ਭਾਰਤੀ ਨਿੱਕੀ ਕਹਾਣੀ ਵਿਚ ਸਭਿਆਚਾਰਕ ਤੇ ਆਰਥਿਕ ਸਾਂਝ

ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਰੇਣੂਕਾ ਸਿੰਘ ਤੇ ਬਲਬੀਰ ਮਾਧੋਪੁਰੀ ਵਲੋਂ ਚੁਣੀਆਂ ਪੰਜਾਬੀ ਦੀਆਂ ਸ੍ਰੇਸ਼ਠ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਪਾਕਿਸਤਾਨੀ ਤੇ ਭਾਰਤੀ ਪੰਜਾਬ ਦਾ ਆਰਥਿਕ ਤੇ ਸਭਿਆਚਾਰਕ ਦਰਪਣ ਹਨ| ਅਲੇਫ ਬੁੱਕ ਕੰਪਨੀ, ਦਰਿਆ ਗੰਜ, ਦਿੱਲੀ ਨੇ ਇਸ ਦਾ ਪ੍ਰਕਾਸ਼ਨ ਕੀਤਾ ਹੈ| ਇਹ ਕੰਪਨੀ ਇਸ ਤੋਂ ਪਹਿਲਾਂ ਬੰਗਾਲੀ, ਉਰਦੂ, ਉੜੀਆ, ਹਿੰਦੀ, ਤਾਮਿਲ, ਆਸਾਮੀ, ਗੁਜਰਾਤੀ, ਕਸ਼ਮੀਰੀ, ਤੈਲੁਗੂ, ਗੋਆਨ ਤੇ ਮਰਾਠੀ ਦੇ ਅੰਗਰੇਜ਼ੀ ਐਡੀਸ਼ਨ ਵੀ ਪ੍ਰਕਾਸ਼ਿਤ ਕਰ ਚੁੱਕੀ ਹੈ| ਮੇਰੇ ਅੰਦਰਲੇ ਕਹਾਣੀਕਾਰ ਨੇ ਮੈਨੂੰ ਇਨ੍ਹਾਂ ਵਿਚੋਂ ਕੁਝ ਇੱਕ ਦਾ ਅਧਿਐਨ ਕਰਨ ਲਈ ਉਕਸਾਇਆ ਤਾਂ ਮੈਨੂੰ ਪੰਜਾਬੀ ਤੋਂ ਵੱਖਰੀਆਂ ਭਾਸ਼ਾਵਾਂ ਦੀ ਵਡਿੱਤਣ ਜਾਨਣ ਦਾ ਵੀ ਮੌਕਾ ਮਿਲਿਆ| ਇਸ ਤੋਂ ਪਹਿਲਾਂ ਕਿ ਮੈਂ ਪੰਜਾਬੀ ਕਹਾਣੀ ਦੇ ਪ੍ਰਮੁੱਖ ਗੁਣਾਂ ਦੀ ਗੱਲ ਕਰਾਂ ਮੇਰਾ ਮਨ ਦੂਜੀਆਂ ਭਾਸ਼ਾਵਾਂ ਦੇ ਇੱਕ ਪੱਖ ਦਾ ਜ਼ਿਕਰ ਕਰਨਾ ਚਾਹੁੰਦਾ ਹੈ|

ਮੈਂ ਪਾਠਕਾਂ ਨਾਲ ਆਪਣੀ ਧਾਰਨਾ ਸਾਂਝੀ ਕਰਨ ਲਈ ਗੋਦਾਵਰੀ ਮੋਹਾਪਾਤਰਾ ਦੀ ਉੜੀਆ ਕਹਾਣੀ ‘ਮਾਗੁਨੀ ਦਾ ਲੱਕੜ ਗੱਡਾ’ ਦਾ ਪ੍ਰਮਾਣ ਦਿੰਦਾ ਹਾਂ| ਮਾਗੁਨੀ ਉੜੀਸਾ ਦੇ ਖਾਲੀਕੋਟ ਇਲਾਕੇ ਦਾ ਸਾਧਾਰਨ ਵਿਅਕਤੀ ਹੈ ਜਿਹੜਾ ਆਪਣੇ ਜੀਵਨ ਦੇ ਨਿਰਵਾਹ ਲਈ ਗੱਡਾ ਵਾਹੁੰਦਾ ਹੈ| ਮਾਲ ਅਸਬਾਬ ਚੋਣ ਲਈ ਨਹੀਂ ਮਾਨਵੀ ਸਵਾਰੀਆਂ ਢੋਣ ਲਈ| ਉਸਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਖਾਲੀਕੋਟ ਦੇ ਰਾਜੇ ਕੋਲ ਦੋ ਕਾਰਾਂ ਹਨ| ਉਹ ਰਾਜੇ ਦੀਆਂ ਕਾਰਾਂ ਦਾ ਮੁਕਾਬਲਾ ਆਪਣੇ ਗੱਡੇ ਨਾਲ ਨਹੀਂ ਕਰਦਾ ਪਰ ਇਸ ਗੱਡੇ ਦੇ ਡਰਾਈਵਰ ਦਾ ਕਾਰਾਂ ਦੇ ਡਰਾਈਵਰਾਂ ਨਾਲ ਕਰਦਾ ਹੈ ਤੇ ਕਾਰਾਂ ਦੇ ਇੰਜਣਾ ਦਾ ਆਪਣੇ ਬੋਲਦਾਂ ਨਾਲ| ਕਿੱਥੇ ਜਾਨਦਾਰ ਬੋਲਦਾਂ ਦੀ ਜੋੜੀ ਤੇ ਕਿੱਥੇ ਲੋਹੇ ਦਾ ਇੰਜਣ? ਜਿੱਥੇ ਰਾਜੇ ਦੀਆਂ ਕਾਰਾਂ ਕੇਵਲ ਸਾਕਾਂ ਸਬੰਧੀਆਂ ਦੇ ਭਲੇ ਲਈ ਹਨ ਪਰ ਮਾਗੁਨੀ ਦਾ ਗੱਡਾ ਸਮੁੱਚੇ ਨਗਰ ਨਿਵਾਸੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਲਿਜਾਂਦਾ ਹੈ| ਉਸਨੇ ਆਪਣੇ ਬੋਲਦਾਂ ਦਾ ਨਾਂ ਕਾਲੀਆ ਤੇ ਕੇਸਰਾ ਰੱਖਿਆ ਹੋਇਆ ਹੈ ਤੇ ਉਸਨੂੰ ਇਨ੍ਹਾਂ ਉੱਤੇ ਮਾਣ ਹੈ|
ਉਸਦੇ ਬਾਂਕੇ ਬੋਲਦ ਬਨਾਮ ਲੋਹੇ ਦਾ ਇੰਜਣ! ਇੱਕ ਦਿਨ ਅਚਾਨਕ ਹੀ ਅਫਵਾਹ ਫੈਲ ਗਈ ਕਿ ਜਿਸ ਸੜਕ ‘ਤੇ ਮਾਗੁਨੀ ਦਾ ਗੱਡਾ ਸਵਾਰੀਆਂ ਢੋਂਦਾ ਸੀ ਉਥੇ ਅਮੀਰ ਪੂੰਜੀਪਤੀਆਂ ਨੇ ਬੱਸ ਚਾਲੂ ਕਰਨ ਦਾ ਫੈਸਲਾ ਕਰ ਲਿਆ ਹੈ| ਮਾਗੁਨੀ ਉੱਚੀ ਉੱਚੀ ਕਹਿ ਕਹਾ ਮਾਰ ਕੇ ਕਹਿੰਦਾ ਹੈ ਕਿ ਬੱਸ ਦੇ ਡਰਾਈਵਰ ਦੀ ਬੱਸ ਦੀਆਂ ਸਵਾਰੀਆਂ ਨਾਲ ਉਹਦੇ ਵਰਗੀ ਵਾਰਤਾਲਾਪ ਤੇ ਸਾਂਝ ਨਹੀਂ ਹੋਣ ਲੱਗੀ| ਉਸਦੇ ਬੋਲੇ ਸ਼ਬਦ ਤਾਂ ਇੰਜਣ ਦੀ ਘਰਰ-ਘਰਰ ਵਿਚ ਗੁਆਚ ਜਾਣੇ ਹਨ| ਉਸਦੀ ਬੱਸ ਵਿਚ ਕੌਣ ਚੜ੍ਹੇਗਾ|
ਮਾਗੁਨੀ ਕੀ ਜਾਣੇ ਕਿ ਸਵਾਰੀਆਂ ਨੂੰ ਮੰਜ਼ਿਲ ‘ਤੇ ਪਹੁੰਚਣ ਦੀ ਕਾਹਲ ਹੁੰਦੀ ਹੈ ਮਾਗੁਨੀ ਦੀਆਂ ਬਾਤਾਂ ਦੀ ਨਹੀਂ| ਉਂਝ ਵੀ ਜਿੰਨੀਆਂ ਸਵਾਰੀਆਂ ਉਸਦਾ ਗੱਡਾ ਢੋਂਦਾ ਹੈ ਬੱਸ ਦੇ ਇੱਕ ਇਕੱਲੇ ਫੇਰੇ ਵਿਚ ਇਸ ਤੋਂ ਪੰਜ ਗੁਣਾ ਵੱਧ ਸਮਾ ਜਾਣੀਆਂ ਹਨ| ਇਹੀਓ ਹੋਇਆ| ਨਵੀਂ ਬੱਸ ਭਰੀ ਭਕੁੰਨੀ ਜਾਣ ਲੱਗੀ ਤੇ ਮਾਗੁਨੀ ਦਾ ਗੱਡਾ ਖਾਲੀ| ਮਾਗੁਨੀ ਵਲੋਂ ਆਪਣੇ ਗੱਡੇ ਵਿਚ ਰੱਖੇ ਗੱਦੇ ਗੱਦੀਆਂ ਵੀ ਕਿਸੇ ਨਾ ਸਿਆਣੇ|
ਮਾਗੁਨੀ ਕੀ ਕਰਦਾ| ਉਸਨੇ ਦੋਵੇਂ ਡੰਗ ਖਾਣ ਦੀ ਥਾਂ ਇੱਕ ਡੰਗ ਖਾਣਾ ਸ਼ੁਰੂ ਕਰ ਦਿੱਤਾ| ਉਹ ਦਿਨ ਵੀ ਆ ਗਿਆ ਜੱਦ ਉਸਦੇ ਚੁੱਲ੍ਹੇ ਅੱਗ ਹੀ ਨਹੀਂ ਬਲੀ|
ਕਾਲੀਆ ਤੇ ਕੇਸਰਾ ਦੇ ਖਾਣ ਲਈ ਵੀ ਕੁਝ ਨਹੀਂ ਸੀ| ਉਨ੍ਹਾਂ ਦੇ ਪਿੰਜਰ ਨਿਕਰ ਆਏ|
ਅੰਤ ਉਹ ਦਿਨ ਵੀ ਆ ਗਿਆ ਜਦ ਨਗਰ ਨਿਵਾਸੀਆਂ ਨੂੰ ਉਸਦੇ ਘਰ ਦਾ ਬੂਹਾ ਤੋੜ ਕੇ ਉਸਦੀ ਲਾਸ਼ ਦਾ ਸੰਸਕਾਰ ਕਰਨਾ ਪਿਆ|
ਉੜੀਆ ਐਡੀਸ਼ਨ ਵਿਚੋਂ ਇਹ ਕਹਾਣੀ ਪੜ੍ਹ ਕੇ ਮੈਨੂੰ ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇੱਕ ਸਵਾਰ ਨੂੰ’ ਚੇਤੇ ਆ ਗਈ ਜਿਸ ਵਿਚ ਗੋਬਿੰਦਗੜ੍ਹ ਤੋਂ ਖੰਨਾ ਨੂੰ ਤਾਂਗਾ ਵਾਹੁਣ ਵਾਲੇ ਤਾਂਗੇ ਵਾਲੇ ਦਾ ਉਸ ਰੂਟ `ਤੇ ਬੱਸ ਚਲਣ ਨਾਲ ਉਹੀਓ ਹਾਲ ਹੁੰਦਾ ਹੈ ਜਿਹੜਾ ਮਾਗੁਨੀ ਦਾ| ਮੇਰਾ ਪਿਆਰ ਆਪਣੀ ਉਸ ਕਹਾਣੀ (ਆਪਣੀ ਸਵਾਰੀ) ਵੱਲ ਵੀ ਗਿਆ, ਜਿਸਦਾ ਨਾਇਕ ਨਾ ਗੱਡਾ ਵਾਹੁੰਦਾ ਹੈ ਤੇ ਨਾ ਹੀ ਟਾਂਗਾ; ਸਗੋਂ ਊਠ ਵਾਹੁੰਦਾ ਹੈ ਤੇ ਬੰਦਿਆਂ ਦੀ ਥਾਂ ਰੋਜ਼ਾਨਾ ਵਰਤੋਂ ਦਾ ਮਾਲ ਅਸਬਾਸ ਆਪਣੇ ਊਠਾਂ ਉੱਤੇ ਲੱਦ ਕੇ ਮੈਦਾਨਾਂ ਤੋਂ ਪਹਾੜ ਲਿਆਂਦਾ ਹੈ ਤੇ ਪਹਾੜੀ ਤੋਂ ਮੈਦਾਨੀ ਇਲਾਕੇ ਵਿਚ| ਉਹਦੇ ਵਾਲੇ ਰੂਟ ਉੱਤੇ ਰੇਲ ਗੱਡੀ ਦੀ ਆਮਦ ਨਾਲ ਉਸਨੂੰ ਉਹੀਓ ਝਟਕਾ ਲਗਦਾ ਹੈ ਜਿਹੜਾ ਧੀਰ ਦੇ ਤਾਂਗੇ ਵਾਲੇ ਤੇ ਗੋਦਾਵਰੀ ਮੋਹਾਪਾਤਰਾ ਦੇ ਗੱਡੇ ਵਾਲੇ ਨੂੰ|
ਚੰਗੀਆਂ ਕਹਾਣੀਆਂ ਦੇ ਪਾਠਕਾਂ ਨੂੰ ਚਾਹੀਦਾ ਹੈ ਕਿ ਉਹ ਕੇਵਲ ਆਪਣੀ ਭਾਸ਼ਾ ਦੀਆਂ ਸ੍ਰੇਸ਼ਠ ਕਹਾਣੀਆਂ ਹੀ ਨਾ ਪੜ੍ਹਨ ਦੂਜੀਆਂ ਭਾਸ਼ਾਵਾਂ ਦਾ ਵੀ ਆਨੰਦ ਲੈਣ| ਦਿੱਲੀ ਦੀ ਅਲੇਫ ਬੁੱਕ ਕੰਪਨੀ ਨੇ ਇਹ ਕੰਮ ਸੌਖਾ ਕਰ ਦਿੱਤਾ ਹੈ|
ਹਾਂ ਆਪਣੀ ਪਸੰਦ ਨੂੰ ਅਪਣੀ ਭਾਸ਼ਾ ਤੱਕ ਸੀਮਤ ਰੱਖਣ ਵਾਲੇ ਪਾਠਕਾਂ ਲਈ ਉਨ੍ਹਾਂ ਦੀ ਭਾਸ਼ਾ ‘ਚ ਐਡੀਸ਼ਨ ਛਪ ਚੁੱਕੇ ਹਨ ਜਿਨ੍ਹਾਂ ਦਾ ਜ਼ਿਕਰ ਮੈਂ ਹਥਲੇ ਲੇਖ ਦੇ ਆਰੰਭ ਵਿਚ ਕਰ ਚੁੱਕਾ ਹਾਂ|
ਜਿੱਥੋਂ ਤੱਕ ਪੰਜਾਬੀ ਭਾਸ਼ਾ ਵਾਲੇ ਐਡੀਸ਼ਨ ਦਾ ਸਬੰਧ ਹੈ ਇਸਦੇ ਸੰਪਾਦਕਾਂ ਨੇ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਲੈ ਕੇ ਜਤਿੰਦਰ ਸਿੰਘ ਹਾਂਸ ਤੱਕ ਦੇ ਚਾਰ ਪੀੜ੍ਹੀਆਂ ਦੇ ਕਹਾਣੀਕਾਰਾਂ ਦੀਆਂ ਤੀਹ ਕਹਾਣੀਆਂ ਦੀ ਚੋਣ ਕੀਤੀ ਹੈ| ਇਸ ਵਿਚ ਨਾਨਕ ਸਿੰਘ, ਗੁਰਮੁਖ ਸਿੰਘ ਮੁਸਾਫਰ, ਦੇਵਿੰਦਰ ਸਤਿਅਰਥੀ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ ਤੇ ਅਜੀਤ ਕੌਰ ਵਰਗੇ ਮਹਾਰਥੀ ਹੀ ਨਹੀਂ ਮੇਰੇ, ਗੁਰਦੇਵ ਰੁਪਾਣਾ, ਗੁਰਬਚਨ ਭੁੱਲਰ, ਮੋਹਨ ਭੰਡਾਰੀ, ਬਚਿੰਤ ਕੌਰ, ਵਰਿਆਮ ਸੰਧੂ, ਸੁਕੀਰਤ, ਕੇਸਰਾ ਰਾਮ ਤੇ ਗੁਰਮੀਤ ਕੜਿਆਲਵੀ ਵਰਗੇ ਨਵੀਨ ਕਹਾਣੀਕਾਰ ਵੀ ਸ਼ਾਮਲ ਹਨ| ਇਨ੍ਹਾਂ ਦੇ ਪਬਲਿਸ਼ਰ ਵੀ ਨਾਨਕ ਸਿੰਘ ਪੁਸਤਕ ਮਾਲਾ, ਲਾਹੌਰ ਬੁਕਸ਼ਾਪ, ਨਵਯੁਗ ਪਬਲਿਸ਼ਰਜ਼, ਲੋਕਗੀਤ ਪ੍ਰਕਾਸ਼ਨ ਤੇ ਨੈਸ਼ਨਲ ਬੁੱਕ ਟਰੱਸਟ ਹਨ| ਸੰਪਾਦਕ ਜੋੜੀ ਰੇਣੁਕਾ ਸਿੰਘ, ਚੇਅਰਪਰਸਨ, ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਤੇ ਢਾਹਾਂ ਪੁਰਸਕਾਰ ਜੇਤੂ ਬਲਬੀਰ ਮਾਧੋਪੁਰੀ| ਬਹੁਰੰਗੀ ਵੰਨ ਸੁਵੰਨਤਾ| ਪੜ੍ਹੋ ਤੇ ਮਾਣੋ!
ਅੰਤਿਕਾ
—ਹਰਿਭਜਨ ਸਿੰਘ—
ਮੈਂ ਗ਼ਮ ਦੇ ਸਮੁੰਦਰ ’ਚ ਡੁਬਦਾ ਨਹੀਂ ਹਾਂ
ਤੇਰੇ ਗ਼ਮ ਦੇ ਮੈਨੂੰ ਸਹਾਰੇ ਬੜੇ ਨੇ
ਤੁਸਾਂ ਚਣ ਲਏ ਨੈਣਾਂ ਕੇਰੇ ਜੋ ਹੰਝੂ
ਜੋ ਕਿਰ ਨਾ ਸਕੇ ਗ਼ਮ ਦੇ ਮਾਰੇ ਬੜੇ ਨੇ
ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ।