ਫਲਸਤੀਨ ਦਾ ਇਤਿਹਾਸ: ਮੁੱਢ ਤੋਂ ਹੁਣ ਤੱਕ

ਫਲਸਤੀਨ ਦਾ ਇਤਿਹਾਸ ਬਹੁਤ ਲੰਮਾ, ਜਟਿਲ ਤੇ ਖ਼ੂਨ-ਖਰਾਬੇ ਨਾਲ ਭਰਿਆ ਹੋਇਆ ਹੈ। ਲਗਭਗ 3500 ਸਾਲ ਪਹਿਲਾਂ ਇੱਥੇ ਮਿਸਰ ਦਾ ਰਾਜ ਸੀ। 3000 ਸਾਲ ਪਹਿਲਾਂ ਇੱਥੇ ਯਹੂਦੀਆਂ ਦੀਆਂ ਦੋ ਰਜਵਾੜਾਸ਼ਾਹੀਆਂ ਇਜ਼ਰਾਈਲ ਅਤੇ ਜੂਡਾ ਕਾਇਮ ਹੋਈਆਂ ਜੋ ਲਗਭਗ 250-300 ਸਾਲ ਕਾਇਮ ਰਹੀਆਂ। ਬਾਅਦ ਵਿਚ ਉਨ੍ਹਾਂ `ਤੇ ਅਸੀਰੀਅਨ ਅਤੇ ਬੇਬਲੋਨੀਅਨ ਬਾਦਸ਼ਾਹਤਾਂ ਦੇ ਕਬਜ਼ੇ ਹੋਏ ਜਿਨ੍ਹਾਂ ਨੇ ਯਹੂਦੀਆਂ ਨੂੰ ਉੱਥੋਂ ਕੱਢ ਦਿੱਤਾ।

2500 ਸਾਲ ਪਹਿਲਾਂ ਇਹ ਇਰਾਨੀਆਂ (ਪਰਸ਼ੀਅਨ) ਦੇ ਕਬਜ਼ੇ ਵਿਚ ਆਇਆ ਜਿਨ੍ਹਾਂ ਨੇ ਯਹੂਦੀਆਂ ਨੂੰ ਵਾਪਸ ਆਉਣ ਤੇ ਧਾਰਮਿਕ ਸਥਾਨ ਬਣਾਉਣ ਦੀ ਇਜਾਜ਼ਤ ਦਿੱਤੀ। ਬਾਅਦ ਵਿਚ ਇੱਥੇ ਯੂਨਾਨੀਆਂ ਦਾ ਰਾਜ ਹੋਇਆ, ਸਿਕੰਦਰ ਨੇ ਇਸ ਨੂੰ ਫਤਿਹ ਕੀਤਾ। ਯਹੂਦੀ ਉਨ੍ਹਾਂ ਦੇ ਰਾਜ ਵਿਚ ਵਧੇ-ਫੁੱਲੇ ਪਰ ਬਾਅਦ ਵਿਚ ਉਨ੍ਹਾਂ ਨੇ ਯਹੂਦੀ ਧਰਮ `ਤੇ ਪਾਬੰਦੀ ਲਾ ਦਿੱਤੀ। ਲਗਭਗ 2000 ਸਾਲ ਪਹਿਲਾਂ ਇੱਥੇ ਰੋਮਨ (ਇਟਲੀ) ਬਾਦਸ਼ਾਹਤ ਦਾ ਕਬਜ਼ਾ ਹੋਇਆ ਅਤੇ ਯਹੂਦੀ ਰੋਮਨ ਬਾਦਸ਼ਾਹਤ ਦੇ ਰਜਵਾੜੇ ਬਣੇ।
ਬਾਅਦ ਵਿਚ ਯਹੂਦੀਆਂ ਤੇ ਰੋਮਨਾਂ ਦੇ ਯੁੱਧ ਹੋਏ। ਰੋਮਨ ਜੇਤੂ ਹੋਏ ਜਿਨ੍ਹਾਂ ਨੇ ਲੱਖਾਂ ਯਹੂਦੀ ਮਾਰੇ ਤੇ ਹਜ਼ਾਰਾਂ ਕੈਦ ਕੀਤੇ। ਰੋਮਨਾਂ ਨੇ ਯਹੂਦੀਆਂ ਦੇ ਧਰਮ `ਤੇ ਆਧਾਰਿਤ ਟੈਕਸ ਫਿਸਕਸ ਜੂਡੇਸ਼ੀਅਸ (ਜ਼ਜ਼ੀਆ ਵਰਗਾ ਟੈਕਸ) ਲਗਾਇਆ। ਜਦ ਰੋਮਨ ਬਾਦਸ਼ਾਹਤ ਰੋਮਨ ਕੈਥੋਲਿਕ ਬਾਦਸ਼ਾਹਤ ਬਣੀ ਤਾਂ ਫਲਸਤੀਨ ਵਿਚ ਇਸਾਈ ਵਧੇ ਫੁੱਲੇ ਤੇ ਵੱਡੇ ਗਿਰਜੇ ਬਣੇ। ਉਸ ਸਮੇਂ ਅਰਬੀ ਇਸਾਈ ਬਹੁਗਿਣਤੀ ਵਿਚ ਸਨ। ਛੇਵੀਂ ਸਦੀ ਵਿਚ ਇਸਲਾਮ ਦੇ ਹੋਂਦ ਵਿਚ ਆਉਣ ਤੋਂ ਬਾਅਦ ਏਥੇ ਮੁਸਲਮਾਨ ਬਾਦਸ਼ਾਹਾਂ ਦਾ ਰਾਜ ਹੋਇਆ ਅਤੇ ਇਸਲਾਮ ਨਾਲ ਸਬੰਧਿਤ ਧਾਰਮਿਕ ਅਸਥਾਨ ਬਣੇ।
11ਵੀਂ ਸਦੀ ਵਿਚ ਯੂਰਪ ਦੀਆਂ ਇਸਾਈ ਬਾਦਸ਼ਾਹਤਾਂ ਨੇ ਫਲਸਤੀਨ ਅਤੇ ਯੇਰੂਸ਼ਲਮ ਨੂੰ ਜਿੱਤਣ ਲਈ ਧਾਰਮਿਕ ਮੁਹਿੰਮਾਂ (ਕਰੂਸੇਡ) ਸ਼ੁਰੂ ਕੀਤੀਆਂ। ਇਹ ਯੁੱਧ 13ਵੀਂ ਸਦੀ ਤੱਕ ਚੱਲਦੇ ਰਹੇ। ਉਨ੍ਹਾਂ ਸਮਿਆਂ ਵਿਚ ਯਹੂਦੀ ਅਤੇ ਮੁਸਲਮਾਨ ਇਕੱਠੇ ਇਸਾਈ ਬਾਦਸ਼ਾਹਤਾਂ ਵਿਰੁੱਧ ਲੜੇ। ਕੁਝ ਦੇਰ ਇਨ੍ਹਾਂ ਇਸਾਈ ਮੁਹਿੰਮਬਾਜ਼ਾਂ (ਕਰੂਸੇਡਰ) ਦਾ ਕੰਟਰੋਲ ਵੀ ਰਿਹਾ; ਉਨ੍ਹਾਂ ਸਮਿਆਂ ਵਿਚ ਇੱਥੇ ਯਹੂਦੀਆਂ ਦੀ ਗਿਣਤੀ ਬਹੁਤ ਘਟ ਗਈ।
ਬਾਅਦ ਵਿਚ ਇੱਥੇ ਫਿਰ ਮੁਸਲਿਮ ਧਰਮ ਨਾਲ ਸਬੰਧਿਤ ਮਿਸਰੀ ਅਤੇ ਮਮਲੂਕ (ਗ਼ੁਲਾਮ) ਬਾਦਸ਼ਾਹਤਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਯਹੂਦੀਆਂ ਨੂੰ ਇਸ ਇਲਾਕੇ ਵਿਚ ਰਹਿਣ ਦੀ ਇਜਾਜ਼ਤ ਦਿੱਤੀ। 15ਵੀਂ ਸਦੀ ਵਿਚ ਇਹ ਇਲਾਕਾ ਓਟੋਮਨ (ਤੁਰਕ) ਬਾਦਸ਼ਾਹਤ ਦਾ ਹਿੱਸਾ ਬਣਿਆ। 19ਵੀਂ ਸਦੀ ਵਿਚ ਕੁਝ ਦੇਰ ਲਈ ਇੱਥੇ ਫਿਰ ਮਿਸਰੀਆਂ ਦਾ ਰਾਜ ਹੋਇਆ ਪਰ ਬਾਅਦ ਵਿਚ ਇਹ ਫਿਰ ਓਟੋਮਨ ਬਾਦਸ਼ਾਹਤ ਹੇਠ ਆ ਗਏ। 1914 ਵਿਚ ਪਹਿਲੀ ਆਲਮੀ ਜੰਗ ਸਮੇਂ ਫਲਸਤੀਨ ਓਟੋਮਨ ਬਾਦਸ਼ਾਹਤ ਦਾ ਹਿੱਸਾ ਸੀ; ਜੰਗ ਤੋਂ ਬਾਅਦ ਇੰਗਲੈਂਡ ਦੇ ਕੰਟਰੋਲ `ਚ ਚਲਾ ਗਿਆ।
ਯੂਰਪ ਵਿਚ ਰਹਿੰਦੇ ਯਹੂਦੀਆਂ ਨੂੰ ਕਈ ਸਦੀਆਂ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ `ਤੇ ਜ਼ੁਲਮ ਹੋਏ। 19-20ਵੀਂ ਸਦੀ ਵਿਚ ਇਹ ਵਿਤਕਰੇ ਅਤੇ ਜਬਰ ਬਹੁਤ ਵਧ ਗਏ। ਉਸ ਸਮੇਂ ਇਹ ਸੋਚ ਪੈਦਾ ਹੋਈ ਕਿ ਯਹੂਦੀਆਂ ਦਾ ਆਪਣਾ ਵਤਨ ਹੋਣਾ ਚਾਹੀਦਾ ਹੈ।
1839 ਵਿਚ ਯਹੂਦੀਆਂ ਨੇ ਮਿਸਰ ਤੋਂ ਫਲਸਤੀਨ ਵਿਚ ਵਸਣ ਦੀ ਇਜਾਜ਼ਤ ਮੰਗੀ। 1880ਵਿਆਂ ਵਿਚ ਯਹੂਦੀਆਂ ਨੇ ਫਲਸਤੀਨ ਵੱਲ ਪਰਵਾਸ ਸ਼ੁਰੂ ਕੀਤਾ।
19ਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਯੂਕਰੇਨ ਤੇ ਰੂਸ ਵਿਚ ਯਹੂਦੀਆਂ `ਤੇ ਭਿਅੰਕਰ ਜ਼ੁਲਮ ਹੋਏ। ਉਸ ਸਮੇਂ ਯਹੂਦੀਆਂ ਦੀ ਸਭ ਤੋਂ ਵੱਡੀ ਵੱਸੋਂ ਰੂਸੀ ਬਾਦਸ਼ਾਹਤ ਵਿਚ ਸੀ। 1897 ਵਿਚ ਥਿਓਡਨ ਹੈਰਜਾਲ ਨੇ ਪਹਿਲੀ ਜ਼ਾਇਨਇਸਟ ਕਾਂਗਰਸ ਵਿਚ ਯਹੂਦੀਆਂ ਲਈ ਆਪਣਾ ਵਤਨ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ। 1903 ਵਿਚ ਇੰਗਲੈਂਡ ਨੇ ਤਜਵੀਜ਼ ਪੇਸ਼ ਕੀਤੀ ਕਿ ਯਹੂਦੀਆਂ ਨੂੰ ਯੂਗਾਂਡਾ ਵਿਚ ਵਸਾਇਆ ਜਾਵੇ।
1917 ਵਿਚ ਇੰਗਲੈਂਡ ਨੇ ਫਲਸਤੀਨ ਵਿਚ ‘ਯਹੂਦੀ ਲੋਕਾਂ ਦਾ ਕੌਮੀ ਘਰ` ਬਣਾਉਣ ਦੀ ਤਜਵੀਜ਼ ਰੱਖੀ ਜਿਸ ਵਿਚ ਯਹੂਦੀ ਘੱਟਗਿਣਤੀ ਵਿਚੋਂ ਹੋਣ। ਇੰਗਲੈਂਡ ਦੇ ਤਤਕਾਲੀ ਵਿਦੇਸ਼ ਮੰਤਰੀ ਆਰਥਰ ਬੈਲਫੋਰ ਦਾ ਇਹ ਐਲਾਨਨਾਮਾ ‘ਬੈਲਫੋਰ ਐਲਾਨਨਾਮਾ’ ਨਾਲ ਜਾਣਿਆ ਜਾਂਦਾ ਹੈ ਅਤੇ ਆਧੁਨਿਕ ਇਜ਼ਰਾਈਲ ਦੇ ਬਣਾਉਣ ਵਿਚ ਮਹੱਤਵਪੂਰਨ ਮੀਲ ਪੱਥਰ ਮੰਨੀ ਜਾਂਦੀ ਹੈ। ਯਹੂਦੀਆਂ ਦਾ ਫਲਸਤੀਨ ਪਹੁੰਚਣਾ ਤੇਜ਼ ਹੋਇਆ।
1934: ਸੋਵੀਅਤ ਯੂਨੀਅਨ ਨੇ ਕਰੀਮੀਆ ਤੇ ਯੂਕਰੇਨ ਵਿਚ ਯਹੂਦੀ ਜ਼ਿਲ੍ਹੇ ਬਣਾਏ; ਚੀਨ ਦੀ ਸਰਹੱਦ ਦੇ ਨਜ਼ਦੀਕ ਇਕ ‘ਖ਼ੁਦਮੁਖਤਿਆਰ ਯਹੂਦੀ ਇਲਾਕਾ` ਬਣਾਇਆ ਜਿਸ ਦੀ ਹੋਂਦ ਅਜੇ ਤਕ ਕਾਇਮ ਹੈ।
1930-40 ਵਿਚ ਇੰਗਲੈਂਡ ਦੀ ਜ਼ਾਇਨਇਸਟ ਕੌਂਸਲ ਨੇ ਆਸਟਰੇਲੀਆ ਦੇ ਉੱਤਰ ਪੱਛਮੀ ਇਲਾਕੇ ਕਿੰਬਰਲੇ ਵਿਚ ਵਸਣ ਦੀਆਂ ਵਿਉਂਤਾਂ ਬਣਾਈਆਂ ਪਰ ਆਸਟਰੇਲੀਆ ਸਰਕਾਰ ਸਹਿਮਤ ਨਾ ਹੋਈ। ਇਸੇ ਤਰ੍ਹਾਂ ਇਕ ਵਿਉਂਤ ਆਸਟਰੇਲੀਆ ਦੇ ਤਸਮਾਨੀਆ ਇਲਾਕੇ ਵਿਚ ਵਸਣ ਬਾਰੇ ਬਣਾਈ ਗਈ ਜੋ ਸਫਲ ਨਾ ਹੋਈ।
ਕਈ ਹੋਰ ਦੇਸ਼ਾਂ ਜਿਵੇਂ ਇਕੁਆਡੋਰ ਤੇ ਸੂਰੀਨਾਮ ਵਿਚ ਵਸਣ ਦੀਆਂ ਵਿਉਂਤਾਂ ਵੀ ਬਣਾਈਆਂ ਗਈਆਂ।
1948: 1930-40ਵਿਆਂ ਨਾਜ਼ੀਆਂ ਨੇ ਯੂਰਪ ਵਿਚ ਯਹੂਦੀਆਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਜਿਸ ਵਿਚ 60 ਲੱਖ ਤੋਂ ਜ਼ਿਆਦਾ ਯਹੂਦੀ ਮਾਰੇ ਗਏ। ਯਹੂਦੀ ਵੱਡੀ ਗਿਣਤੀ ਵਿਚ ਫਲਸਤੀਨ ਪਹੁੰਚਣ ਲੱਗੇ। 1922 ਵਿਚ ਫਲਸਤੀਨ ਵਿਚ 89 ਫ਼ੀਸਦੀ ਅਰਬ ਸਨ ਤੇ 11 ਫ਼ੀਸਦੀ ਯਹੂਦੀ। 1948 ਵਿਚ ਯਹੂਦੀਆਂ ਦੀ ਗਿਣਤੀ 31 ਫ਼ੀਸਦੀ ਹੋ ਗਈ।
ਆਧੁਨਿਕ ਇਜ਼ਰਾਈਲ ਵਿਚ 74 ਫ਼ੀਸਦੀ ਯਹੂਦੀ ਹਨ ਅਤੇ 21 ਫ਼ੀਸਦੀ ਅਰਬ। ਇਸ ਸਮੇਂ ਸਾਰੀ ਦੁਨੀਆ ਵਿਚ ਯਹੂਦੀਆਂ ਦੀ ਵੱਸੋਂ 1.5 ਤੋਂ 2 ਕਰੋੜ ਹੈ ਜਿਨ੍ਹਾਂ ਵਿਚੋਂ 70 ਲੱਖ ਇਜ਼ਰਾਈਲ ਵਿਚ ਵੱਸਦੇ ਹਨ ਅਤੇ 60 ਲੱਖ ਤੋਂ ਵੱਧ ਅਮਰੀਕਾ ਵਿਚ। ਫਰਾਂਸ, ਕੈਨੇਡਾ, ਇੰਗਲੈਂਡ, ਅਰਜਨਟਾਈਨਾ, ਰੂਸ, ਜਰਮਨੀ, ਆਸਟਰੇਲੀਆ, ਬ੍ਰਾਜ਼ੀਲ ਆਦਿ `ਚ ਵੀ ਯਹੂਦੀ ਵੱਡੀ ਗਿਣਤੀ ਵਿਚ ਹਨ।
ਯਹੂਦੀਆਂ ਨੇ ਜ਼ਮੀਨਾਂ ਖ਼ਰੀਦਣ ਤੋਂ ਲੈ ਕੇ ਫਲਸਤੀਨੀਆਂ ਨੂੰ ਉਜਾੜਨ ਤੱਕ ਹਰ ਹੀਲਾ ਵਰਤ ਕੇ ਲੱਖਾਂ ਲੋਕਾਂ ਨੂੰ ਬੇਘਰ ਕਰ ਦਿੱਤਾ। 1948 ਵਿਚ ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਦੋ ਵੱਖ-ਵੱਖ ਆਜ਼ਾਦ ਦੇਸ਼ਾਂ ਇਜ਼ਰਾਈਲ ਅਤੇ ਫਲਸਤੀਨ ਵਿਚ ਵੰਡਣ ਦਾ ਮਤਾ ਪਾਸ ਕੀਤਾ। ਅਰਬ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ ਜਿਸ ਕਾਰਨ ਅਰਬ ਦੇਸ਼ਾਂ ਅਤੇ ਇਜ਼ਰਾਈਲ ਵਿਚ ਜੰਗ ਹੋਈ ਜਿਸ ਵਿਚ ਇਜ਼ਰਾਈਲ ਜਿੱਤਿਆ। ਇਸ ਜੰਗ ਵਿਚ ਮਿਸਰ ਨੇ ਗਾਜ਼ਾ `ਤੇ ਅਤੇ ਜਾਰਡਨ ਨੇ ਵੈਸਟ ਬੈਂਕ (ਪੱਛਮੀ ਕਿਨਾਰਾ) `ਤੇ ਕਬਜ਼ਾ ਕਰ ਲਿਆ। 1968 ਵਿਚ ਹੋਈ ਜੰਗ ਵਿਚ ਇਜ਼ਰਾਈਲ ਨੇ ਪੱਛਮੀ ਬੈਂਕ ਅਤੇ ਗਾਜ਼ਾ `ਤੇ ਵੀ ਕਬਜ਼ਾ ਕਰ ਲਿਆ। ਵੈਸਟ ਬੈਂਕ ਨਾਮ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਇਹ ਜਾਰਡਨ ਦਰਿਆ ਦੇ ਪੱਛਮੀ ਕਿਨਾਰੇ `ਤੇ ਸਥਿਤ ਹੈ।
ਫਲਸਤੀਨ ਅਤੇ ਇਜ਼ਰਾਈਲ
ਆਧੁਨਿਕ ਇਜ਼ਰਾਈਲ (ਜੋ ਪਹਿਲਾਂ ਫਲਸਤੀਨ ਹੀ ਸੀ: ਕੁੱਲ ਇਲਾਕਾ ਲਗਭਗ 22072 ਵਰਗ ਕਿਲੋਮੀਟਰ) ਦੇ ਉੱਤਰ ਵਿਚ ਲਬਿਨਾਨ ਹੈ, ਪੂਰਬ ਵਿਚ ਸੀਰੀਆ ਤੇ ਜਾਰਡਨ, ਦੱਖਣ ਵਿਚ ਮਿਸਰ ਅਤੇ ਪੱਛਮ ਵਿਚ ਭੂਮੱਧ ਸਾਗਰ। ਇਜ਼ਰਾਈਲ 1948 ਵਿਚ ਹੋਂਦ ਵਿਚ ਆਇਆ ਤੇ ਫਲਸਤੀਨ ਦੀ ਹੋਂਦ ਗਾਜ਼ਾ (ਸਿਰਫ਼ 365 ਵਰਗ ਕਿਲੋਮੀਟਰ ਇਲਾਕਾ) ਅਤੇ ਵੈਸਟ ਬੈਂਕ (5655 ਵਰਗ ਕਿਲੋਮੀਟਰ ਇਲਾਕਾ) ਤੱਕ ਮਹਿਦੂਦ ਹੈ।
ਇਜ਼ਰਾਈਲ ਪੁਰਾਤਨ ਫਲਸਤੀਨ ਦੇ 77 ਫ਼ੀਸਦੀ ਇਲਾਕੇ ਵਿਚ ਸਥਿਤ ਹੈ। ਗਾਜ਼ਾ ਅਤੇ ਵੈਸਟ ਬੈਂਕ ਇਲਾਕੇ ਪੁਰਾਣੇ ਫਲਸਤੀਨ ਦਾ 23 ਫ਼ੀਸਦੀ ਹਿੱਸਾ ਹਨ। ਇਨ੍ਹਾਂ ਇਲਾਕਿਆਂ (ਗਾਜ਼ਾ ਤੇ ਵੈਸਟ ਬੈਂਕ) ਵਿਚ ਬਹੁਤ ਹੀ ਸੀਮਤ ਅਧਿਕਾਰਾਂ ਵਾਲੀ ਫਲਸਤੀਨੀ ਅਥਾਰਿਟੀ (ਸਰਕਾਰ ਨਹੀਂ) ਹੈ। ਗਾਜ਼ਾ ਅਤੇ ਵੈਸਟ ਬੈਂਕ ਦੋਹਾਂ ਵਿਚ ਪਾਣੀ ਦੀ ਵੱਡੀ ਕਮੀ ਹੈ। ਇਜ਼ਰਾਈਲ ਪਾਣੀ ਨੂੰ ਹਥਿਆਰ ਵਜੋਂ ਵਰਤਦਾ ਹੈ।
ਗਾਜ਼ਾ
ਗਾਜ਼ਾ ਸਿਰਫ਼ 365 ਵਰਗ ਕਿਲੋਮੀਟਰ ਦਾ ਇਲਾਕਾ ਹੈ; ਅਸਲ ਵਿਚ ਇਹ 61 ਕਿਲੋਮੀਟਰ ਲੰਮੀ ਤੇ ਔਸਤਨ 8 ਕਿਲੋਮੀਟਰ (6-12 ਕਿਲੋਮੀਟਰ) ਚੌੜੀ ਪੱਟੀ ਹੈ ਜਿਸ ਦੀ ਦੱਖਣੀ ਪੱਛਮੀ ਸਰਹੱਦ ਮਿਸਰ ਨਾਲ ਲੱਗਦੀ ਹੈ ਤੇ ਪੂਰਬੀ ਤੇ ਉੱਤਰੀ ਸਰਹੱਦਾਂ ਇਜ਼ਰਾਈਲ ਨਾਲ; ਪੱਛਮ ਵਿਚ ਭੂਮੱਧ ਸਾਗਰ ਹੈ। ਇੱਥੇ 23 ਲੱਖ ਫਲਸਤੀਨੀ ਰਹਿੰਦੇ ਹਨ ਜਿਨ੍ਹਾਂ ਵਿਚੋਂ 10 ਲੱਖ ਤੋਂ ਜ਼ਿਆਦਾ ਸੰਯੁਕਤ ਰਾਸ਼ਟਰ ਦੁਆਰਾ ਰਜਿਸਟਰਡ ਪਨਾਹਗੀਰ ਹਨ।
ਇਸ ਤਰ੍ਹਾਂ ਇੱਥੇ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ 1948 ਵਿਚ ਨਵਾਂ ਦੇਸ਼ (ਇਜ਼ਰਾਈਲ) ਬਣਾਉਣ ਵੇਲੇ ਉਜਾੜ ਕੇ ਆਪਣੇ ਘਰਾਂ `ਚੋਂ ਕੱਢ ਦਿੱਤਾ ਗਿਆ। ਗਾਜ਼ਾ ਦੀ ਵੱਸੋਂ ਦਾ 41 ਫ਼ੀਸਦੀ ਹਿੱਸਾ 14 ਸਾਲ ਦੀ ਉਮਰ ਦੇ ਬੱਚੇ ਹਨ। 2022 ਦੀ ‘ਬੱਚਿਆਂ ਨੂੰ ਬਚਾਓ ਰਿਪੋਰਟ` ਅਨੁਸਾਰ 80 ਫ਼ੀਸਦੀ ਬੱਚੇ ਡੂੰਘੇ ਦੁੱਖ, ਡਰ ਤੇ ਘੋਰ ਉਦਾਸੀ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹਨ ਅਤੇ 50 ਫ਼ੀਸਦੀ ਖ਼ੁਦਕੁਸ਼ੀ ਦੀਆਂ ਸੋਚਾਂ ਵਿਚ ਗ੍ਰਸਤ।
ਯੇਰੂਸ਼ਲਮ, ਪੰਜਾਬ ਤੇ ਭਾਰਤ
ਇਹ ਪੁਰਾਤਨ ਸ਼ਹਿਰ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ। ਇੱਥੇ ਯਹੂਦੀਆਂ ਦੇ ਪੁਰਾਤਨ ਮੰਦਰ ਹਨ ਤੇ ਯਹੂਦੀ ਰਵਾਇਤ ਅਨੁਸਾਰ ਪੈਗੰਬਰ ਦਾਊਦ ਨੇ ਇੱਥੇ ਇਜ਼ਰਾਈਲ ਦੀ ਬਾਦਸ਼ਾਹਤ ਕਾਇਮ ਕੀਤੀ: ਇੱਥੇ ਹਜ਼ਰਤ ਈਸਾ ਮਸੀਹ ਦਾ ਸ਼ਹੀਦੀ ਸਥਾਨ ਹੈ; ਇਸਲਾਮੀ ਰਵਾਇਤ ਅਨੁਸਾਰ ਇੱਥੋਂ ਹੀ ਪੈਗੰਬਰ ਹਜ਼ਰਤ ਮੁਹੰਮਦ ਬਹਿਸ਼ਤ ਵਿਚ ਗਏ।
ਪੰਜਾਬ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ 13ਵੀਂ ਸਦੀ ਦੇ ਸ਼ੁਰੂ ਵਿਚ ਕੁਝ ਸਮੇਂ ਲਈ ਯੇਰੂਸ਼ਲਮ ਵਿਚ ਰਹੇ। 1948 ਤੋਂ ਪਹਿਲਾਂ ਭਾਰਤ ਦੇ ਮੁਸਲਮਾਨ ਹੱਜ ਨੂੰ ਜਾਂਦੇ ਸਮੇਂ ਇੱਥੇ ਰੁਕਦੇ ਤੇ ਸ਼ੇਖ ਫ਼ਰੀਦ ਦੇ ਸਰਾਂ/ਸਰਾਏ ਸਥਾਨ `ਤੇ ਦੁਆ ਮੰਗਦੇ। ਇਸ ਨੂੰ ਅੱਲ ਹਿੰਦ ਸਰਾਂ/ਸਰਾਏ ਕਿਹਾ ਜਾਂਦਾ ਹੈ। 1967 ਵਿਚ ਇਜ਼ਰਾਈਲ ਨੇ ਯੇਰੂਸ਼ਲਮ `ਤੇ ਕਬਜ਼ਾ ਕਰ ਲਿਆ। ਸ਼ੇਖ ਫ਼ਰੀਦ ਦੇ ਸਥਾਨ `ਤੇ ਵੀ ਰਾਕਟ ਵੱਜੇ।
ਮੰਨਿਆ ਜਾਂਦਾ ਹੈ ਕਿ ਸ਼ੇਖ ਫ਼ਰੀਦ ਜੀ ਨੇ ਇੱਥੇ 40 ਦਿਨ ਦਾ ਚਿੱਲਾ ਕੱਟਿਆ, ਤਪੱਸਿਆ ਕੀਤੀ ਤੇ ਫਿਰ ਪੰਜਾਬ ਪਰਤ ਗਏ ਸਨ। ਫ਼ਰੀਦ ਜੀ ਦੀ ਇਹ ਸਤਰ, “ਫਰੀਦਾ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮਿ॥” (ਭਾਵ- ਹੇ ਫ਼ਰੀਦ ਇਨ੍ਹਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਂ ਥਲ ਤੇ ਪਹਾੜ ਗਾਹੇ ਹਨ)। ਸ਼ਾਇਦ ਅਜਿਹੀ ਲੰਮੀ ਯਾਤਰਾ ਦੇ ਅਨੁਭਵ `ਚੋਂ ਹੀ ਉਗਮਿਆ ਹੈ। ਫ਼ਰੀਦ ਜੀ ਦੇ ਸਥਾਨ ਨੂੰ ਅੱਲ ਹਿੰਦ ਸਰਾਂ/ਸਰਾਏ ਕਿਹਾ ਜਾਂਦਾ ਹੈ।
ਬੀ.ਬੀ.ਸੀ. ਦੇ ਪੱਤਰਕਾਰ ਡੇਨੀਅਲ ਸਿਲਾਸ ਐਡਮਸਨ ਅਨੁਸਾਰ 17ਵੀਂ ਸਦੀ ਵਿਚ ਯੇਰੂਸ਼ਲਮ ਵਿਚ 70 ਸੂਫ਼ੀ ਸਰਾਵਾਂ ਸਨ; 1923 ਵਿਚ ਇਸ ਸ਼ਹਿਰ ਤੋਂ ਇਕ ਵਫ਼ਦ ਨੇ ਭਾਰਤ ਦਾ ਦੌਰਾ ਕੀਤਾ ਅਤੇ ਸ਼ੇਖ ਫ਼ਰੀਦ ਦੀ ਸਰਾਂ/ਸਥਾਨ ਦੀ ਮੁਰੰਮਤ ਲਈ ਪੈਸੇ ਇਕੱਠੇ ਕੀਤੇ; 1924 ਵਿਚ ਸਹਾਰਨਪੁਰ ਤੋਂ ਨਜ਼ੀਰ ਹਸਨ ਅਨਸਾਰੀ ਉੱਥੇ ਪਹੁੰਚਿਆ ਤੇ ਉਸ ਨੇ ਉਸ ਅੱਲ ਹਿੰਦ ਸਰਾਂ ਨੂੰ ਸੰਭਾਲਿਆ। ਉਸ ਦੀ ਔਲਾਦ ਅਜੇ ਵੀ ਉੱਥੇ ਰਹਿੰਦੀ ਹੈ। ਨਵਤੇਜ ਸਰਨਾ ਨੇ ਇਸ ਬਾਰੇ ਕਿਤਾਬ ‘ਇੰਡੀਅਨਜ਼ ਐਟ ਹੈਰੋਡ’ਜ਼ ਗੇਟ’ ਲਿਖੀ ਹੈ।