ਚੰਡੀਗੜ੍ਹ: ਸਤਲੁਜ ਯਮੁਨਾ ਲਿੰਕ (ਐਸ.ਵਾਈ.ਐਲ) ਨਹਿਰ ਦੇ ਮੁੱਦੇ ਉਤੇ ਪੰਜਾਬ ਵਿਚ ਸਿਆਸੀ ਘਮਸਾਣ ਜਾਰੀ ਹੈ। ਸਿਆਸੀ ਧਿਰਾਂ ਇਸ ਮੁੱਦੇ ਉਤੇ ਇਕ-ਦੂਜੇ ਨੂੰ ਘੇਰਨ ਲਈ ਟਿੱਲ ਲਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਵਿਚ ‘ਆਪ` ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਹਿਣ ਉਤੇ ਪੰਜਾਬ ਦੇ ਹਿੱਤਾਂ ਦਾ ਸਮਝੌਤਾ
ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਾਂਗਰਸ ਪਾਰਟੀ ਨਾਲ ਰਲ ਕੇ ਰਾਵੀ-ਬਿਆਸ ਦਾ ਪਾਣੀ ਸਤਲੁਜ ਯਮੁਨਾ ਲਿੰਕ (ਐਸ.ਵਾਈ.ਐਲ.) ਨਹਿਰ ਰਾਹੀਂ ਹਰਿਆਣਾ ਨੂੰ ਦੇਣ ਲਈ ਕੇਂਦਰੀ ਸਰਵੇਖਣ ਪੂਰਾ ਕਰਵਾਉਣਾ ਚਾਹੁੰਦੇ ਹਨ। ਅਕਾਲੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਆਪ` ਸਰਕਾਰ ਭੁੱਲ ਗਈ ਹੈ ਕਿ ਪੰਜਾਬ ਨਾਲ ਸਾਰੇ ਅਨਿਆਂ ਕਾਂਗਰਸ ਪਾਰਟੀ ਨੇ ਕੀਤੇ ਹਨ, ਭਾਵੇਂ ਉਹ 1955 ਵਿਚ ਅੱਧਾ ਪਾਣੀ ਰਾਜਸਥਾਨ ਨੂੰ ਦੇਣ ਦਾ ਮਾਮਲਾ ਹੋਵੇ ਜਾਂ ਫਿਰ ਬਾਅਦ ਵਿਚ ਅੱਧਾ ਹਰਿਆਣਾ ਨੂੰ ਦੇਣ ਦਾ ਅਤੇ 1981 ਤੇ 1982 ਵਿਚ ਐਸ.ਵਾਈ.ਐਲ. ਨਹਿਰ ਪੁੱਟਣ ਦੀ ਸ਼ੁਰੂਆਤ ਕਰਨ ਦਾ ਹੋਵੇ। ਉਨ੍ਹਾਂ ‘ਆਪ` ਵੱਲੋਂ ਅਕਾਲੀ ਦਲ ਦੀ ਬਦਨਾਮੀ ਕਰਨ ਲਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਦੇ ਵਿਧਾਨ ਸਭਾ ਵਿਚ ਦਿੱਤੇ ਇਕ ਸਫੇ ਦੇ ਭਾਸ਼ਣ ਨੂੰ ਵਰਤਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਹ ਭੁੱਲ ਗਈ ਹੈ ਕਿ 122 ਕਿੱਲੋਮੀਟਰ ਲੰਬੀ ਐਸ.ਵਾਈ.ਐੱਲ. ਗਿਆਨੀ ਜ਼ੈਲ ਸਿੰਘ ਵੱਲੋਂ 1977 ਵਿਚ ਦਿੱਤੀ ਪ੍ਰਸ਼ਾਸਕੀ ਮਨਜ਼ੂਰੀ ਮਗਰੋਂ ਸ਼ੁਰੂ ਹੋਈ ਤੇ ਇਸ ਦੌਰਾਨ ਗਿਆਨੀ ਜ਼ੈਲ ਸਿੰਘ ਨੇ ਇਕ ਕਰੋੜ ਰੁਪਏ ਹਰਿਆਣਾ ਤੋਂ ਪ੍ਰਾਪਤ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੀ ਪੰਜਾਬ ਦੇ ਦਰਿਆਈ ਪਾਣੀਆਂ ਦੇ ਅਸਲ ਰਾਖੇ ਸਨ। ਉਧਰ, ਆਮ ਆਦਮੀ ਪਾਰਟੀ (ਆਪ) ਨੇ ਨਹਿਰ ਦੇ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ `ਤੇ ਤਿੱਖਾ ਹਮਲਾ ਕੀਤਾ ਹੈ। ‘ਆਪ` ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੀਆਂ ਸੜਕਾਂ `ਤੇ ਪ੍ਰਦਰਸ਼ਨ ਕਰਦਿਆਂ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਦੇ ਪਾਣੀ ਦੀ ਇਕ ਬੂੰਦ ਵੀ ਬਾਹਰ ਨਹੀਂ ਜਾਣ ਦੇਣਗੇ ਅਤੇ ਐਸ.ਵਾਈ.ਐਲ. ਨਹਿਰ ਦੀ ਉਸਾਰੀ ਨਹੀਂ ਹੋਣ ਦੇਣਗੇ।
ਸ੍ਰੀ ਕੰਗ ਨੇ ਕਿਹਾ ਕਿ 20 ਫਰਵਰੀ 1978 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜ਼ਮੀਨ ਐਕੁਆਇਰ ਬਿੱਲ ਦੀ ਧਾਰਾ 4 ਤਹਿਤ ਐਸ.ਵਾਈ.ਐਲ. ਲਈ ਜ਼ਮੀਨ ਐਕੁਆਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਉਨ੍ਹਾਂ ਨਾਲ ਦੋਸਤੀ ਦੇ ਗੁਣਗਾਨ ਕੀਤੇ ਸਨ। ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਰਿਕਾਰਡ ਵਿਚ ਹੈ ਅਤੇ ਦੇਵੀ ਲਾਲ ਦਾ ਭਾਸ਼ਣ ਹਰਿਆਣਾ ਵਿਧਾਨ ਸਭਾ ਦੀ ਕਾਰਵਾਈ ਦੇ ਰਿਕਾਰਡ ਵਿਚ ਹੈ। ਸ੍ਰੀ ਕੰਗ ਨੇ ਕਿਹਾ ਕਿ ਐਸ.ਵਾਈ.ਐਲ. ਲਈ ਜ਼ਮੀਨ ਐਕੁਆਇਰ ਕਰਨ ਦਾ ਸੂਬੇ ਦੇ ਲੋਕਾਂ ਨੇ ਵੱਡੇ ਪੱਧਰ ‘ਤੇ ਵਿਰੋਧ ਕੀਤਾ। ਇਸੇ ਤਰ੍ਹਾਂ ਖੇਤੀ ਕਾਨੂੰਨਾਂ ਵੇਲੇ ਕੇਂਦਰੀ ਮੰਤਰੀ ਹੁੰਦਿਆਂ ਹਰਸਿਮਰਤ ਕੌਰ ਬਾਦਲ ਨੇ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ‘ਤੇ ਦਸਤਖ਼ਤ ਕੀਤੇ ਸਨ ਪਰ ਵਿਰੋਧ ਜ਼ਿਆਦਾ ਹੋਣ ਕਾਰਨ ਪਿੱਛੇ ਹਟ ਗਏ ਸਨ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਨੂੰ ਜਵਾਬ ਦੇਣ ਕਿ ਸਰਕਾਰ ਨੇ ਸੁਪਰੀਮ ਕੋਰਟ ਵਿਚ ਐਸ.ਵਾਈ.ਐਲ. ਦੇ ਮਸਲੇ ‘ਤੇ ਗੋਡੇ ਕਿਉਂ ਤੇ ਕਿਹੜੇ ਹਿੱਤਾਂ ਦੀ ਪੂਰਤੀ ਲਈ ਟੇਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਦੋਂ ਕੋਈ ਮਸਲਾ ਉੱਠਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦਾ ਧਿਆਨ ਵੰਡਾਉਣ ਲਈ ਉਦੋਂ ਕੋਈ ਨਾ ਕੋਈ ਸ਼ਗੂਫ਼ਾ ਛੱਡ ਦਿੰਦੇ ਹਨ।
ਉਨ੍ਹਾਂ ਕਿਹਾ, “ਪੰਜਾਬ ਦੇ ਲੋਕਾਂ ਨੇ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਈ ਹੈ ਤੇ ਤੁਹਾਨੂੰ ਲੋਕਾਂ ਨੂੰ ਜਵਾਬ ਤਾਂ ਦੇਣੇ ਪੈਣਗੇ, ਭੱਜਿਆਂ ਨਹੀਂ ਸਰਨਾ।“ ਜਾਖੜ ਨੇ ਕਿਹਾ ਕਿ ਜੇਕਰ ਅਸਲ ਵਿਚ ਹੀ ਪੰਜਾਬ ਦੇ ਪਾਣੀਆਂ ਤੇ ਲੋਕ ਮੁੱਦਿਆਂ ਦੀ ਗੱਲ ਕਰਨੀ ਹੈ ਤਾਂ ਆਓ ਅਬੋਹਰ ਦੀਆਂ ਟੇਲਾਂ ‘ਤੇ ਜਾ ਕੇ ਗੱਲ ਕਰੀਏ ਜਿੱਥੇ ਪਾਣੀ ਦੀ ਮਾਰ ਸਭ ਤੋਂ ਵੱਧ ਪੈਂਦੀ ਹੈ ਤੇ ਅੱਗੇ ਵੀ ਪੈਣੀ ਹੈ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਚਰਚਾ ਰੱਖੋ ਜਿੱਥੇ ਇਸ ਦੇ ਸਾਰਥਕ ਹੱਲ ਨਿਕਲ ਸਕਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦਾ ਪ੍ਰਸਤਾਵ ਤੁਰਤ ਵਾਪਸ ਲੈਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ‘ਆਪ` ਸਰਕਾਰ ਇਸ ਮਾਮਲੇ `ਤੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਨਹਿਰ ਦੇ ਨਿਰਮਾਣ ਦਾ ਸਰਵੇਖਣ ਕਰਨ ਲਈ ਇਕ ਆਨਲਾਈਨ ਪੋਰਟਲ ਜਾਰੀ ਕੀਤਾ ਹੈ। ਇਸ ਸਾਜ਼ਿਸ਼ ਨੂੰ ਛੁਪਾਉਣ ਅਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਐਸ.ਵਾਈ.ਐਲ. ਦੇ ਸਰਵੇਖਣ ਦਾ ਆਰਡਰ ਲਿਸਟ ਵਿਚ ਜਾਣ ਬੁੱਝ ਕੇ ਸੀਰੀਅਲ ਨੰਬਰ 32 ਰੱਖਿਆ ਗਿਆ ਹੈ।
ਕੇਜਰੀਵਾਲ ਦੇ ਇਸ਼ਾਰੇ `ਤੇ ਹੋ ਰਿਹੈ ਨੁਕਸਾਨ: ਸੁਖਬੀਰ
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਦੇ ਕਥਿਤ ਇਸ਼ਾਰੇ ‘ਤੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ; ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਭਵਿੱਖ ਵਿਚ ਵੀ ਲੜਦਾ ਰਹੇਗਾ। ਅਕਾਲੀ ਦਲ ਐਸ.ਵਾਈ.ਐਲ. ਦੇ ਮੁੱਦੇ ‘ਤੇ ਮੁੱਖ ਮੰਤਰੀ ਨਾਲ ਕਿਸੇ ਵੀ ਤਰ੍ਹਾਂ ਦੀ ਬਹਿਸ ਦੇ ਹੱਕ ਵਿਚ ਨਹੀਂ ਬਲਕਿ ਅਕਾਲੀ ਦਲ ਪੰਜਾਬ ਦੇ ਸਾਰੇ ਮੁੱਦਿਆਂ ਦੇ ਹੱਲ ਲਈ ਵਚਨਬੱਧ ਹੈ। ਭਗਵੰਤ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਹੀ ਐਸ.ਵਾਈ.ਐਲ. ਦੇ ਮੁੱਦੇ ‘ਤੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।