ਦਿੱਲੀ ਤੋਂ ਹਾਂਗਜ਼ੂ : ਏਸ਼ਿਆਈ ਖੇਡਾਂ ਵਿਚ ਪੰਜਾਬੀਆਂ ਦਾ ਯੋਗਦਾਨ

ਪ੍ਰਿੰ. ਸਰਵਣ ਸਿੰਘ
ਫੋਨ: 647-785-1661
ਹਾਕਮਾਂ ਨੂੰ ਹੁਣ ਮੰਨ ਹੀ ਲੈਣਾ ਚਾਹੀਦੈ, ਪµਜਾਬੀ ਨੌਜੁਆਨ ਨਿਕੰਮੇ, ਨਸ਼ੱਈ, ਗੈਂਗਸਟਰ, ਅਤਿਵਾਦੀ ਜਾਂ ਵੱਖਵਾਦੀ ਨਹੀਂ, ਭਾਰਤੀ ਹਾਕੀ ਤੇ ਹੋਰ ਖੇਡਾਂ ਦੇ ਸੱਚਮੁੱਚ ਸਰਦਾਰ ਹਨ।

ਹੁਣੇ ਹੋਈਆਂ ਏਸ਼ਿਆਈ ਖੇਡਾਂ ‘ਚੋਂ 32 ਪੰਜਾਬੀ ਖਿਡਾਰੀਆਂ ਨੇ 20 ਮੈਡਲ ਜਿੱਤ ਕੇ ਭਾਰਤ ਮਾਂ ਦੀ ਝੋਲੀ ਭਰਨ ਵਿਚ ਵੱਡਾ ਯੋਗਦਾਨ ਪਾਇਆ। ਇਹ ਤੱਥ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਣ ਵਾਲਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ 16 ਖਿਡਾਰੀਆਂ ਨੇ ਏਸ਼ਿਆਈ ਖੇਡਾਂ ‘ਚੋਂ 13 ਤਗਮੇ ਜਿੱਤੇ! ਕੀ ਭਾਰਤ ਦੀ ਕਿਸੇ ਹੋਰ ਯੂਨੀਵਰਸਿਟੀ ਨੇ ਖੇਡ ਖੇਤਰ ਵਿਚ ਏਡੀ ਵੱਡੀ ਛਾਲ ਮਾਰੀ ਹੈ? ਭਾਰਤ ਦੇ ਸੁਤੰਤਰਤਾ ਸੰਗਰਾਮ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤਕ ਪੰਜਾਬੀਆਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ। ਭੁੱਖੇ ਭਾਰਤ ਦਾ ਢਿੱਡ ਭਰਦੇ ਹੋਏ ਤੇ ਪਰਦੇਸਾਂ ‘ਚ ਦੂਹਰੀਆਂ ਸ਼ਿਫਟਾਂ ਲਾ ਕੇ ਕਰੜੀਆਂ ਕਮਾਈਆਂ ਕਰਦੇ ਹੋਏ ਫੌਰਨ ਐਕਚੇਂਜ ਨਾਲ ਭਾਰਤ ਦੀਆਂ ਤਜੌਰੀਆਂ ਭਰਨ ਦੇ ਨਾਲ ਹੋਰ ਅਨੇਕਾਂ ਪਰਉਪਕਾਰ ਦੇ ਕਾਰਜ ਕੀਤੇ। ਪਰ ਭਾਰਤੀ ਹਾਕਮਾਂ ਨੇ ਪੰਜਾਬੀਆਂ ਦੇ ਪਰਉਪਕਾਰਾਂ ਬਦਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਦਰਿਆਈ ਪਾਣੀ, ਜ਼ਮੀਨੀ ਪਾਣੀ, ਫਸਲਾਂ ਦੀ ਬੇਕਿਰਕ ਲੁੱਟ, ਧਰਤ ਪੰਜਾਬ ਦੀ ਉਪਜਾਊ ਸ਼ਕਤੀ, ਵਾਤਾਵਰਨ ਦੀ ਸ਼ੁਧਤਾ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਪੰਜਾਬ ਤੋਂ ਖੋਹ ਲਿਆ? ਉਤੋਂ ਲੋਹੜਾ ਇਹ ਮਾਰਿਆ ਕਿ ਪੰਜਾਬੀਆਂ ਨੂੰ ਹੀ ਬੱਦੂ ਕੀਤਾ ਜਾ ਰਿਹੈ ਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਜੜ੍ਹੋਂ ਉਖਾੜਨ ਦਾ ਜੁਗਾੜ ਕੀਤਾ ਜਾ ਰਿਹੈ!
ਦੁਨੀਆ ਦੀ ਦੋ-ਤਿਹਾਈ ਆਬਾਦੀ ਏਸ਼ੀਆ ਵਿਚ ਵਸਦੀ ਹੈ। ਓਲੰਪਿਕ ਖੇਡਾਂ ਪਿੱਛੋਂ ਏਸ਼ਿਆਈ ਖੇਡਾਂ ਸਭ ਤੋਂ ਵੱਡੀਆਂ ਖੇਡਾਂ ਮੰਨੀਆਂ ਜਾਂਦੀਆਂ ਹਨ। ਪਹਿਲੀਆਂ ਏਸ਼ਿਆਈ ਖੇਡਾਂ 1951 ਵਿਚ ਨਵੀਂ ਦਿੱਲੀ ‘ਚ ਹੋਈਆਂ ਸਨ। 19ਵੀਆਂ ਏਸ਼ਿਆਈ ਖੇਡਾਂ ਚੀਨ ਦੇ ਸ਼ਹਿਰ ਹਾਂਗਜ਼ੂ ਵਿਚ ਹੋਈਆਂ ਹਨ। 1948 ਦੀਆਂ ਓਲੰਪਿਕ ਖੇਡਾਂ ਸਮੇਂ ਲੰਡਨ ਵਿਖੇ ਪੰਜਾਬ ਦੇ ਪ੍ਰੋਫ਼ੈਸਰ ਗੁਰੂ ਦੱਤ ਸੋਂਧੀ ਨੇ ਫਿਲਪਾਈਨ ਦੇ ਖੇਡ ਪ੍ਰੋਮੋਟਰ ਜਾਰਜ ਬੀ ਵਾਰਗਸ ਨਾਲ ਏਸ਼ਿਆਈ ਖੇਡਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਦੇ ਫਲਸਰੂਪ ਏਸ਼ੀਅਨ ਐਮੇਚਿਓਰ ਅਥਲੈਟਿਕ ਫੈਡਰੇਸ਼ਨ ਬਣੀ। ਫੈਡਰੇਸ਼ਨ ਦੀ ਪਹਿਲੀ ਮੀਟਿੰਗ 12-13 ਫਰਵਰੀ 1949 ਨੂੰ ਨਵੀਂ ਦਿੱਲੀ ਦੇ ਪਟਿਆਲਾ ਹਾਊਸ ਵਿਚ ਹੋਈ। ਫਿਲਪਾਈਨ, ਸਿਆਮ, ਇੰਡੋਨੇਸ਼ੀਆ, ਬਰਮਾ, ਸੀਲੋਨ, ਨਿਪਾਲ, ਅਫ਼ਗ਼ਾਨਿਸਤਾਨ, ਪਾਕਿਸਤਾਨ ਤੇ ਭਾਰਤ ਦੇ ਨੁਮਾਇੰਦੇ ਉਸ ਵਿਚ ਸ਼ਾਮਲ ਹੋਏ। ਉਥੇ ਏਸ਼ੀਅਨ ਅਥਲੈਟਿਕ ਫੈਡਰੇਸ਼ਨ ਦਾ ਨਾਂ ਬਦਲ ਕੇ ‘ਏਸ਼ੀਅਨ ਖੇਡ ਫੈਡਰੇਸ਼ਨ’ ਰੱਖ ਦਿੱਤਾ ਤੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਪਹਿਲੀਆਂ ਏਸ਼ਿਆਈ ਖੇਡਾਂ ਕਰਾਉਣ ਦੀ ਜ਼ਿੰਮੇਵਾਰੀ ਨਵੀਂ ਦਿੱਲੀ ਨੇ ਚੁੱਕੀ ਤੇ ਦੂਜੀਆਂ ਮਨੀਲਾ ਨੂੰ ਸੌਂਪੀਆਂ ਗਈਆਂ।
ਇੰਡੀਆ ਗੇਟ ਦੇ ਸਾਹਮਣੇ ਨੈਸ਼ਨਲ ਸਟੇਡੀਅਮ ਉਸਾਰਿਆ ਗਿਆ ਜਿਸ ਦੇ ਟਰੈਕ ਦੁਆਲੇ ਸਾਈਕਲ ਪੱਟੀ ਵਿਛਾਈ ਗਈ। ਤੈਰਨ ਤਲਾਅ ਤੇ ਹੋਰ ਖੇਡ ਭਵਨ ਤਿਆਰ ਕਰਨ ਨਾਲ ਨੇੜੇ ਲੱਗਦੀਆਂ ਫੌਜੀ ਬੈਰਕਾਂ ‘ਓਲੰਪਿਕ ਪਿੰਡ’ ਬਣਾ ਦਿੱਤੀਆਂ ਗਈਆਂ। ਮਿਥੇ ਦਿਨ ਏਸ਼ਿਆਈ ਮੁਲਕਾਂ ਦੇ ਰੰਗ-ਬਰੰਗੇ ਝੰਡੇ ਨੈਸ਼ਨਲ ਸਟੇਡੀਅਮ ਦੀਆਂ ਬਾਹੀਆਂ `ਤੇ ਲਹਿਰਾਉਣ ਲੱਗੇ। ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਏਸ਼ੀਆ ਦੇ ਖਿਡਾਰੀਆਂ ਨੂੰ ਨਾਹਰਾ ਦਿੱਤਾ: ਖੇਡ ਨੂੰ ਖੇਡ ਭਾਵਨਾ ਨਾਲ ਖੇਡੋ। ਫਿਰ ਖੇਡਾਂ ਦੇ ਮਾਟੋ ‘ਐਵਰ ਆਨਵਰਡ’ ਉਤੇ ਅਮਲ ਕਰਨ ਲਈ ਏਸ਼ੀਆ ਦੇ ਖਿਡਾਰੀ ਖੇਡ ਮੈਦਾਨਾਂ ਵਿਚ ਜੂਝਣ ਲੱਗੇ।
ਏਸ਼ਿਆਈ ਖੇਡਾਂ 4 ਮਾਰਚ 1951 ਨੂੰ ਆਰੰਭ ਹੋਈਆਂ। ਲਾਲ ਕਿਲੇ ‘ਚੋਂ ਖੇਡਾਂ ਦੀ ਮਸ਼ਾਲ ਜਗਾਈ ਗਈ। ਓਲੰਪੀਅਨ ਬ੍ਰਿਗੇਡੀਅਰ ਦਲੀਪ ਸਿੰਘ ਨੇ ਮਸ਼ਾਲ ਲੈ ਕੇ ਸਟੇਡੀਅਮ ਦਾ ਚੱਕਰ ਲਾਇਆ ਤੇ ਏਸ਼ਿਆਈ ਖੇਡਾਂ ਦੀ ਜੋਤ ਜਗਾਈ। ਸਟੇਡੀਅਮ ‘ਚ 11 ਦੇਸ਼ਾਂ ਦੇ 489 ਖਿਡਾਰੀ ਖੜ੍ਹੇ ਸਨ। ਭਾਰਤੀ ਦਲ ਦੇ ਝੰਡਾਬਰਦਾਰ ਬਲਦੇਵ ਸਿੰਘ ਨੇ ਸਮੂਹ ਖਿਡਾਰੀਆਂ ਵੱਲੋਂ ਸਹੁੰ ਚੁੱਕੀ। ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਖੇਡਾਂ ‘ਚ ਭਾਗ ਲੈਣ ਵਾਲੇ ਮੁਲਕ ਅਫ਼ਗ਼ਾਨਿਸਤਾਨ, ਬਰਮਾ, ਸੀਲੋਨ, ਇੰਡੋਨੇਸ਼ੀਆ, ਇਰਾਨ, ਜਪਾਨ, ਨੇਪਾਲ, ਫਿਲਪਾਈਨ, ਮਲਾਇਆ, ਥਾਈਲੈਂਡ ਤੇ ਭਾਰਤ ਸਨ। ਚੀਨ ਤੇ ਪਾਕਿਸਤਾਨ ਨੇ ਪਹਿਲੀਆਂ ਏਸ਼ਿਆਈ ਖੇਡਾਂ ‘ਚ ਭਾਗ ਨਾ ਲਿਆ। ਖੇਡਾਂ 4 ਤੋਂ 11 ਮਾਰਚ ਤਕ ਚੱਲੀਆਂ। ਅਥਲੈਟਿਕਸ, ਬਾਸਕਟਬਾਲ, ਫੁੱਟਬਾਲ, ਸਾਈਕਲ ਦੌੜਾਂ, ਭਾਰ ਚੁੱਕਣ ਤੇ ਤੈਰਨ ਦੇ ਮੁਕਾਬਲੇ ਹੋਏ। ਭਾਰਤ ਦੇ ਸਚਿਨ ਨਾਗ ਨੇ ਤੈਰਨ ਵਿਚ ਏਸ਼ਿਆਈ ਖੇਡਾਂ ਦਾ ਪਹਿਲਾ ਸੋਨ ਤਗਮਾ ਜਿੱਤਿਆ। ਭਾਰਤੀ ਟੀਮ ਵਾਟਰ ਪੋਲੋ ਦਾ ਗੋਲਡ ਮੈਡਲ ਵੀ ਜਿੱਤ ਗਈ। ਫੁੱਟਬਾਲ ਦੀ ਖੇਡ ‘ਚ ਵੀ ਭਾਰਤ ਨੂੰ ਗੋਲਡ ਮੈਡਲ ਮਿਲਿਆ।
ਅਥਲੈਟਿਕਸ ਵਿਚ ਭਾਰਤ ਲਈ ਵਧੇਰੇ ਮੈਡਲ ਪੰਜਾਬੀ ਅਥਲੀਟਾਂ ਨੇ ਜਿੱਤੇ ਜਿਨ੍ਹਾਂ ਦੇ ਨਾਂ ਹਨ: ਰਣਜੀਤ ਸਿੰਘ, ਨਿੱਕਾ ਸਿੰਘ, ਛੋਟਾ ਸਿੰਘ, ਮਹਾਵੀਰ ਪ੍ਰਸਾਦ, ਬਖਤਾਵਰ ਸਿੰਘ, ਮਦਨ ਲਾਲ, ਮੱਖਣ ਸਿੰਘ, ਏ. ਐਸ. ਬਖਸ਼ੀ, ਬਲਦੇਵ ਸਿੰਘ, ਗੋਵਿੰਦ ਸਿੰਘ, ਕੁਲਵੰਤ ਸਿੰਘ, ਪ੍ਰੀਤਮ ਸਿੰਘ, ਗੁਰਬਚਨ ਸਿੰਘ, ਸੋਮਨਾਥ, ਤੇਜਾ ਸਿੰਘ, ਅਜੀਤ ਸਿੰਘ, ਬਲਵੰਤ ਸਿੰਘ, ਕਰਨ ਸਿੰਘ, ਕੇਸਰ ਸਿੰਘ ਤੇ ਪਰਸਾ ਸਿੰਘ। ਇਨ੍ਹਾਂ ‘ਚੋਂ ਵਧੇਰੇ ਖਿਡਾਰੀ ਪਟਿਆਲਾ ਪੁਲੀਸ ਤੇ ਫੌਜ ਦੇ ਸਨ। ਜਪਾਨ 23 ਸੋਨੇ, 20 ਚਾਂਦੀ, 15 ਤਾਂਬੇ ਦੇ ਤਗ਼ਮਿਆਂ ਨਾਲ ਮੀਰੀ ਰਿਹਾ। ਭਾਰਤ ਨੇ 15 ਸੋਨੇ, 16 ਚਾਂਦੀ, 19 ਤਾਂਬੇ ਦੇ ਤਗ਼ਮੇ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ। ਇਰਾਨ 8 ਸੋਨੇ, 6 ਚਾਂਦੀ, 2 ਤਾਂਬੇ ਦੇ ਤਗਮਿLਆਂ ਨਾਲ ਤੀਜੇ ਨੰਬਰ ‘ਤੇ ਆਇਆ। ਹੁਣ ਤਕ ਦੀਆਂ ਏਸ਼ਿਆਈ ਖੇਡਾਂ ਦਾ ਲੇਖਾ-ਜੋਖਾ ਕਰੀਏ ਤਾਂ ਪµਜਾਬੀ ਖਿਡਾਰੀਆਂ ਨੇ ਵਿਅਕਤੀਗਤ ਤੇ ਟੀਮ ਈਵੈਂਟਾਂ ਵਿਚੋਂ ਸੋਨੇ ਦੇ 60 ਤਗਮੇ ਜਿੱਤੇ ਹਨ। ਉਨ੍ਹਾਂ ਵਿਚ ਹਾਕੀ ਦੇ 4 ਗੋਲਡ ਮੈਡਲ ਅਤੇ ਅਥਲੈਟਿਕਸ ਦੇ 43 ਗੋਲਡ ਮੈਡਲ ਹਨ। ਪµਜਾਬੀ ਖਿਡਾਰੀਆਂ ਨੇ ਹੋਰਨਾਂ ਖੇਡਾਂ ‘ਚ ਵੀ 13 ਸੋਨ ਤਗਮੇ ਜਿੱਤੇ। ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ ‘ਚੋਂ ਜਿਨ੍ਹਾਂ ਪੰਜਾਬੀ ਖਿਡਾਰੀਆਂ ਦੇ 20 ਤਗਮੇ ਜਿੱਤੇ ਉਨ੍ਹਾਂ ਦੇ ਨਾਂ ਹਨ: ਸਿਫਤ ਕੌਰ ਸਮਰਾ, ਹਰਮਨਪ੍ਰੀਤ ਕੌਰ, ਕਨਿਕਾ ਅਹੂਜਾ, ਤੇਜਿੰਦਰ ਸਿੰਘ ਤੂਰ, ਅਰਜਨ ਸਿੰਘ ਚੀਮਾ, ਜ਼ੋਰਾਵਰ ਸਿੰਘ ਸੰਧੂ, ਪ੍ਰਨੀਤ ਕੌਰ, ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਕ੍ਰਿਸ਼ਨ ਬਹਾਦਰ ਪਾਠਕ, ਸੁਖਜੀਤ ਸਿੰਘ, ਜਰਮਨਜੀਤ ਸਿੰਘ ਬੱਲ, ਅਕਾਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ, ਹਰਮਿਲਨ ਬੈਂਸ, ਜਸਵਿੰਦਰ ਸਿੰਘ, ਧਰੁਵ ਕਪਿਲਾ, ਰਾਜੇਸ਼ਵਰੀ ਕੁਮਾਰੀ, ਵਿਜੇਵੀਰ ਸਿੰਘ ਸੰਧੂ, ਸਤਨਾਮ ਸਿੰਘ, ਸੁਖਮੀਤ ਸਿੰਘ, ਚਰਨਜੀਤ ਸਿੰਘ, ਮੰਜੂ ਰਾਣੀ ਤੇ ਸਿਮਰਨਜੀਤ ਸਿੰਘ।
1966 ਦੀਆਂ ਏਸ਼ਿਆਈ ਖੇਡਾਂ ‘ਚੋਂ ਭਾਰਤ ਨੇ ਪਹਿਲੀ ਵਾਰ ਹਾਕੀ ਦਾ ਸੋਨ ਤਗਮਾ ਜਿੱਤਿਆ ਤਾਂ ਭਾਰਤੀ ਟੀਮ ਵਿਚ 12 ਖਿਡਾਰੀ ਪੰਜਾਬ ਦੇ ਸਨ। ਉਨ੍ਹਾਂ ਦੇ ਨਾਂ ਹਨ: ਪ੍ਰਿਥੀਪਾਲ ਸਿੰਘ, ਧਰਮ ਸਿੰਘ, ਕਰਨਲ ਬਲਬੀਰ ਸਿੰਘ, ਬਲਬੀਰ ਸਿੰਘ ਪੁਲਿਸ, ਬਲਬੀਰ ਸਿੰਘ ਰੇਲਵੇ, ਹਰਮੀਕ ਸਿੰਘ, ਜਗਜੀਤ ਸਿੰਘ, ਜਗਦੀਪ ਸਿੰਘ, ਹਰੀਪਾਲ ਕੌਸ਼ਿਕ, ਹਰਬਿੰਦਰ ਸਿੰਘ, ਤਰਸੇਮ ਸਿੰਘ ਤੇ ਇੰਦਰ ਸਿੰਘ। ਹੁਣ ਜਿਹੜੀ ਭਾਰਤੀ ਹਾਕੀ ਟੀਮ ਹਾਂਗਜ਼ੂ ਤੋਂ ਗੋਲਡ ਮੈਡਲ ਜਿੱਤੀ, ਉਸ ਟੀਮ ਦਾ ਕਪਤਾਨ ਪੰਜਾਬ ਦਾ ਹਰਮਨਪ੍ਰੀਤ ਸਿੰਘ ਸੀ ਤੇ ਮੀਤ ਕਪਤਾਨ ਹਾਰਦਿਕ ਸਿੰਘ। ਉਸ ਟੀਮ ਵਿਚ ਦਸ ਪੰਜਾਬੀ ਖਿਡਾਰੀ ਸਨ ਜਿਨ੍ਹਾਂ ਨੇ ਹਾਕੀ ਮੈਚਾਂ ਵਿਚ 43 ਗੋਲ ਕੀਤੇ। ਇਹ ਵਰਣਨਯੋਗ ਹੈ ਕਿ ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ ਲਈ ਚੁਣੇ ਪੰਜਾਬ ਦੇ 48 ਖਿਡਾਰੀਆਂ ਨੂੰ 8-8 ਲੱਖ ਰੁਪਏ ਓਲੰਪਿਕ ਖੇਡਾਂ ਦੀ ਤਿਆਰੀ ਲਈ ਅਗਾਊਂ ਦਿੱਤੇ ਗਏ ਸਨ ਜੋ ਮੈਡਲ ਜਿੱਤਣ ਵਿਚ ਰਾਸ ਆਏ। ਹੁਣ ਜੇਤੂ ਖਿਡਾਰੀਆਂ ਨੂੰ ਕਰੋੜਾਂ ਦੇ ਇਨਾਮ ਵੀ ਮਿਲ ਰਹੇ ਹਨ।
ਹਾਕੀ ਦੀ ਖੇਡ ਹੁਣ ਤਕ 24 ਵਾਰ ਓਲੰਪਿਕ ਖੇਡਾਂ ‘ਚ ਖੇਡੀ ਗਈ ਹੈ। 8 ਵਾਰ ਇੰਡੀਆ ਜਿੱਤਿਆ, 4 ਵਾਰ ਜਰਮਨੀ, 3 ਵਾਰ ਪਾਕਿਸਤਾਨ, 3 ਵਾਰ ਗ੍ਰੇਟ ਬ੍ਰਿਟੇਨ, 2 ਵਾਰ ਨੀਦਰਲੈਂਡਜ਼ ਅਤੇ 1-1 ਵਾਰ ਆਸਟ੍ਰੇਲੀਆ, ਬੈਲਜੀਅਮ, ਨਿਊਜ਼ੀਲੈਂਡ ਤੇ ਅਰਜਨਟੀਨਾ। ਹਾਕੀ ਦਾ ਵਰਲਡ ਕੱਪ 4 ਵਾਰ ਪਾਕਿਸਤਾਨ, 3 ਵਾਰ ਨੀਦਰਲੈਂਡਜ਼, 3 ਵਾਰ ਆਸਟ੍ਰੇਲੀਆ, 3 ਵਾਰ ਜਰਮਨੀ, 1 ਵਾਰ ਇੰਡੀਆ ਤੇ 1 ਵਾਰ ਬੈਲਜੀਅਮ ਜਿੱਤੇ ਹਨ। ਏਸ਼ਿਆਈ ਖੇਡਾਂ ‘ਚੋਂ ਹਾਕੀ ਦਾ ਗੋਲਡ ਮੈਡਲ 8 ਵਾਰ ਪਾਕਿਸਤਾਨ, 4 ਵਾਰ ਭਾਰਤ, 4 ਵਾਰ ਦੱਖਣੀ ਕੋਰੀਆ ਤੇ 1 ਵਾਰ ਜਪਾਨ ਨੇ ਜਿੱਤਿਆ ਹੈ।
ਅਨੇਕਾਂ ਪµਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯੂਗਾਂਡਾ, ਤਨਜ਼ਾਨੀਆ, ਮਲੇਸ਼ੀਆ, ਹਾਂਗਕਾਂਗ, ਸਿµਗਾਪੁਰ, ਇµਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿਚ ਓਲµਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪਾਂ ਵਿਚ ਖੇਡ ਚੁੱਕੇ ਹਨ। ਹਾਕੀ ਨੂੰ ਭਾਰਤ, ਖ਼ਾਸ ਕਰਕੇ ਪµਜਾਬੀਆਂ ਦੀ ਕੌਮੀ ਖੇਡ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਇਕ ਵਾਰ ਕੀਨੀਆ ਦੇ 11 ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ। 1966 ਵਿਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਵਿਚ 11 ’ਚੋਂ 10 ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਸਨ। ਮਿਊਨਿਖ ਦੀਆਂ ਓਲµਪਿਕ ਖੇਡਾਂ ’ਚ ਪਾਕਿਸਤਾਨ, ਭਾਰਤ, ਕੀਨੀਆ, ਯੂਗਾਂਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿਚ 40 ਖਿਡਾਰੀ ਪµਜਾਬੀ ਮੂਲ ਦੇ ਸਨ। ਮਿਊਨਿਖ ਓਲੰਪਿਕਸ ਵਿਚ 2 ਸਤµਬਰ 1972 ਨੂੰ ਜੋ ਮੈਚ ਭਾਰਤ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਉਸ ਵਿਚ 15 ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਸੋਂਹਦੇ ਸਨ। ਮਾਸਕੋ ਦੀਆਂ ਓਲµਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਸੈਂਟਰ ਫਾਰਵਰਡ ਸੁਰਿµਦਰ ਸਿµਘ ਸੋਢੀ ਨੇ ਸਭ ਤੋਂ ਵੱਧ 15 ਗੋਲ ਕੀਤੇ ਸਨ। ਪਰਗਟ ਸਿੰਘ ਦੋ ਵਾਰ ਭਾਰਤੀ ਓਲੰਪਿਕ ਟੀਮਾਂ ਦਾ ਕਪਤਾਨ ਬਣਿਆ। ਹਰਮੀਕ ਸਿੰਘ ਨੇ ਏਸ਼ੀਅਨ ਆਲ ਸਟਾਰਜ਼ ਟੀਮ ਦੀ ਕਪਤਾਨੀ ਕੀਤੀ। ਪµਜਾਬੀ ਮੂਲ ਦੇ ਹਾਕੀ ਖਿਡਾਰੀ 8 ਮੁਲਕਾਂ ਦੀਆਂ ਟੀਮਾਂ ਵਿਚ ਅµਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ।
ਭਾਰਤ ‘ਚ ਪੰਜਾਬੀ ਬੇਸ਼ਕ ਦੋ-ਢਾਈ ਫੀਸਦੀ ਹੀ ਹਨ ਪਰ ਭਾਰਤੀ ਹਾਕੀ ਟੀਮਾਂ ‘ਚ ਪµਜਾਬੀ ਖਿਡਾਰੀਆਂ ਦਾ ਮੁੱਢ ਤੋਂ ਬੋਲਬਾਲਾ ਰਿਹਾ ਹੈ। 1928 ਦੀਆਂ ਓਲµਪਿਕ ਖੇਡਾਂ ਵਿਚ ਇੰਡੀਆ ਦੀ ਜਿਹੜੀ ਟੀਮ ਸੋਨੇ ਦਾ ਤਗਮਾ ਜਿੱਤੀ ਉਸ ਵਿਚ 5 ਖਿਡਾਰੀ ਪµਜਾਬੀ ਸਨ। 1932 ਵਿਚ ਦੁਬਾਰਾ ਓਲµਪਿਕ ਚੈਂਪੀਅਨ ਬਣੀ ਤਾਂ ਪµਜਾਬੀ ਖਿਡਾਰੀਆਂ ਦੀ ਗਿਣਤੀ 7 ਹੋ ਗਈ। ਟੀਮ ਦਾ ਕਪਤਾਨ ਪµਜਾਬ ਦਾ ਲਾਲ ਸ਼ਾਹ ਬੁਖਾਰੀ ਬਣਿਆ। ਵੀਹ ਤੋਂ ਵੱਧ ਪµਜਾਬੀ ਖਿਡਾਰੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੇ ਹਨ ਜਿਨ੍ਹਾਂ ‘ਚ ਬਲਬੀਰ ਸਿµਘ ਸੀਨੀਅਰ, ਊਧਮ ਸਿµਘ, ਗੁਰਦੇਵ ਸਿµਘ, ਚਰਨਜੀਤ ਸਿµਘ, ਪ੍ਰਿਥੀਪਾਲ ਸਿµਘ, ਗੁਰਬਖ਼ਸ਼ ਸਿµਘ, ਹਰਮੀਕ ਸਿµਘ, ਹਰਬਿµਦਰ ਸਿµਘ, ਅਜੀਤਪਾਲ ਸਿµਘ, ਸੁਰਿµਦਰ ਸਿµਘ ਸੋਢੀ, ਸੁਰਜੀਤ ਸਿµਘ, ਪਰਗਟ ਸਿµਘ, ਰਮਨਦੀਪ ਸਿµਘ, ਗਗਨਅਜੀਤ ਸਿµਘ, ਰਾਜਪਾਲ ਸਿµਘ, ਬਲਜੀਤ ਸਿµਘ, ਸਰਦਾਰਾ ਸਿµਘ, ਮਨਪ੍ਰੀਤ ਸਿµਘ ਤੇ ਹਰਮਨਪ੍ਰੀਤ ਸਿੰਘ ਆਦਿ ਗਿਣਾਏ ਜਾ ਸਕਦੇ ਹਨ। ਹਾਕੀ ਦੀ ਖੇਡ ਵਿਚ ਪµਜਾਬ ਦੇ ਸੌ ਤੋਂ ਵੱਧ ਓਲµਪੀਅਨ ਹਨ। ਕਈਆਂ ਨੇ ਓਲµਪਿਕ ਖੇਡਾਂ ਦੇ ਦੋ-ਦੋ ਤਿµਨ-ਤਿµਨ ਗੋਲਡ ਮੈਡਲ ਜਿੱਤੇ ਹਨ। ਊਧਮ ਸਿµਘ ਨੇ ਚਾਰ ਓਲµਪਿਕਸ ਵਿਚੋਂ ਇਕ ਚਾਂਦੀ ਤੇ ਤਿµਨ ਸੋਨੇ ਦੇ ਤਗਮੇ ਜਿੱਤੇ ਜੋ ਹੁਣ ਤਕ ਦਾ ਰਿਕਾਰਡ ਹੈ।
1947 ਵਿਚ ਪਾਕਿਸਤਾਨ ਬਣਨ ਨਾਲ ਪµਜਾਬ ਦੋ ਮੁਲਕਾਂ ਵਿਚਕਾਰ ਵµਡਿਆ ਗਿਆ। ਫਿਰ ਏਸ਼ਿਆਈ ਖੇਡਾਂ ਤੇ ਓਲµਪਿਕ ਖੇਡਾਂ ਵਿਚ ਹਾਕੀ ਦੇ ਫਾਈਨਲ ਮੈਚ ਆਮ ਕਰ ਕੇ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਲੱਗੇ ਜਾਂ ਇµਜ ਕਹਿ ਲਓ ਕਿ ਚੜ੍ਹਦੇ ਤੇ ਲਹਿµਦੇ ਪµਜਾਬੀਆਂ ਵਿਚਕਾਰ ਹੋਣ ਲੱਗੇ। ਮੈਚ ਭਾਵੇਂ ਮੈਲਬੌਰਨ ’ਚ ਖੇਡਿਆ ਜਾਂਦਾ, ਭਾਵੇਂ ਰੋਮ, ਟੋਕੀਓ, ਬੈਂਕਾਕ, ਤਹਿਰਾਨ ਜਾਂ ਕੁਆਲਾਲµਪੁਰ, ਇਕ ਪਾਸੇ ਏਧਰਲੇ ਪµਜਾਬੀ ਹੁµਦੇ ਤੇ ਦੂਜੇ ਪਾਸੇ ਓਧਰਲੇ ਪµਜਾਬੀ। ਬਾਈਆਂ ’ਚੋਂ ਪµਦਰਾਂ-ਸੋਲਾਂ ਖਿਡਾਰੀ ਪµਜਾਬੀ ਹੋਣ ਕਰਕੇ ਖੇਡ ਮੈਦਾਨ ਦੀ ਬੋਲੀ ਪµਜਾਬੀ ਹੁµਦੀ ਤੇ ਪਈ ‘ਲਈਂ ਨੂਰਿਆ, ਦੇਈਂ ਬੀਰਿਆ’ ਹੋਈ ਜਾਂਦੀ!
ਹਾਂਗਜ਼ੂ ਦੀਆਂ 19ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਦੇ 660 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ‘ਚੋਂ 249 ਖਿਡਾਰੀਆਂ ਨੇ 28 ਸੋਨੇ, 28 ਚਾਂਦੀ, 41 ਕਾਂਸੀ, ਕੁਲ 107 ਮੈਡਲ ਜਿੱਤਣ ਵਿਚ ਯੋਗਦਾਨ ਪਾਇਆ। ਇਹ ਪਹਿਲੀ ਵਾਰ ਹੋਇਆ ਕਿ ਭਾਰਤ ਨੇ 100 ਮੈਡਲਾਂ ਦਾ ਅੰਕੜਾ ਪਾਰ ਕੀਤਾ। ਜਕਾਰਤਾ ਦੀਆਂ 18ਵੀਆਂ ਏਸ਼ਿਆਈ ਖੇਡਾਂ ‘ਚੋਂ ਭਾਰਤ ਨੇ 16 ਸੋਨੇ, 23 ਚਾਂਦੀ, 31 ਕਾਂਸੀ, ਕੁਲ 70 ਮੈਡਲ ਜਿੱਤੇ ਸਨ। ਚੀਨ ਨੇ ਹਾਂਗਜ਼ੂ ਤੋਂ ਸਭ ਤੋਂ ਵੱਧ ਮੈਡਲ ਜਿੱਤੇ ਜਿਨ੍ਹਾਂ ਦੀ ਕੁਲ ਗਿਣਤੀ 383 ਹੈ। ਉਨ੍ਹਾਂ ‘ਚ 201 ਗੋਲਡ, 111 ਸਿਲਵਰ, 71 ਬਰੌਂਜ਼ ਮੈਡਲ ਹਨ। ਦੂਜੇ ਥਾਂ ਜਪਾਨ ਹੈ ਜਿਸ ਦੇ ਮੈਡਲ 52, 67, 69 ਕੁਲ 188 ਹਨ। ਤੀਜੇ ਨੰਬਰ ‘ਤੇ ਦੱਖਣੀ ਕੋਰੀਆ ਨੇ 42, 59, 89 ਕੁਲ 190 ਤਗਮੇ ਜਿੱਤੇ ਹਨ। ਚੌਥੇ ਨੰਬਰ ‘ਤੇ ਭਾਰਤ ਹੈ ਤੇ ਪੰਜਵੇਂ ਨੰਬਰ ‘ਤੇ ਉਜ਼ਬੇਕਸਤਾਨ ਜਿਸ ਨੇ 22, 18, 31 ਕੁਲ 71 ਮੈਡਲ ਜਿੱਤੇ ਹਨ। ਹੈਰਾਨੀ ਦੀ ਗੱਲ ਹੈ ਕਿ ਇੰਡੀਆ ਤੋਂ ਅੱਡ ਹੋਏ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਤੇ ਬੰਗਲਾਦੇਸ਼ ਸੋਨੇ ਦਾ ਇੱਕ ਵੀ ਤਗਮਾ ਨਹੀਂ ਜਿੱਤ ਸਕੇ! ਚੜ੍ਹਦੇ ਪੰਜਾਬ ਦੇ 32 ਖਿਡਾਰੀਆਂ ਨੇ 20 ਮੈਡਲ ਜਿੱਤੇ ਹਨ ਜਦਕਿ ਲਹਿੰਦੇ ਪੰਜਾਬ ਵਾਲਾ ਪਾਕਿਸਤਾਨ ਕੁਲ 1 ਚਾਂਦੀ ਤੇ 2 ਕਾਂਸੀ ਦੇ ਤਗਮੇ ਹੀ ਜਿੱਤ ਸਕਿਆ ਹੈ।
ਭਾਰਤ ਅਨੇਕਾਂ ਸਭਿਆਚਾਰਾਂ, ਧਰਮਾਂ, ਜਾਤੀਆਂ, ਨਸਲਾਂ, ਭਾਸ਼ਾਵਾਂ, ਪਹਾੜਾਂ, ਰੇਗਸਤਾਨਾਂ, ਜੰਗਲਾਂ, ਉੱਚੇ ਨੀਵੇਂ ਤੇ ਪੱਧਰੇ ਮੈਦਾਨਾਂ ਵਾਲਾ ਬਹੁਰੰਗਾ ਦੇਸ਼ ਹੈ। ਇਹਦੇ ‘ਤੇ ਇੱਕੋ ਰੰਗ ਚੜ੍ਹਾਉਣ ਦੀ ਸਿਆਸਤ ਨਹੀਂ ਕਰਨੀ ਚਾਹੀਦੀ। ਐਵੇਂ ਨਹੀਂ ਕਿਹਾ ਜਾਂਦਾ: ਸੌ ਫੁੱਲ ਖਿੜਣ ਦਿਓ। ਜਿਥੇ ਹਰ ਫੁੱਲ ਨੂੰ ਖਿੜਣ ਤੇ ਮਹਿਕਣ ਦੇ ਮੌਕੇ ਮਿਲਣਗੇ ਉਥੇ ਹੀ ਮੈਡਲ ਜਿੱਤੇ ਜਾ ਸਕਣਗੇ। ਭਾਰਤ ਦੇ ਵੱਖ ਵੱਖ ਰਾਜਾਂ ਦੇ ਖਿਡਾਰੀਆਂ ਵੱਲੋਂ ਏਸ਼ਿਆਈ ਖੇਡਾਂ ‘ਚੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀ ਗਿਣਤੀ ਇਸ ਪ੍ਰਕਾਰ ਹੈ:
ਹਰਿਆਣੇ ਦੇ 44 ਖਿਡਾਰੀ, ਪੰਜਾਬ ਦੇ 32, ਮਹਾਰਾਸ਼ਟਰ 31, ਉੱਤਰ ਪ੍ਰਦੇਸ਼ 21, ਤਾਮਿਲਨਾਡੂ 17, ਵੈੱਸਟ ਬੰਗਾਲ 13, ਰਾਜਸਥਾਨ 13, ਕੇਰਲਾ 11, ਮੱਧ ਪ੍ਰਦੇਸ਼ 10, ਮਨੀਪੁਰ 9, ਆਂਧਰਾ 9, ਹਿਮਾਚਲ 7, ਨਵੀਂ ਦਿੱਲੀ 7, ਕਰਨਾਟਕ 6, ਝਾਰਖੰਡ 4, ਉੜੀਸਾ 3, ਅਸਾਮ 2, ਉਤਰਾਖੰਡ 2 ਤੇ ਮੀਜ਼ੋਰਮ ਦਾ ਇੱਕ ਖਿਡਾਰੀ। ਭਾਰਤ ਦੇ ਕੁਲ 660 ਖਿਡਾਰੀਆਂ ‘ਚੋਂ 249 ਖਿਡਾਰੀਆਂ ਨੇ 107 ਮੈਡਲ ਜਿੱਤਣ ਵਿਚ ਯੋਗਦਾਨ ਪਾਇਆ। 29 ਮੈਡਲ ਅਥਲੀਟਾਂ ਨੇ ਜਿੱਤੇ, 22 ਸ਼ੂਟਰਾਂ ਨੇ, 9 ਤੀਰਅੰਦਾਜ਼ਾਂ ਨੇ, 6 ਪਹਿਲਵਾਨਾਂ ਨੇ, 5 ਸਕੁਐਸ਼ ਦੇ ਖਿਡਾਰੀਆਂ ਨੇ, 5 ਰੋਇੰਗ ਦੇ, 5 ਵੇਟਲਿਫਟਰਾਂ ਨੇ, 3 ਸੇਲਿੰਗ ਦੇ, 2 ਕ੍ਰਿਕਟ ਟੀਮਾਂ ਦੇ, 2 ਕਬੱਡੀ ਟੀਮਾਂ ਦੇ, 2 ਹਾਕੀ ਟੀਮਾਂ ਦੇ, 3 ਬੈਡਮਿੰਟਨ ਦੇ, 2 ਟੈਨਿਸ ਦੇ, 2 ਘੋੜਸਵਾਰੀ ਦੇ, 2 ਚੈੱਸ ਦੇ, 2 ਰੋਲਿੰਗ ਸਪੋਰਟਸ, 1 ਬ੍ਰਿਜ, 1 ਗੌਲਫ਼, 1 ਵਸ਼ੂ, 1 ਕੋਇੰਗ, 1 ਸੇਪਕ ਟਕਰਾ ਤੇ 1 ਟੇਬਲ ਟੈਨਸ ਦਾ। ਭਾਰਤ ਵਿਚ ਹੁਣ ਐਨੀਆਂ ਖੇਡਾਂ ਦਾ ਢਾਂਚਾ ਖੜ੍ਹਾ ਹੋ ਗਿਐ ਕਿ ਭਵਿੱਖ ‘ਚ ਭਾਰਤੀ ਖਿਡਾਰੀਆਂ ਤੋਂ ਹੋਰ ਵੀ ਮੈਡਲ ਜਿੱਤਣ ਦੀ ਉਮੀਦ ਰੱਖੀ ਜਾ ਸਕਦੀ ਹੈ। ਅਗਲੇ ਸਾਲ ਪੈਰਿਸ ਵਿਚ ਓਲੰਪਿਕ ਖੇਡਾਂ ਹੋਣਗੀਆਂ। ਭਾਰਤ ਟੀਚਾ ਭਾਵੇਂ 20 ਮੈਡਲਾਂ ਦਾ ਰੱਖੇ ਪਰ 10 ਦਾ ਅੰਕੜਾ ਤਾਂ ਹਰ ਹਾਲਤ ਵਿਚ ਪਾਰ ਹੋਣਾ ਹੀ ਚਾਹੀਦੈ।
ਹਾਂਗਜ਼ੂ ਦੀਆਂ ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਸਮੇਂ ਭਾਰਤੀ ਦਲ ਦੀ ਅਗਵਾਈ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੀ ਜਿਸ ਦਾ ਸਾਥ ਮੁੱਕੇਬਾਜ਼ ਲਵਲੀਨਾ ਨੇ ਦਿੱਤਾ। ਸਮਾਪਤੀ ਸਮਾਰੋਹ ਦੀ ਰਸਮ ਓਲੰਪਿਕ ਕਾਉਂਸਲ ਆਫ਼ ਏਸ਼ੀਆ ਦੇ ਕਾਰਜਕਾਰੀ ਪ੍ਰਧਾਨ ਰਾਜਾ ਰਣਧੀਰ ਸਿੰਘ ਨੇ ਨਿਭਾਈ। 2026 ਦੀਆਂ 20ਵੀਆਂ ਏਸ਼ਿਆਈ ਖੇਡਾਂ ਜਪਾਨ ਦੇ ਸ਼ਹਿਰ ਨਗੋਆ ਵਿਚ, 2030 ਦੀਆਂ 21ਵੀਆਂ ਖੇਡਾਂ ਕਤਰ ਦੀ ਰਾਜਧਾਨੀ ਦੋਹਾ ‘ਚ ਤੇ 2034 ਦੀਆਂ 22ਵੀਆਂ ਏਸ਼ਿਆਈ ਖੇਡਾਂ ਅਰਬ ਦੀ ਰਾਜਧਾਨੀ ਰਿਆਧ ‘ਚ ਹੋਣਗੀਆਂ। ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵਿਚ 11 ਮੁਲਕਾਂ ਦੇ 500 ਤੋਂ ਘੱਟ ਖਿਡਾਰੀ ਢੁੱਕੇ ਸਨ ਜਦ ਕਿ ਹਾਂਗਜ਼ੂ ਦੀਆਂ 19ਵੀਆਂ ਏਸ਼ਿਆਈ ਖੇਡਾਂ ਵਿਚ 45 ਮੁਲਕਾਂ ਦੇ 12 ਹਜ਼ਾਰ ਤੋਂ ਵੱਧ ਖਿਡਾਰੀ ਢੁੱਕੇ। ਮੁਕਾਬਲੇ 6 ਸਪੋਰਟਸ ਤੋਂ ਵਧਦੇ ਹੋਏ 46 ਸਪੋਰਟਸ ਤਕ ਤੇ ਈਵੈਂਟ 57 ਤੋਂ 465 ਤਕ ਪਹੁੰਚ ਗਏ। ਚੀਨ ਨੇ ਹੁਣ ਤਕ ਇਕ ਵਾਰ ਓਲੰਪਿਕ ਖੇਡਾਂ ਤੇ ਤਿੰਨ ਵਾਰ ਏਸ਼ਿਆਈ ਖੇਡਾਂ ਕਰਾਈਆਂ ਹਨ। ਹੁਣ ਚੈਲੰਜ ਹੈ ਕਿ ਮਹਾਨ ਭਾਰਤ ਵੀ ਨਾ ਸਿਰਫ਼ ਤੀਜੀ ਵਾਰ ਏਸ਼ਿਆਈ ਖੇਡਾਂ ਹੀ ਕਰਾਵੇ ਬਲਕਿ ਪਹਿਲੀ ਵਾਰ ਓਲੰਪਿਕ ਖੇਡਾਂ ਕਰਾਉਣ ਲਈ ਵੀ ਮੈਦਾਨ ਵਿਚ ਨਿੱਤਰੇ। ਅਜਿਹਾ ਕਰਨ ਨਾਲ ਭਾਰਤ ਨੂੰ ਖੇਡਾਂ ‘ਚੋਂ ਹੋਰ ਵੱਧ ਮੈਡਲ ਜਿੱਤਣ ਦਾ ਹੁਲ੍ਹਾਰਾ ਮਿਲੇਗਾ।