ਦਹਿਸ਼ਤਵਾਦੀ ਕੌਣ? ਇਜ਼ਰਾਇਲੀ ਸਟੇਟ ਜਾਂ ਫ਼ਲਸਤੀਨੀ?

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਫ਼ਲਸਤੀਨੀਆਂ ਉੱਪਰ ਇਜ਼ਰਾਇਲੀ ਹਮਲੇ ਨਵੀਂ ਗੱਲ ਨਹੀਂ। ਹਮਾਸ ਦੇ ਹਮਲੇ ਨਾਲ ਇਜ਼ਰਾਈਲ ਨੂੰ ਹੋਰ ਜ਼ਿਆਦਾ ਖ਼ੂੰਖ਼ਾਰ ਅਤੇ ਵਹਿਸ਼ੀ ਚਿਹਰਾ ਦਿਖਾਉਣ ਅਤੇ ਹੋਰ ਨਵੇਂ ਫ਼ਲਸਤੀਨੀ ਇਲਾਕੇ ਹਥਿਆਉਣ ਦਾ ਬਹਾਨਾ ਮਿਲ ਗਿਆ ਹੈ। ਅਮਰੀਕਾ ਅਤੇ ਇਸ ਦੇ ਜੋਟੀਦਾਰਾਂ ਨੇ ਫ਼ਲਸਤੀਨੀਆਂ ਦੇ ਹੱਕੀ ਟਾਕਰੇ ਨੂੰ ਹਮੇਸ਼ਾ ਦਹਿਸ਼ਤਵਾਦ ਕਹਿ ਕੇ ਭੰਡਿਆ ਹੈ ਅਤੇ ਇਜ਼ਰਾਇਲੀ ਸਟੇਟ ਦੇ ਦਹਿਸ਼ਤਵਾਦ ਨੂੰ ‘ਇਜ਼ਰਾਈਲ ਨੂੰ ਆਪਣੀ ਰਾਖੀ ਕਰਨ ਦਾ ਹੱਕ ਹੈ` ਦੱਸ ਕੇ ਹਮਾਇਤ ਤੇ ਮਦਦ ਕੀਤੀ ਹੈ।
ਹਮਾਸ ਦੇ 7 ਅਕਤੂਬਰ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦਾ ਫ਼ਲਸਤੀਨੀਆਂ ਵਿਰੁੱਧ ਧਾੜਵੀ ਯੁੱਧ ਪਹਿਲਾਂ ਨਾਲੋਂ ਵੀ ਜ਼ਿਆਦਾ ਕਰੂਰ ਅਤੇ ਵਹਿਸ਼ੀਆਨਾ ਹੋ ਗਿਆ ਹੈ।

ਫ਼ਲਸਤੀਨੀਆਂ ਨੂੰ ਜਾਨੀ ਮਾਲੀ ਤੌਰ ‘ਤੇ ਵੱਧ ਤੋਂ ਵੱਧ ਤਬਾਹ ਕਰਨ ਲਈ ਰਿਹਾਇਸ਼ੀ ਇਲਾਕਿਆਂ ਉੱਪਰ ਹਮਲੇ ਕੀਤੇ ਜਾ ਰਹੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸ਼ਰੇਆਮ ਕਿਹਾ ਹੈ ਕਿ ਉਹ ਫ਼ਲਸਤੀਨ ਦੀ ਧਰਤੀ ਉੱਪਰੋਂ ਫ਼ਲਸਤੀਨੀ ਵਸੋਂ ਦਾ ਸਫ਼ਾਇਆ ਕਰ ਕੇ ਹੀ ਦਮ ਲਵੇਗਾ। ਹੁਤ ਤੱਕ ਗਾਜ਼ਾ ਵਿਚ 5000 ਫ਼ਲਸਤੀਨੀ ਮਾਰੇ ਜਾ ਚੁੱਕੇ ਹਨ। ਹਮਾਸ ਦਾ ਲੱਕ ਤੋੜਨ ਦੇ ਬਹਾਨੇ ਆਮ ਨਾਗਰਿਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਇਮਾਰਤਾਂ ਤਬਾਹ ਕਰ ਦਿੱਤੀਆਂ ਹਨ। ਜ਼ਖ਼ਮੀਆਂ ਦਾ ਇਲਾਜ ਕਰ ਰਹੇ ਹਸਪਤਾਲਾਂ ਉੱਪਰ ਵੀ ਹਮਲੇ ਕੀਤੇ ਜਾ ਰਹੇ ਹਨ। ਯੁੱਧ ਦੇ ਨੇਮਾਂ ਅਨੁਸਾਰ ਹਸਪਤਾਲ ਅੰਧਾਧੁੰਦ ਜੰਗੀ ਹਮਲਿਆਂ ਤੋਂ ਮਹਿਫ਼ੂਜ਼ ਮੰਨੇ ਜਾਂਦੇ ਹਨ। ਅਲ-ਅਹਲੀ ਹਸਪਤਾਲ ਉੱਪਰ ਬੰਬਾਰੀ ਕਰ ਕੇ 500 ਤੋਂ ਵਧੇਰੇ ਫ਼ਲਸਤੀਨੀ ਕਤਲ ਕਰ ਦਿੱਤੇ; ਪ੍ਰਚਾਰ ਇਹ ਕੀਤਾ ਕਿ ਇਹ ਮੌਤਾਂ ਹਮਾਸ ਦੇ ਰਾਕਟ ਨਾਲ ਹੋਈਆਂ ਹਨ। ਇਸ ਹਮਲੇ ਨੇ ਦੱਸ ਦਿੱਤਾ ਕਿ ਅਮਰੀਕਾ, ਹੋਰ ਸਾਮਰਾਜੀ ਤਾਕਤਾਂ ਅਤੇ ਇਜ਼ਰਾਈਲ ਵਰਗੇ ਸਾਮਰਾਜ ਦੇ ਪਾਲਤੂ ਰਾਜਾਂ ਦੀ ਖ਼ਸਲਤ ਜੰਗਬਾਜ਼, ਧਾੜਵੀ ਅਤੇ ਦਹਿਸ਼ਤਵਾਦੀ ਹੈ।
ਹਿਊਮਨ ਰਾਈਟਸ ਵਾਚ ਦਾ ਖ਼ੁਲਾਸਾ ਹੈ ਕਿ ਇਜ਼ਰਾਈਲ ਨੇ ਗਾਜ਼ਾ ਅਤੇ ਲਿਬਨਾਨ ਉੱਪਰ ਕੀਤੇ ਹਮਲਿਆਂ ‘ਚ ਚਿੱਟੇ ਫਾਸਫੋਰਸ ਦੇ ਗੋਲੇ ਵਰਤੇ। ਇਹ ਯੁੱਧ ਵਿਚ ਕੈਮੀਕਲ ਹਥਿਆਰਾਂ ਬਾਰੇ ਕਨਵੈਨਸ਼ਨ ਦੀ ਉਲੰਘਣਾ ਤਾਂ ਹੈ ਹੀ, ਇਸ ਤੋਂ ਅਮਰੀਕਾ-ਇਜ਼ਰਾਈਲ ਦੇ ਇਰਾਦੇ ਵੀ ਜ਼ਾਹਿਰ ਹੁੰਦੇ ਹਨ। ਸ਼ਨਾਖ਼ਤ ਪਤਾ ਹੋਣ ਦੇ ਬਾਵਜੂਦ ਐਂਬੂਲੈਂਸਾਂ ਅਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਸਪਸ਼ਟ ਤੌਰ ‘ਤੇ ਜੰਗੀ ਜੁਰਮ ਹਨ। ਇਜ਼ਰਾਈਲ ਆਪਣੇ ਸਾਮਰਾਜੀ ਬੌਸ ਅਮਰੀਕਾ ਦੇ ਨਕਸ਼ੇ-ਕਦਮਾਂ ‘ਤੇ ਹੀ ਚੱਲ ਰਿਹਾ ਹੈ ਜਿਸ ਦੀ ਫ਼ੌਜ ਨੇ ਇਰਾਕ ਉੱਪਰ ਥੋਪੇ ਯੁੱਧ ਸਮੇਂ ਫਾਲੂਜਾ ਸ਼ਹਿਰ ਉੱਪਰ ਹਮਲੇ ‘ਚ ਚਿੱਟਾ ਫਾਸਫੋਰਸ ਹਥਿਆਰ ਵਜੋਂ ਵਰਤਿਆ ਸੀ ਜਿੱਥੇ 50000 ਲੋਕਾਂ ਨੇ ਪਨਾਹ ਲਈ ਹੋਈ ਸੀ। ਇਸ ਬੱਜਰ ਜੁਰਮ ਦੀ ਦੋਸ਼ੀ ਅਮਰੀਕੀ ਫ਼ੌਜ ਨੂੰ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਿਆ, ਹੁਣ ਅਮਰੀਕੀ ਥਾਪੜੇ ਨਾਲ ਇਜ਼ਰਾਈਲ ਵੀ ਉਹੀ ਜੁਰਮ ਕਰ ਰਿਹਾ ਹੈ।
ਫ਼ਲਸਤੀਨੀਆਂ ਉੱਪਰ ਇਜ਼ਰਾਇਲੀ ਹਮਲੇ ਨਵੀਂ ਗੱਲ ਨਹੀਂ। ਇਸਲਾਮੀ ਕੱਟੜਪੰਥੀ ਹਮਾਸ ਦੇ ਹਮਲੇ ਨਾਲ ਇਜ਼ਰਾਇਲ ਨੂੰ ਹੋਰ ਜ਼ਿਆਦਾ ਖ਼ੂੰਖ਼ਾਰ ਅਤੇ ਵਹਿਸ਼ੀ ਚਿਹਰਾ ਦਿਖਾਉਣ ਅਤੇ ਹੋਰ ਨਵੇਂ ਫ਼ਲਸਤੀਨੀ ਇਲਾਕੇ ਹਥਿਆਉਣ ਦਾ ਬਹਾਨਾ ਮਿਲ ਗਿਆ ਹੈ। ਅਮਰੀਕਾ ਅਤੇ ਇਸ ਦੇ ਜੋਟੀਦਾਰਾਂ ਨੇ ਫ਼ਲਸਤੀਨੀਆਂ ਦੇ ਹੱਕੀ ਟਾਕਰੇ ਨੂੰ ਹਮੇਸ਼ਾ ਦਹਿਸ਼ਤਵਾਦ ਕਹਿ ਕੇ ਭੰਡਿਆ ਹੈ ਅਤੇ ਇਜ਼ਰਾਇਲੀ ਸਟੇਟ ਦੇ ਦਹਿਸ਼ਤਵਾਦ ਨੂੰ ‘ਇਜ਼ਰਾਈਲ ਨੂੰ ਆਪਣੀ ਰਾਖੀ ਕਰਨ ਦਾ ਹੱਕ ਹੈ` ਦੱਸ ਕੇ ਹਮਾਇਤ ਤੇ ਮਦਦ ਕੀਤੀ ਹੈ। ਪੱਛਮੀ ਤਾਕਤਾਂ ਅਨੁਸਾਰ ਰੂਸ ਵਿਰੁੱਧ ਲੜ ਰਹੇ ਯੂਕਰੇਨੀ ਤਾਂ ‘ਨਾਇਕ` ਹਨ ਪਰ ਇਜ਼ਰਾਈਲ ਤੋਂ ਆਪਣਾ ਵਤਨ ਵਾਪਸ ਲੈਣ ਲਈ ਲੜ ਰਹੇ ਫ਼ਲਸਤੀਨੀ ਗਰੁੱਪ ‘ਦਹਿਸ਼ਤਵਾਦੀ` ਹਨ। ਇਹੀ ਘਿਨਾਉਣਾ ਬਿਰਤਾਂਤ ਫ਼ਲਸਤੀਨੀਆਂ ਦੀ ਹਾਲੀਆ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਲਈ ਅਮਰੀਕਾ ਅਤੇ ਇਸ ਦੇ ਪਿਛਲੱਗ ਪਿਛਾਖੜੀ ਜ਼ੋਰ-ਸ਼ੋਰ ਨਾਲ ਪ੍ਰਚਾਰ ਰਹੇ ਹਨ। ਸਾਰਾ ਦੋਸ਼ ਹਮਾਸ ਸਿਰ ਮੜ੍ਹ ਕੇ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਇਜ਼ਰਾਈਲ ਤਾਂ ਹਮਾਸ ਦੇ ਦਹਿਸ਼ਤਵਾਦੀ ਹਮਲਿਆਂ ਤੋਂ ਸਵੈ-ਰਾਖੀ ਕਰ ਰਿਹਾ ਹੈ
ਦੁਨੀਆ ਜਾਣਦੀ ਹੈ ਕਿ ਇਹ ਬਿਰਤਾਂਤ ਕਿਵੇਂ ਝੂਠਾ ਹੈ ਅਤੇ ਫ਼ਲਸਤੀਨ ਦਾ ਟਾਕਰਾ ਕਿਵੇਂ ਜਾਇਜ਼ ਹੈ; ਇਜ਼ਰਾਈਲ ਤੇ ਅਮਰੀਕਾ ਦਾ ਮਕਸਦ ਗਾਜ਼ਾ ਦੀ ਵਸੋਂ ਨੂੰ ਦਹਿਸ਼ਤਜ਼ਦਾ ਕਰ ਕੇ ਉੱਥੋਂ ਉਜਾੜਨਾ ਅਤੇ ਇਸ ਇਲਾਕੇ ਨੂੰ ਇਜ਼ਰਾਈਲ ਵਿਚ ਮਿਲਾ ਦੇਣਾ ਹੈ। ਅਸਲ ਵਿਚ ਇਜ਼ਰਾਈਲ ਤਾਂ ਇਸ ਨੀਤੀ ਦਾ ਮੋਹਰਾ ਹੈ, ਫ਼ਲਸਤੀਨ ਨੂੰ ਰਸਤੇ ‘ਚੋਂ ਹਟਾਉਣ ਦੀ ਲੰਮੀ ਸਮੇਂ ਤੋਂ ਨੀਤੀ ਅਮਰੀਕਾ ਦੀ ਹੈ ਕਿਉਂਕਿ ਇਜ਼ਰਾਈਲ ਪੱਛਮੀ ਏਸ਼ੀਆ ਵਿਚ ਅਮਰੀਕਾ ਲਈ ਯੁੱਧਨੀਤਕ ਤੌਰ ‘ਤੇ ਅਹਿਮ ਹੈ।
ਜਿਸ ਨੂੰ ਇਹ ‘ਹਮਾਸ ਦਾ ਦਹਿਸ਼ਤਵਾਦ` ਕਹਿ ਰਹੇ ਹਨ, ਉਸ ਨੂੰ ਫ਼ਲਸਤੀਨੀ ਅਵਾਮ ‘ਜੇਲ੍ਹ ਤੋੜਨਾ` ਸਮਝਦੇ ਹਨ। ਗਾਜ਼ਾ ਨੂੰ ਮੂਲ ਫ਼ਲਸਤੀਨ ਨਾਲ ਜੋੜਦੇ ਇੱਕੋ-ਇਕ ਲਾਂਘੇ ਉੱਪਰਲੀ ਫ਼ੌਜੀ ਨਾਕਾਬੰਦੀ ਨੂੰ ਤਹਿਸ-ਨਹਿਸ ਕਰਨਾ ਅਤੇ ਇਜ਼ਰਾਇਲੀ ਘੇਰਾਬੰਦੀ ਦੀਆਂ ਚੂਲਾਂ ਹਿਲਾ ਦੇਣਾ ਹਮਾਸ ਦੀ ਕਾਰਵਾਈ ਦਾ ਮੁੱਖ ਪਹਿਲੂ ਹੈ। ਘੇਰਾਬੰਦੀ ਫ਼ਲਸਤੀਨੀਆਂ ਲਈ ਰੋਜ਼ਮੱਰਾ ਤਸੀਹਿਆਂ ਅਤੇ ਅਪਮਾਨ ਦਾ ਸੰਦ ਹੈ (ਹਮਾਸ ਦੇ ਕਥਿਤ ਬੰਦੀ ਬਣਾਏ ਇਜ਼ਰਾਇਲੀ ਨਾਗਰਿਕਾਂ ਵਿਚੋਂ ਜਿਊਂਦੀ ਬਚੀ ਯਾਸਮੀਨ ਪੋਰਾਟ ਨੇ ਇਕ ਇਜ਼ਰਾਇਲੀ ਰੇਡੀਓ ਅਤੇ ਟੀ.ਵੀ. ਨਾਲ ਇੰਟਰਵਿਊ ਵਿਚ ਦੱਸਿਆ ਕਿ ਹਮਾਸ ਨੇ ਉਨ੍ਹਾਂ ਨੂੰ ਕਈ ਘੰਟੇ ਬੰਦੀ ਬਣਾ ਕੇ ਰੱਖਿਆ ਅਤੇ ਇਨਸਾਨੀ ਸਲੂਕ ਕੀਤਾ। ਉਸ ਮੁਤਾਬਿਕ ਨਾਗਰਿਕ ਤਾਂ ‘ਬਿਨਾਂ ਸ਼ੱਕ` ਇਜ਼ਰਾਇਲੀ ਫੌਜ ਦੀ ਅੰਧਾਧੁੰਦ ਗੋਲੀਬਾਰੀ `ਚ ਮਾਰੇ ਗਏ। ‘ਉਨ੍ਹਾਂ (ਇਜ਼ਰਾਇਲੀ ਫ਼ੌਜ) ਨੇ ਬੰਦੀਆਂ ਸਮੇਤ ਸਾਰਿਆਂ ਦਾ ਸਫ਼ਾਇਆ ਕਰ ਦਿੱਤਾ… ਜੋ ਮੈਂ ਮੀਡੀਆ `ਚ ਸੁਣਿਆ, ਉਸ ਤਰ੍ਹਾਂ ਦਾ ਮੇਰੇ ਨਾਲ ਕੁਝ ਨਹੀਂ ਹੋਇਆ’।) ਇਜ਼ਰਾਈਲ ਦੇ ਅੰਦਰੋਂ ਯਹੂਦੀਵਾਦ ਵਿਰੋਧੀ ਸਭ ਤੋਂ ਸ਼ਕਤੀਸ਼ਾਲੀ ਆਵਾਜ਼ ਇਲਾਨ ਪੇਪੇ ਦਾ ਕਹਿਣਾ ਹੈ ਕਿ ਹਮਾਸ ਇੱਕੋ-ਇਕ ਫ਼ਲਸਤੀਨੀ ਰਾਜਨੀਤਕ ਗਰੁੱਪ ਹੈ ਜੋ ਪੱਛਮੀ ਕੰਢੇ ਦੇ ਇਲਾਕੇ `ਚ ਵਸਾਏ ਇਜ਼ਰਾਇਲੀਆਂ ਵੱਲੋਂ ਫ਼ਲਸਤੀਨੀ ਜ਼ਿੰਦਗੀ ਅਤੇ ਖੇਤਰ ਉੱਪਰ ਬੇਰੋਕ-ਟੋਕ ਹਮਲਿਆਂ ਅਤੇ ਇਜ਼ਰਾਇਲੀ ਫ਼ੌਜ ਤੇ ਬਾਰਡਰ ਪੁਲਿਸ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਕਾਰਵਾਈ ਕਰਦਾ ਹੈ। ਹਮਾਸ ਦੇ ਹਮਲੇ ਦੇ ਤਰੀਕੇ ਅਤੇ ਇਸ ਵਿਚ ਬੇਕਸੂਰ ਇਜ਼ਰਾਇਲੀਆਂ ਦੇ ਮਾਰੇ ਜਾਣ ਨਾਲ ਇਹ ਹਕੀਕਤ ਬਦਲ ਨਹੀਂ ਜਾਂਦੀ ਕਿ ਦਹਿਸ਼ਤਗਰਦ ਤਾਂ ਖ਼ੁਦ ਇਜ਼ਰਾਇਲੀ ਸਟੇਟ ਹੈ ਜਿਸ ਨੇ ਫ਼ਲਸਤੀਨ ਦੀ ਜ਼ਮੀਨ ਉੱਪਰ ਕਬਜ਼ਾ ਕਰ ਕੇ ਸਮੁੱਚੇ ਖੇਤਰ ਨੂੰ ਖੁੱਲ੍ਹੀ ਜੇਲ੍ਹ ਅਤੇ ਫ਼ਲਸਤੀਨੀ ਵਸੋਂ ਨੂੰ ਕੈਦੀਆਂ `ਚ ਬਦਲ ਦਿੱਤਾ। ਫ਼ਲਸਤੀਨੀਆਂ ਨੂੰ ਇਜ਼ਰਾਇਲੀ ਫ਼ੌਜ ‘ਹੁਕਮ ਅਦੂਲੀ` ਲਈ ਉਸੇ ਤਰ੍ਹਾਂ ਸਜ਼ਾ ਦਿੰਦੀ ਹੈ ਜਿਵੇਂ ਜੇਲ੍ਹਰ ਜੇਲ੍ਹ ਦੇ ਕੈਦੀਆਂ ਨੂੰ ਸਬਕ ਸਿਖਾਉਂਦੇ ਹਨ। ਸਾਢੇ ਸੱਤ ਦਹਾਕੇ ਤੋਂ ਫ਼ਲਸਤੀਨੀ ਇਜ਼ਰਾਇਲੀ ਕਬਜ਼ੇ ਅਤੇ ਇਜ਼ਰਾਇਲੀ ਫ਼ੌਜ ਦੀ ਘੇਰਾਬੰਦੀ, ਨਾਕਾਬੰਦੀ, ਕਤਲੇਆਮ ਅਤੇ ਤਬਾਹੀ ਦਾ ਸੰਤਾਪ ਝੱਲ ਰਹੇ ਹਨ।
ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਜਦੋਂ ਅਜੇ ਹਮਾਸ ਨੇ ਹਮਲਾ ਨਹੀਂ ਸੀ ਕੀਤਾ, ਉਦੋਂ ਉੱਥੋਂ ਦੇ ਹਾਲਾਤ ਕੀ ਸਨ। ਮਕਬੂਜ਼ਾ ਪੱਛਮੀ ਕੰਢੇ ਵਾਲੇ ਇਲਾਕੇ ਉੱਪਰ ਹਮਾਸ ਦਾ ਕੋਈ ਕੰਟਰੋਲ ਨਹੀਂ। ਉਸ ਇਲਾਕੇ ਉੱਪਰ ਕਬਜ਼ੇ ਦੇ ਸਮੇਂ ਤੋਂ ਲੈ ਕੇ 7000 ਫ਼ਲਸਤੀਨੀ ਮਾਰੇ ਗਏ। ਅਗਸਤ ‘ਚ ਹੀ 37 ਫ਼ਲਸਤੀਨੀ ਬੱਚੇ ਮਾਰ ਦਿੱਤੇ ਗਏ। ਉੱਥੋਂ ਦੇ ਹਰ ਫ਼ਲਸਤੀਨੀ ਪਿੰਡ, ਕਸਬੇ ਅਤੇ ਸ਼ਹਿਰ ਦੇ ਹਰ ਰਸਤੇ ਉੱਪਰ ਇਜ਼ਰਾਇਲੀ ਧਾੜਵੀ ਫ਼ੌਜ ਦੀ ਨਾਕਾਬੰਦੀ ਅਤੇ ਕੰਟਰੋਲ ਹੈ। ਡਰੋਨਾਂ, ਕੈਮਰਿਆਂ, ਫੋਨ ਟੈਪਿੰਗ ਅਤੇ ਖੁਫ਼ੀਆ ਏਜੰਟਾਂ ਦੇ ਵਿਆਪਕ ਨੈੱਟਵਰਕ ਰਾਹੀਂ ਫ਼ਲਸਤੀਨੀਆਂ ਦੀ ਰੋਜ਼ਮੱਰਾ ਜ਼ਿੰਦਗੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਰਾਤ ਨੂੰ ‘ਤਲਾਸ਼ੀਆਂ` ਦੇ ਬਹਾਨੇ ਘਰਾਂ `ਚ ਵੜ ਕੇ ਤਸ਼ੱਦਦ, ਗ੍ਰਿਫ਼ਤਾਰੀਆਂ ਅਤੇ ਗੋਲੀਆਂ ਮਾਰ ਕੇ ਮਾਰ ਦੇਣਾ ਆਮ ਗੱਲ ਹੈ। ਫ਼ਲਸਤੀਨ ਦਾ ਮਹਿਮੂਦ ਅਬਾਸ ਗੁੱਟ ਬੇਅਸਰ ਅਥਾਰਟੀ ਹੈ ਜੋ ਮੂਲ ਰੂਪ `ਚ ਇਜ਼ਰਾਇਲੀ ਕਾਬਜ਼ ਫ਼ੌਜ ਦੀ ਸਹਾਇਕ ਹੈ। ਉਸ ਨੂੰ ਵੀ ਸਿਰਫ਼ ਪੱਛਮੀ ਕੰਢੇ ਦੇ 40 ਫ਼ੀਸਦੀ ਖੇਤਰਾਂ `ਚ ਗਸ਼ਤ ਕਰਨ ਦੀ ਇਜਾਜ਼ਤ ਹੈ, ਤੇ ਉੱਥੇ ਵੀ ਇਜ਼ਰਾਇਲੀ ਫ਼ੌਜ ਉਨ੍ਹਾਂ ਉੱਪਰ ਨਿਯਮਤ ਰੂਪ `ਚ ਹੁਕਮ ਚਲਾਉਂਦੀ ਹੈ। 2021 `ਚ ਇਜ਼ਰਾਇਲੀ ਫ਼ੌਜ ਨੇ 1300 ਨਬਾਲਗ ਬੱਚਿਆਂ ਅਤੇ 184 ਔਰਤਾਂ ਸਮੇਤ 8000 ਫ਼ਲਸਤੀਨੀਆਂ ਨੂੰ ਗ੍ਰਿਫ਼ਤਾਰ ਕੀਤਾ। ਅਪਰੈਲ 2022 `ਚ ਇਜ਼ਰਾਇਲੀ ਜੇਲ੍ਹਾਂ `ਚ 5000 ਦੇ ਕਰੀਬ ਫ਼ਲਸਤੀਨੀ ਰਾਜਨੀਤਕ ਕੈਦੀ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿਚ ਬੰਦ ਸਨ। ਮੁਹੰਮਦ ਅਬਾਸ ਅਥਾਰਟੀ ਅਤੇ ਪੀ.ਐੱਲ.ਓ. ਤਾਂ ਆਮ ਫ਼ਲਸਤੀਨੀਆਂ ਦੀ ਗ੍ਰਿਫ਼ਤਾਰੀ ਅਤੇ ਰਾਜਨੀਤਕ ਕੈਦੀਆਂ ਦੀ ਰਿਹਾਈ ਦੇ ਆਮ ਮੁੱਦੇ ਨੂੰ ਮੁਖ਼ਾਤਬ ਹੋਣ ਦੀ ਹਾਲਤ `ਚ ਵੀ ਨਹੀਂ ਹਨ। ਇਜ਼ਰਾਈਲ ਵੱਲੋਂ ਦਹਿ ਹਜ਼ਾਰਾਂ ਨਾਜਾਇਜ਼ ਕਬਜ਼ੇ ਕਰ ਕੇ ਫ਼ਲਸਤੀਨੀਆਂ ਦੀ ਜ਼ਮੀਨ ਹਥਿਆਈ ਗਈ ਹੈ ਅਤੇ ਉਨ੍ਹਾਂ ਨੂੰ ਮਾਰਿਆ ਜਾਂਦਾ ਰਿਹਾ ਹੈ। ਇਹੀ ਹਾਲਾਤ ਗਾਜ਼ਾ ਪੱਟੀ ਅਤੇ ਹੋਰ ਇਲਾਕਿਆਂ ਦੇ ਹਨ। ਇਜ਼ਰਾਇਲੀ ਮਨੁੱਖੀ ਅਧਿਕਾਰ ਗਰੁੱਪ ਬੀਟੀਸੀਲੀਮ (ਭ’ਠਸੲਲੲਮ) ਅਨੁਸਾਰ ਇਜ਼ਰਾਇਲੀ ਫ਼ੌਜ ਸੰਨ 2000 ਤੋਂ ਲੈ ਕੇ ਗਾਜ਼ਾ ਵਿਚ ਪਹਿਲਾਂ ਹੀ 1741 ਬੱਚਿਆਂ ਅਤੇ 572 ਔਰਤਾਂ ਸਮੇਤ 7779 ਫ਼ਲਸਤੀਨੀਆਂ ਨੂੰ ਕਤਲ ਕਰ ਚੁੱਕੀ ਸੀ। ਇਹ ਸਿਰਫ਼ ਫ਼ੌਜ ਵੱਲੋਂ ਮਾਰੇ ਜਾਣ ਵਾਲਿਆਂ ਦੀ ਗਿਣਤੀ ਹੈ। ਇਸ ਵਿਚ ਜ਼ਹਿਰੀਲਾ ਪਾਣੀ ਅਤੇ ਲਾਇਲਾਜ ਮਰਨ ਵਾਲੇ ਗਾਜ਼ਾ ਲੋਕਾਂ ਦੀ ਗਿਣਤੀ ਸ਼ਾਮਿਲ ਨਹੀਂ। ਦੁਨੀਆ ਦਾ ਕੋਈ ਕਾਨੂੰਨ ਇਜ਼ਰਾਇਲੀ ਸਟੇਟ ਨੂੰ ਫ਼ਲਸਤੀਨ ਦਾ ਰਾਜ ਦਾ ਦਰਜਾ ਖੋਹਣ ਅਤੇ ਉਸ ਦੀਆਂ ਸਰਹੱਦਾਂ ਨੂੰ ਕੰਟਰੋਲ ਕਰਨ, ਫ਼ਲਸਤੀਨ ਦੀ ਜ਼ਮੀਨ ਦੁਆਲੇ ਸੁਰੱਖਿਆ ਦੀਵਾਰ ਉਸਾਰਨ, ਉਨ੍ਹਾਂ ਦੇ ਪਾਣੀ ਦੇ ਵਸੀਲਿਆਂ ਨੂੰ ਕਬਜ਼ੇ `ਚ ਲੈਣ ਅਤੇ ਉਨ੍ਹਾਂ ਦੇ ਘਰਾਂ ਤੇ ਜੈਤੂਨ ਦੇ ਖੇਤਾਂ ਨੂੰ ਤਬਾਹ ਕਰਨ ਵਰਗੀਆਂ ਸਮੂਹਿਕ ਸਜ਼ਾਵਾਂ ਦੇਣ ਦਾ ਅਧਿਕਾਰ ਨਹੀਂ ਦਿੰਦਾ ਪਰ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਸਾਮਰਾਜੀਆਂ ਦੀ ਸਰਪ੍ਰਸਤੀ ਅਤੇ ਸ਼ਹਿ ਇਜ਼ਰਾਈਲ ਦੇ ਦਹਿਸ਼ਤਵਾਦ ਨੂੰ ਲੋਕਤੰਤਰ ਵਜੋਂ ਪੇਸ਼ ਕਰ ਕੇ ਵਾਜਬੀਅਤ ਮੁਹੱਈਆ ਕਰਦੀ ਹੈ।
ਦੂਜੇ ਆਲਮੀ ਯੁੱਧ ਤੋਂ ਬਾਅਦ ਯਹੂਦੀ ਰਾਸ਼ਟਰਵਾਦੀਆਂ ਨੇ ਆਪਣੇ ਮਨਸੂਬੇ ਅਨੁਸਾਰ ਫ਼ਲਸਤੀਨ ਦੀ ਧਰਤੀ ਉੱਪਰ ਯਹੂਦੀ ਦੇਸ਼ ਬਣਾਉਣ ਲਈ ਦਹਿਸ਼ਤਵਾਦ ਅਤੇ ਕਤਲੇਆਮ ਵਿੱਢ ਦਿੱਤਾ ਸੀ ਜੋ ਹੁਣ ਤੱਕ ਜਾਰੀ ਹੈ। 1947 ‘ਚ ਸਾਮਰਾਜੀਆਂ ਨੇ ਆਪਣੇ ਸੌੜੇ ਹਿਤਾਂ ਲਈ ਸੰਯੁਕਤ ਰਾਸ਼ਟਰ ਵਿਚ ਇਜ਼ਰਾਈਲ ਬਣਾਏ ਜਾਣ ਦਾ ਮਤਾ ਪਾਸ ਕਰਵਾ ਦਿੱਤਾ। ਅਮਰੀਕਾ ਅਤੇ ਬਰਤਾਨੀਆ ਦੇ ਦਬਾਅ ਹੇਠ ਸੰਯੁਕਤ ਰਾਸ਼ਟਰ ਨੇ ਫ਼ਲਸਤੀਨ ਨੂੰ ਵੰਡ ਕੇ 55 ਫ਼ੀਸਦੀ ਇਲਾਕਾ ਇਜ਼ਰਾਈਲ ਨੂੰ ਦੇ ਦਿੱਤਾ ਅਤੇ ਉੱਥੋਂ ਦੇ ਮੂਲ ਬਾਸ਼ਿੰਦਿਆਂ ਕੋਲ ਸਿਰਫ਼ 45 ਫ਼ੀਸਦੀ ਇਲਾਕਾ ਰਹਿ ਗਿਆ। ਫ਼ਲਸਤੀਨੀ ਆਪਣੇ ਹੀ ਵਤਨ ‘ਚ ਨਾਜਾਇਜ਼ ਕਾਬਜ਼, ਮੁਜਰਿਮ ਅਤੇ ਦਹਿਸ਼ਤਗਰਦ ਬਣਾ ਦਿੱਤੇ ਗਏ। 1948 ਦੇ ਯੁੱਧ ‘ਚ ਇਜ਼ਰਾਈਲ ਨੇ ਹੋਰ ਜ਼ਮੀਨ ਹਥਿਆ ਲਈ। ਯਹੂਦੀਵਾਦੀ ਦਹਿਸ਼ਤ ਕਾਰਨ ਲੱਖਾਂ ਫ਼ਲਸਤੀਨੀ ਪਰਵਾਸ ਕਰ ਕੇ ਜਾਰਡਨ ਨਦੀ ਦੇ ਪੱਛਮੀ ਕੰਢੇ ਵਾਲੇ ਹਿੱਸੇ ਅਤੇ ਗਾਜ਼ਾ ਪੱਟੀ ‘ਚ ਜਾਣ ਲਈ ਮਜਬੂਰ ਹੋ ਗਏ। 1967 ਦੀ ਜੰਗ ਤੱਕ ਇਜ਼ਰਾਈਲ ਨੇ ਫ਼ਲਸਤੀਨ ਦਾ 78 ਫ਼ੀਸਦੀ ਇਲਾਕਾ ਹਥਿਆ ਲਿਆ ਸੀ ਅਤੇ ਪੂਰਬੀ ਯੇਰੂਸ਼ਲਮ ‘ਤੇ ਕਬਜ਼ਾ ਕਰ ਕੇ ਇਕਪਾਸੜ ਤੌਰ ‘ਤੇ ਸੰਯੁਕਤ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਐਲਾਨ ਦਿੱਤਾ। ਸੁਰੱਖਿਆ ਕੌਂਸਲ ਦੇ ਮਤੇ 478 ਨੇ ਵੀ ਇਸ ਦੀ ਨਿਖੇਧੀ ਕਰਦਿਆਂ ਇਸ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਿਹਾ ਪਰ ਅਮਰੀਕਨ ਕਾਂਗਰਸ ਨੇ ਇਸ ਧੱਕੇਸ਼ਾਹੀ ਨੂੰ ਮਾਨਤਾ ਦੇ ਦਿੱਤੀ। 2003 ‘ਚ ਅਮਰੀਕਾ ਅਤੇ ਬਰਤਾਨੀਆ ਨੇ ਇਰਾਕ ਉੱਪਰ ਇਸ ਬਹਾਨੇ ਹਮਲਾ ਕੀਤਾ ਸੀ ਕਿ ਸੱਦਾਮ ਹੁਸੈਨ ਹਕੂਮਤ ਨੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਕੀਤੀ ਹੈ; ਦੂਜੇ ਪਾਸੇ, ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ 1948 ਦੀ ਨਾਜਾਇਜ਼ ਵੰਡ ਸਮੇਂ ਤੈਅ ਕੀਤੀਆਂ ਸਰਹੱਦਾਂ ਦੀ ਪਾਲਣਾ ਕਰਨ ਦੇ ਮਤੇ ਦੀ ਕੋਈ ਪ੍ਰਵਾਹ ਨਹੀਂ ਕੀਤੀ ਪਰ ਸਾਮਰਾਜੀ ਤਾਕਤਾਂ ਇਜ਼ਰਾਇਲੀ ਹਕੂਮਤ ਵੱਲੋਂ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਬਾਰੇ ਸਿਰਫ਼ ਚੁੱਪ ਹੀ ਨਹੀਂ ਸਗੋਂ ਅਮਰੀਕਾ ਤਾਂ ਇਜ਼ਰਾਈਲ ਨਾਲ ਜੋਟੀ ਪਾ ਕੇ ਇਜ਼ਰਾਇਲੀ ਦਹਿਸ਼ਤਵਾਦ ਨੂੰ ਸ਼ਹਿ ਦੇ ਰਿਹਾ ਹੈ।
1993 ਦੇ ਓਸਲੋ ਸਮਝੌਤੇ ਨਾਲ ਹਾਲਾਤ ਬਦਲ ਗਏ। ਯਾਸਰ ਅਰਾਫ਼ਾਤ ਦੀ ਅਗਵਾਈ ਹੇਠ ਖੱਬੇ ਪੱਖੀ ਗੁਰੀਲਾ ਜਥੇਬੰਦੀ ਪੀ.ਐੱਲ.ਓ. ਨੇ ਹਥਿਆਰਬੰਦ ਸੰਘਰਸ਼ ਰਾਹੀਂ ਫ਼ਲਸਤੀਨ ਦੀ ਮੁਕਤੀ ਦਾ ਕਾਜ ਤਿਆਗ ਕੇ ਇਜ਼ਰਾਈਲ ਨੂੰ ਰਸਮੀ ਮਾਨਤਾ ਦੇ ਦਿੱਤੀ; ਇਸਲਾਮੀ ਮੂਲਵਾਦੀ ਤਾਕਤ ਹਮਾਸ ਜਿਸ ਨੂੰ ਪੀ.ਐੱਲ.ਓ. ਵਿਰੁੱਧ ਖ਼ੁਦ ਇਜ਼ਰਾਈਲ ਅਤੇ ਪੱਛਮੀ ਸਾਮਰਾਜੀਆਂ ਨੇ ਉਭਾਰਿਆ, ਨੇ ਇਜ਼ਰਾਈਲ ਨੂੰ ਮਾਨਤਾ ਦੇਣ ਅਤੇ ਹਥਿਆਰ ਸੁੱਟਣ ਤੋਂ ਨਾਂਹ ਕਰ ਦਿੱਤੀ। ਹੁਣ ਹਮਾਸ ਦੁਸ਼ਮਣ ਵਜੋਂ ਨਿਸ਼ਾਨੇ ‘ਤੇ ਆ ਗਈ। 2007 ‘ਚ ਚੋਣਾਂ ਰਾਹੀਂ ਹਮਾਸ ਦੇ ਗਾਜ਼ਾ ਉੱਪਰ ਕਾਬਜ਼ ਹੋਣ ਨਾਲ ਪੱਛਮ ਅਤੇ ਮਹਿਮੂਦ ਅਬਾਸ ਵਾਲੇ ‘ਫਤਿਹ‘ ਹੁਕਮਰਾਨ ਗੁੱਟ ਦੋਹਾਂ ਨੂੰ ਫ਼ਿਕਰ ਪੈ ਗਿਆ। ਇਜ਼ਰਾਈਲ ਨੇ ਘੇਰਾਬੰਦੀ ਦਾ ਕਰੇੜਾ ਕੱਸ ਦਿੱਤਾ ਅਤੇ ਗਾਜ਼ਾ (20 ਲੱਖ ਤੋਂ ਉੱਪਰ ਵਸੋਂ) ਨੂੰ ਖੁੱਲ੍ਹੀ ਜੇਲ੍ਹ ‘ਚ ਬਦਲ ਦਿੱਤਾ। ਇਨ੍ਹਾਂ ਹਾਲਾਤ ‘ਚ ਹਮਾਸ ਫ਼ਲਸਤੀਨੀ ਟਾਕਰੇ ਦੀ ਆਗੂ ਜਥੇਬੰਦੀ ਬਣ ਕੇ ਉੱਭਰੀ। ਧਾਰਮਿਕ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਇਸ ਨੂੰ ਫ਼ਲਸਤੀਨੀਆਂ ਦੀ ਲਗਾਤਾਰ ਹਮਾਇਤ ਮਿਲਣ ਦੀ ਇਹੀ ਵੱਡੀ ਵਜ੍ਹਾ ਹੈ।
ਇਜ਼ਰਾਈਲ ਨਸਲਕੁਸ਼ੀ ਅਤੇ ਤਬਾਹੀ ਰਾਹੀਂ ਫ਼ਲਸਤੀਨੀਆਂ ਦਾ ਉਨ੍ਹਾਂ ਦੀ ਸਰਜ਼ਮੀਨ ਉੱਪਰੋਂ ਮੁਕੰਮਲ ਸਫ਼ਾਇਆ ਚਾਹੁੰਦਾ ਹੈ। ਇਹ ਸੁਪਨਾ ਸਾਕਾਰ ਕਰਨ ਲਈ ਇਜ਼ਰਾਇਲੀ ਹੁਕਮਰਾਨ ਅਮਰੀਕਾ ਅਤੇ ਹੋਰ ਜੋਟੀਦਾਰ ਸਾਮਰਾਜੀ ਤਾਕਤਾਂ ਦੀ ਸਰਪ੍ਰਸਤੀ ਹੇਠ ਫ਼ਲਸਤੀਨੀਆਂ ਦਾ ਕਤਲੇਆਮ ਕਰ ਰਹੇ ਹਨ। 1946 ਅਤੇ 2023 ਦਰਮਿਆਨ ਅਮਰੀਕਾ ਨੇ ਇਜ਼ਰਾਇਲੀ ਸੁਰੱਖਿਆ ਬਲਾਂ ਲਈ 263 ਅਰਬ ਡਾਲਰ ਦਿੱਤੇ ਹਨ।
ਇਸੇ ਦੌਰਾਨ ਵੱਖ-ਵੱਖ ਮੁਲਕਾਂ ਦੇ ਇਨਸਾਫ਼ਪਸੰਦ ਅਤੇ ਅਮਨ-ਪ੍ਰੇਮੀ ਫ਼ਲਸਤੀਨੀਆਂ ਵਿਰੁੱਧ ਵਿੱਢੇ ਨਹੱਕ ਹਮਲੇ ਦਾ ਸੜਕਾਂ ‘ਤੇ ਆ ਕੇ ਵਿਰੋਧ ਕਰ ਰਹੇ ਹਨ। ਇਸ ਇਕਮੁੱਠਤਾ ਨੂੰ ਦਬਾਉਣ ਲਈ ਲੋਕਤੰਤਰ ਦੇ ਆਪੇ ਬਣੇ ਚੈਂਪੀਅਨ ਸਾਮਰਾਜੀ ਰਾਜ ਇਨ੍ਹਾਂ ਆਵਾਜ਼ਾਂ ਨੂੰ ਦਬਾ ਰਹੇ ਹਨ। ਅਮਰੀਕਾ ‘ਚ ਤਿੰਨ ਮੁਸਲਮਾਨ ਬ੍ਰਾਡਕਾਸਟਰਾਂ ਨੂੰ ਕੱਢਣ ਦੀ ਖ਼ਬਰ ਹੈ। ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਪੁਲਿਸ ਨੂੰ ਆਦੇਸ਼ ਦਿੱਤਾ ਹੈ ਕਿ ਫ਼ਲਸਤੀਨੀ ਝੰਡਾ ਚੁੱਕਣ ਨੂੰ ਜੁਰਮ ਮੰਨਿਆ ਜਾਵੇ। ਉੱਥੋਂ ਫ਼ਲਸਤੀਨ ਦੀ ਹਮਾਇਤ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਹਨ। ਫਰਾਂਸ, ਜਰਮਨੀ ਅਤੇ ਹੰਗਰੀ ਦੀਆਂ ਸਰਕਾਰਾਂ ਨੇ ਫ਼ਲਸਤੀਨ ਪੱਖੀ ਪ੍ਰਦਰਸ਼ਨਾਂ ਦੀ ਮਨਾਹੀ ਕਰ ਦਿੱਤੀ ਹੈ। ਭਾਰਤ ਸ਼ੁਰੂ ਤੋਂ ਹੀ ਫ਼ਲਸਤੀਨੀ ਲੋਕਾਂ ਦੇ ਜਾਇਜ਼ ਸੰਘਰਸ਼ ਦੀ ਹਮਾਇਤ ਕਰ ਰਿਹਾ ਹੈ। ਇਨਸਾਫ਼ਪਸੰਦ ਭਾਰਤੀ ਹੁਣ ਵੀ ਫ਼ਲਸਤੀਨ ਨਾਲ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਹਨ ਪਰ ਆਰ.ਐੱਸ.ਐੱਸ-ਭਾਜਪਾ ਹਕੂਮਤ ਇਜ਼ਰਾਈਲ ਦੀ ਹਮਾਇਤ ਕਰ ਰਹੀ ਹੈ। ਹਿਟਲਰ ਦੀ ਨਾਜ਼ੀਵਾਦੀ ਹਕੂਮਤ ਵੱਲੋਂ ਯਹੂਦੀਆਂ ਦੀ ਨਸਲਕੁਸ਼ੀ, ਆਰ.ਐੱਸ.ਐੱਸ ਲਈ ਆਦਰਸ਼ ਮਾਡਲ ਸੀ ਕਿਉਂਕਿ ਉਸ ਵਿਚੋਂ ਇਨ੍ਹਾਂ ਨੂੰ ਮੁਸਲਮਾਨਾਂ ਅਤੇ ਇਸਾਈਆਂ ਨੂੰ ‘ਅੰਦਰੂਨੀ ਦੁਸ਼ਮਣ‘ ਅਤੇ ‘ਬਾਹਰਲੇ‘ ਕਰਾਰ ਦੇ ਕੇ ਉਨ੍ਹਾਂ ਨੂੰ ਦੋਇਮ ਦਰਜੇ ਦੀ ਅਧਿਕਾਰਹੀਣ ਪਰਜਾ ਬਣਾ ਕੇ ਬਦਲਾ ਲੈਣ ਦਾ ਵਿਚਾਰਧਾਰਕ ਆਧਾਰ ਮਿਲਦਾ ਸੀ। ਹੁਣ ਸੰਘ ਨੂੰ ਯਹੂਦੀਵਾਦੀ ਇਜ਼ਰਾਈਲ ਦੇ ਰੂਪ ਵਿਚ ਨਵਾਂ ਯੁੱਧ ਸਾਥੀ ਮਿਲ ਗਿਆ ਹੈ। ਗਾਜ਼ਾ ਪੱਟੀ ਅਤੇ ਹੋਰ ਇਲਾਕਿਆਂ ‘ਚ ਫ਼ਲਸਤੀਨੀ ਮੁਸਲਮਾਨਾਂ ਦੀ ਪੱਕੀ ਫ਼ੌਜੀ ਘੇਰਾਬੰਦੀ ਕਰ ਕੇ ਨਸਲਕੁਸ਼ੀ ਇਨ੍ਹਾਂ ਲਈ ਮੁਸਲਮਾਨਾਂ ਨੂੰ ਦਬਾਉਣ ਅਤੇ ਬਦਲਾ ਲੈਣ ਦਾ ਨਵਾਂ ਨਮੂਨਾ ਹੈ। ਇਸੇ ਨਮੂਨੇ ‘ਤੇ ਭਾਰਤ ਵਿਚ ਕਸ਼ਮੀਰ ਨੂੰ ਦੂਜਾ ਫ਼ਲਸਤੀਨ ਬਣਾਇਆ ਗਿਆ ਅਤੇ ਭਾਜਪਾ ਹਕੂਮਤ ਵਾਲੇ ਹੋਰ ਰਾਜਾਂ ਵਿਚ ਮੁਸਲਮਾਨ ਭਾਈਚਾਰੇ ਨੂੰ ਬਾਕੀ ਸਮਾਜ ਨਾਲੋਂ ਅਲੱਗ-ਥਲੱਗ ਕਰ ਕੇ ਅਤੇ ਅਸੁਰੱਖਿਅਤ ਬਣਾ ਕੇ ਜੇਲ੍ਹ-ਬਸਤੀਆਂ ‘ਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫ਼ਲਸਤੀਨੀਆਂ ਦੇ ਨਸਲੀ ਸਫ਼ਾਏ ਨੂੰ ਇਜ਼ਰਾਈਲ ਦੀ ਸਵੈ-ਰੱਖਿਆ ਦਾ ਨਾਂ ਦੇਣਾ ਅਮਰੀਕਾ ਤੇ ਪੱਛਮੀ ਤਾਕਤਾਂ ਦੀ ਮੱਕਾਰ ਨੀਤੀ ਹੈ। ਫ਼ਲਸਤੀਨੀਆਂ ਵਿਰੁੱਧ ਇਨ੍ਹਾਂ ਸਾਰੀਆਂ ਹੀ ਇਨਸਾਨੀਅਤ ਵਿਰੋਧੀ ਤਾਕਤਾਂ ਦੇ ਗੱਠਜੋੜ ਵਿਰੁੱਧ ਅੱਜ ਹੋਰ ਵੀ ਧੜੱਲੇ ਨਾਲ ਲੋਕ ਰਾਇ ਖੜ੍ਹੀ ਕਰਨ ਦੀ ਲੋੜ ਹੈ।
ਇੱਕੋ-ਇਕ ਹੱਲ ਕੌਮਾਂਤਰੀ ਦਖ਼ਲ: ਅਰੁੰਧਤੀ ਰਾਏ
ਫ਼ਲਸਤੀਨ ਉੱਪਰ ਇਜ਼ਰਾਈਲ ਦਾ ਕਬਜ਼ਾ ਅਤੇ ਗਾਜ਼ਾ ਦੀ ਘੇਰਾਬੰਦੀ ਮਨੁੱਖਤਾ ਵਿਰੁੱਧ ਜੁਰਮ ਹੈ। ਅਮਰੀਕਾ ਅਤੇ ਹੋਰ ਮੁਲਕ ਜੋ ਧਨ ਅਤੇ ਹਥਿਆਰਾਂ ਨਾਲ ਇਸ ਕਬਜ਼ੇ ਦੀ ਹਮਾਇਤ ਕਰਦੇ ਹਨ, ਉਸ ਜੁਰਮ ‘ਚ ਭਾਈਵਾਲ ਹਨ। ਹੁਣ ਅਸੀਂ ਜੋ ਭਿਆਨਕਤਾ ਦੇਖ ਰਹੇ ਹਾਂ, ਉਹ ਉਸ ਜੁਰਮ ਦਾ ਨਤੀਜਾ ਹੈ। ਇਸ ‘ਯੁੱਧ‘ ਦੀ ਕਰੂਰਤਾ ਬਾਰੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ, ਕਿਸੇ ਵੀ ਧਿਰ ਵੱਲੋਂ ਕੀਤੀਆਂ ਜ਼ਿਆਦਤੀਆਂ ਦੀ ਕਿਸੇ ਵੀ ਮਾਤਰਾ ‘ਚ ਨਿੰਦਾ, ਉਨ੍ਹਾਂ ਜ਼ੁਲਮਾਂ ਦੇ ਪੈਮਾਨੇ ਬਾਰੇ ਕਿਸੇ ਵੀ ਮਾਤਰਾ ‘ਚ ਝੂਠੀ ਸਮਾਨਤਾ ਦਿਖਾਉਣ ਨਾਲ ਕੋਈ ਹੱਲ ਨਹੀਂ ਨਿਕਲੇਗਾ। ਇੱਕੋ-ਇਕ ਹੱਲ ਸਿਰਫ਼ ਕੌਮਾਂਤਰੀ ਦਖ਼ਲ ਹੀ ਹੋ ਸਕਦਾ ਹੈ ਜੋ ਕਬਜ਼ਾ ਖ਼ਤਮ ਕਰਨ, ਰੰਗਭੇਦ ਦੀ ਇਸ ਵਿਵਸਥਾ ਨੂੰ ਖ਼ਤਮ ਕਰਨ ਲਈ ਗੱਲਬਾਤ ਦਾ ਸੱਦਾ ਦੇਵੇ। ਸਿਰਫ਼ ਇਹੀ ਇਜ਼ਰਾਇਲੀ ਨਾਗਰਿਕਾਂ ਦੇ ਭਿਆਨਕ ਕਤਲਾਂ ਅਤੇ ਫ਼ਲਸਤੀਨੀਆਂ ਦੇ ਕਤਲੇਆਮ ਦੇ ਗੇੜ ਨੂੰ ਠੱਲ੍ਹ ਪਾ ਸਕੇਗਾ।