ਆਪਣੇ ‘ਚੰਦ ਮਾਮੇ` ਨੂੰ ਭਾਣਜੀ ਦੀ ਚਿੱਠੀ

ਕਿਰਪਾਲ ਕੌਰ
ਫੋਨ: 815-356-9531
ਭਾਰਤ ਨੇ ਚੰਦਰਾਯਨ-3 ਮਿਸ਼ਨ 14 ਜੁਲਾਈ ਨੂੰ ਭੇਜਿਆ ਸੀ ਅਤੇ ਦਾਅਵਾ ਕੀਤਾ ਗਿਆ ਕਿ ਇਹ ਲੰਮਾ ਪੈਂਡਾ ਮਾਰ ਕੇ 23 ਅਗਸਤ ਨੂੰ ਚੰਦ ਉਤੇ ਪਹੁੰਚ ਗਿਆ। ਇਸ ਪ੍ਰਾਪਤੀ ‘ਤੇ ਬਹੁਤ ਢੋਲ ਵਜਾਏ ਗਏ ਪਰ ਅਮਰੀਕਾ ਵੱਸਦੀ ਲਿਖਾਰੀ ਬੀਬੀ ਕਿਰਪਾਲ ਕੌਰ ਨੇ ਇਸ ਮਿਸ਼ਨ ਬਾਰੇ ਬਿਲਕੁਲ ਵੱਖਰੇ ਕੋਣ ਤੋਂ ਕਲਮ ਚਲਾਈ ਹੈ ਅਤੇ ਸਾਨੂੰ ਸਾਰਿਆਂ ਨੂੰ ਇਕ ਤਰ੍ਹਾਂ ਹੁੱਝ ਜਿਹੀ ਮਾਰ ਕੇ ਜਾਗਣ ਲਈ ਵੰਗਾਰਿਆ ਹੈ।

ਮੇਰੇ ਪਿਆਰੇ ਮਾਮਾ ਜੀ,
ਮੈਂ ਪਿਛਲੇ ਪੱਤਰ ਵਿਚ ਲਿਖਿਆ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਵਿਚ ਮੈਂ ਆਵਾਂਗੀ। ਸਾਡੀ ਸਰਕਾਰ ਨੇ ਨਵਾਂ ਉੜਨ ਖਟੋਲਾ ਬਣਾਇਆ ਜੋ ਸਾਡੀ ਧਰਤੀ ਤੋਂ ਤੁਹਾਡੇ ਤੱਕ ਆਇਆ ਕਰੇਗਾ ਲੇਕਨ ਮੰਮੀ ਨੇ ਸਮਝਾ ਦਿਤਾ ਕਿ ਸਾਡੀ ਧਰਤੀ ਦੇ ਬੰਦਿਆਂ ਦਾ ਤੁਹਾਡੇ ਤਕ ਪਹੁੰਚਣਾ ਨੁਕਸਾਨਦਾਇਕ ਹੈ।
ਮਾਮਾ ਜੀ ਆਪਾਂ ਪਹਿਲਾਂ ਵਾਂਗ ਹੀ ਦੂਰੋਂ ਮਿਲਾਂਗੇ। ਮੈਂ ਤੁਹਾਨੂੰ ਆਪਣੇ ਵਿਹੜੇ ਵਿਚ ਬੈਠ ਕੇ ਤੁਹਾਡੀਆਂ ਮਿੱਠੀਆਂ, ਠੰਢੀਆਂ ਤੇ ਪਿਆਰੀਆਂ ਰਸਮਾਂ ਤੋਂ ਪਿਆਰ ਲਵਾਂਗੀ।
ਮੰਮੀ ਦਾ ਕਹਿਣਾ ਹੈ ਕਿ ਸ੍ਰੀ ਕ੍ਰਿਸ਼ਨ, ਭਗਵਾਨ ਹੁੰਦੇ ਹੋਏ ਵੀ ਆਪਣੀ ਮਾਂ ਯਸ਼ੋਧਾ ਤੋਂ ਰੋ-ਰੋ ਕੇ ਚੰਦ ਨਾਲ ਖੇਡਣ ਦੀ ਜ਼ਿੱਦ ਕਰਦੇ ਰਹੇ। ਉਨ੍ਹਾਂ ਨੂੰ ਕਹੇਂ ਦੀ ਥਾਲੀ ਵਿਚ ਪਾਣੀ ਪਾ ਕੇ ਉਸ ਵਿਚ ਚੰਦਰਮਾ ਦਾ ਅਕਸ ਦਿਖਾ ਕੇ ਮਾਂ ਯਸ਼ੋਧਾ ਖੁਸ਼ ਕਰਦੀ ਸੀ। ਭਗਵਾਨ ਨੇ ਕਦੀ ਆਪਣੇ ਭਗਵਾਨ ਰੂਪ ਵਿਚ ਆ ਕੇ ਚੰਦ ਤੱਕ ਜਾਣ ਦਾ ਯਤਨ ਨਹੀਂ ਕੀਤਾ।
ਮੰਮੀ ਦਾ ਕਹਿਣਾ ਹੈ ਕਿ ਕੁਦਰਤ ਦੀ ਕੀਤੀ ਦੇ ਉਲਟ ਨਹੀਂ ਜਾਣਾ ਚਾਹੀਦਾ। ਪਤਾ ਨਹੀਂ ਕਿੰਨੀਆਂ ਧਰਤੀਆਂ, ਆਕਾਸ਼, ਪਾਤਾਲ ਤੇ ਚੰਦ ਸੂਰਜ ਹੋਣਗੇ। ਸਾਡੇ ਲਈ ਜੋ ਚਾਹੀਦਾ ਹੈ, ਸਭ ਕੁਝ ਇਸ ਧਰਤੀ ‘ਤੇ ਹੈ। ਕੁਦਰਤ ਨੇ ਜਿਸ ਜੀਵ ਨੂੰ ਜਿਥੇ ਪੈਦਾ ਕੀਤਾ, ਉਸ ਦੇ ਲਈ ਸਭ ਕੁਝ ਉਥੇ ਪੈਦਾ ਕੀਤਾ ਹੈ। ਇਥੋਂ ਤੱਕ ਕਿ ਸਮੁੰਦਰ ਵਿਚ ਜੀਵ ਪੈਦਾ ਕੀਤੇ, ਪੱਥਰਾਂ ਵਿਚ ਜੀਵ ਪੈਦਾ ਕੀਤੇ, ਉਨ੍ਹਾਂ ਦੇ ਖਾਣ ਦਾ ਇੰਤਜ਼ਾਮ ਵੀ ਕੀਤਾ। ਧਰਤੀ ‘ਤੇ ਸਾਨੂੰ ਕਿਸ ਵਸਤੂ ਦੀ ਘਾਟ ਹੈ। ਕੋਈ ਨਹੀਂ ਪਰ ਮਨੁੱਖ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਕਿ ਇਸ ਦੀ ਸੰਤੁਸ਼ਟੀ ਕਦੀ ਨਹੀਂ ਹੁੰਦੀ। ਕੁਝ ਹੋਰ ਦੀ ਚਾਹ ਇਸ ਦੇ ਮਨ ਵਿਚ ਬਣੀ ਰਹਿੰਦੀ ਹੈ। ਠੀਕ ਹੈ, ਹੋਰ ਪਾ ਸਕਦੇ ਹੋ ਤਾਂ ਹੋਰ ਹਾਸਲ ਕਰ ਲਵੋ ਪਰ ਜੋ ਕੁਦਰਤ ਨੇ ਜਿਸ ਤਰ੍ਹਾਂ ਜਿਥੇ ਬਣਾਇਆ ਹੋ, ਉਸ ਨੂੰ ਨਾ ਛੇੜੋ। ਮਨੁੱਖ ਦੀ ਬਹਾਦਰੀ ਹੀ ਇਹ ਮੰਨੀ ਜਾਣ ਲੱਗੀ ਹੈ- ਕੁਦਰਤ ਦੀ ਕੀਤੀ ਨੂੰ ਉਲਟਣਾ।
ਅੱਜ ਤੋਂ ਸੈਂਕੜੇ ਜਾਂ ਹਜ਼ਾਰਾਂ ਸਾਲ ਪਹਿਲਾਂ ਦੇ ਲੋਕ ਕੁਦਰਤ ਦੀ ਪੂਜਾ ਕਰਦੇ ਸਨ। ਦਰਿਆਵਾਂ ਕੰਢੇ ਬੈਠ ਕੇ, ਜੰਗਲਾਂ ਪਰਬਤਾਂ ਵਿਚ ਜਾ ਕੇ ਕੁਦਰਤ ਦੇ ਕਾਦਰ ਦੀ ਸਿਫ਼ਤ ਸਲਾਹ ਕਰਦੇ ਸਨ। ਕੁਦਰਤ ਦੇ ਸੁਹੱਪਣ ਅਤੇ ਉਸ ਤੋਂ ਪ੍ਰਾਪਤ ਹੋਣ ਵਾਲੀਆਂ ਉਪਯੋਗੀ, ਸੁੰਦਰ, ਸੁਹਾਵੀਆਂ ਅਤੇ ਮਿੱਠੀਆਂ ਵਸਤਾਂ ਦੀਆਂ ਝੋਲੀਆਂ ਭਰ ਕੇ ਅਨੰਦ ਮਾਣਦੇ ਤੇ ਵਾਹੁ-ਵਾਹੁ ਕਰਦੇ ਸਨ। ਅੱਜ ਦਾ ਮਨੁੱਖ ਸੋਚਦਾ ਹੈ ਕਿ ਇਹ ਪਹਾੜ ਇਥੇ ਨਾ ਹੁੰਦਾ ਤਾਂ ਦੂਸਰੇ ਪਾਸੇ ਜਾਣਾ ਸੌਖਾ ਹੁੰਦਾ; ਇਸ ਲਈ ਇਸ ਵਿਚੋਂ ਹੁਣ ਸੜਕ ਕੱਢੀ ਜਾਵੇ; ਦਰਖਤ ਵੱਢ ਕੇ ਲੱਕੜ ਵੇਚ ਦਿਤੀ ਜਾਵੇ; ਦਰਿਆ ਦਾ ਵਹਿਣ ਬਦਲ ਦਿਤਾ ਜਾਵੇ।
ਠੀਕ ਹੈ, ਅੱਜ ਦਾ ਮਨੁੱਖ ਬਹੁਤ ਗਿਆਨੀ ਹੈ, ਵਿਗਿਆਨੀ ਹੈ। ਇਸ ਲਈ ਉਹ ਸਮਝਦਾ ਹੈ ਕਿ ਉਸ ਦੇ ਸਾਹਮਣੇ ਕੁਦਰਤ ਵੀ ਬੌਣੀ ਹੈ। ਇਹ ਹੰਕਾਰੇ ਮਨੁੱਖ ਦੀ ਭੁੱਲ ਹੈ। ਕੀ ਤੁਹਾਨੂੰ ਕਦੀ ਕੁਦਰਤ ਦੇ ਬਣਾਏ ਸਰੀਰ ਵਿਚ ਕੋਈ ਘਾਟ ਲੱਗੀ? ਕਦੀ ਸੋਚਿਆ ਕਿ ਜੇ ਨੱਕ ਸਿਰ ‘ਤੇ ਲੱਗ ਜਾਂਦਾ, ਅੱਖਾਂ ਹੱਥਾਂ ‘ਤੇ ਹੁੰਦੀਆਂ? ਨਹੀਂ ਨਾ! ਜਿਸ ਅੰਗ ਦੀ ਜਿਥੇ ਲੋੜ ਸੀ, ਉਥੇ ਹੀ ਹੈ। ਇਸ ਧਰਤੀ ‘ਤੇ ਵੀ ਜਿਥੇ ਜਿਸ ਵਸਤੂ ਦੀ ਲੋੜ ਸੀ, ਠੀਕ ਉਥੇ ਹੈ। ਮਨੁੱਖ ਦੀ ਦਖਲਅੰਦਾਜ਼ੀ ਗਲਤ ਹੈ।
ਠੀਕ ਹੈ, ਕੁਦਰਤ ਨੇ ਮਨੁੱਖ ਨੂੰ ਦਿਮਾਗ ਦਿਤਾ, ਸੋਚ ਦਿਤੀ। ਉਸ ਸੋਚ ਦੇ ਆਸਰੇ ਹੀ ਇਸ ਆਪਣੇ ਖਾਣ-ਪੀਣ ਲਈ, ਜੀਣ ਲਈ ਸੁੱਖ-ਸਾਧਨ ਪੈਦਾ ਕੀਤੇ। ਖੇਤੀ ਬਾੜੀ ਅਤੇ ਉਪਜ ਤੋਂ ਭਾਂਤ-ਭਾਂਤ ਦੇ ਭੋਜਨ, ਰਹਿਣ ਲਈ ਘਰ ਅਤੇ ਅਨੇਕ ਸੁੱਖ-ਸਾਧਨ ਬਣਾ ਲਏ। ਧਵਾ-ਦਾਰੂ ਅਤੇ ਬੇਅੰਤ ਵਸਤਾਂ ਬਣਾ ਲਈਆਂ। ਸੋਚ ਸਮਝ ਨਾਲ ਦੂਰੀਆਂ ਦਾ ਸਫ਼ਰ ਅਤੇ ਭਾਰੀ ਸਾਮਾਨ ਢੋਣਾ ਆਸਾਨ ਬਣਾ ਲਿਆ। ਇਉਂ ਮਨੁੱਖ ਆਪਣੀਆਂ ਪ੍ਰਾਪਤੀਆਂ ਤੋਂ ਉਤਸ਼ਾਹਿਤ ਹੋ ਕੇ ਲੋੜ ਤੋਂ ਵਧ ਉਚੀਆਂ ਮੱਲਾਂ ਮਾਰਨ ਲੱਗ ਪਿਆ। ਇਨਸਾਨ ਇਹ ਭੁੱਲ ਗਿਆ ਕਿ ਜਿਸ ਨੇ ਇੰਨਾ ਕੁਝ ਬਣਾਇਆ, ਉਹ ਕਿੰਨੀ ਸ਼ਕਤੀ ਦਾ ਮਾਲਕ ਹੋਵੇਗਾ!
ਕਦੀ ਕਿਹਾ ਜਾਂਦਾ ਸੀ ਕਿ ਦਰਿਆਵਾਂ ਦੇ ਵਹਿਣ ਮੋੜੇ ਨਹੀਂ ਜਾ ਸਕਦੇ; ਪਰਬਤਾਂ ਦੇ ਸਿਰ ਨਹੀਂ ਝੁਕਾਏ ਜਾ ਸਕਦੇ ਪਰ ਮਨੁੱਖ ਨੇ ਤਾਂ ਦਰਿਆਵਾਂ ਨੂੰ ਕੀਲ ਕੇ ਕੁੱਜੇ ਵਿਚ ਪਾ ਲਿਆ; ਪਰਬਤਾਂ ਦੇ ਸਿਰ ਵੀ ਝੁਕਾ ਦਿੱਤੇ; ਉਨ੍ਹਾਂ ਉਤੇ ਸੜਕਾਂ ਬਣਾ ਲਈਆਂ, ਨਗਰ ਵਸਾ ਲਏ। ਪਰਬਤਾਂ ਦੀ ਛਾਤੀ ਵਿਚ ਬਾਰੂਦ ਦੇ ਗੋਲੇ ਭਰ ਕੇ ਇਨ੍ਹਾਂ ਨੂੰ ਰੂੰ ਦੇ ਫੰਬੇ ਵਾਂਗ ਉਡਾ ਦਿਤਾ। ਪਰਬਤਾਂ ਵਿਚ ਸੁਰੰਗਾਂ ਬਣਾ ਦਿਤੀਆਂ। ਉਨ੍ਹਾਂ ਸੁਰੰਗਾਂ ਵਿਚ ਰੇਲ ਪਟੜੀਆਂ ਵਿਛਾ ਦਿਤੀਆਂ ਜਿਥੋਂ ਮਾਣ-ਮੱਤੀਆਂ ਰੇਲਾਂ ਮਿਹਲਦੀਆਂ ਲੰਘਦੀਆਂ ਹਨ। ਸੜਕਾਂ ਉਤੋਂ ਟੈਂਕ, ਤੋਪਾਂ ਤੇ ਵਿਨਾਸ਼ਕਾਰੀ ਭਾਰੀ ਮਸ਼ੀਨਰੀ ਗਰੂਰ ਨਾਲ ਅਤੇ ਫੁੰਕਾਰੇ ਮਾਰਦੀ ਲੰਘਦੀ ਹੈ।
ਅਜਿਹੀਆਂ ਕਾਰਵਾਈਆਂ ਨਾਲ ਪਰਬਤਾਂ ਅਤੇ ਜੰਗਲਾਂ ਦਾ ਨਾਸ ਹੋ ਗਿਆ। ਸੰਘਣੇ ਜੰਗਲਾਂ ਵਿਚ ਰਹਿਣ ਵਾਲੇ ਚੌਪਾਏ ਜਾਨਵਰ ਖ਼ਤਮ ਹੋ ਗਏ। ਰੁੱਖਾਂ ਉਪਰ ਵਸਣ ਵਾਲੇ ਪੰਛੀ ਖ਼ਤਮ ਹੋ ਗਏ। ਕੁਦਰਤ ਦੀ ਸੁੰਦਰਤਾ ਹੀ ਖ਼ਤਮ ਨਹੀਂ ਹੋਈ, ਪੂਰੇ ਵਾਤਾਵਰਣ ਦਾ ਨਾਸ਼ ਹੋ ਗਿਆ। ਸਾਡੀਆਂ ਵਿਗਿਆਨਕ ਕਾਢਾਂ ਦਾ ਹਾਸਲ ਹੁਣ ਇਹ ਹੈ ਕਿ ਧਰਤੀ, ਪਾਣੀ ਅਤੇ ਪੌਣ ਜ਼ਹਿਰੀਲੀ ਹੋ ਗਏ ਹਨ।
ਉਂਝ, ਮਨੁੱਖ ਨੂੰ ਅਜੇ ਵੀ ਇਹ ਸਮਝ ਨਹੀਂ ਆਈ ਕਿ ਪੌਣ-ਪਾਣੀ ਬਦਲਣ ਨਾਲ ਕਿੰਨੀਆਂ ਬਿਮਾਰੀਆਂ ਵਧ ਗਈਆਂ ਹਨ। ਤੇਜ਼ ਰਫ਼ਤਾਰ ਵਾਹਨ ਜਿਨ੍ਹਾਂ ਨੂੰ ਦੇਖ-ਦੇਖ ਅਸੀਂ ਖ਼ੁਸ਼ ਹੁੰਦੇ ਹਾਂ ਕਿ ਅਸੀਂ ਸਮਾਂ ਬਚਾ ਲਿਆ ਹੈ ਪਰ ਅਸੀਂ ਕਦੀ ਇਹ ਲੇਖਾ-ਜੋਖਾ ਨਹੀਂ ਕੀਤਾ ਕਿ ਜੋ ਸਮਾਂ ਅਸਾਂ ਬਚਾਇਆ ਹੈ, ਉਸ ਦੀ ਕੀ ਸਦ-ਵਰਤੋਂ ਕੀਤੀ ਹੈ। ਤੇਜ਼ ਰਫ਼ਤਾਰ ਵਾਹਨ ਨੂੰ ਤੇਜ਼ ਦੁੜਾ-ਦੁੜਾ ਅਸੀਂ ਦੁਰ-ਘਟਨਾਵਾਂ ਵਧਾ ਲਈਆਂ ਹਨ। ਜਾਨੀ ਮਾਲੀ ਨੁਕਸਾਨ ਕਈ ਗੁਣਾ ਵਧ ਗਿਆ ਹੈ।
ਜਦੋਂ ਕਿਤੇ ਕੁਦਰਤ ਜਾਂ ਕੁਦਰਤ ਦਾ ਕਾਦਰ ਅੱਖ ਮਾੜੀ ਜਿਹੀ ਲਾਲ ਕਰ ਕੇ ਦੇਖਦਾ ਹੈ ਤਾਂ ਫਿਰ ਮਨੁੱਖ ਆਪਣਾ ਸਿਰ ਪਿਟਦਾ ਦੁਹਾਈ ਦਿੰਦਾ ਹੈ: ‘ਰੱਬਾ! ਕੀ ਕਰ ਦਿਤਾ।’ ਪਿੱਛੇ ਜਿਹੇ ਪਹਾੜੀ ਇਲਾਕਿਆਂ ਵਿਚ ਮੀਂਹ ਬਹੁਤ ਪਿਆ, ਧਰਤੀ ਬੈਠਣ ਲੱਗ ਪਈ ਸੀ, ਪਹਾੜ ਢਲ ਕੇ ਖਿਸਕਣ ਲੱਗ ਪਏ। ਕਿਵੇਂ ਹਾਹਾਕਾਰ ਮਚੀ। ਜਦ ਕੁਦਰਤ ਮਾੜੀ ਜਿਹੀ ਅੰਗੜਾਈ ਲੈਂਦੀ ਹੈ ਤਾਂ ਨਗਰਾਂ ਦੇ ਨਗਰ ਤਬਾਹ ਹੋ ਜਾਂਦੇ ਹਨ। ਭੂਚਾਲ ਆ ਜਾਵੇ ਜਾਂ ਸਮੁੰਦਰੀ ਤੂਫ਼ਾਨ ਪਲ-ਖਿਣ ਵਿਚ ਕੀ ਕੁਝ ਕਰ ਦਿੰਦੇ ਹਨ। ਬਹੁਤ ਦਿਮਾਗ ਵਾਲਾ ਮਨੁੱਖ ਫਿਰ ਕੁਦਰਤ ਦੇ ਇਸ ਰੂਪ ਅੱਗੇ ਕਿਉਂ ਨਹੀਂ ਛਾਤੀ ਤਾਣ ਖਲੋਂਦਾ?
ਹੁਣ ਕਦੋਂ ਦਾ ਇਹ ਆਸਮਾਨ ਦੇ ਗ੍ਰਹਿ ਵੱਲ ਤੱਕਣ ਲੱਗਾ ਹੋਇਆ ਹੈ!
ਮਾਮਾ ਜੀ, ਮੰਮੀ ਕਹਿੰਦੇ ਹਨ ਕਿ ਮੈਂ ਵਿਗਿਆਨ ਦੇ ਖਿਲਾਫ਼ ਨਹੀਂ। ਬਿਨਾ ਸੋਚੇ ਸਮਝੇ, ਲਾਭ ਹਾਨੀ ਦਾ ਲੇਖਾ ਜੋਖਾ ਕੀਤੇ ਬਿਨਾ ਅਤੇ ਆਪਣੀ ਸਮਰੱਥਾ ਜਾਣੇ ਬਿਨਾ ਕੁਝ ਕਰਨਾ ਠੀਕ ਨਹੀਂ।
ਕੋਈ ਐਸੀ ਵਸਤੂ ਨਹੀਂ ਸੁਣੀ ਜਿਸ ਦੀ ਧਰਤੀ `ਤੇ ਰਹਿਣ ਵਾਲਿਆਂ ਨੂੰ ਲੋੜ ਹੋਵੇ, ਤੇ ਧਰਤੀ ਉਤੇ ਰਹਿਣ ਵਾਲਿਆਂ ਨੂੰ ਇਹ ਪਤਾ ਹੋਵੇ ਕਿ ਇਹ ਚੰਦ ਕੋਲ ਹੈ। ਹਾਂ! ਚੰਦ ਕੋਲ ਹੈ-ਚਾਂਦਨੀ ਤੇ ਸ਼ਤਿਲਤਾ। ਇਹ ਗੁਣ ਕਿਸੇ ਯਤਨ ਨਾਲ ਅਸੀਂ ਉਸ ਪਾਸੋਂ ਲੁੱਟ-ਖੋਹ ਨਹੀਂ ਕਰਦੇ। ਅਸੀਂ ਧਰਤੀ ‘ਤੇ ਕਿਸੇ ਦੇ ਮਿੱਠੇ ਸੁਭਾਅ ਜਾਂ ਸੁੰਦਰਤਾ ਨੂੰ ਉਸ ਤੋਂ ਲੈ ਨਹੀਂ ਸਕਦੇ। ਹਾਂ, ਈਰਖਾ ਵੱਸ ਕਿਸੇ ਦੀ ਸੁੰਦਰਤਾ ਖ਼ਰਾਬ ਜ਼ਰੂਰ ਕਰ ਸਕਦੇ ਹਾਂ। ਚੰਦ ਕੋਲ ਜਾ ਕੇ ਕੀ ਲੈਣਾ ਹੈ? ਵਿਗਿਆਨੀਆਂ ਨੇ ਕੁਝ ਤਾਂ ਸੋਚਿਆ ਹੋਵੇਗਾ। ਕੋਈ ਗੈਸ ਜਾਂ ਧਾਤ।…ਮਾੜੀ ਕਿਸਮਤ ਤਾਂ ਸਾਡੀ ਇਹ ਹੈ ਕਿ ਸਾਡੇ ਅੰਦਰ ਸੰਤੁਸ਼ਟੀ ਨਹੀਂ ਹੈ। ਮੰਮੀ ਤਾਂ ਵਿਗਿਆਨੀਆਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਪਹਿਲਾਂ ਆਪਣੇ ਵਿਗਿਆਨ ਨਾਲ ਆਪਣੀ ਧਰਤੀ, ਪਾਣੀ ਅਤੇ ਪੌਣ ਨੂੰ ਮੁੜ ਤੋਂ ਸ਼ੁਧ ਕਰੋ, ਪਾਣੀ ਨੂੰ ਅੰਮ੍ਰਿਤ ਬਣਾ ਲਵੋ, ਧਰਤੀ ਦੇ ਥੱਲੇ ਦਾ ਘਟਿਆ ਪਾਣੀ ਵਧਾ ਲਵੋ, ਧਰਤੀ ਦੇ ਸ਼ਿੰਗਾਰ ਰੁੱਖਾਂ ਨਾਲ ਧਰਤੀ ਨੂੰ ਸ਼ਿੰਗਾਰ ਲਵੋ, ਫਿਰ ਕਿਸੇ ਹੋਰ ਚੰਦ ਤਾਰੇ ਵਲ ਮੂੰਹ ਕਰਿਓ।
ਅੱਜ ਸ਼ੀਤਲ ਚਾਂਦਨੀ ਵਾਲਾ ਇਹ ਚੰਦ ਕੇਵਲ ਬੱਚਿਆਂ ਦਾ ਮਾਮਾ ਹੀ ਨਹੀਂ ਸਗੋਂ ਕਿੰਨੀਆਂ ਭੈਣਾਂ ਦਾ ਸੁੱਖਾਂ ਲੱਧਾ ਵੀਰ ਵੀ ਹੈ। ਕਿੰਨੀਆਂ ਮਾਵਾਂ ਵਿਛੜੇ ਪੁੱਤਰ ਦੀ ਯਾਦ ਵਿਚ ਡੁੱਬੀਆਂ ਚੰਦ ਨੂੰ ਦੇਖ ਆਪਣੇ ਲਾਡਲੇ ਨੂੰ ਸੰਦੇਸ਼ ਭੇਜਦੀਆਂ ਹਨ। ਉਹ ਸੁਹਾਗਣਾਂ ਜਿਨ੍ਹਾਂ ਦਾ ਲਾਲ ਚੂੜਾ ਬਾਹਾਂ ਵਿਚ ਮੈਲਾ ਵੀ ਨਹੀਂ ਹੋਇਆ ਹੁੰਦਾ ਕਿ ਪ੍ਰੀਤਮ ਸਰਹੱਦ ‘ਤੇ ਪਹੁੰਚ ਜਾਂਦਾ ਹੈ, ਉਹ ਸੋਹਣੀਆਂ ਵੀ ਆਪਣੇ ਦਿਲ ਦੇ ਬਿਰਹੇ ਦੀ ਪੀੜ ਦਾ ਦੁੱਖ ਆਸਮਾਨ ਵਿਚੋਂ ਝਾਤ ਪਾਉਂਦੇ ਚੰਦ ਨੂੰ ਹੀ ਸੁਣਾਉਂਦੀਆਂ ਹਨ। ਉਨ੍ਹਾਂ ਕਵੀਆਂ ਦੀ ਕਾਵਿ-ਉਡਾਰੀ ਚੰਦ ਦੀਆਂ ਕਿਰਨਾਂ ਦੇ ਖੰਬਾਂ ਨਾਲ ਉਡਦੀ ਹੈ ਜਿਹੜੇ ਚੰਦ ਨੂੰ ਕਦੀ ਪ੍ਰੇਮਿਕਾ ਦੇ ਚਿਹਰੇ ਦਾ ਧੋਖਾ ਖਾਦੇ ਜਾਂ ਕੋਈ ਪ੍ਰੇਮੀ ਦਾ। ਇਸ ਤਰ੍ਹਾਂ ਦੇ ਭਾਵਨਾਤਮਕ ਸੁੱਖ ਤੇ ਸੁਖਦ ਉਡਾਣਾਂ ਨਾ ਕੋਈ ਗੈਸ, ਨਾ ਕੋਈ ਹੀਰੇ ਮੋਤੀ ਅਤੇ ਸੋਨਾ ਦੇ ਸਕਦਾ ਹੈ। ਪਵਿੱਤਰ ਭਾਵਨਾਵਾਂ ਦਾ ਜਨਮ ਕਿਸੇ ਪਵਿੱਤਰ ਤੇ ਰੱਬੀ ਨੂਰ ਨੂੰ ਨਿਹਾਰ ਕੇ ਹੀ ਹੁੰਦਾ ਹੈ।
ਆਓ ਅਸੀਂ ਸਾਰੇ ਰਲ ਕੇ ਆਪੋ-ਆਪਣੇ ਮਨਾਂ ਦੀ ਖੋਜ ਕਰੀਏ ਜਿਹੜੇ ਧਰਤੀ ਵਾਂਗ ਜ਼ਹਿਰੀਲੇ ਹੋ ਗਏ ਹਨ। ਅੱਜ ਸਾਡੇ ਦਿਲਾਂ ਵਿਚੋਂ ਦਿਆ ਕਿੱਥੇ ਚਲੀ ਗਈ? ਆਪਸੀ ਪਰਿਵਾਰਕ ਪਿਆਰ, ਰਿਸ਼ਤਿਆਂ ਦੀ ਗੰਢ ਅਤੇ ਹਮਦਰਦੀ ਵਰਗੇ ਗੁਣ ਕਿੱਥੇ ਚਲੇ ਗਏ? ਕੀ ਕੋਈ ਕਿਸੇ ਹੋਰ ਗ੍ਰਹਿ ਤੋਂ ਆ ਕੇ ਸਾਨੂੰ ਵੀ ਲੁੱਟ ਕੇ ਲੈ ਗਿਆ ਹੈ?
ਪਹਿਲਾਂ ਇਹ ਸੋਚਣ ਦੀ ਲੋੜ ਹੈ ਕਿ ਸਾਨੂੰ ਬਿਰਧ ਆਸ਼ਰਮ ਬਣਾਉਣ ਦੀ ਲੋੜ ਕਿਉਂ ਪੈ ਗਈ!
ਜਿਵੇਂ ਅਖ਼ਬਾਰ ਵਿਚ ਅਤੇ ਟੈਲੀਵਿਜ਼ਨ ਉਤੇ ਚੰਦਰਾਯਨ ਦੀਆਂ ਪ੍ਰਾਪਤੀਆਂ ਪੜ੍ਹਦੀ ਸੁਣਦੀ ਹਾਂ ਤਾਂ ਉਸੇ ਤਰ੍ਹਾਂ ਇਹ ਖ਼ਬਰਾਂ ਵੀ ਪੜ੍ਹ ਸੁਣ ਰਹੀ ਹਾਂ: ‘ਪੁੱਤ ਆਪਣੇ ਪਿਤਾ ਨੂੰ ਡਾਕਟਰ ਕੋਲ ਦਿਖਾਉਣ ਲਈ ਕਹਿ ਕੇ ਕਿਸੇ ਹੋਰ ਸਥਾਨ ‘ਤੇ ਬਿਠਾ ਗਿਆ’, ‘ਨੂੰਹ ਨੇ ਸੱਸ ਨੂੰ ਘਰੋਂ ਕੱਢ ਦਿਤਾ’, ਮਾਂ ਆਪਣੇ ਚਾਰ ਬੱਚਿਆਂ ਨੂੰ ਹਸਪਤਾਲ ਅੱਗੇ ਬਿਠਾ ਕੇ ਦੋਸਤ ਨਾਲ ਦੌੜ ਗਈ’, ‘ਭੈਣ ਨੇ ਜ਼ਮੀਨ ਦੇ ਲਾਲਚ ਵਿਚ ਆਪਣੇ ਭਰਾ ਦਾ ਕਤਲ ਕਰਵਾ ਦਿਤਾ’…। ਰਿਸ਼ਤਿਆਂ ਵਿਚ ਤਾਂ ਇੰਨੀ ਗਿਰਾਵਟ ਆ ਗਈ ਹੈ ਕਿ ਲਿਖਦੇ ਹੋਏ ਕਲਮ ਅਤੇ ਹੱਥ ਕੰਬਦੇ ਹਨ, ਦਿਲ ਨੂੰ ਡੋਬੂ ਪੈਂਦਾ ਹੈ।
ਪੰਜਾਬੀ ਦੀ ਕਹਾਵਤ ਹੈ, ਇਹ ਪਿੰਡਾਂ ਵਿਚ ਤਾਂ ਵਰਤੀ ਜਾਂਦੀ ਮੈਂ ਅਕਸਰ ਸੁਣੀ ਹੈ: ‘ਅੱਗਾ ਦੌੜ ਤੇ ਪਿੱਛਾ ਚੌੜ`। ਇਸ ਦਾ ਅਰਥ ਇਹ ਹੈ ਕਿ ਅਸੀਂ ਨਵੀਆਂ ਪ੍ਰਾਪਤੀਆਂ ਕਰਦੇ ਹਾਂ ਅਤੇ ਪਹਿਲਾਂ ਹਾਸਲ ਕੀਤੇ ਗੁਣ ਜਾਂ ਸੰਪਤੀ ਜਾਂ ਕੁਝ ਵੀ, ਉਸ ਤੋਂ ਹੱਥ ਧੋ ਰਹੇ ਹਾਂ।
ਮੈਂ ਆਪਣੇ ਸਾਥੀਆਂ ਅਤੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਵਿਗਿਆਨਕ ਖੋਜਾਂ ਕਰੋ, ਜੋ ਨਵਾਂ ਪਾਉਣਾ ਚਾਹੁੰਦੇ ਹੋ, ਪਾਵੋ ਪਰ ਜੋ ਕੁਦਰਤ ਨੇ ਬਣਾ ਕੇ ਰੱਖਿਆ ਹੈ, ਜਿਸ ਤੋਂ ਕੋਈ ਹਾਨੀ ਨਹੀਂ, ਜੋ ਸਾਡੀ ਜ਼ਿੰਦਗੀ ਲਈ ਸੁਖਦ, ਸੁਹਾਵਾ ਤੇ ਆਨੰਦਮਈ ਹੈ, ਉਸ ਦਾ ਤਾਂ ਆਦਰ ਸਤਿਕਾਰ ਹੋਣਾ ਚਾਹੀਦਾ ਹੈ।
ਕੁਦਰਤ ਦੀ ਕੀਤੀ ਨੂੰ, ਕੁਦਰਤ ਦੀ ਘਾੜਤ ਨੂੰ ਢਾਹੁਣ, ਵਿਗਾੜਨ ਅਤੇ ਉਸ ਦੀ ਸੂਰਤ ਬਦਲਣ ਦਾ ਸਾਨੂੰ ਕੋਈ ਹੱਕ ਨਹੀਂ। ਆਓ ਸਾਰੇ ਰਲ ਕੇ ਉਸ ਨੂੰ ਸੰਵਾਰਨ ਤੇ ਸ਼ਿੰਗਾਰਨ ਦਾ ਯਤਨ ਕਰੀਏ ਜੋ ਅੱਜ ਤਕ ਅਸੀਂ ਵਿਗਾੜਦੇ ਹੀ ਆਏ ਹਾਂ। ਚੰਦਰਮੁਖੀ ਮਾਮੇ ਅਤੇ ਆਪਣੇ ਨਾਨਕਿਆਂ ਦੇ ਗ੍ਰਹਿਆਂ ਨੂੰ ਵਧਦਾ ਰਸਦਾ ਰਹਿਣ ਦਿਓ।
ਇਹ ਮੇਰੀ ਮੰਮੀ ਦਾ ਸਾਡੇ ਲਈ ਸੰਦੇਸ਼ ਹੈ ਜਿਸ ਕਰ ਕੇ ਮਾਮਾ ਜੀ, ਮੈਂ ਨਹੀਂ ਆ ਸਕਦੀ।
ਸਤਿਕਾਰ ਸਹਿਤ
ਮਾਮੇ ਦੀ ਭਾਣਜੀ।