ਫਿਲਮ ‘ਸਰਾਭਾ’: ਇਤਿਹਾਸ ਦੀ ਪਰਿਕਰਮਾ

ਕੁਦਰਤ ਕੌਰ
ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਗਦਰੀ ਨੌਜਵਾਨ ਕਰਤਾਰ ਸਿੰਘ ਸਰਾਭਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਰਾਭਾ’ ਤਿੰਨ ਨਵੰਬਰ 2023 ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਫਿਲਮ ਉਘੇ ਫਿਲਮਸਾਜ਼ ਕਵੀ ਰਾਜ਼ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਗਈ ਹੈ ਜੋ ਇਸ ਤੋਂ ਪਹਿਲਾਂ ‘ਦਿ ਬਲੈਕ ਪ੍ਰਿੰਸ’ ਬਣਾ ਕੇ ਦੁਨੀਆ ਭਰ ਵਿਚ ਨਾਮਣਾ ਖੱਟ ਚੁੱਕੇ ਹਨ।

‘ਦਿ ਬਲੈਕ ਪ੍ਰਿੰਸ’ ਫਿਲਮ ਹੌਲੀਵੁੱਡ ਵਿਚ ਵੀ ਰਿਲੀਜ਼ ਕੀਤੀ ਗਈ ਸੀ ਅਤੇ ਇਸ ਫਿਲਮ ਨੇ ਕੌਮਾਂਤਰੀ ਪੱਧਰ ‘ਤੇ 50 ਤੋਂ ਵਧੇਰੇ ਇਨਾਮ ਹਾਸਲ ਕੀਤੇ ਸਨ। ਫਿਲਮ ‘ਸਰਾਭਾ’ ਵੀ ਇਸੇ ਤਰਜ਼ ‘ਤੇ ਤਿਆਰ ਕੀਤੀ ਗਈ ਹੈ ਅਤੇ ਇਸੇ ਪੱਧਰ ‘ਤੇ ਇਹ ਪੇਸ਼ ਕੀਤੀ ਜਾ ਰਹੀ ਹੈ। ਇਸ ਫਿਲਮ ਵਿਚ ਕਰਤਾਰ ਸਿੰਘ ਸਰਾਭਾ ਵਾਲਾ ਕਿਰਦਾਰ ਨੌਜਵਾਨ ਅਦਾਕਾਰ ਜਪਤੇਜ ਸਿੰਘ ਨੇ ਨਿਭਾਇਆ ਹੈ। ਇਹ ਉਹੀ ਜਪਤੇਜ ਸਿੰਘ ਹੈ ਜਿਸ ਨੇ ਸਾਲ 2013 ਵਿਚ ਉਘੇ ਦੌੜਾਕ ਮਿਲਖਾ ਸਿੰਘ ਬਾਰੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਵਿਚ ਬਾਲਕ ਮਿਲਖਾ ਸਿੰਘ ਵਾਲਾ ਕਿਰਦਾਰ ਨਿਭਾਅ ਕੇ ਸਭ ਦਾ ਮਨ ਮੋਹ ਲਿਆ ਸੀ।
ਫਿਲਮਸਾਜ਼ ਕਵੀ ਰਾਜ਼ ਦਾ ਫਿਲਮ ‘ਸਰਾਭਾ’ ਬਾਰੇ ਕਹਿਣਾ ਹੈ ਕਿ ਇਹ ਫਿਲਮ ਉਸ ਦੇ ਜੀਵਨ ਦਾ ਸੁਪਨਾ ਸੀ। ਉਸ ਨੇ ਕਿਹਾ, “ਜੇ ਤੁਸੀਂ ਸੁਪਨੇ ਲੈਂਦੇ ਹੋ ਤਾਂ ਹਰ ਤਰ੍ਹਾਂ ਦੀ ਕੁਰਬਾਨੀ ਲਈ ਵੀ ਤਿਆਰ ਰਹੋ। ‘ਸਰਾਭਾ’ ਫਿਲਮ ਬਣਾਉਣੀ ਮੇਰਾ ਸੁਪਨਾ ਸੀ ਜਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਦਾ ਸੁਪਨਾ ਆਜ਼ਾਦੀ ਸੀ। ਇਹ ਫਿਲਮ ਸਾਡੀ ਆਜ਼ਾਦੀ ਦੀ ਗੱਲ ਕਰੇਗੀ।”
ਇਸ ਫਿਲਮ ਵਿਚ ਜਪਤੇਜ ਸਿੰਘ ਤੋਂ ਇਲਾਵਾ ਖੁਦ ਕਵੀ ਰਾਜ਼, ਮੁਕੁਲ ਦੇਵ, ਮਲਕੀਤ ਰੌਣੀ, ਮਹਾਬੀਰ ਭੁੱਲਰ, ਜਸਪਿੰਦਰ ਚੀਮਾ, ਕੰਵਰ ਗਰੇਵਾਲ, ਜਸਬੀਰ ਜੱਸੀ, ਅੰਕੁਰ ਰਾਠੀ ਅਤੇ ਮਲਕੀਤ ਮੀਤ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ। 137 ਮਿੰਟਾਂ ਦੀ ਇਹ ਫਿਲਮ ਮੂਲ ਰੂਪ ਵਿਚ ਪੰਜਾਬੀ ਵਿਚ ਬਣਾਈ ਗਈ ਹੈ ਅਤੇ ਨਾਲ ਦੀ ਨਾਲ ਹੋਰ ਭਾਸ਼ਵਾਾਂ ਵਿਚ ਵੀ ਡਬ ਕੀਤੀ ਗਈ ਹੈ। ਫਿਲਮ ਵਿਚ ਨਿੰਜਾ, ਕੰਵਰ ਗਰੇਵਾਲ, ਹੰਸ ਰਾਜ ਹੰਸ, ਰੰਮੀ ਤੇ ਪ੍ਰਿੰਸ ਰੰਧਾਵਾ, ਜਾਵੇਦ ਅਲੀ, ਸ਼ਾਹਿਦ ਮਲਾਇਆ ਨੇ ਗਾਏ ਹਨ।
ਯਾਦ ਰਹੇ ਕਿ ਨੌਜਵਾਨ ਕਰਤਾਰ ਸਿੰਘ ਸਰਾਭਾ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਪੜ੍ਹਨ ਗਿਆ ਸੀ। ਉਥੇ ਉਸ ਦਾ ਮਿਲਾਪ ਅਜਿਹੇ ਨੌਜਵਾਨਾਂ ਨਾਲ ਹੋ ਗਿਆ ਜੋ ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਬਾਰੇ ਗਹਿਰ-ਗੰਭੀਰ ਹੋ ਕੇ ਸੋਚ ਰਹੇ ਸਨ ਅਤੇ ਅੰਗਰੇਜ਼ਾਂ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਨ ਦੀਆਂ ਤਰਕੀਬਾਂ ਘੜ ਰਹੇ ਸਨ। ਇਉਂ ਕਰਤਾਰ ਸਿੰਘ ਨੇ ਛੋਟੀ ਉਮਰ ਵਿਚ ਹੀ ਆਪਣੀ ਜਿੰਦੜੀ ਮੁਲਕ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ ਅਤੇ ਉਹ ਤੇ ਉਸ ਦੇ ਸਾਥੀ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣ ਗਏ। ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਨਾਇਕ ਤਸੱਵੁਰ ਕਰਦਾ ਸੀ। ਗ੍ਰਿਫਤਾਰੀ ਵੇਲੇ ਵੀ ਉਸ ਦੀ ਜੇਬ ਵਿਚੋਂ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਮਿਲੀ ਸੀ।
ਚੇਤੇ ਰਹੇ ਕਿ ਪਹਿਲੇ ਸੰਸਾਰ ਯੁੱਧ ਦੌਰਾਨ ਅਮਰੀਕਾ/ਕੈਨਡਾ ਵਿਚੋਂ ਉਠੀ ਗਦਰ ਲਹਿਰ ਨੇ ਅੰਗਰੇਜ਼ਾਂ ਨੂੰ ਇਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ ਸੀ। ਇਤਿਹਾਸ ਗਵਾਹ ਹੈ ਕਿ ਅਮਰੀਕਾ ਵਿਚ ਵੱਸਦੇ ਗਦਰੀ ਅਜੇ ਆਪਣੀ ਲੜਾਈ ਦੀ ਤਿਆਰੀ ਕਰ ਹੀ ਰਹੇ ਸਨ ਕਿ ਪਹਿਲਾ ਸੰਸਾਰ ਯੁੱਧ ਛਿੜ ਗਿਆ। ਗਦਰੀਆਂ ਨੇ ਝੱਟ ਮਤਾ ਪਕਾਇਆ ਕਿ ਅੰਗਰੇਜ਼ ਹੁਣ ਯੁੱਧ ਵਿਚ ਉਲਝ ਗਿਆ ਹੈ, ਇਸ ਲਈ ਇਨ੍ਹਾਂ ਖਿਲਾਫ ਬਗਾਵਤ ਦਾ ਬਿਗਲ ਵਜਾ ਦਿੱਤਾ ਜਾਵੇ। ਇਉਂ ਤਕਰੀਬ 8000 ਗਦਰੀ ਵੱਖ-ਵੱਖ ਰੂਟਾਂ ਰਾਹੀਂ ਭਾਰਤ ਅੱਪੜ ਗਏ ਅਤੇ ਫੌਜੀ ਛਾਉਣੀਆਂ ਤੇ ਹੋਰ ਥਾਈਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕਿਰਪਾਲ ਸਿੰਘ ਦੀ ਗੱਦਾਰੀ ਅਤੇ ਕੁਝ ਹੋਰ ਕਾਰਨਾਂ ਕਰ ਕੇ ਇਹ ਗਦਰੀ ਨੌਜਵਾਨ ਭਾਵੇਂ ਆਪਣੇ ਮਿਸ਼ਨ ਵਿਚ ਸਫਲ ਨਹੀਂ ਹੋ ਸਕੇ ਪਰ ਇਹ ਅੱਜ ਵੀ ਜੂਝਣ ਵਾਲੇ ਜਿਊੜਿਆਂ ਲਈ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਫਾਂਸੀ ਦਾ ਰੱਸਾ ਚੁੰਣ ਵੇਲੇ ਕਰਤਾਰ ਸਿੰਘ ਸਰਾਭਾ ਦੀ ਉਪਰ ਸਿਰਫ 19 ਵਰ੍ਹੇ ਸੀ, ਉਹ ਰੱਤੀ ਭਰ ਵੀ ਡੋਲਿਆ ਨਹੀਂ ਅਤੇ ਆਪਣੇ ਅਕੀਦੇ ਲਈ ਹੱਸ ਕੇ ਫਾਂਸੀ ਚੜ੍ਹ ਗਿਆ।
ਫਿਲਮ ‘ਸਰਾਭਾ’ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ 1977 ਵਿਚ ਹੀ ਫਿਲਮ ‘ਸ਼ਹੀਦ ਕਰਤਾਰ ਸਿੰਘ ਸਰਾਭਾ’ ਬਣੀ ਸੀ।