ਚਰਨਜੀਤ ਸਿੰਘ ਪੰਨੂ ਦੀ ‘ਮੇਰੀ ਵਾਈਟ ਹਾਊਸ ਫੇਰੀ’

ਇਕ ਵਿਲੱਖਣ ਕਿਸਮ ਦੀ ‘ਸਫ਼ਰਨਾਮਾ ਲਿਖਤ’
—ਵਰਿਆਮ ਸਿੰਘ ਸੰਧੂ ਕੈਨੇਡਾ
ਚਰਨਜੀਤ ਸਿੰਘ ਪੰਨੂ ਬਹੁ-ਵਿਧਾਈ ਲੇਖਕ ਹੈ। ਉਹਦਾ ਸ਼ੁਮਾਰ ਪੰਜਾਬੀ ਦੇ ਜ਼ਿਕਰਯੋਗ ਕਥਾਕਾਰਾਂ ਵਿਚ ਹੁੰਦਾ ਹੈ ਪਰ ਕਹਾਣੀ ਤੋਂ ਇਲਾਵਾ ਉਸ ਨੇ ਕਵਿਤਾ, ਨਾਵਲ ਅਤੇ ਵਾਰਤਕ ਉਤੇ ਵੀ ਹੱਥ ਅਜ਼ਮਾਇਆ ਹੈ। ਵਾਰਤਕ ਵਿਚ ਵੀ ਉਹਦੀ ਵਿਸ਼ੇਸ਼ ਦਿਲਚਸਪੀ ਵਾਰਤਕ ਦੀ ਵੰਨਗੀ ਸਫ਼ਰਨਾਮਾ ਲਿਖਣ ਵਿਚ ਹੈ। ਹਥਲੀ ਲਿਖਤ ਤੋਂ ਪਹਿਲਾਂ ਵੀ ਉਹ ਅਲਾਸਕਾ ਸਫ਼ਰਨਾਮਾ ਲਿਖ ਚੁੱਕਾ ਹੈ।

ਇਸ ਸਫ਼ਰਨਾਮੇ ਵਿਚ, ਜਿਵੇਂ ਇਹਦੇ ਨਾਂ ‘ਮੇਰੀ ਵਾਈਟ ਹਾਊਸ ਫੇਰੀ’ ਤੋਂ ਹੀ ਜ਼ਾਹਿਰ ਹੈ, ਵਾਈਟ ਹਾਊਸ ਵਿਚ ਹੋਏ ਸਿੱਖ ਸੰਮੇਲਨ ਦੇ ਹਵਾਲੇ ਨਾਲ ਕੀਤੀ ਯਾਤਰਾ ਦਾ ਪ੍ਰਸੰਗ ਦਰਜ ਹੈ ਅਤੇ ਇਸ ਪ੍ਰਸੰਗ ਦੇ ਬਹਾਨੇ ਅਮਰੀਕਾ ਦੀ ਧਰਤੀ, ਉਹਦੇ ਇਤਿਹਾਸ, ਰਾਜਨੀਤੀ ਅਤੇ ਇਸ ਨਾਲ ਜੁੜੇ ਅਨੇਕਾਂ ਰੰਗਾਂ-ਪ੍ਰਸੰਗਾਂ ਨੂੰ ਚਰਨਜੀਤ ਸਿੰਘ ਪੰਨੂ ਆਪਣੀ ਰਚਨਾ-ਵਸਤ ਬਣਾਉਂਦਾ ਹੈ। ਪੰਨੂ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ। ਉਸਨੇ ਅਮਰੀਕਾ ਨੂੰ ਘੁੰਮ ਫਿਰ ਕੇ ਵੀ ਵੇਖਿਆ ਹੈ ਅਤੇ ਆਪਣੀ ਨਜ਼ਰ ਵਿਚੋਂ ਜਾਣਿਆਂ-ਪਛਾਣਿਆਂ ਵੀ ਹੈ। ਕਿਸੇ ਵਿਸ਼ੇਸ਼ ਮਕਸਦ ਲਈ ਕੀਤੀ ਯਾਤਰਾ ਤੇ ਉਸਤੋਂ ਪਰਾਪਤ ਅਨੁਭਵ ਦਾ ਕਲਾਤਮਕ ਬਿਆਨ ਆਪਣੇ ਆਪ ਵਿਚ ਵਿਸ਼ੇਸ਼ ਸਾਹਿਤਕ ਮਹੱਤਵ ਅਖ਼ਤਿਆਰ ਕਰ ਜਾਂਦਾ ਹੈ। ਪਰਦੇਸਾਂ ਵਿਚ ਤਾਂ ਬਹੁਤੇ ਲੋਕ ਰੱਟ ਵਿਚ ਪਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕੋਲ ਘੁੰਮਣ ਫਿਰਨ ਤੇ ਲੋਕਾਂ ਦੇ ਮਨਾਂ ਨੂੰ ਪੜ੍ਹਨ ਦਾ ਸਮਾਂ ਹੀ ਕਿੱਥੇ ਹੁੰਦਾ ਹੈ! ਮੈਂ ਅਜਿਹੇ ਅਨੇਕ ਲੋਕਾਂ ਨੂੰ ਜਾਣਦਾ ਹਾਂ ਜਿਹੜੇ ਕਈ ਸਾਲਾਂ ਤੋਂ ਟਰਾਂਟੋ ਵਿਚ ਰਹਿ ਰਹੇ ਹਨ ਪਰ ਨਿਆਗਰਾ ਫ਼ਾਲਜ਼ ਤਾਂ ਦੂਰ ਰਿਹਾ ਉਨ੍ਹਾਂ ਨੇ ਆਪਣੇ ਸ਼ਹਿਰ ਦੇ ‘ਸੀ ਐੱਨ ਟਾਵਰ’ ਨੂੰ ਵੀ ਅੰਦਰ ਜਾ ਕੇ ਤੇ ਉਸ `ਤੇ ਚੜ੍ਹ ਕੇ ਨਹੀਂ ਵੇਖਿਆ। ਚਾਰੇ ਪਾਸਿਓਂ ਸਮੁੰਦਰ ਵਿਚ ਘਿਰੇ ਇੰਗਲੈਂਡ ਵਿਚ ਅਜਿਹੇ ਅਨੇਕਾਂ ਪੰਜਾਬੀ ਮਿਲ ਜਾਣਗੇ ਜਿਨ੍ਹਾਂ ਨੇ ਨੇੜੇ ਜਾ ਕੇ ਸਮੁੰਦਰੀ ਛੱਲਾਂ ਦਾ ਨਜ਼ਾਰਾ ਨਹੀਂ ਵੇਖਿਆ। ਚਰਨਜੀਤ ਸਿੰਘ ਪੰਨੂ ਦੇ ਵਾਸ਼ਿੰਗਟਨ ਡੀ. ਸੀ. ਵਿਚ ਰਹਿੰਦੇ ਜਾਣਕਾਰ ਨੂੰ ਵੀ ਇਹ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀਂ ਕਿ ਓਥੇ ਰਹਿੰਦਿਆਂ ਵੀ ਉਹ ਦੁਨੀਆਂ ਦੀ ਖਿੱਚ ਦੇ ਕੇਂਦਰ ਬਣੇ ‘ਵਾਈਟ ਹਾਊਸ’ ਨੂੰ ਨਹੀਂ ਵੇਖ ਸਕੇ। ਉਸਦਾ ਮੇਜ਼ਬਾਨ ਇਸ ਸਚਾਈ ਨੂੰ ਕੁਝ ਇਸ ਪ੍ਰਕਾਰ ਸਵੀਕਾਰ ਕਰਦਾ ਹੈ:
‘ਕੰਮਾਂ ਕਾਰਾਂ ਦੇ ਲਾਲਚ ਵਿਚ ਏਨੀ ਫ਼ੁਰਸਤ ਕਿੱਥੇ?… ਦੀਵੇ ਥੱਲੇ ਹਨੇਰਾ। ਅਸੀਂ ਵਾਈਟ ਹਾਊਸ ਦੇ ਕਦਮਾਂ ਵਿਚ ਰਹਿ ਕੇ ਵੀ ਨੇੜੇ ਦੇ ਦਰਸ਼ਨ ਨਹੀਂ ਕਰ ਸਕੇ…ਤੁਸੀਂ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਅੰਦਰ ਜਾਣ ਦਾ ਮੌਕਾ ਮਿਲਿਆ ਹੈ। ਕੋਹਲੂ ਦੇ ਬਲਦ ਵਾਂਗ ਜਾਂ ਸਮਝ ਲਓ ਖੂਹ ਦੇ ਡੱਡੂ ਵਾਂਗ ਅਸੀਂ ਆਪਣੀ ਰੋਟੀ ਪਾਣੀ ਦੇ ਦਾਇਰੇ ਵਿਚੋਂ ਬਾਹਰ ਨਹੀਂ ਨਿਕਲ ਸਕੇ। ਸਾਨੂੰ ਨਾ ਅਜੇਹਾ ਸ਼ੌਕ ਹੈ ਤੇ ਨਾ ਹੀ ਕਦੇ ਇਹ ਸੋਚ ਮਨ ਵਿਚ ਲਿਆਂਦੀ ਹੈ।`
ਕੀਤੀ ਯਾਤਰਾ ਰਾਹੀਂ ਵੇਖੇ-ਜਾਣੇ-ਮਾਣੇ ਨੂੰ ਹਰੇਕ ਲੇਖਕ ਨੇ ਆਪਣੀ ਪ੍ਰਤਿਭਾ ਤੇ ਸਮਰਥਾ ਅਨੁਸਾਰ ਹੀ ਰਚਨਾ ਵਿਚ ਢਾਲਣਾ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਤਿੱਖੀ ਤੇ ਬਰੀਕ ਨਜ਼ਰ ਵਾਲਾ ਲੇਖਕ ਥੋੜ੍ਹੇ ਸਮੇਂ ਵਿਚ ਵੀ ਜ਼ਿੰਦਗੀ ਦੇ ਕਈ ਰੰਗ ਵੇਖਣ ਦੀ ਸਮਰੱਥਾ ਰੱਖਦਾ ਹੈ। ਰੇਤ ਵਿਚ ਪਏ ਸੁਨਹਿਰੀ ਕਿਣਕਿਆਂ ਨੂੰ ਵੇਖਣ ਤੇ ਪਛਾਨਣ ਲਈ ਜੌਹਰੀ ਦੀ ਨਜ਼ਰ ਲੋੜੀਂਦੀ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਰੇਤ ਵਿਚ ਹਰ ਰੋਜ਼ ਲੇਟਣੀਆਂ ਲੈਣ ਵਾਲਾ ਇਸ ਨਜ਼ਰ ਤੋਂ ਵਿਹੂਣਾ ਬੰਦਾ ਉਨ੍ਹਾਂ ਸੁਨਹਿਰੀ ਕਿਣਕਿਆਂ ਨੂੰ ਨਾ ਪਛਾਣ ਸਕੇ! ਜੇ ਅਜਿਹੀ ਜੌਹਰੀ ਨਜ਼ਰ ਵਾਲਾ ਲੇਖਕ ਤੁਹਾਡੇ ਲਈ ਕੁੱਝ ਕਿਣਕੇ ਲੱਭ ਕੇ ਲਿਆਉਂਦਾ ਹੈ ਤਾਂ ਉਸਨੂੰ ਖੁੱਲ੍ਹੇ ਦਿਲ ਨਾਲ ਜੀ ਆਇਆਂ ਆਖਣ ਦੀ ਲੋੜ ਹੈ। ਚਰਨਜੀਤ ਸਿੰਘ ਪੰਨੂ ਕੋਲ ‘ਸੁਨਹਿਰੀ ਕਿਣਕਿਆਂ’ ਨੂੰ ਲੱਭਣ ਵਾਲੀ ਜੌਹਰੀ-ਨਜ਼ਰ ਹੈ ਅਤੇ ਉਹ ਖੁੱਲ੍ਹੇ ਦਿਲ ਨਾਲ ਸਾਡੇ ਵੱਲੋਂ ਆਖੀ ‘ਜੀ ਆਇਆਂ’ ਦਾ ਹੱਕਦਾਰ ਹੈ।
ਸਫ਼ਰਨਾਮੇ ਵਿਚ ਯਾਤਰੀ ਲੇਖਕ ਹੁਣ ਤੱਕ ਅਣਵੇਖੇ ਕਿਸੇ ਨਵੇਂ ਭੂ-ਭਾਗ ਦੀ ਯਾਤਰਾ ਨਾਲ ਜੁੜੇ ਵੇਰਵੇ ਬਿਆਨ ਕਰਦਿਆਂ, ਓਥੋਂ ਦੇ ਇਤਿਹਾਸ-ਮਿਥਿਹਾਸ, ਪ੍ਰਸਿੱਧ ਇਮਾਰਤਾਂ, ਵਿਭਿੰਨ ਖੇਤਰਾਂ ਦੇ ਚਰਚਿਤ ਨਾਵਾਂ, ਵੇਖਣਯੋਗ ਥਾਵਾਂ ਦਾ ਜ਼ਿਕਰ ਵੀ ਕਰਦਾ ਹੈ ਅਤੇ ਵੇਖੇ-ਜਾਣੇ ਵੇਰਵਿਆਂ ਨੂੰ ਆਪਣੇ ਨਜ਼ਰੀਏ ਤੋਂ ਬਿਆਨਦਾ ਵੇਖੀ ਸਮਝੀ ਹਕੀਕਤ ਬਾਰੇ ਆਪਣਾ ਵਿਸ਼ੇਸ਼ ਮੱਤ ਵੀ ਪੇਸ਼ ਕਰਦਾ ਹੈ। ਇੰਜ ਲੇਖਕ ਆਪਣੀ ਭਾਸ਼ਾ ਦੇ ਪਾਠਕਾਂ ਨੂੰ ਇਕ ਨਵੇਂ, ਵੱਖਰੇ ਅਤੇ ਨੇੜੇ ਤੋਂ ਘੱਟ ਜਾਣੇ ਖਿੱਤੇ ਬਾਰੇ ਪ੍ਰੀਚਤ ਕਰਵਾਉਂਦਾ ਹੈ। ਉਸਨੂੰ ਉਨ੍ਹਾਂ ਦੇ ਹੋਰ ਨੇੜੇ ਕਰਦਾ ਹੈ; ਉਸ ਵਿਸ਼ੇਸ਼ ਖਿੱਤੇ ਬਾਰੇ ਹੋਰ ਜਾਨਣ-ਸਮਝਣ ਦੀ ਦ੍ਰਿਸ਼ਟੀ ਵੀ ਮੁਹੱਈਆ ਕਰਦਾ ਹੈ ਅਤੇ ਇੰਜ ਉਨ੍ਹਾਂ ਦੇ ਗਿਆਨ ਵਿਚ ਵਾਧਾ ਵੀ ਕਰਦਾ ਹੈ। ਇਸ ਸਫ਼ਰਨਾਮੇ ਨੂੰ ਮੁੱਖ ਤੌਰ `ਤੇ ਦੋ ਭਾਗਾਂ ਵਿਚ ਵੰਡ ਕੇ ਸਮਝਿਆ ਜਾ ਸਕਦਾ ਹੈ। ਉਸਦਾ ਇਕ ਪ੍ਰਮੁੱਖ ਭਾਗ ਤਾਂ ਉਸ ਯਾਤਰਾ ਨਾਲ ਸੰਬੰਧਤ ਹੈ ਜੋ ਉਸਨੇ ਸੈਨਹੋਜ਼ੇ ਤੋਂ ਵਾਸ਼ਿੰਗਟਨ ਡੀ. ਸੀ. ਤੱਕ ਕੀਤੀ ਹੈ। ਅਮਰੀਕਾ ਦੇ ਚੋਣਵੇਂ ਵਿਅਕਤੀਆਂ ਵਿਚ ਸ਼ਾਮਲ ਆਪਣੇ ਲੜਕੇ ਡਾ ਦਲਵੀਰ ਸਿੰਘ ਪੰਨੂ ਨੂੰ ਵਾਈਟ ਹਾਊਸ ਵਿਚ ਹੋਣ ਵਾਲੇ ‘ਸਿੱਖ ਸੰਮੇਲਨ’ ਵਿਚ ਹਾਜ਼ਰ ਹੋਣ ਲਈ ਮਿਲੇ ਸੱਦੇ ਦੇ ਬਹਾਨੇ ਪੰਨੂ ਦਾ ਇਹ ਯਾਤਰਾ ਕਰਨ ਦਾ ਸਬੱਬ ਬਣਦਾ ਹੈ। ਉਸ ਵੱਲੋਂ ਕੀਤੀ ਯਾਤਰਾ ਦਾ ਬਿਰਤਾਂਤ ਬਹੁਤ ਹੀ ਰੌਚਕ ਤੇ ਮਾਨਵੀ ਛੁਹਾਂ ਨਾਲ ਲਬਰੇਜ਼ ਹੈ।
ਇਸ ਸਫ਼ਰਨਾਮੇ ਦੀ ਵਿਸ਼ੇਸ਼ਤਾ ਹੈ ਕਿ ਇਸ ਯਾਤਰਾ-ਬਿਰਤਾਂਤ ਵਿਚ ਅਬਰਾਹਮ ਲਿੰਕਨ, ਮਾਰਟਨ ਲੂਥਰ ਕਿੰਗ, ਭਗਤ ਸਿੰਘ ਥਿੰਦ, ਦਲੀਪ ਸਿੰਘ ਸੌਂਧ, ਪਾਖ਼ਰ ਸਿੰਘ ਗਿੱਲ ਅਤੇ ਹੋਰਨਾਂ ਦੇ ਜੀਵਨੀ-ਅੰਸ਼; ਪੰਨੂ ਦੀ ਆਤਮ-ਕਥਾ ਦੇ ਸਵੈ-ਜੀਵਨਕ ਟੋਟਕੇ; ਯਾਤਰਾ ਦੌਰਾਨ ਮਿਲੇ ਲੋਕਾਂ ਦੇ ਸੰਖੇਪ ਰੇਖਾ-ਚਿਤਰ; ਯਾਤਰਾ ਸਥਲਾਂ ਤੇ ਇਮਾਰਤਾਂ ਬਾਰੇ ਨਿਬੰਧਾਤਮਕ ਜਾਣਕਾਰੀ ਤੋਂ ਇਲਾਵਾ ਗਲਪ, ਸੰਸਮਰਣ ਤੇ ਡਾਇਰੀ ਜਿਹੀਆਂ ਕਈ ਵਿਧਾਵਾਂ ਘੁਲ-ਮਿਲ ਗਈਆਂ ਹਨ। ਪੰਨੂ ਕੋਲ ਗਲਪ ਲੇਖਕ ਵਾਲੀ ਪਾਤਰ ਸਿਰਜਣਾ ਦਾ ਕਲਾਤਮਕ ਹੁਨਰ ਹੋਣ ਕਰ ਕੇ ਉਹ ਮਿਲੇ ਬੰਦਿਆਂ ਦੇ ਸਜੀਵ ਚਿਤਰ ਪਾਠਕ ਦੀ ਨਜ਼ਰ ਸਾਹਵੇਂ ਸਾਮਰਤੱਖ ਲਿਆ ਖਲਿਅ੍ਹਾਰਦਾ ਹੈ। ਨਾਟਕੀ ਛੋਹਾਂ ਵਾਲੇ ਇਸ ਬਿਆਨ ਵਿਚ ਤੇਜ਼-ਤਿੱਖੇ ਵਾਰਤਲਾਪ ਤੇ ਭਾਸ਼ਾਈ ਕੌਸ਼ਲਤਾ ਦਾ ਜਲੌਅ ਇਸ ਦੀ ਪੜ੍ਹਨ-ਯੋਗਤਾ ਵਿਚ ਵਾਧਾ ਕਰਦਾ ਹੈ। ਪੇਸ਼ ਕੀਤੇ ਗਏ ਪਾਤਰ, ਘਟਨਾਵਾਂ ਤੇ ਸਥਿਤੀਆਂ ਵਿਚੋਂ ਕੁਝ ਇਕ ਤਾਂ ਪਾਠਕ ਦੀ ਚੇਤਨਾ ਵਿਚ ਸਥਾਈ ਟਿਕਾਣਾ ਬਣਾ ਕੇ ਬਹਿ ਜਾਂਦੇ ਹਨ। ਆਪਣਾ ਦਰਦ ਬਿਆਨਦਾ ਗਾਲੜੀ ਜਾਪਦਾ ਟੈਕਸੀ ਡਰਾਈਵਰ ਜਦੋਂ ਪੰਨੂ ਵੱਲੋਂ ਟਿੱਪ ਸਮੇਤ ਕਿਰਾਏ ਵਜੋਂ ਦਿੱਤਾ ਪੰਜਾਹ ਦਾ ਨੋਟ ਲੈਣਾ ਪ੍ਰਵਾਨ ਨਹੀਂ ਕਰਦਾ ਸਗੋਂ ਤੀਹ ਡਾਲਰ ਨਿਮਰਤਾ ਨਾਲ ਮੋੜ ਕੇ ਪੰਨੂ ਵੱਲੋਂ ਦਿੱਤੇ ਪੰਜਾਹ ਦੇ ਨੋਟ ਨੂੰ ਚੁੰਮਦਾ ਹੈ ਤਾਂ ਪਾਠਕ ਦੀਆਂ ਅੱਖਾਂ ਵਿਚ ਨਮੀ ਉਤਰ ਆਉਂਦੀ ਹੈ। ਪੰਨੂ ਇਹ ਨੁਕਤਾ ਪਾਠਕ ਦੇ ਸੋਚਣ ਲਈ ਅਣਕਿਹਾ ਛੱਡ ਜਾਂਦਾ ਹੈ ਕਿ ਡਰਾਈਵਰ ਤਾਂ ਚੈਖ਼ਵ ਦੀ ਕਹਾਣੀ ‘ਦੁੱਖ’ ਵਾਂਗ ਆਪਣਾ ਦੱਖ ਸੁਣ ਲੈਣ ਲਈ ਪੰਨੂ ਪ੍ਰਤੀ ਕਿਰਤੱਗਤਾ ਦੇ ਅਹਿਸਾਸ ਨਾਲ ਭਰਿਆ ਪਿਆ ਹੈ। ਇੰਜ ਹੀ ਐਲਨ ਗਿੱਲ ਵਾਲਾ ਬਿਰਤਾਂਤ ਉਸ ਔਰਤ ਦੀ ਪਾਕ ਮੁਹੱਬਤ ਨੂੰ ਸਲਾਮ ਹੈ ਅਤੇ ਇਸ ਪ੍ਰਚਲਿਤ ਤੇ ਪ੍ਰਚਾਰੀ ‘ਸਚਾਈ’ ਨੂੰ ਝੂਠ ਸਾਬਤ ਕਰਦਾ ਹੈ ਕਿ ਇਹਨਾਂ ਮੁਲਕਾਂ ਦੀਆਂ ਔਰਤਾਂ ਸੱਚੀ ਮੁਹੱਬਤ ਨਹੀਂ ਕਰਦੀਆਂ। ਉਂਜ ਧੋਖ਼ੇਬਾਜ਼ ਮਰਦ-ਔਰਤਾਂ ਦਾ ਤਾਂ ਕਿਸੇ ਵੀ ਮੁਲਕਾਂ ਵਿਚ ਕਾਲ ਨਹੀਂ। ਐਲਨ ਗਿੱਲ ਨੂੰ ਉਹਦਾ ਪੰਜਾਬੀ ਪ੍ਰੇਮੀ ਧੋਖਾ ਦੇ ਜਾਂਦਾ ਹੈ ਤੇ ਵਾਈਟਹਾਊਸ ਦੇ ਬਾਹਰ ਮਿਲੇ ਪਾਕਿਸਤਾਨੀ ਦਾ ਘਰ ਵੰਡਾ ਕੇ ਓਸੇ ਘਰ ਵਿਚ ਕਿਸੇ ਹੋਰ ਨਾਲ ਰਹਿੰਦੀ ਸਾਬਕਾ ਪਤਨੀ ਉਸ ਪਾਕਿਸਤਾਨੀ ਦੀਆਂ ਅੱਖਾਂ ਸਾਹਵੇਂ ਉਹਦੀ ਹਿੱਕ `ਤੇ ਮੂੰਗ ਦਲਦੀ ਹੈ। ਮੁਹੱਬਤ ਵਿਚ ਵਫ਼ਾ ਤੇ ਬੇਵਫ਼ਾਈ ਕਿਸੇ ਵਿਸ਼ੇਸ਼ ਭਾਈਚਾਰੇ ਦੀ ਨਿੱਜੀ ਮਲਕੀਅਤ ਨਹੀਂ। ਇੰਜ ਪੰਨੂ ਕੋਲ ਬੰਦਿਆਂ ਦੇ ਧੁਰ ਅੰਦਰ ਝਾਕ ਸਕਣ ਵਾਲੀ ਬਾਰੀਕ, ਪੱਖ-ਪਾਤ ਰਹਿਤ ਤੇ ਸੰਵੇਦਨਸ਼ੀਲ ਨਜ਼ਰ ਹੈ। ਪੰਨੂ ਬਿਰਤਾਂਤਕ ਵਹਾਅ ਨੂੰ ਬਣਾਈ ਰੱਖਣ ਲਈ ਇਹਨਾਂ ਵੱਖ ਵੱਖ ਰਚਨਾ-ਜੁਗਤਾਂ ਦੀ ਠੋਕਰ ਲਾਈ ਜਾਂਦਾ ਹੈ ਤੇ ਪਾਠਕ ਨੂੰ ਨਾਲ ਤੋਰੀ ਜਾਂਦਾ ਹੈ। ਕੁਝ ਹੀ ਸਤਰਾਂ ਵਿਚ ਦ੍ਰਿਸ਼ ਨੂੰ ਅੱਖਾਂ ਸਾਹਵੇਂ ਬੰਨ੍ਹ ਦੇਣ ਦਾ ਹੁਨਰ ਵੇਖੋ:
‘ਮੇਰੀ ਸਹਿਕਰਮੀ ਇੱਕ ਗੋਰੀ ਨਾਲ ਮੈਂ ਹੱਕ ਰਚਾਇਆ ਸੀ। ਮਿਰਾਂਡਾ ਬੇਗ਼ਮ ਦੀਆਂ ਦੋ ਬੇਟੀਆਂ ਪੈਦਾ ਹੋਈਆਂ ਪਰ ਉਸ ਖ਼ਾਤੂਨ ਨੂੰ ਮੇਰੀ ਸੁੰਨਤ ਪਸੰਦ ਨਹੀਂ ਆਈ।…ਕੁੜੀਆਂ ਲੈ ਕੇ ਫ਼ਰਾਰ ਹੋ ਗਈ ਤੇ ਕਿਸੇ ਓਪਰੇ ਸ਼ੈਤਾਨ ਦੀ ਬੁੱਕਲ ਵਿਚ ਜਾ ਵੜੀ। ਮੈਂ ਪਿੱਛਾ ਕੀਤਾ…।’ ਜਾਪਿਆ ਉਹ ਦੁਖੀ ਮਨ ਆਪਣੀ ਗੱਲ ਮੁਕਾਉਣ ਦੀ ਕਾਹਲ ਵਿਚ ਸੀ।
‘ਸੌਰੀ।’ ਮੇਰੇ ਕੋਲੋਂ ਏਨਾ ਹੀ ਸਰਿਆ…ਮੈਂ ਏਨਾ ਹੀ ਕਹਿ ਸਕਿਆ।
‘ਹਫ਼ਤੇ ਬਾਦ ਆਪੇ ਮੁੜ ਆਈ…ਪਰ ਘਰ ਵਿਚ ਕੰਧ ਮਾਰ ਬੈਠੀ। ਉਸ ਕਾਲੇ ਬਹੂਸ਼ ਨੂੰ ਮੇਰੇ ਸਾਹਮਣੇ ਲਿਆ ਕੇ ਹੁਣ ਮੇਰੀ ਹਿੱਕ ਤੇ ਮੁੰਜ ਦਰੜਦੀ ਹੈ ਹਰ ਰੋਜ਼।…ਬੱਸ ਹੋਰ ਨਾ ਪੁੱਛਿਓ ਕਿਉਂ ਕਿਵੇਂ।’-

ਚਰਨਜੀਤ ਸਿੰਘ ਪੰਨੂ ਦਾ ਬਿਆਨ ਬੜੇ ਨਿਰਉਚੇਚ ਢੰਗ ਨਾਲ ਹਕੀਕਤ ਦੀ ਨਿਸਾਨਦੇਹੀ ਕਰ ਜਾਂਦਾ ਹੈ। ਲੇਖਕ ਦੀ ਵਿਸ਼ੇਸ਼ਤਾ ਹੈ ਕਿ ਉਹ ਆਪਣੇ ਆਪ ਨੂੰ ਸਰਬਗਿਆਤਾ ਨਹੀਂ ਦਰਸਾਉਂਦਾ। ਉਹਨੂੰ ਇਹ ਦੱਸਣੋਂ ਝਿਜਕ ਨਹੀਂ ਕਿ ਉਹ ਸਿੱਖ ਵਿਦਵਾਨ ਤੇ ਲੰਮਾ ਸਮਾਂ ਅਮਰੀਕੀ ਸ਼ਹਿਰੀਅਤ ਦੀ ਕਾਨੂੰਨੀ ਲੜਾਈ ਲੜਨ ਵਾਲੇ ਭਗਤ ਸਿੰਘ ਥਿੰਦ ਬਾਰੇ ਨਹੀਂ ਜਾਣਦਾ। ਉਹ ਇਸ ਗੱਲ ਵੱਲ ਧਿਆਨ ਦਿਵਾਉਣੋਂ ਨਹੀਂ ਉਕਦਾ ਕਿ ਅਜਿਹੇ ਸੈਮੀਨਾਰ ਮਿਲਣ-ਗਿਲਣ ਲਈ ਕੀਤੇ ਇਕੱਠ ਹੀ ਹੁੰਦੇ ਹਨ। ਚਲਾਵੀਂ ਜਿਹੀ ਗੱਲ-ਬਾਤ ਤੋਂ ਇਲਾਵਾ ਮਸਲਿਆਂ ਤੇ ਮੁੱਦਿਆਂ ਬਾਰੇ ਗੰਭੀਰ ਚਰਚਾ ਸ਼ਾਇਦ ਇਨ੍ਹਾਂ ਦਾ ਮਕਸਦ ਨਹੀਂ ਹੁੰਦਾ। ਉਹਨੂੰ ਹੈਰਾਨੀ ਤੇ ਗ਼ਿਲਾਨੀ ਹੁੰਦੀ ਹੈ ਕਿ ਸਿੱਖਾਂ ਦੇ ਸੌ-ਸਾਲਾ ਸਮਾਗਮ ਵਿਚ ਤੇ ‘ਗ਼ਦਰ ਲਹਿਰ ਦੇ ਸ਼ਤਾਬਦੀ ਸਾਲ ਵਿਚ’ ਵੀ ਗ਼ਦਰੀ ਬਾਬਿਆਂ ਨੂੰ ਚਰਚਾ ਦਾ ਬਿੰਦੂ ਹੀ ਨਹੀਂ ਬਣਾਇਆ ਗਿਆ। ਏਸੇ ਘਾਟ ਦੀ ਪੂਰਤੀ ਲਈ ਉਹਨੂੰ ਗ਼ਦਰੀ ਬਾਬਿਆਂ ਬਾਰੇ ਵੱਖਰੇ ਤੌਰ `ਤੇ ਜਾਣਕਾਰੀ ਦੇਣੀ ਪਈ। ਉਹ ਸਿੱਖੀ ਦੀ ਇਨਕਲਾਬੀ ਵਿਰਾਸਤ ਦਾ ਕਦਰਦਾਨ ਹੈ, ਸਿੱਖਾਂ ਨਾਲ ਭਾਰਤ ਅਤੇ ਅਮਰੀਕਾ ਵਿਚ ਹੁੰਦੇ ਵਿਤਕਰਿਆਂ ਦਾ ਵੀ ਉਸਨੂੰ ਦੁੱਖ ਹੈ। ਪਰ ਅਮਰੀਕਾ ਵਿਚ ਰਹਿੰਦੇ ਸਿੱਖਾਂ ਵਿਚਲੀ ਗੁਰਦਵਾਰਿਆਂ ਦੀ ਗੱਦੀ ਲਈ ਕੀਤੀ ਜਾਂਦੀ ਲੜਾਈ ਤੇ ਖੋਹਾ-ਮਾਹੀ ਦਾ ਬੇਬਾਕ ਵਰਨਣ ਕਰਨ ਤੋਂ ਵੀ ਉਹ ਨਹੀਂ ਝਿਜਕਦਾ।
‘ਜਿੱਥੇ ਸਿੱਖ ਹਨ, ਉੱਥੇ ਗੁਰਦੁਆਰੇ ਹੋਣਗੇ। ਜਿੱਥੇ ਗੁਰਦੁਆਰੇ ਹੋਣਗੇ ਉੱਥੇ ਗੋਲਕ ਹੋਵੇਗਾ। ਜਿੱਥੇ ਗੋਲਕ ਹੋਵੇਗਾ ਉੱਥੇ ਕਿਰਪਾਨਾਂ, ਤਲਵਾਰਾਂ ਹੋਣਗੀਆਂ। ਜਿੱਥੇ ਇਹ ਹਥਿਆਰ ਤੇ ਗੋਲਕ ਹੋਣਗੇ ਉੱਥੇ ਲੜਾਈ, ਝਗੜੇ ਵਢਾਂਗੇ ਹੋਣਗੇ। ਸਿੱਖ ਪੱਗੋ-ਪੱਗੀ ਹੋਣਗੇ…ਕਿਰਪਾਨੋਂ-ਕਿਰਪਾਨੀ ਹੋਣਗੇ।’
ਵੱਖ ਵੱਖ ਕੋਨਿਆਂ ਤੋਂ ਸੱਚ ਦਾ ਬੇਬਾਕ ਬਿਆਨ ਕਰਨਾ ਹੀ ਸੱਚੇ ਲੇਖਕ ਦਾ ਧਰਮ ਹੈ। ਪੰਨੂ ਇਹ ਧਰਮ ਨਿਭਾਉਣ ਵਿਚ ਕਾਮਯਾਬ ਰਿਹਾ ਹੈ।
ਯਾਤਰਾ-ਪ੍ਰਸੰਗ ਨੂੰ ਵੱਖਰੇ ਤੌਰ `ਤੇ ਸਮੇਟ ਕੇ ਪੰਨੂ ਅਮਰੀਕਾ ਬਾਰੇ ਪ੍ਰਾਪਤ ਗਿਆਨ ਨੂੰ ਇਕ ਪ੍ਰਬੰਧ ਵਿਚ ਬੰਨ੍ਹ ਕੇ ਪੇਸ਼ ਕਰਦਾ ਹੈ। ਉਹ ਅਮਰੀਕਾ ਨੂੰ ਖੋਜਣ, ਜਿੱਤਣ ਅਤੇ ਵਸਾਏ ਜਾਣ ਦੇ ਯਤਨਾਂ ਤੋਂ ਲੈ ਕੇ ਇਸਦੇ ਵਰਤਮਾਨ ਉਸਾਰ ਤੱਕ ਦਾ ਸੰਖਿਪਤ ਤੇ ਸੰਗਠਿਤ ਬਿਆਨ ਵੀ ਪੜ੍ਹਨਯੋਗ ਰੌਚਕ ਸ਼ੈਲੀ ਵਿਚ ਕਰਦਾ ਹੈ। ਪੁਸਤਕ ਦੇ ਸਾਰੇ ਭਾਗ ਮਿਲ ਕੇ ਅਮਰੀਕਾ ਨੂੰ ਇਕ ਸਮੁੱਚ ਵਿਚ ਉਭਾਰਦੇ ਹਨ। ਵਾਈਟ ਹਾਊਸ ਨਾਲ ਸੰਬੰਧਤ ਚੈਪਟਰ ਵਿਚ ਇਸਦੀ ਸਥਾਪਨਾ; ਇਸ ਵਿਚ ਰਹਿਣ ਵਾਲੇ ਪ੍ਰਧਾਨਾਂ; ਉਨ੍ਹਾਂ ਦੇ ਸੁਭਾ, ਕੰਮਾਂ, ਇਸ਼ਕਾਂ-ਮੁਸ਼ਕਾਂ, ਖ਼ੂਬੀਆਂ, ਖ਼ਾਮੀਆਂ ਅਤੇ ਕਾਰਜਕਾਲ ਦੇ ਵੇਰਵੇ ਵੀ ਉਪਲਬਧ ਹਨ। ਕੋਲੰਬਸ ਵੱਲੋਂ ਅਮਰੀਕਾ ਦੀ ਲੱਭਤ ਤੋਂ ਲੈ ਕੇ ਮੂਲ਼ ਵਾਸੀਆਂ ਨੂੰ ਬੇਘਰੇ, ਗੁਲਾਮ ਤੇ ਬੇਬਸ ਬਣਾ ਦੇਣ ਦੇ ਬਿਰਤਾਂਤ ਸਮੇਤ ਅਨੇਕਾਂ ਯੁੱਧਾਂ, ਸੰਘਰਸ਼ਾਂ ਤੇ ਅਮਰੀਕਾ ਦੇ ਵਰਤਮਾਨ ਮੁਕਾਮ ਤੱਕ ਪੁੱਜਣ ਦਾ ਬਿਆਨ ਵੀ ਸ਼ਾਮਲ ਹੈ। ਵਾਸ਼ਿੰਗਟਨ ਡੀ. ਸੀ. ਵਾਲੇ ਚੈਪਟਰ ਵਿਚ ਅਮਰੀਕਾ ਨਾਲ ਜੁੜੇ ਹੋਰ ਇਤਿਹਾਸ ਤੋਂ ਇਲਾਵਾ ਪ੍ਰਸਿੱਧ ਇਮਾਰਤਾਂ ਤੇ ਸਥਲਾਂ ਦਾ ਵੇਰਵਾ ਵੀ ਸ਼ਾਮਲ ਹੈ। ਇਕ ਵੱਖਰੇ ਚੈਪਟਰ ਵਿਚ ਗ਼ਦਰ ਲਹਿਰ ਦੇ ਇਤਿਹਾਸ ਸਮੇਤ ਅਮਰੀਕਾ ਤੇ ਭਾਰਤ ਦੀ ਰਿਸ਼ਤਗੀ ਦਾ ਇਤਿਹਾਸ ਵੀ ਦਰਜ ਹੈ ਅਤੇ ਭਾਰਤੀਆਂ ਅਤੇ ਵਿਸ਼ੇਸ਼ ਕਰ ਕੇ ਸਿੱਖਾਂ ਦੇ ਅਮਰੀਕਾ ਵਿਚ ਸਥਾਪਤ ਹੋਣ ਦਾ ਇਤਿਹਾਸ ਵੀ ਦਰਜ ਹੈ।
ਏਨੇ ਵਿਸ਼ਾਲ ਇਤਿਹਾਸਕ ਦਾਇਰੇ ਨੂੰ ਸਮਝਣ ਤੇ ਸਮੇਟਣ ਲਈ ਜਿੱਥੇ ਡੂੰਘੀ ਖੋਜ ਵਿਚੋਂ ਪ੍ਰਾਪਤ ਗਿਆਨ ਲੋੜੀਂਦਾ ਹੈ ਓਥੇ ਪੇਸ਼ਕਾਰੀ ਦੇ ਸਿਰਜਣਾਤਮਕ ਹੁਨਰ ਸਮੇਤ ਮੁੱਦਿਆਂ ਤੇ ਮਸਲਿਆਂ ਨੂੰ ਵਿਸ਼ਲੇਸ਼ਤ ਕਰਨ ਲਈ ਸੰਤੁਲਿਤ ਨਜ਼ਰੀਆ ਵੀ ਲੋੜੀਂਦਾ ਹੈ। ਇੰਡੀਆ ਲੱਭਣ ਦੇ ਯਤਨ ਵਜੋਂ ਇਕ ਅਮਰੀਕਾ ਕੋਲੰਬਸ ਨੇ ਲੱਭਿਆ ਸੀ ਅਤੇ ਇਕ ਅਮਰੀਕਾ ਇੰਡੀਅਨ ਜਾਂ ਪੰਜਾਬੀ ਪਾਠਕਾਂ ਨੂੰ ਚਰਨਜੀਤ ਸਿੰਘ ਪੰਨੂ ਨੇ ਲੱਭ ਕੇ ਦਿੱਤਾ ਹੈ। ਅਮਰੀਕਾ ਬਾਰੇ ਸਿਰਜਣਾਤਮਕ ਵਾਰਤਕ ਵਿਚ ਏਨੀ ਵਿਵਿਧ ਪਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀ, ਮੇਰੀ ਜਾਚੇ ਪੰਜਾਬੀ ਵਿਚ ਛਪੀ ਇਹ ਪਹਿਲੀ ਪੁਸਤਕ ਹੈ। ਇਹ ਪਹਿਲ ਕਰਨ ਲਈ ਪੰਨੂ ਮੁਬਾਰਕ ਦਾ ਹੱਕਦਾਰ ਤਾਂ ਹੈ ਹੀ।
ਕਿਹਾ ਜਾ ਸਕਦਾ ਹੈ ਕਿ ਅੱਜ-ਕੱਲ੍ਹ ਤਾਂ ਕਿਸੇ ਵੀ ਮੁਲਕ ਜਾਂ ਖਿੱਤੇ ਬਾਰੇ ਕਿਸੇ ਵੀ ਕਿਸਮ ਦੀ ਜਾਣਕਾਰੀ ਤੇ ਗਿਆਨ ਹਾਸਲ ਕਰਨ ਲਈ ਇੰਟਰਨੈੱਟ ਉੱਤੇ ਢੇਰਾਂ ਦੇ ਢੇਰ ਮਸਾਲਾ ਮਿਲ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਹਰੇਕ ਪੰਜਾਬੀ ਪਾਠਕ ਦੀ ਇੰਟਰਨੈੱਟ ਤੱਕ ਪਹੁੰਚ ਨਹੀਂ। ਜਿਸਦੀ ਪਹੁੰਚ ਵੀ ਹੋਵੇ, ਜ਼ਰੂਰੀ ਨਹੀਂ, ਉਹ ਉਚੇਚ ਨਾਲ ਅਮਰੀਕਾ ਬਾਰੇ ਏਨਾ ਗਹਿਨ ਗਿਆਨ ਪ੍ਰਾਪਤ ਕਰਨ ਦੀ ਅਭਿਲਾਸ਼ਾ ਰੱਖਦਾ ਹੋਵੇ। ਉਹ ਤਾਂ ਆਪਣੀ ਰੁਚੀ ਵਾਲੇ ਮਾਮਲਿਆਂ ਬਾਰੇ ਹੀ ਜਾਨਣਾ ਚਾਹੇਗਾ। ਉਂਜ ਵੀ ਨੈੱਟ `ਤੇ ਗਿਆਨ ਟੋਟਿਆਂ ਵਿਚ ਖਿੱਲਰਿਆ ਹੁੰਦਾ ਹੈ। ਪੰਨੂ ਨੇ ਖਿੱਲਰੇ ਟੋਟਿਆਂ ਨੂੰ ਇਕ ਸਮੁੱਚ ਵਿਚ ਜੋੜਨ, ਸਮਝਣ ਅਤੇ ਸੰਪਾਦਤ ਕਰਨ ਵਿਚ ਕਾਫ਼ੀ ਮਿਹਨਤ ਕੀਤੀ ਹੈ। ਉਸ ਨੇ ਅਮਰੀਕੀ ਇਤਿਹਾਸ, ਰਾਜਨੀਤੀ, ਸਭਿਆਚਾਰ ਅਤੇ ਸੰਸਾਰ ਵਿਆਪੀ ਮਸਲਿਆਂ ਬਾਰੇ ਅਮਰੀਕਾ ਦੀ ਪਹੁੰਚ ਬਾਰੇ ਡੂੰਘੀ ਖੋਜ-ਪੜਤਾਲ ਕੀਤੀ ਹੈ। ਇੰਜ ਪ੍ਰਾਪਤ ਕੀਤੇ ਖਿੱਲਰੇ-ਪੁੱਲਰੇ ਗਿਆਨ ਨੂੰ ਸੰਚਿਤ ਤੇ ਸੰਪਾਦਤ ਕਰ ਕੇ ਅਤੇ ਆਪਣੇ ਅਨੁਭਵ ਦੀ ਕੁਠਾਲੀ ਵਿਚ ਢਾਲ ਕੇ ਇਕ ਅਜਿਹੇ ਸਮੁੱਚ ਵਿਚ ਪੇਸ਼ ਕੀਤਾ ਹੈ ਜਿਸ ਵਿਚ ਉਸਦਾ ਆਪਣਾ ਵਿਸ਼ੇਸ਼ ਦ੍ਰਿਸ਼ਟੀਕੋਨ ਵੀ ਸ਼ਾਮਲ ਹੋ ਗਿਆ ਹੈ। ਇੰਜ ਇਹ ਲਿਖਤ ਕਿਸੇ ਖ਼ੁਸ਼ਕ ਗਿਆਨ ਦਾ ਸ੍ਰੋਤ ਹੀ ਨਹੀਂ ਰਹਿੰਦੀ ਸਗੋਂ ਇਸ ਵਿਚ ਲੇਖਕ ਦਾ ਨਿੱਜਤਵ ਸ਼ਾਮਲ ਹੋਣ ਕਰ ਕੇ ਇਹ ਰਚਨਾ ਦਿਲਚਸਪ ਸਿਰਜਿਤ ਪ੍ਰਵਚਨ ਹੋ ਨਿੱਬੜਦੀ ਹੈ। ਚਰਨਜੀਤ ਸਿੰਘ ਪੰਨੂ ਦੇ ਸਫ਼ਰਨਾਮੇ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਉਸਦਾ ਨਿੱਜਤਵ ਸ਼ਾਮਲ ਹੈ। ਇਹ ਨਿੱਜਤਵ ਹੀ ਪਾਠਕ ਨੂੰ ਇਸ ਲਿਖਤ ਦੇ ਨੇੜੇ ਕਰਦਾ ਹੈ ਅਤੇ ਏਸੇ ਨੇੜ ਵਿਚੋਂ ਉਹ ਸਹਿਜ ਨਾਲ ਪੇਸ਼ ਕੀਤੇ ਗਿਆਨ ਜਾਂ ਜਾਣਕਾਰੀ ਵਿਚੋਂ ਗੁਜਰ ਜਾਂਦਾ ਹੈ। ਏਸੇ ਵਿਚ ਲੇਖਕ ਦੀ ਕਲਾਕਾਰੀ ਹੈ।
ਲੰਮੇ ਅਧਿਅਨ ਅਤੇ ਖੋਜ ਰਾਹੀਂ ਪ੍ਰਾਪਤ ਕੀਤੇ ਗਿਆਨ ਨੂੰ ਕੁੱਜੇ ਵਿਚ ਸਮੁੰਦਰ ਨੂੰ ਬੰਦ ਕਰਨ ਵਾਲੀ ਅਜਿਹੀ ਕਲਾਕਾਰੀ ਪ੍ਰਾਪਤ ਕਰਨਾ ਸਹਿਲ ਕਾਰਜ ਨਹੀਂ। ਅਜਿਹੀ ਲਿਖਤ ਦੀ ਸਭ ਤੋਂ ਪਹਿਲੀ ਤੇ ਵਿਸ਼ੇਸ਼ ਲੋੜ ਇਹ ਹੁੰਦੀ ਹੈ ਕਿ ਉਸ ਉੱਤੇ ਲੇਖਕ ਦੀ ਸੰਬੰਧਤ ਵਿਸ਼ੇ ਬਾਰੇ ਅਧਿਕਾਰਪੂਰਨ ਜਾਣਕਾਰੀ ਅਤੇ ਭਰੋਸੇਯੋਗਤਾ ਦੀ ਮੁਹਰ-ਛਾਪ ਲੱਗੀ ਹੋਵੇ। ਕਿਸੇ ਵਿਸ਼ੇ ਬਾਰੇ ਚੌਤਰਫ਼ੀ ਵਿਸ਼ਾਲ ਤੇ ਗਹਿਨ ਗਿਆਨ ਪ੍ਰਾਪਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਨਾ ਕੋਲੰਬਸ ਨੂੰ ਅਮਰੀਕਾ ਏਨੀ ਸੌਖੀ ਤਰ੍ਹਾਂ ਲੱਭਿਆ ਸੀ ਨਾ ਪੰਨੂ ਦੇ ਰਾਹ ਜਾਂਦਿਆਂ ਪੈਰ ਥੱਲੇ ਬਟੇਰਾ ਆਇਆ ਹੈ। ਇਹ ਪੁਸਤਕ ਉਹਦੇ ਅਧਿਅਨ ਅਤੇ ਅਨੁਭਵ ਵਿਚੋਂ ਕਸ਼ੀਦ ਹੋ ਕੇ ਨਿਕਲੀ ਹੈ। ਇਹ ਲਿਖਤ ਬ੍ਰਿਟਿਸ਼ ਸਾਮਰਾਜ ਤੇ ਦੂਜੀਆਂ ਯੂਰਪੀਨ ਜਾਤੀਆਂ ਵੱਲੋਂ ਅਮਰੀਕਾ ਦੇ ਮੂਲ ਵਾਸੀਆਂ ਨੂੰ ਗੁਲਾਮ ਬਨਾਉਣ, ਉਨ੍ਹਾਂ ਦੀ ਧਰਤੀ ਦੇ ਕੀਮਤੀ ਸੋਮਿਆਂ ਨੂੰ ਖੋਹਣ ਤੋਂ ਲੈ ਕੇ ਕਾਲੇ ਗੁਲਾਮਾਂ ਦੀ ਵਹਿਸ਼ੀ ਕੁੱਟ, ਲੁੱਟ ਅਤੇ ਉਨ੍ਹਾਂ ਉੱਤੇ ਹੋਏ ਜ਼ੁਲਮ ਦੀ ਦਾਸਤਾਂ ਵੀ ਬਿਆਨ ਕਰਦੀ ਹੈ ਅਤੇ ਫਿਰ ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਅਤੇ ਸੰਘਰਸ਼ ਨੂੰ ਵੀ ਨਜ਼ਰ ਗੋਚਰੇ ਲਿਆਉਂਦੀ ਹੈ। ਇਸ ਵਿਚ ਅਮਰੀਕਾ ਦੇ ਬ੍ਰਿਟਿਸ਼ ਸਾਮਰਾਜ ਹੱਥੋਂ ਆਜ਼ਾਦ ਹੋਣ ਦਾ ਸੰਘਰਸ਼ ਵੀ ਸ਼ਾਮਲ ਹੈ ਅਤੇ ਉਸ ਅਮਰੀਕਾ ਦਾ ਜ਼ਿਕਰ ਵੀ ਹੈ ਜਿਹੜਾ ਇਕ ਦੌਰ ਵਿਚ ਆਜ਼ਾਦੀ ਦੀ ਲੜਾਈ ਲੜਨ ਵਾਲੇ ਮੁਲਕਾਂ ਦਾ ਵੀ ਪ੍ਰੇਰਨਾ ਸੋ੍ਰਤ ਬਣ ਗਿਆ ਸੀ। ਨਵੇਂ ਉਸਰ ਰਹੇ ਅਮਰੀਕਾ ਨੂੰ ਬੁਲੰਦੀਆਂ `ਤੇ ਲਿਜਾਣ ਲਈ ਲੜਨ ਵਾਲੇ ਸੂਰਮਿਆਂ, ਰਾਜਨੀਤੀਵਾਨਾਂ, ਪ੍ਰਧਾਨਾਂ ਆਦਿ ਦੇ ਸੰਖੇਪ ਜੀਵਨ ਵੇਰਵੇ ਤੇ ਕਾਰਕਰਦਗੀ ਵੀ ਇਸ ਪੁਸਤਕ ਵਿਚ ਪੜ੍ਹਨ ਨੂੰ ਮਿਲੇਗੀ। ਪੰਨੂ ਉਸ ਅਮਰੀਕਾ ਦੇ ‘ਦਰਸ਼ਨ-ਦੀਦਾਰੇ’ ਵੀ ਕਰਾਉਂਦਾ ਹੈ ਜੋ ਇਸ ਵੇਲੇ ਸਾਰੀ ਦੁਨੀਆਂ ਨੂੰ ਆਪਣੇ ਜਕੜ-ਜਾਲ ਵਿਚ ਲੈਣ, ਖੋਹਣ ਅਤੇ ‘ਮੋਹਣ’ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ।
ਕਿਸੇ ਸਮੇਂ ਆਜ਼ਾਦੀ ਲਈ ਲੜੇ ਜਾਣ ਵਾਲੇ ਸੰਘਰਸ਼ ਦਾ ਪ੍ਰਤੀਕ ਅਮਰੀਕਾ ਅੱਜ ਧੱਕੇ ਅਤੇ ਧੌਂਸ ਨਾਲ ਕਮਜ਼ੋਰ ਮੁਲਕਾਂ ਨੂੰ ਆਰਥਿਕ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਬੰਨ੍ਹਣ ਲਈ ਅਤੇ ਉਨ੍ਹਾਂ ਦੀ ਆਜ਼ਾਦੀ ਖੋਹਣ ਲਈ ਵੀ ਹਲਕਾਨ ਹੋਇਆ ਫਿਰਦਾ ਹੈ। ਪੰਨੂ ਇਸ ਬਹੁਰੰਗੇ ਅਮਰੀਕਾ ਬਾਰੇ ਜਾਣਕਾਰੀ ਦੇ ਕੇ ਪਾਠਕ ਦੀ ਚੇਤਨਾ ਵਿਚ ਅਮਰੀਕਾ ਦਾ ਸੰਖੇਪ ਪਰ ਸਮੁੱਚਤ ਬਿੰਬ ਉਜਾਗਰ ਕਰ ਦਿੰਦਾ ਹੈ। ਸੱਚ ਕਿਹਾ ਜਾਵੇ ਤਾਂ ਵਾਈਟ ਹਾਊਸ ਤਾਂ ਮਹਿਜ਼ ਇਕ ਪ੍ਰਤੀਕ ਹੈ। ਇਹ ਅਮਰੀਕੀ ਸੱਤਾ ਦਾ ਕੇਂਦਰ ਹੈ। ਦੁਨੀਆਂ ਦੀ ਰਾਜਨੀਤੀ ਤੇ ਆਰਥਿਕਤਾ ਨੂੰ ਪ੍ਰਭਾਵਤ ਕਰਨ ਵਾਲੇ ਸਾਰੇ ਚੰਗੇ-ਮੰਦੇ ਫ਼ੈਸਲੇ ਮੁਢਲੇ ਰੂਪ ਵਿਚ ਏਥੇ ਹੀ ਲਏ ਜਾਂਦੇ ਹਨ। ਅਸਲ ਵਿਚ ਵਾਈਟ ਹਾਊਸ ਤਾਂ ਇਕ ਪ੍ਰਤੀਨਿਧ ਆਈਨਾ ਹੈ ਜਿਸ ਵਿਚੋਂ ਮੁੱਢ ਤੋਂ ਲੈ ਕੇ ਵਰਤਮਾਨ ਤੱਕ ਦੇ ਅਮਰੀਕਾ ਦਾ ਚਿਹਰਾ-ਮੁਹਰਾ ਦ੍ਰਿਸ਼ਟੀ ਗੋਚਰ ਹੁੰਦਾ ਹੈ। ਇਸ ਚਿਹਰੇ ਤੋਂ ਅਮਰੀਕਾ ਦੀ ਵਿਸ਼ੇਸ਼ ਇਤਿਹਾਸਕ ਖ਼ੂਬਸੂਰਤੀ ਵੀ ਨਿਰੂਪਤ ਹੁੰਦੀ ਹੈ ਅਤੇ ਸਾਰੇ ਚਿੱਬਾਂ ਸਮੇਤ ਉਸਦੀ ਵਰਤਮਾਨ ਹੈਂਸਿਆਰੀ ਕਰੂਪਤਾ ਵੀ ਨਜ਼ਰ ਆਉਂਦੀ ਹੈ।
ਇਸ ਸਿਰਜਿਤ ਬਿਰਤਾਂਤ ਦੇ ਹੋਰ ਨੇੜੇ ਕਰਨ ਲਈ ਉਹ ਪੰਜਾਬੀ ਪਾਠਕ ਨੂੰ ਅਮਰੀਕਾ ਨਾਲ ਭਾਰਤ ਦੀ ਇਤਿਹਾਸਕ ਤੇ ਵਰਤਮਾਨ ਰਿਸ਼ਤਗੀ ਦੇ ਹਵਾਲੇ ਨਾਲ ਜੋੜ ਲੈਂਦਾ ਹੈ। ਏਸੇ ਧਰਤੀ ਤੋਂ ਦੇਸ਼ ਨੂੰ ਮੁਕੰਮਲ ਤੌਰ `ਤੇ ਆਜ਼ਾਦ ਕਰਵਾਉਣ ਅਤੇ ਅਮਰੀਕੀ ਤਰਜ਼ `ਤੇ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਵਾਲਾ ਜਮਹੂਰੀ ਰਾਜ ਤੇ ਸਮਾਜ ਕਾਇਮ ਕਰਨ ਲਈ ਹਥਿਆਰਬੰਦ ਲੜਾਈ ਲੜਨ ਦਾ ਬਿਗ਼ਲ ਗ਼ਦਰੀ ਸੂਰਬੀਰਾਂ ਨੇ ਵਜਾਇਆ ਸੀ। ਪੰਨੂ ਇਸ ਸਾਰੇ ਬਿਰਤਾਂਤ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਜਿੱਥੇ ਉਹ ਦੇਸ਼ ਦੀ ਆਜ਼ਾਦੀ ਲਈ ਲੜੇ ਸੰਘਰਸ਼ ਅਤੇ ਉੱਠੇ ਉਭਾਰ ਨੂੰ ਇਸ ਲਿਖਤ ਵਿਚ ਸ਼ਾਮਲ ਕਰਦਾ ਹੈ ਓਥੇ ਪਹਿਲੇ ਭਾਰਤੀ ਭਾਈ ਬਖ਼ਸ਼ੀਸ਼ ਸਿੰਘ ਸੁਰ ਸਿੰਘ ਦੀ ਅਮਰੀਕਾ ਵਿਚ ਆਮਦ ਤੋਂ ਲੈ ਕੇ ਭਾਰਤੀਆਂ ਵੱਲੋਂ ਰੋਜ਼ੀ-ਰੋਟੀ ਲਈ ਲੜੇ ਸੰਘਰਸ਼ ਅਤੇ ਹੁਣ ਤੱਕ ਉਨ੍ਹਾਂ ਦੇ ਅਮਰੀਕਾ ਵਿਚ ਸਥਾਪਤ ਹੋਣ ਲਈ ਕੀਤੇ ਯਤਨਾਂ ਅਤੇ ਸਿਰ ਪਏ ਸੰਕਟਾਂ ਨਾਲ ਨਜਿੱਠਣ ਦਾ ਬਿਰਤਾਂਤ ਵੀ ਇਸ ਲਿਖਤ ਵਿਚ ਸ਼ਾਮਲ ਹੈ।
ਵਿਚਾਰਧਾਰਕ ਪੱਖੋਂ ਚਰਨਜੀਤ ਸਿੰਘ ਪੰਨੂ ਕੋਲ ਇਕ ਸੰਤੁਲਤ ਨਜ਼ਰੀਆ ਹੈ। ਉਹ ਆਮ ਤੌਰ `ਤੇ ਕਿਸੇ ਉਲਾਰ ਤੋਂ ਬਿਨਾਂ ਘਟਨਾਵਾਂ ਤੇ ਵਰਤਾਰਿਆਂ ਦਾ ਮੁਲਾਂਕਣ ਕਰਦਾ ਹੈ। ਉਸਦੀ ਵਿਸ਼ੇਸ਼ਤਾ ਹੈ ਕਿ ਅਮਰੀਕਾ ਵਿਚ ਰਹਿੰਦਿਆਂ ਵੀ ਉਹਦਾ ਨਜ਼ਰੀਆ ‘ਅਮਰੀਕੀ’ ਨਹੀਂ ਬਣਿਆਂ। ਉਹ ਨਾ ਤਾਂ ਅਮਰੀਕਾ ਦਾ ਅੰਨ੍ਹੇਵਾਹ ਨਿੰਦਕ ਹੈ ਅਤੇ ਨਾ ਹੀ ਡੁੱਲ੍ਹ ਡੁੱਲ੍ਹ ਪੈਂਦਾ ਆਸ਼ਕ ਤੇ ਪ੍ਰਸੰਸਕ। ਇਸ ਲਿਖਤ ਦਾ ਪਾਠ ਸਾਡੇ ਕਥਨ ਦਾ ਗਵਾਹ ਬਣੇਗਾ। ਆਪਣੇ ਸਵੈ-ਹਿਤ ਲਈ ਦੁਨੀਆਂ ਭਰ ਵਿਚ ਹਥਿਆਰ ਵੇਚਣ ਅਤੇ ਲੜਾਈਆਂ ਲੜਾਉਣ ਤੇ ਕਰਨ-ਕਰਾਉਣ ਵਾਲੇ ਅਮਰੀਕਾ ਦਾ ਦਿੱਖ ਦੀ ਪੱਧਰ `ਤੇ ਦਾਅਵਾ ਤਾਂ ਹੈ ਕਿ ਉਹ ਇਹ ਸਭ ਕੁਝ ‘ਵਿਸ਼ਵ ਸ਼ਾਂਤੀ’ ਲਈ ਕਰ ਰਿਹਾ ਹੈ, ਪਰ ਪੰਨੂ ਉਹਦੇ ਅਜਿਹੇ ‘ਸ਼ਾਂਤੀ ਯਤਨਾਂ’ ਨੂੰ ਵਿਅੰਗਾਤਮਕ ਟੇਢ ਨਾਲ ਵੇਖਦਾ ਹੈ। ਏਨਾ ਹੀ ਨਹੀਂ, ਪੰਨੂ ਤਾਂ ਲੋਕਾਂ ਦੇ ਘਰਾਂ ਵਿਚ ਵੜ ਕੇ ਉਨ੍ਹਾਂ ਨੂੰ ਤਬਾਹ ਕਰਨ ਦੇ ਅਮਰੀਕੀ ਯਤਨਾਂ ਦੇ ਪ੍ਰਤੀਉਤਰ ਵਜੋਂ ਅਮਰੀਕਾ ਨੂੰ ਵੀ ਹਿੰਸਾ ਦੀ ਜਿਸ ਭੱਠੀ ਵਿਚ ਭੁੱਜਣਾ ਪੈ ਰਿਹਾ ਹੈ, ਉਸ ਪੱਖ `ਤੇ ਵੀ ਬਰਾਬਰ ਨਜ਼ਰ ਰੱਖਦਾ ਹੈ। ਉਹਦੇ ਆਪਣੇ ਸ਼ਬਦਾਂ ਵਿਚ:
‘ਦੀਵੇ ਥੱਲੇ ਅੰਧੇਰੇ ਵਾਂਗ ਸਾਰੀ ਦੁਨੀਆ ਨੂੰ ਰੌਸ਼ਨੀ ਵੰਡਣ ਵਾਲਾ ਦੀਵਾ ਆਪ ਹਨੇਰੇ ਵਿਚ ਹੈ। ਹੋਰਾਂ ਦੀ ਹਿੰਸਾ ਤੇ ਆਹ ਭਰਨ ਵਾਲਾ ਇਹ ਟਿੱਲਾ ਆਪ ਹਿੰਸਕ ਵਾਰਦਾਤਾਂ ਤੋਂ ਬਚਿਆ ਨਹੀਂ। ਇਸ ਵਿਸ਼ਾਲ ਦੇਸ਼ ਵਿਚ ਹਰ ਰੋਜ਼ ਕਿਤੇ ਨਾ ਕਿਤੇ ਬੰਬ ਬਰੂਦ ਦੇ ਛਾਣੇ ਵੱਜਦੇ ਰਹਿੰਦੇ ਹਨ। ਸਾਰੀ ਦੁਨੀਆ ਤੇ ਕਾਂ ਅੱਖ ਰੱਖਣ ਵਾਲਾ ਇਹ ਸਰਪੰਚ ਆਪ ਵੀ ਘਿਰਣਤ ਅਪਰਾਧਾਂ ਤੋਂ ਬਚਿਆ ਨਹੀਂ ਤੇ ਇੱਥੇ ਹਰ ਰੋਜ਼ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਅਸਲਾ ਗੱਨ, ਬੰਦੁਕ, ਹਥਿਆਰ ਹਰ ਕਿਸੇ ਦੀ ਪਹੁੰਚ ਵਿਚ ਹੈ ਤੇ ਜਲਦੀ ਹੀ ਠਾਹ-ਠੂਹ ਕਰ ਕੇ ਸੱਥਰ ਵਿਛਾ ਦਿੰਦੀ ਹੈ। ਹਥਿਆਰਾਂ ਦੀ ਰੋਕਥਾਮ ਬਾਰੇ ਨਵੇਂ ਪ੍ਰਸਤਾਵਿਤ ਕਾਨੂੰਨ ਵਿਵਾਦਾਂ ਵਿਚ ਘਿਰ ਗਏ ਤੇ ਪਾਸ ਨਹੀਂ ਹੋ ਸਕੇ।’
ਇਨ੍ਹਾਂ ਉਪ੍ਰੋਕਤ ਸਤਰਾਂ ਵਿਚ ਦੋਹਰੇ ਅਮਰੀਕੀ ਵਿਹਾਰ ਦਾ ਬਿੰਬ ਤਾਂ ਪ੍ਰਸਤੁਤ ਹੋਇਆ ਹੀ ਹੈ, ਸਗੋਂ ਇਹ ਸਤਰਾਂ ਸਿਰਜਣਾਤਮਕ ਵਾਰਤਕ ਦੇ ਉਸ ਹੁਸਨ ਨੂੰ ਵੀ ਪ੍ਰਤੀਬਿੰਬਤ ਕਰਦੀਆਂ ਹਨ, ਜਿਹੜਾ ਇਸ ਰਚਨਾ ਨੂੰ ਮਹਿਜ਼ ਕੋਰੇ ਗਿਆਨ ਦੀ ਪੇਸ਼ਕਾਰੀ ਤੋਂ ਨਿਖੇੜ ਕੇ ਕਲਾਤਮਕ ਆਭਾ ਬਖ਼ਸ਼ਦਾ ਹੈ। ਰੂਪਕੀ ਸਿਰਜਣਾ ਵਾਲੇ ਇਸ ਪੈਰੇ੍ਹ ਵਿਚ ਸ਼ਬਦਾਂ ਨੂੰ ਜੋੜਨ-ਬੀੜਨ ਦਾ ਹੁਨਰ ਵੀ ਵਿਦਮਾਨ ਹੈ, ਕਾਵਿਕ ਖ਼ੂਬਸੂਰਤੀ ਵੀ ਹੈ, ਵਿਅੰਗ ਦੀ ਤਿੱਖੀ ਚੋਭ ਵੀ ਹੈ ਅਤੇ ਹਕੀਕਤ ਦਾ ਸੰਤੁਲਤ ਬਿਆਨ ਵੀ ਹੈ। ਅਜਿਹੀ ਖ਼ੂਬਸੂਰਤ ਦੇ ਝਲਕਾਰੇ ਪਾਠਕ ਨੂੰ ਇਸ ਲਿਖਤ ਵਿਚ ਕਈ ਥਾਈਂ ਨਜ਼ਰ ਆਉਣਗੇ।
ਯਾਤਰਾ-ਪ੍ਰਸੰਗ ਅਤੇ ਇਸ ਵਿਚੋਂ ਉਪਜੀ ਸਹਿ-ਲਿਖਤ, ਅਮਰੀਕਾ ਬਾਰੇ ਜਾਣਕਾਰੀ, ਨੂੰ ਦੋ ਭਾਗਾਂ ਵਿਚ ਵੰਡ ਕੇ ਪੰਨੂ ਨੇ ਨਵਾਂ ਤਜਰਬਾ ਕੀਤਾ ਹੈ। ਇਸ ਸਫ਼ਰਨਾਮੇ ਵਿਚ ਰਵਾਇਤੀ ਸਫ਼ਰਨਾਮੇ ਵਾਲਾ ‘ਬਹੁਤ ਕੁਝ’ ਹੋਣ ਦੇ ਬਾਵਜੂਦ ਬਹੁਤ ਕੁੱਝ ਨਵਾਂ ਤੇ ਵੱਖਰਾ ਵੀ ਹੈ। ਇਸ ਵਿਚ ਬਾਹਰੀ ਸੰਸਾਰ ਦੇ ਠੋਸ ਤੱਥਾਤਮਕ ਵੇਰਵੇ ਵੀ ਹਨ ਅਤੇ ਬੰਦੇ ਦੇ ਮਨ ਵਿਚਲੇ ਸੂਖ਼ਮ ਅਹਿਸਾਸਾਂ ਦੀ ਤਰਲਤਾ ਨੂੰ ਫੜ੍ਹਨ ਦਾ ਸਾਹਿਤਕ ਯਤਨ ਵੀ ਹੈ। ਸਾਹਿਤ ਦੀ ਕਿਸੇ ਵੀ ਵਿਧਾ ਜਾਂ ਵੰਨਗੀ ਦੇ ਨੇਮ ਸਥਾਈ ਤੇ ਸਦੀਵੀ ਨਹੀਂ ਹੁੰਦੇ। ਪ੍ਰਤਿਭਾਵਾਨ ਲੇਖਕ ਪ੍ਰਵਾਨਤ ਨੇਮਾਂ ਨੂੰ ਤੋੜਦੇ ਵੀ ਆਏ ਹਨ ਤੇ ਸੰਬੰਧਤ ਵਿਧਾ ਦੇ ਕਲਾਵੇ ਨੂੰ ਮੋਕਲਾ ਵੀ ਕਰਦੇ ਰਹਿੰਦੇ ਹਨ। ਚਰਨਜੀਤ ਸਿੰਘ ਪੰਨੂ ਨੇ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਦੇ ਆਲੋਚਕ ਜਾਂ ਪਾਠਕ ਇਸ ਕੋਸ਼ਿਸ਼ ਨੂੰ ਕਿਵੇਂ ਲੈਂਦੇ ਹਨ, ਇਸ ਨੂੰ ਉਨ੍ਹਾਂ `ਤੇ ਛੱਡਦੇ ਹੋਏ ਅਸੀਂ ਪੰਨੂ ਨੂੰ ਇਕ ਵੱਖਰੀ ਕਿਸਮ ਦੀ ‘ਸਫ਼ਰਨਾਮਾ ਲਿਖਤ’ ਲਿਖਣ ਲਈ ਮੁਬਾਰਕ ਦਿੰਦੇ ਹਾਂ।

(ਸੰਗਮ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਗਈ ਇਹ ਸੁੰਦਰ ਪੁਸਤਕ ਲੈਣ ਲਈ ਪਬਲਿਸ਼ਰ ਜਾਂ ਲੇਖਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ)