ਉਹ ਖਬਰ ਆਖਰਕਾਰ ਆ ਗਈ ਹੈ ਜਿਸ ਬਾਰੇ ਚਿਰਾਂ ਤੋਂ ਕਿਆਸਆਰਾਈਆਂ ਚੱਲ ਰਹੀਆਂ ਸਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਪਾਕਿਸਤਾਨ ਪਰਤ ਆਏ ਹਨ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ 14 ਸਾਲਾਂ ਦੀ ਕੈਦ ਦੀ ਸਜ਼ਾ ਹੋਈ ਸੀ ਤਾਂ 2019 ਵਿਚ ਉਹ ਆਪਣੀ ਬਿਮਾਰੀ ਦੇ ਇਲਾਜ ਲਈ ਲੰਡਨ ਚਲੇ ਗਏ ਸਨ।
ਚਾਰ ਸਾਲਾਂ ਬਾਅਦ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਪਾਕਿਸਤਾਨ ਪਰਤ ਕੇ ਅਗਲੀਆਂ ਆਮ ਚੋਣਾਂ ਲਈ ਆਪਣੀਆਂ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਹਾਲਾਂਕਿ ਪਾਕਿਸਤਾਨ ਮੁਸਲਿਮ ਲੀਗ ਦੇ ਇਸ 73 ਸਾਲਾ ਸਿਆਸਤਦਾਨ ਖਿਲਾਫ਼ ਸਜ਼ਾ ਦਾ ਫ਼ੈਸਲਾ ਅਜੇ ਖੜ੍ਹਾ ਹੈ ਪਰ ਉਨ੍ਹਾਂ ਦੀਆਂ ਨਜ਼ਰਾਂ ਇਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ `ਤੇ ਹਨ। ਸ਼ਰੀਫ਼ ਦੀ ਵਾਪਸੀ ਦੇ ਢੰਗ-ਤਰੀਕੇ ਤੋਂ ਸੰਕੇਤ ਮਿਲਦਾ ਹੈ ਕਿ ਫ਼ੌਜ ਨਾਲ ਉਨ੍ਹਾਂ ਦੇ ਤਾਅਲੁਕਾਤ ਕਾਫ਼ੀ ਸੁਖਾਵੇਂ ਬਣ ਚੁੱਕੇ ਹਨ। 2018 ਵਿਚ ਉਨ੍ਹਾਂ ਨੇ ਫ਼ੌਜ `ਤੇ ਆਪਣੇ ਕੱਟੜ ਵਿਰੋਧੀ ਇਮਰਾਨ ਖ਼ਾਨ ਦੀ ਪਿੱਠ ਪੂਰਨ ਦਾ ਦੋਸ਼ ਲਾਇਆ ਸੀ; ਉਹ ਗੱਲ ਹੁਣ ਪੁਰਾਣੀ ਪੈ ਗਈ ਹੈ। ਹੁਣ ਉਸੇ ਫ਼ੌਜ ਨਾਲ ਵਿਗੜਨ ਕਰ ਕੇ ਇਮਰਾਨ ਖ਼ਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਬੰਦ ਹੈ।
ਪਾਕਿਸਤਾਨ ਵਿਚ ਅਜਿਹਾ ਕਈ ਵਾਰ ਵਾਪਰ ਚੁੱਕਿਆ ਹੈ, ਫਿਰ ਵੀ ਅਜੇ ਕਈ ਗੱਲਾਂ ਸਾਫ਼ ਨਹੀਂ ਹੋ ਸਕੀਆਂ। ਉਨ੍ਹਾਂ ਦੀਆਂ ਅਪੀਲਾਂ `ਤੇ ਫ਼ੈਸਲਾ ਆਉਣਾ ਬਾਕੀ ਹੈ, ਉਂਝ ਹਾਲ ਦੀ ਘੜੀ ਨਵਾਜ਼ ਸ਼ਰੀਫ਼ ਅਤੇ ਇਮਰਾਨ ਖ਼ਾਨ ਦੋਵੇਂ ਚੋਣਾਂ ਨਹੀਂ ਲੜ ਸਕਦੇ। 2022 ਤੋਂ ਲੈ ਕੇ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਤੱਕ ਸ਼ਾਹਬਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਰਹੇ ਅਤੇ ਹੁਣ ਉਨ੍ਹਾਂ ਦੇ ਵੱਡੇ ਭਰਾ ਦੀ ਵਾਪਸੀ ਨਾਲ ਅਗਲੇ ਸਾਲ ਜਨਵਰੀ ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਨੂੰ ਹੁਲਾਰਾ ਮਿਲਿਆ ਹੈ। ਇਮਰਾਨ ਖ਼ਾਨ ਦੀ ਹਰਮਨ ਪਿਆਰਤਾ ਅਜੇ ਵੀ ਬਰਕਰਾਰ ਹੈ ਅਤੇ ਉਨ੍ਹਾਂ ਦੇ ਲੋਕ ਆਧਾਰ ਨੂੰ ਖੋਰਾ ਲਾਉਣਾ ਸ਼ਰੀਫ਼ ਭਰਾਵਾਂ ਲਈ ਵੱਡੀ ਚੁਣੌਤੀ ਹੋਵੇਗੀ। ਪਾਕਿਸਤਾਨ ਨੂੰ ਸੁਰੱਖਿਆ, ਅਰਥਚਾਰੇ ਅਤੇ ਸਿਆਸਤ ਨਾਲ ਜੁੜੇ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ੌਜ ਭਾਵੇਂ ਉਨ੍ਹਾਂ ਦੀ ਪਿੱਠ `ਤੇ ਖੜ੍ਹੀ ਹੈ, ਫਿਰ ਵੀ ਆਪਣੇ ਆਪ ਨੂੰ ਪਾਏਦਾਰ ਬਦਲ ਵਜੋਂ ਸਥਾਪਤ ਕਰਨਾ ਉਨ੍ਹਾਂ ਲਈ ਕਾਫ਼ੀ ਔਖਾ ਕਾਰਜ ਹੋਵੇਗਾ। ਪਾਕਿਸਤਾਨ ਸਿਰ ਕਰਜ਼ੇ ਦਾ ਬੋਝ ਵਧ ਰਿਹਾ ਹੈ ਅਤੇ ਅੰਤਾਂ ਦੀ ਮਹਿੰਗਾਈ ਕਰ ਕੇ ਲੋਕਾਂ ਦਾ ਤ੍ਰਾਹ ਨਿਕਲ ਗਿਆ ਹੈ। ਨਵਾਜ਼ ਸ਼ਰੀਫ਼ ਨੇ ਵਾਪਸੀ ਵੇਲੇ ਆਪਣੇ ਭਾਸ਼ਣ ਵਿਚ ਭਾਰਤ ਬਾਰੇ ਬਿਰਤਾਂਤ ਨੂੰ ਨਵੀਂ ਦਿਸ਼ਾ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਆਖਿਆ ਕਿ ਆਪਣੇ ਗੁਆਂਢੀਆਂ ਨਾਲ ਝਗੜਾ ਕਰ ਕੇ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਿਆ। ਦੋਵੇਂ ਦੇਸ਼ਾਂ ਵਿਚਕਾਰ ਮੁੜ ਗੱਲਬਾਤ ਲਈ ਸਰਹੱਦ ਪਾਰ ਦਹਿਸ਼ਤਗਰਦੀ ਦਾ ਖਾਤਮਾ ਸ਼ੁਰੂਆਤੀ ਨੁਕਤਾ ਹੋ ਸਕਦਾ ਹੈ। ਇਸ ਮਾਮਲੇ ਵਿਚ ਪਾਕਿਸਤਾਨ ਦੇ ਸਿਆਸੀ ਆਗੂਆਂ ਤੇ ਫ਼ੌਜ ਦਾ ਰਿਕਾਰਡ ਕਾਫ਼ੀ ਖਰਾਬ ਰਿਹਾ ਹੈ।
ਨਵਾਜ਼ ਸ਼ਰੀਫ਼ ਦੀ ਭਾਰਤ ਨਾਲ ਸਬੰਧਾਂ ਵਾਲੀ ਟਿੱਪਣੀ ਧਿਆਨ ਦੇਣ ਵਾਲੀ ਹੈ। ਇਹ ਦੋਹਾਂ ਮੁਲਕਾਂ ਲਈ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਕਈ ਖੇਤਰਾਂ ਵਿਚ ਭਾਰਤ ਦਾ ਹਾਲ ਵੀ ਬਹੁਤਾ ਚੰਗਾ ਨਹੀਂ। ਭੁੱਖ ਸਬੰਧੀ ਆਲਮੀ ਸੂਚਕ ਅੰਕ ਦੀ 2023 ਦੀ ਦਰਜਾਬੰਦੀ ਵਿਚ ਭਾਰਤ 125 ਮੁਲਕਾਂ ਵਿਚੋਂ 111ਵੇਂ ਸਥਾਨ ਉੱਤੇ ਹੈ। ਭਾਰਤ ਕੁਪੋਸ਼ਣ ਦਾ ਸ਼ਿਕਾਰ ਬੱਚਿਆਂ ਪੱਖੋਂ ਵੀ ਦੁਨੀਆ `ਚ ਸਭ ਤੋਂ ਵੱਧ ਦਰ 18.7 ਫ਼ੀਸਦੀ ਵਾਲਾ ਮੁਲਕ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਰਿਪੋਰਟ ਨੂੰ ਭਾਵੇਂ ਇਸ ਦੀ ਸ਼ੱਕੀ ਕਾਰਜ ਪ੍ਰਣਾਲੀ ਅਤੇ ਬਦਨੀਅਤੀ ਵਾਲੇ ਇਰਾਦੇ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਹੈ ਪਰ ਅੰਕੜੇ ਦੱਸਦੇ ਹਨ ਕਿ ਹਾਲਾਤ ਸੱਚਮੁੱਚ ਗੰਭੀਰ ਹਨ। ਬੀਤੇ ਸਾਲ ਦੇ ਪੋਸ਼ਣ ਟਰੈਕਰ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਵਿਚ 43 ਲੱਖ ਤੋਂ ਵੱਧ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਭਾਰਤ ਨਾ ਸਿਰਫ਼ ਅਨਾਜ ਦੀ ਪੈਦਾਵਾਰ ਪੱਖੋਂ ਆਤਮ-ਨਿਰਭਰ ਮੁਲਕ ਹੈ ਸਗੋਂ ਆਪਣੀ ਵਾਧੂ ਉਪਜ ਵਿਦੇਸ਼ਾਂ ਨੂੰ ਬਰਾਮਦ ਵੀ ਕਰਦਾ ਹੈ। ਇਸ ਦੇ ਨਾਲ ਹੀ ਇਹ ਦੁਨੀਆ ਦਾ ਸਭ ਤੋਂ ਵੱਧ ਤੇਜ਼ੀ ਨਾਲ ਵਧਦਾ ਹੋਇਆ ਅਰਥਚਾਰਾ ਵੀ ਹੈ।
ਇਹ ਸੱਚਮੁੱਚ ਵੱਡਾ ਵਿਰੋਧਾਭਾਸ ਹੈ ਕਿ ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਅਹਿਮ ਪੋਸ਼ਣ ਪੈਮਾਨਿਆਂ ਦੇ ਮਾਮਲੇ ਵਿਚ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਅਫਰੀਕਾ ਦੇ ਸਹਾਰਾ ਖਿੱਤੇ ਦੇ ਮੁਲਕਾਂ ਦੇ ਕਰੀਬ ਜਾਂ ਉਨ੍ਹਾਂ ਤੋਂ ਵੀ ਹੇਠਲੇ ਪੱਧਰ ਉੱਤੇ ਹੈ। ਨੀਤੀ ਆਯੋਗ ਦੇ ਕੌਮੀ ਬਹੁ-ਪਸਾਰੀ ਗ਼ਰੀਬੀ ਸੂਚਕ ਅੰਕ ਮੁਤਾਬਿਕ ਅਜਿਹੀ ਗ਼ਰੀਬੀ ਵਿਚ ਰਹਿਣ ਵਾਲੇ ਲੋਕ ਕਰੀਬ 15 ਫ਼ੀਸਦੀ ਹਨ। ਜੁਲਾਈ 2023 ਵਿਚ ਜਾਰੀ ਆਯੋਗ ਦੀ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਕਾਫ਼ੀ ਵੱਡੀ ਗਿਣਤੀ (74 ਫ਼ੀਸਦੀ) ਲੋਕ ਸਿਹਤਮੰਦ ਭੋਜਨ ਦਾ ਖ਼ਰਚਾ ਨਹੀਂ ਉਠਾ ਸਕਦੇ। ਸਾਰਿਆਂ ਦੀ ਪੌਸ਼ਟਿਕ ਖੁਰਾਕ ਤੱਕ ਪਹੁੰਚ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਬਿਹਤਰ ਪੋਸ਼ਣ ਸਿੱਟਿਆਂ ਵਾਸਤੇ ਉਨ੍ਹਾਂ ਲਈ ਸਾਫ਼ ਪਾਣੀ ਵੀ ਉਪਲੱਬਧ ਹੋਵੇ। ਇਸ ਵੇਲੇ ਹਾਲ ਇਹ ਹੈ ਕਿ ਭਾਰਤ ਟਿਕਾਊ ਵਿਕਾਸ ਟੀਚਿਆਂ ਮੁਤਾਬਕ 2030 ਤੱਕ ਸਿਫ਼ਰ ਭੁੱਖ ਦਾ ਟੀਚਾ (ਭਾਵ ਜਦੋਂ ਕੋਈ ਵੀ ਭੁੱਖਾ ਨਾ ਸੌਂਵੇ) ਹਾਸਲ ਕਰਨ ਦੀ ਦੌੜ ਵਿਚ ਪਛੜ ਰਿਹਾ ਹੈ। ਅਜਿਹੇ ਹਾਲਾਤ ਵਿਚ ਜੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਸੁਧਰਦੇ ਹਨ ਤਾਂ ਦੋਹਾਂ ਮੁਲਕਾਂ ਨੂੰ ਫਾਇਦਾ ਪੁੱਜ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਕਤ ਪੂਰੀ ਸਮਰੱਥਾ ਅਤੇ ਊਰਜਾ ਵਿਕਾਸ ਕਾਰਜਾਂ ‘ਤੇ ਲੱਗਣੀ ਚਾਹੀਦੀ ਹੈ। ਪਿਛਲੇ ਕੁਝ ਸਮੇਂ ਤੋਂ ਇਹ ਗੱਲ ਪਾਕਿਸਤਾਨ ਦੀ ਫੌਜ ਵੀ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਇਸ ਲਈ ਸੰਭਵ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਹਾਂ ਮੁਲਕਾਂ ਵਿਚਕਾਰ ਰਾਬਤਾ ਵਧਣ ਦੇ ਰਾਹ ਖੁੱਲ੍ਹ ਜਾਣ। ਇਹ ਦੋਹਾਂ ਮੁਲਕਾਂ ਲਈ ਸ਼ੁਭਸ਼ਗਨ ਹੋਵੇਗਾ।