ਨਵਕਿਰਨ ਸਿੰਘ ਪੱਤੀ
ਸਵਾਲ ਇਹ ਨਹੀਂ ਹੈ ਕਿ ਇਸ ਬਹਿਸ ਵਿਚ ਮੁੱਖ ਮੰਤਰੀ ਸਾਹਮਣੇ ਇਨ੍ਹਾਂ ਰਵਾਇਤੀ ਪਾਰਟੀਆਂ ਦਾ ਕੋਈ ਲੀਡਰ ਆਉਂਦਾ ਹੈ ਜਾਂ ਨਹੀਂ ਬਲਕਿ ਸਵਾਲ ਇਹ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਲੰਘੀਆਂ ਚੋਣਾਂ ਵਿਚ ਲੋਕ ਨਕਾਰ ਚੁੱਕੇ ਹਨ, ਉਨ੍ਹਾਂ ਨੂੰ ਬਹਿਸ ਲਈ ਹੋਕਰੇ ਮਾਰ ਕੇ ਮੁੱਖ ਮੰਤਰੀ ਕੀ ਸਾਬਤ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਅਜਿਹਾ ਕਿਹੜਾ ਮਾਅਰਕਾ ਮਾਰ ਦਿੱਤਾ ਹੈ ਜੋ ਦੂਜਿਆਂ ਨਾਲ ਬਹਿਸ ਦੀ ਨੌਬਤ ਆ ਗਈ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੀ ਨਵੰਬਰ ਦੇ ਦਿਨ ਸੂਬੇ ਦੀਆਂ ਤਿੰਨ ਰਾਜਨੀਤਕ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੋਇਆ ਹੈ। ‘ਪੰਜਾਬ ਦਿਵਸ` ਵਾਲੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਡੀਟੋਰੀਅਮ ਵਿਚ ਮੀਡੀਆ ਸਾਹਮਣੇ ਕੀਤੀ ਜਾਣ ਵਾਲੀ ਇਸ ਬਹਿਸ ਲਈ ਬਕਾਇਦਾ ਬੁੱਕਿੰਗ ਵੀ ਕਰਵਾਈ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਬਹਿਸ ਤੋਂ ਕਿਨਾਰਾ ਕਰ ਲੈਣ ਨੂੰ ‘ਆਪ` ਵਰਕਰ ਆਪਣੀ ਜਿੱਤ ਸਮਝ ਰਹੇ ਹਨ।
ਸਾਡੇ ਲਈ ਸਵਾਲ ਇਹ ਨਹੀਂ ਹੈ ਕਿ ਇਸ ਅਖੌਤੀ ਬਹਿਸ ਵਿਚ ਮੁੱਖ ਮੰਤਰੀ ਸਾਹਮਣੇ ਇਹਨਾਂ ਰਵਾਇਤੀ ਪਾਰਟੀਆਂ ਦਾ ਕੋਈ ਲੀਡਰ ਆਉਂਦਾ ਹੈ ਜਾਂ ਨਹੀਂ ਬਲਕਿ ਸਾਡੇ ਲਈ ਸਵਾਲ ਇਹ ਹੈ ਕਿ ਜਿਨ੍ਹਾਂ ਲੀਡਰਾਂ ਨੂੰ ਲੰਘੀਆਂ ਚੋਣਾਂ ਵਿਚ ਲੋਕ ਨਕਾਰ ਚੁੱਕੇ ਹਨ, ਉਨ੍ਹਾਂ ਨੂੰ ਬਹਿਸ ਲਈ ਹੋਕਰੇ ਮਾਰ ਕੇ ਮੁੱਖ ਮੰਤਰੀ ਜੀ ਕੀ ਸਾਬਤ ਕਰਨਾ ਚਾਹੁੰਦੇ ਹਨ। ਦੂਜਾ ਇਹ ਕਿ ਸੂਬੇ ਵਿਚ ਮੁੱਖ ਮੰਤਰੀ ਜੀ ਨੇ ਅਜਿਹਾ ਕਿਹੜਾ ਮਾਅਰਕਾ ਮਾਰ ਦਿੱਤਾ ਹੈ ਜੋ ਦੂਜਿਆਂ ਨਾਲ ਬਹਿਸ ਦੀ ਨੌਬਤ ਆ ਗਈ। ਅੱਜ ਵੀ ਸੂਬੇ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ, ਮਜਦੂਰ ਮਨਰੇਗਾ ਤਹਿਤ ਰੁਜ਼ਗਾਰ ਦੀ ਮੰਗ ਲਈ ਧਰਨੇ ਦੇ ਰਹੇ ਹਨ, ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦੀ ਖਾਤਰ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹ ਰਹੇ ਹਨ, ਮੁਲਾਜਮਾਂ ਦਾ ਵੱਡਾ ਹਿੱਸਾ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਿਹਾ ਹੈ, ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਤੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਰੜਕ ਰਹੀ ਹੈ ਤਾਂ ਮੁੱਖ ਮੰਤਰੀ ਜੀ ਇਸ ਪਾਸੇ ਧਿਆਨ ਦੇਣ ਦੀ ਬਜਾਏ ਵਿਰੋਧੀਆਂ ਨੂੰ ਬਹਿਸ ਵਿਚ ਹਰਾਉਣ ਲਈ ਤੁਰੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿਚ ਫੈਲੀ ਬੇਰੁਜ਼ਗਾਰੀ, ਨਸ਼ਿਆਂ, ਬੇਲੋੜੇ ਪਰਵਾਸ, ਹਰ ਤਰ੍ਹਾਂ ਦੇ ਮਾਫੀਆ ਲਈ ਮੁੱਖ ਰੂਪ ਵਿਚ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ। ਇਸੇ ਕਰ ਕੇ ਲੰਘੀਆਂ ਚੋਣਾਂ ਵਿਚ ਇਹ ਪਾਰਟੀਆਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਈਆਂ ਸਨ ਪਰ ਹੁਣ ਤਾਂ ਮੁੱਦਾ ਇਸ ਤੋਂ ਅੱਗੇ ਤੁਰਨ ਦਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ‘ਬਦਲਾਅ` ਦਾ ਹੋਕਾ ਦੇ ਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਸਰਕਾਰ ਦੇਣ ਦਾ ਵਾਅਵਾ ਕੀਤਾ ਸੀ ਲੇਕਿਨ ਹੁਣ ਮੁੱਖ ਮੰਤਰੀ ਜੀ ‘ਬਦਲਾਅ` ਵਾਲੇ ਪਾਸੇ ਤੁਰਨ ਦੀ ਥਾਂ ਰਵਾਇਤੀ ਪਾਰਟੀਆਂ ਸਬੰਧੀ ਟੋਟਕੇ ਸੁਣਾ ਕੇ ਟਾਈਮ ਪਾਸ ਕਰਨ ਲੱਗੇ ਹੋਏ ਹਨ। ਗੈਰ-ਪ੍ਰਸੰਗਿਕ ਲੀਡਰਾਂ ਨੂੰ ਬਹਿਸ ਦੀ ਚੁਣੌਤੀ ਦੇਣਾ ਸਿਆਸਤ ਵਿਚ ਉਹਨਾਂ ਦੀ ਪ੍ਰਸੰਗਿਕਤਾ ਬਹਾਲ ਕਰਨ ਅਤੇ ਖੁਦ ਦੀ ਚੌਧਰ ਸਥਾਪਤ ਕਰਨ ਤੋਂ ਵੱਧ ਕੁਝ ਵੀ ਨਹੀਂ ਹੈ।
ਓਪਰੀ ਨਜ਼ਰੇ ਵੇਖਣ-ਸੁਨਣ ਨੂੰ ਇਹ ਚੰਗਾ ਲੱਗਦਾ ਹੈ ਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦੇ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਇਹ ਉਹੀ ਮੁੱਖ ਮੰਤਰੀ ਹੈ ਜੋ ਸੂਬੇ ਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਕਈ ਵਾਰ ਸਮਾਂ ਦੇ ਕੇ ਵੀ ਮੀਟਿੰਗ ਕਰਨ ਲਈ ਨਹੀਂ ਬਹੁੜਿਆ। ਮਜ਼ਦੂਰ ਜਥੇਬੰਦੀਆਂ ਸੂਬੇ ਦੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੀ ਚਰਚਾ ਲਈ ਕਈ ਵਾਰ ਇਸ ਨੂੰ ਮਿਲਣ ਲਈ ਇਹਨਾਂ ਦੇ ਘਰ ਤੱਕ ਪਹੁੰਚੀਆਂ ਪਰ ਇਹ ਮਿਲਣ ਤੋਂ ਟਾਲਾ ਵੱਟ ਰਹੇ ਹਨ।
ਪੰਜਾਬ ਵਿਚ ਜਦ ਤੋਂ ‘ਆਪ` ਦੀ ਸਰਕਾਰ ਬਣੀ ਹੈ ਤਦ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮਸਲਿਆਂ ਸਬੰਧੀ ਇੱਕ ਵੀ ਖੁੱਲ੍ਹੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਹੈ। ਭਗਵੰਤ ਮਾਨ ਵੱਲੋਂ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਅਖੌਤੀ ਬਹਿਸ ਲਈ ਮਾਰੇ ਜਾ ਰਹੇ ਹੋਕਰਿਆਂ ਦੇ ਸੋਹਲੇ ਗਾਉਣ ਵਾਲੇ ਕਈ ਭੱਦਰਪੁਰਸ਼ ਪੱਤਰਕਾਰਾਂ ਨੂੰ ਵੀ ਸਵਾਲ ਬਣਦਾ ਹੈ ਕਿ ਭਾਈ ਤੁਸੀਂ ਹੀ ਮੁੱਖ ਮੰਤਰੀ ਦੀ ਇੰਟਰਵਿਊ ਕਰ ਕੇ ਦਿਖਾਓ।
ਹਰ ਰੋਜ਼ ਸ਼ਾਮ ਨੂੰ ਮੁੱਖ ਧਾਰਾ ਮੀਡੀਆ ਦੇ ਪ੍ਰਾਈਮ ਟਾਈਮ ਸ਼ੋਅ ਵਿਚ ਰਾਜਨੀਤਕ ਆਗੂਆਂ ਦੀਆਂ ਅਜਿਹੀਆਂ ਅਖੌਤੀ ਬਹਿਸਾਂ ਲੋਕ ਹਰ ਰੋਜ਼ ਹੀ ਸੁਣਦੇ ਹਨ ਤੇ ਇਹ ਕਹਿਣਾ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿ ਇਹ ਬਹਿਸਾਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਲੋਕਾਂ ਨੂੰ ‘ਸਿਆਸੀ ਸਵਾਦ` ਦੇਣ ਤੋਂ ਵੱਧ ਕੁਝ ਨਹੀਂ ਹੁੰਦੀਆਂ ਹਨ। ਭਗਵੰਤ ਮਾਨ ਨੇ ਕਈ ਦਹਾਕੇ ਕਮੇਡੀ ਕਲਾਕਾਰ ਵਜੋਂ ਸਟੇਜੀ ਟੋਟਕੇ ਸੁਣਾ ਕੇ ਆਪਣਾ ਰੁਜ਼ਗਾਰ ਚਲਾਇਆ ਹੈ ਤੇ ਹੁਣ ਉਹ ਪਹਿਲੀ ਨਵੰਬਰ ਨੂੰ ਪੀ.ਏ.ਯੂ. ਦੀ ਸਟੇਜ ‘ਤੇ ਰਵਾਇਤੀ ਪਾਰਟੀਆਂ ਸਬੰਧੀ ਟੋਟਕੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜੇਕਰ ਭਗਵੰਤ ਮਾਨ ਜੀ ਸੱਚਮੁੱਚ ਪੰਜਾਬ ਦੇ ਚਲੰਤ ਮਸਲਿਆਂ ‘ਤੇ ਵਿਰੋਧੀ ਧਿਰਾਂ ਨਾਲ ਖੁੱਲ੍ਹੀ ਬਹਿਸ ਕਰਨ ਦੇ ਇਛੁੱਕ ਹਨ ਤਾਂ ਪੰਜਾਬ ਵਿਧਾਨ ਸਭਾ ਦਾ ਖੁੱਲ੍ਹਾ ਜਿਹਾ ਸੈਸ਼ਨ ਬੁਲਾਉਣ ‘ਤੇ ਉੱਥੇ ਬਹਿਸ ਕਰਨ ਤੋਂ ਕੌਣ ਰੋਕਦਾ ਹੈ, ਲੋਕ ਵੀ ਲਾਈਵ ਦੇਖ ਲੈਣਗੇ ਅਤੇ ਸਰਕਾਰੀ ਰਿਕਾਰਡ ਵੀ ਬਣੇਗਾ ਪਰ ਇਹ ਤੱਥ ਹੈ ਕਿ ‘ਆਪ` ਸਰਕਾਰ ਨੇ ਪਿਛਲੇ ਡੇਢ ਸਾਲ ਦੌਰਾਨ ਵਿਧਾਨ ਸਭਾ ਸੈਸ਼ਨ ਬਲਾਉਣ ਸਮੇਂ ਹੱਥ ਘੁੱਟਿਆ ਹੈ। ਦੋ-ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਕਹਿ ਕੇ ਤਾਂ ਆਹ ਤੀਜਾ ਸੈਸ਼ਨ ਕੀਤਾ ਜਾ ਰਿਹਾ ਹੈ। ਜੇਕਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਹੀ ਬਹਿਸ ਵਿਚ ਸੱਦਣਾ ਹੈ ਤਾਂ ਫਿਰ ਬਹਿਸ ਵਿਧਾਨ ਸਭਾ ਦੇ 20 ਤੇ 21 ਅਕਤੂਬਰ ਨੂੰ ਬੁਲਾਏ ਜਾ ਰਹੇ ਸੈਸ਼ਨ ਦੌਰਾਨ ਹੀ ਬਹਿਸ ਕਰਨ ਦਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਜੇ ਬਹਿਸ ਵਿਧਾਨ ਸਭਾ ਤੋਂ ਬਾਹਰ ਕਰਨੀ ਹੈ ਤਾਂ ਫਿਰ ਸਵਾਲ ਹੈ ਕਿ ਸੂਬੇ ਦੀਆਂ ਬਾਕੀ ਰਾਜਨੀਤਕ ਪਾਰਟੀਆਂ, ਕਿਸਾਨ, ਮਜ਼ਦੂਰ, ਜਨਤਕ ਜਥੇਬੰਦੀਆਂ ਨੂੰ ਇਸ ਬਹਿਸ ਵਿਚ ਕਿਉਂ ਨਹੀਂ ਸੱਦਿਆ ਜਾ ਰਿਹਾ।
ਅਸਲ ਵਿਚ ਮੁੱਖ ਮੰਤਰੀ ਜੀ ਚੁਣੀਦਾ ਰਾਜਨੀਤਕ ਲੀਡਰਾਂ ਨਾਲ ਤੈਅਸ਼ੁਦਾ ਫਰੈਂਡਲੀ ਮੈਚ ਖੇਡਣ ਦੇ ਇਛੁੱਕ ਹਨ ਜਿੱਥੇ ਮੀਡੀਆ ਦਾ ਵੱਡਾ ਹਿੱਸਾ ਸਰਕਾਰ ਦੀ ਜੈ-ਜੈਕਾਰ ਕਰਨ ਲਈ ਉਤਾਵਲਾ ਹੋਵੇਗਾ। ਉਨ੍ਹਾਂ ਨੂੰ ਡਰ ਹੈ ਕਿ ਜੇ ਕਿਸਾਨ, ਮਜ਼ਦੂਰ ਜਥੇਬੰਦੀਆਂ ਬੁਲਾ ਲਈਆਂ ਤਾਂ ਉਹ ਸਵਾਲ ਕਰਨਗੀਆਂ ਕਿ ਤੁਹਾਡੀ ਸਰਕਾਰ ਦੌਰਾਨ ਮਜ਼ਦੂਰਾਂ ਦੀ ਦਿਹਾੜੀ ਦਾ ਓਵਰਟਾਈਮ ਕਿਉਂ ਵਧਾਇਆ ਗਿਆ ਹੈ?
ਮੁੱਖ ਮੰਤਰੀ ਜੀ ਨੂੰ ਬਹਿਸ ਕਰਨ ਤੋਂ ਪਹਿਲਾਂ ਇਹ ਤਾਂ ਦੱਸਣਾ ਹੀ ਚਾਹੀਦਾ ਹੈ ਕਿ ਕੀ ਉਹਨਾਂ ਦੀ ਸਰਕਾਰ ਨੇ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ? ਚੋਣਾਂ ਸਮੇਂ ਔਰਤਾਂ ਨੂੰ ਇੱਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਡੇਢ ਸਾਲ ਤੋਂ ਜਿਆਦਾ ਸਮਾਂ ਹੋ ਗਿਆ ਸਰਕਾਰ ਬਣਿਆ ਲੇਕਿਨ ਅਜੇ ਤੱਕ ਅੋਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਯੋਜਨਾ ਤੱਕ ਨਹੀਂ ਉਲੀਕੀ ਗਈ ਹੈ। ਇਕ ਨਵੰਬਰ ਨੂੰ ਮੁੱਖ ਮੰਤਰੀ ਜੀ ਇਹ ਤਾਂ ਕਹਿ ਦੇਣਗੇ ਕਿ ਨਸ਼ੇ ਪਿਛਲੀਆਂ ਸਰਕਾਰਾਂ ਦੀ ਦੇਣ ਹਨ ਪਰ ਪੌਣੇ ਦੋ ਸਾਲਾਂ ਦੌਰਾਨ ਉਹਨਾਂ ਦੀ ਸਰਕਾਰ ਨੇ ਨਸ਼ੇ ਨੂੰ ਠੱਲ੍ਹ ਕਿਉਂ ਨਹੀਂ ਪਾਈ, ਇਸ ਬਾਰੇ ਖੁੱਲ੍ਹ ਕੇ ਨਹੀਂ ਦੱਸਣਗੇ। ਬੇਰੁਜ਼ਗਾਰੀ, ਅਨਿੱਸ਼ਚਤ ਭਵਿੱਖ ਕਾਰਨ ਸੂਬੇ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ ਪਰ ਮੁੱਖ ਮੰਤਰੀ ਜੀ ਇਸ ਬਾਰੇ ਸੰਜੀਦਾ ਨਹੀਂ ਹਨ। ਕੀ ਪਹਿਲੀ ਨਵੰਬਰ ਨੂੰ ਲੁਧਿਆਣੇ ਹੋਣ ਵਾਲੀ ਬਹਿਸ ਵਿਚ ਸ਼ਾਮਲ ਹੋਣ ਤੋਂ ਮੁੱਖ ਮੰਤਰੀ ਜੀ ਆਪਣੇ ਜ਼ਿਲ੍ਹੇ ਵਿਚਲੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਕੱਚੇ ਅਧਿਆਪਕਾਂ ਨੂੰ ਮਿਲ ਕੇ ਜਾਣਗੇ ਜੋ ਸਰਕਾਰ ਤੋਂ ਆਪਣੇ ਹੱਕ ਲੈਣ ਲਈ ਸੰਘਰਸ਼ ਕਰ ਰਹੇ ਹਨ।
ਅਕਾਲੀਆਂ, ਕਾਂਗਰਸੀਆਂ ਨਾਲ ਬਹਿਸ ਲਈ ਪੱਬਾਂ ਭਾਰ ਹੋਏ ਮੁੱਖ ਮੰਤਰੀ ਜੀ ਇਹ ਦੱਸਣ ਦੀ ਖੇਚਲ ਤਾਂ ਕਰਨ ਕਿ ਉਹਨਾਂ ਇਹਨਾਂ ਤੋਂ ਵੱਖਰੀ ਕਿਹੜੀ ਪਿਰਤ ਪਾਈ ਹੈ। ਸਰਕਾਰੀ ਸਮਾਗਮਾਂ ਦੇ ਨਾਮ ਹੇਠ ਅੰਮ੍ਰਿਤਸਰ ਸਾਹਿਬ ਅਤੇ ਪਟਿਆਲਾ ਵਿਚ ਕੇਜਰੀਵਾਲ ਦੀ ਆਮਦ ਮੌਕੇ ਕੀਤੇ ਸਿਆਸੀ ਇਕੱਠਾਂ ਵਿਚ ਸਰਕਾਰੀ ਬੱਸਾਂ ਤੇ ਸਰਕਾਰੀ ਮੁਲਾਜ਼ਮਾਂ ਦੀ ਸ਼ਰੇਆਮ ਦੁਰਵਰਤੋਂ ਕੀਤੀ ਗਈ ਹੈ। ਐਸ.ਵਾਈ.ਐਲ. ਦੇ ਮਸਲੇ ‘ਤੇ ਜੋ ਕੁੱਝ ਦੂਜੀਆਂ ਪਾਰਟੀਆਂ ਕਰਦੀਆਂ ਰਹੀਆਂ ਹਨ, ਉਹੀ ਕੁਝ ਤੁਹਾਡੀ ਪਾਰਟੀ ਕਰ ਰਹੀ ਹੈ; ‘ਆਪ` ਦਾ ਪੰਜਾਬ ਯੂਨਿਟ ਕਹਿ ਰਿਹਾ ਹੈ ਕਿ ਹਰਿਆਣਾ ਦਾ ਐਸ.ਵਾਈ.ਐਲ. ਦੇ ਪਾਣੀ ‘ਤੇ ਕੋਈ ਹੱਕ ਨਹੀਂ ਹੈ ਪਰ ਨਾਲ ਦੇ ਕਮਰੇ ਵਿਚ ਬੈਠ ਕੇ ਹਰਿਆਣਾ ਯੂਨਿਟ ਕਹਿ ਰਿਹਾ ਹੈ ਕਿ ਪਾਣੀ ‘ਤੇ ਸਾਡਾ ਹੱਕ ਹੈ, ਇਹ ਕਿਹੜਾ ਰਾਜਨੀਤਕ ਸੱਭਿਆਚਾਰ ਹੈ।
ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿਚ ਫਸੇ ਆਪਣੇ ‘ਆਪ` ਸਰਕਾਰ ਦੇ ਸਾਬਕਾ ਮੰਤਰੀ, ਵਿਧਾਇਕ ਸਰਕਾਰੀ ਸਮਾਗਮਾਂ ਵਿਚ ਮੁੱਖ ਮਹਿਮਾਨ ਬਣ ਰਹੇ ਹਨ, ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਥਾਂ ਬਚਾਅ ਕੀਤਾ ਗਿਆ ਹੈ।
ਮੁੱਖ ਮੰਤਰੀ ਜੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਵਿਰੋਧੀਆਂ ਨੂੰ ਬਹਿਸ ਦਾ ਸੱਦਾ ਦਿੰਦਿਆਂ ਲਿਖਿਆ ਸੀ ਕਿ “ਰੋਜ਼-ਰੋਜ਼ ਦੀ ਕਿੱਚ-ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ-ਮੁਲਾਹਜ਼ੇ, ਟੋਲ ਪਲਾਜ਼ੇ, ਜਵਾਨੀ ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ… ਸਾਰੇ ਮੁੱਦਿਆਂ ‘ਤੇ ਲਾਈਵ ਬਹਿਸ ਕਰੀਏ…।”
ਮੁੱਖ ਮੰਤਰੀ ਜੀ ਪੰਜਾਬ ਨੂੰ ਹੁਣ ਤੱਕ ਕੀਹਨੇ ਲੁੱਟਿਆ, ਇਸ ਦਾ ਪੰਜਾਬੀਆਂ ਨੂੰ ਭਲੀਭਾਂਤ ਪਤਾ ਹੈ। ਜੇ ਪੰਜਾਬੀਆਂ ਨੂੰ ਇਹ ਪਤਾ ਹੈ ਕਿ ਹੁਣ ਤੱਕ ਕੀਹਨੇ ਲੁੱਟਿਆ ਤਾਂ ਹੀ ਤੁਸੀਂ ਮੁੱਖ ਮੰਤਰੀ ਬਣਾਏ ਸੀ, ਤੁਹਾਡੇ ਸਾਹਮਣੇ ਤਾਂ ਇਸ ਤੋਂ ਅੱਗੇ ਤੁਰ ਕੇ ਪੰਜਾਬ ਪੱਖੀ ਕੋਈ ਮਾਡਲ ਦੇਣ ਦਾ ਏਜੰਡਾ ਤੈਅ ਹੋਣਾ ਚਾਹੀਦਾ ਸੀ ਪਰ ਅਫਸੋਸ! ਤੁਸੀਂ ਉਸ ਰਾਹ ਤੁਰਨ ਦੀ ਬਜਾਇ ਪਿਛਲੀਆਂ ਸਰਕਾਰਾਂ ਵੱਲੋਂ ਸਥਾਪਤ ਕੀਤੇ ਰਸਤੇ ‘ਤੇ ਹੀ ਤੁਰ ਪਏ।
ਸੋ, ਹੁਣ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ‘ਆਪ` ਸਰਕਾਰ ਸੰਜੀਦਗੀ ਨਾਲ ਲੋਕਾਂ ਦੇ ਮੰਗਾਂ ਮਸਲੇ ਹੱਲ ਕਰਨ ਦੀ ਬਜਾਇ ਟੋਟਕਿਆਂ, ਹਾਸੇ-ਠੱਠਿਆਂ ਨਾਲ ਸਰਕਾਰ ਚਲਾ ਰਹੀ ਹੈ। ਇਸ ਦੀ ਕਾਰਜ ਪ੍ਰਣਾਲੀ ਮੁੱਖ ਰੂਪ ਵਿਚ ਪਿਛਲੀਆਂ ਸਰਕਾਰਾਂ ਵਾਲੀ ਹੀ ਹੈ।