ਤਾਲੀਮ ਅਤੇ ਤਰਬੀਅਤ

ਡਾ ਗੁਰਬਖ਼ਸ਼ ਸਿੰਘ ਭੰਡਾਲ
ਤਾਲੀਮ ਅਤੇ ਤਰਬੀਅਤ ਦਾ ਆਪਸੀ ਗੂੜ੍ਹਾ ਰਿਸ਼ਤਾ ਵੀ ਹੈ ਅਤੇ ਰਿਸ਼ਤਾ ਨਹੀਂ ਵੀ। ਇਹ ਦੋ ਵੱਖੋ-ਵੱਖ ਮਨੁੱਖੀ ਗੁਣ ਅਤੇ ਇਨ੍ਹਾਂ ਵਿਚੋਂ ਹੀ ਅਸੀਂ ਕਿਸੇ ਮਨੁੱਖ ਦੀ ਪਛਾਣ ਕਰਦੇ। ਮਨੁੱਖ ਨੂੰ ਇਕੱਲਾ ਵਿਦਿਆ ਦੇ ਪੱਖੋਂ ਮੁਲਾਂਕਣ ਕਰਨਾ, ਮਨੁੱਖੀ ਫ਼ਿਤਰਤ ਦਾ ਸਭ ਤੋਂ ਵੱਡਾ ਗੁਨਾਹ। ਤਾਲੀਮ ਤਰਬੀਅਤ ਨਹੀਂ ਹੁੰਦੀ ਜਦ ਕਿ ਤਰਬੀਅਤ ਜ਼ਰੂਰ ਤਾਲੀਮ ਹੁੰਦੀ।

ਉਚ-ਵਿਦਿਆ ਪ੍ਰਾਪਤ ਵਿਅਕਤੀ ਤਰਬੀਅਤ ਪੱਖੋਂ ਹੀਣਾ ਹੋ ਸਕਦਾ ਹੈ ਪਰ ਤਰਬੀਅਤ ਦਾ ਪ੍ਰਪੱਕ ਵਿਅਕਤੀ ਕਦੇ ਵੀ ਵਿਦਿਆ ਪੱਖੋਂ ਕਿਸੇ ਵੀ ਨਾਲੋਂ ਘੱਟ ਨਹੀਂ ਹੁੰਦਾ। ਸਾਡੇ ਸਮਿਆਂ ਦੀ ਕੇਹੀ ਵਿਡੰਬਨਾ ਹੈ ਕਿ ਅਸੀਂ ਡਿਗਰੀਆਂ ਨੂੰ ਮਾਣ ਦੇਣ ਲੱਗ ਪਏ ਹਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਵਿਸਾਰਨ ਲੱਗ ਪਏ ਹਾਂ। ਜਦ ਡਿਗਰੀਆਂ ਹੀ ਕਿਸੇ ਸਮਾਜ ਵਿਚ ਪਰਖਣ ਦਾ ਪੈਮਾਨਾ ਬਣ ਜਾਵੇ ਤਾਂ ਸਮਾਜ ਦੀ ਗਰਕਣੀ ਨੂੰ ਕੋਈ ਨਹੀਂ ਰੋਕ ਸਕਦਾ। ਅਸਲ ਵਿਚ ਸਮਾਜ ਦੀਆਂ ਮੂਲ ਧਾਰਨਾਵਾਂ, ਸੁਚਾਰੂ ਕਦਰਾਂ-ਕੀਮਤਾਂ ਅਤੇ ਮਾਨਵੀ ਗੁਣਾਂ `ਤੇ ਆਧਾਰਤ ਹੁੰਦੀਆਂ।
ਵਿਦਿਆ ਪ੍ਰਾਪਤੀ ਸਾਡੀ ਆਖਰੀ ਮੰਜ਼ਲ਼ ਨਹੀਂ ਹੋਣੀ ਚਾਹੀਦੀ ਸਗੋਂ ਇਹ ਇਕ ਰਾਹ ਹੋਣਾ ਚਾਹੀਦਾ ਕਿ ਅਸੀਂ ਮਨੁੱਖ ਤੋਂ ਇਨਸਾਨ ਬਣ ਸਕੀਏ। ਜੀਵਨ ਵਿਚ ਮਾਨਵੀ ਕਦਰਾਂ-ਕੀਮਤਾਂ ਦੇ ਧਾਰਨੀ ਬਣੀਏ। ਸਾਡਾ ਵਿਅਕਤੀਤਵ ਚੌਗਿਰਦੇ ਵਿਚ ਮਹਿਕ ਖਿੰਡਾਵੇ ਅਤੇ ਰੋਲ ਮਾਡਲ ਬਣ ਜਾਵੇ। ਜਦ ਸਿਰਫ਼ ਤਾਲੀਮ-ਯਾਫ਼ਤਾ ਪਰ ਤਰਬੀਅਤ ਵਿਹੂਣੇ ਲੋਕ ਕਿਸੇ ਸਮਾਜ ਵਿਚ ਹਾਵੀ ਹੋ ਜਾਂਦੇ ਤਾਂ ਸਿਸਕਦੀਆਂ ਨੇ ਕਦਰਾਂ-ਕੀਮਤਾਂ। ਅਸੀਂ ਡਿਗਰੀਆਂ ਲੈ ਲਈਆਂ ਪਰ ਡਿਗਰੀਆਂ ਕਰਵਾਉਣ ਵਾਲੇ ਮਾਪਿਆਂ ਅਤੇ ਅਧਿਆਪਕਾਂ ਦੀ ਅਣਦੇਖੀ ਕਰਨੀ ਸਿੱਖ ਲਈ। ਅਸੀਂ ਵਿਦਿਆ ਸਦਕਾ ਵੱਡੀਆਂ ਕੋਠੀਆਂ ਬਣਾ ਲਈਆਂ ਪਰ ਆਪਣੇ ਬਾਪ ਲਈ ਪਿਛਵਾੜੇ ਵਿਚ ਨਿੱਕੀ ਜਿਹੀ ਕੋਠੜੀ ਬਣਾ ਦਿੱਤੀ। ਅਸੀਂ ਨਵੇਂ ਮਾਡਲ ਦੀ ਕਾਰ ਤਾਂ ਘਰ ਮੂਹਰੇ ਖੜ੍ਹੀ ਕਰ ਲਈ ਪਰ ਬਾਪ ਤਾਂ ਹੁਣ ਵੀ ਸਾਈਕਲ `ਤੇ ਜਾਂਦਿਆਂ ਆਪਣਾ ਬਚਾਅ ਖੁLਦ ਕਰਦਾ ਜਦ ਉਸਦੇ ਪੁੱਤ ਦੀ ਕਾਰ ਉਸਨੂੰ ਚਿੱਕੜ ਨਾਲ ਲਬੇੜਨ ਦੀ ਕੋਸ਼ਿਸ਼ ਕਰਦੀ।
ਅਸੀਂ ਕੇਹੇ ਆਲਮ-ਫ਼ਾਜ਼ਲ ਹੋ ਗਏ ਕਿ ਅਸੀਂ ਆਪਣੇ ਖੇਤਾਂ ਵਿਚ ਆਪਣਿਆਂ ਦੀਆਂ ਹੀ ਕਬਰਾਂ ਪੁੱਟਣ ਲੱਗ ਪਏ। ਘਰ ਵਿਚ ਨਿੱਕੇ ਨਿੱਕੇ ਕਮਰੇ ਉਗ ਆਏ ਅਤੇ ਖ਼ਾਮੋਸ਼ ਹੋ ਗਈ ਰੋਟੀ ਖਾਂਦਿਆਂ ਦੀ ਪਿਆਰੀ-ਪਿਆਰੀ ਗੁਫ਼ਤਗੂ।
ਅਸੀਂ ਤਾਂ ਇੰਨਾ ਪੜ੍ਹ ਗਏ ਕਿ ਆਪਣੇ ਬਜ਼ੁਰਗਾਂ ਪ੍ਰਤੀ ਅਦਬ ਹੀ ਭੁੱਲ ਗਏ। ਸਾਨੂੰ ਇਹ ਵਹਿਮ ਹੋ ਗਿਆ ਕਿ ਅਨਪੜ੍ਹ, ਪੇਂਡੂ ਮਾਪਿਆਂ ਨੂੰ ਦੇਖ ਕੇ ਸਹਿਕਰਮੀ ਕੀ ਕਹਿਣਗੇ? ਸਾਡੇ ਬਜ਼ੁਰਗਾਂ ਨੇ ਵਿਦਿਆ ਨਹੀਂ ਸੀ ਪ੍ਰਾਪਤ ਕੀਤੀ। ਉਹ ਅੱਖਰਾਂ ਤੋਂ ਕੋਰੇ ਸਨ ਪਰ ਉਨ੍ਹਾਂ ਨੇ ਜਿੰLਦਗੀ ਦੀ ਕਿਤਾਬ ਨੂੰ ਆਪਣੀ ਰੂਹ ਵਿਚ ਸਮਾਇਆ ਹੋਇਆ ਸੀ। ਉਹ ਕਿਤਾਬੀ ਗਿਆਨ ਤੋਂ ਕੋਰੇ ਵੀ ਸਾਡੇ ਤੋਂ ਜ਼ਿਆਦਾ ਸਿਆਣੇ ਸਨ ਕਿਉਂਕਿ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇਨ੍ਹਾਂ ਵਿਚੋਂ ਉਭਰਨ ਦਾ ਗੁਰ ਆਉਂਦਾ ਸੀ। ਅਸੀਂ ਤਾਂ ਕਿਸੇ ਮੁਸ਼ਕਲ ਸਥਿਤੀ ਨਾਲ ਨਿਪਟਣ ਦੀ ਬਜਾਏ ਜਾਂ ਤਾਂ ਖ਼ੁਦਕੁਸ਼ੀ ਦੇ ਰਾਹ ਤੁਰ ਪੈਂਦੇ ਹਾਂ ਜਾਂ ਡਿਪਰੈਸ਼ਨ ਵਿਚ ਚਲੇ ਜਾਂਦੇ ਹਾਂ। ਜ਼ਿਆਦਾ ਪੜ੍ਹੇ-ਲਿਖੇ ਲੋਕ ਹੀ ਡਿਪਰੈਸ਼ਨ ਦਾ ਸ਼ਿਕਾਰ ਜਦ ਕਿ ਅਨਪੜ੍ਹ ਲੋਕ ਤਾਂ ਜ਼ਿੰਦਗੀ ਨੂੰ ਜਸ਼ਨ ਵਾਂਗ ਮਾਣਦੇ ਸੀ।
ਕਦੇ ਵਿਦਿਅਕ ਅਦਾਰਿਆਂ ਵਿਚ ਤਾਲੀਮ-ਓ-ਤਰਬੀਅਤ `ਤੇ ਖਾਸ ਤਵੱਜੋਂ ਦਿੱਤੀ ਜਾਂਦੀ ਸੀ ਤਾਂ ਕਿ ਤਾਲੀਮ ਰਾਹੀਂ ਹਰ ਸ਼ਖ਼ਸ ਦੇ ਵਿਅਕਤੀਤਵ ਨੂੰ ਉਸਾਰਨ ਅਤੇ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਈ ਜਾਵੇ। ਪਰ ਅਸੀਂ ਡਿਗਰੀਆਂ ਦੀ ਦੌੜ ਵਿਚ ਕੇਹੇ ਗਵਾਚੇ ਕਿ ਸਾਨੂੰ ਆਪਣੇ ਵਿਅਕਤੀਤਵ ਨੂੰ ਸੰਤੁਲਤ ਬਣਾਉਣ ਦਾ ਖ਼ਿਆਲ ਹੀ ਨਹੀਂ ਰਿਹਾ। ਮਾਪੇ ਸਿਰਫ਼ ਬੱਚਿਆਂ ਦੀ ਉਚੇਰੀ ਵਿਦਿਆ ਪ੍ਰਾਪਤੀ ਲਈ ਹਰ ਦਾਅ-ਪੇਚ ਵਰਤਦੇ ਪਰ ਉਨ੍ਹਾਂ ਦਾ ਧਿਆਨ ਕਦੇ ਵੀ ਉਨ੍ਹਾਂ ਦੀ ਚਰਿੱਤਰ ਉਸਾਰੀ ਵੱਲ ਨਹੀਂ ਜਾਂਦਾ। ਮਾਪੇ ਸੋਚਦੇ ਨੇ ਵਿਦਿਆ ਨਾਲ ਹੀ ਮੇਰੇ ਬੱਚੇ ਨੇ ਸੰਪੂਰਨ ਹੋ ਜਾਣਾ ਪਰ ਉਹ ਅਪੂਰਨ ਹੀ ਵਿਦਿਅਕ
ਅਦਾਰਿਆਂ ਵਿਚੋਂ ਨਿਕਲ ਕੇ ਸਮਾਜ ਲਈ ਇਕ ਬੋਝ ਬਣ ਜਾਂਦੇ।
ਬਹੁਤ ਵੱਡੀ ਕੰਪਨੀ ਦਾ ਸੀਈਓ ਹੈ। ਵਿਆਹ ਤੋਂ ਕੁਝ ਹੀ ਦਿਨਾਂ ਬਾਅਦ ਉਸ ਦਾ ਤਲਾਕ ਹੋ ਜਾਂਦਾ ਹੈ। ਕਾਰਨ ਇਹ ਕਿ ਉਹ ਕੰਪਨੀ ਤਾਂ ਚਲਾਉਣੀ ਜਾਣਦਾ ਹੈ ਪਰ ਉਸਨੂੰ ਪਤਾ ਹੀ ਨਹੀਂ ਕਿ ਵਿਆਹੁਤਾ ਜੀਵਨ ਦੇ ਕਿਹੜੇ ਫਰਜ਼ ਤੇ ਜਿੰLਮੇਵਾਰੀਆਂ ਹੁੰਦੀਆਂ ਅਤੇ ਇਸ ਮਾਲੂਕ ਰਿਸ਼ਤੇ ਨੂੰ ਕਿਵੇਂ ਨਿਭਾਉਣਾ? ਅਜਿਹੀ ਉਲਾਰ ਬਿਰਤੀ ਵਾਲੇ ਲੋਕ ਆਪਣੇ ਜੀਵਨ ਸਾਥੀ ਨਾਲ ਕਿਵੇਂ ਨਿੱਭ ਸਕਦੇ? ਲੋੜ ਹੁੰਦੀ ਹੈ ਆਪਣੀ ਪੋ੍ਰਫੈਸ਼ਨਲ ਅਤੇ ਪਰਿਵਾਰਕ ਜ਼ਿੰਦਗੀ ਵਿਚ ਸੰਤੁਲਨ ਬਣਾ ਕੇ ਰੱਖਿਆ ਜਾਵੇ। ਜਦ ਤੁਸੀਂ ਆਪਣੇ ਕਿੱਤੇ ਨੂੰ ਪਰਿਵਾਰਕ ਜ਼ਿੰਦਗੀ `ਤੇ ਹਾਵੀ ਹੋਣ ਦਿੰਦੇ ਤਾਂ ਰਿਸ਼ਤਿਆਂ ਦਾ ਤਿੜਕਣਾ ਤੈਅ ਹੁੰਦਾ। ਵਿਦੇਸ਼ ਵਿਚ ਵੱਸਿਆ ਇਕ ਬਹੁਤ ਵੱਡਾ ਪੰਜਾਬੀ ਬਿਜ਼ਨਸਮੈਨ ਹੈ। ਕਰੋੜਾਂ ਦੀ ਜਾਇਦਾਦ ਹੈ ਪਰ ਆਪਣੇ ਭਾਈਚਾਰੇ ਵਿਚ ਉਹ ਅਲੱਗ-ਥਲੱਗ ਹੈ ਕਿਉਂਕਿ ਭਾਈਚਾਰਕ ਸਾਂਝ ਨੂੰ ਨਿਭਾਉਣ ਲਈ ਤੁਹਾਨੂੰ ਆਪਣੇ ਸਿਰ ਤੋਂ ਦੌਲਤ ਦਾ ਗਰੂਰ ਲਾਹੁਣਾ ਪੈਂਦਾ। ਵੱਡੀ ਬੈਂਕ ਦੀ ਸੀਈਓ ਜਦ ਆਪਣੇ ਪਤੀ ਨਾਲ ਮਿਲ ਕੇ ਆਪਣੀ ਹੀ ਬੈਂਕ ਨਾਲ ਫਰਾਡ ਕਰਦੀ ਅਤੇ ਜੇਲ੍ਹ ਜਾਂਦੀ ਤਾਂ ਸਮਝ ਸਕਦੇ ਹੋ ਕਿ ਕਿਵੇਂ ਪੇਸ਼ਾਵਰ ਸੋਚ
ਵਿਚੋਂ ਚਰਿੱਤਰ ਗੁੰਮ ਹੈ?
ਅਸੀਂ ਡਿਗਰੀਆਂ ਤਾਂ ਬਹੁਤ ਲੈ ਲਈਆਂ। ਹੋ ਸਕਦਾ ਹੈ ਕੁਝ ਜਾਹਲੀ ਵੀ ਹੋਣ ਪਰ ਅਸੀਂ ਪਿਆਰ ਕਰਨਾ ਭੁੱਲ ਗਏ। ਅਸੀਂ ਬਚਪਨ ਦੇ ਸਾਥੀ, ਭੈਣ-ਭਰਾ, ਰਿਸ਼ਤੇਦਾਰ ਅਤੇ ਮਾਪੇ ਵੀ ਗਵਾ ਲਏ। ਸਾਨੂੰ ਸੋਝੀ ਹੀ ਨਹੀਂ ਕਿ ਪਿਆਰ ਦਾ ਰਿਸ਼ਤਾ ਸਿਰਫ਼ ਪਿਆਰ ਨਾਲ ਹੀ ਨਿਭਦਾ ਅਤੇ ਇਸ ਲਈ ਸਮਾਂ ਦੇਣਾ ਵੀ ਜ਼ਰੂਰੀ ਹੁੰਦਾ।
ਕਈ ਵਾਰ ਇੰਝ ਲੱਗਦਾ ਕਿ ਅਸੀਂ ਪਿਆਰ ਤਾਂ ਕੀ ਕਰਨਾ ਸੀ, ਨਫ਼ਰਤ ਕਰਨਾ ਵੀ ਭੁੱਲ ਗਏ। ਨਫ਼ਰਤ ਦਾ ਇਕ ਸਲੀਕਾ ਹੁੰਦਾ ਤਾਂ ਕਿ ਨਫ਼ਰਤ ਕਰਦਿਆਂ ਵੀ ਅਸੀਂ ਇਕ ਦੂਜੇ ਨਾਲ ਬੋਲਾਂ ਦੀ ਸਾਂਝ ਬਰਕਰਾਰ ਰੱਖੀਏ। ਅਸੀਂ ਤਾਂ ਨਫ਼ਰਤ ਨੂੰ ਦੁਸ਼ਮਣੀ ਵਿਚ ਬਦਲ, ਇਕ ਦੂਜੇ ਦੀ ਜਾਨ ਲੈਣ ਤੀਕ ਚਲੇ ਗਏ ਹਾਂ।
ਅਸੀਂ ਇੰਨੇ ਜ਼ਿਆਦਾ ਪੜ੍ਹ-ਲਿਖ ਗਏ ਕਿ ਤਰਕ ਵੀ ਭੁੱਲ ਗਏ। ਅਸੀਂ ਸਮਝਣ ਲੱਗ ਪਏ ਕਿ ਸਾਡਾ ਕਿਹਾ ਹੀ ਅੰਤਮ ਸੱਚ ਹੈ ਅਤੇ ਇਸ ਨਾਦਰਸ਼ਾਹੀ ਸਵੈ ਅਲਹਾਮ ਨੂੰ ਲਾਗੂ ਕਰਵਾਉਣ ਲਈ ਕਿਸੇ ਵੀ ਹੱਦ ਤੀਕ ਜਾ ਸਕਦੇ ਹਾਂ। ਅਸੀਂ ਹੁਣ ਕੋਰਟਾਂ-ਕਚਹਿਰੀਆਂ ਦੇ ਫ਼ੈਸਲਿਆਂ ਦੀ ਉਡੀਕ ਨਹੀਂ ਕਰਦੇ। ਅਸੀਂ ਖ਼ੁਦ ਹੀ ਫੈਸਲੇ ਕਰਦੇ ਤੇ ਲਾਗੂ ਕਰਦੇ। ਦੂਸਰੀ ਧਿਰ ਦੀਆਂ ਦਲੀਲਾਂ ਸੁਣੇ ਬਗੈਰ ਫਤਵੇ ਜਾਰੀ ਕਰਨਾ, ਬੁਲਡੋਜ਼ਰ ਚਲਾਉਣਾ, ਕਿਸੇ ਦੇ ਘਰ ਨੂੰ ਅੱਗ ਲਾਉਣਾ ਜਾਂ ਕਿਸੇ ਦਾ ਕਤਲ ਕਰਨਾ/ਕਰਵਾਉਣਾ ਤਾਂ ਹੁਣ ਆਮ ਹੀ ਹੈ।
ਕਦੇ ਸਮੇਂ ਸੀ ਲੋਕਾਂ ਕੋਲ ਡਿਗਰੀਆਂ ਨਹੀਂ ਸਨ ਪਰ ਪਿੰਡ ਦੀ ਧੀ ਸਭ ਦੀ ਧੀ ਹੁੰਦੀ ਸੀ। ਆਪਸੀ ਰੰਜ਼ਿਸ਼ ਹੁੰਦਿਆਂ ਵੀ ਸਾਂਝੇ ਕਾਰਜ ਲਈ ਸਾਰੇ `ਕੱਠੇ ਹੋ ਜਾਇਆ ਕਰਦੇ ਸਨ। ਹਰੇਕ ਬੱਚੇ ਨੂੰ ਪਿੰਡ ਦਾ ਕੋਈ ਵੀ ਬਜ਼ੁਰਗ ਉਸਦੀ ਗ਼ਲਤੀ ਤੋਂ ਝਿੜਕ ਸਕਦਾ ਸੀ। ਹੁਣ ਅਸੀਂ ਇੰਨੇ ਸਿਆਣੇ ਹੋ ਗਏ ਹਾਂ ਕਿ ਮਾਪੇ ਵੀ ਬੱਚਿਆਂ ਨੂੰ ਝਿੜਕਣ ਲੱਗਿਆਂ ਡਰਦੇ।
ਅਸੀਂ ਬਹੁਤ ਪੜ੍ਹ ਕੇ ਇੰਨੇ ਜ਼ਿਆਦਾ ਉਤਰ-ਆਧੁਨਿਕ ਹੋ ਗਏ ਕਿ ਜਵਾਨ ਧੀਆਂ ਨੂੰ ਇਕੱਲਿਆਂ ਘਰੋਂ ਬਾਹਰ ਨਾ ਭੇਜਣ ਵਾਲੇ ਮਾਪਿਆਂ ਨੂੰ, ਹੁਣ ਵਿਦੇਸ਼ ਵਿਚ ਭੇਜਣ ਲੱਗਿਆਂ ਕੋਈ ਉਜਰ ਨਹੀਂ। ਨਾ ਹੀ ਇਸਦੀ ਚਿੰਤਾ ਕਿ ਉਨ੍ਹਾਂ ਦੀ ਧੀ ਮੁੰਡਿਆਂ ਨਾਲ ਇਕ ਹੀ ਕਮਰੇ ਵਿਚ ਰਹਿੰਦੀ ਹੈ। ਇਹ ਵਰਤਾਰਾ ਨਮੋਸ਼ੀ ਨੂੰ ਤਿਲਾਂਜਲੀ ਦੇਣ ਅਤੇ ਨਿੱਜੀ-ਮੁਫ਼ਾਦ ਦੀ ਪੂਰਤੀ ਦਾ ਸਿਖਰ ਹੈ।
ਅਸੀਂ ਆਪਣੀਆਂ ਡਿਗਰੀਆਂ ਅਤੇ ਰੁਤਬਿਆਂ ਦੇ ਮਾਣ ਵਿਚ ਇੰਨੇ ਗਵਾਚ ਗਏ ਕਿ ਕਿਸੇ ਨੂੰ ਸੱਚਾ ਪਿਆਰ ਨਹੀਂ ਕਰਦੇ। ਸਿਰਫ਼ ਆਪਣੇ ਨਿੱਜੀ ਲਾਭ, ਤਰੱਕੀ ਜਾਂ ਸਹੂਲਤਾਂ ਲਈ ਖੁਸ਼ਾਮਦੀ ਹੋ ਗਏ ਹਾਂ ਜਿਸਨੂੰ ਸੱਜਣਤਾਈ ਦਾ ਮੁਖੌਟਾ ਬਣਾ ਲਿਆ।
ਵਿਦਿਆ ਪ੍ਰਾਪਤੀ ਦਾ ਅਸਲ ਮਕਸਦ ਗਿਆਨ ਦੀ ਪ੍ਰਾਪਤੀ। ਉਹ ਗਿਆਨ ਜੋ ਤੁਹਾਡੀ ਸ਼ਖ਼ਸੀਅਤ ਨੂੰ ਨਿਖਾਰੇ। ਤੁਹਾਨੂੰ ਖਰੇ-ਖੋਟੇ ਸੀ ਪਛਾਣ ਹੋਵੇ। ਕਿਸੇ ਦੇ ਦੁੱਖ ਵਿਚ ਤੁਹਾਡੀ ਅੱਖ ਨਮ ਹੋਵੇ। ਕਿਸੇ ਦੇ ਖਾਲੀ ਬਸਤੇ ਵਿਚ ਕੁਝ ਕਿਤਾਬਾਂ ਅਤੇ ਕਲਮਾਂ ਧਰਨ ਦੀ ਜੁਗਤ ਹੋਵੇ। ਕਿਸੇ ਮਸਤਕ `ਤੇ ਗਿਆਨ ਦਾ ਦੀਵਾ ਰੱਖਣ ਦਾ ਚਾਅ ਹੋਵੇ। ਹਨੇਰੇ ਵਿਚ ਡੁੱਬੇ ਘਰ ਦੇ ਬੰਨੇਰੇ `ਤੇ ਚਿਰਾਗ ਜਗਾ, ਇਸਨੂੰ ਰੌਸ਼ਨ ਕਰਨ ਦਾ ਵਲ ਹੋਵੇ। ਮਾਪਿਆਂ ਦੀ ਉਡੀਕ ਨੂੰ ਹਉਕਾ ਬਣਨ ਤੋਂ ਪਹਿਲਾਂ ਹਾਕ ਦਾ ਹੁੰਗਾਰਾ ਬਣਨ ਦੀ ਆਦਤ ਹੋਵੇ। ਮਾਪਿਆਂ ਦੀ ਤਰਾਸਦੀ ਦੇਖ ਕੇ ਹੁੱਬਕੀਂ ਰੋਣ ਨੂੰ ਜੀਅ ਕਰੇ। ਆਪਣੇ ਮਿੱਤਰ ਦੇ ਰੋਣ ਲਈ ਤੁਹਾਡਾ ਮੋਢਾ ਸਦਾ ਹਾਜ਼ਰ ਰਹੇ। ਆਪਣੀ ਮਾਂ ਦੇ ਕੁੱਖੋਂ ਜਾਇਆਂ ਲਈ ਸੁLੱਭ ਕਰਮਨ ਦਾ ਖ਼ਿਆਲ ਮਨ ਵਿਚ ਪਲਦੇ ਰਹੇ।
ਵਿਦਿਆ ਤਾਂ ਹੋਣੀ ਚਾਹੀਦੀ ਸੀ ਕਿ ਜੀਵਨ ਵਿਚ ਵਿਚਰਦਿਆਂ ਰਾਹਾਂ ਦੀ ਪਛਾਣ ਹੁੰਦੀ। ਮੰਜ਼ਲ਼ `ਤੇ ਪਹੁੰਚਣ ਲਈ ਸਿਰੜ ਅਤੇ ਸਿਦਕ ਦਾ ਸੁਨੇਹਾ ਮਿਲਦਾ। ਡਿਗਰੀ ਮੰਜ਼ਲ ਨਹੀਂ ਸਗੋਂ ਗਿਆਨ ਮੰਜ਼ਲ ਹੋਣਾ ਚਾਹੀਦਾ ਹੈ। ਗਿਆਨ ਜੋ ਤੁਹਾਨੂੰ ਜੀਵਨੀ ਤਿਲਕਣ ਤੋਂ ਬਚਾਵੇ, ਤੁਹਾਡੇ ਚਿੱਟੇ ਲਿਬਾਸ `ਤੇ ਕੋਈ ਦਾਗ਼ ਨਾ ਲੱਗੇ, ਤੁਹਾਡਾ ਸਿਰ ਸਦਾ ਉੱਚਾ ਰਹੇ। ਤੁਹਾਡੀ ਕਲਮ ਸਿਰਫ਼ ਜੀਵਨੀ ਸਰੋਕਾਰਾਂ ਦੀ ਅੱਖਰਕਾਰੀ ਨੂੰ ਆਪਣਾ ਪਰਮ ਧਰਮ ਸਮਝੇ।
ਵਿਦਿਆ ਤਾਂ ਅਜਿਹਾ ਸ਼ਖ਼ਸੀ ਗਹਿਣਾ ਹੋਣਾ ਚਾਹੀਦਾ ਜੋ ਕਿਸੇ ਸ਼ਖ਼ਸੀਅਤ ਦਾ ਸ਼ਿੰਗਾਰ ਹੁੰਦਾ। ਉਸਦੇ ਵਿਅਕਤੀਤਵ ਨੂੰ ਹੋਰ ਚਮਕਾਉਂਦਾ। ਸੁੰਦਰ ਸ਼ਖ਼ਸੀਅਤ ਜਦ ਡਿਗਰੀਆਂ ਕਰ ਕੇ ਕਿਸੇ ਰੁਤਬੇ `ਤੇ ਪਹੁੰਚਦੀ ਹੈ, ਤਾਂ ਉਸ ਰੁਤਬੇ ਦਾ ਵੀ ਮਾਣ ਵਧਦਾ ਹੈ। ਕਈ ਅਹੁਦੇਦਾਰੀਆਂ ਅਤੇ ਸੰਸਥਾਵਾਂ ਸਿਰਫ਼ ਵਿਅਕਤੀ ਵਿਸੇLਸ਼L ਕਰਕੇ ਹੀ ਨਾਮੀ ਹੁੰਦੀਆਂ ਭਾਵੇਂ ਕਿ ਉਨ੍ਹਾਂ ਕੋਲ ਕੋਈ ਡਿਗਰੀ ਨਹੀਂ ਹੁੰਦੀ। ਭਾਵੇਂ ਭਗਤ ਪੂਰਨ ਸਿੰਘ ਜੀ ਹੋਣ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਜਾਂ ਸੰਤ ਬਲਬੀਰ ਸਿੰਘ ਸੀਚੇਵਾਲ ਆਦਿ। ਜਸਵੰਤ ਸਿੰਘ ਕੰਵਲ ਵਰਗੇ ਮਹਾਨ ਲੇਖਕ ਕੋਲ ਕੋਈ ਡਿਗਰੀ ਨਹੀਂ ਸੀ। ਸਾਰੇ ਗੁਰੂ ਸਾਹਿਬਾਨ ਕੋਲ ਕੋਈ ਡਿਗਰੀਆਂ ਨਹੀਂ ਸਨ ਪਰ ਉਨ੍ਹਾਂ ਨੇ ਧਾਰਮਿਕ ਸੰਦੇਸ਼ਾਂ ਰਾਹੀਂ ਦੁਨੀਆਂ ਨੂੰ ਸੱਚ ਦਾ ਮਾਰਗੀ ਬਣਾਇਆ ਅਤੇ ਗੁਰਬਾਣੀ ਰਾਹੀਂ ਸ਼ਬਦ-ਜੋਤ ਨੂੰ ਹਰ ਮਸਤਕ ਵਿਚ ਟਿਕਾਇਆ।
ਯਾਦ ਰਹੇ ਕਿ ਮੁਹੱਬਤ ਦਾ ਇਕ ਸਲੀਕਾ ਹੁੰਦਾ ਜੋ ਸਾਨੂੰ ਆਉਂਦਾ ਹੀ ਨਹੀਂ ਕਿਉਂਕਿ ਕਿਸੇ ਨੇ ਸਾਨੂੰ ਮੁਹੱਬਤ ਕਰਨੀ ਸਿਖਾਈ ਹੀ ਨਹੀਂ। ਇਸਦਾ ਕੋਈ ਕੋਰਸ ਨਹੀਂ। ਇਹ ਤਾਂ ਸੁਚੇਤ ਅਤੇ ਅਚੇਤ ਰੂਪ ਵਿਚ ਸਾਨੂੰ ਆਪਣੇ ਪੁਰਖਿਆਂ ਅਤੇ ਬਜ਼ੁਰਗਾਂ ਤੋਂ ਮਿਲਣੀ ਹੁੰਦੀ। ਕਦੇ ਸਮੇਂ ਸੀ ਕਿ ਬੱਸ ਵਿਚ ਸਫ਼ਰ ਕਰਦਿਆਂ ਜਨਾਨੀ ਸਵਾਰੀ ਲਈ ਮਰਦ ਸਵਾਰੀ ਸੀਟ ਛੱਡ ਦਿੰਦੀ ਸੀ। ਉਦੋਂ ਸਾਡੇ ਮਨਾਂ ਵਿਚ ਇਸਤਰੀ ਦੀ ਇੱਜ਼ਤ ਹੁੰਦੀ ਸੀ ਜਿਹੜੀ ਸਾਨੂੰ ਸਾਡੇ ਬਜੁLਰਗਾਂ ਨੇ ਸਿਖਾਈ ਸੀ। ਪਰ ਹੁਣ ਅਸੀਂ ਪੜ੍ਹ ਗਏ ਹਾਂ ਇਸ ਲਈ ਅਸੀਂ ਇਸਤਰੀ ਸਵਾਰੀ ਨੂੰ ਸੀਟ ਤਾਂ ਕੀ ਦੇਣੀ ਸੀ ਸਗੋਂ ਉਸਨੂੰ ਜ਼ਲੀਲ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ।
ਰਾਜਿਆਂ ਦੇ ਜ਼ਮਾਨੇ ਵਿਚ ਰਾਜਕੁਮਾਰਾਂ/ਰਾਜਕੁਮਾਰੀਆਂ ਨੂੰ ਸ਼ਸਤਰ ਵਿਦਿਆ ਅਤੇ ਹੋਰ ਵਿਦਿਆ ਦੇ ਨਾਲ-ਨਾਲ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਣ ਲਈ ਵਿਸ਼ੇਸ਼ ਮਾਹਿਰਾਂ ਦੀ ਨਿਗਰਾਨੀ ਹੇਠ ਪਾਲਣ ਪੋਸ਼ਣ ਕੀਤਾ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਰਾਜ ਦਰਬਾਰਾਂ ਵਿਚਲੇ ਹੁਸਨ-ਏ-ਸ਼ਰਾਫ਼ਤ ਦੀ ਪਾਲਣਾ ਕਰਨ ਦਾ ਪਤਾ ਹੋਵੇ। ਉਹ ਵਧੀਆ ਭਵਿੱਖੀ ਸ਼ਾਸ਼ਕ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਬਣ ਸਕਣ। ਮਹਾਰਾਜਾ ਰਣਜੀਤ ਸਿੰਘ ਜਦ ਕਿਸੇ ਬਜ਼ੁਰਗ ਦੀ ਦਾਣਿਆਂ ਦੀ ਪੰਡ ਉਸਦੇ ਘਰ ਪਹੁੰਚਾਂਦਾ ਹੈ ਤਾਂ ਇਹ ਉਸਦੀ ਸ਼ਖ਼ਸੀਅਤ ਦਾ ਉਹ ਮੀਰੀ ਗੁਣ ਪ੍ਰਦਸ਼ਤ ਕਰਦਾ ਹੈ ਕਿ ਮਹਾਰਾਜਾ ਹੁੰਦਿਆਂ ਵੀ ਨਿਮਰ ਹੋਣਾ ਕਿੰਨਾ ਅਹਿਮ ਹੁੰਦਾ ਏ। ਅਜੇਹੇ ਸ਼ਾਸ਼ਕ ਲੋਕ-ਮਨਾਂ `ਤੇ ਰਾਜ ਕਰਦੇ।
ਯਾਦ ਰਹੇ ਕਿ ਉਚੇ ਆਚਰਨ ਤੋਂ ਬਗੈਰ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ ਭਾਵੇਂ ਉਹ ਕਿੰਨੀ ਅਮੀਰ ਹੋਵੇ, ਤਾਲੀਮ-ਯਾਫ਼ਤਾ ਹੋਵੇ ਜਾਂ ਉਚੀਆਂ ਬੁਲੰਦੀਆਂ ਨੂੰ ਛੋਂਹਦੀ ਹੋਵੇ। ਇਹ ਮਨੁੱਖੀ ਆਚਰਨ ਵਿਚ ਆਇਆ ਨਿਘਾਰ ਹੀ ਹੈ ਕਿ ਮਨੁੱਖ ਅਮੁੱਲ ਹੁੰਦਿਆਂ ਵੀ ਕੁਝ ਕੁ ਟਕਿਆਂ ਖ਼ਾਤਰ ਵਿਕ ਜਾਂਦਾ ਹੈ। ਜਦ ਮਨੁੱਖ ਵਿਕਣ ਲੱਗ ਪਵੇ ਤਾਂ ਉਸਦੀ ਜ਼ਮੀਰ ਮਰ ਜਾਂਦੀ ਅਤੇ ਮਰੀਆਂ ਜ਼ਮੀਰਾਂ ਵਾਲੇ ਲੋਕ ਸਿਰਫ਼ ਤੁਰਦੀਆਂ-ਫਿਰਦੀਆਂ ਲੋਥਾਂ ਹੁੰਦੇ। ਭਾਰਤੀਆਂ ਦੀਆਂ ਵਿਕੀਆਂ ਜ਼ਮੀਰਾਂ ਸਦਕਾ ਹੀ ਅੰਗਰੇਜ਼ਾਂ ਨੇ ਭਾਰਤ `ਤੇ ਸੌ ਸਾਲ ਤੀਕ ਰਾਜ ਕੀਤਾ।
ਮੁਹੰਮਦ ਗਜ਼ਨਵੀ, ਜਗਨਨਾਥ ਦੇ ਮੰਦਰ ਦੇ ਸੋਨੇ ਦੇ ਦਰਵਾਜ਼ੇ ਵੀ ਲਾਹ ਕੇ ਲੈ ਗਿਆ। ਮੁਗ਼ਲਾਂ ਨੇ ਭਾਰਤ `ਤੇ ਰਾਜ ਕੀਤ। ਹਿੰਦੂ ਔਰਤਾਂ ਅਤੇ ਲੜਕੀਆਂ ਨੂੰ ਨਾਦਰ ਸ਼ਾਹ, ਅਬਦਾਲੀ ਅਕਸਰ ਹੀ ਬੰਦੀ ਬਣਾ ਕੇ ਲੈ ਜਾਂਦਾ ਸੀ। ਸਿਰਫ਼ ਸਿੱਖ ਹੀ ਜਿਉਂਦੀ ਜ਼ਮੀਰ ਵਾਲੇ ਸਨ ਜਿਨ੍ਹਾਂ ਦਾ ਖ਼ੌਫ ਅੰਗਰੇਜ਼, ਮੁਗ਼ਲ ਅਤੇ ਵਿਦੇਸ਼ੀ ਧਾੜਵੀ ਮੰਨਦੇ ਸਨ। ਇਹ ਵੀ ਮਨੁੱਖੀ ਤਰਬੀਅਤ ਹੀ ਸਿਖਾਉਂਦੀ ਕਿ ਚਾਦਰ ਵੇਖ ਕੇ ਪੈਰ ਪਸਾਰੋ। ਸੀਮਤ ਸਾਧਨਾਂ ਵਿਚ ਜ਼ਿੰਦਗੀ ਦਾ ਸੁਖਨ ਮਾਨਣਾ ਸਾਡੇ ਬਜ਼ੁਰਗਾਂ ਨੂੰ ਆਉਂਦਾ ਸੀ। ਉਹ ਲੋੜ ਪੈਣ `ਤੇ ਇਕ ਡੰਗ ਭੁੱਖੇ ਵੀ ਰਹਿ ਲੈਂਦੇ ਸਨ। ਅਚਾਰ ਅਤੇ ਗੰਢੇ ਨਾਲ ਰੋਟੀ ਖਾਂਦਿਆਂ ਉਹ ਲੱਜ਼ਤ ਮਾਣਦੇ।
ਉਨ੍ਹਾਂ ਦੇ ਘਰ ਨਿੱਕੇ ਸਨ ਪਰ ਦਿਲ ਬਹੁਤ ਵੱਡੇ ਸਨ। ਘਰ ਕੱਚੇ ਪਰ ਸਿਰੜ ਪੱਕਾ ਸੀ। ਉਹ ਇਕ ਰੋਟੀ ਵੀ ਅੱਧੀ ਅੱਧੀ ਵੰਡ ਕੇ ਰੱਜ ਜਾਂਦੇ ਸਨ। ਉਨ੍ਹਾਂ ਦੇ ਦਰ ਹਮੇਸ਼ਾ ਮਹਿਮਾਨਾਂ ਅਤੇ ਫਕੀਰਾਂ ਲਈ ਖੁੱਲ੍ਹੇ ਰਹਿੰਦੇ ਸਨ। ਪ੍ਰਾਹੁਣਾ ਆਉਣ `ਤੇ ਉਨ੍ਹਾਂ ਦੇ ਮੱਥਿਆਂ `ਤੇ ਸ਼ਿਕਨ ਦੀ ਬਜਾਏ ਹੁਲਾਸ ਚਮਕਦਾ ਸੀ। ਪੰਜਾਬੀਆਂ ਦੀ ਪ੍ਰਾਹੁਣਚਾਰੀ ਉਨ੍ਹਾਂ ਦੇ ਸੁਭਾਅ ਦਾ ਅੰਗ ਸੀ। ਪਰ ਹੁਣ ਇਹੀ ਪ੍ਰਾਹੁਣਚਾਰੀ ਕਿੰਝ ਗਾਇਬ ਹੋ ਗਈ, ਪਤਾ ਹੀ ਨਾ ਲੱਗਾ ਕਦੋਂ ਅਸੀਂ ਘਰਾਂ ਦੇ ਗੇਟਾਂ `ਤੇ ਜਿੰਦਰੇ ਲਾ ਦਿੱਤੇ।
ਵੱਡੀਆਂ ਡਿਗਰੀਆਂ ਵਾਲਿਆਂ ਦਾ ਕੇਹਾ ਸ਼ਖ਼ਸੀ ਬਿੰਬ ਬਣ ਗਿਆ ਕਿ ਵੱਡੇ-ਵੱਡੇ ਘਰਾਂ, ਨਵੇਂ ਮਾਡਲ ਦੀਆਂ ਗੱਡੀਆਂ ਅਤੇ ਬਰਾਂਡਡ ਕੱਪੜੇ ਪਹਿਨਣ ਵਾਲੇ ਦਰਅਸਲ ਬੌਣੇ ਲੋਕ ਹੋ ਗਏ। ਉਨ੍ਹਾਂ ਦੀ ਸੋਚ ਦਾ ਸੁੱਚਿਆਰਾਪਣ, ਮਾਨਵੀ ਬਿਰਤੀ ਦਾ ਅਲੋਪ ਹੋਣਾ ਅਤੇ ਮਨਾਂ ਵਿਚ ਵਸਿਆ ਨਿੱਜਵਾਦ ਅਤੇ ਸਭ ਕੁਝ `ਤੇ ਕਬਜ਼ਾ ਕਰਨ ਦੀ ਬਿਰਤੀ ਨੇ ਉਨ੍ਹਾਂ ਦੇ ਵਿਅਕਤੀਤਵ ਨੂੰ ਸੁੰਗੇੜ ਦਿੱਤਾ ਹੈ ਅਤੇ ਅਜਿਹੀ ਬਿਰਤੀ ਦਾ ਵਿਸਥਾਰ ਹੋਣਾ ਅਸੰਭਵ ਹੋ ਗਿਆ ਹੈ।
ਜ਼ਿਆਦਾਤਰ ਤਾਲੀਮ ਯਾਫ਼ਤਾ ਲੋਕਾਂ ਨੇ ਇਹ ਵੀ ਭਰਮ ਪਾਲਿਆ ਹੋਇਆ ਹੈ ਕਿ ਉਹ ਬਹੁਤ ਵੱਡੇ ਗੁਣੀ ਗਿਆਨੀ ਹਨ। ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਬਹੁਤੇ ਕਹਿਣਗੇ ਸਾਨੂੰ ਪੰਜਾਬੀ ਤਾਂ ਪੜ੍ਹਨੀ ਨਹੀਂ ਆਉਂਦੀ ਪਰ ਗੁਰੂ ਗ੍ਰੰਥ ਵਰਗਾ ਗ੍ਰੰਥ ਦੁਨੀਆਂ ਵਿਚ ਹੋਰ ਕੋਈ ਨਹੀਂ! ਗੁਰਬਾਣੀ ਪੜ੍ਹੇ ਬਗੈਰ ਹੀ ਠੋਸ ਨਿਰਣਾ ਦੇ ਦੇਣਾ, ਉਨ੍ਹਾਂ ਦੀਆਂ ਡਿਗਰੀਆਂ ਦਾ ਹੰਕਾਰ ਹੈ।
ਮਨੁੱਖੀ ਤਰਬੀਅਤ ਦਾ ਸਭ ਤੋਂ ਵੱਡਾ ਹਾਸਲ ਹੈ ਕਿ ਕਦੇ ਗਲਤਫਹਿਮੀਆਂ ਪੈਦਾ ਨਹੀਂ ਹੁੰਦੀਆਂ। ਜੇਕਰ ਹੋ ਜਾਣ ਤਾਂ ਮਿਲ ਬੈਠ ਕੇ ਦੂਰ ਕੀਤੀਆਂ ਜਾਂਦੀਆਂ। ਪਰ ਅਸੀਂ ਤਾਂ ਡਿਗਰੀਆਂ ਦੀ ਗ੍ਰਿਫ਼ਤ ਵਿਚ ਆ ਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਜ਼ੋਰ ਲਾਉਂਦੇ ਰਹੇ। ਦੂਸਰਿਆਂ ਨੂੰ ਪੁੱਛਿਆ ਹੀ ਨਹੀਂ ਕਿ ਉਹ ਕਿਉਂ ਨਾਰਾਜ਼ ਨੇ? ਮਿਲ ਬੈਠਣ `ਤੇ ਗਿਲੇ ਸ਼ਿਕਵੇ ਅਤੇ ਮਨ-ਮੁਟਾਅ ਦੂਰ ਹੋ ਜਾਂਦੇ। ਸਬੰਧ ਫਿਰ ਤੋਂ ਸੁਖਾਵੇਂ ਹੋ ਜਾਂਦੇ। ਜੀਵਨ ਫਿਰ ਆਪਣੇ ਰਾਹੇ ਤੁਰ ਪੈਂਦਾ। ਗਲਤੀ ਮੰਨ ਲੈਣਾ ਹੀ, ਇਸਦੀ ਦਰੁਸਤਗੀ ਦਾ ਪਹਿਲਾ ਕਦਮ ਹੁੰਦਾ।
ਜ਼ਿੰਦਗੀ ਦਾ ਜਸ਼ਨ ਮਨਾਉਣ ਲਈ ਸਭ ਤੋਂ ਜ਼ਰੂਰੀ ਹੈ ਸ਼ਖ਼ਸੀ ਆਚਰਣ। ਜ਼ਿੰਦਗੀ ਹੋਰ ਵੀ ਖੂLਬਸੂਰਤ ਅਤੇ ਜਿਊਣ ਗੋਚਰੀ ਹੋ ਜਾਵੇਗੀ ਜਦ ਅਸੀਂ ਤਰਬੀਅਤ ਰਾਹੀਂ ਆਪਣਿਆਂ ਨੂੰ ਅਤੇ ਆਪਣੇ ਆਪ ਨੂੰ ਮਿਲਾਂਗੇ। ਖੁਦ ਦੀ ਖੋਜ ਕਰਾਂਗੇ। ਖੁਦ ਦੀ ਪਛਾਣ ਕਰਾਂਗੇ। ਇਹੀ ਸੱਚੀ-ਸੁੱਚੀ ਪਛਾਣ ਸਮਾਜ ਨੂੰ ਨਵੀਆਂ ਬੁਲੰਦੀਆਂ ਦਾ ਹਾਣੀ ਬਣਾਵੇਗੀ।
ਜ਼ਿੰਦਗੀ ਨਵੇਂ ਦਿਸਹੱਦਿਆਂ ਦਾ ਨਾਮਕਰਣ ਹੋਵੇਗੀ ਅਤੇ ਫਿਰ ਡਿਗਰੀਆਂ ਸਾਡੀ ਤਰਬੀਅਤ ਦੀਆਂ ਗੁਲਾਮ ਹੋਣਗੀਆਂ ਨਾ ਕਿ ਤਰਬੀਅਤ ਸਾਡੀ ਤਾਲੀਮ ਦੀ ਗੁਲਾਮ ਹੋਵੇਗੀ।