ਭਾਰਤ ਦੀ ਨਬਜ਼ ਮਾਲਦੀਵ ਦੇ ਹੱਥ

ਗੁਲਜ਼ਾਰ ਸਿੰਘ ਸੰਧੂ
ਭਾਰਤ ਦੇ ਗਵਾਂਢੀ ਦੇਸ਼ਾਂ ਤੋਂ ਮਿਲੀ ਇਸ ਹਫਤੇ ਦੀ ਸਭ ਤੋਂ ਵਚਿੱਤਰ ਖ਼ਬਰ ਨਿਕਚੂ ਜਿਹੇ ਦੇਸ਼ ਮਾਲਦੀਵ ਦਾ ਰਾਜ ਪਲਟਾ ਹੈ| ਓਥੋਂ ਦੀ ਜਨਤਾ ਨੇ ਭਾਰਤ-ਪੱਖੀ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਮੌਲਿਕ ਨੂੰ ਹਰਾ ਕੇ ਚੀਨ ਪੱਖੀ ਮੁਹੰਮਦ ਮੂਈਜ਼ੂ ਨੂੰ ਚੁਣ ਲਿਆ ਹੈ|

ਚੇਤੇ ਰਹੇ ਕਿ ਮਾਲਦੀਵ 400 ਮੀਲ ਲੰਮੇ ਤੇ 80 ਮੀਲ ਚੌੜੇ ਸਮੁੰਦਰ ਵਿਚ ਡੁਬਕੀਆਂ ਲਾਉਂਦੇ ਟਾਪੂਆਂ ਦਾ ਦੇਸ਼ ਹੈ ਜਿਨ੍ਹਾਂ ਦਾ ਕੁੱਲ ਖੇਤਰਫਲ ਭਾਰਤ ਦੇ ਨਿੱਕੇ ਤੋਂ ਨਿੱਕੇ ਸੂਬੇ ਦਾ 20ਵਾਂ ਹਿੱਸਾ ਹੋਵੇਗਾ| ਇਹ ਟਾਪੂ 17 ਜ਼ਿਲਿ੍ਹਆਂ ਵਿੱਚ ਵੰਡੇ ਹੋਏ ਹਨ| ਉਹ ਜ਼ਿਲਿ੍ਹਆਂ ਨੂੰ ਐਟੌਲ ਕਹਿੰਦੇ ਹਨ| ਇਨ੍ਹਾਂ ਦੇ ਨਾਂ ਫਾਰਸੀ ਲਿਪੀ ਦੇ ਅੱਖਰਾਂ (ਅਲਿਫ, ਬੇ, ਪੇ, ਐਨ ਗੈਨ) ਹਨ|
ਇਨ੍ਹਾਂ ਦੀ ਰਾਜਧਾਨੀ, ਮਾਲੇ, ਬੱਕਰੇ ਦੇ ਪੱਟ ਵਰਗਾ ਇਕ ਮੀਲ ਲੰਮਾ ਤੇ ਅੱਧਾ ਮੀਲ ਚੌੜਾ ਦੀਪ ਹੀ ਹੈ| ਮਸਾਂ ਇਕ ਮੁਰੱਬਾ ਮੀਲ| ਇੱਥੇ ਪਹੁੰਚਣ ਲਈ ਹਵਾਈ ਜਹਾਜ਼ ਹਲੂਲੇ ਉਤਰਦਾ ਹੈ, ਜਿਹੜਾ ਬਰਛੇ ਦੀ ਸ਼ਕਲ ਦਾ ਲੰਮ-ਸਲੰਮਾ ਦੀਪ ਹੈ| ਹਵਾਈ ਜਹਾਜ਼ ਤੋਂ ਉਤਰ ਕੇ ਕਿਸ਼ਤੀ ਰਾਹੀਂ ਰਾਜਧਾਨੀ ਮਾਲੇ ਜਾਇਆ ਜਾਂਦਾ ਹੈ| ਦੋਵੇਂ ਦੀਪ ਇਕ ਦੂਜੇ ਤੋਂ ਡੇਢ ਮੀਲ ਦੀ ਦੂਰੀ `ਤੇ ਹਨ| ਰਾਜਨੀਤਕ ਢਾਂਚਾ ਅਮਰੀਕਨ ਹੈ| ਦੇਸ਼ ਦਾ ਮੁਖੀ ਰਾਸ਼ਟਰਪਤੀ ਤੇ ਵਿਭਾਗ ਦਾ ਮੁਖੀ ਅੰਡਰ ਸੈਕਟਰੀ|
ਮੇਰਾ ਇਹ ਸਭ ਕੁਝ ਵੇਖਣ ਤੇ ਜਾਨਣ ਦਾ ਸਬੱਬ ਏਦਾਂ ਬਣਿਆ ਕਿ ਮੇਰੀ ਪਤਨੀ ਸੁਰਜੀਤ ਕੌਰ ਭਾਰਤ ਦੇ ਸਿਹਤ ਮੰਤਰਾਲੇ ਵਿਚ ਕੰਮ ਕਰਦੀ ਹੋਣ ਕਰਕੇ 1976 ਦੀਆਂ ਗਰਮੀਆਂ ਦੇ ਮਹੀਨੇ ਮਾਲਦੀਵ ਸਰਕਾਰ ਦੀ ਸਲਾਹਕਾਰ ਬਣ ਕੇ ਗਈ ਸੀ| ਇਸ ਅਨੋਭੜ, ਅਣਜਾਣੀ ਤੇ ਅਣਦੇਖੀ ਥਾਂ ਨੂੰ ਵੇਖਣ ਲਈ ਮੇਰਾ ਵੀ ਮਨ ਕਰ ਆਇਆ ਤੇ ਉਥੇ ਚਲਾ ਗਿਆ|
ਮਾਲਦੀਵ ਦੀ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਏਥੇ ਸਮੁੰਦਰੀ ਤੂਫ਼ਾਨ ਅਸਰ ਨਹੀਂ ਕਰਦੇ| ਉਨ੍ਹਾਂ ਨੇ ਉਹ ਘੜੀ ਕਦੀ ਵੇਖੀ ਹੀ ਨਹੀਂ ਜਿਹੜੀ ਬੰਗਾਲ ਜਾਂ ਇਹੋ ਜਿਹੇ ਹੋਰ ਦੇਸ਼ਾਂ ਉਤੇ ਕੁਦਰਤ ਹਰ ਰੋਜ਼ ਵਰਤਾਉਂਦੀ ਰਹਿੰਦੀ ਹੈ| ਸਮੁੰਦਰ ਦੀ ਸਤ੍ਹਾ ਤੋਂ ਕੇਵਲ ਛੇ ਫੁੱਟ ਉੱਚੇ ਦੀਪਾਂ ਵਿਚ ਕੁਦਰਤ ਦੀ ਕਰੋਪੀ ਵੀ ਏਦਾਂ ਲੰਘ ਜਾਂਦੀ ਹੈ ਜਿਵੇਂ ਵਿਦੇਸ਼ੀ ਹਮਲਾਵਰ ਲੰਘਦੇ ਰਹੇ ਹਨ| ਉਂਝ ਸਵੇਰੇ ਸੈਰ ਕਰਨ ਨਿਕਲੀਏ ਤਾਂ ਸਮੁੰਦਰ ਦੀਆਂ ਲਹਿਰਾਂ ਨਾਲ ਫਸ ਕੇ ਆਈਆਂ ਮੱਛੀਆਂ ਸੜਕ ਉਤੇ ਇੰਝ ਪਈਆਂ ਮਿਲਦੀਆਂ ਹਨ ਜਿਵੇਂ ਭਾਰਤ ਵਿਚ ਹਨੇਰੀ ਤੋਂ ਪਿੱਛੋਂ ਝੜੇ ਹੋਏ ਅੰਸ਼ ਜਾਂ ਬੇਰ| ਮੱਛੀ ਏਨੀ ਵਧੀਆ ਹੈ ਕਿ ਇੱਥੋਂ ਵਿਦੇਸ਼ੀਆਂ ਨੂੰ ਪਰਮਿਟ ਤੋਂ ਬਿਨਾ ਦੋ-ਚਾਰ ਕਿਲੋ ਤੋਂ ਵੱਧ ਮੱਛੀ ਲੈ ਜਾਣ ਦੀ ਆਗਿਆ ਨਹੀਂ| ਉਨ੍ਹਾਂ ਦੀ ਸਾਰੀ ਦੀ ਸਾਰੀ ਆਰਥਿਕਤਾ ਮੱਛੀ ਨੂੰ ਬਾਹਰ ਭੇਜ ਕੇ ਕਮਾਏ ਪੈਸੇ ਨਾਲ ਜੁੜੀ ਹੋਈ ਹੈ| ਭੋਜਨ ਦਾ ਸ਼ਾਇਦ ਹੀ ਕੋਈ ਅਜਿਹਾ ਪਦਾਰਥ ਹੋਏ, ਜਿਸ ਵਿਚ ਮੱਛੀ ਦੇ ਮਾਸ ਜਾਂ ਤੇਲ ਦੀ ਵਰਤੋਂ ਨਾ ਹੁੰਦੀ ਹੋਵੇ|
ਲੋਕ ਬੜੇ ਅਮੀਰ ਵੀ ਹਨ ਤੇ ਗ਼ਰੀਬ ਵੀ| ਅਮੀਰੀ ਵਧੇਰੇ ਕਰਕੇ ਰਾਜਧਾਨੀ ਵਿਚ ਹੈ ਤੇ ਗ਼ਰੀਬੀ ਬਾਹਰਲੇ ਦੀਪਾਂ ਵਿਚ| ਅਮੀਰ ਲੋਕ ਦੁਕਾਨਦਾਰ ਹਨ, ਫ਼ੋਟੋਗ੍ਰਾਫ਼ਰ, ਦਰਜੀ ਜਾਂ ਕਿਸੇ ਕਾਰੀਗਰੀ ਦੇ ਮਾਹਿਰ| ਗ਼ਰੀਬ ਲੋਕ ਮੱਛੀਆਂ ਫੜਦੇ ਹਨ ਤੇ ਉਨ੍ਹਾਂ ਨੂੰ ਵੇਚ ਕੇ ਗੁਜ਼ਾਰਾ ਕਰਦੇ ਹਨ| ਅਮੀਰ ਲੋਕ ਸਮੁੰਦਰੀ ਤੱਟ ’ਤੇ ਨਹਾਉਂਦੇ ਤੇ ਐਸ਼ ਕਰਦੇ ਹਨ ਤੇ ਜਾਂ ਫੇਰ ਸੈਰ ਤਫ਼ਰੀਹ ਲਈ ਤਿਆਰ ਕੀਤੇ ਦੀਪਾਂ ਦਾ ਆਨੰਦ ਮਾਣਦੇ ਹਨ|
ਜਦੋਂ ਮੈਂ ਉਥੇ ਗਿਆ ਇਥੋਂ ਦੀ ਨਿੱਕੀ ਜਿਹੀ ਰਾਜਧਾਨੀ ਵਿਚ 80 ਕਾਰਾਂ ਸਨ| ਉਨ੍ਹਾਂ ਨੂੰ ਪੁੱਛੀਏ ਕਿ ਇਕ ਮੀਲ ਲੰਮੇ ਤੇ ਅੱਧ ਮੀਲ ਚੌੜੇ ਇਸ ਦੀਪ ਵਿਚ ਤੁਸੀਂ ਕਾਰਾਂ ਕਿਉਂ ਰੱਖਦੇ ਹੋ ਤਾਂ ਉੱਤਰ ਮਿਲਦਾ ਕਿ ਭਾਈਚਾਰੇ ਵਿਚ ਫੇਰੇ-ਤੋਰੇ ਲਈ ਕਾਰ ਤੋਂ ਬਿਨਾ ਕੀ ਕਰਾਂਗੇ? ਪਤਾ ਲੱਗਾ ਹੈ ਕਿ ਹੁਣ ਮਾਲਦੀਵ ਪਹਿਲਾਂ ਵਾਲਾ ਨਹੀਂ ਰਿਹਾ| ਦੇਸ਼ ਦੀ ਵਸੋਂ ਢਾਈ ਦਹਾਕਿਆਂ ਵਿਚ ਦੁੱਗਣੀ ਹੋ ਚੁੱਕੀ ਹੈ ਤੇ ਰਾਜਧਾਨੀ ਮਾਲੇ ਦੀ ਢਾਈ ਗੁਣਾ| ਹੁਣ ਉਥੇ ਵਿਦਿਆ ਪ੍ਰਾਪਤ ਕਰਨ ਲਈ ਤਕਨੀਕੀ ਅਦਾਰੇ ਹਨ, ਰਹਿਣ ਲਈ ਖੂਬਸੂਰਤ ਹੋਟਲ ਤੇ ਡਾਕਟਰੀ ਸਹਾਇਤਾ ਲਈ ਇੰਦਰਾ ਗਾਂਧੀ ਮੈਮੋਰੀਅਲ ਹਸਪਤਾਲ, ਜਿਸ ਦੀ ਉਸਾਰੀ ਲਈ 60 ਹਜ਼ਾਰ ਟਨ ਇਮਾਰਤੀ ਸਾਮਾਨ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਤੋਂ ਲਿਜਾਇਆ ਗਿਆ ਸੀ| ਉਸਾਰੀ ਲਈ ਲੋੜੀਂਦਾ ਪਾਣੀ, ਮਕਾਨਾਂ ਤੇ ਮਸਜਿਦਾਂ ਦੀਆਂ ਛੱਤਾਂ ਉਤੇ ਬਾਰਸ਼ ਦਾ ਪਾਣੀ ਜਮ੍ਹਾਂ ਕਰ ਕੇ ਕੀਤਾ ਗਿਆ ਸੀ|
ਅੱਜ ਕੱਲ੍ਹ ਉਥੇ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਦੋ-ਢਾਈ ਹਜ਼ਾਰ ਹੈ, ਜਿਹੜੀ ਕਿ ਸ੍ਰੀਲੰਕਨਾਂ ਤੇ ਬੰਗਲਾ ਦੇਸ਼ੀਆਂ ਤੋਂ ਪਿੱਛੋਂ ਤੀਜੇ ਨੰਬਰ ’ਤੇ ਹੈ| ਇਨ੍ਹਾਂ ਭਾਰਤੀ ਮੂਲ ਦੇ ਵਸਨੀਕਾਂ ਦੀ ਦੇਣ ਹੀ ਹੈ ਕਿ ਮਾਲਦੀਵ ਤੇ ਭਾਰਤ ਵਿਚ ਮਿੱਤਰਤਾ ਦੀ ਸਾਂਝ ਆਏ ਦਿਨ ਵਧਦੀ ਰਹੀ ਹੈ| ਫਰਵਰੀ 1974 ਤੋਂ ਰਾਜਧਾਨੀ ਵਿਚ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਹੈ ਅਤੇ ਇਥੋਂ ਦੇ ਮਾਲਦੀਵੀਅਨ ਇੰਸਟੀਚਿਊਟ ਆਫ਼ ਟੈਕਨੀਕਲ ਐਜੂਕੇਸ਼ਨ ਦੀ ਸਥਾਪਨਾ ਵਿਚ ਵੀ ਭਾਰਤ ਨੇ ਮਾਇਕ ਤੇ ਤਕਨੀਕੀ ਸਹਾਇਤਾ ਦਿੱਤੀ ਸੀ|
ਹੁਣ ਰਾਸ਼ਟਰਪਤੀ ਮੁਹੰਮਦ ਮੂਈਜ਼ੂ ਨੇ ਆਪਣੇ ਪਲੇਠੇ ਜਨਤਕ ਭਾਸ਼ਣ ਵਿਚ ਹੀ ਭਾਰਤ ਦੇ ਹੈਲੀਕਾਪਟਰਾਂ ਦੀ ਸਾਂਭ-ਸੰਭਾਲ ਕਰਨ ਵਾਲੇ ਅਮਲੇ ਨੂੰ ਬਾਹਰ ਦਾ ਰਾਹ ਵਿਖਾਉਣ ਦਾ ਐਲਾਨ ਕੀਤਾ ਹੈ| ਉਂਝ ਵੀ ਭਾਰਤੀ ਵਿਦੇਸ਼ ਮੰਤਰੀ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਥੋਂ ਦੀ ਸਰਕਾਰ 2021 ਵਿਚ ਤੈਅ ਹੋਏ ਉਸ ਅਹਿਦਨਾਮੇ ਨੂੰ ਅਮਲ ਵਿਚ ਨਹੀਂ ਲਿਆ ਸਕੀ ਜਿਸਦੇ ਅਧੀਨ ਅਗਲੇ ਪੰਦਰਾਂ ਸਾਲ ਦੋਵਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਇਕ ਦੂਜੇ ਦੀ ਬੰਦਰਗਾਹ ਵਰਤਣ ਦਾ ਅਧਿਕਾਰ ਸ਼ਾਮਲ ਸੀ| ਨਵਾਂ ਰਾਸ਼ਟਰਪਤੀ ਆਪਣੇ ਹੁਕਮਾਂ ਨੂੰ ਕਿਵੇਂ ਲਾਗੂ ਕਰੇਗਾ ਸਮੇਂ ਨੇ ਦੱਸਣਾ ਹੈ| ਉਥੋਂ ਦੀ ਪੁਲੀਸ ਕੋਲ ਡੰਡੇ ਤੋਂ ਵੱਡਾ ਹਥਿਆਰ ਹੀ ਨਹੀਂ|
ਏਥੋਂ ਦੇ ਰਸਮ ਰਿਵਾਜ ਵੀ ਅਧੀਨ ਹਨ| ਇੱਥੋਂ ਵਿਦੇਸ਼ੀਆਂ ਨੂੰ ਵਿਆਹ ਕਰਨ ਦੀ ਇਜਾਜ਼ਤ ਹੈ ਪਰ ਉਹ ਆਪਣੀ ਬੀਵੀ ਨੂੰ ਨਾਲ ਨਹੀਂ ਲਿਜਾ ਸਕਦੇ| ਬੱਚੇ ਮਾਲਦੀਵ ਦਾ ਸਰਮਾਇਆ ਸਮਝੇ ਜਾਂਦੇ ਹਨ| ਏਥੋਂ ਦੀ ਵਸੋਂ 100 ਫ਼ੀਸਦੀ ਮੁਸਲਮਾਨ ਹੈ ਕੁਰਾਨ ਨਾ ਪੜ੍ਹਨ ਵਾਲੇ ਬੱਚੇ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਸਜ਼ਾ ਦਿੱਤੀ ਜਾਂਦੀ ਰਹੀ ਹੈ|
ਹੈਰਾਨੀ ਦੀ ਗੱਲ ਇਹ ਕਿ ਏਨੇ ਕੱਟੜ ਮੁਸਲਿਮ ਰਹਿਤ ਵਾਲੇ ਦੇਸ਼ ਵਿਚ ਪਰਦੇ ਦਾ ਰਿਵਾਜ਼ ਬਿਲਕੁਲ ਨਹੀਂ| ਬੱਚੇ, ਬੁੱਢੇ, ਕੁੜੀਆਂ ਤੇ ਮੁੰਡੇ ਸੂਰਜ ਛਿਪਣ ਤੋਂ ਬਾਅਦ ਸ਼ਾਮ ਦੇ 10 ਵਜੇ ਤਕ ਇੱਥੋਂ ਦੇ ਚਾਂਦਨੀ ਮਾਰਗ ਵਿਚ ਆਮ ਹੀ ਸੈਰ ਕਰਦੇ ਹਨ| ਕੁੜੀਆਂ ਅਤੇ ਮੁੰਡੇ ਪੈਂਟਾਂ ਪਹਿਨਦੇ ਹਨ, ਤੇ ਵਾਲ ਕਟਾ ਕੇ ਰੱਖਦੇ ਹਨ| ਪੈਂਟਾਂ ਦੇ ਨਾਲ ਮੁੰਡੇ ਕਮੀਜ਼ ਜਾਂ ਬੁਸ਼-ਸ਼ਰਟ ਪਹਿਨਦੇ ਹਨ ਤੇ ਕੁੜੀਆਂ ਸਕਰਟ| ਇਨ੍ਹਾਂ ਦੇ ਮਾਪੇ ਇਉਂ ਨਹੀਂ ਸੀ ਕਰਦੇ| ਪੁਰਾਣੀਆਂ ਔਰਤਾਂ ਲੰਮੇ ਚੋਗੇ ਪਾਉਂਦੀਆਂ ਸਨ ਤੇ ਆਦਮੀ ਸਿਰ ’ਤੇ ਪੱਗ ਬੰਨ੍ਹਦੇ ਸਨ|
ਇਥੋਂ ਦੀਆਂ ਫ਼ਸਲਾਂ ਨਾਰੀਅਲ, ਕੇਲਾ ਤੇ ਪਪੀਤਾ ਹਨ, ਜਿਹੜੇ ਕਿ ਸਮੁੰਦਰ ਦੇ ਕੰਢੇ ਆਮ ਹੁੰਦੇ ਹਨ| ਕਿਧਰੇ-ਕਿਧਰੇ ਸੰਗਤਰਾ ਤੇ ਕੋਈ-ਕੋਈ ਮੱਕੀ ਦਾ ਟਾਂਡਾ ਵੀ ਉੱਗ ਆਉਂਦਾ ਹੈ| ਪੀਣ ਲਈ ਪਾਣੀ ਮੀਂਹ ਵਰ੍ਹਨ ਸਮੇਂ ਮਕਾਨਾਂ ਦੀਆਂ ਛੱਤਾਂ ਉਤੇ ਜਮ੍ਹਾਂ ਕੀਤਾ ਜਾਂਦਾ ਹੈ, ਜਿਸ ਨੂੰ ਪਿੱਛੋਂ ਉਤਾਰ ਕੇ ਪੀ ਲਿਆ ਜਾਂਦਾ ਹੈ| ਮੀਂਹਾਂ ਦਾ ਇਥੇ ਕੋਈ ਘਾਟਾ ਨਹੀਂ|
ਜਿੱਥੋਂ ਤਕ ਤੁਰਨ-ਫਿਰਨ ਦੇ ਵਸੀਲਿਆਂ ਦਾ ਸੰਬੰਧ ਹੈ, ਹਜ਼ਾਰਾਂ ਰੁਪਏ ਮਹੀਨਾ ਤਨਖ਼ਾਹ ਲੈਣ ਵਾਲੇ ਸਲਾਹਾਕਾਰਾਂ ਨੂੰ ਵੀ ਕੇਵਲ ਸਾਈਕਲ ਮਿਲਦੀ ਸੀ ਜਿਸ ਦੇ ਪਿਛਲੇ ਮਡਗਾਰਡ ਉਤੇ ਗੌਰਮਿੰਟ ਆਫ ਮਾਲਦੀਵ ਲਿਖਿਆ ਹੁੰਦਾ ਸੀ| ਮੇਰੀ ਬੀਵੀ ਸਾਈਕਲ ਚਲਾਉਣਾ ਨਹੀਂ ਸੀ ਜਾਣਦੀ, ਪਰ ਮੈਂ ਉਸ ਦੇ ਸਰਕਾਰੀ ਸਾਈਕਲ ਦੀ ਵਰਤੋਂ ਨਹੀਂ ਸੀ ਕਰ ਸਕਦਾ| ਮੈਂ ਆਪਣੇ ਲਈ ਸਾਈਕਲ ਕਿਰਾਏ `ਤੇ ਲਈ ਸੀ|
ਇਕ ਦਿਨ ਸੂਰਜ ਛਿਪਣ ਵੇਲੇ ਮੈਨੂੰ ਇਕ ਮੋੜ ਉਤੇ ਸਿਪਾਹੀ ਨੇ ਰੋਕ ਲਿਆ| ਇਹ ਸੋਚ ਕੇ ਕਿ ਮੈਂ ਬੱਤੀ ਨਹੀਂ ਸੀ ਜਗਾਈ, ਮੈਂ ਸਾਈਕਲ ਤੋਂ ਉਤਰਿਆ ਅਤੇ ਬੱਤੀ ਜਗਾ ਲਈ| ਜਦੋਂ ਮੁੜ ਚੜ੍ਹਨ ਲੱਗਾ ਤਾਂ ਸਿਪਾਹੀ ਨੇ ਫੇਰ ਸੀਟੀ ਮਾਰ ਦਿੱਤੀ| ਮੈਂ ਫੇਰ ਉਤਰ ਗਿਆ| ਉਸ ਨੇ ਇਸ਼ਾਰਾ ਕਰ ਕੇ ਮੈਨੂੰ ਦੱਸਿਆ ਕਿ ਮੈਨੂੰ ਗੋਲ-ਚੱਕਰ ਉਪਰੋਂ ਘੁੰਮ ਕੇ ਆਉਣਾ ਚਾਹੀਦਾ ਸੀ| ਚੱਕਰ ਛੋਟਾ ਖੂਹ ਦੀ ਗੋਲਾਈ ਜਿੱਡਾ| ਮੈਂ ਆਪਣੀ ਗ਼ਲਤੀ ਲਈ ਸੌਰੀ ਕਹਿ ਕੇ ਫੇਰ ਸਾਈਕਲ ’ਤੇ ਚੜ੍ਹ ਗਿਆ| ਉਸ ਨੇ ਫੇਰ ਸੀਟੀ ਮਾਰੀ ਤੇ ਮੈਨੂੰ ਸਾਈਕਲ ਤੋਂ ਉਤਾਰ ਲਿਆ| ਮੁਆਫ਼ੀ ਮੰਗ ਲੈਣਾ ਕਾਫ਼ੀ ਨਹੀਂ ਸੀ| ਜਿੰਨਾ ਚਿਰ ਮੈਂ ਗੋਲ ਚੱਕਰ ਦੇ ਉੱਤੇ ਹੋ ਕੇ ਨਹੀਂ ਲੰਘਿਆ ਉਸ ਨੇ ਮੈਨੂੰ ਛੁੱਟੀ ਨਹੀਂ ਦਿੱਤੀ|
ਸਿਪਾਹੀ ਇਹ ਵੀ ਜਾਣਦਾ ਸੀ ਕਿ ਮੈਂ ਉਥੋਂ ਦੀ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਤੇ ਇੱਜ਼ਤਦਾਰ ਡਾਕਟਰ ਦੇ ਘਰ ਵਾਲਾ ਸਾਂ, ਪਰ ਉਥੋਂ ਦਾ ਕਾਨੂੰਨ ਉਸ ਨੂੰ ਇਹ ਆਗਿਆ ਨਹੀਂ ਸੀ ਦਿੰਦਾ ਕਿ ਮੇਰੇ ਵੱਲੋਂ ਕੀਤੀ ਗਈ ਕਾਨੂੰਨ ਦੀ ਉਲੰਘਣਾ ਪਰਵਾਨ ਕਰਦਾ|
ਉਸ ਦਿਨ ਤੋਂ ਲੈ ਕੇ ਅੱਜ ਤਕ ਕੋਈ 100 ਦੇ ਕਰੀਬ ਮਾਲਦੀਵ ਦੇ ਵਸਨੀਕ ਮੈਨੂੰ ਪਿਛਲੇ 50 ਸਾਲਾਂ ਵਿਚ ਦਿੱਲੀ ਤੇ ਪੰਜਾਬ ਆ ਕੇ ਮਿਲ ਚੁੱਕੇ ਹਨ| ਉਨ੍ਹਾਂ ਨੂੰ ਸਾਡਾ ਦੋ ਮਹੀਨੇ ਉਥੇ ਰਹਿਣਾ ਨਹੀਂ ਭੁੱਲਿਆ ਤੇ ਮੈਨੂੰ ਉਨ੍ਹਾਂ ਦੇ ਸਿਪਾਹੀ ਵੱਲੋਂ ਚੱਕਰ ਦਾ ਗੇੜਾ ਦੁਆਉਣਾ|
ਜੇ ਮਾਲਦੀਵ ਦੀਆਂ ਚੋਣਾਂ ਭਾਰਤ ਦੀ ਵਰਤਮਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਦਾ ਸ਼ੀਸ਼ਾ ਹਨ ਤਾਂ ਦੋ ਦਿਨ ਪਿਛੋਂ ਹੋਈਆਂ ਕਾਰਗਿਲ ਦੀਆਂ ਚੋਣਾਂ ਸਾਡੀ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਕਾਰਗੁਜ਼ਾਰੀ ਦਰਸਾਉਂਦੀਆਂ ਹਨ| ਮਾਲਦੀਵ ਹਿੰਦੂਤਵ ਦੀ ਪ੍ਰਧਾਨਗੀ ਦਾ ਪ੍ਰਤੀਕਰਮ ਹੈ ਤੇ ਕਾਰਗਿਲ ਦੀਆਂ ਚੋਣਾਂ ਉਥੋਂ ਦੇ ਵਸਨੀਕਾਂ ਦੀ ਆਵਾਜ਼| ਉਥੇ 26 ਸੀਟਾਂ ਵਿਚੋਂ 22 ਕਾਂਗਰਸ ਤੇ ਨੈਸ਼ਨਲ ਕਾਨਫਰੰਸ ਨੇ ਜਿੱਤੀਆਂ ਹਨ, ਦੋ ਆਜ਼ਾਦ ਉਮੀਦਵਾਰਾਂ ਨੇ ਤੇ ਕੇਵਲ ਦੋ ਭਾਜਪਾ ਨੇ| 2024 ਦੀਆਂ ਚੋਣਾਂ ਕੀ ਨਤੀਜੇ ਕੱਢਣਗੀਆਂ ਸਮੇਂ ਨੇ ਦੱਸਣਾ ਹੈ|

ਅੰਤਿਕਾ
-ਈਸ਼ਵਰ ਚਿੱਤਰਕਾਰ-
ਤੇਰੀ ‘ਨਹੀਂ’ ਨੇ ਫਾਹ ਲਿਆ ਉਸ ਦਿਲ ਨੂੰ ਕਿਸ ਤਰ੍ਹਾਂ ਭਲਾ
ਜਿਸ ਵੱਲ ਜ਼ਰਾ ਵੀ ਤੱਕਣੋਂ ਸੀ ਮੌਤ ਸੰਗਦੀ ਰਹੀ।