ਜ਼ਾਇਆ ਵਸੀਲਿਆਂ ਦੇ ਪ੍ਰਦੂਸ਼ਣ ਦੀ ਮਾਰ

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਕੌਮਾਂਤਰੀ ਪੁਰਸਕਾਰ ਜੇਤੂ ਅਮਰੀਕੀ ਪੱਤਰਕਾਰ ਓਲੀਵਰ ਫਰੈਂਕਲਿਨ-ਵੈਲਿਸ ਦੀ ਨਵੀਂ ਕਿਤਾਬ ‘ਵੇਸਟਲੈਂਡ` ਕਈ ਪੱਖਾਂ ਤੋਂ ਹੈਰਾਨ ਕਰਨ ਵਾਲੀ ਹੈ। ਇਸ ਦਾ ਮੁੱਖ ਵਿਸ਼ਾ ਸਮੁੰਦਰ ਵਿਚ ਜਮ੍ਹਾਂ ਹੋ ਰਿਹਾ ਪਲਾਸਟਿਕ ਅਤੇ ਪ੍ਰਦੂਸ਼ਨ ਹੈ ਜੋ ਅੱਜ ਦਾ ਮਨੁੱਖ ਪੂਰੀ ਰਫਤਾਰ ਨਾਲ ਫੈਲਾਅ ਰਿਹਾ ਹੈ। ਇਹ ਕਿਤਾਬ ਕਚਰੇ ਅਤੇ ਮਲੀਨਤਾ ਦੀ ਬਹੁਲਤਾ ਦਾ ਬਹੁਤ ਹੌਲਨਾਕ ਮੰਜ਼ਰ ਪੇਸ਼ ਕਰਦੀ ਹੈ। ਇਸ ਅਹਿਮ ਅਤੇ ਵਿਲੱਖਣ ਕਿਤਾਬ ਬਾਰੇ ਚਰਚਾ ਪੱਤਰਕਾਰ ਸੁਰਿੰਦਰ ਸਿੰਘ ਤੇਜ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਚਾਰ ਦਹਾਕੇ ਪਹਿਲਾਂ ਅਖ਼ਬਾਰੀ ਨੌਕਰੀ ਦੇ ਮੁੱਢਲੇ ਦਿਨਾਂ ਦੌਰਾਨ ਇਕ ਖ਼ਬਰ ਦਾ ਤਰਜਮਾ ਕੀਤਾ ਸੀ ਕਿ ਕਚਰੇ ਤੇ ਕੂੜ-ਕਬਾੜ ਨਾਲ ਭਰਿਆ ਬੇੜਾ ਕੈਲੀਫੋਰਨੀਆ (ਅਮਰੀਕਾ) ਤੋਂ ਕਿਸੇ ਬੇਆਬਾਦ ਪ੍ਰਸ਼ਾਂਤ ਮਹਾਂਸਾਗਰੀ ਜਜ਼ੀਰੇ ਵੱਲ ਰਵਾਨਾ ਹੋਇਆ ਤਾਂ ਜੋ ਸਾਰਾ ਗੰਦ ਉੱਥੇ ਢੇਰ ਕੀਤਾ ਜਾ ਸਕੇ। ਪ੍ਰਸ਼ਾਂਤ ਅੰਦਰ ਹਵਾਈ ਟਾਪੂ ਸਮੂਹ (ਜਿਸ ਨੂੰ ਮੁਕੰਮਲ ਰਾਜ ਦਾ ਦਰਜਾ ਹਾਸਲ ਹੈ) ਤੋਂ ਇਲਾਵਾ 70 ਦੇ ਕਰੀਬ ਅਜਿਹੇ ਛੋਟੇ-ਵੱਡੇ ਜਜ਼ੀਰੇ ਹਨ ਜਿਨ੍ਹਾਂ `ਤੇ ਅਮਰੀਕਾ ਆਪਣੀ ਮਲਕੀਅਤ ਜਤਾਉਂਦਾ ਹੈ। ਇਨ੍ਹਾਂ ਵਿਚੋਂ ਸਿਰਫ਼ ਤਿੰਨ- ਗੁਆਮ, ਨਾਰਦਰਨ ਮੇਰੀਆਨਾ ਤੇ ਅਮੈਰੀਕਨ ਸਮੋਆ ਹੀ ਆਬਾਦ ਹਨ, ਬਾਕੀ ਬੇਆਬਾਦ ਪਰ ਕਿਸੇ ਵੀ ਬੇਆਬਾਦ ਜਜ਼ੀਰੇ `ਤੇ ਅਮਰੀਕੀ ਜਲ ਸੈਨਾ ਨੇ ਕੂੜਾ ਢੇਰ ਨਹੀਂ ਕਰਨ ਦਿੱਤਾ। ਬੇੜੇ ਦਾ ਅਮਲਾ ਬੇੜੇ ਉਪਰਲੇ ਬਦਬੂਦਾਰ ‘ਅਸਬਾਬ` ਤੋਂ ਤਿੰਨ ਹਫ਼ਤਿਆਂ ਦੇ ਅੰਦਰ ਇਸ ਹੱਦ ਤੱਕ ਅੱਕ ਗਿਆ ਕਿ ਉਸ ਨੇ ਸਾਰੇ ਕੂੜ-ਕਬਾੜ ਨੂੰ ਪ੍ਰਸ਼ਾਂਤ ਮਹਾਂਸਾਗਰ ਅੰਦਰ ਉਲਟ ਦਿੱਤਾ। ਬੜਾ ਰੌਲਾ ਮਚਿਆ ਇਸ ਕਾਰੇ ਤੋਂ। ਇਨਸਾਨੀ ਰਹਿੰਦ-ਖੂੰਹਦ ਸਮੁੰਦਰਾਂ ਵਿਚ ਨਾ ਸੁੱਟਣ ਬਾਰੇ ਨਵੇਂ ਕੌਮਾਂਤਰੀ ਨੇਮ ਬਣਾਉਣ ਦੀਆਂ ਗੱਲਾਂ ਕਈ ਮਹੀਨੇ ਚੱਲਦੀਆਂ ਰਹੀਆਂ। ਫਿਰ ਹੌਲੀ-ਹੌਲੀ ਸਭ ਕੁਝ ਭੁੱਲ-ਭੁਲਾ ਦਿੱਤਾ ਗਿਆ।
ਇਸ ਤੋਂ 20 ਵਰ੍ਹੇ ਬਾਅਦ ਇਹ ਹਕੀਕਤ ਸਾਹਮਣੇ ਆਈ ਕਿ ਪ੍ਰਸ਼ਾਂਤ ਮਹਾਂਸਾਗਰ ਦੇ ਕੇਂਦਰ ਬਿੰਦੂ ਜਿੱਥੇ ਸਾਰੀਆਂ ਦਿਸ਼ਾਵਾਂ ਤੋਂ ਆਉਣ ਵਾਲੀਆਂ ਲਹਿਰਾਂ ਆਪੋ `ਚ ਮਿਲਣ ਮਗਰੋਂ ਉਲਟ ਦਿਸ਼ਾਵਾਂ ਵੱਲ ਰੁਖ਼ਸਤ ਹੁੰਦੀਆਂ ਹਨ, ਵਾਲੇ ਖੇਤਰ ਵਿਚ ਸਾਗਰੀ ਤਲ `ਤੇ ਪਲਾਸਟਿਕ ਦਾ ਟਿੱਲਾ ਉਸਰ ਰਿਹਾ ਹੈ। ਲਹਿਰਾਂ ਦੇ ਨਾਲ ਉੱਥੇ ਪੁੱਜਣ ਵਾਲੇ ਪਲਾਸਟਿਕ ਦਾ ਉਹ ਜ਼ਖ਼ੀਰਾ ਹੁਣ ਖੇਤਰਫਲ ਪੱਖੋਂ ਏਨਾ ਵੱਡਾ ਹੋ ਗਿਆ ਹੈ ਕਿ ਉਸ ਵਿਚ ਤਿੰਨ ਫਰਾਂਸ ਸਮਾਅ ਸਕਦੇ ਹਨ। ਸਮੁੰਦਰ ਵਿਗਿਆਨੀਆਂ ਦੇ ਅਨੁਮਾਨਾਂ ਮੁਤਾਬਿਕ ਇਸ ਥਾਂ ਉੱਤੇ ਹੁਣ ਵੀ 30 ਲੱਖ ਟਨ ਦੀ ਸਾਲਾਨਾ ਔਸਤ ਨਾਲ ਪਲਾਸਟਿਕ ਲਗਾਤਾਰ ਪਹੁੰਚ ਰਿਹਾ ਹੈ ਜਦੋਂਕਿ ਪ੍ਰਿਥਵੀ ਦੇ ਸਾਰੇ ਸਮੁੰਦਰਾਂ ਵਿਚ ਹਰ ਸਾਲ ਜਮ੍ਹਾਂ ਹੋ ਰਹੇ ਪਲਾਸਟਿਕ ਦੀ ਔਸਤ ਮਿਕਦਾਰ 1.10 ਕਰੋੜ ਟਨ ਦੱਸੀ ਜਾਂਦੀ ਹੈ।
ਇਹ ਸਾਰਾ ਕਥਾਕ੍ਰਮ ਕਈ ਕੌਮਾਂਤਰੀ ਪੁਰਸਕਾਰ ਜੇਤੂ ਅਮਰੀਕੀ ਪੱਤਰਕਾਰ ਓਲੀਵਰ ਫਰੈਂਕਲਿਨ-ਵੈਲਿਸ ਦੀ ਨਵੀਂ ਕਿਤਾਬ ‘ਵੇਸਟਲੈਂਡ` ਦਾ ਮੁੱਖ ਵਿਸ਼ਾ ਵਸਤੂ ਹੈ। ਸਾਡੇ ਜਹਾਨ ਅੰਦਰ ਕਚਰੇ ਤੇ ਮਲੀਨਤਾ ਦੀ ਬਹੁਲਤਾ ਦਾ ਬੜਾ ਹੌਲਨਾਕ ਮੰਜ਼ਰ ਪੇਸ਼ ਕਰਦੀ ਹੈ ਇਹ ਕਿਤਾਬ ਪਰ ਨਾਲ ਹੀ ਨਵੇਂ ਤਜਰਬਿਆਂ ਵਿਚੋਂ ਕੁਝ ਨਵਾਂ ਪੁੰਗਰਨ ਮੌਲਣ ਦੀਆਂ ਉਮੀਦਾਂ ਵੀ ਰੌਸ਼ਨ ਕਰਦੀ ਹੈ। ਕਿਤਾਬ ਦਾ ਸਿਰਲੇਖ ਨੋਬੇਲ ਪੁਰਸਕਾਰ ਜੇਤੂ ਅਮਰੀਕੀ ਕਵੀ ਟੀ.ਐੱਸ. ਏਲੀਅਟ ਦੀ ਮਹਾਂ ਕਵਿਤਾ ‘ਦਿ ਵੇਸਟਲੈਂਡ` ਤੋਂ ਲਿਆ ਗਿਆ ਹੈ। 1932 ਵਿਚ ਪ੍ਰਕਾਸ਼ਿਤ 434 ਸਤਰਾਂ ਦੀ ਇਹ ਕਵਿਤਾ ਜਿੱਥੇ ਪਹਿਲੇ ਮਹਾਂ ਯੁੱਧ ਤੋਂ ਉਪਜੇ ਤ੍ਰਾਸਦਿਕ ਧਰਾਤਲ ਦੇ ਪ੍ਰਸੰਗ ਵਿਚ ਸਾਡੇ ਮਾਤ-ਗ੍ਰਹਿ ਦੀ ਰੂਹਾਨੀ, ਇਖ਼ਲਾਕੀ ਤੇ ਸਮਾਜਿਕ ਫ਼ਨਾਹੀ ਦੀ ਕਹਾਣੀ ਕਹਿੰਦੀ ਹੈ, ਉੱਥੇ ਫਰੈਂਕਲਿਨ-ਵੈਲਿਸ ਦੀ ਕਿਤਾਬ ਰੂਹਾਂ ਦੀ ਥਾਂ ਜਿਸਮਾਂ ਉੱਤੇ ਵੱਧ ਕੇਂਦ੍ਰਿਤ ਹੈ। ਇਹ ਰੂਹਾਨੀ ਜਾਂ ਇਖ਼ਲਾਕੀ ਵੀਰਾਨੀਅਤ ਦੀ ਥਾਂ ਇਨਸਾਨੀ ਫਿਤਰਤ ਤੋਂ ਉਪਜੀ ਫ਼ਿਜ਼ਾਈ ਤਬਾਹੀ ਦੀ ਬਾਤ ਪਾਉਂਦੀ ਹੈ, ਉਹ ਵੀ ਵਿਗਿਆਨਕ ਮਿਜ਼ਾਜ ਤੇ ਅੰਦਾਜ਼ ਨਾਲ।
ਫਰੈਂਕਲਿਨ-ਵੈਲਿਸ ਲਿਖਦਾ ਹੈ ਕਿ ਇਨਸਾਨ ਪਿਛਲੀਆਂ ਦੋ-ਚਾਰ ਸਦੀਆਂ ਤੋਂ ਨਹੀਂ, ਪਿਛਲੇ 10 ਹਜ਼ਾਰ ਸਾਲਾਂ ਤੋਂ ਧਰਤੀ ਨੂੰ ਪਲੀਤ ਕਰ ਰਿਹਾ ਹੈ, ਕਚਰਾ ਤੇ ਗੰਦਗੀ ਫੈਲਾ ਕੇ, ਕੁਦਰਤ ਦੀਆਂ ਨਿਆਮਤਾਂ ਨੂੰ ਨਿਰੰਤਰ ਜ਼ਾਇਆ ਕਰ ਕੇ। ਕਚਰਾ ਤਾਂ ਪੇੜ-ਪੌਦੇ ਵੀ ਫੈਲਾਉਂਦੇ ਹਨ ਅਤੇ ਜੀਵ-ਜੰਤ ਵੀ ਪਰ ਉਨ੍ਹਾਂ ਦੇ ਫੋਕਟਾਂ ਨੂੰ ਧਰਤੀ ਦੀ ਪੈਦਾਇਸ਼ੀ ਤਾਕਤ ਮਜ਼ਬੂਤ ਕਰਨ ਜਾਂ ਇਸ ਤਾਕਤ ਦੇ ਖੋਰੇ ਦੀ ਭਰਪਾਈ ਕਰਨ ਦੇ ਜਿਹੜੇ ਵਸੀਲੇ ਕੁਦਰਤ ਨੇ ਵੀ ਇਜਾਦ ਕਰ ਰੱਖੇ ਹਨ, ਉਨ੍ਹਾਂ ਨਾਲ ਨਾ ਪੇੜ-ਪੌਦੇ ਛੇੜ-ਛਾੜ ਕਰਦੇ ਹਨ ਅਤੇ ਨਾ ਹੀ ਜੀਵ-ਜੰਤ। ਇਸ ਤੋਂ ਉਲਟ ਇਨਸਾਨ ਕਚਰਾ ਵੀ ਲੋੜੋਂ ਵੱਧ ਪੈਦਾ ਕਰਦਾ ਆਇਆ ਹੈ ਅਤੇ ਉਸ ਨੂੰ ਖਪਾਉਣ ਦੇ ਕੁਦਰਤ ਦੇ ਵਿਧਾਨ ਵਿਚ ਅੜਿੱਕੇ ਵੀ ਪੈਦਾ ਕਰਦਾ ਆਇਆ ਹੈ, ਖ਼ਾਸ ਕਰ ਕੇ ਪਿਛਲੀਆਂ ਤਿੰਨ ਸਦੀਆਂ ਤੋਂ। ਇਸ ਤੋਂ ਉਪਜਿਆ ਸੰਕਟ ਕਿੰਨਾ ਗੰਭੀਰ ਹੈ, ਇਸ ਦੀ ਤਸਦੀਕ ਇਹ ਤੱਥ ਕਰਦੇ ਹਨ:
*ਸਾਲ 2016 ਦੌਰਾਨ ਦੁਨੀਆ ਭਰ ਵਿਚ 2.01 ਅਰਬ ਟਨ ਠੋਸ ਕਚਰਾ ਪੈਦਾ ਹੋਇਆ; ਤਰਲ ਮਲੀਨਤਾ ਇਸ ਤੋਂ ਵੱਖਰੀ ਰਹੀ। 2016 ਤੋਂ ਬਾਅਦ ਦੇ ਅਨੁਮਾਨ ਜਾਂ ਅੰਕੜੇ ਅਜੇ ਤੱਕ ਉਪਲਬਧ ਨਹੀਂ। ਜ਼ਾਹਿਰ ਹੈ ਠੋਸ ਕਚਰੇ ਦੀ ਪੈਦਾਇਸ਼ ਵਿਚ ਇਜ਼ਾਫ਼ਾ ਹੀ ਹੋਇਆ ਹੋਵੇਗਾ, ਕਮੀ ਤਾਂ ਸੰਭਵ ਨਹੀਂ ਜਾਪਦੀ।
*ਹਰ ਸਾਲ ਔਸਤਨ 4.80 ਅਰਬ ਪਲਾਸਟਿਕ ਬੋਤਲਾਂ, ਦੁਨੀਆ ਭਰ ਵਿਚ ਵੇਚੀਆਂ ਜਾਂਦੀਆਂ ਹਨ। ਭਾਵ ਹਰ ਸਕਿੰਟ ਦੌਰਾਨ 20 ਹਜ਼ਾਰ ਬੋਤਲਾਂ।
*ਠੋਸ ਕਚਰੇ ਨੂੰ ਇਕੱਠਾ ਕਰਨ ਦੀ ਵਿਵਸਥਾ, ਦੁਨੀਆ ਦੇ ਸਿਰਫ਼ 43 ਫ਼ੀਸਦੀ ਸ਼ਹਿਰੀ ਲੋਕਾਂ ਵਾਸਤੇ ਉਪਲਬਧ ਹੈ। ਬਾਕੀ 57 ਫ਼ੀਸਦੀ ਲੋਕ ਜਾਂ ਤਾਂ ਕਚਰਾ ਸਾੜ ਦਿੰਦੇ ਹਨ ਅਤੇ ਜਾਂ ਫਿਰ ਨਦੀਆਂ-ਨਾਲਿਆਂ, ਦਰਿਆਵਾਂ ਤੇ ਸਮੁੰਦਰਾਂ ਵਿਚ ਵਹਾਉਣ ਜਾਂ ਖੱਡਾਂ-ਖਤਾਨਾਂ ਵਿਚ ਸੁੱਟਣ ਦੀ ਜ਼ਿਆਦਤੀ ਕੁਦਰਤ ਨਾਲ ਕਰਦੇ ਹਨ।
*ਦੁਨੀਆ ਦਾ ਇਕ ਵੀ ਮੁਲਕ ਅਜਿਹਾ ਨਹੀਂ ਜਿਸ ਦੇ ਸ਼ਾਹਰਾਹਾਂ ਦੀਆਂ ਖਤਾਨਾਂ, ਪਰਬਤੀ ਖੱਡਾਂ, ਜੰਗਲ-ਬੇਲੇ ਆਦਿ ਪੋਲੀਥੀਨ ਤੇ ਧਾਤੂਈ ਫੌਇਲ ਦੇ ਲਿਫ਼ਾਫ਼ਿਆਂ, ਸਿਗਰਟਾਂ ਦੇ ਪਲਾਸਟਿਕ ਫਿਲਟਰਾਂ ਅਤੇ ਜਲਦੀ ਨਸ਼ਟ ਨਾ ਹੋਣ ਵਾਲੇ ਹੋਰ ਕੂੜੇ-ਕਚਰੇ ਤੋਂ ਮੁਕਤ ਹੋਣ।
*ਵਿਕਸਿਤ ਮੁਲਕ ਕਚਰਾ ਪੈਦਾ ਕਰਨ ਪੱਖੋਂ, ਵਿਕਾਸਸ਼ੀਲ ਦੇਸ਼ਾਂ ਤੋਂ ਕਿਤੇ ਵੱਧ ਗੁਨਾਹਗਾਰ ਹਨ। ਦੁਨੀਆ ਦਾ 60 ਫ਼ੀਸਦ ਕੂੜ-ਕਬਾੜ ਸਿਰਫ਼ 33 ਧਨਾਢ ਮੁਲਕ ਪੈਦਾ ਕਰਦੇ ਹਨ। ਉਂਜ, ਖਪਤਵਾਦ ਦੇ ਪਸਾਰੇ ਨਾਲ ਇਹੋ ਵਬਾਅ ਵਿਕਾਸਸ਼ੀਲ ਮੁਲਕਾਂ ਵਿਚ ਵੀ ਫੈਲ ਰਹੀ ਹੈ। 2050 ਤੱਕ ਉਹ ਵੀ ਹਰ ਵਰ੍ਹੇ 1.30 ਅਰਬ ਟਨ ਕਚਰਾ ਪੈਦਾ ਕਰਨ ਲੱਗ ਜਾਣਗੇ।
*ਜਿੰਨਾ ਵੱਧ ਧਨਾਢ, ਓਨਾ ਵੱਧ ਕਚਰਾ। ਅਮਰੀਕਾ ਦਾ ਇਸ ਪੱਖੋਂ ਅੱਵਲ ਨੰਬਰ; ਹਰ ਅਮਰੀਕੀ ਨਾਗਰਿਕ ਰੋਜ਼ਾਨਾ ਔਸਤਨ ਦੋ ਕਿੱਲੋ ਕਚਰਾ ਪੈਦਾ ਕਰਦਾ ਹੈ। ਇਸ ਮਿਕਦਾਰ ਵਿਚੋਂ 470 ਗ੍ਰਾਮ ਕਚਰਾ ਗਲ-ਸੜ ਕੇ ਰੇਹ ਦੇ ਰੂਪ ਵਿਚ ਧਰਤੀ ਵਿਚ ਸਮਾਉਣ ਵਾਲਾ ਹੁੰਦਾ ਹੈ, 640 ਗ੍ਰਾਮ ਰੀਸਾਈਕਲ ਹੋਣ ਵਾਲਾ ਅਤੇ ਬਾਕੀ ਧਰਤ ਦੀ ਆਬੋ-ਹਵਾ ਤੇ ਫਿਜ਼ਾ ਨੂੰ ਪਲੀਤ ਕਰਨ ਵਾਲਾ। ਯੂ.ਕੇ. ਦੀ ਪ੍ਰਤੀ ਵਿਅਕਤੀ ਪ੍ਰਤੀ ਦਨਿ ਔਸਤ 1.10 ਕਿਲੋਗ੍ਰਾਮ ਹੈ।
*ਪਲਾਸਟਿਕ ਦਾ ਉਤਪਾਦਨ ਤੇ ਵਰਤੋਂ ਘਟਾਉਣ ਦੇ ਉਪਰਾਲੇ ਓਨੇ ਕਾਰਗਰ ਨਹੀਂ ਸਾਬਤ ਹੋ ਰਹੇ ਜਿੰਨੇ ਕਿ ਦਾਅਵੇ ਕੀਤੇ ਜਾਂਦੇ ਹਨ। ਰੀਸਾਈਕਲਿੰਗ ਬਹੁਤ ਵੱਡੀ ਸਨਅਤ ਬਣ ਚੁੱਕੀ ਹੈ, ਪਰ ਫਿਜ਼ਾ ਨੂੰ ਇਹ ਕਿੰਨਾ ਗੰਧਲਾ ਕਰ ਰਹੀ ਹੈ, ਇਸ ਬਾਰੇ ਅੰਕੜੇ ਭਰਮ-ਪਾਊ ਹਨ।
*ਚੀਨ ਨੇ ਅਮਰੀਕਾ ਤੇ ਯੂਰਪ ਦੀ ਪਲਾਸਟਿਕ ਵੇਸਟ ਨੂੰ ਬਾਕੀ ਦੁਨੀਆ ਦੀ ਨਿਰਮਾਣ ਸਨਅਤ ਤਬਾਹ ਕਰਨ ਵਾਸਤੇ ਖ਼ੂਬ ਵਰਤਿਆ। ਛੇ ਵਰ੍ਹੇ ਪਹਿਲਾਂ ਤੱਕ ਅਮਰੀਕਾ ਤੇ ਯੂਰਪ ਦੀ ਪਲਾਸਟਿਕ ਵੇਸਟ ਦਾ 85 ਫ਼ੀਸਦੀ ਹਿੱਸਾ ਚੀਨ ਪੁੱਜਦਾ ਸੀ। ਇੱਥੇ ਉਸ ਨੂੰ ਢਾਲ-ਗਾਲ ਕੇ ਅਤੇ ਹਰ ਕਿਸਮ ਦੇ ਸਸਤੇ ਉਤਪਾਦ ਤਿਆਰ ਕਰਕੇ ਦੁਨੀਆ ਭਰ ਦੀਆਂ ਮੰਡੀਆਂ ਵਿਚ ਸੁੱਟੇ ਜਾਂਦੇ ਸਨ। ਬਾਕੀ ਦੁਨੀਆ ਦੀਆਂ ਨਿਰਮਾਣ ਤੇ ਉਤਪਾਦਨ ਕੰਪਨੀਆਂ ਵੀ ਮੁਨਾਫ਼ੇ ਦੀ ਹੋੜ ਵਿਚ ਆਪਣੀਆਂ ਸਨਅਤੀ ਇਕਾਈਆਂ ਬੰਦ ਕਰਕੇ ਚੀਨੀ ਮਾਲ `ਤੇ ਆਪਣੇ ਠੱਪੇ ਲਾਉਣ ਲੱਗੀਆਂ। ਪਰ ਪਲਾਸਟਿਕ ਰੀਸਾਈਕਲਿੰਗ ਨੇ ਚੀਨੀ ਫ਼ਿਜ਼ਾ ਨੂੰ ਏਨਾ ਜ਼ਹਿਰੀਲਾ ਬਣਾਇਆ ਕਿ 2018 ਵਿਚ ‘ਅਪਰੇਸ਼ਨ ਕੌਮੀ ਤਲਵਾਰ` ਰਾਹੀਂ ਚੀਨ ਨੇ ਵਿਦੇਸ਼ਾਂ ਤੋਂ ਕੂੜ-ਕਬਾੜ ਮੰਗਵਾਉਣ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ। ਇਸੇ ਕਾਰਨ ਚੀਨੀ ਵਸਤਾਂ ਹੁਣ ਪਹਿਲਾਂ ਵਾਂਗ ਸਸਤੀਆਂ ਨਹੀਂ। ਉਂਝ, ਚੀਨੀ ਫ਼ੈਸਲੇ ਦਾ ਸਿੱਧਾ ਖ਼ਮਿਆਜ਼ਾ ਹੁਣ ਦੱਖਣ ਏਸ਼ਿਆਈ ਤੇ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਅਮਰੀਕਾ ਤੇ ਯੂਰਪ ਦਾ ਸਾਰਾ ਪਲਾਸਟਿਕ ਤੇ ਧਾਤੂਈ ਕਬਾੜ ਹੁਣ ਭਾਰਤ, ਪਾਕਿਸਤਾਨ, ਬੰਗਲਾਦੇਸ਼, ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ ਤੇ ਵੀਅਤਨਾਮ ਵਿਚ ਡੰਪ ਹੋ ਰਿਹਾ ਹੈ।
*ਬੜੀਆਂ ਠੱਗੀਆਂ ਹੋ ਰਹੀਆਂ ਹਨ ਕਚਰਾ ਪ੍ਰਬੰਧਨ ਤੇ ਰੀਸਾਈਕਲਿੰਗ ਦੇ ਨਾਮ `ਤੇ। ਜ਼ੀਰੋ ਕਾਰਬਨ ਤੇ ਜ਼ੀਰੋ ਵੇਸਟ ਵਰਗੇ ਸੰਕਲਪਾਂ ਤੇ ਦਾਅਵਿਆਂ ਦੀ ਵੀ ਬਾਰੀਕਬੀਨੀ ਨਾਲ ਪੁਣ-ਛਾਣ ਹੋਣੀ ਚਾਹੀਦੀ ਹੈ। ਸਭ ਕੁਝ ਖ਼ਰਾ ਨਹੀਂ ਹੋ ਰਿਹਾ ਇਨ੍ਹਾਂ ਸੰਕਲਪਾਂ/ਸਿਧਾਂਤਾਂ ਦੇ ਨਾਮ `ਤੇ।
*ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਿਕ ਦੁਨੀਆ ਦੇ ਤਿੰਨ ਕਰੋੜ (ਗ਼ੈਰ-ਸਰਕਾਰੀ ਅਨੁਮਾਨਾਂ ਅਨੁਸਾਰ ਸੱਤ ਕਰੋੜ) ਲੋਕ ਕੂੜ-ਕਬਾੜ ਖੰਘਾਲਣ ਦਾ ਕੰਮ ਕਰ ਰਹੇ ਹਨ। ਉਹ ਇਸ ਦੇ ਜ਼ਰੀਏ ਆਪਣਾ ਪੇਟ ਜ਼ਰੂਰ ਭਰ ਰਹੇ ਹਨ ਪਰ ਅਜਿਹੇ ਖ਼ਤਰਨਾਕ ਜਰਾਸੀਮ ਆਪਣੇ ਅੰਦਰ ਲਿਜਾ ਰਹੇ ਹਨ ਜੋ ਅਗਲੀਆਂ ਕਈ ਪੁਸ਼ਤਾਂ ਨੂੰ ਸਿਹਤਮੰਦ ਜੀਵਨ ਦੀਆਂ ਖ਼ੁਸ਼ੀਆਂ ਤੋਂ ਮਹਿਰੂਮ ਕਰ ਸਕਦੇ ਹਨ।
*ਕੂੜਾ ਪ੍ਰਬੰਧਨ, ਕੂੜਾ ਖੰਘਾਲਣ ਤੇ ਕੂੜੇ ਦੀ ਕੱਚੇ ਮਾਲ ਵਜੋਂ ਵਰਤਣ ਨਾਲ ਜੁੜੇ ਧੰਦਿਆਂ ਨੇ ਤਕਰੀਬਨ ਹਰ ਮੁਲਕ ਵਿਚ ਨਵੇਂ-ਨਵੇਂ ਮਾਫ਼ੀਆ ਪੈਦਾ ਕੀਤੇ ਹਨ ਜੋ ਕਾਨੂੰਨ ਵਿਵਸਥਾ ਲਈ ਵੱਡਾ ਖ਼ਤਰਾ ਹਨ।
ਉਪਰੋਕਤ ਸਾਰੇ ਨੁਕਤੇ ‘ਵੇਸਟਲੈਂਡ` ਦੀ ਭੂਮਿਕਾ ਦੇ ਸਿਰਫ਼ ਚਾਰ ਪੰਨਿਆਂ ਵਿਚੋਂ ਲਏ ਗਏ ਹਨ। ਬਾਕੀ ਕਿਤਾਬ ਕੀ-ਕੀ ਦੱਸਦੀ ਹੈ, ਉਸ ਦਾ ਅੰਦਾਜ਼ਾ ਇਨ੍ਹਾਂ ਨੁਕਤਿਆਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਫਰੈਂਕਲਿਨ-ਵੈਲਿਸ ਨੇ ਇਹ ਸਾਰਾ ਗਹਿਰ-ਗਿਆਨ ਖੋਜਣ, ਖੰਘਾਲਣ ਤੇ ਕਲਮਬੰਦ ਕਰਨ ਉੱਤੇ ਪੂਰੇ ਚਾਰ ਸਾਲ ਲਾਏ। ਉਹ ਗਾਜ਼ੀਪੁਰ (ਦਿੱਲੀ) ਦੇ ਕੂੜੇ ਦੇ ਪਹਾੜਾਂ `ਤੇ ਵੀ ਚੜ੍ਹਿਆ ਅਤੇ ਲੰਡਨ ਦੇ ਸੀਵਰਾਂ ਵਿਚ ਵੀ ਉਤਰਿਆ। ਵੀਰਾਨ ਅਮਰੀਕੀ ਖਾਣ ਨਗਰੀਆਂ ਦੀ ਕੂੜਾ ਡੰਪਾਂ ਵਜੋਂ ਕੁਵਰਤੋਂ ਦਾ ਜਾਇਜ਼ਾ ਲੈਣ ਵਾਸਤੇ ਉਹ ਤਿੰਨ ਮਹੀਨਿਆਂ ਤੱਕ ਵੱਖ-ਵੱਖ ਨਗਰੀਆਂ ਵਿਚ ਰਾਤਾਂ ਬਸਰ ਕਰਦਾ ਰਿਹਾ ਅਤੇ ਘਾਨਾ ਤੇ ਮੌਜ਼ੰਬੀਕ ਦੀਆਂ ਸੈਕੰਡ ਹੈਂਡ ਮਾਰਕੀਟਾਂ ਵਿਚ ਦੋ ਮਹੀਨੇ ਘੁੰਮਦਾ ਰਿਹਾ ਤਾਂ ਜੋ ਪੱਛਮੀ ਦੇਸ਼ਾਂ ਵੱਲੋਂ ਰੱਦੀ ਕੀਤੇ ਕੱਪੜਿਆਂ, ਜੁੱਤੀਆਂ, ਮੋਬਾਈਲਾਂ, ਟੇਬਲੈਟਾਂ ਤੇ ਟੈਲੀਵਿਜ਼ਨ ਸੈੱਟਾਂ ਨੂੰ ਗ਼ਰੀਬ ਮੁਲਕਾਂ ਵੱਲੋਂ ਸਵੀਕਾਰੇ ਜਾਣ ਅਤੇ ਅੱਗੇ ਹੋਰ ਗ਼ਰੀਬ ਮੁਲਕਾਂ ਵੱਲ ਬਰਾਮਦ ਕੀਤੇ ਜਾਣ ਦੀ ਰਣਨੀਤੀ ਤੇ ਆਰਥਿਕਤਾ ਉਸ ਦੇ ਵੀ ਪੱਲੇ ਪੈ ਸਕੇ। ਅਜਿਹੀਆਂ ਮਸ਼ਕਾਂ ਦੌਰਾਨ ਉਸ ਨੇ ਖ਼ੁਦ ਨੂੰ ਇਕ ਨਾਮੁਰਾਦ ਬਿਮਾਰੀ ਲਾ ਲਈ ਜਿਸ ਦਾ ਇਲਾਜ ਕਾਫ਼ੀ ਮਹਿੰਗਾ ਹੈ।
ਭੂਮਿਕਾ ਤੇ ਅੰਤਿਕਾ ਤੋਂ ਇਲਾਵਾ ਕਿਤਾਬ ਦੇ ਤਿੰਨ ਅਨੁਭਾਗ ਹਨ ਜਿਨ੍ਹਾਂ ਨੂੰ ਉਸ ਨੇ ਮਲੀਨ, ਬਦਬੂਦਾਰ ਤੇ ਜ਼ਹਿਰੀਲਾ ਨਾਮ ਦਿੱਤੇ ਹਨ। ਪਹਿਲੇ ਅਨੁਭਾਗ ਦੇ ਪੰਜ ਅਧਿਆਇ ਹਨ, ਦੂਜੇ ਦੇ ਤਿੰਨ ਅਤੇ ਤੀਜੇ ਦੇ ਚਾਰ। ਇਹ ਅਧਿਆਇ ਦੱਸਦੇ ਹਨ ਕਿ ਜੂਠ ਨੂੰ ਕਿਵੇਂ ਬਿਲੇ ਲਾਇਆ ਜਾਂਦਾ ਹੈ, ਪਲਾਸਟਿਕ ਨੂੰ ਰੀਸਾਈਕਲ ਕਰ ਕੇ ਕੀ ਕੁਝ ਕਿੱਥੇ ਕਿੱਥੇ ਬਣਾਇਆ ਜਾਂਦਾ ਹੈ ਅਤੇ ਹੋਰ ਗੈਰ-ਮੁਫ਼ੀਦ ਰਹਿੰਦ-ਖੂੰਹਦ ਦੀ ਕਿੱਥੇ ਵਰਤੋਂ ਕੀਤੀ ਜਾਂਦੀ ਹੈ। ਇਸ ਸਾਰੇ ਅਮਲ ਦੌਰਾਨ ਕਿਹੜੀਆਂ-ਕਿਹੜੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੋ ਰਹੀਆਂ ਹਨ ਅਤੇ ਉਹ ਕੀ ਕੀ ਕਹਿਰ ਢਾਹ ਰਹੀਆਂ ਹਨ, ਇਹ ਜਾਣਕਾਰੀ ਵੀ ਆਮ ਪਾਠਕ ਦੇ ਸਮਝ ਆਉਣ ਵਾਲੀ ਭਾਸ਼ਾ ਵਿਚ ਮੌਜੂਦ ਹੈ। ਕਿਤਾਬ ਦੱਸਦੀ ਹੈ ਕਿ ਕੂੜਾ ਫੈਲਾਉਣ ਦੀ ਇਨਸਾਨੀ ਬਿਰਤੀ ਨਾ ਸਿਰਫ਼ ਧਰਤੀ ਸਗੋਂ ਬ੍ਰਹਿਮੰਡ ਵਿਚ ਵੀ ਪੁਲਾੜ ਸਾਇੰਸ ਵਾਸਤੇ ਬਹੁਤ ਵੱਡੀ ਸਿਰਦਰਦੀ ਬਣ ਗਈ ਹੈ।
ਕਿਤਾਬ ਦਾ ਸਾਰਥਿਕ ਪੱਖ ਇਹ ਹੈ ਕਿ ਇਹ ਸਿਰਫ਼ ਨਾਂਹ-ਪੱਖੀ ਕਥਾ-ਵਾਰਤਾ ਨਹੀਂ ਪੇਸ਼ ਕਰਦੀ, ਹਾਂ-ਪੱਖੀ ਯਤਨਾਂ ਨੂੰ ਵੀ ਬਿਆਨ ਕਰਦੀ ਹੈ। ਇਹ ਦਰਜਨਾਂ ਅਮਲੀ ਕਦਮ ਵੀ ਸੁਝਾਉਂਦੀ ਹੈ ਜੋ ਮਲੀਨਤਾ ਤੇ ਕਬਾੜ ਘਟਾਉਣ ਵਿਚ ਮਦਦਗਾਰ ਹੋ ਸਕਦੇ ਹਨ। ਕੁੱਲ ਮਿਲਾ ਕੇ ਇਹ ਕਿਤਾਬ ਚਿਤਾਵਨੀ ਵੀ ਹੈ ਤੇ ਉਮੀਦ ਦੀ ਕਿਰਨ ਵੀ।

ਇੰਦਰ ਸਿੰਘ ਮਾਨ ਦੀ ਕਵਿਤਾ ਸਰਲ ਵੀ ਹੁੰਦੀ ਹੈ ਤੇ ਸਪਸ਼ਟ ਵੀ। ਮਾਨਵੀ ਤੇ ਸਮਾਜਮੁਖੀ ਸਰੋਕਾਰ ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਦਾ ਧਰਾਤਲ ਰਹੇ ਹਨ ਅਤੇ ਇਹੋ ਧਰਾਤਲ ਉਨ੍ਹਾਂ ਦੇ ਪੰਜਵੇਂ ਕਾਵਿ-ਸੰਗ੍ਰਹਿ ‘ਦੁਨੀ ਵਜਾਈ ਵਜਦੀ` ਦਾ ਆਧਾਰ ਹੈ। ਸੰਖੇਪ ਜਿਹੀ ਭੂਮਿਕਾ ਵਿਚ ਉਹ ਲਿਖਦੇ ਹਨ: ‘ਲੜਾਈ ਕਿਸੇ ਨਿਸ਼ਾਨੇ ਨੂੰ ਮਿੱਥ ਕੇ ਲੜਨ ਦੀ ਥਾਂ ਲੋਕ ਆਪਸ ਵਿਚ ਹੀ ਗੁੱਥਮਗੁੱਥਾ ਹੋ ਰਹੇ ਹਨ। ਲੜਾਈ ਵਿਚਾਰਾਂ ਦੀ, ਲੋੜਾਂ ਦੀ, ਸਹਿਜ ਦੀ, ਦੁੱਖਾਂ ਤੋਂ ਛੁਟਕਾਰੇ ਦੀ ਅਤੇ ਭਵਿੱਖਮੁਖੀ ਹੋਣ ਦੀ ਥਾਂ ਨਿੱਜ ਤੀਕ ਹੀ ਸੀਮਤ ਹੋ ਗਈ ਹੈ। ਹਰ ਕੋਈ ਰਿਸ਼ਤਿਆਂ ਨੂੰ ਹੀ ਕਤਲ ਕਰਨ ਵੱਲ ਤੁਰ ਪਿਆ ਹੈ।… ਇਸ ਵਰਤਾਰੇ ਨੂੰ ਹੀ ਮੈਂ ਕਵਿਤਾ ਰਾਹੀਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ।` ਸੰਗ੍ਰਹਿ ਅੰਦਰਲੀਆਂ ਪੰਜ ਦਰਜਨ ਤੋਂ ਵੱਧ ਕਵਿਤਾਵਾਂ ਇਸੇ ਕੋਸ਼ਿਸ਼ ਦਾ ਹੀ ਪ੍ਰਤੀਬਿੰਬ ਹਨ। ਇਨ੍ਹਾਂ ਵਿਚ ਮਜਬੂਰੀ ਵੀ ਹੈ, ਮਾਯੂਸੀ ਵੀ, ਬੇਵਸੀ ਵੀ ਅਤੇ ਆਸਵੰਦੀ ਵੀ। ਆਸ਼ਾਵਾਦ ਦਾ ਮੁਰੀਦ ਹੋਣ ਕਰਕੇ ਮੈਂ ਉਨ੍ਹਾਂ ਕਾਵਿ-ਅੰਸ਼ਾਂ `ਤੇ ਉਂਗਲੀ ਧਰ ਰਿਹਾ ਹਾਂ ਜੋ ਖੁਸ਼ਨੂਦੀ ਦਾ ਸੁਨੇਹਾ ਦਿੰਦੇ ਹਨ: ‘ਕੁਦਰਤ ਉਸ ਨੂੰ ਬਲ ਬਖਸ਼ੇ/ਨਵਿਆਂ ਰਾਹਾਂ `ਤੇ ਤੁਰਨ ਦੀ/ਲੈ ਕੇ ਕਿਰਦਾਰ ਪਹਿਲਾ/ਲੋਕਾਂ ਦੇ ਵੱਲ ਮੁੜਨ ਦੀ/ਖਿੜ ਪਏ ਫੁੱਲਾਂ ਦੇ ਵਾਂਗ/ਜੋ ਥੋਹਰ ਵਰਗਾ ਹੋ ਗਿਆ।` ਅਤੇ ‘ਧਰਤੀ ਲੱਗੇ ਬੰਜਰ ਬੰਜਰ/ਜ਼ਿੰਦਗੀ ਲੱਗੇ ਖੰਜਰ ਖੰਜਰ/ਪਰ ਹਰ ਵੇਲੇ ਇਕ ਆਸ ਰਹੇ/ਕੋਲ ਨਹੀਂ ਪਰ ਮੋੜੀ ਦਾ ਨਹੀਂ/ਦਿਲ ਕਿਸੇ ਦਾ ਤੋੜੀਦਾ ਨਹੀਂ/ਹਰ ਦਮ ਉਸ ਦਾ ਵਾਸ ਰਹੇ`। ਵਿਚਾਰਾਂ, ਕਾਵਿਕਤਾ ਤੇ ਕਾਵਿ-ਹੁਨਰ ਪੱਖੋਂ ਖ਼ੂਬਸੂਰਤ ਹੈ ਇਹ ਕਿਤਾਬ।