ਸਿੱਖ ਤੇ ਪਠਾਨ

ਡਾ. ਗੁਲਾਮ ਮੁਸਤਫਾ ਡੋਗਰ
ਫੋਨ: 00447878132209
ਅਨੁਵਾਦਕ : ਜੁਗਿੰਦਰ ਸਿੰਘ ਭੱਟੀ
ਫੋਨ: 079860-37268
ਸਿੱਖ ਤੇ ਪਠਾਨ ਦੋ ਐਸੀਆਂ ਕੌਮਾਂ ਨੇ ਜੋ ਰਹਿੰਦੀਆਂ ਤਾਂ ਇਕ ਦੂਜੇ ਕੋਲੋਂ ਬਹੁਤ ਦੂਰ ਨੇ ਪਰ ਇਨ੍ਹਾਂ ਦੀਆਂ ਸ਼ਕਲਾਂ, ਆਦਤਾਂ, ਰਹਿਣ-ਸਹਿਣ ਸਾਰਾ ਆਪਸ ਵਿਚ ਮਿਲਦਾ ਏ। ਸ਼ਕਲ ਦੀ ਗੱਲ ਕਰ ਲਈਏ ਤਾਂ ਸਿੱਖ ਭਰਾ ਕੇਸ ਰੱਖਦੇ ਹਨ।

ਪਹਿਲਾਂ ਪਠਾਨ ਵੀ ਕੇਸ ਰੱਖਿਆ ਕਰਦੇ ਸਨ। ਪਰ ਉਹ ਕੇਸਾਂ ਨੂੰ ਬੰਨ੍ਹ ਕੇ ਨਹੀਂਂ, ਖੋਲ੍ਹ ਕੇ ਰੱਖਦੇ ਸੀ। ਹੁਣ ਵੀ ਪਠਾਨ ਕੇਸ ਤਾਂ ਲੰਬੇ ਰੱਖਦੇ ਨੇ ਪਰ ਕੇਸਾਂ ਨੂੰ ਬੰਨ੍ਹਦੇ ਨਹੀਂ। ਸਿੱਖ ਦਾੜ੍ਹੀ ਰੱਖਦੇ ਨੇ ਤੇ ਪਠਾਨ ਵੀ। ਸਿੱਖ ਮੁੱਛਾਂ ਰੱਖਦੇ ਨੇ ਤੇ ਪਠਾਨ ਵੀ। ਸਿੱਖ ਪਗੜੀ ਬੰਨ੍ਹਦੇ ਨੇ ਤੇ ਪਠਾਨ ਵੀ ਪੱਗੜੀ ਬੰਨ੍ਹਦੇ ਨੇ। ਫ਼ਰਕ ਸਿਰਫ਼ ਏਨਾ ਹੈ ਕਿ ਪਹਿਲਾਂ ਸਿੱਖਾਂ ਦੀ ਪੱਗੜੀ ਸਾਦੀ ਹੁੰਦੀ ਸੀ। ਪਰ ਹੁਣ ਪਟਿਆਲੇ ਦੀ ਚੁੰਝ ਵਾਲੀ ਪੱਗੜੀ ਦੀ ਕਾਢ ਸਿੱਖਾਂ ਨੇ ਆਪ ਹੀ ਕੱਢ ਲਈ। ਬਾਬਾ ਨਾਨਕ ਜਿਵੇਂ ਪੱਗੜੀ ਬੰਨ੍ਹਦੇ ਸਨ ਪਠਾਨ ਵੀ ਉਸੇ ਤਰ੍ਹਾਂ ਹੀ ਪੱਗੜੀ ਬੰਨ੍ਹਦੇ ਸੀ। ਕਾਫੀ ਪਠਾਨ ਕਾਲੀ ਪੱਗੜੀ ਬੰਨ੍ਹਦੇ ਹਨ ਤੇ ਸਿੱਖ ਵੀ। ਸਿੱਖ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਕਿਰਪਾਨ ਪਾਉਂਦੇ ਹਨ ਤਾਂ ਜੋ ਲੋੜ ਪੈਣ `ਤੇ ਆਪਣੇ ਸੱਜੇ ਹੱਥ ਨਾਲ ਕਿਰਪਾਨ ਨੂੰ ਆਸਾਨੀ ਨਾਲ ਕੱਢ ਸਕਣ। ਪਠਾਨ ਵੀ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਪਿਸਤੌਲ ਲਗਾਈ ਰੱਖਦੇ ਹਨ ਤੇ ਪਿਸਤੌਲ ਗੌਲੀਆਂ ਨਾਲ ਭਰੀ ਹੁੰਦੀ ਹੈ। ਪਠਾਨ ਪਿਸਤੌਲ ਨੂੰ ਖੱਬੇ ਪਾਸੇ ਤਾਂ ਲਾ ਕੇ ਰੱਖਦੇ ਹਨ ਤਾਂ ਜੋ ਲੋੜ ਪੈਣ ‘ਤੇ ਆਪਣੇ ਸੱਜੇ ਹੱਥ ਨਾਲ ਪਿਸਤੌਲ ਨੂੰ ਕੱਢ ਕੇ ਇਸਤੇਮਾਲ ਕਰ ਸਕਣ। ਦੋਹਾਂ ਦਾ ਸਾਦਾ ਜਿਹਾ ਲਿਬਾਸ ਹੈ। ਸਿੱਖ ਵੀ ਚਾਦਰ ਲੈਂਦੇ ਹਨ ਤੇ ਪਠਾਨ ਵੀ। ਸਿੱਖ ਤਹਿਮਦ ਤੇ ਪਜਾਮਾ ਤੇ ਪਠਾਨ ਸਲਵਾਰ ਪਾਉਂਦੇ ਹਨ। ਦੋਵੇਂ ਕਮੀਜ਼ਾਂ ਅਤੇ ਵਾਸਕਟ ਵੀ ਪਾਉਂਦੇ ਹਨ।
ਜਦੋਂ ਪਠਾਨ ਦੇ ਘਰ ਬੱਚਾ ਜਨਮ ਲੈਂਦਾ ਹੈ, ਉਸਦੇ ਕੰਨਾਂ ਵਿਚ ਪਹਿਲੀ ਆਵਾਜ਼ ਗੰਨ ਦੇ ਫਾਇਰ ਦੀ ਪੈਂਦੀ ਹੈ। ਬੇਟਾ ਹੋਵੇ ਤਾਂ ਪੰਜ ਅਤੇ ਬੇਟੀ ਹੋਵੇ ਤਾਂ ਤਿੰਨ ਫਾਇਰ ਕੱਢੇ ਜਾਂਦੇ ਨੇ। ਯਾਨੀ ਬੇਟੀ ਦੇ ਜਨਮ ਨੂੰ ਉਨ੍ਹਾਂ ਵਿਚ ਵੀ ਘੱਟ ਚੰਗਾ ਸਮਝਿਆ ਜਾਂਦਾ ਅਤੇ ਸਿੱਖਾਂ ਵਿਚ ਵੀ। ਇਤਿਹਾਸ ਵਿਚ ਇਨ੍ਹਾਂ ਦੋਵਾਂ ਕੌਮਾਂ `ਤੇ ਬਹੁਤ ਕਠਿਨ ਵਕਤ ਆਉਂਦੇ ਰਹੇ ਨੇ। ਦੋਵੇਂ ਕੌਮਾਂ ਲੜਾਕੂ ਤੇ ਬਹਾਦਰ ਨੇ। ਸਾਦੇ ਤੇ ਦਲੇਰ ਨੇ। ਸਾਦਾ ਬੰਦਾ ਹੀ ਦਲੇਰ ਹੋ ਸਕਦਾ ਏ। ਕਦੀ ਵੀ ਚਲਾਕ ਬੰਦਾ ਦਲੇਰ ਨਹੀਂਂ ਹੋ ਸਕਦਾ। ਉਹ ਗਿਣ-ਮਿੱਥ ਕੇ ਚੱਲਦਾ ਹੈ। ਪਠਾਨਾਂ ਦੀ ਕੌਮੀ ਖੇਡ ਨਿਸ਼ਾਨੇਬਾਜ਼ੀ ਹੈ। ਸਿੱਖਾਂ ਦੀ ਵੀ ਕੌਮੀ ਖੇਡ ਤਲਵਾਰਬਾਜ਼ੀ ਹੈ। ਹੋਲੇ ਮਹੱਲੇ ‘ਤੇ ਵੀ ਇਸ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਦੋਵਾਂ ਕੌਮਾਂ ਨੂੰ ਘੋੜਿਆਂ ਦਾ ਬਹੁਤ ਸ਼ੌਕ ਹੈ। ਕਈ ਗੁਰੂ ਤਾਂ ਘੋੜਿਆਂ ਦਾ ਕਾਰੋਬਾਰ ਵੀ ਕਰਦੇ ਸਨ। ਇਨ੍ਹਾਂ ਨੂੰ ਘੋੜੇ ਪਠਾਨ ਹੀ ਦਿੰਦੇ ਸਨ। ਪਠਾਨ ਹਥਿਆਰਾਂ ਦੇ ਬਹੁਤ ਸ਼ੌਕੀਨ ਨੇ ਤੇ ਸਿੱਖ ਵੀ ਹਥਿਆਰਾਂ ਦਾ ਸ਼ੌਕ ਰੱਖਦੇ ਹਨ। ਜਿਸ ਤਰ੍ਹਾਂ ਲੋਕਾਂ ਨੂੰ ਨਵੀਆਂ-ਨਵੀਆਂ ਗੱਡੀਆਂ ਦਿਖਾਉਣ ਦਾ ਸ਼ੌਕ ਹੈ ਉਸੇ ਤਰ੍ਹਾਂ ਇਨ੍ਹਾਂ ਲੋਕਾਂ ਨੂੰ ਨਵੇਂ-ਨਵੇਂ ਹਥਿਆਰ ਦਿਖਾਉਣ ਦਾ ਸ਼ੌਕ ਹੈ। ਕਾਬੁਲ ਤੋਂ ਲੈ ਕੇ ਕਰਾਚੀ ਤੱਕ ਟਰਾਂਸਪੋਰਟ ਦਾ ਸਾਰਾ ਕਾਰੋਬਾਰ ਪਠਾਨਾਂ ਕੋਲ ਹੈ। ਬੱਸਾਂ, ਟਰੱਕਾਂ ਤੇ ਰਿਕਸ਼ਿਆਂ ਦੇ ਬਹੁਤ ਡਰਾਈਵਰ ਪਠਾਨ ਨੇ। ਪਾਕਿਸਤਾਨ ਦੀ ਬੱਸਾਂ ਦੀ ਟਰਾਂਸਪੋਰਟ ਦੀ ਬਹੁਤ ਵੱਡੀ ਕੰਪਨੀ ਜਿਸਦਾ ਨਾਮ ਹੀ ‘ਨਿਊ ਖਾਨ’ ਹੈ। ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਇੰਡੀਆ ‘ਚ ਟਰਾਂਸਪੋਰਟ ਦੇ ਕੰਮ ‘ਚ ਜ਼ਿਆਦਾ ਸਿੱਖ ਨੇ। ਸਿੱਖਾਂ ਦੇ ਢਾਬੇ ਵੀ ਬਹੁਤ ਨੇ। ਪਠਾਨ ਵੀ ਹੋਟਲਾਂ ਦਾ ਬਹੁਤ ਕੰਮ ਕਰਦੇ ਨੇ। ਇਨ੍ਹਾਂ ਦੇ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚ ਬਹੁਤ ਹੋਟਲ ਨੇ। ਕਈ ਖਾਣਿਆਂ ਦਾ ਨਾਮ ਹੀ ਪਠਾਨਾਂ ‘ਤੇ ਹੈ ਜਿਵੇਂ ਕਾਬੁਲੀ ਪੁਲਾਓ ਤੇ ਪਿਸ਼ਾਵਰੀ ਕਬਾਬ।
ਪਾਕਿਸਤਾਨ ਵਿਚ ਟਰੱਕ ਡਰਾਈਵਰਾਂ ਦੇ ਹੋਟਲਾਂ ਦੀ ਇਕ ਵੱਡੀ ਤਦਾਦ ਹੈ ਜਿਸ ਦਾ ਨਾਮ ਹੈ ਸ਼ਨਵਾਰੀ ਹੋਟਲ। ਸ਼ਨਵਾਰੀ ਪਠਾਨਾਂ ਦੀ ਹੀ ਇਕ ਕੌਮ ਹੈ। ਪਠਾਨ ਮਜ਼ਦੂਰੀ ਕਰਨ ਵਾਸਤੇ ਦੂਜੇ ਮੁਲਕਾਂ ਵਿਚ ਟੁਰ ਜਾਂਦੇ ਸੀ। ਪੁਰਾਣੇ ਜ਼ਮਾਨੇ ਵਿਚ ਪੰਜਾਬ ਦੇ ਪਿੰਡਾਂ ਦੀਆਂ ਕੱਚੀਆਂ ਕੰਧਾਂ ਵੀ ਪਠਾਨ ਆ ਕੇ ਬਣਾਉਂਦੇ ਸਨ। ਸਿੱਖ ਇਸ ਕੰਮ ਵਿਚ ਪਠਾਨਾਂ ਨਾਲੋਂ ਅੱਗੇ ਲੰਘ ਗਏ ਹਨ। ਸਿੱਖ ਕੰਮਾਂ-ਕਾਰਾਂ ਵਾਸਤੇ ਪੂਰੇ ਇੰਡੀਆ ‘ਚ ਫੈਲੇ। ਦੁਬਈ ਮਜ਼ਦੂਰੀ ਕਰਨ ਵਾਸਤੇ ਗਏ। ਫਿਰ ਯੂਰਪ, ਕੈਨੇਡਾ ਤੇ ਅਮਰੀਕਾ ਨੂੰ ਜਾ ਆਬਾਦ ਕੀਤਾ। ਪਠਾਨ ਵੀ ਦੁਬਈ, ਸਾਊਦੀ ਅਰਬ ਤੋਂ ਬਾਅਦ ਇੰਡੋਨੇਸ਼ੀਆ, ਮਲੇਸ਼ੀਆ, ਅਮਰੀਕਾ ਤੇ ਕੈਨੇਡਾ ਤੱਕ ਪਹੁੰਚ ਗਏ ਨੇ।
ਸਿੱਖ ਤੇ ਪਠਾਨ ਦੋਵੇਂ ਹੀ ਦੁਸ਼ਮਨਦਾਰ ਨੇ। ਇਹ ਦੁਸ਼ਮਣੀਆਂ ਪਾਲਦੇ ਹਨ, ਜੋ ਨਸਲਾਂ ਤੱਕ ਜਾਂਦੀਆਂ ਹਨ। ਹਿੰਦੁਸਤਾਨ `ਤੇ ਮੁਗ਼ਲਾਂ ਨੇ 1526 ਵਿਚ ਕਬਜ਼ਾ ਕੀਤਾ ਤੇ ਉਸ ਤੋਂ ਪਹਿਲਾਂ ਮੁਗ਼ਲਾਂ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕੀਤਾ। ਮੁਗ਼ਲ ਪਠਾਨਾਂ ਉੱਤੇ ਹੁਕਮ ਚਲਾਉਂਦੇ ਰਹੇ। ਬਾਬਰ ਨੇ 1526 ‘ਚ ਪਠਾਨਾਂ ਦੇ ਬਾਦਸ਼ਾਹ ਇਬਰਾਹੀਮ ਲੋਧੀ ਨੂੰ ਹਰਾ ਕੇ ਹਿੰਦੁਸਤਾਨ `ਤੇ ਕਬਜ਼ਾ ਕੀਤਾ। ਉਸ ਤੋਂ ਬਾਅਦ ਇਕ ਹੋਰ ਪਠਾਨ ਸ਼ੇਰ ਸ਼ਾਹ ਸੂਰੀ ਨੇ ਹਿਮਾਂਯੂੰ ਨੂੰ ਹਰਾ ਕੇ ਇਰਾਨ ਭਜਾ ਦਿੱਤਾ। ਬਾਅਦ ਵਿਚ ਸ਼ੇਰ ਸ਼ਾਹ ਸੂਰੀ ਨੇ ਪਠਾਨਾਂ ਨੂੰ ਹਰਾ ਕੇ ਦੁਬਾਰਾ ਕਬਜ਼ਾ ਕੀਤਾ। ਇੱਥੇ ਵੀ ਉਨ੍ਹਾਂ ਪਠਾਨਾਂ ਨੂੰ ਹੀ ਆਪਣਾ ਸ਼ਿਕਾਰ ਬਣਾਇਆ। ਸਿੱਖ ਤੇ ਪਠਾਨ ਦੋਵੇਂ ਹੀ ਮੁਗ਼ਲਾਂ ਦੇ ਵੱਡੇ ਦੁਸ਼ਮਣ ਸਨ। ਮੁਗ਼ਲਾਂ ਦੇ ਖ਼ਿਲਾਫ਼ ਹੋਈਆਂ ਜੰਗਾਂ ਵਿਚ ਪਠਾਨ ਮੁਕਾਮੀ ਹਿੰਦੂ ਰਾਜਪੂਤਾਂ ਨਾਲ ਮਿਲ ਕੇ ਮੁਗ਼ਲਾਂ ਦੇ ਖ਼ਿਲਾਫ਼ ਲੜਦੇ ਰਹੇ। 1526 ਦੀ ਲੜਾਈ ਵਿਚ ਵੀ ਪਠਾਨ ਅਤੇ ਹਿੰਦੂ ਰਾਜਪੂਤਾਂ ਨੇ ਮਿਲ ਕੇ ਮੁਗ਼ਲਾਂ ਦਾ ਸਾਹਮਣਾ ਕੀਤਾ। ਉਸ ਸਮੇਂ ਸਿੱਖ ਹੁੰਦੇ ਤਾਂ ਉਨ੍ਹਾਂ ਵੀ ਪਠਾਨਾਂ ਨਾਲ ਮਿਲ ਕੇ ਮੁਗ਼ਲਾਂ ਦਾ ਮੁਕਾਬਲਾ ਕਰਨਾ ਸੀ। ਇਹ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ।
ਪਾਕਿਸਤਾਨ ਦੇ ਕੇ.ਪੀ.ਕੇ. ਸੂਬੇ ਦੇ ਖੁਸ਼ਹਾਲ ਖਾਂ ਖਟਕ ਜੋ ਪਸ਼ਤੋ ਭਾਸ਼ਾ ਦਾ ਵੱਡਾ ਸ਼ਾਇਰ ਸੀ ਉਹ ਸਾਰੀ ਉਮਰ ਮੁਗ਼ਲਾਂ ਨਾਲ ਜੰਗ ਕਰਦਾ ਰਿਹਾ। ਉਸਦੀ ਸਾਰੀ ਸ਼ਾਇਰੀ ਮੁਗ਼ਲਾਂ ਦੇ ਖ਼ਿਲਾਫ਼ ਸੀ। ਸਿੱਖ ਵੀ ਸਾਰੀ ਉਮਰ ਮੁਗ਼ਲਾਂ ਦੇ ਖ਼ਿਲਾਫ਼ ਲੜਦੇ ਰਹੇ। ਸਿੱਖਾਂ ਅਤੇ ਪਠਾਨਾਂ ਦੀ ਇਕ ਖਾਸ ਗੱਲ ਇਹ ਹੈ ਕਿ ਜਦੋਂ ਕੋਈ ਬਾਹਰੋਂ ਦੁਸ਼ਮਣ ਆ ਜਾਂਦਾ ਏ ਤਾਂ ਇਹ ਸਾਰੇ ਇਕੱਠੇ ਹੋ ਕੇ ਉਸਦਾ ਸਾਹਮਣਾ ਕਰਦੇ ਸਨ। ਜਦੋਂ ਦੁਸ਼ਮਣ ਨੂੰ ਹਰਾ ਕੇ ਕੱਢ ਦਿੰਦੇ ਫਿਰ ਆਪਸ ਵਿਚ ਜੰਗ ਕਰਦੇ ਨੇ। ਇਨ੍ਹਾਂ ਵਿਚ ਇਕ ਹੋਰ ਗੱਲ ਸਾਂਝੀ ਹੈ ਕਿ ਇਹ ਦੁਸ਼ਮਣਾਂ ਹੱਥ ਵੀ ਵਿਕ ਜਾਂਦੇ ਨੇ। ਅਫ਼ਗਾਨਿਸਤਾਨ ‘ਤੇ ਆਪਣੇ ਜ਼ਮਾਨੇ ਦੀਆਂ ਤਿੰਨ ਸੁਪਰ ਤਾਕਤਾਂ ਨੇ ਹਮਲਾ ਕੀਤਾ। ਬਰਤਾਨੀਆ, ਰੂਸ ਤੇ ਅਮਰੀਕਾ। ਅਮਰੀਕਾ ਦੇ ਨਾਲ 45 ਹੋਰ ਮੁਲਕਾਂ ਦੀਆਂ ਫ਼ੌਜਾਂ ਸਨ। ਅਮਰੀਕਾ ਤੇ ਰੂਸ ਦੋਵਾਂ ਦੇ ਹੱਥੀਂ ਕੁਝ ਲੋਕਲ ਪਠਾਨ ਵਿਕ ਗਏ। ਬਾਕੀ ਪਠਾਨ ਉਨ੍ਹਾਂ ਦੋਵਾਂ ਦੇ ਖ਼ਿਲਾਫ਼ ਲੜਦੇ ਰਹੇ। ਆਖਿਰ ਵਿਚ ਉਨ੍ਹਾਂ ਨੇ ਤਿੰਨਾਂ ਤਾਕਤਾਂ ਨੂੰ ਮੁਲਕ ‘ਚੋਂ ਬਾਹਰ ਕੱਢ ਦਿੱਤਾ। ਸਿੱਖਾਂ ਦਾ ਇਤਿਹਾਸ ਵੀ ਇਹੋ ਹੀ ਹੈ। ਬਹੁਤ ਸਾਰੇ ਸਿੱਖ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਰਹੇ। ਕੁਝ ਸਿੱਖ ਰਾਜਿਆਂ ਨੇ ਮਾਈ ਫ਼ਤੋਂ ਦੇ ਰਾਹੀਂ ਅਹਿਮਦ ਸ਼ਾਹ ਅਬਦਾਲੀ ਨੂੰ 7 ਲੱਖ ਰੁਪਏ ਦੇ ਕੇ ਰਾਜੇ ਦਾ ਖਿਤਾਬ ਲਿਆ। ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਕੁਝ ਸਿੱਖ ਲੀਡਰ ਅੰਗਰੇਜ਼ਾਂ ਨਾਲ ਮਿਲ ਗਏ। ਉਨ੍ਹਾਂ ਸਿੱਖ ਹਕੂਮਤ ਦਾ ਖਾਤਮਾ ਕਰ ਦਿੱਤਾ।
ਪਠਾਨਾਂ ਨੂੰ ਜਦੋਂ-ਜਦੋਂ ਮੌਕਾ ਮਿਲਿਆ ਉਨ੍ਹਾਂ ਆਪਣੇ ਮੁਲਕ ਤੋਂ ਬਾਹਰ ਆ ਕੇ ਦੂਜੇ ਮੁਲਕਾਂ ‘ਤੇ ਕਬਜ਼ਾ ਕਰ ਲਿਆ, ਜਿਵੇਂ ਹਿੰਦੁਸਤਾਨ, ਲਾਹੌਰ ਅਤੇ ਇਰਾਨ। ਜਦੋਂ ਸਿੱਖਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਵੀ ਦੂਜੇ ਮੁਲਕਾਂ ‘ਤੇ ਕਬਜ਼ਾ ਕਰ ਲਿਆ। ਜਿਵੇਂ ਮੁਲਤਾਨ, ਕਸ਼ਮੀਰ, ਗੱਲਕੀਤ ਅਤੇ ਕਾਬੁਲ ‘ਤੇ।
ਮੁਗ਼ਲਾਂ ਦੇ ਨਾਲ ਲੜਾਈ ਵੇਲੇ ਸਿੱਖ ਵੱਖਰੀਆਂ-ਵੱਖਰੀਆਂ ਮਿਸਲਾਂ ਵਿਚ ਹੁੰਦੇ ਸਨ। ਜਦੋਂ ਮੁਗ਼ਲਾਂ ਜਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਆਉਂਦੀਆਂ ਸਨ ਤਾਂ ਇਹ ਪਹਾੜਾਂ ਅਤੇ ਜੰਗਲਾਂ ਵੱਲ ਨਿਕਲ ਜਾਂਦੇ ਸਨ। ਅਫ਼ਗਾਨਿਸਤਾਨ ਵਿਚ ਜਦੋਂ ਕੋਈ ਬਾਹਰੋਂ ਹਮਲਾਵਰ ਆਉਂਦਾ ਜਿਵੇਂ ਰੂਸ ਜਾਂ ਅਮਰੀਕਾ ਉਦੋਂ ਅਫ਼ਗਾਨੀ ਵੀ ਪਹਾੜਾਂ ਅਤੇ ਜੰਗਲਾਂ ਵੱਲ ਨੱਸ ਜਾਂਦੇ ਸਨ। ਦੋਵੇਂ ਹੀ ਉੱਥੋਂ ਬਹਿ ਕੇ ਗੋਰਿਲਾ ਵਾਰ ਲੜਦੇ ਸਨ। ਦੋਵਾਂ ਮੁਲਕਾਂ ਵਿਚ ਜਦੋਂ ਬਾਹਰੋਂ ਹਮਲਾਵਰ ਆਉਂਦੇ ਸਨ ਤਾਂ ਦੋਵਾਂ ਕੌਮਾਂ ਦੇ ਪੜ੍ਹੇ-ਲਿਖੇ ਲੋਕ ਉਨ੍ਹਾਂ ਹਮਲਾਵਰਾਂ ਨਾਲ ਮਿਲ ਜਾਂਦੇ ਸਨ ਤੇ ਹਕੂਮਤ ਕਰਦੇ ਸਨ। ਉਥੋਂ ਦੇ ਅਨਪੜ੍ਹ ਲੋਕ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ ਤੇ ਅੰਤ ਜਿੱਤ ਵੀ ਜਾਂਦੇ ਸਨ। ਇਸ ਲਈ ਪੜ੍ਹੇ-ਲਿਖੇ ਲੋਕਾਂ ਨੂੰ ਫਿਰ ਇੱਥੋਂ ਭੱਜਣਾ ਪੈਂਦਾ।
ਪੰਜਾਬ ਵਿਚ ਚੜ੍ਹਦੇ ਪਾਸਿਓਂ ਕੋਈ ਹਮਲਾਵਰ ਨਹੀਂ ਆਇਆ ਸਿਵਾਏ ਅੰਗਰੇਜ਼ਾਂ ਦੇ। ਇਹ ਸਾਰੇ ਲਹਿੰਦੇ ਪਾਸਿਓਂ ਹੀ ਆਉਂਦੇ ਸਨ। ਅਫ਼ਗਾਨਿਸਤਾਨ ਵਿਚ ਵੀ ਜਦੋਂ ਕੋਈ ਹਮਲਾਵਰ ਬਾਹਰੋਂ ਆ ਕੇ ਹਮਲਾ ਕਰਦਾ ਸੀ। ਭਾਵੇਂ ਉਹ ਰੂਸ ਹੋਵੇ ਜਾਂ ਅਮਰੀਕਾ ਇਹ ਸਾਰੇ ਲਹਿੰਦੇ ਪਾਸਿਓਂ ਹੀ ਆਉਂਦੇ ਸਨ ਸਿਵਾਏ ਸਿੱਖਾਂ ਦੇ ਤੇ ਅੰਗਰੇਜ਼ਾਂ ਦੇ। ਰੂਸੀਆਂ ਤੇ ਅਮੈਰੀਕਨ ਨੇ ਤਾਲਿਬਾਨ ਦੇ ਲੀਡਰਾਂ ਦੀ ਹੈੱਡ ਮਨੀ ਰੱਖੀ ਸੀ। ਸਿੱਖਾਂ ਦੀ ਵੀ ਹੈੱਡ ਮਨੀ ਹੁੰਦੀ ਸੀ, ਉਹ ਮੁਗ਼ਲਾਂ ਪਾਸੋਂ ਰੱਖੀ ਜਾਂਦੀ ਸੀ। ਅਫ਼ਗਾਨਿਸਤਾਨ ਦਾ ਗੁਆਂਢੀ ਦੇਸ਼ ਪਾਕਿਸਤਾਨ ਹੈ ਅਤੇ ਸਿੱਖਾਂ ਦਾ ਵੀ ਪਾਕਿਸਤਾਨ ਹੀ ਹੈ। ਇਸ ਕਾਰਨ ਦੋਵਾਂ ਦੀ ਮਦਦ ਕਰਨ ਦਾ ਇਲਜ਼ਾਮ ਪਾਕਿਸਤਾਨ ‘ਤੇ ਲੱਗਦਾ ਰਹਿੰਦਾ ਹੈ।
ਜਦੋਂ ਵੀ ਕਦੇ ਅਫ਼ਗਾਨਿਸਤਾਨ ‘ਤੇ ਹਮਲਾ ਹੁੰਦਾ ਤਾਂ ਉੱਥੋਂ ਦੇ ਕੁਝ ਲੋਕ ਪਾਕਿਸਤਾਨ ਤੇ ਕੁਝ ਇਰਾਨ ਵੱਲ ਭੱਜ ਜਾਂਦੇ। ਪੰਜਾਬ ‘ਤੇ ਵੀ ਜਦੋਂ ਹਮਲਾ ਹੁੰਦਾ ਤਾਂ ਇੱਥੋਂ ਦੇ ਸਿੱਖ ਕੁਝ ਪਾਕਿਸਤਾਨ ਤੇ ਕੁਝ ਬਾਹਰਲੇ ਮੁਲਕ ਵੱਲ ਚਲੇ ਜਾਂਦੇ। ਇਸ ਤਰ੍ਹਾਂ ਉਹ ਆਪਣੀ ਜਾਨ ਬਚਾਉਂਦੇ। ਜਦੋਂ ਰੂਸ ਅਤੇ ਅਮਰੀਕਾ ਅਫ਼ਗਾਨਿਸਤਾਨ ਛੱਡ ਕੇ ਗਏ ਤਾਂ ਉਹ ਆਪਣਾ ਅਸਲਾ ਇੱਥੇ ਹੀ ਛੱਡ ਗਏ। ਅਹਿਮਦ ਸ਼ਾਹ ਅਬਦਾਲੀ ਜਦੋਂ ਇਥੋਂ ਗਿਆ ਤਾਂ ਉਹ ਆਪਣੀਆਂ ਤੋਪਾਂ ਇੱਥੋਂ ਦੀ ਭੰਗੀ ਮਿਸਲ ਕੋਲ ਛੱਡ ਗਿਆ, ਜਿਸ ਨੂੰ ਭੰਗੀ ਤੋਪ ਕਿਹਾ ਜਾਂਦਾ ਹੈ। ਇਹ ਤੋਪ ਹਾਲੇ ਵੀ ਲਾਹੌਰ ਵਿਖੇ ਪਈ ਹੈ। ਯੁੱਧ ਸਮੇਂ ਅਫ਼ਗਾਨੀ ਲੋਕ ਪੈਦਲ ਪਹਾੜਾਂ ਵਿਚ ਰਹਿੰਦੇ ਤੇ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰਦੇ। ਉਨ੍ਹਾਂ ਕੋਲ ਖਾਣ-ਪੀਣ ਨੂੰ ਕੁਝ ਨਹੀਂਂ ਹੁੰਦਾ ਸੀ। ਦੋਨੋਂ ਵਾਰ ਇਨ੍ਹਾਂ ਨਾਲ ਅਜਿਹਾ ਹੀ ਹੋਇਆ। ਜਦੋਂ ਮੁਗ਼ਲਾਂ ਸਿੱਖਾਂ ‘ਤੇ ਹਮਲਾ ਕੀਤਾ ਜਾਂ ਉਨ੍ਹਾਂ ਉੱਤੇ ਹੋਰ ਕੋਈ ਔਖਾ ਵਕਤ ਆਇਆ ਤਾਂ ਉਹ ਜੰਗਲਾਂ ਵੱਲ ਚਲੇ ਜਾਂਦੇ ਤੇ ਸੁੱਕੀਆਂ ਰੋਟੀਆਂ ਖਾ ਕੇ, ਆਪਣੇ ਘੋੜੇ ਦੀ ਕਾਠੀ `ਤੇ ਬਹਿ ਕੇ ਗੁਜ਼ਾਰਾ ਕਰਦੇ। ਉਸ ਸਮੇਂ ਦੌਰਾਨ ਸਿੱਖਾਂ ਨੂੰ ਵੀ ਜੇਲ੍ਹਾਂ ‘ਚ ਰੱਖਿਆ ਗਿਆ, ਮਾਰਿਆ ਕੁੱਟਿਆ ਗਿਆ ਤੇ ਉਨ੍ਹਾਂ ਦੇ ਕਤਲ ਵੀ ਕੀਤੇ ਗਏ। ਸਿੱਖਾਂ ‘ਤੇ ਹੋਰ ਵੀ ਕਈ ਤਸ਼ੱਦਦ ਢਾਹੇ ਗਏ। ਅਮਰੀਕਾ ਅਤੇ ਰੂਸ ਅਫ਼ਗਾਨੀਆਂ ਨਾਲ ਵੀ ਇੱਦਾਂ ਹੀ ਕਰਦੇ ਰਹੇ। ਪਰ ਅਮਰੀਕੀ ਉੱਥੋਂ ਦੇ ਹੋਰ ਲੋਕਾਂ ਨਾਲ ਮਿਲ ਕੇ ਕਿਲਾ ਜੰਗੀ ਵਿਖੇ ਅਫ਼ਗਾਨੀ ਕੈਦੀਆਂ ਅਤੇ ਹੋਰ ਦੂਜੇ ਕੈਦੀਆਂ ਨੂੰ ਕੈਦ ਕਰ ਰੱਖਦੇ। ਉਨ੍ਹਾਂ ਨਾਲ ਝੂਠਾ ਵਾਅਦਾ ਕਰਦੇ ਕਿ ਅਸੀਂ ਤੁਹਾਨੂੰ ਕਿਸੇ ਸੁਰੱਖਿਅਤ ਥਾਂ ‘ਤੇ ਲੈ ਜਾਵਾਂਗੇ। ਪਰ ਉਹ ਉਨ੍ਹਾਂ ਨੂੰ ਕੰਟੇਨਰਾਂ ਵਿਚ ਬੰਦ ਕਰ ਕੇ ਉੱਥੋਂ ਦੇ ਇਲਾਕੇ ਦਸ਼ਤੇ ਲੈਲਾ ਜੋ ਇੱਥੋਂ ਦਾ ਰੇਗਿਸਤਾਨ ਹੈ, ਉੱਥੇ ਕੰਟੇਨਰਾਂ ਵਿਚ ਬੰਦ ਕਰ ਕੇ ਧੁੱਪਾਂ ਵਿਚ ਖੜ੍ਹਾ ਕਰ ਦਿੰਦੇ। ਗਰਮ ਰੇਤ ਦੇ ਸੇਕ ਤੋਂ ਉਹ ਉੱਥੇ ਹੀ ਭੁੱਜ ਜਾਂਦੇ। ਇੱਥੇ ਇਕ ਅਜੀਬ ਗੱਲ ਹੈ ਕਿ ਪਠਾਨ ਲੋਕ ਅਫ਼ਗਾਨਿਸਤਾਨ ਦੀ ਕੁਲ ਆਬਾਦੀ ਦਾ 50% ਹਨ। ਉਨ੍ਹਾਂ ਤੋਂ ਦੋ ਗੁਣਾਂ ਵੱਧ ਪਸ਼ਤੂਨ ਪਾਕਿਸਤਾਨ ਵਿਖੇ ਵੱਸਦੇ ਨੇ। ਬਿਲਕੁਲ ਇਸੇ ਤਰ੍ਹਾਂ ਪੰਜਾਬ ਵਿਚ ਸਿੱਖ ਵੀ 49 ਤੋਂ 51% ਹਨ ਤੇ ਇਨ੍ਹਾਂ ਦੇ ਭਾਈਬੰਦ ਦੋ ਗੁਣਾਂ ਤੋਂ ਵੀ ਵੱਧ ਪਾਕਿਸਤਾਨ ਵਿਖੇ ਵੱਸਦੇ ਨੇ। ਇੱਕੋ ਖੂਨ। ਉਨ੍ਹਾਂ ਦਾ ਖੂਨੀ ਰਿਸ਼ਤਾ ਇੱਧਰ ਬਣਦਾ ਹੈ।
ਅਫ਼ਗਾਨਿਸਤਾਨ ਵਿਚ ਬਾਕੀ ਪਸ਼ਤੂਨ, ਤਾਜ਼ਕ ਅਤੇ ਉਸਬਕ ਲੋਕ ਵੱਸਦੇ ਨੇ। ਇਨ੍ਹਾਂ ਦੀ ਜ਼ਬਾਨ ਵੀ ਆਪਸ ਵਿਚ ਨਹੀਂਂ ਮਿਲਦੀ। ਉਨ੍ਹਾਂ ਦੀ ਜ਼ਬਾਨ ਫ਼ਾਰਸੀ ਤੇ ਉਸਬਕ ਹੈ। ਇਹ ਪਸ਼ਤੂਨ ਉੱਥੋਂ ਦੇ ਜੱਟ ਨੇ। ਇਹ ਲੜਣ ਭਿੜਣ ਵਾਲੀ ਕੌਮ ਹੈ ਤੇ ਦੂਜੇ ਉੱਥੋਂ ਦੇ ਬਣੀਏ ਨੇ। ਫ਼ਾਰਸੀ ਉਨ੍ਹਾਂ ਦੀ ਸਰਕਾਰੀ ਜ਼ਬਾਨ ਹੈ। ਅਫ਼ਗਾਨਿਸਤਾਨ ਦੇ ਲੋਕ ਜ਼ਿਆਦਾ ਪੜ੍ਹੇ-ਲਿਖੇ ਨਹੀਂਂ ਹਨ। ਚੜ੍ਹਦੇ ਪੰਜਾਬ ਵਿਚ ਵੀ ਇਹੋ ਹਾਲ ਹੈ। ਇੱਥੋਂ ਦੇ ਜਿਹੜੇ ਜੱਟ ਲੋਕ ਹਨ ਜਾਂ ਰਾਜਪੂਤ ਨੇ ਇਹ ਲੜਨ ਮਰਨ ਵਾਲੀ ਕੌਮ ਹੈ। ਬਾਕੀ ਦੇ ਬਾਣੀਏ ਜਾਂ ਹਿੰਦੂ ਨੇ, ਜੋ ਪੜ੍ਹੇ ਲਿਖੇ ਨੇ ਤੇ ਸ਼ਹਿਰਾਂ ਵਿਚ ਵੱਸਦੇ ਨੇ। ਇੱਥੇ ਇਨ੍ਹਾਂ ਦੀ ਜ਼ਬਾਨ ਜ਼ਿਆਦਾ ਚੱਲਦੀ ਹੈ। ਪਸ਼ਤੋ ਜ਼ਬਾਨ ਉਥੋਂ ਦੀ ਅੱਧੀ ਆਬਾਦੀ ਬੋਲਦੀ ਹੈ। ਪਸ਼ਤੂਨੀ ਲੋਕ ਉਨ੍ਹਾਂ ਦੀ ਜ਼ਬਾਨ ਸਿੱਖ ਗਏ ਨੇ। ਪੰਜਾਬ ਦਾ ਸੂਰਤੇ ਹਾਲ ਇਹ ਸੀ ਕਿ ਦੋਵਾਂ ਦੀ ਜ਼ਬਾਨ ‘ਚ ਪ ਪਸ਼ਤੋ ਤੇ ਪ ਪੰਜਾਬੀ। ਪਾਕਿਸਤਾਨ ਵਿਚ ਵੀ ਪੰਜਾਬੀ ਬੋਲੀ ਜਾਂਦੀ ਹੈ। ਪਸ਼ਤੋ ਜ਼ਬਾਨ ਵੀ ਪਾਕਿਸਤਾਨ ਵਿਚ ਬਹੁਤ ਬੋਲੀ ਜਾਂਦੀ ਹੈ ਕਿਉਂਕਿ ਇਹ ਦੋਵੇਂ ਪਾਕਿਸਤਾਨ ਦੀਆਂ ਸਰਹੱਦਾਂ ਨਾਲ ਲੱਗਦੇ ਨੇ। ਪਸ਼ਤੋ ਦੇ ਦੋ ਵੱਡੇ ਸ਼ਾਇਰ ਪਾਕਿਸਤਾਨ ਦੇ ਨੇ ਜਿਵੇਂ ਰਹਿਮਾਨ ਬਾਬਾ ਤੇ ਖੁਸ਼ਹਾਲ ਖਾਂ ਖਟਕ। ਪੰਜਾਬੀ ਦੇ ਵੱਡੇ ਸ਼ਾਇਰਾਂ ਨੇ ਵੀ ਲਹਿੰਦੇ ਪੰਜਾਬ ਵਿਚ ਜਨਮ ਲਿਆ ਜਿਵੇਂ ਬਾਬਾ ਫ਼ਰੀਦ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ। ਕਾਫ਼ੀ ਹੋਰ ਸ਼ਾਇਰ ਨੇ ਜੋ ਇੱਥੇ ਹੀ ਵੱਸਦੇ ਨੇ।
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ। ਇਹੀ ਕੋਈ 300-400 ਮੀਲ ਦੂਰ ਹੋਵੇਗਾ। ਇਹ ਮੁਲਕ ਛੋਟਾ ਹੈ, ਇੰਡੀਆ ਜਿੱਡਾ ਵੱਡਾ ਨਹੀਂਂ। ਇੰਡੀਆ ਦੀ ਰਾਜਧਾਨੀ ਦਿੱਲੀ ਉਹ ਵੀ ਪਾਕਿਸਤਾਨੀ ਸਰਹੱਦ ਤੋਂ ਤਕਰੀਬਨ 400-500 ਮੀਲ ਦੂਰ ਹੈ। ਕਲਕੱਤਾ ਪਾਕਿਸਤਾਨੀ ਸਰਹੱਦ ਤੋਂ ਤਕਰੀਬਨ 1500-1600 ਮੀਲ ਦੂਰ ਹੋਵੇਗਾ। ਦੋਵਾਂ ਦੀ ਰਾਜਧਾਨੀ ਪਾਕਿਸਤਾਨੀ ਸਰਹੱਦਾਂ ਦੇ ਨੇੜੇ ਹੈ। ਕਾਬੁਲ ਪਸ਼ਤੂਨਾਂ ਦੇ ਇਲਾਕੇ ਵਿਚ ਪੈਂਦਾ ਹੈ ਤੇ ਕਦੇ ਦਿੱਲੀ ਵੀ ਪੰਜਾਬ ਦਾ ਹਿੱਸਾ ਹੁੰਦਾ ਸੀ।
ਅਫ਼ਗਾਨਿਸਤਾਨ ਵਿਚ ਪੜ੍ਹੇ-ਲਿਖੇ ਲੋਕ ਕਮਿਊਨਿਸਟ ਸਨ। ਜਿਸ ਸਮੇਂ ਰੂਸ ਨੇ ਹਮਲਾ ਕੀਤਾ, ਉਸ ਵਕਤ ਕਮਿਊਨਿਸਟਾਂ ਦੀ ਹੀ ਹਕੂਮਤ ਸੀ। ਚੜ੍ਹਦੇ ਪੰਜਾਬ ਵਿਚ ਪੜ੍ਹੇ-ਲਿਖੇ ਲੋਕਾਂ ਦੀ ਬਹੁਤ ਤਦਾਦ ਕਮਿਊਨਿਸਟ ਸੀ। ਪਰ ਦੋਵਾਂ ਦੇ ਇਤਿਹਾਸ ਵਿਚ ਇਕ ਬਹੁਤ ਵੱਡਾ ਫ਼ਰਕ ਹੈ। ਪਠਾਨਾਂ ਨੇ ਬਹੁਤ ਸਾਰੀਆਂ ਜੰਗਾਂ ਲੜ ਕੇ ਆਪਣਾ ਮੁਲਕ ਮੁੜ ਵਾਪਸ ਲੈ ਲਿਆ ਪਰ ਸਿੱਖ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਦੇ ਵੀ ਆਪਣੀ ਹਕੂਮਤ ਨਾ ਬਣਾ ਸਕੇ। ਸਿੱਖ, ਪਠਾਨਾਂ ਨਾਲੋਂ ਘੱਟ ਦਲੇਰ ਨਹੀਂਂ। ਜੇ ਕਦੇ ਅਫ਼ਗਾਨਿਸਤਾਨ ਵਿਚ ਪਹਾੜੀ ਇਲਾਕਾ ਨਾ ਹੁੰਦਾ ਤਾਂ ਉਨ੍ਹਾਂ ਵਾਸਤੇ ਜੰਗ ਜਿੱਤਣਾ ਬਹੁਤ ਮੁਸ਼ਕਿਲ ਸੀ। ਮੈਦਾਨੀ ਇਲਾਕਿਆਂ ਵਿਚ ਲੜਣਾ ਬਹੁਤ ਮੁਸ਼ਕਿਲ ਹੈ।