‘ਗ਼ਦਰ ਆਸ਼ਰਮ’ ਸਾਨ ਫ਼ਰਾਂਸਿਸਕੋ ਦੇ ਸਰਕਾਰੀ ਪ੍ਰਬੰਧ ਦੀ ਮੰਦੀ ਹਾਲਤ

ਗੁਰਬਚਨ ਸਿੰਘ ਭੁੱਲਰ
(ਸੰਪਰਕ: +91 80763-63058)
15 ਅਗਸਤ 1947 ਨੂੰ ਦੇਸ ਆਜ਼ਾਦ ਹੋ ਗਿਆ। ਦੇਸ ਨੂੰ ਅੰਗਰੇਜ਼ ਸਾਮਰਾਜੀਆਂ ਤੋਂ ਆਜ਼ਾਦ ਕਰਾਉਣ ਦੇ ਮੁੱਖ ਮੰਤਵ ਨਾਲ ਜਥੇਬੰਦ ਕੀਤੀ ਗਈ ਗ਼ਦਰ ਪਾਰਟੀ ਨੂੰ ਆਪਣੀ ਮੰਜ਼ਲ ਮਿਲ ਗਈ ਲੱਗੀ। ਕੋਈ ਦੋ ਸਾਲ ਮਗਰੋਂ ਗ਼ਦਰ ਪਾਰਟੀ ਦੇ ਦਫ਼ਤਰ ‘ਗ਼ਦਰ ਆਸ਼ਰਮ’ ਦੇ ਉਸ ਸਮੇਂ ਦੇ ਪ੍ਰਬµਧਕਾਂ ਨੇ ਚੀਜ਼ਾਂ-ਵਸਤਾਂ ਅਤੇ ਕਾਗ਼ਜ਼-ਪੱਤਰਾਂ ਸਮੇਤ ਇਮਾਰਤ ਭਾਰਤੀ ਦੂਤਾਵਾਸ ਦੇ ਸਾਨ ਫ਼ਰਾਂਸਿਸਕੋ ਵਾਲੇ ਕੌਂਸਲਖਾਨੇ ਦੇ ਹਵਾਲੇ ਕਰ ਦਿੱਤੀ। 1952 ਵਿਚ ਗ਼ਦਰ ਆਸ਼ਰਮ ਕਾਨੂੰਨੀ ਪੱਖੋਂ ਕੌਂਸਲਖਾਨੇ ਦੇ ਨਾਂ ਤਬਦੀਲ ਹੋ ਗਿਆ।

ਜਦੋਂ ਗ਼ਦਰ ਪਾਰਟੀ ਬਣਾਏ ਜਾਣ ਅਤੇ ਉਹਦਾ ਦਫ਼ਤਰ ਖੋਲ੍ਹੇ ਜਾਣ ਦਾ ਜ਼ਿਕਰ ਹੁੰਦਾ ਹੈ, ਆਮ ਕਰ ਕੇ ਕੈਲੀਫ਼ੋਰਨੀਆ ਦੇ ਨਗਰ ਸਟਾਕਟਨ ਵਿਚ ਜੁਲਾਈ 1913 ਵਿਚ ਹੋਈ ਇਕੱਤਰਤਾ ਦਾ ਹਵਾਲਾ ਦਿੱਤਾ ਜਾਂਦਾ ਹੈ। ਅਸਲ ਵਿਚ ਇਹ ਚੌਥੀ ਇਕੱਤਰਤਾ ਸੀ। ਜਥੇਬੰਦੀ ਕਾਇਮ ਕਰਨ ਦੇ ਨਿਸ਼ਾਨੇ ਵਾਲੀਆਂ ਤਿੰਨ ਇਕੱਤਰਤਾਵਾਂ ਉਸ ਤੋਂ ਪਹਿਲਾਂ ਹੋ ਚੁੱਕੀਆਂ ਸਨ। ਉਨ੍ਹਾਂ ਦਾ ਮੁੱਢਲਾ ਉਦੇਸ਼ ਤਾਂ ਭਾਵੇਂ ਘੋਰ ਨਫ਼ਰਤ, ਭੇਦਭਾਵ ਤੇ ਨਸਲੀ ਵਿਤਕਰੇ ਦੇ ਭਰੇ ਹੋਏ ਸਥਾਨਕ ਲੋਕਾਂ ਦੇ ਭਿਆਨਕ ਹਥਿਆਰਬੰਦ ਹਮਲਿਆਂ ਬਾਰੇ ਤੇ ਅਮਰੀਕੀ ਹਕੂਮਤ ਵੱਲੋਂ ਉਨ੍ਹਾਂ ਅਪਰਾਧਾਂ ਦੀ ਮੁਕੰਮਲ ਅਣਦੇਖੀ ਬਾਰੇ ਚਰਚਾ ਕਰਨਾ ਅਤੇ ਮੁਕਾਬਲੇ ਲਈ ਜਥੇਬੰਦ ਹੋਣਾ ਸੀ, ਪਰ ਅੰਤ ਨੂੰ ਉਹੋ ਹੀ ਦੇਸ ਦੀ ਆਜ਼ਾਦੀ ਦੇ ਉਦੇਸ਼ ਵਾਲੀ ਸਟਾਕਟਨ ਦੀ ਇਕੱਤਰਤਾ ਦਾ ਆਧਾਰ ਬਣੀਆਂ।
ਹਿੰਦੁਸਤਾਨੀ ਕਾਮਿਆਂ ਦੀ ਜਥੇਬੰਦੀ ਕਾਇਮ ਕਰਨ ਵਾਸਤੇ ਪਹਿਲਾ ਇਕੱਠ 1912 ਵਿਚ ਪੋਰਟਲੈਂਡ ਸ਼ਹਿਰ ਵਿਚ ਸੋਹਣ ਸਿੰਘ ਭਕਨਾ ਦੇ ਉੱਦਮ ਨਾਲ ਹੋਇਆ। ਉਸ ਵਿਚ ‘ਹਿੰਦੀ ਐਸੋਸੀਏਸ਼ਨ’ ਨਾਂ ਦੀ ਜਥੇਬੰਦੀ ਕਾਇਮ ਕੀਤੀ ਗਈ। ਸੋਹਣ ਸਿੰਘ ਭਕਨਾ ਨੂੰ ਪ੍ਰਧਾਨ, ਰਾਮ ਲਾਲ ਪੁਰੀ ਨੂੰ ਜਨਰਲ ਸਕੱਤਰ ਅਤੇ ਪੰਡਤ ਕਾਂਸ਼ੀ ਰਾਮ ਨੂੰ ਖ਼ਜ਼ਾਨਚੀ ਚੁਣਿਆ ਗਿਆ। ਹਿੰਦੀ ਐਸੋਸੀਏਸ਼ਨ ਨੇ ਪੋਰਟਲੈਂਡ ਵਿਚ ਦਫ਼ਤਰ ਖੋਲ੍ਹ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਾਰਚ 1913 ਵਿਚ ਲਾਲਾ ਹਰਦਿਆਲ ਉਥੇ ਆਇਆ ਤਾਂ ਉਹਦੀ ਸ਼ਮੂਲੀਅਤ ਨਾਲ ਇਕ ਵਾਰ ਫੇਰ ਇਕੱਠ ਹੋਇਆ ਜਿਸ ਵਿਚ ਹਿੰਦੀ ਐਸੋਸ਼ੀਏਸ਼ਨ ਦੀ ਸਰਗਰਮੀ ਵਿਚ ਤੇਜ਼ੀ ਲਿਆਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ।
ਦੋ ਮਹੀਨਿਆਂ ਮਗਰੋਂ, ਮਈ 1913 ਵਿਚ ਔਰੇਗਾਨ ਰਾਜ ਦੇ ਨਗਰ ਅਸਟੋਰੀਆ ਦੇ ਫ਼ਿਨਿਸ਼ ਸੋਸ਼ਲਿਸਟ ਹਾਲ ਵਿਚ ਵੱਡੀ ਹਾਜ਼ਰੀ ਵਾਲੀ ਸਭਾ ਹੋਈ। ਇਸ ਵਿਚ ਹਿੰਦੀ ਐਸੋਸੀਏਸ਼ਨ ਵਾਲਿਆਂ ਤੋਂ ਇਲਾਵਾ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ, ਹੋਰ ਹਿੰਦੀ ਕਾਮੇ ਤੇ ਅਮਰੀਕੀ ਯੂਨੀਵਰਸਿਟੀਆਂ ਵਿਚ ਪੜ੍ਹਦੇ ਹਿੰਦੁਸਤਾਨੀ ਵਿਦਿਆਰਥੀ ਵੀ ਸ਼ਾਮਲ ਹੋਏ। ਇਸ ਸਭਾ ਵਿਚ ਹਿੰਦੀ ਐਸੋਸੀਏਸ਼ਨ ਦਾ ਨਾਂ ਬਦਲ ਕੇ ‘ਹਿੰਦੀ ਐਸੋਸੀਏਸ਼ਨ ਆਫ਼ ਦਿ ਪੈਸਿਫ਼ਿਕ ਕੋਸਟ’ ਕੀਤਾ ਗਿਆ। ਨਵੀਂ ਜਥੇਬੰਦੀ ਬਣਨ ਨਾਲ ਨਵੀਂ ਕਮੇਟੀ ਚੁਣਨੀ ਜ਼ਰੂਰੀ ਹੋ ਗਈ। ਨਵੀਂ ਕਮੇਟੀ ਵਿਚ ਪ੍ਰਧਾਨ ਸੋਹਣ ਸਿੰਘ ਭਕਨਾ ਤੇ ਖ਼ਜ਼ਾਨਚੀ ਪੰਡਤ ਕਾਂਸ਼ੀ ਰਾਮ ਹੀ ਰੱਖੇ ਗਏ, ਜਨਰਲ ਸਕੱਤਰ ਲਾਲਾ ਹਰਦਿਆਲ ਨੂੰ ਬਣਾਇਆ ਗਿਆ।
ਭਰਪੂਰ ਹਾਜ਼ਰੀ ਵਾਲੀ ਦੂਜੀ ਸਭਾ ਜੁਲਾਈ 1913 ਵਿਚ ਕੈਲੀਫ਼ੋਰਨੀਆ ਰਾਜ ਦੇ ਨਗਰ ਸਟਾਕਟਨ ਦੇ ਗੁਰਦੁਆਰਾ ਸਾਹਿਬ ਵਿਚ ਹੋਈ। ਇਸ ਵਿਚ ਅਹੁਦੇਦਾਰਾਂ ਦੀ ਚੋਣ ਸਮੇਤ ਅਸਟੋਰੀਆ ਵਾਲੇ ਫੈਸਲਿਆਂ ਉੱਤੇ ਮੋਹਰ ਲਾਈ ਗਈ। ਚੰਗੇਰੀ ਰਣਨੀਤੀ ਵਜੋਂ ਜਥੇਬੰਦੀ ਦਾ ਨਾਂ ਹਿੰਦੀ ਐਸੋਸੀਏਸ਼ਨ ਆਫ਼ ਦਿ ਪੈਸਿਫ਼ਿਕ ਕੋਸਟ ਦੀ ਥਾਂ 1857 ਦੇ ਗ਼ਦਰ ਦੇ ਹਵਾਲੇ ਨਾਲ ਗ਼ਦਰ ਪਾਰਟੀ ਕਰ ਦਿੱਤਾ ਗਿਆ। ਦਫ਼ਤਰ ਲਈ ਵੀ ਪੋਰਟਲੈਂਡ ਦੀ ਥਾਂ ਸਾਨ ਫ਼ਰਾਂਸਿਸਕੋ ਨੂੰ ਵਧੇਰੇ ਢੁੱਕਵਾਂ ਸਮਝਿਆ ਗਿਆ। ਆਪਣੇ ਵਿਚਾਰਾਂ ਦੇ ਪਰਚਾਰ ਲਈ ਅਤੇ ਵੱਧ ਤੋਂ ਵੱਧ ਆਵਾਸੀਆਂ ਨੂੰ ਪਾਰਟੀ ਨਾਲ ਜੋੜਨ ਲਈ ਅਖ਼ਬਾਰ ਕੱਢਣ ਦੀ ਵੀ ਸਲਾਹ ਬਣੀ।
ਗ਼ਦਰ ਪਾਰਟੀ ਦੇ ਮੁੱਢਲੇ ਦਫ਼ਤਰ ਵਾਸਤੇ ਸਾਨ ਫ਼ਰਾਂਸਿਸਕੋ ਦੇ ਹਿਲ ਸਟਰੀਟ ਦੀ 436 ਨµਬਰ ਇਮਾਰਤ ਕਿਰਾਏ ਉੱਤੇ ਲੈ ਲਈ ਗਈ। ਉਸ ਦਾ ਨਾਂ ਦੇਸ ਦੀ ਆਜ਼ਾਦੀ ਲਈ ਬੰਗਾਲ ਦੇ ਇਨਕਲਾਬੀਆਂ ਵਲੋਂ 1906 ਵਿਚ ਬਣਾਈ ਗਈ ‘ਯੁਗਾਂਤਰ ਪਾਰਟੀ’ ਦੇ ਹਵਾਲੇ ਨਾਲ ‘ਯੁਗਾਂਤਰ ਆਸ਼ਰਮ’ ਰੱਖਿਆ ਗਿਆ। ਉਥੋਂ ਲਾਲਾ ਹਰਦਿਆਲ ਦੇ ਸµਪਾਦਨ ਅਧੀਨ ‘ਯੁਗਾਂਤਰ’ ਨਾਂ ਦਾ ਅਖ਼ਬਾਰ ਵੀ ਕੱਢਿਆ ਗਿਆ। ਪਰ ਉਥੇ ਕੰਮਕਾਜੀ ਮਾਹੌਲ, ਖਾਸ ਕਰ ਕੇ ਛਪਾਈ ਦਾ ਪ੍ਰਬੰਧ ਤਸੱਲੀਬਖ਼ਸ਼ ਨਾ ਹੋਣ ਕਾਰਨ ਕੁਛ ਹਫ਼ਤਿਆਂ ਮਗਰੋਂ ਹੀ ਵੇਲੈਂਸ਼ੀਆ ਸਟਰੀਟ ਦੀ 1324 ਨੰਬਰ ਇਮਾਰਤ ਕਿਰਾਏ ਉੱਤੇ ਲੈ ਲਈ ਗਈ। ਉਥੇ ਛਪਾਈ ਦਾ ਠੀਕ ਪ੍ਰਬੰਧ ਹੋ ਸਕਿਆ। ਉਥੋਂ ਹੀ ਪ੍ਰਸਿੱਧ ‘ਗ਼ਦਰ’ ਅਖ਼ਬਾਰ ਕੱਢਿਆ ਗਿਆ। ਅਨੇਕ ਦੇਸਾਂ ਦੇ ਹਿੰਦੁਸਤਾਨੀ ਪਰਵਾਸੀਆਂ ਨੂੰ ਇਕੋ ਲੜੀ ਵਿਚ ਪਰੋਣ ਦੇ ਅਸੰਭਵ ਵਰਗੇ ਮੁਸ਼ਕਲ ਕੰਮ ਵਿਚ ਸਫਲ ਹੋਣ ਸਮੇਤ ਗ਼ਦਰ ਪਾਰਟੀ ਦੇ ਸਾਰੇ ਉਜਾਗਰ ਤੇ ਗੁਪਤ ਜਥੇਬੰਦਕ ਅਤੇ ਇਤਿਹਾਸ-ਸਿਰਜਕ ਇਨਕਲਾਬੀ ਕਾਰਜ ਉਥੋਂ ਹੀ ਹੋਏ।
ਹਥਿਆਰਬੰਦ ਇਨਕਲਾਬ ਲਿਆਉਣ ਦੇ ਨਿਸ਼ਾਨੇ ਨਾਲ ਦੇਸ ਵੱਲ ਚਾਲੇ ਵੀ ਉਥੋਂ ਹੀ ਪਾਏ ਗਏ। ਘਰ ਦੇ ਭੇਤੀ ਵੱਲੋਂ ਇਸ ਵਿਉਂਤ ਦੇ ਪਿੱਠ ਵਿਚ ਛੁਰਾ ਮਾਰੇ ਜਾਣ ਕਾਰਨ ਗ਼ਦਰ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ। ਵੱਡੀ ਗਿਣਤੀ ਵਿਚ ਹੋਈਆਂ ਗ੍ਰਿਫ਼ਤਾਰੀਆਂ ਅੰਤ ਨੂੰ ਫ਼ਾਂਸੀਆਂ, ਕਾਲੇ ਪਾਣੀਆਂ ਤੇ ਲੰਮੀਆਂ ਕੈਦਾਂ ਤੱਕ ਲੈ ਗਈਆਂ। ਇਸ ਭਾਰੀ ਸੱਟ ਮਗਰੋਂ ਜਦੋਂ ਗ਼ਦਰ ਪਾਰਟੀ ਨੂੰ ਦੁਬਾਰਾ ਪੈਰਾਂ ਉੱਤੇ ਖੜ੍ਹੀ ਕਰ ਕੇ ਸਰਗਰਮ ਕੀਤਾ ਗਿਆ, ਦਫ਼ਤਰ ਵਾਸਤੇ ਕਿਰਾਏ ਦੀ ਇਮਾਰਤ ਦੀ ਥਾਂ ਆਪਣੀ ਮਾਲਕੀ ਵਾਲੀ ਇਮਾਰਤ ਦੀ ਲੋੜ ਮਹਿਸੂਸ ਹੋਈ। ਆਖ਼ਰ 1917 ਵਿਚ 5, ਵੁੱਡ ਸਟਰੀਟ ਦੀ ਤਿੰਨ-ਮੰਜ਼ਲੀ ਇਮਾਰਤ ਖ਼ਰੀਦ ਲਈ ਗਈ। ਇਸ ਥਾਂ ਨੂੰ ‘ਗ਼ਦਰ ਆਸ਼ਰਮ’ ਕਿਹਾ ਗਿਆ। ਨਿੱਜੀ ਮਕਾਨਾਂ ਲਈ ਸਮੇਂ ਨਾਲ ਹੱਥ-ਬਦਲੀਆਂ ਤੇ ਮੁੜ-ਉਸਾਰੀਆਂ ਸਾਧਾਰਨ ਵਰਤਾਰਾ ਹੁੰਦੀਆਂ ਹਨ। ਇਸ ਵਰਤਾਰੇ ਵਿਚੋਂ ਲੰਘਦਿਆਂ ਪਹਿਲਾਂ ਵਾਲੇ ਕਿਰਾਏ ਦੇ ਦੋਵਾਂ ਦਫ਼ਤਰਾਂ ਦਾ ਨਾਂ-ਨਿਸ਼ਾਨ, ਉਨ੍ਹਾਂ ਦੇ ਗ਼ਦਰ ਪਾਰਟੀ ਨਾਲ ਸੰਬੰਧਾਂ ਦੇ ਇਤਿਹਾਸ ਸਮੇਤ, ਸਮੇਂ ਦੀ ਧੁੰਦ ਵਿਚ ਪੂਰੀ ਤਰ੍ਹਾਂ ਗੁੰਮ-ਗੁਆਚ ਗਿਆ। 1917 ਤੋਂ ਲੈ ਕੇ ਆਜ਼ਾਦੀ ਮਿਲਣ ਤੱਕ ਗ਼ਦਰ ਪਾਰਟੀ ਦੀਆਂ ਸਾਰੀਆਂ ਸਰਗਰਮੀਆਂ ਦਾ ਕੇਂਦਰ ਗ਼ਦਰ ਆਸ਼ਰਮ ਹੀ ਰਿਹਾ। ਨਤੀਜੇ ਵਜੋਂ ਗ਼ਦਰ ਆਸ਼ਰਮ ਹੀ ਗ਼ਦਰ ਪਾਰਟੀ ਦੇ ਸਮੁੱਚੇ ਵਿਰਸੇ ਦਾ, ਗ਼ਦਰੀ ਬਾਬਿਆਂ ਲਈ ਲੋਕਾਂ ਦੇ ਸਨੇਹ-ਸਤਿਕਾਰ ਦਾ ਅਤੇ ਮਹਾਨ ਕੁਰਬਾਨੀਆਂ ਦੇ ਭਰੇ ਹੋਏ ਇਤਿਹਾਸ ਦਾ ਚਿੰਨ੍ਹ ਅਤੇ ਸਾਕਾਰ ਰੂਪ ਬਣ ਗਿਆ।
ਆਮ ਪ੍ਰਭਾਵ ਅਨੁਸਾਰ ਗ਼ਦਰ ਆਸ਼ਰਮ ਦਰਸ਼ਨ ਦੀ ਇੱਛਾ ਨਾਲ ਆਏ ਲੋਕਾਂ ਨੂੰ ਜੀ-ਆਇਆਂ ਆਖਦਾ ਹੋਇਆ ਗ਼ਦਰ ਪਾਰਟੀ ਤੇ ਗ਼ਦਰੀ ਬਾਬਿਆਂ ਦੀਆਂ ਨਿਸ਼ਾਨੀਆਂ ਤੇ ਯਾਦਾਂ ਨਾਲ ਜੀਵਨ-ਧੜਕਦਾ ਸਥਾਨ ਹੈ। ਪਰ ਇਸ ਪ੍ਰਭਾਵ ਦਾ ਅਸਲੀਅਤ ਨਾਲ ਕੋਈ ਵਾਸਤਾ ਨਹੀਂ। ਇਹ ਕਲਪਨਾ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦਾ ਕਦੀ ਉਥੇ ਜਾਣ ਦਾ ਸਬੱਬ ਨਹੀਂ ਬਣਿਆ। ਅਸਲੀਅਤ ਇਹ ਹੈ ਕਿ ਭਾਰਤੀ ਕੌਂਸਲਖਾਨੇ ਦੀ ਅਫ਼ਸਰਸ਼ਾਹੀ ਨੇ ਇਹਨੂੰ ਸ਼ੁਰੂ ਤੋਂ ਹੀ ਆਪਣੀ ਮਾਲਕੀ ਵਾਲੀ ‘ਇਕ ਹੋਰ ਇਮਾਰਤ’ ਸਮਝਿਆ ਹੈ ਅਤੇ ਉਹ ਇਸ ਦੇ ਮਹੱਤਵ ਨੂੰ ਜਾਂ ਤਾਂ ਜਾਣਦੇ ਨਹੀਂ ਜਾਂ ਜਾਣਦਿਆਂ ਹੋਇਆਂ, ਸਗੋਂ ਜਾਣ-ਬੁੱਝ ਕੇ ਅਣਡਿੱਠ ਕਰਦੇ ਹਨ।
ਸਾਨੂੰ ਗ਼ਦਰ ਆਸ਼ਰਮ ਦੀ ਤੇ ਉਹਦੇ ਪ੍ਰਬੰਧ ਦੀ ਹਾਲਤ ਅੱਖੀਂ ਦੇਖਣ ਦਾ ਮੌਕਾ ਉਸ ਸਮੇਂ ਮਿਲਿਆ ਜਦੋਂ 2006 ਵਿਚ ਮੈਂ ਤੇ ਮੇਰੀ ਸਾਥਣ ਅਮਰੀਕਾ ਗਏ। ਗ਼ਦਰੀਆਂ ਦੇ ਪਾਵਨ ਸਥਾਨ ਦਾ ਦਰਸ਼ਨ ਸਾਡੇ ਪਹਿਲੇ ਰੁਝੇਵਿਆਂ ਵਿਚ ਸ਼ਾਮਲ ਸੀ। ਸਾਡੇ ਲਈ ਇਹ ਵੱਡੀ ਹੈਰਾਨੀ ਦੀ ਗੱਲ ਸੀ ਕਿ ਕਈ ਪੰਜਾਬੀਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਨੂੰ ਆਸ਼ਰਮ ਦੇ “ਐਥੇ ਸਾਨ ਫ਼ਰਾਂਸਿਸਕੋ ਵਿਚ ਹੀ ਕਿਤੇ” ਹੋਣ ਦਾ ਤਾਂ ਪਤਾ ਸੀ ਪਰ ਉਹ ਕਦੀ ਗਏ ਨਹੀਂ ਸਨ। ਕਈਆਂ ਨੂੰ ਇਹ ਜਾਣਕਾਰੀ ਵੀ ਨਹੀਂ ਸੀ। ਅਸਲ ਵਿਚ ਬਹੁਤੇ ਪਰਵਾਸੀ ਪੰਜਾਬੀਆਂ ਨੂੰ ਆਪਣੇ ਰੋਜ਼ਾਨਾ ਕੰਮ-ਧੰਦੇ ਤੋਂ ਇਲਾਵਾ ਆਲੇ-ਦੁਆਲੇ ਵਿਚ ਕੋਈ ਦਿਲਚਸਪੀ ਨਜ਼ਰ ਨਹੀਂ ਆਉਂਦੀ। ਬਹੁਤੇ ਲੇਖਕ ਵੀ ਆਪਣੀਆਂ ਮਾਸਕ ਸਾਹਿਤਕ ਬੈਠਕਾਂ ਕਰ ਕੇ ਸਭਿਆਚਾਰਕ ਪੱਖੋਂ ਸੰਤੁਸ਼ਟ ਹੋ ਜਾਂਦੇ ਹਨ।
ਮੈਂ ਪਰਵਾਸੀ ਮਿੱਤਰ ਕਵੀ-ਗਾਇਕ ਪਸ਼ੌਰਾ ਸਿµਘ ਢਿੱਲੋਂ ਨਾਲ ਗੱਲ ਕੀਤੀ ਤਾਂ ਸਾਡਾ ਇਕੱਠਿਆਂ ਜਾਣਾ ਤੈਅ ਹੋ ਗਿਆ। ਉਹ ਬਾਬਾ ਭਕਨਾ ਦੇ ਰਿਸ਼ਤੇਦਾਰ ਹਨ। ਬੇਬੇ ਬਿਸ਼ਨ ਕੌਰ ਉਨ੍ਹਾਂ ਦੇ ਦਾਦਾ ਜੀ ਦੀ ਭੈਣ ਸੀ। ਮੈਂ ਦੱਸਿਆ, ਇਕ-ਦੋ ਮਿੱਤਰਾਂ ਦਾ ਕਹਿਣਾ ਹੈ ਕਿ ਗ਼ਦਰ ਆਸ਼ਰਮ ਦੇਖਣ ਲਈ ਪਹਿਲਾਂ ਫੋਨ-ਫਾਨ ਕਰਨਾ ਪੈਂਦਾ ਹੈ। ਉਹ ਬੋਲੇ, ਚੱਲੀਏ ਤਾਂ ਸਹੀ, ਉਥੇ ਕੋਈ ਆਦਮੀ ਤਾਂ ਹੋਵੇਗਾ ਹੀ, ਗੱਲ ਕਰ ਲਵਾਂਗੇ; ਜੇ ਕੋਈ ਫੋਨ ਕਰਨਾ ਪਿਆ, ਉਥੋਂ ਹੀ ਕਰ ਲਵਾਂਗੇ। ਸਾਨ ਫ਼ਰਾਂਸਿਸਕੋ ਦੇ ਭਾਰਤੀ ਕੌਂਸਲਖਾਨੇ ਦਾ ਫੋਨ ਨµਬਰ ਉਨ੍ਹਾਂ ਕੋਲ ਹੈ ਸੀ। ਉਨ੍ਹਾਂ ਦੀ ਸਾਥਣ ਇµਦਰਬੀਰ, ਜੋ ਮੇਰੇ ਲੇਖਕ ਮਿੱਤਰ ਜਸਬੀਰ ਭੁੱਲਰ ਦੀ ਭੈਣ ਹੈ, ਸਮੇਤ ਅਸੀਂ ਚਾਰੇ ਆਸ਼ਰਮ ਜਾ ਪਹੁੰਚੇ।
ਵੁੱਡ ਸਟਰੀਟ ਪੂਰੀ ਤਰ੍ਹਾਂ ਰਿਹਾਇਸ਼ੀ ਹੈ। ਸੜਕ ਦੇ ਦੋਵੇਂ ਪਾਸੀਂ ਨਿੱਜੀ ਮਕਾਨ ਹਨ। ਇਨ੍ਹਾਂ ਵਿਚੋਂ ਹੀ ਪµਜ ਨµਬਰ ਦਾ ਮਕਾਨ ਗ਼ਦਰ ਯਾਦਗਾਰ ਹੈ। ਇਹ ਕੁੱਲ ਦਸ-ਬਾਰਾਂ ਗ਼ਜ਼ ਚੌੜਾ ਦੋ-ਮµਜ਼ਲਾ ਮਕਾਨ ਹੈ। ਉਤਲੀ ਮµਜ਼ਲ ਦੇ ਮੱਥੇ ਉੱਤੇ ਮੋਟੇ ਅੱਖਰਾਂ ਵਿਚ ਉਪਰ ਹਿµਦੀ ਵਿਚ ‘ਗ਼ਦਰ ਸਮਾਰਕ’ ਅਤੇ ਹੇਠਾਂ ਅµਗਰੇਜ਼ੀ ਵਿਚ ‘ਗ਼ਦਰ ਮੈਮੋਰੀਅਲ’ ਲਿਖਿਆ ਹੋਇਆ ਹੈ। ਜੇ ਇਹ ਲਿਖਤ ਨਾ ਹੋਵੇ, ਇਸ ਮਕਾਨ ਦਾ ਰਿਹਾਇਸ਼ੀ ਘਰਾਂ ਨਾਲੋਂ ਕੋਈ ਫ਼ਰਕ ਨਹੀਂ। ਸਾਹਮਣੇ ਬµਦ ਸ਼ਟਰ ਸੀ। ਸ਼ਾਇਦ ਇਹ ਕਾਰ ਅµਦਰ ਖੜ੍ਹੀ ਕਰਨ ਦੀ ਥਾਂ ਸੀ। ਬਾਹਰ ਇਕ ਕਾਰ ਦੀ ਪਾਰਕਿµਗ ਲਈ ਵੀ ਕੋਈ ਥਾਂ ਜਾਂ ਪ੍ਰਬµਧ ਨਹੀਂ ਸੀ। ਕਾਰ ਖੜ੍ਹੀ ਕਰਨਾ ਖਾਸਾ ਔਖਾ ਕµਮ ਬਣਿਆ। ਕਿਸੇ ਦੇ ਘਰ ਅੱਗੇ ਤਾਂ ਕਾਰ ਖੜ੍ਹੀ ਕਰ ਨਹੀਂ ਸੀ ਸਕਦੇ, ਕਾਫ਼ੀ ਦੂਰ ਵੱਡੀ ਸੜਕ ਕੋਲ ਖੜ੍ਹੀ ਕਰ ਕੇ ਪੈਦਲ ਵਾਪਸ ਆਉਣਾ ਪਿਆ।
ਆਸ਼ਰਮ ਦੀ ਇਮਾਰਤ ਦੇ ਖੱਬੇ ਹੱਥ ਬਾਹਰ ਹੀ ਪੌੜੀਆਂ ਚੜ੍ਹਦੀਆਂ ਹਨ ਜੋ ਉਤਲੀ ਮµਜ਼ਲ ਦੇ ਬਾਹਰ ਛੱਜੇ ਉਤੇ ਜਾ ਮੁਕਦੀਆਂ ਹਨ। ਉਪਰਲੇ ਬੂਹੇ ਵਿਚ ਜਗਦੇ ਦੋ ਬਲਬਾਂ ਨੇ ਸਾਨੂੰ ਆਸਵµਦ ਕਰ ਦਿੱਤਾ। ਬੂਹੇ ਦੇ ਸ਼ੀਸ਼ਿਆਂ ਵਿਚੋਂ ਦੇਖਿਆ, ਦੋਵਾਂ ਪਾਸਿਆਂ ਦੇ ਕਮਰੇ ਬµਦ ਸਨ ਪਰ ਲਾਂਘੇ ਦੇ ਪਾਰ ਖੁੱਲ੍ਹੇ ਕਮਰੇ ਵਿਚ ਰੌਸ਼ਨੀ ਸੀ। ਉਸ ਵਿਚ ਪੁਸਤਕਾਂ ਦੀਆਂ ਅਲਮਾਰੀਆਂ ਵੀ ਨਜ਼ਰ ਆ ਰਹੀਆਂ ਸਨ। ਸ਼ਾਇਦ ਇਹ ‘ਗ਼ਦਰ ਮੈਮੋਰੀਅਲ ਲਾਇਬਰੇਰੀ’ ਸੀ ਜਿਸ ਦਾ ਉਦਘਾਟਨ ਅਕਤੂਬਰ 1976 ਵਿਚ ਤਦਕਾਲੀ ਬਦੇਸ ਮµਤਰੀ ਵਾਈ. ਬੀ. ਚਵਾਨ ਨੇ ਕੀਤਾ ਸੀ। ਉਸ ਵਿਚ ਉਥੇ ਪਹਿਲਾਂ ਤੋਂ ਮੌਜੂਦ ਪੜ੍ਹਨ-ਸਮਗਰੀ ਤੋਂ ਇਲਾਵਾ ਉਹ ਪੁਸਤਕਾਂ ਸਨ ਜੋ ਉਦਘਾਟਨ ਸਮੇਂ ‘ਇµਡੀਅਨ ਕੌਂਸਲ ਫ਼ਾਰ ਕਲਚਰਲ ਰਿਲੇਸ਼ਨਜ਼’ ਨੇ ਲਾਇਬਰੇਰੀ ਨੂੰ ਭੇਟ ਕੀਤੀਆਂ ਸਨ। ਬੂਹਾ ਠਕੋਰਿਆ, ਵਾਰ-ਵਾਰ ਠਕੋਰਿਆ, ਕੋਈ ਹੁµਗਾਰਾ ਨਾ ਮਿਲਿਆ। ਸ਼ਾਇਦ ਕੋਈ ਆਦਮੀ ਬਿਜਲੀ ਜਗਦੀ ਛੱਡ ਕੇ ਕਿਤੇ ਇਧਰ-ਉਧਰ ਚਲਿਆ ਗਿਆ ਸੀ।
ਕੌਂਸਲਖਾਨੇ ਨੂੰ ਫੋਨ ਕੀਤਾ, ਅਸੀਂ ਭਾਰਤ ਤੋਂ ਆਏ ਹਾਂ, ਤੁਹਾਡਾ ਆਦਮੀ ਇਥੋਂ ਗ਼ੈਰਹਾਜ਼ਰ ਹੈ। ਉੱਤਰ ਮਿਲਿਆ, ਦਿਨ ਨੂੰ ਸਾਡਾ ਆਦਮੀ ਇਥੇ ਹੁµਦਾ ਹੀ ਨਹੀਂ, ਤੁਸੀਂ ਡੇਢ ਵਜੇ ਤੋਂ ਮਗਰੋਂ ਏਸ ਨµਬਰ ਉਤੇ ਫੋਨ ਕਰਨਾ। ਨੰਬਰ ਦੇ ਕੇ ਫੋਨ ਬµਦ ਹੋ ਗਿਆ। ਡੇਢ ਵਜੇ ਤੱਕ ਕੌਣ ਉਡੀਕੇ! ਏਨਾ ਲੰਮਾ ਸਮਾਂ ਬੈਠ ਕੇ ਉਡੀਕਣ ਵਾਲੀ ਕੋਈ ਥਾਂ ਵੀ ਨਹੀਂ ਸੀ। ਮਗਰੋਂ ਪਤਾ ਲਗਿਆ, ਭਾਰਤੀ ਕੌਂਸਲਖਾਨਾ ਇਥੇ ਸੁਤµਤਰਤਾ ਦਿਵਸ ਅਤੇ ਗਣਰਾਜ ਦਿਵਸ, ਆਦਿ ਮਨਾਉਣ ਦੀ ਸਰਕਾਰੀ ਰਸਮ ਤਾਂ ਪੂਰੀ ਕਰਦਾ ਹੈ, ਪਰ ਬਾਕੀ ਸਾਰਾ ਸਾਲ ਦਿਨ ਸਮੇਂ ਇਥੇ ਕੋਈ ਨਹੀਂ ਹੁµਦਾ। ਸ਼ਾਇਦ ਕੌਂਸਲਖਾਨੇ ਦਾ ਕੋਈ ਕਰਮਚਾਰੀ ਇਹਨੂੰ ਰਿਹਾਇਸ਼ ਵਜੋਂ ਵਰਤਦਾ ਹੋਵੇਗਾ ਅਤੇ ਦਿਨ ਵੇਲੇ ਨੌਕਰੀ ਲਈ ਗਿਆ ਇਥੇ ਕੌਂਸਲਖਾਨੇ ਦੀ ਹਾਜ਼ਰੀ ਦਿਖਾਉਣ ਵਾਸਤੇ ਬਿਜਲੀ ਜਗਦੀ ਛੱਡ ਜਾਂਦਾ ਹੋਵੇਗਾ।
ਇਹ ਘਟਨਾ ਸੁਣ ਕੇ ਪੰਜਾਬੀ ਯੂਨੀਵਰਸਿਟੀ ਦਾ ਪੜ੍ਹਿਆ ਅਤੇ ਉਥੇ ਮਿਲਣ ਮਗਰੋਂ ਮੇਰਾ ਮਿੱਤਰ ਬਣਿਆ ਸਿਆਸਤ ਸਿµਘ ਕਹਿਣ ਲੱਗਿਆ, ਭਲਕੇ ਮੈਂ ਤੁਹਾਡੇ ਨਮਿੱਤ ਛੁੱਟੀ ਲਈ ਹੈ, ਆਪਾਂ ਗ਼ਦਰ ਯਾਦਗਾਰ ਚਲਦੇ ਹਾਂ। ਅਸੀਂ ਉਥੇ ਪਹੁµਚਣਾ ਹੀ ਡੇਢ ਵਜੇ ਮਿਥ ਲਿਆ ਤਾਂ ਜੋ ਕੌਂਸਲਖਾਨੇ ਦੇ ਦੱਸੇ ਸਮੇਂ ਅਨੁਸਾਰ ਉਨ੍ਹਾਂ ਦੇ ਦਿੱਤੇ ਫੋਨ ਨੰਬਰ ਰਾਹੀਂ ਸੰਪਰਕ ਕੀਤਾ ਜਾ ਸਕੇ। ਪਹਿਲੇ ਸਮੇਂ ਵਿਚ ਹੋਰ ਕੁਛ ਥਾਂਵਾਂ ਦੇਖਣ ਮਗਰੋਂ ਅਸੀਂ ਆਸ਼ਰਮ ਨੂੰ ਚੱਲ ਪਏ। ਕੀ ਪਤਾ ਹੈ, ਅੱਜ ਉਥੇ ਕੋਈ ਹੋਵੇ ਹੀ! ਪਹਿਲੇ ਦਿਨ ਵਾਂਗ ਹੀ ਬੂਹੇ ਉੱਤੇ ਦੋ ਬਲਬ ਜਗ ਰਹੇ ਸਨ। ਅਸੀਂ ਪੌੜੀਆਂ ਚੜ੍ਹ ਕੇ ਬµਦ ਬੂਹਾ ਠਕੋਰਿਆ। ਫੇਰ ਠਕੋਰਿਆ। ਪਹਿਲੇ ਦਿਨ ਵਾਂਗ ਹੀ ਲਾਂਘੇ ਦੇ ਦੋਵੇਂ ਪਾਸੀਂ ਕਮਰੇ ਬµਦ ਸਨ। ਪਹਿਲੇ ਦਿਨ ਵਾਂਗ ਹੀ ਸਾਹਮਣੇ ਲਾਇਬਰੇਰੀ ਵਾਲੇ ਕਮਰੇ ਦਾ ਬੂਹਾ ਖੁੱਲ੍ਹਾ ਸੀ ਅਤੇ ਬਿਜਲੀ ਜਗ ਰਹੀ ਸੀ। ਖ਼ਾਮੋਸ਼ੀ ਦਾ ਹੁµਗਾਰਾ ਵੀ ਪਹਿਲੇ ਦਿਨ ਵਾਲਾ ਹੀ ਸੀ। ਬµਦ ਬੂਹੇ ਦੇ ਅੱਗੇ ਛੱਜੇ ਉਤੇ ਖਲੋਤਿਆਂ ਹੀ ਸਿਆਸਤ ਸਿµਘ ਨੇ ਭਾਰਤੀ ਕੌਂਸਲਖਾਨੇ ਨੂੰ ਫੋਨ ਕੀਤਾ। ਅੱਗੋਂ ਉਹਨੂੰ ਨਵਾਂ ਨµਬਰ ਦੇ ਦਿੱਤਾ ਗਿਆ। ਉਸ ਨµਬਰ ਉਤੇ ਫੋਨ ਕੀਤਿਆਂ ਉੱਤਰ ਮਿਲਿਆ, ਇਹ ਈਮੇਲ ਪਤਾ ਲਿਖ ਲਵੋ ਤੇ ਆਸ਼ਰਮ ਦੇਖਣ ਦੀ ਆਪਣੀ ਬੇਨਤੀ ਮੇਲ ਕਰ ਦੇਵੋ। ਇਹ ਬੇਨਤੀ ਕਿਸੇ ਵਿਜੈਅਨ ਨਾਂ ਦੇ ਕਰਮਚਾਰੀ ਨੂੰ ਭੇਜਣੀ ਸੀ। ਫੇਰ ਉਹਨੇ ਸਾਨੂੰ ਈਮੇਲ ਰਾਹੀਂ ਹੀ ਦੱਸਣਾ ਸੀ ਕਿ ਅਸੀਂ ਅਗਲੇ ਜਾਂ ਅਗਲੇਰੇ ਦਿਨ ਕਿµਨੇ ਵਜੇ ਆਸ਼ਰਮ ਪੁੱਜੀਏ। ਇਹ ਰਾਧਾ ਨੂੰ ਨਚਾਉਣ ਲਈ ਨੌਂ ਮਨ ਤੇਲ ਇਕੱਠਾ ਕਰਨ ਵਾਲੀ ਗੱਲ ਸੀ!
‘ਗ਼ਦਰ ਆਸ਼ਰਮ’ ਦੇ ਦਰਸ਼ਨ ਕਰਨ ਵਿਚ ਦੋ ਵਾਰ ਨਾਕਾਮਯਾਬ ਰਹਿਣ ਪਿੱਛੋਂ ਮੈਂ ਇਹ ਗੱਲ ਉਥੇ ਸਭਾਵਾਂ ਵਿਚ ਬੋਲਦਿਆਂ ਬਹੁਤ ਸਾਰੇ ਪੰਜਾਬੀਆਂ ਨਾਲ, ਖਾਸ ਕਰ ਕੇ ਲੇਖਕਾਂ ਨਾਲ ਕੀਤੀ। ਮੇਰਾ ਸੁਝਾਅ ਸੀ ਕਿ ਉਹ ਇਕੱਠੇ ਹੋ ਕੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨੂੰ ਮਿਲਣ ਅਤੇ ਇਹ ਅਫ਼ਸੋਸਨਾਕ ਹਾਲਤ ਦੱਸ ਕੇ ਕੋਈ ਵਾਜਬ ਪ੍ਰਬੰਧ ਕਰਨ ਲਈ ਕਹਿਣ। ਉਹ ਜ਼ੋਰ ਪਾਉਣ ਕਿ ਦਿਨ ਸਮੇਂ ਗ਼ਦਰ ਯਾਦਗਾਰ ਦਾ ਬੂਹਾ ਖੁੱਲ੍ਹਾ ਰਹਿਣਾ ਚਾਹੀਦਾ ਹੈ। ਹੋਰ ਨਹੀਂ ਤਾਂ ਕੌਂਸਲਖਾਨੇ ਦੇ ਕਿਸੇ ਕਰਮਚਾਰੀ ਦਾ ਦਫ਼ਤਰ ਉਥੇ ਬਦਲਿਆ ਜਾ ਸਕਦਾ ਹੈ। ਇਉਂ ਵਿਰਲੇ-ਟਾਂਵੇਂ ਆਉਂਦੇ ਦਰਸ਼ਕਾਂ ਤੇ ਸ਼ਰਧਾਲੂਆਂ ਲਈ ਯਾਦਗਾਰ ਦਾ ਬੂਹਾ ਵੀ ਖੁੱਲ੍ਹਾ ਰਹੇਗਾ ਅਤੇ ਕੌਂਸਲਖਾਨੇ ਨੂੰ ਕੋਈ ਨਵਾਂ ਆਦਮੀ ਵੀ ਰੱਖਣਾ ਨਹੀਂ ਪਵੇਗਾ। ਪੰਜਾਬੀ ਭਾਈਚਾਰੇ ਦੀ ਕਈ ਸਾਲਾਂ ਦੀ ਕੋਸ਼ਿਸ਼ ਦਾ ਆਖ਼ਰ ਨੂੰ ਜੇ ਨਤੀਜਾ ਨਿੱਕਲਿਆ ਵੀ ਤਾਂ ਬਹੁਤ ਮਾਮੂਲੀ! ‘ਗ਼ਦਰ ਮੈਮੋਰੀਅਲ’ ਹਰ ਬੁੱਧਵਾਰ 10 ਵਜੇ ਸਵੇਰ ਤੋਂ 1 ਵਜੇ ਦੁਪਹਿਰ ਤੱਕ ਤਿੰਨ ਘੰਟੇ ਖੁੱਲ੍ਹਾ ਰਹਿਣ ਲੱਗ ਪਿਆ। ਜੇ ਕੋਈ ਦਰਸ਼ਕ ਕਿਸੇ ਹੋਰ ਦਿਨ ਜਾਣਾ ਚਾਹੁੰਦਾ ਹੋਵੇ, ਕੌਂਸਲਖਾਨੇ ਨੇ ਇਕ ਲਿੰਕ ਦੇ ਦਿੱਤਾ ਤਾਂ ਜੋ ਸਮਾਂ ਲੈਣ ਵਾਸਤੇ ਉਨ੍ਹਾਂ ਨਾਲ ਅਗੇਤਾ ਸੰਪਰਕ ਕੀਤਾ ਜਾ ਸਕੇ।
ਗ਼ਦਰ ਆਸ਼ਰਮ ਦੇ ਦਰਸ਼ਨਾਂ ਦੀ ਪਰੇਸ਼ਾਨ ਕਰਨ ਵਾਲੀ ਕਹਾਣੀ ਵਾਂਗ ਹੀ ਉਹਦੀ ਇਮਾਰਤ ਦਾ ਕਿੱਸਾ ਵੀ ਬੜਾ ਪੇਚਦਾਰ ਹੈ। ਸਥਾਨਕ ਭਾਰਤੀ ਭਾਈਚਾਰੇ ਨੇ ਮਿਲਵਰਤਨ ਦਾ ਭਰੋਸਾ ਦੇ ਕੇ ਕੌਂਸਲਖਾਨੇ ਤੋਂ ਮµਗ ਕੀਤੀ ਕਿ 1917 ਵਿਚ ਖ਼ਰੀਦੀ ਗਈ ਤੇ ਪੁਰਾਣੀ ਖਸਤਾ-ਹਾਲ ਹੋ ਚੁੱਕੀ ਮੂਲ ਇਮਾਰਤ ਦੀ ਮੁੜ-ਉਸਾਰੀ ਕਰ ਕੇ ਇਥੇ ਗ਼ਦਰੀਆਂ ਦੀ ਢੁੱਕਵੀਂ ਯਾਦਗਾਰ ਕਾਇਮ ਕੀਤੀ ਜਾਵੇ। ਭਾਰਤ ਸਰਕਾਰ ਨੇ 83,000 ਡਾਲਰ ਪਰਵਾਨ ਕਰ ਦਿੱਤੇ ਅਤੇ ਬਦੇਸ ਮµਤਰੀ ਸਰਦਾਰ ਸਵਰਨ ਸਿµਘ ਨੇ ਸਤµਬਰ 1974 ਵਿਚ ਨਵੀਂ ਇਮਾਰਤ ਦਾ ਟੱਕ ਲਾਇਆ। ਬਾਕੀ ਮਾਇਕ ਮਦਦ ਆਵਾਸੀਆਂ ਨੇ ਕੀਤੀ। ਨਵੀਂ ਉਸਰੀ ਦੋ-ਮµਜ਼ਲੀ ਗ਼ਦਰ ਯਾਦਗਾਰ ਦਾ ਉਦਘਾਟਨ ਮਾਰਚ 1975 ਵਿਚ ਅਮਰੀਕਾ ਵਿਚ ਭਾਰਤੀ ਰਾਜਦੂਤ, ਸ੍ਰੀ ਟੀ. ਐਨ. ਕੌਲ ਨੇ ਕੀਤਾ। ਹੁਣ ਇਹੋ ਇਮਾਰਤ ‘ਗ਼ਦਰ ਯਾਦਗਾਰ’ ਹੈ।
2011 ਵਿਚ ਕਰਤਾਰ ਸਿੰਘ ਸਰਾਭਾ ਦੀ ਵਰ੍ਹੇਗੰਢ ਮੌਕੇ ਡਾ. ਚਮਨ ਲਾਲ ਨੂੰ ਭਾਸ਼ਨ ਦੇਣ ਲਈ ਬੁਲਾਇਆ ਗਿਆ ਸੀ। 22 ਮਈ ਨੂੰ ਭਾਸ਼ਨ ਸਮੇਂ ਉਨ੍ਹਾਂ ਨੇ ਮੰਗ ਕੀਤੀ ਕਿ 1974-75 ਵਿਚ ਉਸਾਰੀ ਗਈ ‘ਗ਼ਦਰ ਮੈਮੋਰੀਅਲ’ ਦੀ ਮੌਜੂਦਾ ਸਾਧਾਰਨ ਇਮਾਰਤ ਦੀ ਥਾਂ ਨਵੀਂ ਇਮਾਰਤ ਬਣਾਈ ਜਾਵੇ ਜੋ 1917 ਵਿਚ ਖ਼ਰੀਦੀ ਗਈ ਤੇ 1974 ਵਿਚ ਢਾਹੀ ਗਈ, ਗ਼ਦਰ ਪਾਰਟੀ ਦੀਆਂ ਸਰਗਰਮੀਆਂ ਦਾ ਕੇਂਦਰ ਰਹੀ, ਇਮਾਰਤ ਦੇ ਨਕਸ਼ੇ ਅਨੁਸਾਰ ਹੋਵੇ। ਇਸ ਮਗਰੋਂ ਇਹ ਮੰਗ ਪੰਜਾਬੀ ਭਾਈਚਾਰੇ ਨੇ ਗੰਭੀਰਤਾ ਨਾਲ ਕਰਨੀ ਸ਼ੁਰੂ ਕਰ ਦਿੱਤੀ।
8 ਜਨਵਰੀ 2013 ਨੂੰ ਕੋਚੀ ਵਿਚ 11ਵਾਂ ਪਰਵਾਸੀ ਭਾਰਤੀ ਦਿਵਸ ਮਨਾਇਆ ਗਿਆ। ਤਦਕਾਲੀ ਬਦੇਸ ਮੰਤਰੀ ਵਿਆਲਾਰ ਰਵੀ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਆਖਿਆ, “ਇਹ ਗ਼ਦਰ ਲਹਿਰ ਦਾ ਸ਼ਤਾਬਦੀ ਵਰ੍ਹਾ ਹੈ ਜਦੋਂ ਕੈਨੇਡਾ ਤੇ ਅਮਰੀਕਾ ਵਿਚ ਗਏ ਹੋਏ ਭਾਰਤੀ ਪਰਵਾਸੀ ਮਾਤਭੂਮੀ ਵਾਸਤੇ ਆਪਣਾ ਪਿਆਰ ਦਰਸਾਉਂਦਿਆਂ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਭਾਰਤ ਦੀ ਬਰਤਾਨਵੀ ਹਕੂਮਤ ਵਿਰੁੱਧ ਉੱਠ ਖੜ੍ਹੇ ਹੋਏ। ਅੱਜ ਦਾ ਦਿਨ ਉਨ੍ਹਾਂ ਨੂੰ ਸ਼ਰਧਾ ਭੇਟ ਕਰਨ ਦਾ ਦਿਨ ਵੀ ਹੈ।” ਤਦਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਨ ਵਿਚ ਗ਼ਦਰ ਲਹਿਰ ਨੂੰ ਚੇਤੇ ਕਰਦਿਆਂ ਅਤੇ ਗ਼ਦਰੀ ਬਾਬਿਆਂ ਨੂੰ ਸ਼ਰਧਾ ਭੇਟ ਕਰਦਿਆਂ ਕਿਹਾ, “ਇਸ ਸਾਲ ਅਸੀਂ ਗ਼ਦਰ ਲਹਿਰ ਦੀ ਸ਼ਤਾਬਦੀ ਮਨਾ ਰਹੇ ਹਾਂ ਜੋ ਸਾਡੇ ਦੇਸ ਵਿਚ ਲੜੇ ਜਾ ਰਹੇ ਆਜ਼ਾਦੀ ਲਈ ਸੰਗਰਾਮ ਵਾਸਤੇ ਦੁਰੇਡੇ ਕੈਲੀਫ਼ੋਰਨੀਆ ਵਿਚ ਰਾਹ-ਦਿਖਾਵੀ ਰੌਸ਼ਨ ਮਸ਼ਾਅਲ ਸੀ। ਗ਼ਦਰ ਲਹਿਰ ਦੀ ਯਾਦ ਵਿਚ ਇਕ ਵਿਸ਼ੇਸ਼ ਡਾਕ-ਟਿਕਟ ਜਾਰੀ ਕਰਨ ਤੋਂ ਇਲਾਵਾ ਅਸੀਂ ਸਾਨ ਫ਼ਰਾਂਸਿਸਕੋ ਵਿਚ ਗ਼ਦਰ ਮੈਮੋਰੀਅਲ ਨੂੰ ਵੀ ਕਾਰਜਮੁਖੀ ਮਿਊਜ਼ੀਅਮ ਅਤੇ ਲਾਇਬਰੇਰੀ ਦੇ ਰੂਪ ਵਿਚ ਵਿਕਸਤ ਕਰਾਂਗੇ। ਉਥੇ ਇਸ ਮਹਾਨ ਲਹਿਰ ਦੇ ਨਾਇਕਾਂ, ਗ਼ਦਰੀ ਬਾਬਿਆਂ ਦੇ ਸਤਿਕਾਰ ਵਿਚ ਬੁੱਤ ਵੀ ਸਜਾਇਆ ਜਾਵੇਗਾ।”
ਸਾਨ ਫ਼ਰਾਂਸਿਸਕੋ ਦੇ ਭਾਰਤੀ ਕੌਂਸਲਖਾਨੇ ਅਤੇ ਪੰਜਾਬੀ ਆਵਾਸੀਆਂ ਵਿਚਕਾਰ ਸੰਪਰਕ ਬਣਿਆ ਰਿਹਾ। ਭਾਰਤ ਸਰਕਾਰ ਨੇ 90 ਲੱਖ ਡਾਲਰ ਪੁਜਦੇ ਕਰ ਦਿੱਤੇ। ਆਖ਼ਰ ਭਾਰਤੀ ਕੌਂਸਲਖਾਨੇ ਅਤੇ ਇਕ ਉਸਾਰੀ ਫ਼ਰਮ ਵਿਚਕਾਰ ਇਕਰਾਰਨਾਮਾ ਸਹੀਬੰਦ ਹੋ ਗਿਆ। ਉਸਾਰੀ ਫ਼ਰਮ ਨੇ ਆਰਕੀਟੈਕਟ ਤੋਂ ਮੂਲ ਇਮਾਰਤ ਵਰਗਾ ਨਕਸ਼ਾ ਬਣਵਾ ਕੇ ਕੌਂਸਲਖਾਨੇ ਤੋਂ ਪਰਵਾਨ ਵੀ ਕਰਵਾ ਲਿਆ। ਇਮਾਰਤ ਪੂਰੀ ਤਰ੍ਹਾਂ ਤਿਆਰ ਹੋ ਜਾਣ ਦੀ ਹੱਦ 2019 ਮਿਥੀ ਗਈ ਪਰ ਉਹ ਨਿਭ ਨਾ ਸਕੀ। ਤਤਕਾਲੀ ਭਾਰਤੀ ਰਾਜਦੂਤ ਹਰਸ਼ ਵਰਧਨ ਸ਼ਿ੍ਰੰਗਲਾ ਦੇ ਸਾਨ ਫ਼ਰਾਂਸਿਸਕੋ ਆਉਣ ਮੌਕੇ 21 ਜੂਨ 2019 ਨੂੰ ਕੌਂਸਲ ਜਨਰਲ ਸੰਜੈ ਪਾਂਡਾ ਨੇ ਕੁਛ ਆਵਾਸੀਆਂ ਅਤੇ ਹੋਰ ਮਹਿਮਾਨਾਂ ਨੂੰ ਭੋਜਨ ਲਈ ਸੱਦਿਆ। ਉਸ ਮੌਕੇ ਬੋਲਦਿਆਂ ਉਹਨੇ ਕਿਹਾ, “ਗ਼ਦਰ ਆਸ਼ਰਮ ਦੀ ਮੁੜ-ਉਸਾਰੀ, ਜੋ ਪਹਿਲਾਂ ਇਸ ਸਾਲ ਪੂਰੀ ਹੋਣੀ ਮਿਥੀ ਗਈ ਸੀ, ਹੁਣ 2021 ਤੱਕ ਪੂਰੀ ਹੋ ਜਾਣ ਦੀ ਪੱਕੀ ਆਸ ਹੈ।” ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਵਾਰ ਵੀ ‘ਪੱਕੀ ਆਸ’ ਪੂਰੀ ਨਾ ਹੋ ਸਕੀ! ਇਸ ਵਾਰ ਕਰੋਨਾ ਵੀ ਇਕ ਕਾਰਨ ਬਣ ਗਿਆ।
ਇਹ ਲੇਖ ਲਿਖਣ ਸਮੇਂ ਮੈਂ ਬਿਲਕੁਲ ਸੱਜਰੀ ਜਾਣਕਾਰੀ ਲੈਣੀ ਠੀਕ ਸਮਝੀ। ਪਤਾ ਲਗਿਆ, ਨਵੀਂ ਇਮਾਰਤ ਦੀ ਉਸਾਰੀ ਨਾਲ ਸੰਬੰਧਿਤ ਉਥੇ ਕੋਈ ਵੀ ਹਿੱਲਜੁਲ ਨਹੀਂ। ਕਰੋਨਾ-ਕਾਲ ਤੋਂ ਮਗਰੋਂ ਹਾਲਤ ਬਿਲਕੁਲ ਸਾਧਾਰਨ ਹੋ ਜਾਣ ਦੇ ਬਾਵਜੂਦ ਗ਼ਦਰ ਆਸ਼ਰਮ ਬੁੱਧਵਾਰ ਨੂੰ ਦਸ ਵਜੇ ਤੋਂ ਇਕ ਵਜੇ ਤੱਕ ਖੁੱਲ੍ਹਾ ਰੱਖਣ ਦਾ ਪ੍ਰਬੰਧ ਵੀ ਬਹਾਲ ਨਹੀਂ ਕੀਤਾ ਗਿਆ। ਕੌਂਸਲਖਾਨੇ ਨੇ ਦਰਸ਼ਕਾਂ ਲਈ ਅਗੇਤਾ ਸਮਾਂ ਲੈਣ ਦਾ ਜੋ ਲਿੰਕ ਦਿੱਤਾ ਹੋਇਆ ਸੀ, ਉਹ ਵੀ ਬੰਦ ਪਿਆ ਹੈ। ਜੇ ਕੌਂਸਲਖਾਨੇ ਨਾਲ ਉਨ੍ਹਾਂ ਦੇ ਕਿਸੇ ਹੋਰ ਫੋਨ ਰਾਹੀਂ ਸੰਪਰਕ ਕੀਤਾ ਜਾਵੇ, ਅੱਗੋਂ ਕੋਈ ਜਵਾਬ ਨਹੀਂ ਮਿਲਦਾ। ਹੁਣ ਕੌਂਸਲਖਾਨੇ ਦੀ ਮਾਲਕੀ ਹੋਣ ਕਾਰਨ ‘ਗ਼ਦਰ ਯਾਦਗਾਰ ਉਤੇ ਹਮਲੇ ਦੀ ਸੰਭਾਵਨਾ’ ਵੀ ਉਹਦੇ ਬੰਦ ਰਹਿਣ ਦਾ ਇਕ ਬਹਾਨੇਬਾਜ਼ ਕਾਰਨ ਬਣ ਗਈ ਹੈ। ਚੇਤੇ ਰਹੇ ਕਿ 19 ਮਾਰਚ 2023 ਨੂੰ ਕੁਛ ਖ਼ਾਲਿਸਤਾਨੀਆਂ ਨੇ ਸਾਨ ਫ਼ਰਾਂਸਿਸਕੋ ਵਾਲੇ ਭਾਰਤੀ ਕੌਂਸਲਖਾਨੇ ਦੇ ਬੈਰੀਅਰ ਤੋੜ ਕੇ ਉਥੇ ਦੋ ਖ਼ਾਲਿਸਤਾਨੀ ਝੰਡੇ ਝੁਲਾ ਦਿੱਤੇ ਸਨ।
21 ਜੂਨ 2019 ਨੂੰ ਕੌਂਸਲ ਜਨਰਲ ਨੇ ਭਾਰਤੀ ਰਾਜਦੂਤ ਦੀ ਹਾਜ਼ਰੀ ਵਿਚ ਆਵਾਸੀ ਪ੍ਰਤੀਨਿਧਾਂ ਅਤੇ ਹੋਰ ਮਹਿਮਾਨਾਂ ਨੂੰ ਇਮਾਰਤ ਦੀ ਮੁੜ-ਉਸਾਰੀ 2021 ਤੱਕ ਪੂਰੀ ਹੋ ਜਾਣ ਦਾ ਪੱਕਾ ਭਰੋਸਾ ਦਿੱਤਾ ਸੀ। ਹੁਣ 2023 ਦਾ ਸਾਲ ਵੀ ਢਲ਼ ਚੱਲਿਆ ਹੈ, ਭਾਵ ਪੱਕੇ ਭਰੋਸੇ ਦੀ ਮੁਨਿਆਦ ਲੰਘੀ ਨੂੰ ਵੀ ਦੋ ਸਾਲ ਹੋ ਗਏ ਹਨ। ਸਮੁੱਚੇ ਹਾਲਾਤ ਤੋਂ ਲਗਦਾ ਹੈ, ਹੋਰ ਪਤਾ ਨਹੀਂ ਕਿੰਨੇ ਦੋ-ਸਾਲ ਲੰਘਣਗੇ! ਮਜਬੂਰੀ ਦੀ ਇਸ ਹਾਲਤ ਵਿਚ ਉਸ ਭਾਗਾਂਵਾਲੇ ਦਿਨ ਦੀ ਉਡੀਕ ਹੀ ਕੀਤੀ ਜਾ ਸਕਦੀ ਹੈ ਜਦੋਂ ਤਦਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਖਾਏ ਸੁਪਨੇ ਅਨੁਸਾਰ ਅਸੀਂ ਗ਼ਦਰ ਲਹਿਰ ਦੇ ਨਾਇਕਾਂ ਦੇ ਸਤਿਕਾਰ ਵਿਚ ਸਜਾਏ ਹੋਏ ਬੁੱਤ ਦੇ ਚਰਨਾਂ ਵਿਚ ਫੁੱਲ ਭੇਟ ਕਰ ਸਕਾਂਗੇ ਅਤੇ ਮਿਊਜ਼ੀਅਮ ਤੇ ਲਾਇਬਰੇਰੀ ਵਿਚ ਬਾਬਿਆਂ ਦੀ ਅਦਿੱਖ ਹੋਂਦ ਦੀ ਸੋਅ ਅਤੇ ਉਨ੍ਹਾਂ ਦੀਆਂ ਕਰਨੀਆਂ ਦੀ ਖ਼ੁਸ਼ਬੋ ਮਹਿਸੂਸ ਕਰ ਸਕਾਂਗੇ!