ਗਾਜ਼ਾ: ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਹਿਜਰਤ

ਦੀਰ ਅਲ-ਬਾਲਾਹ: ਇਜ਼ਰਾਈਲ ਵੱਲੋਂ ਹਮਾਸ ਖਿਲਾਫ ਜ਼ਮੀਨੀ ਕਾਰਵਾਈ ਦੇ ਖਦਸ਼ੇ ਦਰਮਿਆਨ ਗਾਜ਼ਾ ਦੇ 23 ਲੱਖ ਲੋਕ ਸੁਰੱਖਿਆ, ਭੋਜਨ ਅਤੇ ਪਾਣੀ ਲਈ ਤਰਸ ਗਏ ਹਨ। ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਦਾ ਉੱਤਰੀ ਇਲਾਕਾ ਖਾਲੀ ਕਰਨ ਦਾ ਦਿੱਤਾ ਅਲਟੀਮੇਟਮ ਭਾਵੇਂ ਖਤਮ ਹੋ ਗਿਆ ਹੈ ਪਰ ਲੱਖਾਂ ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰ ਰਹੇ ਹਨ ਜਦਕਿ ਹੋਰਾਂ ਨੇ ਇਥੇ ਹਸਪਤਾਲਾਂ ‘ਚ ਪਨਾਹ ਲੈ ਲਈ ਹੈ।

ਇਜ਼ਰਾਈਲ ਵੱਲੋਂ ਖਿੱਤੇ ‘ਚ ਅਮਰੀਕੀ ਜੰਗੀ ਬੇੜਿਆਂ ਦੀ ਤਾਇਨਾਤੀ ਨਾਲ ਇਜ਼ਰਾਇਲੀ ਫੌਜ ਨੇ ਗਾਜ਼ਾ ਸਰਹੱਦ ਦੇ ਆਲੇ-ਦੁਆਲੇ ਤੋਪਾਂ ਅਤੇ ਟੈਂਕਾਂ ਸਮੇਤ ਆਪਣੇ ਮੋਰਚੇ ਗੱਡ ਲਏ ਹਨ ਤਾਂ ਜੋ ਹਮਾਸ ਨੂੰ ਤਬਾਹ ਕੀਤਾ ਜਾ ਸਕੇ। ਗਾਜ਼ਾ ‘ਚ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਈਂਧਣ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਹਸਪਤਾਲਾਂ ‘ਚ ਹਜ਼ਾਰਾਂ ਲੋਕ ਮਰ ਸਕਦੇ ਹਨ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਇਲੀ ਕੈਬਨਿਟ ਮੀਟਿੰਗ ‘ਚ ਕਿਹਾ ਕਿ ਜੇਕਰ ਹਮਾਸ ਸੋਚਦਾ ਹੈ ਕਿ ਉਹ ਇਜ਼ਰਾਇਲੀਆਂ ਨੂੰ ਤੋੜ ਦੇਵੇਗਾ ਤਾਂ ਉਹ ਭੁਲੇਖੇ ‘ਚ ਹੈ। ਉਨ੍ਹਾਂ ਕਿਹਾ ਕਿ ਸਗੋਂ ਇਜ਼ਰਾਈਲ ਹਮਾਸ ਨੂੰ ਢਹਿ-ਢੇਰੀ ਕਰ ਦੇਵੇਗਾ। ਬੀਤੇ ਇਕ ਹਫਤੇ ਦੌਰਾਨ ਸਾਰਾ ਇਲਾਕਾ ਹਵਾਈ ਹਮਲਿਆਂ ਨਾਲ ਗੂੰਜ ਉੱਠਿਆ ਪਰ ਦਹਿਸ਼ਤੀਆਂ ਨੇ ਇਜ਼ਰਾਈਲ ‘ਚ ਰਾਕੇਟ ਦਾਗਣੇ ਬੰਦ ਨਹੀਂ ਕੀਤੇ ਹਨ। ਫੌਜ ਨੇ ਕਿਹਾ ਕਿ ਉਹ ਦੱਖਣ ਵਾਲੇ ਇਕੱਲੇ ਰੂਟ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕਰੇਗੀ। ਉਨ੍ਹਾਂ ਫਲਸਤੀਨੀਆਂ ਨੂੰ ਮੁੜ ਉੱਤਰੀ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ। ਇਜ਼ਰਾਇਲੀ ਫੌਜ ਦੇ ਮੁੱਖ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹੇਗਾਰੀ ਨੇ ਕਿਹਾ ਕਿ ਬਹੁਤ ਛੇਤੀ ਗਾਜ਼ਾ ਸਿਟੀ ‘ਤੇ ਹਮਲਾ ਕੀਤਾ ਜਾਵੇਗਾ ਪਰ ਉਸ ਨੇ ਹਮਲੇ ਦੇ ਸਮੇਂ ਬਾਰੇ ਕੁਝ ਨਹੀਂ ਦੱਸਿਆ। ਫਲਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਏਜੰਸੀ ਦੇ ਤਰਜਮਾਨ ਜੂਲੀਅਟ ਟਾਓਮਾ ਨੇ ਕਿਹਾ ਕਿ ਗਾਜ਼ਾ ‘ਚੋਂ ਪਿਛਲੇ ਇਕ ਹਫਤੇ ਦੌਰਾਨ ਅੰਦਾਜ਼ਨ 10 ਲੱਖ ਲੋਕ ਹਿਜਰਤ ਕਰ ਚੁੱਕੇ ਹਨ। ਗਾਜ਼ਾ ਸਿਟੀ ਦੇ ਮੁੱਖ ਹਸਪਤਾਲ ਅਲ-ਸ਼ਿਫਾ ‘ਚ 35 ਹਜ਼ਾਰ ਲੋਕ ਇਸ ਆਸ ‘ਚ ਪਹੁੰਚ ਗਏ ਹਨ ਕਿ ਇਜ਼ਰਾਇਲੀ ਫੌਜ ਵੱਲੋਂ ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਲੀਮ ਨੇ ਕਿਹਾ ਕਿ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ ਅਤੇ ਪਾਣੀ ‘ਤੇ ਈਂਧਣ ਦੀ ਕਮੀ ਹੁੰਦੀ ਜਾ ਰਹੀ ਹੈ। ਫਲਸਤੀਨੀਆਂ ਲਈ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਗਰਭਵਤੀ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਚਿੰਤਾ ਪ੍ਰਗਟਾਈ ਹੈ ਕਿਉਂਕਿ ਉਹ ਇਲਾਕਾ ਛੱਡ ਕੇ ਨਹੀਂ ਜਾ ਸਕਦੇ ਹਨ। ਏਜੰਸੀ ਨੇ ਇਜ਼ਰਾਈਲ ਨੂੰ ਆਮ ਨਾਗਰਿਕ, ਹਸਪਤਾਲ, ਸਕੂਲ, ਕਲੀਨਿਕ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਣਿਆਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕੀਤੀ ਹੈ। ਦੱਖਣੀ ਕਸਬੇ ਖਾਨ ਯੂਨਿਸ ਦੇ ਨਾਸਿਰ ਹਸਪਤਾਲ ‘ਚ ਜ਼ਖ਼ਮੀ ਭਰੇ ਹੋਏ ਹਨ।
ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਮੌਜੂਦਾ ਜੰਗ ਦੌਰਾਨ 2329 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਫਲਸਤੀਨੀਆਂ ਲਈ ਗਾਜ਼ਾ ਦੀਆਂ ਪੰਜ ਜੰਗਾਂ ‘ਚੋਂ ਇਹ ਸਭ ਤੋਂ ਮਾਰੂ ਜੰਗ ਰਹੀ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਇਜ਼ਰਾਈਲ ਅਤੇ ਹਮਾਸ ਵਿਚਕਾਰ 2014 ‘ਚ ਹੋਈ ਤੀਜੀ ਜੰਗ ‘ਚ ਮਾਰੇ ਗਏ 2251 ਫਲਸਤੀਨੀਆਂ ਨਾਲੋਂ ਜ਼ਿਆਦਾ ਹੋ ਗਈ ਸੀ। ਉਸ ਸਮੇਂ ਜੰਗ ਛੇ ਹਫਤੇ ਚੱਲੀ ਸੀ ਅਤੇ ਇਜ਼ਰਾਈਲ ‘ਚ ਛੇ ਆਮ ਨਾਗਰਿਕਾਂ ਸਣੇ 74 ਵਿਅਕਤੀ ਹਲਾਕ ਹੋਏ ਸਨ।
ਜੰਗਬੰਦੀ ਲਈ ਏਸ਼ਿਆਈ ਮੁਲਕ ਅੱਗੇ ਆਉਣ: ਜਥੇਦਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਜ਼ਰਾਈਲ-ਹਮਾਸ ਵਿਚਾਲੇ ਛਿੜੀ ਜੰਗ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਮਨੁੱਖਤਾ ਲਈ ਵੱਡਾ ਦੁਖਾਂਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਅਮਰੀਕਾ ਤੇ ਹੋਰ ਪੱਛਮੀ ਦੇਸਾਂ, ਇਸਲਾਮਿਕ ਮੁਲਕਾਂ ਅਤੇ ਏਸ਼ੀਆ ਦੇ ਵੱਡੇ ਦੇਸਾਂ ਨੂੰ ਅਪੀਲ ਹੈ ਕਿ ਇਸ ਮਸਲੇ ‘ਤੇ ਨਿਆਂਪੂਰਨ ਤਰੀਕੇ ਨਾਲ ਯੂ.ਐਨ.ਓ. ਦੀ ਅਗਵਾਈ ਵਿਚ ਕੋਈ ਹੱਲ ਕੱਢਿਆ ਜਾਵੇ ਤਾਂ ਜੋ ਮਨੁੱਖਤਾ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ‘ਚ ਵੱਸਦੇ ਸਿੱਖ ਅਮਨ-ਸ਼ਾਂਤੀ ਦੇ ਦੂਤ ਬਣ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਨ।
ਉੱਤਰੀ ਗਾਜ਼ਾ ਖਾਲੀ ਕਰਨ ਦਾ ਹੁਕਮ ਖਤਰਨਾਕ: ਗੁਟੇਰੇਜ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ ਨੇ ਕਿਹਾ ਕਿ ਇਜ਼ਰਾਈਲ ਦਾ ਉੱਤਰੀ ਗਾਜ਼ਾ ‘ਚ ਤਕਰੀਬਨ 11 ਲੱਖ ਲੋਕਾਂ ਨੂੰ 24 ਘੰਟੇ ਦੇ ਅੰਦਰ ਉਥੋਂ ਚਲੇ ਜਾਣ ਦੀ ਚਿਤਾਵਨੀ ਦੇਣਾ ਵਧੇਰੇ ਖਤਰਨਾਕ ਹੈ ਅਤੇ ਇਹ ਕਦੇ ਵੀ ਸੰਭਵ ਨਹੀਂ ਹੈ। ਜੰਗ ਦੇ ਵੀ ਕੁਝ ਨੇਮ ਹੁੰਦੇ ਹਨ। ਉਨ੍ਹਾਂ ਪੱਛਮੀ ਏਸ਼ੀਆ ਦੇ ਹਾਲਾਤ ‘ਤੇ ਸਲਾਮਤੀ ਕੌਂਸਲ ਦੀ ਮੀਟਿੰਗ ‘ਚ ਹਿੱਸਾ ਲੈਣ ਲਈ ਜਾਣ ਤੋਂ ਪਹਿਲਾਂ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਦੱਖਣੀ ਗਾਜ਼ਾ ‘ਚ ਹਸਪਤਾਲ ਪਹਿਲਾਂ ਤੋਂ ਹੀ ਜ਼ਖ਼ਮੀਆਂ ਨਾਲ ਭਰੇ ਹੋਏ ਹਨ ਅਤੇ ਉਹ ਉੱਤਰੀ ਗਾਜ਼ਾ ਦੇ ਹਜ਼ਾਰਾਂ ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕਣਗੇ।