ਆਮ ਸਾਧਾਰਨ ਸਿੱਖ ਹੋਣ ਨਾਤੇ ਦਸਮ ਗ੍ਰੰਥ ਵਿਵਾਦ ਬਾਰੇ ਪੜ੍ਹਦੇ-ਸੁਣਦੇ ਰਹੀਦਾ ਹੈ। ਬਹੁਤੇ ਲੋਕਾਂ ਵਾਂਗ ਮੈਂ ਵੀ ਕਦੇ ਇਸ ਰਾਮ-ਰੌਲੇ ਵਿਚ ਖੁੱਭਣ ਦੀ ਲੋੜ ਨਹੀਂ ਸਮਝਦਾ, ਕਿਉਂਕਿ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਸਾਡਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੇ ਲੜ ਸਾਨੂੰ ਦਸਵੇਂ ਗੁਰੂ ਲਗਾ ਗਏ ਹਨ। ਦਸਮ ਗ੍ਰੰਥ ਵਿਵਾਦ ਬਾਰੇ ਸੋਚਣਾ ਸਿੱਖ ਵਿਦਵਾਨਾਂ ਦਾ ਕੰਮ ਹੈ। ਮੈਂ ਇੱਥੇ ਕੋਈ ਨਿਰਣਾ ਨਹੀਂ ਦੇ ਰਿਹਾ, ਸਿਰਫ਼ ਇਕ ਚਿੱਠੀ ਦੀ ਗੱਲ ਕਰ ਰਿਹਾ ਹਾਂ ਜੋ ਪਿਛਲੇ ਹਫ਼ਤੇ ‘ਪੰਜਾਬ ਟਾਈਮਜ਼’ ਵਿਚ ਛਪੀ ਸੀ।
ਇਸ ਚਿੱਠੀ ਵਿਚ ਦਸਮ ਗ੍ਰੰਥ ਦੀਆਂ ਕੁਝ ਐਸੀਆਂ 5-6 ਤੁਕਾਂ ਦਾ ਹਵਾਲਾ ਦਿੱਤਾ ਹੋਇਆ ਹੈ ਜਿਨ੍ਹਾਂ ਮੁਤਾਬਕ ਦਸਮ ਗ੍ਰੰਥ ਦਾ ਕਰਤਾ ਸਾਫ਼-ਸਪਸ਼ਟ ਕਹਿੰਦਾ ਹੈ ਕਿ ਮੈਥੋਂ ‘ਭੁੱਲ ਹੋ ਗਈ’ ਜਾਂ ਮੈਂ ‘ਭੁੱਲ ਗਿਆ’ ਹਾਂ। ਇਹ ਪੰਕਤੀਆਂ ਪੜ੍ਹ ਕੇ ਦਿਲ ਵਿਚ ਸਵਾਲ ਪੈਦਾ ਹੋਇਆ ਜੋ ਮੈਂ ਦਸਮ ਗ੍ਰੰਥ ਬਾਰੇ ਲੇਖ ਲਿਖਣ ਜਾਂ ਭਾਸ਼ਣ ਦੇਣ ਵਾਲੇ ਵਿਦਵਾਨਾਂ ਅੱਗੇ ਰੱਖਣਾ ਚਾਹੁੰਦਾ ਹਾਂ।
ਗੁਰੂ ਗ੍ਰੰਥ ਸਾਹਿਬ ਵਿਚ ਇਹ ਲਿਖਿਆ ਹੋਇਆ ਏ, ‘ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ॥’ ਇਸ ਤੁਕ ਦਾ ਸਿੱਧਾ ਜਿਹਾ ਅਰਥ ਬਣਿਆ ਕਿ ਕਾਇਨਾਤ ਦੇ ਸਾਰੇ ਜੀਵ ਭੁੱਲਣਹਾਰ ਹਨ, ਸਿਰਫ਼ ਦੋ ਸ਼ਕਤੀਆਂ ਹੀ ‘ਅਭੁੱਲ’ ਹਨ, ‘ਗੁਰੂ’ ਅਤੇ ‘ਕਰਤਾਰ’; ਪਰ ਚਿੱਠੀ ਵਿਚ ਲਿਖੀਆਂ ਦਸਮ ਗ੍ਰੰਥ ਦੀਆਂ ਤੁਕਾਂ ਦੱਸ ਰਹੀਆਂ ਨੇ ਕਿ ਇਸ ਗ੍ਰੰਥ ਦਾ ਕਰਤਾ ਵਾਰ-ਵਾਰ ਭੁੱਲਾਂ ਕਰਦਾ ਹੈ ਅਤੇ ਖਿਮਾ ਵੀ ਮੰਗਦਾ ਹੈ।
ਜੇ ਇਹ ਮੰਨ ਲਿਆ ਜਾਵੇ ਕਿ ਸਮੁੱਚਾ ਦਸਮ ਗ੍ਰੰਥ ਦਸਵੇਂ ਗੁਰੂ ਦੀ ਹੀ ਰਚਨਾ ਹੈ, ਜਿਵੇਂ ਕੁਝ ਵਿਦਵਾਨ ਅੱਡੀ-ਚੋਟੀ ਦਾ ਜ਼ੋਰ ਲਾ ਕੇ ਇਕ-ਇਕ ਅੱਖਰ ਗੁਰੂ ਜੀ ਦਾ ਹੋਣ ਦੇ ਦਾਅਵੇ ਕਰ ਰਹੇ ਨੇ; ਫਿਰ ਇਹ ਕੀਤੀਆਂ ਹੋਈਆਂ ਭੁੱਲਾਂ ਕਿਸ ਦੇ ਖਾਤੇ ਵਿਚ ਪਾਈਆਂ ਜਾਣ? ਦਸਮੇਸ਼ ਗੁਰੂ ਦੇ ਪਾਵਨ ਨਾਮ ਨਾਲ ‘ਭੁੱਲਣਹਾਰ’ ਸ਼ਬਦ ਜੋੜਨ ਲੱਗਿਆਂ ਕਲਮ ਤੇ ਜ਼ੁਬਾਨ ਦੋਵੇਂ ਕੰਬਦੀਆਂ ਹਨ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਜਦੋਂ ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਨੂੰ ‘ਭੁੱਲੜ ਦੇਸ਼ ਭਗਤ’ ਲਿਖ ਦਿੱਤਾ ਸੀ ਤਾਂ ਸਿੱਖ ਜਗਤ ਉਹਦੇ ਪਿੱਛੇ ਹੱਥ ਧੋ ਕੇ ਪੈ ਗਿਆ ਸੀ। ਆਖਰ ਗਾਂਧੀ ਨੂੰ ਮੁਆਫ਼ੀ ਮੰਗਣੀ ਪਈ ਸੀ।
ਕੀ ਸਾਰੇ ਦਸਮ ਗ੍ਰੰਥ ਦਾ ਕਰਤਾ ਗੁਰੂ ਜੀ ਨੂੰ ਦੱਸਣ ਵਾਲੇ ਸੱਜਣ ਮੇਰੇ ਸ਼ੰਕੇ ਦਾ ਉਤਰ ਦੇਣਗੇ? ਉਮੀਦ ਕਰਦਾ ਹਾਂ ਕਿ ਗੋਲ-ਮੋਲ ਸ਼ਬਦਾਂ ਦੇ ਲੱਲੇ-ਭੱਬੇ ਬਣਾ ਕੇ ਜਵਾਬ ਦੇਣ ਦੀ ਥਾਂ ਮੇਰੇ ਸਵਾਲ ਦਾ ਸਿੱਧਾ ਪੱਧਰਾ ਜਵਾਬ ਦਿੱਤਾ ਜਾਵੇਗਾ।
-ਕਮਿੱਕਰ ਸਿੰਘ, ਹੇਵਰਡ (ਕੈਲੇਫੋਰਨੀਆ)
Leave a Reply