ਨਸਲੀ ਨਫਰਤ: ਸ਼ਿਕਾਗੋ `ਚ 6 ਸਾਲਾ ਬੱਚੇ ਦੀ ਹੱਤਿਆ

ਸ਼ਿਕਾਗੋ: ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਦਾ ਸੇਕ ਅਮਰੀਕੀ ਸ਼ਹਿਰ ਸ਼ਿਕਾਗੋ ਤੱਕ ਪਹੁੰਚ ਗਿਆ ਹੈ। ਸ਼ਿਕਾਗੋ ਵਿਚ ‘ਨਸਲੀ ਨਫ਼ਰਤ ਦਾ ਭਿਆਨਕ ਕਾਰਾ` ਸਾਹਮਣੇ ਆਇਆ। ਇਥੇ ਛੇ ਸਾਲ ਦੇ ਮਾਸੂਮ ਬੱਚੇ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਸ ਦਾ ਪਰਿਵਾਰ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਸੀ। ਰਾਸ਼ਟਰਪਤੀ ਜੋਅ ਬਾਇਡਨ ਨੇ ਨਫਰਤੀ ਅਪਰਾਧ ਦੀ ਹੈਰਾਨ ਕਰਨ ਵਾਲੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ

। ਮੀਡੀਆ ਰਿਪੋਰਟਾਂ ਅਨੁਸਾਰ ਇਥੇ ਮਕਾਨ ਮਾਲਿਕ ਨੇ ਚਾਕੂ ਮਾਰ-ਮਾਰ ਕੇ 6 ਸਾਲ ਦੇ ਲੜਕੇ ਦੀ ਹੱਤਿਆ ਕਰ ਦਿੱਤੀ। ਲੜਕੇ ਦੀ ਮਾਂ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਉਹ ਮੁਸਲਿਮ ਕਿਰਾਏਦਾਰ ਸਨ। ਸ਼ਿਕਾਗੋ ਦੇ ਰਹਿਣ ਵਾਲੇ 71 ਸਾਲਾ ਜੋਸੇਫ ਐਮ. ਕਜ਼ੂਬਾ ਨੂੰ 6 ਸਾਲ ਦੇ ਲੜਕੇ ਦੀ ਹੱਤਿਆ ਅਤੇ ਉਸ ਦੀ ਮਾਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰਨ ਅਤੇ ਨਫਰਤੀ ਅਪਰਾਧ ਦੇ ਦੋਸ਼ਾਂ ਵਿਚ ਗ੍ਰਿਫਤਾਰ ਕਰ ਲਿਆ ਹੈ। ਇਹ ਨਫਰਤੀ ਅਪਰਾਧ ਕਿੰਨਾ ਦਿਲ ਕੰਬਾਊ ਸੀ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਛੇ ਸਾਲਾ ਵਾਡੀਆ ਅਲ-ਫਯੂਮ ਨੂੰ 26 ਵਾਰ ਚਾਕੂ ਮਾਰਿਆ ਗਿਆ। ਬੱਚੇ ਦੀ 32 ਸਾਲਾ ਮਾਂ ਹਨਾਨ ਸ਼ਾਹੀਨ ਨੂੰ ਦਰਜਨ ਤੋਂ ਵੱਧ ਵਾਰ ਚਾਕੂ ਮਾਰਿਆ ਗਿਆ। ਰਿਪੋਰਟਾਂ ਮੁਤਾਬਕ ਪੀੜਤ ਪਰਿਵਾਰ ਫਲਸਤੀਨੀ ਹੈ। ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੌਰਾਨ ਪਰਿਵਾਰ ਨੂੰ ਉਨ੍ਹਾਂ ਦੇ ਧਰਮ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਵ੍ਹਾਈਟ ਹਾਊਸ ਤੋਂ ਜਾਰੀ ਬਿਆਨ ਮੁਤਾਬਕ ਇਹ ਪਰਿਵਾਰ ਫਲਸਤੀਨੀ ਹੈ। ਇਹ ਪਰਿਵਾਰ ਸ਼ਾਂਤੀ ਨਾਲ ਰਹਿਣ, ਹਿੰਸਾ ਮੁਕਤ ਮਾਹੌਲ ਵਿਚ ਪੜ੍ਹਾਈ ਅਤੇ ਸੁਰੱਖਿਅਤ ਪਨਾਹ ਦੀ ਭਾਲ ਵਿਚ ਅਮਰੀਕਾ ਆਇਆ ਸੀ।
ਵਾਡੀਆ ਦੀ ਮਾਂ 12 ਅਤੇ ਪਿਤਾ 9 ਸਾਲ ਪਹਿਲਾਂ ਅਮਰੀਕਾ ਆਏ ਸਨ ਅਤੇ ਇੱਥੇ ਹੀ ਉਨ੍ਹਾਂ ਦੇ ਪੁੱਤਰ ਦਾ ਜਨਮ ਹੋਇਆ ਸੀ। ਉਹ ਪੱਛਮੀ ਕਿਨਾਰੇ (ਫਲਸਤੀਨ) ਦੇ ਇੱਕ ਪਿੰਡ ਦੇ ਰਹਿਣ ਵਾਲੇ ਸਨ। ਫਲਸਤੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਨਸਲਵਾਦ ਅਤੇ ਨਫਰਤ ਦੇ ਘਿਨਾਉਣੇ ਕੰਮ ਦੀ ਸਖਤ ਨਿੰਦਾ ਕਰਦਾ ਹੈ ਜਿਸ ਕਾਰਨ ਇਕ 6 ਸਾਲ ਦੇ ਫਲਸਤੀਨੀ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਦੇ ਗੰਭੀਰ ਸੱਟਾਂ ਲੱਗੀਆਂ।