ ਖੱਤਰੀ ਲੋਕ ਆਪਣੇ ਤੋਂ ਨੀਵੀਂ ਜਾਤੀ ਸਮਝਦੇ ਹਨ, ਪੜ੍ਹੇ-ਲਿਖੇ ਅਤੇ ਖ਼ਾਨਦਾਨੀ ਖੱਤਰੀ ਖ਼ਾਸ ਕਰਕੇ।
ਜ਼ੀਰਵੀ ਦੇ ਭਰਾ ਜਗਜੀਤ ਦਾ ਗਾਇਕ ਬਣਨਾ ਜਾਂ ਉਸ ਦੇ ਚਾਚੇ-ਤਾਇਆਂ ਵਿਚੋਂ ਕਿਰਪਾਲ ਸਿੰਘ ਤੇ ਜਰਨੈਲ ਸਿੰਘ ਦਾ ਚਿੱਤਰਕਾਰੀ ਦੇ ਖੇਤਰ ਵਿਚ ਨਾਂ ਬਣਾਉਣ ਦਾ ਅੰਮ੍ਰਿਤ-ਜ਼ੀਰਵੀ ਦੋਸਤੀ ਨਾਲ ਕੋਈ ਸਬੰਧ ਨਹੀਂ। ਸੁਰਜਨ ਅਤੇ ਅੰਮ੍ਰਿਤ ਦੇ ਪ੍ਰੇਮ ਸਬੰਧਾਂ ਵਿਚ ਇਸ ਪਿਛੋਕੜ ਦਾ ਯੋਗਦਾਨ ਲੱਭਣਾ ਹਵਾ ਵਿਚ ਤਲਵਾਰਾਂ ਮਾਰਨ ਵਾਂਗ ਹੋਵੇਗਾ। ਸੁਰਜਨ ਅਤੇ ਅੰਮ੍ਰਿਤ ਵਿਚ ਪਾਇਦਾਰ ਪੁਲ ਬਣਨ ਵਾਲੀ ਤਾਂ ਉਰਦੂ ਜ਼ਬਾਨ ਹੀ ਸੀ। ਇਸ ਭਾਸ਼ਾ ਦੇ ਚੋਣਵੇਂ ਸ਼ਬਦ ਆਸ਼ਕੀ-ਮਾਸ਼ੂਕੀ ਨੂੰ ਉਭਾਰਨ ਲਈ ਤਾਂ ਬੜੇ ਢੁਕਵੇਂ ਹਨ ਪਰ ਹਰ ਕਿਸੇ ਦੇ ਸਮਝ ਆਉਣ ਵਾਲੇ ਨਹੀਂ। ਖੱਬੀ ਲਹਿਰ ਦੀ ਚੜ੍ਹਤ ਦੇ ਉਨ੍ਹਾਂ ਦਿਨਾਂ ਵਿਚ ਜਦੋਂ ਵੀ ਕਿਸੇ ਨੌਜਵਾਨ ਜੋੜੇ ਦੇ ਪ੍ਰੇਮ ਸਬੰਧਾਂ ਦੀ ਗੱਲ ਤੁਰਦੀ ਸੀ ਤਾਂ ਇਸ ਨੂੰ ਉਰਦੂ ਪੜ੍ਹਨਾ ਕਿਹਾ ਜਾਂਦਾ ਸੀ। ਆਸ਼ਕੀ ਦੀ ਸ਼ਬਦਾਵਲੀ ਵਿਚ ਅਜਿਹਾ ਵਾਧਾ ਕਰਨ ਵਾਲੀ ਅੰਮ੍ਰਿਤ-ਸੁਰਜਨ ਜੋੜੀ ਹੀ ਸੀ। ਇਹ ਗੱਲ ਮੈਨੂੰ ਰਘਬੀਰ ਸਿੰਘ (ਸਿਰਜਣਾ) ਨੇ ਦੱਸੀ, ਜਿਹੜਾ ਖ਼ੁਦ ਵੀ ਉਨ੍ਹਾਂ ਦਿਨਾਂ ਵਿਚ ਖੱਤਰੀ ਬਰਾਦਰੀ (ਚੱਢਾ) ਦੀ ਸੁਲੇਖਾ ਨਾਲ ਪੱਕੇ ਸਬੰਧ ਪੈਦਾ ਕਰਨ
ਲਈ ਤਰਲੋ-ਮੱਛੀ ਹੋ ਰਿਹਾ ਸੀ। ਰਘਬੀਰ ਦੀ ਓਸ ਵੇਲੇ ਦੀ ਬਿਹਬਲਤਾ ਬਾਰੇ ਅੰਮ੍ਰਿਤ ਦੀ ਟਿੱਪਣੀ ਵੀ ਬਹੁਤ ਕੁਝ ਕਹਿੰਦੀ ਸੀ, “ਮੈਂ ਕੁੜੀਆਂ ਤਾਂ ਮੁੰਡਿਆਂ ‘ਤੇ ਫ਼ਿਦਾ ਹੁੰਦੀਆਂ ਤੱਕੀਆਂ ਸਨ, ਮੁੰਡੇ ਵੀ ਕੁੜੀਆਂ ਲਈ ਤੜਫ਼ਦੇ ਹਨ, ਕਦੀ ਨਹੀਂ ਸੀ ਸੁਣਿਆ!”
ਅਸੀਂ ਉਨ੍ਹਾਂ ਸਮਿਆਂ ਨੂੰ ਉਰਦੂ ਪੜ੍ਹਨ-ਪੜ੍ਹਾਉਣ ਦੇ ਸੁਨਹਿਰੀ ਕਾਲ ਦਾ ਨਾਂ ਦੇ ਸਕਦੇ ਹਾਂ। ਉਰਦੂ ਦੀ ਚੜ੍ਹਤ ਦਾ। ਬਾਅਦਬ ਤੇ ਬਾਸਲੀਕਾ ਸ਼ਬਦਾਵਲੀ ਦਾ। ਇਹ ਉਹ ਦਿਨ ਸਨ ਜਦ ਆਪਣੇ ਆਪ ਨੂੰ ਪੱਕਾ ਕਾਮਰੇਡ ਦਰਸਾਉਣ ਲਈ ਬਹੁਤੇ ਨੇਤਾ ਅਤੇ ਕਾਮੇ ਆਪਣੀ ਨਵੀਂ ਤੋਂ ਨਵੀਂ ਜੁੱਤੀ ਨੂੰ ਵੀ ਪਹਿਨਣ ਤੋਂ ਪਹਿਲਾਂ ਠਿੱਬੀ ਕਰ ਕੇ ਆਪਣਾ ਪ੍ਰਭਾਵ ਜਮਾਉਂਦੇ ਸਨ। ਇਸ ਇੰਨੀ ਵੱਡੀ ਭੀੜ ਵਿਚ ਕੇਵਲ ਹਰਦਿਆਲ ਅਤੇ ਜ਼ੀਰਵੀ ਹੀ ਸਨ, ਜਿਹੜੇ ਬਣ-ਠਣ ਕੇ ਰਹਿਣ ਵਿਚ ਉਚੇਚਾ ਧਿਆਨ ਦਿੰਦੇ ਸਨ। ਉਦੋਂ ਉਰਦੂ ਜਾਣਨ ਵਾਲੇ ਵੀ ਇੱਟ ਚੁੱਕਿਆਂ ਨਿਕਲ ਆਉਂਦੇ ਸਨ। ਇਸ ਲਈ ਪੜ੍ਹੇ-ਲਿਖੇ ਤੇ ਖਾਂਦੇ-ਪੀਂਦੇ ਪਰਿਵਾਰ ਦੀ ਜੰਮੀ ਜਾਈ ਅੰਮ੍ਰਿਤ ਦਾ ਜ਼ੀਰਵੀ ਨੂੰ ਆਪਣਾ ਉਸਤਾਦ ਚੁਣਨਾ ਨਿਰਾ ਸਬੱਬ ਨਹੀਂ ਸੀ। ਜ਼ੀਰਵੀ ਦੀ ਹਾਜ਼ਰ ਜਵਾਬੀ, ਜ਼ਿੰਦਗੀ ਪ੍ਰਤੀ ਪਹੁੰਚ ਅਤੇ ਸਜ-ਧਜ ਕੇ ਰਹਿਣ ਦੇ ਨੰਬਰ ਲੱਗਣ ਨਾਲ ਉਸ ਦਾ ਸਥਾਨ ਕਾਫ਼ੀ ਉਚਾ ਹੋ ਜਾਂਦਾ ਸੀ। ਮੇਰੇ ਮਿੱਤਰ ਹਰਦਿਆਲ ਵਰਗਾ। ਮੈਂ ਕਿਸੇ ਵੀ ਨੌਜਵਾਨ ਜਾਂ ਮੁਟਿਆਰ ਦੀ ਸ਼ਖ਼ਸੀਅਤ ਦਾ ਮੁੱਲ ਪਾਉਣ ਲੱਗਿਆਂ ਇਹ ਵੇਖਦਾ ਹਾਂ ਕਿ ਸਮਾਂ ਪਾ ਕੇ ਉਸ ਨੂੰ ਉਸ ਦੇ ਸਹੁਰਿਆਂ ਵੱਲੋਂ ਕਿੰਨਾ ਕੁ ਮਾਣ ਤੇ ਸਤਿਕਾਰ ਮਿਲਿਆ। ਜੇ ਪੰਜਾਬੀ ਕਵੀ ਜਸਵੰਤ ਸਿੰਘ ਨੇਕੀ ਅਤੇ ਉਸ ਦੇ ਭਰਾ ਐਸ ਐਸ ਜੋਗੀ, ਜਿਹੜੇ ਦੋਵੇਂ ਅੰਮ੍ਰਿਤ ਦੇ ਭਰਾ ਸਭ ਤੋਂ ਪਹਿਲਾਂ ਹਨ, ਨੂੰ ‘ਖ਼ੱਯਾਮ ਉਡਾਰੀ’ ਨੂੰ ਪੁਸਤਕ ਰੂਪ ਵਿਚ ਦੇਣ ਸਮੇਂ ‘ਪਰਵੇਸ਼ਕਾ’ ਲਿਖਣ ਲਈ ਸੁਰਜਨ ਜ਼ੀਰਵੀ ਹੀ ਚੁਣਨਾ ਪਿਆ ਤਾਂ ਇਕ ਸ਼ਖ਼ਸ ਵਜੋਂ ਸੁਰਜਨ ਜ਼ੀਰਵੀ ਅਤਿਅੰਤ ਪ੍ਰਵਾਣਤ ਜੀਊੜਾ ਹੈ। ਜੇ ਸੱਚ ਪੁੱਛੋਂ ਤਾਂ ਇਸ ਲੇਖ ਵਿਚ ਆਈਆਂ ਅਜਿਹੀਆਂ ਘਟਨਾਵਾਂ ਜਿਹੜੀਆਂ ਜ਼ੀਰਵੀ ਦੀ ਸ਼ਖ਼ਸੀਅਤ ਨੂੰ ਨਿਖਾਰਦੀਆਂ ਹਨ, ਉਨ੍ਹਾਂ ਦਾ ਮੂਲ ਲੇਖਕ ਮੈਂ ਨਹੀਂ, ਅੰਮ੍ਰਿਤ ਦਾ ਵੀਰ ਐਸ਼ ਐਸ਼ ਜੋਗੀ ਹੈ। ਮੇਰਾ ਯੋਗਦਾਨ ਤਾਂ ਕੇਵਲ ਇੰਨਾ ਹੀ ਹੈ ਕਿ ਮੈਂ ਉਹ ਸ਼ਬਦ ਆਪਣੇ ਕੋਲ ਰੱਖ ਲਏ ਹਨ ਜਿਹੜੇ ਗੱਲਾਂ ਲਿਖ ਕੇ ਭੇਜਣ ਸਮੇਂ ਜੋਗੀ ਨੇ ਜ਼ੀਰਵੀ ਦੀ ਉਸਤਤ ਵਿਚ ਲਿਖੇ ਸਨ। ਉਨ੍ਹਾਂ ਵਜ਼ਨਦਾਰ ਅਤੇ ਵਿਅੰਗਮਈ ਟਿੱਪਣੀਆਂ ਦੀ ਗੱਲ ਛੇੜਨ ਤੋਂ ਪਹਿਲਾਂ ਮੈਂ ਦੇਹਰਾਦੂਨ ਵਾਲੇ ਗੁਰਦੀਪ ਦੀ ਦੱਸੀ ਉਸ ਘਟਨਾ ਦਾ ਜ਼ਿਕਰ ਕਰ ਲਵਾਂ ਜਿਹੜੀ ਉਸ ਨੇ ਖ਼ੁਦ ਮੈਨੂੰ ਦੱਸੀ ਹੈ।
ਗੁਰਦੀਪ ਕਪੂਰਥਲਾ ਗਿਆ ਸੀ। ਜ਼ੀਰਵੀ ਦੇ ਸੱਦੇ ‘ਤੇ ਜਾਣ ਦਾ ਮਕਸਦ ਕੇਵਲ ਮਿਲ ਕੇ ਪਰਤ ਆਉਣਾ ਸੀ। ਉਸ ਨੇ ਦਿਨ ਦੇ ਦਿਨ ਨਹੀਂ, ਤਾਂ ਇਕ ਰਾਤ ਰਹਿ ਕੇ ਅਗਲੇ ਦਿਨ ਆ ਜਾਣਾ ਸੀ ਪਰ ਉਰਦੂ ਸ਼ਾਇਰੀ ਨੇ ਉਨ੍ਹਾਂ ਨੂੰ ਦੇਰ ਰਾਤ ਤਕ ਜਗਾਈ ਰੱਖਿਆ। ਸਵੇਰੇ ਉਠਣ ਵਿਚ ਦੇਰੀ ਹੋ ਗਈ। ਨਹਾ-ਧੋ ਕੇ ਅਤੇ ਈਮਾਨਦਾਰੀ ਨਾਲ ਤਿਆਰ ਹੋ ਕੇ ਬੱਸ ਅੱਡੇ ਉਤੇ ਪਹੁੰਚੇ ਤਾਂ ਉਥੇ ਜਾ ਕੇ ਜ਼ੀਰਵੀ ਦੀ ਨੀਅਤ ਬਦਲ ਗਈ। ਗੁਰਦੀਪ ਨੂੰ ਉਨ੍ਹੀਂ ਪੈਰੀਂ ਵਾਪਸ ਲੈ ਆਇਆ। ਦੂਜੇ ਦਿਨ ਵੀ ਇਸੇ ਤਰ੍ਹਾਂ ਹੋਇਆ। ਤੀਜੇ ਤੇ ਚੌਥੇ ਦਿਨ ਵੀ। ਜ਼ੀਰਵੀ ਨੇ ਗੁਰਦੀਪ ਨੂੰ ਪੂਰੇ ਚਾਰ ਦਿਨ ਆਪਣੇ ਕੋਲ ਰੱਖ ਕੇ ਪੰਜਵੇਂ ਦਿਨ ਬੱਸ ਚੜ੍ਹਾਇਆ।
ਉਰਦੂ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਇਨ੍ਹਾਂ ਮਿੱਤਰਾਂ ਦੀ ਪਹਿਲੀ ਮੁਲਾਕਾਤ ਵੀ ‘ਨਵਾਂ ਜ਼ਮਾਨਾ’ ਦੇ ਦਫ਼ਤਰ ਹੀ ਹੋਈ ਸੀ। ਜਿਹੜਾ ਉਦੋਂ ਤਕ ‘ਉਰਦੂ ਪੜ੍ਹਨ’ ਲਈ ਜਾਣਿਆ ਜਾਂਦਾ ਸੀ। ਗੁਰਦੀਪ ਨੂੰ ਦੇਖਦੇ ਸਾਰ ਜ਼ੀਰਵੀ ਦੀ ਆਪ ਮੁਹਾਰੀ ਟਿੱਪਣੀ ਇਹ ਸੀ ਕਿ ਉਸ ਨੂੰ ਨਵਾਂ ਪ੍ਰਾਹੁਣਾ ਦੇਖ ਕੇ ਅੰਤਾਂ ਦੀ ਖ਼ੁਸ਼ੀ ਹੋਈ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਗੁਰਦੀਪ ਦੀ ਸ਼ਖ਼ਸੀਅਤ ਦੇ ਕਿਹੜੇ ਪੱਖ ਨੇ ਉਸ ਨੂੰ ਉਚੇਚੀ ਖ਼ੁਸ਼ੀ ਦਿੱਤੀ ਹੈ ਤਾਂ ਉਸ ਦਾ ਚਾਰ ਸ਼ਬਦਾਂ ਦਾ ਸੰਖੇਪ ਜਿਹਾ ਉਤਰ ਸੀ, “ਇਹੀਉ ਕਿ ਮੇਰੇ ਜਿੰਨੇ ਪਤਲੇ ਸਰੀਰ ਦਾ ਮਾਲਕ ਦੁਨੀਆਂ ਵਿਚ ਹੋਰ ਵੀ ਕੋਈ ਹੈ।” ਜ਼ੀਰਵੀ ਦੀ ਹਾਜ਼ਰ ਜਵਾਬੀ ਨੇ ਗੁਰਦੀਪ ਨੂੰ ਅਜਿਹਾ ਕੀਲਿਆ ਕਿ ਉਨ੍ਹਾਂ ਦੀ ਮਿੱਤਰਤਾ ਹਾਲੇ ਤਕ ਕਾਇਮ ਹੈ।
ਜਦੋਂ ਅਸੀਂ ਸੁਰਜਨ ਜ਼ੀਰਵੀ ਦੀ ਹਾਜ਼ਰ ਜਵਾਬੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਨਾਂ ਨਾਲ ‘ਸਾਹਿਬ’ ਲਾਉਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਨਹੀਂ ਕਿ ਉਸ ਵਿਚ ‘ਸਾਹਿਬ’ ਲੋਕਾਂ ਵਾਲੀ ਬੂ ਹੈ, ਸਗੋਂ ਇਸ ਲਈ ਕਿ ਇਸ ਮੈਦਾਨ ਵਿਚ ਉਹ ਸ੍ਹਾਬਾਂ ਦਾ ਸ੍ਹਾਬ ਹੈ। ਹਰਦਿਆਲ ਦੇ ਨੇਤਾਵਾਂ ਦਾ ਨੇਤਾ ਹੋਣ ਯਾਨੀ ਨੇਤਾ ਜੀ ਹੋਣ ਵਾਂਗ।
ਇਕ ਵਾਰੀ ਪਾਰਟੀ ਦੀ ਮੀਟਿੰਗ ਵਿਚ ਜ਼ੀਰਵੀ ਸਾਹਬ ਚੌਕੜੀ ਮਾਰ ਕੇ ਬੈਠੇ ਹੋਏ ਸਨ। ਉਨ੍ਹਾਂ ਨੂੰ ਪੈਂਟ ਦੀ ਪੇਟੀ ਤੰਗ ਕਰ ਰਹੀ ਸੀ। ਕੁਝ ਬਹੁਤ ਹੀ ਟਾਈਟ ਸੀ। ਜਨਾਬ ਨੇ ਪੈਂਟ ਦੀ ਹੁੱਕ ਖੋਲ੍ਹ ਦਿੱਤੀ। ਪੈਂਟ ਦੇ ਦਬਾਓ ਨਾਲ ਜ਼ਿਪ ਵੀ ਖੁੱਲ੍ਹ ਗਈ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ। ਜਦੋਂ ਸਟੇਜ ਸਕੱਤਰ ਦੇ ਸੱਦੇ ਲਈ ਬੋਲਣ ਲਈ ਉਠੇ ਤਾਂ ਪੈਰ ਪੁੱਟਦੇ ਸਾਰ ਪੂਰੀ ਦੀ ਪੂਰੀ ਪੈਂਟ ਪੈਰਾਂ ਵਿਚ ਢੇਰੀ ਹੋ ਗਈ। ਸਰੋਤੇ ਠਹਾਕਾ ਮਾਰ ਕੇ ਹੱਸਣ ਲੱਗੇ। ਜ਼ੀਰਵੀ ਸਾਹਿਬ ਨੇ ਬਿਨਾਂ ਕਿਸੇ ਪ੍ਰਕਾਰ ਦੀ ਝਿਜਕ ਦੇ ਪੈਂਟ ਖਿੱਚ ਕੇ ਥਾਂ ਸਿਰ ਕੀਤੀ ਅਤੇ ਸਹਿਜ ਸੁਭਾਅ ਹੀ ਬੋਲੇ, “ਕੋਈ ਨ੍ਹੀਂ ਕਾਮਰੇਡੋ, ਆਪਣੀ ਪਾਰਟੀ ਦਾ ਵੀ ਇਹੀਓ ਹਾਲ ਹੈ।” ਸਰੋਤਿਆਂ ਵਿਚ ਆਉਣ ਵਾਲਾ ਇਸ ਵਾਰੀ ਦਾ ਠਹਾਕਾ ਪਹਿਲਾਂ ਨਾਲੋਂ ਉਚਾ ਸੀ ਜਿਸ ਦੀ ਗੂੰਜ ਕਾਫ਼ੀ ਦੇਰ ਤਕ ਛਾਈ ਰਹੀ।
ਇਸੇ ਤਰ੍ਹਾਂ ਜ਼ੀਰਵੀ ਦੇ ਘਰ ਇਕ ਮਹਿਲਾ ਦਾ ਆਉਣਾ-ਜਾਣਾ ਆਮ ਸੀ। ਘਰ ਵਿਚ ਆਈ ਹਰ ਨਵੀਂ ਵਸਤ ਨੂੰ ਸਰ੍ਹਾਉਣਾ ਉਸ ਦਾ ਸੁਭਾਅ ਸੀ। ਵਰਤਣ ਵਾਲੀ ਵਸਤ ਹੁੰਦੀ ਜਾਂ ਕੇਵਲ ਸ਼ਿੰਗਾਰ ਵਾਲੀ, ਉਹ ਹੱਥ ਵਿਚ ਲੈਂਦੀ ਅਤੇ ਚੁੱਕ-ਚੁਕਾ ਕੇ ਜਾਂ ਹੱਥਾਂ ਵਿਚ ਪਲੋਸ ਕੇ ਸਦਾ ਇਹੀਓ ਕਹਿੰਦੀ, “ਕਦੋਂ ਲਿਆਂਦੀ ਏ, ਬੜੀ ਗ਼ਜ਼ਬ ਦੀ ਚੀਜ਼ ਏ!” ਇਕ ਵਾਰੀ ਜ਼ੀਰਵੀ ਸ੍ਹਾਬ ਨਵੀਂ ਲਿਆਂਦੀ ਬੈਡ ਸ਼ੀਟ ਉਤੇ ਆਰਾਮ ਫ਼ਰਮਾ ਰਹੇ ਸਨ ਤਾਂ ਗੁਆਂਢਣ ਨੇ ਚੱਦਰ ਦੀ ਨੁੱਕਰ ਕਾਫ਼ੀ ਉਪਰ ਤਕ ਚੁੱਕ ਕੇ ਕਿਹਾ, “ਭੈਣ ਜੀ, ਅਹਿ ਤੇ ਕਮਾਲ ਹੋ ਗਈ, ਕਿੰਨੇ ਦੀ ਆਈ ਏ?” ਉਸ ਦੇ ਖਲੋਤਿਆਂ ਜ਼ੀਰਵੀ ਜੀ ਚੁੱਪ ਰਹੇ ਪਰ ਜਦੋਂ ਉਹ ਤੁਰ ਗਈ ਤਾਂ ਅੰਮ੍ਰਿਤ ਨੂੰ ਕਹਿਣ ਲੱਗੇ ਕਿ ਮੈਂ ਅੱਜ ਤੋਂ ਲੂੰਗੀ ਪਹਿਨਣੀ ਛੱਡ ਦੇਣੀ ਏ। ਇਹਦਾ ਕੀ ਪਤਾ, ਨਵੀਂ ਲੁੰਗੀ ਨੂੰ ਚੁੱਕ ਕੇ ਬੋਲ ਪਵੇ, ਬੜੀ ਗ਼ਜ਼ਬ ਦੀ ਚੀਜ਼ ਏ।” ਵਾਕ ਪੂਰਾ ਹੋਣ ਦੀ ਦੇਰ ਸੀ ਕਿ ਜ਼ੀਰਵੀ ਅਤੇ ਅੰਮ੍ਰਿਤ ਕਹਿਕਹਾ ਮਾਰ ਕੇ ਹੱਸ ਪਏ। ਕਿਸੇ ਨੂੰ ਕੀ ਦੱਸਣ ਕਿ ਕਿਹੜੀ ਗੱਲ ਤੋਂ ਹੱਸੇ ਸਨ।
ਸੁਣਨ ਵਿਚ ਆਇਆ ਹੈ ਕਿ ਪਿਛਲੇ ਦਿਨੀਂ ਫ਼ਿਲਮੀ ਦੁਨੀਆਂ ਦਾ ਇਕ ਨਿਰਦੇਸ਼ਕ ਪੰਜਾਬੀ ਪਿਕਚਰ ਦੀ ਸ਼ੂਟਿੰਗ ਲਈ ਟੋਰਾਂਟੋ (ਕੈਨੇਡਾ) ਗਿਆ। ਉਹ ਹੀਰੋ ਦੇ ਪਿਤਾ ਦਾ ਰੋਲ ਕਰਨ ਲਈ ਕਿਸੇ ਸ਼ਖ਼ਸ ਦੀ ਭਾਲ ਵਿਚ ਸੀ। ਦੱਸਣ ਵਾਲਿਆਂ ਨੇ ਜ਼ੀਰਵੀ ਸ੍ਹਾਬ ਦੀ ਦੱਸ ਪਾ ਦਿੱਤੀ। ਜਦੋਂ ਨਿਰਦੇਸ਼ਕ ਜੀ ਨੇ ਇਹ ਗੱਲ ਜ਼ੀਰਵੀ ਨਾਲ ਤੋਰਨੀ ਚਾਹੀ ਤਾਂ ਜ਼ੀਰਵੀ ਸ੍ਹਾਬ ਦੀ ਸਹਿਜ ਸੁਭਾਅ ਟਿੱਪਣੀ ਸੀ, “ਪਹਿਲਾਂ ਮੈਨੂੰ ਹੀਰੋ ਦੀ ਮਾਂ ਤਾਂ ਦਿਖਾ ਦਿਓ।”
ਜ਼ੀਰਵੀ ਦੇ ਅੰਦਾਜ਼-ਇ-ਬਿਆਂ ਦੇ ਹੋਰ ਵੀ ਬੜੇ ਕਿੱਸੇ ਹਨ। ਜਦੋਂ ਉਸ ਦੇ ਗੂੜ੍ਹੇ ਮਿੱਤਰ ਨਰਿੰਦਰ ਜੋਸ਼ੀ ਦਾ ਬਲਵਿੰਦਰ ਨਾਲ ਵਿਆਹ ਹੋਇਆ ਤਾਂ ਉਨ੍ਹਾਂ ਦੇ ਹੁਸਨ ਅਤੇ ਜਵਾਨੀ ਦੀ ਦਾਦ ਦੇਣ ਲਈ ਵਰਤਿਆ ਵਾਕ ਚੇਤੇ ਰੱਖਣ ਵਾਲਾ ਹੈ, “ਭਾਰਤ ਮਾਤਾ ਦੀਆਂ ਅੱਖਾਂ ਤਾਂ ਕੇਵਲ ਦੋ ਹੀ ਹਨ। ਬਾਕੀ ਤਾਂ ਸਾਡੇ ਵਰਗੇ ਕੁੱਕਰੇ ਹੀ ਹਨ।”
ਇਹ ਟਿੱਪਣੀ ਸੱਜ-ਵਿਆਹੀ ਜੋੜੀ ਬਾਰੇ ਸੀ। ਇਕ ਵਾਰੀ ਇਕ ਬੀਬੀ ਆਪਣੇ ਪਤੀ ਦੀਆਂ ਆਦਤਾਂ ਦਾ ਕਿੱਸਾ ਛੇੜ ਕੇ ਬਹਿ ਗਈ: “ਕਦੇ ਉਸ ਔਰਤ ਪਿੱਛੇ ਤੁਰ ਜਾਂਦਾ ਹੈ ਤੇ ਕਦੇ ਉਸ ਪਿੱਛੇ।” ਜਦੋਂ ਉਹ ਸ਼ਿਕਾਇਤਾਂ ਲਾਉਂਦੀ ਰੋਣਹਾਕੀ ਹੋ ਗਈ ਤਾਂ ਜ਼ੀਰਵੀ ਨੇ ਉਸ ਨੂੰ ਦਿਲਾਸਾ ਦਿੱਤਾ ਕਿ ਫ਼ਿਕਰ ਨਾ ਕਰੇ, ਉਹ ਸਭ ਕੁਝ ਸਾਂਭ ਲਵੇਗਾ। ਉਸ ਦੀ ਗੱਲ ਹਾਲੇ ਖ਼ਤਮ ਨਹੀਂ ਸੀ ਹੋਈ ਕਿ ਪਤੀ ਵੀ ਆ ਟਪਕਿਆ। ਜ਼ੀਰਵੀ ਨੇ ਸਭ ਦੇ ਸਾਹਮਣੇ ਉਸ ਨੂੰ ਡਾਂਟਿਆ, “ਉਇ ਭਲਿਆਮਾਣਸਾ, ਇਕੱਲਾ ਹੀ ਜੰਗਲੀ ਫੁੱਲਾਂ ਦਾ ਰਸ ਚੂਸਦਾ ਰਹਿੰਦੈਂ, ਸਾਡੇ ਵਰਗਿਆਂ ਨੂੰ ਵੀ ਨਾਲ ਲੈ ਜਾਇਆ ਕਰ।” ਸ਼ਿਕਾਇਤਕਰਤਾ ਨੂੰ ਸਮਝ ਨਾ ਆਵੇ ਕਿ ਕਹੇ ਤਾਂ ਕੀ ਕਹੇ।
ਜ਼ੀਰਵੀ ਦੀਆਂ ਗੱਲਾਂ ਤੁਰ ਪੈਣ ਤਾਂ ਮੁੱਕਣ ਵਾਲੀਆਂ ਨਹੀਂ। ਆਪਾਂ ਜ਼ੀਰਵੀ ਦੀ ਉਹ ਗੱਲ ਵੀ ਕਰ ਲਈਏ ਜਿਹੜੀ ਸਾਡੇ ਵਰਗਿਆਂ ਨਾਲ ਸਦਾ ਹੀ ਜੁੜਦੀ ਆਈ ਹੈ, ਭਾਵੇਂ ਵਾਪਰੀ ਹੋਵੇ ਜਾਂ ਨਾ। ਇਹੋ ਜਿਹੀ ਗੱਲ ਵਿਚ ਅਤਿਕਥਨੀ ਦਾ ਅੰਸ਼ ਧਾਰਮਿਕ ਸਾਖੀਆਂ ਨਾਲੋਂ ਘੱਟ ਨਹੀਂ ਹੁੰਦਾ ਅਤੇ ਮਜ਼ਾ ਵੀ ਸਾਖੀਆਂ ਵਰਗਾ ਹੀ ਹੁੰਦਾ ਹੈ। ਸਵਾਦ ਲੈਣ ਲਈ ਮਾੜੀ ਨਹੀਂ।
ਰਾਤ ਦਾ ਵਕਤ ਸੀ। ਜ਼ੀਰਵੀ ਪ੍ਰੈਸ ਇਨਫ਼ਰਮੇਸ਼ਨ ਬਿਊਰੋ ਦੇ ਜਲੰਧਰ ਵਾਲੇ ਦਫ਼ਤਰ ਦੇ ਨੇੜੇ ਗਰੀਨ ਹੋਟਲ ਦੇ ਬਾਹਰ ਖੜ੍ਹਾ ਸੀ। ਦਾਰੂ ਦਾ ਅਸਰ ਪ੍ਰਤੱਖ ਸੀ। ਦੇਖਣ ਵਾਲੇ ਤਾਂ ਜਾਣਦੇ ਸਨ ਪਰ ਜ਼ੀਰਵੀ ਉਕਾ ਹੀ ਨਹੀਂ। ਹਰ ਕਿਸੇ ਨੂੰ ਹੱਥ ਦੇ ਕੇ ਕਹਿ ਰਿਹਾ ਸੀ ਕਿ ਉਸ ਨੇ ਬੱਸ ਅੱਡੇ ਤੱਕ ਜਾਣਾ ਹੈ। ਬੱਸਾਂ ਦੇ ਤੁਰਨ ਦਾ ਟਾਈਮ ਲੰਘ ਚੁੱਕਾ ਸੀ। ਲਿਫ਼ਟ ਦੇਣ ਦਾ ਸਵਾਲ ਹੀ ਨਹੀਂ ਸੀ। ਚੰਗੇ ਭਾਗਾਂ ਨੂੰ ਕਪੂਰਥਲਾ ਦੇ ਕਿਸੇ ਹੋਟਲ ਦੇ ਮਾਲਕ (ਸੁਰਿੰਦਰ) ਨੇ ਜ਼ੀਰਵੀ ਨੂੰ ਪਛਾਣ ਲਿਆ। ਕਾਰ ਰੋਕੀ ਅਤੇ ਬਿਠਾ ਲਿਆ।
ਕਪੂਰਥਲਾ ਪਹੁੰਚਣ ਤਕ ਜ਼ੀਰਵੀ ਨੂੰ ਆਪਣੇ ਘਰ ਦਾ ਰਾਹ ਵੀ ਭੁੱਲ ਚੁੱਕਿਆ ਸੀ। ਕੋਈ ਵੀ ਪੇਸ਼ ਨਾ ਜਾਂਦੀ ਵੇਖ ਉਸ ਭਲੇਮਾਣਸ ਨੇ ਜ਼ੀਰਵੀ ਨੂੰ ਕਪੂਰਥਲਾ ਦੇ ਵੱਡੇ ਚੌਕ ‘ਤੇ ਲਾਹ ਦਿੱਤਾ ਅਤੇ ਆਪਣੇ ਘਰ ਨੂੰ ਤੁਰ ਪਿਆ।
ਜ਼ੀਰਵੀ ਨੂੰ ਜਲੰਧਰ ਵਾਲੀ ਕਵਾਇਦ ਫੇਰ ਦੁਹਰਾਉਣੀ ਪਈ। ਹਰ ਕਿਸੇ ਨੂੰ ਆਖੇ ਕਿ ਉਸ ਨੇ ਆਪਣੇ ਘਰ ਜਾਣਾ ਹੈ ਪਰ ਘਰ ਦਾ ਰਾਹ ਕਿਸੇ ਨੂੰ ਨਾ ਦੱਸੇ। ਉਹ ਕੀ ਜਾਣਨ ਕਿ ਦੱਸਣਾ ਨਹੀਂ ਸੀ ਚਾਹੁੰਦਾ, ਕਿ ਦੱਸਣ ਦੇ ਯੋਗ ਹੀ ਨਹੀਂ ਸੀ। ਕਪੂਰਥਲਾ ਉਸ ਦਾ ਆਪਣਾ ਸ਼ਹਿਰ ਸੀ। ਇਥੇ ਜਾਣਨ ਵਾਲੇ ਜਲੰਧਰ ਤੋਂ ਵੱਧ ਸਨ। ਕਿਸੇ ਭਲੇਮਾਣਸ ਨੇ ਜ਼ੀਰਵੀ ਨੂੰ ਚੁੱਕਿਆ ਅਤੇ ਉਸ ਦੇ ਘਰ ਬਾਹਰ ਲਾਹ ਆਇਆ। ਜ਼ੀਰਵੀ ਸਾਹਿਬ ਨੂੰ ਵਰਾਂਡੇ ਵਿਚ ਪਿਆ ਮੂਹੜਾ ਦਿਖਾਈ ਦੇ ਗਿਆ ਅਤੇ ਇਕ-ਅੱਧ ਦਸਤਕ ਦੇਣ ਪਿੱਛੋਂ ਵਰਾਂਡੇ ਵਾਲੇ ਮੂਹੜੇ ਉਤੇ ਹੀ ਬਿਰਾਜਮਾਨ ਹੋ ਗਿਆ। ਅੰਮ੍ਰਿਤ ਪਤਾ ਨਹੀਂ, ਕਿੰਨੀ ਵਾਰ ਬਾਹਰ ਦੇ ਚੱਕਰ ਲਾ ਕੇ ਅੰਦਰੋਂ ਕੁੰਡੀ ਲਾ ਕੇ ਸੌਂ ਚੁੱਕੀ ਸੀ। ਨੀਂਦ ਤਾਂ ਕਹਿੰਦੇ ਹਨ, ਸੂਲੀ ਉਤੇ ਵੀ ਆ ਜਾਂਦੀ ਹੈ। ਹੁਣ ਤਕ ਅੰਮ੍ਰਿਤ ਨੂੰ ਸੂਲੀ ਉਤੇ ਸੌਣ ਦੀ ਪੂਰੀ ਮੁਹਾਰਤ ਹੋ ਚੁੱਕੀ ਸੀ ਪਰ ਮਨ ਨੂੰ ਚੈਨ ਕਿੱਥੇ।
ਤੜਕਸਾਰ ਇਕ ਵਾਰੀ ਫੇਰ ਬਾਹਰ ਆਈ ਤਾਂ ਜ਼ੀਰਵੀ ਸਾਹਿਬ ਗੋਡਿਆਂ ਵਿਚ ਸਿਰ ਦੇ ਕੇ ਘੂਕ ਸੁੱਤੇ ਪਏ ਸਨ। ਉਸ ਨਸ਼ੇ ਦੀ ਲੋਰ ਵਿਚ ਜਿਸ ਨੂੰ ਗੱਡਿਆਂ ਦੇ ਗੱਡੇ ਕਿਹਾ ਜਾਂਦਾ ਹੈ। ਉਂਜ ਜ਼ੀਰਵੀ ਸਾਡੇ ਵਾਂਗ ਡੀਕ ਲਾ ਕੇ ਪੀਣ ਵਾਲਾ ਬੰਦਾ ਨਹੀਂ। ਉਹ ਪੀਣ-ਪਿਲਾਉਣ ਵਿਚ ਵੀ ਅਦਬ-ਆਦਾਬ ਦਾ ਪੱਲਾ ਨਹੀਂ ਛੱਡਦਾ। ਪੀਣ ਤੋਂ ਪਹਿਲਾਂ ਹਰ ਤਰ੍ਹਾਂ ਦੇ ਲੁਆਜ਼ੁਮਾਤ ਇਕੱਠੇ ਕਰ ਕੇ ਮਹਿਫ਼ਲ ਵਿਚ ਸ਼ਰੀਕ ਸਾਰੇ ਬੰਦਿਆਂ ਨੂੰ ਬਿਠਾਉਂਦੇ ਸਮੇਂ ਵੀ ਸਲੀਕੇ ਤੋਂ ਕੰਮ ਲੈਂਦਾ ਹੈ। ਮੁਰਗਾ, ਮੱਛੀ, ਖੱਟਾ-ਮਿੱਠਾ ਤੇ ਸੋਡਾ ਪਾਣੀ ਸਮੇਂ ਦੀ ਨਜ਼ਾਕਤ ਦੇ ਅਨੁਕੂਲ। ਮੈਂ ਉਸ ਦਾ ਇਹ ਸਲੀਕਾ ਜਲੰਧਰ ਦੇ ਗੰਨਾ ਫ਼ਾਰਮ ਵਿਖੇ ਹੀ ਨਹੀਂ, ਟੋਰਾਂਟੋ ਵਾਲੇ ਘਰ ਵੀ ਵੇਖ ਚੁੱਕਿਆ ਹਾਂ। ਇਕ-ਦੋ ਪ੍ਰਮਾਣ ਹਾਜ਼ਰ ਹਨ। ਇਕ ਵਾਰੀ ਅਸੀਂ ਟੋਰਾਂਟੋ ਵਿਚ ਹੀ ਸਾਂਝੇ ਮਿੱਤਰ ਬਲਰਾਜ ਚੀਮਾ ਦੇ 13ਵੀਂ ਮੰਜ਼ਿਲੇ ਵਾਲੇ ਘਰ ਇਕੱਠੇ ਹੋ ਗਏ। ਮੌਸਮ ਖ਼ੁਸ਼ਗਵਾਰ ਸੀ। ਹਰ ਪਾਸੇ ਤੋਂ ਠੰਢੀ ਹਵਾ ਦੇ ਬੁੱਲ੍ਹੇ ਆ ਰਹੇ ਸਨ। ਸ਼ਿਵਾਸ ਰੀਗਲ ਦੀ ਬੋਤਲ ਸੈਂਟਰ ਟੇਬਲ ‘ਤੇ ਪਈ ਸੀ। ਮੂੰਗਫ਼ਲੀ, ਕਾਜੂ ਤੇ ਨਮਕੀਨ ਦਾਲਾਂ ਸਜਾਈਆਂ ਜਾ
ਚੁੱਕੀਆਂ ਸਨ ਪਰ ਸੋਢਾ ਨਹੀਂ ਸੀ ਲੱਭ ਰਿਹਾ। ਬਲਰਾਜ ਚੀਮਾ ਆਪਣੇ ਨੌਜਵਾਨ ਸਹਾਇਕ ਨੂੰ ਕੋਸ ਰਿਹਾ ਸੀ। ਪੀਣ ਲਈ ਤਿਆਰ ਬੈਠਾ ਇਕ ਸੱਜਣ ਪੀਣ ਦੀ ਕਾਹਲ ਜਤਾ ਰਿਹਾ ਸੀ, “ਸੋਢਾ ਕਿੱਥੇ ਗੁੰਮ ਗਿਆ!” ਉਸ ਦੇ ਮੇਰਾ ਉਮਰ ਖ਼ੱਯਾਮ ਸੁਰਜਨ ਜ਼ੀਰਵੀ ਸੁਰਜਨ ਜ਼ੀਰਵੀ ਸਫਰ ਜ਼ਿੰਦਗੀ ਦਾ ਮੂੰਹ ਵਿਚੋਂ ਨਿਕਲੇ ਵਾਕ ਤੋਂ ਪ੍ਰਤੱਖ ਸੀ ਕਿ ਮਹਿਮਾਨ ਤੋਂ ਹੋਰ ਦੇਰ ਸਹਿਣ ਨਹੀਂ ਸੀ ਹੋ ਰਹੀ। ਉਤਰ ਤਾਂ ਚੀਮਾ ਨੂੰ ਦੇਣਾ ਚਾਹੀਦਾ ਸੀ ਪਰ ਬੋਲਿਆ ਸੁਰਜਨ ਜ਼ੀਰਵੀ।
ਉਸ ਦੇ ਵਾਕ ਵਿਚ ਮਸ਼ਕਰੀ ਵੀ ਸੀ, ਗੁੱਝੀ ਚੋਟ ਵੀ ਅਤੇ ਮਾਹੌਲ ਵਿਚ ਪੈਦਾ ਹੋਏ ਤਣਾਓ ਨੂੰ ਤੋੜਨ ਦਾ ਸਲੀਕਾ ਵੀ।
“ਚੀਮਾ ਨੇ ਸੋਚਿਆ ਹੋਵੇਗਾ ਕਿ ਇਹੋ ਜਿਹੇ ਵਿਚ ਵਿ੍ਹਸਕੀ ਲੁਕੋਣੀ ਤਾਂ ਮੁਸ਼ਕਲ ਹੈ, ਚੁਆਨੀ ਦਾ ਸੋਢਾ ਹੀ ਬਚਾ ਲਵਾਂ।”
ਸੋਢੇ ਦੀ ਬੋਤਲ ਦਾ ਮੁੱਲ ਇੰਡੀਅਨ ਸਿੱਕਿਆਂ ਵਿਚ ਦਰਸਾ ਕੇ ਜ਼ੀਰਵੀ ਨੇ ਪੂਰੇ ਦੇ ਪੂਰੇ ਮਾਹੌਲ ਨੂੰ ਹਲਕਾ-ਫੁਲਕਾ ਹੀ ਨਹੀਂ, ਪਿੱਛੋਂ ਪੂਰਨ ਤੌਰ ‘ਤੇ ਪੰਜਾਬੀ ਬਣਾ ਦਿੱਤਾ ਸੀ। ਇਸ ਤੋਂ ਪਿੱਛੋਂ ਬਾਹਰੋਂ ਆਏ ਤਾਜ਼ਾ ਹਵਾ ਦੇ ਬੁੱਲ੍ਹੇ ਦੀ ਹਵਾ ਏਦਾਂ ਸੀ ਜਿਵੇਂ ਸਿੱਧੀ ਅੰਮ੍ਰਿਤਸਰ ਤੇ ਲਾਹੌਰ ਦੇ ਤੂਤਾਂ ਵਿਚੋਂ ਹੋ ਕੇ ਆਈ ਹੋਵੇ।
ਜ਼ੀਰਵੀ ਦੀ ਟਿੱਪਣੀ ਨੇ ਇਸ ਤਰ੍ਹਾਂ ਦਾ ਮਾਹੌਲ ਟੋਰਾਂਟੋ ਦੇ ਉਸ ਸਮਾਗਮ ਵਿਚ ਵੀ ਪੈਦਾ ਕੀਤਾ ਜਿਹੜਾ ਉਥੋਂ ਦੇ ਪੰਜਾਬੀ ਪਿਆਰਿਆਂ ਨੇ ਮੇਰੇ ਅਤੇ ਦਿੱਲੀ ਦੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੋਪੀ ਚੰਦ ਨਾਰੰਗ ਦੇ ਸਵਾਗਤ ਵਿਚ ਰਚਾਇਆ ਸੀ। ਇਹ ਗੱਲ ਵੀ 2000 ਦੀਆਂ ਗਰਮੀਆਂ ਦੀ ਹੈ। ਇਕ-ਦੋ ਦਿਨ ਪਿੱਛੋਂ ਦੀ।
ਸਮਾਗਮ ਵਿਚ ਮੈਂ ਕੈਨੇਡਾ ਦੇ ਪੰਜਾਬੀਆਂ ਨੂੰ ਆਪਣੀ ਜ਼ਬਾਨ ਰੋਮਨ ਲਿਪੀ ਵਿਚ ਲਿਖਣ ਅਤੇ ਪ੍ਰਚਾਰਨ ਦੀ ਗੱਲ ਕੀਤੀ ਸੀ। ਇਸ ਲਈ ਕਿ ਗੁਰਮੁਖੀ ਲਿਪੀ ਨੂੰ ਜੱਫ਼ਾ ਮਾਰਨ ਨੇ ਭਾਸ਼ਾ ਦਾ ਸਾਹ ਘੁੱਟ ਛੱਡਿਆ ਹੈ। ਗੋਪੀ ਚੰਦ ਨਾਰੰਗ ਸਰੋਤਿਆਂ ਵਿਚਲੇ ਕੱਟੜਪੰਥੀਆਂ ਦੀ ਵਾਹਵਾ ਖੱਟਣ ਲਈ ਮੇਰੀ ਦਲੀਲ ਨੂੰ ਕੱਟ ਕੇ ਪੰਜਾਬੀ ਲਈ ਕੇਵਲ ਤੇ ਕੇਵਲ ਗੁਰਮੁਖੀ ਲਿਪੀ ਢੁੱਕਵੀਂ ਹੋਣ ਦੀਆਂ ਦਲੀਲਾਂ ਦੇ ਰਿਹਾ ਸੀ। ਮੈਂ ਲਿਪੀ ਦੀ ਲਚਕ ਦੇ ਹੱਕ ਵਿਚ ਸ਼ਾਹ ਮੁਹੰਮਦ, ਪੀਲੂ, ਵਾਰਿਸ ਅਤੇ ਸੂਫ਼ੀ ਕਵੀਆਂ ਦੀ ਫ਼ਾਰਸੀ ਅੱਖਰਾਂ ਵਿਚ ਲਿਖੀ ਵਧੀਆ ਪੰਜਾਬੀ ਅਤੇ ਸੁਤੰਤਰ ਭਾਰਤ ਵਿਚ ਗ਼ਾਲਿਬ, ਜ਼ੌਕ, ਮੀਰ ਦਾ ਅਤੇ ਫ਼ੈਜ਼ ਦੇ ਦੇਵਨਾਗਰੀ ਜਾਂ ਗੁਰਮੁਖੀ ਵਿਚ ਛਪੇ ਕਲਾਮ ਦੀ ਮਿਸਾਲ ਵੀ ਦਿੱਤੀ ਪਰ ਨਾਰੰਗ ਪਰਾਂ ਉਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਜ਼ੀਰਵੀ ਨੇ ਮੇਰੇ ਹੱਕ ਵਿਚ ਇਕ ਹੀ ਵਾਕ ਬੋਲ ਕੇ ਉਸ ਨੂੰ ਸ਼ਾਂਤ ਕਰ ਦਿੱਤਾ:
“ਤੁਸੀਂ ਤਾਂ ਤੈਰਨ ਦਾ ਸਬਕ ਲੈਣ ਆਏ ਨੂੰ ਇਹ ਕਹਿ ਕੇ ਵਾਪਸ ਭੇਜੀ ਜਾ ਰਹੇ ਹੋਂ ਕਿ ਤੈਰਨ ਦੀ ਜਾਚ ਨਹੀਂ, ਤਾਂ ਪਾਣੀ ਵਿਚ ਪੈਰ ਹੀ ਨਹੀਂ ਧਰ ਸਕਦੇ।”
ਪਲਾਂ-ਛਿਣਾਂ ਵਿਚ ਵੱਡੇ ਹਾਲ ਕਮਰੇ ਦੇ ਹੁੰਮਸ ਵਿਚ ਉਹੀਓ ਹਵਾ ਦਾ ਬੁੱਲ੍ਹਾ ਆ ਵੜਿਆ ਜਿਸ ਵਿਚ ਅੰਮ੍ਰਿਤਸਰ ਅਤੇ ਲਾਹੌਰ ਦੇ ਤੂਤਾਂ ਦੀ ਸੁਗੰਧ ਰਲੀ ਹੋਈ ਸੀ। ਮੈਂ ਆਪਣੀ ਗੱਲ ਦਾ ਭੋਗ ਪਾਉਣ ਤੋਂ ਪਹਿਲਾਂ ਇਕ ਹੋਰ ਗੱਲ ਵੀ ਦੱਸ ਦਿਆਂ। ਜਦੋਂ 1995 ਵਿਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਮੈਨੂੰ ‘ਦੇਸ ਸੇਵਕ’ ਦੀ ਕਮਾਂਡ ਸੰਭਾਲੀ ਤਾਂ ਮੈਂ ਪਰਚੇ ਨੂੰ ਵਧੀਆ ਬਣਾਉਣ ਲਈ ਕਿਸੇ ਯੋਗ ਸਮਾਚਾਰ ਸੰਪਾਦਕ ਦੀ ਭਾਲ ਵਿਚ ਸਾਂ। ਮੈਨੂੰ ਸੱਜੇ-ਖੱਬੇ ਅਤੇ ਅੱਗੇ-ਪਿੱਛੇ ਤੋਂ ਜਿਹੜੀਆਂ ਸਲਾਹਾਂ ਮਿਲੀਆਂ, ਉਨ੍ਹਾਂ ਦਾ ਤੋੜਾ ਤਾਂ ਇਕ ਹੀ ਵਾਕ ‘ਤੇ ਟੁੱਟਦਾ ਸੀ, “ਕੈਨੇਡਾ ਤੋਂ ਸੁਰਜਨ ਜ਼ੀਰਵੀ ਨੂੰ ਸੱਦ ਲਓ, ਜੇ ਪਰਚੇ ਵਿਚ ਜਾਨ ਪਾਉਣੀ ਹੈ ਤਾਂ।” ਉਨ੍ਹਾਂ ਦਾ ਖ਼ਿਆਲ ਸੀ ਕਿ ਕਾਮਰੇਡ ਸੁਰਜੀਤ ਅਖ਼ਬਾਰ ਕੱਢਣ ਵਾਸਤੇ ਵਿਦੇਸ਼ੀ ਸਿੱਕਿਆਂ ਦੇ ਜਹਾਜ਼ ਭਰ ਕੇ ਲਿਆਇਆ ਹੈ ਜਿਹੜੇ ਸਮੁੰਦਰ ਪਾਰ ਦੀਆਂ ਅਕਲਾਂ ਨੂੰ ਵਾਪਸ ਲਿਆ ਸਕਦੇ ਸਨ। ਸਾਡੇ ਸਾਰਿਆਂ ਦੇ ਸੁਪਨਿਆਂ ਵਿਚ ਛੇਤੀ ਹੀ ਤ੍ਰੇੜਾਂ ਆ ਗਈਆਂ, ਜਦੋਂ ਉਪ ਸੰਪਾਦਕ ਭਰਤੀ ਕਰਨ ਸਮੇਂ ਕਿਸੇ ਵੀ ਵਿਅਕਤੀ ਨੂੰ ਦੋ ਹਜ਼ਾਰ ਰੁਪਏ ਮਹੀਨਾ ਤੋਂ ਵੱਧ ਪੈਸੇ ਦੇਣ ਦੀ ਮਨਾਹੀ ਦੇ ਹੁਕਮ ਆ ਗਏ। ਮੈਨੂੰ ਉਹ ਪਰਚਾ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੂੰ ਸੱਦ ਕੇ ਕੱਢਣਾ ਪਿਆ। ਉਹ ਮੇਰੇ ਵਿਦਿਆਰਥੀ ਰਹੇ ਹੋਣ ਸਦਕਾ ਮੇਰੇ ਵਿਹੜੇ ਆ ਵੜੇ ਸਨ। ਉਨ੍ਹਾਂ ਵਿਚੋਂ ਕੁਝ ਇਕ ਨੇ ਮੇਰੇ ਘਰ ਰਹਿ ਕੇ ਅਤੇ ਰੁੱਖੀ-ਮਿੱਸੀ ਖਾ ਕੇ ਮੇਰਾ ਹੱਥ ਵਟਾਇਆ। ਸ਼ਿਵਾਸ ਰੀਗਲ ‘ਤੇ ਟਿਕ ਚੁੱਕੇ ਜ਼ੀਰਵੀ ਲਈ ਤਾਂ ਸਾਡੇ ਕੋਲ ਠੱਰ੍ਹਾ ਵੀ ਨਹੀਂ ਸੀ। ‘ਦੇਸ ਸੇਵਕ’ ਵਾਲੀ ਘਟਨਾ ਨੂੰ ਪੰਦਰਾਂ ਸਾਲ ਤੋਂ ਉਤੇ ਹੋ ਗਏ ਹਨ। ਜ਼ੀਰਵੀ ਅਤੇ ਅੰਮ੍ਰਿਤ ਦੇ ਵਾਪਸ ਪਰਤਣ ਦੀ ਕੋਈ ਸੰਭਾਵਨਾ ਨਹੀਂ।
ਕਹਿੰਦੇ ਹਨ ਕਿ ਬਹੁਤੀ ਵਾਰੀ ਚੰਗੇ ਬੰਦਿਆਂ ਨੂੰ ਉਪਰ ਵਾਲਾ ਚੁੱਕ ਲੈਂਦਾ ਹੈ। ਸਾਡੇ ਲਈ ਤਾਂ ਬਾਹਰ ਦੀ ਦੁਨੀਆਂ ਹੀ ਉਪਰ ਵਾਲੇ ਦਾ ਰੂਪ ਧਾਰੀ ਬੈਠੀ ਹੈ। ਜ਼ੀਰਵੀ ਜੋੜੀ ਦਾ ਸਾਡੇ ਹੱਥੋਂ ਗੁਆਚਣਾ ਇਸ ਦੀ ਪੁਸ਼ਟੀ ਕਰਦਾ ਹੈ। ਸਾਡੇ ਫੁੱਲ ਆਪਣੀ ਮਹਿਕ ਕਿਸੇ ਦੂਜੀ ਧਰਤੀ ਨੂੰ ਵੰਡੀ ਜਾਣ, ਚੰਗੀ ਗੱਲ ਤਾਂ ਨਹੀਂ ਪਰ ਮਾਨਵਤਾ ਦੇ ਵਿਕਾਸ ਹਿਤ ਸਭ ਕੁਝ ਪ੍ਰਵਾਨ ਕਰਨਾ ਪੈਂਦਾ ਹੈ। ਵਿਕਾਸ, ਵਗਦੀ ਨਦੀ ਦੀ ਨਿਆਈਂ ਹੁੰਦਾ ਹੈ। ਇਸ ਨੇ ਆਪਣਾ ਰਾਹ ਆਪ ਹੀ ਲੱਭਣਾ ਹੁੰਦਾ ਹੈ। ਸਾਨੂੰ ਆਪਣੇ ਸਵਾਰਥ ਨੂੰ ਛੱਡ ਕੇ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।
ਜਾਂਦੇ-ਜਾਂਦੇ ਬਹੁਤ ਹੀ ਕੰਮ ਦੀ ਗੱਲ ਚੇਤੇ ਆ ਗਈ ਹੈ। ਮੈਂ ਜ਼ੀਰਵੀ ਨੂੰ ਨੇਤਾ ਜੀ ਹਰਦਿਆਲ ਚੱਢਾ ਦੀ ਸੰਗਤ ਵਿਚ ਗਾਉਂਦੇ ਸੁਣਿਆ ਹੈ। ਦੋਵਾਂ ਦੀ ਆਵਾਜ਼ ਬੱਦਲਾਂ ਨੂੰ ਚੀਰਨ ਵਾਲੀ ਸੀ। ਅੰਦਾਜ਼ ਕਹਿਰਾਂ ਦਾ। ਉਹ ‘ਪਿਆਰ ਕਾ ਜਹਾਂ ਬਸਾ ਕੇ ਚਲੇ’ ਦੀ ਗੱਲ ਕਰਦਾ ਸੀ ਤਾਂ ਜ਼ੀਰਵੀ ਮੰਜ਼ਿਲ ‘ਤੇ ਪਹੁੰਚਣ ਵਾਲੇ ਕਾਫ਼ਲਿਆਂ ਦੀ। ਜ਼ੀਰਵੀ ਦੇ ਬੋਲ ਸਨ:
ਕਾਫ਼ਿਲੇ ਮੰਜ਼ਿਲ ‘ਤੇ ਪਹੁੰਚੇ ਕਿ ਪਹੁੰਚੇ, ਵਕਤ ਨੂੰ ਕਹੀਏ ਕਿ ਜ਼ੁਲਫ਼ਾਂ ਸ਼ਿੰਗਾਰੇ।
ਇਹ ਸ਼ਿਅਰ ਉਸ ਦੀ ਆਪਣੀ ਲਿਖੀ ਗ਼ਜ਼ਲ ਵਿਚੋਂ ਸੀ। ਉਸ ਦੀ ਅੰਮ੍ਰਿਤ ਨਾਲ ਪਿਆਰ ਕਹਾਣੀ ਦਾ ਸਾਰ। ਨੇਤਾ ਜੀ ਪਿਆਰ ਦਾ ਜਹਾਨ ਵਸਾ ਕੇ ਤੁਰ ਗਿਆ ਹੈ। ਜ਼ੀਰਵੀ ਦਾ ਕਾਫ਼ਿਲਾ ਵੀ ਮੰਜ਼ਿਲ ਤੋਂ ਪਿੱਛੇ ਨਹੀਂ ਰਿਹਾ। ਅੰਮ੍ਰਿਤ ਨੂੰ ਪਾ ਲੈਣਾ ਵੀ ਮੰਜ਼ਿਲ ‘ਤੇ ਪਹੁੰਚਣ ਤੋਂ ਘੱਟ ਨਹੀਂ। ਅਗਲੀ ਵਾਰੀ ਮਿਲੇ ਤਾਂ ਅਸੀਂ ਚਾਰ ਆਨੇ ਦਾ ਸੋਢਾ ਪੈਦਾ ਕਰਨ ਵਿਚ ਦੇਰੀ ਨਹੀਂ ਕਰਾਂਗੇ, ਤੁਸੀਂ ਵੀ ਵਕਤ ਦੀਆਂ ਜ਼ੁਲਫ਼ਾਂ ਵਿਚ ਉਲਝੇ ਬਿਨਾਂ ਬੇਬਾਕ ਹੋ ਕੇ ਗਾਉਣਾ। ਜੇ ਇਹ ਮਿਲਣੀ ਟੋਰਾਂਟੋ ਵਿਖੇ ਹੋਈ ਤਾਂ ਅਸੀਂ ਆਪਣੀ ਅੰਮ੍ਰਿਤ ਦੀ ਹਾਜ਼ਰੀ ਦੀ ਮੰਗ ਕਰਾਂਗੇ, ਜੇ ਚੰਡੀਗੜ੍ਹ ਜਾਂ ਮੁਹਾਲੀ ਮਿਲੇ ਤਾਂ ਅਸੀਂ ਕੰਵਲ (ਸ੍ਰੀਮਤੀ ਹਰਦਿਆਲ) ਪੈਦਾ ਕਰ ਦਿਆਂਗੇ। ਹੋ ਸਕਿਆ ਤਾਂ ਰਘਬੀਰ ਅਤੇ ਸੁਲੇਖਾ ਵੀ। ਹੁਣ ਤਾਂ ਗੁਰਦੀਪ ਹੁਰੀਂ ਅਤੇ ਉਮਰ ਖ਼ੱਯਾਮੀਏ ਵੀ ਇੰਨੇ ਅਪਹੁੰਚ ਨਹੀਂ ਰਹਿ ਗਏ। ਸਾਰੇ ਰਲ ਕੇ ਗਾ ਸਕਦੇ ਹਾਂ:
ਕਬ ਹਾਥ ਮੇਂ ਤੇਰਾ ਹਾਥ ਨਹੀਂ,
ਕਬ ਸਾਥ ਮੇਂ ਤੇਰਾ ਸਾਥ ਨਹੀਂ।
ਸਦ ਸ਼ੁਕਰ ਕਿ ਅਪਨੀ ਰਾਤੋਂ ਮੇਂ,
ਅਬ ਹਿਜ਼ਰ ਕੀ ਕੋਈ ਰਾਤ ਨਹੀਂ।
ਜੇ ਚਾਹੀਏ, ਹੁਣ ਤਕ ਪਾਈਆਂ ਮੰਜ਼ਿਲਾਂ ਨੂੰ ਰਲ ਕੇ ਅਲਵਿਦਾ ਵੀ ਕਹਿ ਸਕਦੇ ਹਾਂ। ਮਨ ਤਾਂ ਬਣਾਓ ਕਾਮਰੇਡੋ!