ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਮਿਸ਼ੀ ਸਰਨ 2006 ਵਿਚ ਸ਼ੰਘਾਈ ਗਈ ਅਤੇ ਫਿਰ ਉੱਥੇ ਅੱਠ ਵਰ੍ਹੇ ਰਹੀ। ਉਹ ਮੰਦਾਰਨਿ ਭਾਸ਼ਾ ਦੀ ਪੋਸਟ ਗਰੈਜੂਏਟ ਹੈ। ਅਮਰੀਕਾ ਵਿਚ ਵੀ ਪੜ੍ਹਾ ਚੁੱਕੀ ਹੈ। ਉਸ ਦੀ ਕਿਤਾਬ ‘ਚੇਜ਼ਿੰਗ ਦਿ ਮੌਂਕ‘ਸ ਸ਼ੈਡੋ’ (ਭਿਖਸ਼ੂ ਦੇ ਪਰਛਾਵੇਂ ਦਾ ਪਿੱਛਾ ਕਰਦਿਆਂ) ਕੌਮਾਂਤਰੀ ਬੈਸਟ ਸੈੱਲਰ ਰਹੀ। ਇਹ ਚੀਨੀ ਭਿਖਸ਼ੂ ਜ਼ੂਆਨ ਜਾਂਗ ਦੀ 8ਵੀਂ ਸਦੀ ਦੀ ਭਾਰਤ ਯਾਤਰਾ ਵਾਲੇ ਭੇਤਭਰੇ ਰਾਹ ਰਾਹੀਂ ਅਜੋਕੇ ਸਮੇਂ ਵਿਚ ਕੀਤੇ ਗਏ ਸਫ਼ਰ ਦੀ ਰੋਮਾਂਚਿਕ ਗਾਥਾ ਹੈ। ਇਸ ਲੇਖ ਵਿਚ ਮਿਸ਼ੀ ਸਰਨ ਅਤੇ ਪ੍ਰੋਫੈਸਰ ਜ਼ਾਂਗ ਚੀ ਦੀ ਕਿਤਾਬ ‘ਸਟ੍ਰੇਅ ਬਰਡਜ਼ ਔਨ ਹੂਆਂਗਪੂ` ਬਾਰੇ ਚਰਚਾ ਕੀਤੀ ਗਈ ਹੈ।
ਇਕ ਸਮਾਂ ਸੀ ਜਦੋਂ ਚੀਨ ਵਿਚ ਵੀ ਸਿੱਖ ਵਸਦੇ ਸਨ। ਸ਼ੰਘਾਈ, ਨਾਨਚਿੰਗ, ਮਕਾਓ ਤੇ ਕੈਂਟਨ ਵਿਚ ਉਨ੍ਹਾਂ ਦੀ ਵਸੋਂ 13 ਹਜ਼ਾਰ ਦੇ ਆਸ-ਪਾਸ ਸੀ। ਹਾਂਗ-ਕਾਂਗ ਵਿਚ ਵਸੇ ਸਿੱਖਾਂ ਦੀ ਤਾਦਾਦ ਵੱਖਰੀ ਸੀ। 1915 ਤੋਂ ਬਾਅਦ ਇਹ ਗਿਣਤੀ ਘਟਣ ਲੱਗੀ। 1949 ਤੋਂ ਬਾਅਦ ਕੋਈ ਵਿਰਲਾ ਟਾਂਵਾਂ ਸਿੱਖ ਪਰਿਵਾਰ ਹੀ ਚੀਨ ਵਿਚ ਰਹਿ ਗਿਆ। ਜਿਹੜਾ ਰਿਹਾ ਵੀ, ਉਸ ਦੀਆਂ ਜੜ੍ਹਾਂ ਭਾਰਤੀ ਨਹੀਂ ਸਨ, ਉਸ ਦਾ ਮੁੱਢ ਤੇ ਮੂਲ ਚੀਨੀ ਸੀ। ਹੁਣ ਪੇਈਚਿੰਗ ਵਿਚ 100 ਦੇ ਕਰੀਬ ਸਿੱਖ ਰਹਿੰਦੇ ਹਨ ਪਰ ਉਹ ਚੀਨੀ ਨਾਗਰਿਕ ਨਹੀਂ। ਉਨ੍ਹਾਂ ਵਿਚੋਂ ਦੋ ਕੁ ਪਰਿਵਾਰ ਰੈਸਤਰਾਂ ਚਲਾਉਂਦੇ ਹਨ, ਦਰਜਨ ਦੇ ਕਰੀਬ ਸਿੱਖ ਕੌਮਾਂਤਰੀ ਫਰਮਾਂ ਦੇ ਕਰਮਚਾਰੀ ਹਨ ਅਤੇ ਬਾਕੀ ਦੇ ਵਪਾਰੀ ਜਾਂ ਵਿਦਿਆਰਥੀ ਹਨ। ਆਮ ਚੀਨੀਆਂ ਨੂੰ ਸਿੱਖਾਂ ਤੇ ਅਰਬਾਂ ਦਰਮਿਆਨ ਫ਼ਰਕ ਦਾ ਬਹੁਤਾ ਪਤਾ ਨਹੀਂ। ਇਸੇ ਲਈ ਜਦੋਂ ਕੋਈ ਸਿੱਖ, ਪਬਲਿਕ ਟਰਾਂਸਪੋਰਟ ਜਾਂ ਮੈਟਰੋ `ਤੇ ਚੜ੍ਹਦਾ ਹੈ ਤਾਂ ਲੋਕ ‘ਅਲੀ ਪਾਪਾ, ਅਲੀ ਪਾਪਾ` (ਅਲੀ ਬਾਬਾ, ਅਲੀ ਬਾਬਾ) ਫੁਸਫੁਸਾਉਣ ਲੱਗਦੇ ਹਨ।
ਹੁਣ ਵਾਲੀ ਸਥਿਤੀ ਤੋਂ ਉਲਟ ਇਕ ਸਮਾਂ ਅਜਿਹਾ ਸੀ ਜਦੋਂ ਚੀਨੀ ਲੋਕ ਸਿੱਖਾਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਸਿੱਖ 1845 ਵਿਚ ਚੀਨ ਪੁੱਜਣੇ ਸ਼ੁਰੂ ਹੋ ਗਏ ਸਨ। 1850 ਵਿਚ ਸ਼ੰਘਾਈ ਬੰਦਰਗਾਹ ਬ੍ਰਿਟਿਸ਼ ਸਾਮਰਾਜ ਦੇ ਪ੍ਰਸ਼ਾਸਨਿਕ ਅਧਿਕਾਰ ਹੇਠ ਆਉਣ ਮਗਰੋਂ ਸਿੱਖਾਂ ਨੂੰ ਪੁਲਿਸ ਮੁਲਾਜ਼ਮਾਂ ਵਜੋਂ ਸ਼ੰਘਾਈ ਲਿਆਂਦਾ ਗਿਆ। ਬ੍ਰਿਟਿਸ਼ ਅਧਿਕਾਰੀਆਂ ਨੂੰ ਆਪਣੇ ਗੁਦਾਮਾਂ ਤੇ ਪ੍ਰਸ਼ਾਸਨਿਕ ਇਮਾਰਤਾਂ ਦੀ ਰਾਖੀ ਲਈ ਸਿੱਖ ਪੁਲਿਸ ਕਰਮੀ ਹੀ ਸਭ ਤੋਂ ਢੁੱਕਵੇਂ ਜਾਪਦੇ ਸਨ। 1920 ਵਿਚ ਸ਼ੰਘਾਈ ਮਿਉਂਸਿਪਲ ਪੁਲਿਸ ਵਿਚ ਸਿੱਖਾਂ ਦੀ ਗਿਣਤੀ 567 ਸੀ, ਪਰ 1945 ਤੋਂ ਬਾਅਦ ਕੋਈ ਵੀ ਸਿੱਖ ਇਸ ਫੋਰਸ ਦਾ ਹਿੱਸਾ ਨਹੀਂ ਰਿਹਾ। ਸ਼ੰਘਾਈ ਵਿਚ ਰਹਿੰਦੇ ਸਿੱਖਾਂ ਨੇ 1908 ਵਿਚ ਡੌਂਗ ਬਾਓਸਿੰਗ ਰੋਡ ਉਪਰ ਚੀਨ ਦਾ ਪਹਿਲਾ ਗੁਰਦੁਆਰਾ ਸਥਾਪਿਤ ਕੀਤਾ।
ਇਸ ਤੋਂ ਇਲਾਵਾ ਦੋ ਹੋਰ ਗੁਰਦੁਆਰੇ ਅਗਲੇ ਦਸ ਵਰਿ੍ਹਆਂ ਦੌਰਾਨ ਸ਼ੰਘਾਈ ਮਿਉਂਸਿਪਲ ਖੇਤਰ ਵਿਚ ਸਥਾਪਿਤ ਕੀਤੇ ਗਏ। ਇਨ੍ਹਾਂ ਤਿੰਨਾਂ ਵਿਚੋਂ ਸਿਰਫ਼ ਡੌਂਗ ਬਾਓਸਿੰਗ ਰੋਡ ਵਾਲੇ ਗੁਰਦੁਆਰੇ (ਗੁਰਦੁਆਰਾ ਗੁਰੂ ਨਾਨਕ ਦਰਬਾਰ) ਦੀ ਇਮਾਰਤ ਸਲਾਮਤ ਬਚੀ ਹੈ। ਇਸ ਨੂੰ ਵੀ ਸਮੂਹਿਕ ਸਿਹਤ ਕੇਂਦਰ ਤੇ ਕੁਝ ਸਿਹਤ ਕਰਮੀਆਂ ਦੀ ਰਿਹਾਇਸ਼ ਦੇ ਤੌਰ `ਤੇ ਵਰਤਿਆ ਜਾ ਰਿਹਾ ਹੈ। ਇਹ ਇਤਿਹਾਸਕ ਤੱਥ ਹੈ ਕਿ 1928 ਵਿਚ ਗੁਰੂਦੇਵ ਰਾਬਿੰਦਰਨਾਥ ਟੈਗੋਰ ਇਸ ਗੁਰਦੁਆਰੇ ਵਿਚ ਕੁਝ ਦਿਨ ਰਹੇ ਸਨ। ਇਹ ਦੱਸਿਆ ਜਾਂਦਾ ਹੈ ਕਿ ਸਤਬਿੀਰ ਸਿੰਘ ਨਾਂ ਦੇ ਸਿੱਖ ਦੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਉੱਥੇ ਗੁਰਪੁਰਬਾਂ ਮੌਕੇ ਦੀਵਾਨ ਸਜਦੇ ਹਨ ਜਿਨ੍ਹਾਂ ਵਿਚ ਸਿੰਧੀ ਤੇ ਹਿੰਦੂ ਸ਼ਰਧਾਲੂ ਸ਼ਰੀਕ ਹੁੰਦੇ ਹਨ।
ਸਿੱਖਾਂ ਨੂੰ ਕਦੇ ਵੀ ਚੀਨੀਆਂ ਤੋਂ ਬਹੁਤਾ ਸਨੇਹ ਤੇ ਸਤਿਕਾਰ ਨਹੀਂ ਮਿਲਿਆ ਕਿਉਂਕਿ ਉਹ ਅਫ਼ੀਮ ਯੁੱਧਾਂ ਮਗਰੋਂ ‘ਬ੍ਰਿਟਿਸ਼ ਧਾੜਵੀਆਂ` ਦੇ ਗੁਮਾਸ਼ਤਿਆਂ ਵਜੋਂ ਚੀਨ, ਖ਼ਾਸ ਕਰ ਕੇ ਸ਼ੰਘਾਈ ਪਹੁੰਚੇ ਸਨ, ਇਸ ਲਈ ਉਨ੍ਹਾਂ ਨੂੰ ਆਮ ਚੀਨੀ ਨਾਗਰਿਕ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਸਨ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਪੰਜਾਬ ਦੇ ਦਲਿਤ ਸਿੱਖ ਪਰਿਵਾਰਾਂ ਦੇ ਮੈਂਬਰਾਂ ਨੂੰ ਹੀ ਕਾਂਸਟੇਬਲ ਭਰਤੀ ਕਰ ਕੇ ਲੈ ਗਈ ਸੀ। ਉਨ੍ਹਾਂ ਵਿਚੋਂ ਬਹੁਤਿਆਂ ਦਾ ਰੰਗ ਕਾਲਾ ਸੀ। ਇਨ੍ਹਾਂ ਨੂੰ ਚੀਨੀ ‘ਸ਼ਿਆਹ ਸ਼ੈਤਾਨ` ਦੱਸਿਆ ਕਰਦੇ ਸਨ। ਫਿਰ ਇਕ ਸਮਾਂ ਅਜਿਹਾ ਸੀ ਜਦੋਂ ਭਾਰਤੀ ਕੌਮ ਦੀ ਸ਼ਨਾਖ਼ਤ ਹੀ ਸਿੱਖਾਂ ਤੋਂ ਹੁੰਦੀ ਸੀ। ਜਦੋਂ ਡਾ. ਦਵਾਰਕਾਨਾਥ ਕੋਟਨੀਸ ਦਾ ਮੈਡੀਕਲ ਮਿਸ਼ਨ 1939 `ਚ ਯਾ-ਨਾਨ ਵਿਚ ਚੀਨੀ ਫ਼ੌਜੀ ਜ਼ਖ਼ਮੀਆਂ ਦੀ ਦੇਖਭਾਲ ਕਰਨ ਲਈ ਪਹੁੰਚਿਆ ਤਾਂ ਉਸ ਦੇ ਸਵਾਗਤ ਵਜੋਂ ਪੇਸ਼ ਕੀਤੇ ਗਏ ਸਕਿੱਟ ਦੇ ਸਾਰੇ ਅੱਠ ਅਦਾਕਾਰ ਸਿੱਖੀ ਬਾਣੇ ਵਿਚ ਸਨ। ਸਕਿੱਟ ਮਗਰੋਂ ਡਾ. ਕੋਟਨੀਸ ਨੂੰ ਦਰਸ਼ਕਾਂ ਨੂੰ ਸਮਝਾਉਣਾ ਪਿਆ ਕਿ ਸਾਰੇ ਭਾਰਤ ਵਾਸੀ ਪਗੜੀਧਾਰੀ ਸਿੱਖਾਂ ਵਰਗੇ ਨਹੀਂ ਦਿਸਦੇ। ਸਿੱਖ ਤਾਂ ਭਾਰਤੀ ਵਸੋਂ ਦਾ ਇਕ ਛੋਟਾ ਜਿਹਾ ਹਿੱਸਾ ਸਨ।
ਪਹਿਲੇ ਸਿੱਖ ਪੁਲਿਸ ਮੁਲਾਜ਼ਮ ਦਾ ਚੀਨ ਵਿਚ ਕਤਲ 6 ਅਪਰੈਲ 1927 ਨੂੰ ਸ਼ੰਘਾਈ ਵਿਚ ਹੋਇਆ। ਉਸ ਦਾ ਨਾਮ ਜਮਾਦਾਰ (ਇੰਸਪੈਕਟਰ) ਬੁੱਢਾ ਸਿੰਘ ਸੀ। ਕਤਲ ਚੀਨੀਆਂ ਨੇ ਨਹੀਂ, ਪੰਜਾਬੀ ਗ਼ਦਰੀਆਂ ਨੇ ਕੀਤਾ। ਮਾਝੇ ਨਾਲ ਸਬੰਧਤ ਬੁੱਢਾ ਸਿੰਘ 1902 ਵਿਚ ਸ਼ੰਘਾਈ ਮਿਉਂਸਿਪਲ ਪੁਲਿਸ ਵਿਚ ਭਰਤੀ ਹੋਇਆ। ਉਹ ਆਪਣੀ ਪੇਸ਼ੇਵਾਰਾਨਾ ਕਾਰਗੁਜ਼ਾਰੀ ਸਦਕਾ ਛੇਤੀ ਹੀ ਕਈ ਤਰੱਕੀਆਂ ਹਾਸਲ ਕਰ ਗਿਆ, ਨਾਲ ਹੀ ਉਸ ਨੇ ਗੁਰਦੁਆਰੇ ਤੇ ਸਿੰਘ ਸਭਾ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਵਿਚ ਯੋਗਦਾਨ ਪਾਇਆ ਪਰ ਤਰੱਕੀਆਂ ਦੀ ਲਾਲਸਾਵੱਸ ਉਹ ਬ੍ਰਿਟਿਸ਼ ਸੂਹੀਆ ਢਾਂਚੇ ਦਾ ਗੁਪਤ ਤੌਰ `ਤੇ ਹਿੱਸਾ ਬਣ ਗਿਆ। ਉਸ ਨੇ ਗ਼ਦਰ ਅਖ਼ਬਾਰ ਦੀਆਂ ਕਾਪੀਆਂ ਫੜਵਾਉਣ, ਗ਼ਦਰੀਆਂ ਦੇ ਹਮਦਰਦਾਂ ਨੂੰ ਸੀ.ਆਈ.ਡੀ. ਦੀ ਨਿਗਰਾਨੀ ਹੇਠ ਲਿਆਉਣ ਅਤੇ ਸ਼ੰਘਾਈ ਪੁਲਿਸ `ਚ ਬਗ਼ਾਵਤ ਕਰਵਾਉਣ ਦੀ ਗ਼ਦਰੀਆਂ ਦੀ ਕੋਸ਼ਿਸ਼ ਨਾਕਾਮ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਗ਼ਦਰੀ ਉਸ ਦੀ ਜਾਨ ਦੇ ਪਿਆਸੇ ਹੋ ਗਏ। ਉਪਰੋਂ ਪੁਲਿਸ ਵਿਭਾਗ ਵਿਚ ਉਸ ਦੇ ਈਰਖਾਲੂਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਸੀ। 1915 ਤੋਂ ਬਾਅਦ ਉਸ ਉਪਰ ਦੋ ਕਾਤਲਾਨਾ ਹਮਲੇ ਹੋਏ ਪਰ ਉਹ ਬਚ ਗਿਆ। 1927 ਵਿਚ ਉਸ ਨੂੰ ਹਰਬੰਤ ਸਿੰਘ ਨਾਮ ਦੇ ਗ਼ਦਰੀ ਨੇ ਕੇਂਦਰੀ ਥਾਣੇ ਦੇ ਗੇਟ ਉੱਤੇ ਐਨ ਨੇੜਿਓਂ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਹਰਬੰਤ ਸਿੰਘ ਜਾਂ ਹੋਰ ਸਾਜ਼ਿਸ਼ੀਆਂ ਦਾ ਕੀ ਬਣਿਆ, ਇਸ ਬਾਰੇ ਜਾਣਕਾਰੀ ਸ਼ੰਘਾਈ ਦੇ ਸਰਕਾਰੀ ਰਿਕਾਰਡ ਵਿਚ ਮੌਜੂਦ ਨਹੀਂ। ਹਾਂ, ਇਤਿਹਾਸ ਦੇ ਜਾਣਕਾਰ ਲੋਕ ਭਾਰਤੀ ਟੂਰਿਸਟਾਂ, ਖ਼ਾਸ ਕਰ ਕੇ ਸਿੱਖਾਂ ਨੂੰ ਉਹ ਥਾਂ ਜ਼ਰੂਰ ਦਿਖਾਉਂਦੇ ਹਨ ਜਿੱਥੇ ਬੁੱਢਾ ਸਿੰਘ ਨੂੰ ਗੋਲੀ ਮਾਰੀ ਗਈ।
ਉਪਰੋਕਤ ਸਾਰੇ ਤੱਥ ਮਿਸ਼ੀ ਸਰਨ ਅਤੇ ਫੂਤਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਜ਼ਾਂਗ ਚੀ ਵੱਲੋਂ ਸੰਪਾਦਿਤ ਕਿਤਾਬ ‘ਸਟ੍ਰੇਅ ਬਰਡਜ਼ ਔਨ ਹੂਆਂਗਪੂ` ਦੇ ਇਕ ਅਧਿਆਇ ਦਾ ਹਿੱਸਾ ਹਨ। ਚਾਰ ਸਾਲ ਪਹਿਲਾਂ ਵੀ ਕਿਤਾਬ ਦਾ ਜ਼ਿਕਰ ਕੀਤਾ ਗਿਆ ਸੀ। ਉਦੋਂ ਇਹ ਸਿੰਗਾਪੁਰ ਵਿਚ ਛਪੀ ਸੀ। ਹੁਣ ਇਸ ਦਾ ਸੋਧਿਆ ਅਤੇ ਵੱਧ ਜਾਣਕਾਰੀ ਵਾਲਾ ਸੰਸਕਰਨ ਪ੍ਰਕਾਸ਼ਿਤ ਹੋਇਆ ਹੈ। ਕਿਤਾਬ ਦੋ ਭਾਸ਼ਾਵਾਂ ਵਿਚ ਹੈ: ਅੰਗਰੇਜ਼ੀ ਤੇ ਮੰਦਾਰਨਿ। ਅੱਧਾ ਪੰਨਾ ਅੰਗਰੇਜ਼ੀ `ਚ, ਉਸ ਦੇ ਸਮਾਨਾਂਤਰ ਅੱਧਾ ਪੰਨਾ ਮੰਦਾਰਨਿ `ਚ। ਕਿਤਾਬ ਦੀ ਲੰਬਾਈ ਘੱਟ, ਚੌੜਾਈ ਵੱਧ। ਸੱਚਮੁੱਚ ਮਹਿੰਗੀ ਹੈ ਇਹ ਕਿਤਾਬ। ਮੈਨੂੰ ਵੀ ਇਹ ਭਾਰਤੀ ਵਿਦੇਸ਼ ਸੇਵਾ ਨਾਲ ਸਬੰਧਤ ਰਹੇ ਇਕ ਦੋਸਤ ਨੇ ਇਕ ਹਫ਼ਤੇ ਲਈ ਉਧਾਰ ਦਿੱਤੀ (ਉਸ ਨੂੰ ਇਹ ਚੀਨੀ ਦੂਤਾਵਾਸ ਤੋਂ ਤੋਹਫ਼ੇ ਵਜੋਂ ਮਿਲੀ ਸੀ)। ਦੂਜੇ ਸੰਸਕਰਨ ਵਿਚ 100 ਸਫਿਆਂ ਦਾ ਇਜ਼ਾਫ਼ਾ ਹੈ। ਇਸ ਵਿਚ ਮੁਹੱਈਆ ਕਰਵਾਈ ਗਈ ਜਾਣਕਾਰੀ ਵੀ ਲਾਮਿਸਾਲ ਹੈ। ਪਤਾ ਲੱਗਾ ਹੈ ਕਿ ਹੁਣ ਇਸ ਦਾ ਭਾਰਤ ਤੇ ਨੇਪਾਲ ਲਈ ਸਿਰਫ਼ ਅੰਗਰੇਜ਼ੀ ਐਡੀਸ਼ਨ ਸੇਜ ਪਬਲਿਸ਼ਰਜ਼ ਵੱਲੋਂ ਛਾਪਿਆ ਜਾ ਰਿਹਾ ਹੈ।
ਮਿਸ਼ੀ ਸਰਨ 2006 ਵਿਚ ਸ਼ੰਘਾਈ ਗਈ ਅਤੇ ਫਿਰ ਉੱਥੇ ਅੱਠ ਵਰ੍ਹੇ ਵਸੀ ਰਹੀ। ਉਹ ਮੰਦਾਰਨਿ ਭਾਸ਼ਾ ਦੀ ਪੋਸਟ ਗਰੈਜੂਏਟ ਹੈ। ਅਮਰੀਕਾ ਵਿਚ ਵੀ ਪੜ੍ਹਾ ਚੁੱਕੀ ਹੈ ਅਤੇ ਸ਼ੰਘਾਈ ਦੀ ਫੂਤਾਨ (ਅੰਗਰੇਜ਼ੀ `ਚ) ਯੂਨੀਵਰਸਿਟੀ ਵਿਚ ਵੀ। ਉਸ ਦੀ ਇਕ ਕਿਤਾਬ ‘ਚੇਜ਼ਿੰਗ ਦਿ ਮੌਂਕ`ਸ ਸ਼ੈਡੋ` (ਭਿਖਸ਼ੂ ਦੇ ਪਰਛਾਵੇਂ ਦਾ ਪਿੱਛਾ ਕਰਦਿਆਂ) ਕੌਮਾਂਤਰੀ ਬੈਸਟ ਸੈੱਲਰ ਰਹੀ। ਇਹ ਚੀਨੀ ਭਿਖਸ਼ੂ ਜ਼ੂਆਨ ਜਾਂਗ (ਚੀਨੀ ਉਚਾਰਨ ਸ਼ੂਆਨ ਚਾਂਗ) ਦੀ 8ਵੀਂ ਸਦੀ ਦੀ ਭਾਰਤ ਯਾਤਰਾ ਵਾਲੇ ਭੇਤਭਰੇ ਰਾਹ ਰਾਹੀਂ ਅਜੋਕੇ ਸਮੇਂ ਵਿਚ ਕੀਤੇ ਗਏ ਸਫ਼ਰ ਦੀ ਰੋਮਾਂਚਿਕ ਗਾਥਾ ਹੈ। ਇਹ ਭਿਖਸ਼ੂ ਪ੍ਰਾਚੀਨ ਬੋਧੀ ਗਰੰਥ ਤੇ ਧਾਰਮਿਕ ਚਿੰਨ੍ਹ ਪ੍ਰਾਪਤ ਕਰਨ ਲਈ ਭਾਰਤ ਆਇਆ ਸੀ। ਮਿਸ਼ੀ ਸਰਨ ਦਾ ਸਹਿਯੋਗੀ ਪ੍ਰੋ. ਜ਼ਾਂਗ, ਸ਼ੰਘਾਈ ਦੀ ਹਰ ਨੁੱਕਰ ਤੇ ਹਰ ਕੋਨੇ ਦੇ ਇਤਿਹਾਸ ਤੋਂ ਵਾਕਫ਼ ਹੈ। ਉਸ ਤੇ ਮਿਸ਼ੀ ਵੱਲੋਂ ਤਿੰਨ ਅਧਿਆਇ ਖ਼ੁਦ ਲਿਖੇ ਗਏ ਹਨ। ਇਹ ਬਾਕੀ ਸੱਤਾਂ ਨਾਲੋਂ ਵੱਧ ਨਿੱਗਰ ਤੇ ਵੱਧ ਗਿਆਨਵਰਧਕ ਹਨ। ਭੂਮਿਕਾ ਪ੍ਰੋ. ਤਾਨਚੁੰਗ ਵੱਲੋਂ ਲਿਖਿਤ ਹੈ। ਇਹ ਸ਼ੰਘਾਈ ਦੇ ਇਤਿਹਾਸ ਨੂੰ ਕੁੱਜੇ ਵਿਚ ਸਮੁੰਦਰ ਵਾਂਗ ਪੇਸ਼ ਕਰਦੀ ਹੈ।
ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਬ੍ਰਿਟੇਨ ਨੇ ਚਾਹਪੱਤੀ ਦੀ ਦਰਾਮਦ ਵਿਆਪਕ ਪੱਧਰ `ਤੇ ਸੰਭਵ ਬਣਾਉਣ ਅਤੇ ਚੀਨ ਨੂੰ ਇਸ ਬਦਲੇ ਚਾਂਦੀ ਦੀ ਅਦਾਇਗੀ ਕਰਨ ਦੀ ਥਾਂ ਅਫ਼ੀਮ ਨੂੰ ‘ਕਰੰਸੀ` ਵਜੋਂ ਵਰਤਣ ਦਾ ਰਾਹ ਚੁਣਿਆ। ਜਦੋਂ ਚੀਨੀ ਹੁਕਮਰਾਨਾਂ ਨੂੰ ਇਸ ਕਰੰਸੀ ਕਾਰਨ ਚੀਨੀ ਵਸੋਂ ਨੂੰ ਹੋ ਰਹੇ ਨੁਕਸਾਨ ਦੀ ਸਮਝ ਆਈ ਤਾਂ ਬ੍ਰਿਟੇਨ ਨੇ ਆਪਣੀ ਧੌਂਸ ਬਰਕਰਾਰ ਰੱਖਣ ਲਈ ਦੋ ਯੁੱਧਾਂ ਦਾ ਸਹਾਰਾ ਲਿਆ। ਇਨ੍ਹਾਂ ਯੁੱਧਾਂ ਵਿਚ ਉਸ ਨੂੰ ਪੁਰਤਗਾਲ ਤੇ ਅਮਰੀਕਾ ਤੋਂ ਮਦਦ ਮਿਲੀ। 1839-44 ਤੇ 1856-60 ਦੌਰਾਨ ਹੋਏ ਇਨ੍ਹਾਂ ਯੁੱਧਾਂ ਵਿਚ ਜਿੱਤ ਰਾਹੀਂ ਬ੍ਰਿਟੇਨ ਨੇ ਪਹਿਲਾਂ ਚਾਰ ਅਤੇ ਫਿਰ 10 ਚੀਨੀ ਬੰਦਰਗਾਹਾਂ ਰਾਹੀਂ ਆਪਣਾ ਮਾਲ ਚੀਨ ਭੇਜਣ ਦੀ ਖੁੱਲ੍ਹ ਹਾਸਲ ਕਰਨ ਤੋਂ ਇਲਾਵਾ ਹਾਂਗਕਾਂਗ ਦੀ 100 ਸਾਲਾ ਲੀਜ਼ ਵੀ ਹਥਿਆ ਲਈ ਜਦੋਂਕਿ ਪੁਰਤਗਾਲ ਨੂੰ ਇਹੀ ਲਾਭ ਮਕਾਓ ਜਜ਼ੀਰੇ ਦੀ ਮਲਕੀਅਤ ਦੇ ਰੂਪ ਵਿਚ ਮਿਲਿਆ। ਸ਼ੰਘਾਈ ਬੰਦਰਗਾਹ ਦੇ ਕਾਰੋਬਾਰੀ ਮਹੱਤਵ ਅਤੇ ਹੁਆਂਗਪੂ ਦਰਿਆ ਰਾਹੀਂ ਮਾਲ-ਅਸਬਾਬ, ਚੀਨ ਦੇ ਅੰਦਰੂਨੀ ਇਲਾਕਿਆਂ ਵਿਚ ਭੇਜਣ ਦੀ ਸਹੂਲਤ ਕਾਰਨ ਸ਼ੰਘਾਈ ਨੂੰ ਹੀ ਮਹਾਂਨਗਰੀ ਰੰਗ-ਰੂਪ ਪ੍ਰਦਾਨ ਕਰਨ ਦਾ ਸਿਲਸਿਲਾ 1850 ਵਿਚ ਆਰੰਭ ਕੀਤਾ ਗਿਆ। ਇਸ ਕੰਮ ਵਿਚ ਹਿੱਸਾ ਪਾਉਣ ਦੀ ਮੁੱਖ ਜ਼ਿੰਮੇਵਾਰੀ ਭਾਰਤੀ ਵਪਾਰੀਆਂ ਨੂੰ ਸੌਂਪੀ ਗਈ। ਸਭ ਤੋਂ ਪਹਿਲਾਂ ਇਸਮਾਇਲੀ ਮੁਸਲਿਮ (ਆਗ਼ਾਖਾਨ ਦੇ ਪੈਰੋਕਾਰ) 1840 ਵਿਚ ਆਏ, ਫਿਰ ਪਾਰਸੀ, ਫਿਰ ਦਾਊਦੀ ਬੋਹਰੇ, ਫਿਰ ਸਿੰਧੀ ਅਤੇ ਅੰਤ ਵਿਚ ਮਾਰਵਾੜੀ। ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ ਨੂੰ ਸੁਰੱਖਿਆ ਗਾਰਡਾਂ ਤੇ ਪੁਲਿਸ ਮੁਲਾਜ਼ਮਾਂ ਦੇ ਰੂਪ ਵਿਚ ਇੱਥੇ ਲਿਆਂਦਾ ਗਿਆ। ਉਨ੍ਹਾਂ ਨੂੰ ਮੁਕਾਮੀ ਲੋਕਾਂ ਨਾਲ ਖਰ੍ਹਵੇ ਢੰਗ ਨਾਲ ਪੇਸ਼ ਆਉਣ ਦੀ ਪੂਰੀ ਖੁੱਲ੍ਹ ਦਿੱਤੀ ਗਈ। ਇਸੇ ਕਾਰਨ ਹੀ ਪੰਜਾਬੀ ਹਿਕਾਰਤ ਤੇ ਨਫ਼ਰਤ ਦੇ ਪਾਤਰ ਬਣੇ। 1915 ਤੱਕ ਸਿੱਖਾਂ ਵਿਚ ਚੀਨ ਜਾਣ ਦਾ ਚਾਅ ਬਰਕਰਾਰ ਰਿਹਾ, ਪਰ ਉਸ ਮਗਰੋਂ ਇਹ ਮੋਹ-ਭੰਗ ਹੋਣ ਅਤੇ ਕੁਝ ਹੱਦ ਤੱਕ, ਗ਼ਦਰ ਲਹਿਰ ਦੇ ਪ੍ਰਭਾਵ ਕਾਰਨ ਸਿੱਖ ਪਰਿਵਾਰ ਚੀਨ ਤੋਂ ਹਾਂਗਕਾਂਗ ਤੇ ਮਲੇਸ਼ੀਆ ਵੱਲ ਪਰਵਾਸ ਕਰਨ ਲੱਗੇ। 1945 ਮਗਰੋਂ ਤਾਂ ਇਕ ਵੀ ਸਿੱਖ ਪਰਿਵਾਰ ਸ਼ੰਘਾਈ ਵਿਚ ਨਹੀਂ ਰਿਹਾ।
ਕਿਤਾਬ ਮੁਤਾਬਿਕ ਸ਼ੰਘਾਈ ਵਿਚ ਭਾਰਤੀ ਕਾਰੋਬਾਰੀ ਘਰਾਣੇ ਪਹਿਲਾਂ ਤਾਂ ਅਫ਼ੀਮ ਦੇ ਕਾਰੋਬਾਰ ਦੇ ਸਿਲਸਿਲੇ ਵਿਚ ਆਏ ਪਰ ਬਹੁਤੇ ਘਰਾਣੇ ਇਕ-ਦੋ ਦਹਾਈਆਂ ਬਾਅਦ ਕੱਪੜੇ, ਰੇਸ਼ਮ, ਚਾਹ-ਪੱਤੀ, ਦਵਾਈਆਂ, ਪਟਸਨ ਆਦਿ ਦੇ ਵਪਾਰ ਵੱਲ ਵੱਧ ਕੇਂਦ੍ਰਿਤ ਹੋ ਗਏ। ਇਹ ਤਬਦੀਲੀ ਉਨ੍ਹਾਂ ਪ੍ਰਤੀ ਸ਼ੱਕ ਸੁਬਹੇ ਘਟਾਉਣ ਅਤੇ ਉਨ੍ਹਾਂ ਦੀ ਭੱਲ ਬਣਾਉਣ ਵਿਚ ਸਹਾਈ ਹੋਈ। ਬੇਜਾਨ ਦਾਦਾਭੌਇ ਟਾਟਾ ਅਤੇ ਉਸ ਦੇ ਖ਼ਾਨਦਾਨ ਦੀਆਂ ਅਗਲੀਆਂ ਪੀੜ੍ਹੀਆਂ ਆਲੀਸ਼ਾਨ ਆਵਾਨ ਵਿੱਲਾ ਵਿਚ ਰਹਿੰਦੀਆਂ ਰਹੀਆਂ। ਇਹ ਵਿੱਲਾ ਹੁਣ ਸੂਬਾਈ ਗਵਰਨਰ ਦੀ ਰਿਹਾਇਸ਼ ਹੈ। ਸਸੂਨ ਖ਼ਾਨਦਾਨ ਯਹੂਦੀ ਸੀ। ਮੁੰਬਈ ਤੋਂ ਆਏ ਸਨ ਸਸੂਨ। ਇਨ੍ਹਾਂ ਦੇ ਕਾਰੋਬਾਰ ਦਾ ਮੁੱਖ ਦਫ਼ਤਰ ਮੁੰਬਈ ਵਿਚ ਹੀ ਸੀ; ਸ਼ੰਘਾਈ, ਹਾਂਗਕਾਂਗ, ਕੈਂਟਨ ਤੇ ਮਨੀਲਾ ਵਿਚ ਖੇਤਰੀ ਦਫ਼ਤਰ ਸਨ। ਉਂਜ, ਪੂਰਾ ਖ਼ਾਨਦਾਨ ਰਹਿੰਦਾ ਸ਼ੰਘਾਈ ਵਿਚ ਸੀ। ਹੁਆਂਗਪੂ ਦਰਿਆ ਦੇ ਕੰਢੇ ਬਣਿਆ ਕੈਥੇ ਹੋਟਲ ਇਸੇ ਘਰਾਣੇ ਦਾ ਸੀ। ਸਾਮਵਾਦੀ ਇਨਕਲਾਬ ਮਗਰੋਂ ਇਸ ਨੂੰ ਪੀਸ (ਅਮਨ) ਹੋਟਲ ਦਾ ਨਾਮ ਦੇ ਦਿੱਤਾ ਗਿਆ ਪਰ 1990ਵਿਆਂ ਤੱਕ ਇਸ ਦੀ ਰੂਪ-ਸੱਜਾ 1940ਵਿਆਂ ਵਾਲੀ ਹੀ ਰਹੀ। ਡਿਨਰ ਵੇਲੇ ਜੈਜ਼ ਬੈਂਡ, ਡਿਕਸੀਲੈਂਡ ਸੰਗੀਤ ਵਜਾਉਂਦਾ ਰਿਹਾ। ਫਿਰ ਇਸ ਨੂੰ ਢਾਹ ਕੇ 48 ਮੰਜ਼ਿਲਾ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ। ਇਸੇ ਕਿਸਮ ਦੀਆਂ ਹੀ ਕਹਾਣੀਆਂ ਹਨ, 33 ਹੋਰ ਪਰਿਵਾਰਾਂ ਦੀਆਂ। ਉਨ੍ਹਾਂ ਵਿਚੋਂ ਕੋਈ ਵੀ ਹੁਣ ਸ਼ੰਘਾਈ ਵਿਚ ਨਹੀਂ। ਆਵਾਰਾ ਪਰਿੰਦਿਆਂ ਵਾਂਗ ਸਭ ਵੱਖ-ਵੱਖ ਦਿਸ਼ਾਵਾਂ ਵੱਲ ਉੱਡ ਗਏ ਹਨ।
ਕਿਤਾਬ ਨਿਹਾਇਤ ਦਿਲਚਸਪ ਹੈ। ਭੂਮਿਕਾ ਤੋਂ ਅੰਤਿਕਾ ਤੱਕ ਪੜ੍ਹੀ ਜਾਣ ਵਾਲੀ। ਦੁਰਲੱਭ ਤਸਵੀਰਾਂ ਵਾਲੀ। ਇਸੇ ਨੂੰ ਆਧਾਰ ਬਣਾ ਕੇ ਹਾਇਨਾਨ ਵਿਚ ਇਕ ਸਿੱਖ ਵਿਦਵਾਨ ਚੀਨ, ਕੋਰੀਆ ਤੇ ਜਪਾਨ ਵਿਚ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ ਬਾਰੇ ਖੋਜ ਕਾਰਜ ਕਰ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਉੱਦਮ ਦਾ ਨਤੀਜਾ ਵੀ ਦੋ ਵਰਿ੍ਹਆਂ ਦੇ ਅੰਦਰ ਸਾਡੇ ਸਾਹਮਣੇ ਆ ਜਾਵੇਗਾ।
ਅਰਤਿੰਦਰ ਸੰਧੂ: ਅਰਤਿੰਦਰ ਸੰਧੂ ਪੰਜਾਬੀ ਦੀ ਪ੍ਰਮੁੱਖ ਤੇ ਪ੍ਰਬੁੱਧ ਸ਼ਾਇਰਾ ਹੈ। ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਦਾ ਧਰਾਤਲ ਹਮੇਸ਼ਾ ਹੀ ਬਹੁਤ ਵਿਸ਼ਾਲ ਰਿਹਾ ਹੈ। ਉਹ ਨੀਲੇ ਅੰਬਰ ਦੀ ਖ਼ੂਬਸੂਰਤੀ ਜਾਂ ਕੁਦਰਤ ਦੀਆਂ ਨਿਆਮਤਾਂ ਦੀ ਬਾਤ ਜਿੰਨੀ ਸੁਹਜ ਨਾਲ ਪਾਉਂਦੇ ਹਨ, ਉਹੋ ਜਿਹੀ ਨਫ਼ਾਸਤ ਇਨਸਾਨੀ ਜਾਂ ਸਮਾਜਿਕ ਸਰੋਕਾਰਾਂ ਉੱਤੇ ਕੇਂਦ੍ਰਿਤ ਕਾਵਿ-ਰਚਨਾਵਾਂ ਦੀ ਵੀ ਮੁੱਖ ਖ਼ੂਬੀ ਹੁੰਦੀ ਹੈ। ਇਹ ਪ੍ਰਭਾਵ ਆਮ ਹੀ ਹੈ ਕਿ ਉਹ ਸਿਰਫ਼ ਖੁੱਲ੍ਹੀ ਕਵਿਤਾ ਹੀ ਕਹਿੰਦੇ ਜਾਂ ਲਿਖਦੇ ਹਨ, ਹੋਰ ਕਾਵਿਕ-ਰੂਪਾਂ ਉੱਪਰ ਉਨ੍ਹਾਂ ਦੀ ਪਕੜ ਘੱਟ ਹੈ। ਇਸ ਪ੍ਰਭਾਵ ਨੂੰ ਉਨ੍ਹਾਂ ਦੀ ਨਵੀਂ ਪੁਸਤਕ ‘ਚਾਨਣੀ ਦੇ ਦੇਸ ਵਿਚ` ਗ਼ਲਤ ਸਾਬਤ ਕਰਦੀ ਹੈ। ਇਹ ਪੁਸਤਕ ਉਨ੍ਹਾਂ ਦੀਆਂ ਚੋਣਵੀਆਂ ਪ੍ਰਗੀਤਕ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਦੀ ਸੰਪਾਦਨਾ ਡਾ. ਮੋਹਨ ਸਿੰਘ ਤਿਆਗੀ ਨੇ ਕੀਤੀ ਹੈ।
ਪੁਸਤਕ ਦੇ ਬੈਕ ਕਵਰ `ਤੇ ਸੰਖੇਪ ਪਰ ਭਾਵਪੂਰਤ ਸਮੀਖਿਆ ਵਿਚ ਡਾ. ਸੁਰਜੀਤ ਪਾਤਰ ਲਿਖਦੇ ਹਨ: “ਪ੍ਰਗੀਤ ਪੁਸਤਕ ‘ਚਾਨਣੀ ਦੇ ਦੇਸ ਵਿਚ` ਅੰਦਰਲੀਆਂ ਰਚਨਾਵਾਂ ਬੇਹੱਦ ਖ਼ੂਬਸੂਰਤ ਹਨ ਪਰ ਉਨ੍ਹਾਂ ਵਿਚ ਬੇਪਨਾਹ ਉਦਾਸੀ ਹੈ। ਏਨੀ ਗਹਿਰੀ ਤੇ ਅਥਾਹ ਉਦਾਸੀ ਕਿ ਕਿਤੇ-ਕਿਤੇ ਉਸ ਦਾ ਤਲ ਹੀ ਨਜ਼ਰ ਨਹੀਂ ਆਉਂਦਾ।” ਉਹ ਇਹ ਵੀ ਲਿਖਦੇ ਹਨ: “ਜਦੋਂ ਮੈਂ… ਆਖ਼ਰੀ ਸਫ਼ੇ `ਤੇ ਪਹੁੰਚਿਆ ਤਾਂ ਮੈਨੂੰ ਲੱਗਿਆ ਕਿ ਸ਼ਾਇਰਾ ਅਰਤਿੰਦਰ ਉਦਾਸੀ ਦੇ ਬੇਕਨਿਾਰ ਸਮੁੰਦਰ ਨੂੰ ਪਾਰ ਕਰ ਗਈ ਹੈ।” ਮੇਰੀ ਰਾਇ ਵੀ ਇਸੇ ਤਰਜ਼ ਦੀ ਹੈ। ਮੇਰਾ ਜਾਤੀ ਵਿਚਾਰ ਇਹ ਵੀ ਹੈ ਕਿ ਅੰਤਰੀਵੀ ਉਦਾਸੀ ਵਿਚੋਂ ਉਪਜੀ ਕਵਿਤਾ ਵੱਧ ਅਸਰਦਾਰ ਤੇ ਵੱਧ ਭਾਵਪੂਰਤ ਹੁੰਦੀ ਹੈ। ਅੰਤਰੀਵੀ ਉਦਾਸੀ ਇਨਸਾਨ ਨੂੰ ਵੱਧ ਸੰਵੇਦਨਸ਼ੀਲ ਤੇ ਸੂਖ਼ਮਭਾਵੀ ਬਣਾਉਂਦੀ ਹੈ। ਉਦਾਸੀ ਨੂੰ ਜੇ ਅਸੀਂ ਰਚਨਾਤਮਿਕਤਾ ਦਾ ਆਧਾਰ ਤੇ ਵਸੀਲਾ ਬਣਾ ਲਈਏ ਤਾਂ ਇਹ ਖ਼ੁਦ-ਬਖ਼ੁਦ ਸਾਕਾਰਮਿਕਤਾ ਤੇ ਨਿਸ਼ਚੇਵਾਨਤਾ ਵਾਲੀ ਨੁਹਾਰ ਹਾਸਲ ਕਰ ਲੈਂਦੀ ਹੈ।
ਇਸ ਸੰਗ੍ਰਹਿ ਵਿਚਲੀਆਂ ਕਈ ਕਵਿਤਾਵਾਂ ਇਸ ਸੋਚ ਦੀ ਤਸਦੀਕ ਵਾਂਗ ਹਨ। ਜਿਵੇਂ ਕਿ ‘ਨਿੱਕੇ-ਨਿੱਕੇ ਅੱਥਰੇਪਣ ਪਿੱਛੋਂ/ਵਾਰ ਵਾਰ ਵੈਰਾਗੀ ਹੋਣਾ/ਕਦੇ ਬਚਾਉਣੇ ਕੰਢੇ ਆਪਣੇ/ਕਦੇ ਉਨ੍ਹਾਂ ਤੋਂ ਬਾਗ਼ੀ ਹੋਣਾ/ਦੱਸ ਆਖ਼ਰ ਸਾਗਰ ਵੀ ਕਿਹੜਾ/ਤੈਨੂੰ ਸਕੇ ਸਹਾਰ ਨੀ…/(ਪੰਨਾ 31) ਜਾਂ ‘ਕੁਝ ਫੁੱਲ ਸਿਖਰ ਦੁਪਹਿਰੇ ਖਿੜਦੇ/ਭਰ-ਭਰ ਚਾਨਣ ਪੀਂਦੇ/ਸ਼ਾਮਾਂ ਤੇ ਰਾਤਾਂ ਦਾ ਡਰ/ਬੁੱਕਾਂ ਭਰ ਭਰ ਜੀਂਦੇ/ਬੰਨ੍ਹ ਕੇ ਰੱਖਦੇ ਨੁੱਕਰੇ ਦਿਲ ਦੇ/ਹਿੱਸੇ ਆਏ ਹਨੇਰੇ (ਪੰਨਾ 87) ਜਾਂ ‘ਆ ਨਿਰਮੋਹੀਏ ਰੁੱਤੇ ਤੇਰੇ/ਅੱਥਰੇਪਣ ਵਿਚ ਪਿਆਰ ਭਰਾਂ/ਸੋਹਣੇ-ਸੋਹਣੇ ਸੁਪਨੇ ਜੜ੍ਹ ਕੇ/ਚੱਲ ਤੇਰਾ ਸ਼ਿੰਗਾਰ ਕਰਾਂ।; ਸਵਾਗਤਯੋਗ ਹੈ ਇਹ ਕਿਤਾਬ।