ਗੁਲਜ਼ਾਰ ਸਿੰਘ ਸੰਧੂ
ਇਸ ਵਾਰ ਵੀ ਅਕਤੂਬਰ ਮਹੀਨੇ ਵਾਲਾ ਤਿੰਨ ਰੋਜ਼ਾ ਖੁਸ਼ਵੰਤ ਸਿੰਘ ਉਤਸਵ ਬੁੱਧੀਜੀਵੀਆਂ ਦੀ ਆਮਦ ਸਦਕਾ ਗਹਿਮਾ-ਗਹਿਮੀ ਦਾ ਕੇਂਦਰ ਰਿਹਾ| 13 ਤੋਂ 15 ਅਕਤੂਬਰ ਤੱਕ ਦੇਸ਼ ਵਿਦੇਸ਼ ਦੇ ਸਮਾਜਿਕ, ਸਭਿਆਚਾਰਕ ਤੇ ਸਾਹਿਤਕ ਮਹਾਰਥੀ ਆਪੋ ਆਪਣੇ ਪੇਪਰਾਂ ਤੇ ਭਾਸ਼ਣਾਂ ਦੁਆਰਾ ਸਰੋਤਿਆਂ ਦੇ ਰੂਬਰੂ ਹੋਏ|
ਬ੍ਰਿਟਿਸ਼ ਕੋਲੰਬੀਆ ਦੇ ਉੱਜਲ ਦੁਸਾਂਝ ਨੇ ਪੰਜਾਬੀ ਪਿਆਰਿਆਂ ਦੀਆਂ ਸੱਤ ਸਮੁੰਦਰ ਪਾਰ ਦੀਆਂ ਉਡਾਰੀਆਂ ਤੇ ਔਕੜਾਂ ਦਾ ਨਕਸ਼ਾ ਖਿੱਚਿਆ| ਚੇਤੇ ਰਹੇ ਕਿ ਉੱਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਦਾ ਮੁੱਖ ਮੰਤਰੀ ਰਹਿ ਚੁੱਕਾ ਹੈ ਤੇ ਮੌਜੂਦਾ ਸਮੇਂ ਰਘਬੀਰ ਸਿੰਘ ਸਿਰਜਣਾ ਦੀ ਬੇਟੀ ਰਚਨਾ ਸਿੰਘ ਉਸ ਸੂਬੇ ਦੀ ਸਿੱਖਿਆ ਮੰਤਰੀ ਹੈ| ਏਸੇ ਤਰ੍ਹਾਂ ਸਭਿਆਚਾਰਕ, ਸਮਾਜਿਕ ਤੇ ਰਾਜਨੀਤਕ ਮਹਾਰਥੀ ਪਾਰਾਕਲਾ ਪ੍ਰਭਾਕਰ ਨੇ ਸੰਸਾਰ ਭਾਈਚਾਰੇ ਵਿਚ ਆ ਰਹੀ ਕ੍ਰਾਂਤੀਕਾਰੀ ਤਬਦੀਲੀ ਤੋਂ ਪਰਦਾ ਚੁੱਕਿਆ ਅਤੇ ਜੈਦੀਪ ਮੁਖਰਜੀ ਤੇ ਰਾਹੁਲ ਸਿੰਘ ਨੇ ਭਾਰਤ ਨੂੰ ਡੇਵਿਸ ਫਾਈਨਲ ਤੱਕ ਲਿਜਾਣ ਵਾਲੇ ਖਿਡਾਰੀਆਂ ਦੀ ਬਾਤ ਪਾਈ|
ਇਸ ਉਤਸਵ ਵਿਚ ਬਿਲਕੁਲ ਹੀ ਨਿਵੇਕਲੇ ਵਿਸ਼ੇ ਏਅਰ ਇੰਡੀਆ ਦੀ ਪਹੁੰਚ ਤੇ ਪ੍ਰਾਪਤੀਆਂ ਦੀ ਵੀ ਚਰਚਾ ਹੋਈ ਅਤੇ ਆਰ ਗੋਪਾਲਾ ਕ੍ਰਿਸ਼ਨਨ ਨੇ ਕਰਜ਼ਿਆਂ ਦਾ ਸ਼ਿਕਾਰ ਹੋਈ ਪ੍ਰਮੁੱਖ ਏਅਰ ਲਾਈਨ ਤੇ ਇਕ ਦੋ ਬੈਂਕਾਂ ਦੇ ਹਵਾਲੇ ਨਾਲ ਇਸ ਪੇਸ਼ੇ ਦੀਆਂ ਉਚਾਈਆਂ ਤੇ ਡੂੰਘਾਣਾਂ ਦੀ ਗੱਲ ਕੀਤੀ| ਅਮਰਜੀਤ ਸਿੰਘ ਦੁੱਲਤ ਨੇ ਆਪਣੇ ਨਿੱਜੀ ਅਨੁਭਵ ਦੇ ਆਧਾਰ `ਤੇ ਹੈਰਾਨ ਕਰਨ ਵਾਲੀਆਂ ਜਾਸੂਸੀ ਕਥਾਵਾਂ ਉਤੇ ਚਾਨਣਾ ਪਾ ਕੇ ਨਿਹਾਲ ਕੀਤਾ ਅਤੇ ਮਨੀਸ਼ੰਕਰ ਅੱਈਅਰ ਨੇ ਆਪਣੇ ਰਾਜਨੀਤਕ ਅਨੁਭਵ, ਆਪਣੇ ਪਰਿਵਾਰਕ ਮੈਂਬਰਾਂ ਦੇ ਦ੍ਰਿਸ਼ਟੀਕੋਣ ਪੇਸ਼ ਕੀਤੇ| ਦਿਨੇਸ਼ ਠਾਕੁਰ ਤੇ ਪ੍ਰਸ਼ਾਂਤ ਰੈੱਡੀ ਨੇ ਨਸ਼ੇ ਦੇ ਕਾਨੂੰਨਾਂ ਨੂੰ ਆਧਾਰ ਬਣਾ ਕੇ ਦਵਾਈਆਂ ਬਣਾਉਣ ਤੇ ਵੇਚਣ ਵਾਲਿਆਂ ਦੇ ਚੰਗੇ-ਮੰਦੇ ਪੱਖ ਪੇਸ਼ ਕੀਤੇ|
ਇੱਕ ਪੂਰਾ ਸੈਸ਼ਨ ਨਸ਼ਾਖੋਰੀ ਦੀਆਂ ਗੁੰਝਲਾਂ ਤੇ ਪ੍ਰਹੇਜ਼ ਦੀਆਂ ਖੂਬੀਆਂ ਨੂੰ ਵੀ ਸਮਰਪਿਤ ਰਿਹਾ| ਬਿਕਰਮਜੀਤ ਸਿੰਘ ਨੇ ਦਾਨ ਦੇਣ ਤੇ ਸੇਵਾ ਦੀ ਭਾਵਨਾ ਤੋਂ ਮਿਲਣ ਵਾਲੀ ਤਸੱਲੀ ਦਾ ਗੁਣਗਾਣ ਕੀਤਾ ਤੇ ਕਾਡੇਜ਼ੋ ਨੇ ਪੂੰਜੀਪਤੀ ਹੋਣ ਦੇ ਗੁਣਾਂ ਤੇ ਚੜ੍ਹਾਈਆਂ ਉਤੇ ਵਿਅੰਗ ਕੱਸਿਆ|
ਅੰਜੁਮ ਹਸਨ ਦਾ ਨੌਵਾਂ ਨਾਵਲ ਹਸਿਟੋਰੇ ਅਨਗੲਲ (ਇਤਿਹਾਸਕ ਫਰਿਸ਼ਤਾ) ਵੀ ਚਰਚਾ ਦਾ ਵਿਸ਼ਾ ਰਿਹਾ ਜਿਸ ਵਿਚ ਮੁਸਲਮਾਨ ਹੋਣ ਨੂੰ ‘ਅਸੀਂ’ ਤੇ ‘ਉਹ’ ਦੀ ਭਾਵਨਾਵਾਂ ਨਾਲ ਵੇਖਿਆ ਜਾਂਦਾ ਹੈ|
ਇਹ ਉਤਸਵ ਅਜੋਕੇ ਭਾਰਤ ਦੀਆਂ ਰਾਜਨੀਤਕ ਤੇ ਸਭਿਆਚਾਰ ਗੁੰਝਲਾਂ ਤੱਕ ਹੀ ਸੀਮਤ ਨਹੀਂ ਸੀ| ਏਥੇ ਰਾਜ ਬੱਬਰ ਤੇ ਜੂਹੀ ਬੱਬਰ ਨੇ ਬਾਪ ਬੇਟੀ ਦੇ ਨਿੱਜੀ ਵਰਤਾਲਾਪ ਰਾਹੀਂ ਅਜੋਕੇ ਸਭਿਆਚਾਰ ਵਿਚ ਆ ਰਹੀਆਂ ਤਬਦੀਲੀਆਂ ਦੀ ਨਾਟਕੀ ਪੇਸ਼ਕਾਰੀ ਕੀਤੀ| ਏਸੇ ਤਰ੍ਹਾਂ ਯੋਗਿਤਾ ਸ਼ਰਮਾ ਦੇ ਗੀਤਾਂ ਤੇ ਭਜਨਾਂ ਨੇ ਵੀ ਖੂਬ ਰੰਗ ਬੰਨਿ੍ਹਆ| ‘ਵੁਹ ਸੁਬ੍ਹਾ ਕਭੀ ਤੋ ਆਏਗੀ’ ਦੀ ਆਸ ਦੇ ਕੇ| ਉਮੀਦ ਹੈ ਕਿ ਕਸੌਲੀ ਉਤਸਵ ਚੰਡੀਗੜ੍ਹ ਵਾਲੇ ਰੰਧਾਵਾ ਉਤਸਵ ਵਾਂਗ ਸਵਰਗਵਾਸੀ ਖੁਸ਼ਵੰਤ ਸਿੰਘ ਦੀ ਸਦਾ ਹੀ ਯਾਦ ਦਿਵਾਂਦਾ ਰਹੇਗਾ|
ਦੁਬਈ ਤੋਂ ਪਰਤੀ ਅਜ਼ੀਜ਼ ਜੋੜੀ
ਸਾਡੇ ਵੱਡੇ ਪਰਿਵਾਰ ਦੇ ਉੱਘੇ ਮੈਂਬਰਾਂ ਦਿਲਦਾਰ ਤੇ ਸੁਲਤਾਨਾ ਜੋੜੀ ਦੀ ਸੱਜਰੀ ਦੁਬਈ ਯਾਤਰਾ ਉਥੋਂ ਦੇ ਭਾਈਚਾਰੇ ਤੇ ਸਮਾਜ ਦੇ ਨਿਵੇਕਲੇ ਕਿੱਸਿਆਂ ਦਾ ਆਧਾਰ ਹੈ| ਸਭ ਤੋਂ ਵੱਡੀ ਗੱਲ ਇਹ ਕਿ ਉਸ ਦੇਸ਼ ਵਿਚ ਪੁਲੀਸ ਨਾਂ ਦੀ ਕੋਈ ਚੀਜ਼ ਨਹੀਂ| ਥਾਂ ਪਰ ਥਾਂ ਲੱਗੇ ਕੈਮਰੇ ਦੋਸ਼ੀਆਂ ਨੂੰ ਫੜਦੇ ਤੇ ਚਲਾਨ ਦਾ ਆਧਾਰ ਬਣਦੇ ਹਨ| ਏਸ ਪੱਖ ਤੋਂ ਮੈਂ ਇਸ ਦੇਸ਼ ਨੂੰ ਮਾਲਦੀਵ ਨੂੰ ਮਾਤ ਪਾਉਂਦਾ ਦੇਖਦਾ ਹਾਂ ਜਿੱਥੋਂ ਦੀ ਪੁਲੀਸ ਕੋਲ ਡੰਡੇ ਤੋਂ ਵੱਡਾ ਹਥਿਆਰ ਨਹੀਂ ਹੁੰਦਾ| ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਦੁਬਈ ਰਹਿੰਦਿਆਂ ਤੁਹਾਨੂੰ ਲੱਖਪਤੀ ਤੇ ਕਰੋੜਪਤੀ ਹੁੰਦਿਆਂ ਵੀ ਕੋਈ ਇਨਕਮ ਟੈਕਸ ਨਹੀਂ ਦੇਣਾ ਪੈਂਦਾ| ਦਿਲਚਸਪ ਗੱਲ ਇਹ ਵੀ ਕਿ ਤੁਸੀਂ ਉਥੋਂ ਕੋਈ ਵੀ ਚੀਜ਼ ਖਰੀਦੋ ਇਸ ਉੱਤੇ ਕੇਵਲ 5% ਜੀ ਐਸ ਟੀ ਲੱਗੇਗਾ ਜਿਹੜਾ ਵਾਪਸੀ ਸਮੇਂ ਹਵਾਈ ਅੱਡੇ ਉਤੇ ਪਹੁੰਚਣ ਸਮੇਂ ਤੁਹਾਨੂੰ ਪਰਤਾ ਦਿੱਤਾ ਜਾਵੇਗਾ| ਹੈਰਾਨੀ ਦੀ ਗੱਲ ਇਹ ਕਿ ਇਸ ਦੇਸ਼ ਵਿਚ ਨਾ ਕਿਧਰੇ ਕੋਈ ਭਿਖਾਰੀ ਮਿਲਦਾ ਹੈ ਤੇ ਨਾ ਹੀ ਸੜਕਾਂ ਕੰਢੇ ਸੁੱਤਾ ਕੋਈ ਗਰੀਬ ਗੁਰਬਾ|
ਪੰਜਾਬੀ ਹੈਰਾਨ ਨਾ ਹੋਣ ਕਿ ਉਥੋਂ ਦੀਆਂ ਮੋਟਰ ਗੱਡੀਆਂ ਦੇ ਡਰਾਈਵਰ ਵਧੇਰੇ ਕਰਕੇ ਪਾਕਿਸਤਾਨੀ ਹਨ ਜਿਹੜੇ ਉਥੋਂ ਦੇ ਵਸਨੀਕ ਹੋਣ ਦੇ ਬਾਵਜੂਦ ਸਾਡੇ ਨਾਲੋਂ ਸੁੱਚੀ ਤੇ ਸੱਚੀ ਪੰਜਾਬੀ ਬੋਲਦੇ ਹਨ| ਦਿਲਦਾਰ ਤੇ ਸੁਲਤਾਨਾ ਜੋੜੀ ਨੇ ਇਹ ਵੀ ਦੱਸਿਆ ਕਿ ਸਿਰਫ ਦੁਬਈ ਵਿਚ ਹੀ ਨਹੀਂ ਸਾਰੇ ਹੀ ਯੂਨਾਈਟਡ ਅਰਬ ਦੇਸ਼ਾਂ ਵਿਚ 70 ਪ੍ਰਤੀਸ਼ਤ ਬਾਹਰਲੇ ਦੇਸ਼ਾਂ ਦੇ ਲੋਕ ਹਨ ਜਿਨ੍ਹਾਂ ਉੱਤੇ ਉਥੋਂ ਦੇ ਨਾਗਰਿਕ ਬਣਨ ਦੀ ਕੋਈ ਬੰਦਸ਼ ਨਹੀਂ| ਇਹ ਵੀ ਕਿ ਇਨ੍ਹਾਂ 70 ਫੀਸਦੀ ਪ੍ਰਦੇਸੀਆਂ ਵਿਚੋਂ 60 ਫੀਸਦੀ ਭਾਰਤੀ ਹਨ| ਮੇਰੀ ਇਸ ਯਾਤਰਾ ਵਿਚ ਦਿਲਚਸਪੀ ਦਾ ਕਾਰਨ ਦਿਲਦਾਰ ਦੇ ਮਾਪੇ ਸਿੱਖ ਤੇ ਸੁਲਤਾਨਾ ਦੇ ਮੁਸਲਿਮ ਹੋਣਾ ਵੀ ਹੈ|
1984 ਵਿਚ ਸਿੱਖਾਂ ਦੀ ਨਸਲਕੁਸ਼ੀ
ਮੋਮਬੱਤੀਆਂ ਦੇ ਉਤਸਵਾਂ ਵਿਚ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੇ ਸਿੱਖਾਂ ਨੂੰ ਜਿਸ ਆਫਤ ਦਾ ਸਾਹਮਣਾ ਕਰਨਾ ਪਿਆ| ਇਸਦਾ ਚੇਤਾ ਆਉਣਾ ਕੁਦਰਤੀ ਹੈ| ਇਸ ਘੱਲੂਘਾਰੇ ਸਮੇਂ ਮੈਂ ਵੀ ਦਿੱਲੀ ਦਾ ਵਸਨੀਕ ਸਾਂ| ਏਸ ਪ੍ਰਸੰਗ ਵਿਚ ਮੈਂ ਦਿੱਲੀ ਵਸੇਂਦੇ ਆਪਣੇ ਮਿੱਤਰ ਕਵੀ ਦੀ ਦਾਨਿਸ਼ਵਰ ਕਵਿਤਾ ਦੇ ਕੁਝ ਬੰਦ ਪੇਸ਼ ਕਰਨਾ ਚਾਹਾਂਗਾ| ਵੇਖੋ ਅੰਤਿਕਾ!
ਅੰਤਿਕਾ
-‘ਤਾਰਾ ਸਿੰਘ ਕਾਮਿਲ’-
ਕਾਹਨੂੰ ਬਾਲਦੈਂ ਬਨੇਰਿਆਂ ’ਤੇ ਮੋਮਬੱਤੀਆਂ
ਲੰਘ ਜਾਣ ਦੇ ਬਜ਼ਾਰ ’ਚੋਂ ਹਵਾਵਾਂ ਤੱਤੀਆਂ।
ਬੂਹੇ ਉਤੇ ਸ਼ਰਮਿੰਦਗੀ ਦੇ ਦਾਗ਼ ਰਹਿਣ ਦੇ
ਬਦਨਾਮ ਰਾਜਨੀਤੀ ਦੇ ਸੁਰਾਗ ਰਹਿਣ ਦੇ।
ਆਉਣ ਵਾਲਿਆਂ ਨੇ ਅੱਜ ਦਾ ਕਸੂਰ ਲਭਣਾ
ਇਹਨਾਂ ਘਰਾਂ ਵਿਚ ਬੁਝੇ ਹੋਏ ਚਰਾਗ਼ ਰਹਿਣ ਦੇ।
ਕਿਥੇ ਜਾਏਂਗਾ? ਦਿਸ਼ਾਵਾਂ ਸਭ ਲਹੂ-ਰੱਤੀਆਂ
ਕਾਹਨੂੰ ਬਾਲਦੈਂ ਬਨੇਰਿਆਂ ’ਤੇ ਮੋਮਬੱਤੀਆਂ।
ਜਦੋਂ ਗੱਲ ਤੇ ਦਲੀਲ ਬਲਵਾਨ ਨਾ ਰਹੇ
ਉਦੋਂ ਤੇਗ਼ ਤਲਵਾਰ ਵੀ ਮਿਆਨ ਨਾ ਰਹੇ।
ਐਸੀ ਵਗੀ ਏ ਹਵਾ, ਅਸੀਂ ਅੱਖੀਂ ਦੇਖਿਆ
ਜਿੰਦ ਜਾਨ ਕਹਿਣ ਵਾਲੇ, ਜਿੰਦ ਜਾਨ ਨਾ ਰਹੇ।
ਨਹੀਂ ਰੁਕੀਆਂ ਹਵਾਵਾਂ ਅਜੇ ਮਾਣ-ਮੱਤੀਆਂ
ਅਜੇ ਬਾਲ਼ ਨਾ ਬਨੇਰਿਆਂ ਤੇ ਮੋਮਬੱਤੀਆਂ।
ਲੰਘ ਜਾਣ ਦੇ ਬਜ਼ਾਰ ’ਚੋਂ ਹਵਾਵਾਂ ਤੱਤੀਆਂ|