ਸੂਰਜ ਦੀ ਭਾਲ ਵਿਚ ਇਕ ਸੂਰਜ ਅਸਤ ਹੋ ਗਿਆ

ਰਵਿੰਦਰ ਸਹਿਰਾਅ
ਫੋਨ ਨੰ. 219-900-1115
ਪ੍ਰੋ. ਅਨੂਪ ਵਿਰਕ ਦੇ ਇਕ ਗੀਤ ਦਾ ਮੁਖੜਾ ਹੈ-
ਜੋ ਦਰਦ ਪਛਾਣੇ ਰਾਤਾਂ ਦਾ,
ਕੋਈ ਐਸਾ ਸੂਰਜ ਭਾਲ ਰਿਹਾ।
ਹੋਵੇ ਹਰ ਤਰਫ ਚਿਰਾਗ ਜਿਹਾ,
ਗੀਤਾਂ ਦੇ ਦੀਵੇ ਬਾਲ ਰਿਹਾ।

10 ਮਈ 1944 ਨੂੰ ਪਿੰਡ ਨੱਢਾ, ਜ਼ਿਲ੍ਹਾ ਗੁਜਰਾਂਵਾਲਾ (ਹੁਣ ਪਾਕਿਸਤਾਨ) ਵਿਚ ਚੜ੍ਹਿਆ ਸੂਰਜ 14 ਅਕਤੂਬਰ ਕੁਦਰਤ ਦੀ ਢਲਦੀ ਸਮੇਂ ਅਸਤ ਹੋ ਗਿਆ। ਪਿਛਲੇ ਤਿੰਨ ਕੁ ਸਾਲਾਂ ਤੋਂ ਉਹ ਕੈਲੇਫੋਰਨੀਆ ਦੇ ਮਡੈਸਟੋ ਵਿਚ ਕਿਆਮ ਕਰ ਰਿਹਾ ਸੀ। ਆਪਣੇ ਪਿਛੇ ਉਹ ਸਾਥਣ ਆਸ਼ਾ ਵਿਰਕ ਤੇ ਧੀ ਡਾ. ਨਗਮਾ ਵਿਰਕ ਅਤੇ ਰੋਂਦੇ ਕਰਲਾਉਂਦੇ ਅਣ-ਗਿਣਤ ਪੰਜਾਬੀ ਪਿਆਰਿਆਂ ਨੂੰ ਛੱਡ ਗਿਆ ਹੈ। ਦੁਨੀਆ ਵਿਚ ਕੁਝ ਸ਼ਖਸ ਅਜਿਹੇ ਹੁੰਦੇ ਹਨ ਜੋ ਆਪਣੇ ਦਰਦ ਨੂੰ ਲੋਕਾਈ ਦੇ ਦਰਦ ਵਿਚ ਬਦਲ ਦਿੰਦੇ ਹਨ। ਜੋ ਹਾਸਿਆਂ ਦੀ ਛਹਿਬਰ ਨਾਲ ਅਨੇਕਾਂ ਮੁਰਝਾਏ ਚਿਹਰਿਆਂ ਉੱਪਰ ਸਦੀਵੀ ਮੁਸਕਾਨ ਬਖੇਰ ਦਿੰਦੇ ਹਨ। ਜੋ ਪੰਜਾਬੀ ਅਤੇ ਪੰਜਾਬ ਲਈ ਹਰ ਵਕਤ ਫਿਕਰਮੰਦ ਰਹਿੰਦੇ ਹਨ। ਜੋ ਬੁਲ੍ਹੇ ਸ਼ਾਹ ਨੂੰ ਆਪਣਾ ਮੁਰਸ਼ਦ ਤੇ ਕਬੀਰ ਨੂੰ ਆਪਣੀ ਕਾਇਆ ਵਿਚ ਸਮਾਇਆ ਮਹਿਸੂਸਦੇ ਹਨ। ਜੋ ਆਪਣੀ ਰੂਹ ਵਿਚ ਭਗਤ ਰਵਿਦਾਸ ਤੇ ਮੀਆ ਮੀਰ ਨੂੰ ਅੰਗ-ਸੰਗ ਮਹਿਸੂਸਦੇ ਹਨ। ਜੋ ਮਨ-ਮਸਤਕ ਵਿਚ ਭਾਈ ਮਰਦਾਨੇ ਤੇ ਸਫਰ ਵਿਚ ਬਾਬੇ ਨਾਨਕ ਨੂੰ ਨਾਲ ਤੁਰਦਾ ਮਹਿਸੂਸਦੇ ਹਨ। ਅਜਿਹਾ ਹੀ ਸ਼ਖਸ ਸੀ ਅਨੂਪ ਵਿਰਕ। ਆਸ਼ਾ ਉਸਨੂੰ ਪਿਆਰ ਨਾਲ ਨੂਪੀ ਕਹਿ ਕੇ ਪੁਕਾਰਦੀ। ਇਕਲੌਤੀ ਤੇ ਹੋਣਹਾਰ ਧੀ ਨਗਮਾਂ ਨੂੰ ਉਹ ਬਨੀ ਕਹਿੰਦਾ। ਨੌਜਵਾਨ ਸ਼ਾਇਰਾਂ- ਜਿਵੇਂ ਸੁਰਜੀਤ ਜੱਜ, ਕਵਿੰਦਰ ਚਾਂਦ, ਦਰਸ਼ਨ ਬੁੱਟਰ, ਸੁਸ਼ੀਲ ਦੋਸਾਂਝ ਜੈਨਇੰਦਰ ਚੌਹਾਨ, ਬਰਜਿੰਦਰ ਚੌਹਾਨ, ਬਲਵਿੰਦਰ ਸੰਧੂ, ਹਰਵਿੰਦਰ ਚੰਡੀਗੜ੍ਹ ਅਤੇ ਜਸਵਿੰਦਰ ਆਦਿ ਨੂੰ ਆਪਣੇ ਸਾਹਿਤਕ ਪੁੱਤ ਕਹਿੰਦਾ।
ਪੰਦਰਾਂ-ਸੋਲਾਂ ਸਾਲ ਪਹਿਲਾਂ ਦੀ ਗੱਲ ਹੈ, ਉਹ ਆਪਣੀ ਧੀ ਨੂੰ ਮਿਲਣ ਲਈ ਅਮਰੀਕਾ ਆਇਆ। ਆਸ਼ਾ ਵੀ ਨਾਲ ਸੀ। ਨਗਮਾਂ ਉਦੋਂ ਸ਼ੋਸਆਲੋਜੀ ਦੀ ਮਾਸਟਰ ਕਰ ਕੇ ਫਿਲਾਡੈਲਫੀਆ (ਪੈਨਸਿਲਵੇਨੀਆ) ਵਿਚ ਪੀ. ਐੱਚ. ਡੀ ਕਰ ਰਹੀ ਸੀ। ਥੋੜ੍ਹੇ ਦਿਨ ਉਹ ਆਸ਼ਾ ਦੇ ਭੈਣਾਂ-ਭਰਾਵਾਂ ਕੋਲ ਕੈਲੇਫੋਰਨੀਆ ਰਹਿ ਕੇ ਆਏ ਸਨ। ਅਸੀਂ ਵੀ ਉਦੋਂ ਪੈਨਸਿਲਵੇਨੀਆ ਹੀ ਸਾਂ। ਫੋਨ ਆਇਆ ਕਿ ਮਿਲਣ ਨੂੰ ਦਿਲ ਕਰਦੈ, ਕਿਵੇਂ ਕਰੀਏ? ਮੈਂ ਤੇ ਨੀਰੂ ਅਗਲੇ ਦਿਨ ਜਾ ਕੇ ਉਨ੍ਹਾਂ ਨੂੰ ਨਾਲ ਲੈ ਆਂਦਾ।
ਵਿਰਕ ਸ਼ਾਮ ਨੂੰ ਰੰਗੀਨ ਹੋਇਆ ਆਖਿਆ ਕਰੇ, ”ਯਾਰ ਰਵਿੰਦਰ! ਇਹ ਆਸ਼ਾ ਦੇ ਭੈਣ-ਭਰਾਵਾਂ ਕੋਲ ਮਹਿਲਾਂ ਵਰਗੇ ਘਰ ਹਨ, ਪਰ ਮੇਰਾ ਤਾਂ ਉਥੇ ਦਮ ਘੁਟਦਾ ਸੀ। ਹੁਣ ਨਹੀਂ ਅਸੀਂ ਉਥੇ ਜਾਣਾ।“
ਖੈਰ! ਜਾਣਾ ਤਾਂ ਸੀ ਹੀ। ਹਫਤਾ ਭਰ ਅਸੀਂ ਉਨ੍ਹਾਂ ਦੋਹਾਂ ਜੀਆਂ ਦੀ ਰੱਜ ਕੇ ਸੰਗਤ ਮਾਣੀ। ਨੀਰੂ ਨੇ ਕੰਮ `ਤੇ ਹੋਣਾ ਤਾਂ ਆਸ਼ਾ ਨੇ ਮਗਰੋਂ ਸਾਰਾ ਘਰ ਸ਼ੀਸ਼ੇ ਵਾਂਗ ਚਮਕਾ ਦੇਣਾ। ਕਹਿਣਾ, ”ਮੈਨੂੰ ਪਤਾ ਨੀਰੂ! ਤੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ।“
2001 ਵਿਚ ਅਸੀਂ ਦਿੱਲੀ ਰਾਸ਼ਟਰੀ ਕਵੀ ਦਰਬਾਰ `ਚੋਂ ਵਿਹਲੇ ਹੋ ਕੇ ਫਗਵਾੜੇ ਪਰਤ ਰਹੇ ਸੀ। ਅਨੂਪ ਵੀ ਨਾਲ। ਸਾਰੇ ਊਂਘਣ ਲੱਗ ਪਏ ਪਰ ਉਹਦੇ ਲਤੀਫਿਆਂ ਨੇ ਹਾਸੇ ਬਖੇਰ ਦਿੱਤੇ। ਪਤਾ ਹੀ ਨਾ ਲੱਗਾ ਕਦੋਂ ਰਾਜਪੁਰਾ ਆ ਗਿਆ। ਉਹਦਾ ਦਿਲ ਨਾ ਕਰੇ ਉਤਰਨ ਲਈ, ਕਹਿੰਦਾ, ‘ਚਲੋ ਯਾਰ ਸਿੱਧੇ ਫਗਵਾੜੇ ਹੀ ਚੱਲਦੇ ਆ, ਆਪੇ ਕੱਲ੍ਹ ਬੱਸ ਫੜ ਕੇ ਪਟਿਆਲੇ ਆ ਜਾਉਂਗਾ।`
ਸਾਰੇ ਰਾਹ `ਚ ਉਹ ਕਦੇ ਕਿਸੇ ਸਾਹਿਤਕਾਰ ਬਾਰੇ ਕਦੇ ਕਿਸੇ ਆਲੋਚਕ ਬਾਰੇ ਲਤੀਫੇ ਸੁਣਾਉਂਦਾ ਰਿਹਾ। ਪੰਜਾਬ ਦੇ ਸਿਆਸੀ ਆਗੂਆਂ ਬਾਰੇ ਟਿਪਣੀਆਂ ਨਾਲ ਮਹਿਫਲਾਂ ਗਰਮਾਈ ਰੱਖਦਾ।
ਪ੍ਰੋ. ਕੁਲਵੰਤ ਗਰੇਵਾਲ ਤੇ ਪ੍ਰੋ. ਲਾਲੀ ਬਾਰੇ ਗੱਲ ਕਰਦਿਆਂ ਉਹ ਸੰਜੀਦਾ ਹੋ ਜਾਂਦਾ। ਆਖਦਾ, ‘ਯਾਰ ਓਹੋ ਜਿਹੇ ਕਵੀ ਵਾਰ ਵਾਰ ਨਹੀਂ ਜੰਮਦੇ।’
ਮਹਿਫਲ `ਚ ਉਹਦੀ ਗੱਲ ਕਦੇ ਨਾ ਮੁਕਦੀ ਪਰ ਮਜਾਲ ਹੈ ਕਿ ਕੋਈ ਵੀ ਉਕਤਾ ਜਾਵੇ। ਗੱਲ `ਚੋਂ ਗੱਲ ਕੱਢਦਾ ਜਾਂਦਾ ਅਨੇਕਾਂ ਸਨਮਾਨ ਮਿਲੇ। ਉਹਦਾ ਘਰ ਸ਼ੀਲਡਾਂ ਨਾਲ ਭਰਿਆ ਪਿਆ। ਭਾਸ਼ਾ ਵਿਭਾਗ ਨੇ ਸ਼੍ਰੋਮਣੀ ਕਵੀ ਨਾਲ ਨਿਵਾਜਿਆ ਪਰ ਉਹ ਪੰਜਾਬ ਦੇ ਦਰਦ ਨੂੰ ਲੈ ਕੇ ਹਮੇਸ਼ਾ ਸਰਕਾਰਾਂ ਦੀ ਨੁਕਤਾਚੀਨੀ ਕਰਦਾ ਰਿਹਾ। ਲਹਿੰਦੇ ਪੰਜਾਬ ਨਾਲ ਅੰਤਾਂ ਦਾ ਮੋਹ ਰਹੀ, ਜੰਮਿਆਂ ਵੀ ਤਾਂ ਉਧਰ ਹੀ ਸੀ ਨਾ…। ਇਕ ਵੇਰ ਇਕ ਫੰਕਸ਼ਨ `ਚ ਅਸੀਂ ਫਿਰੋਜਪੁਰ ਇਕੱਠੇ ਹੋਏ। ਫੰਕਸ਼ਨ ਅਜੇ ਚੱਲ ਰਿਹਾ ਸੀ। ਮੈਨੂੰ ਹੋਲੇ ਜਿਹੇ ਆ ਕੇ ਕਹਿੰਦਾ, ”ਜਰਾ ਬਾਹਰ ਆ! ਆਪਾਂ ਕਿਤੇ ਜਰੂਰੀ ਕੰਮ ਚੱਲਣਾ।” ਸਾਡੇ ਕੋਲ ਵੈਨ ਸੀ। ਅਸੀਂ ਪੰਜ-ਸੱਤ ਜਾਣੇ ਉਸਦੇ ਮਗਰ ਹੋ ਤੁਰੇ। ਕਹਿੰਦਾ, ”ਚਲੋ ਬਈ ਹੁਸੈਨੀਵਾਲਾ ਬਾਰਡਰ `ਤੇ ਚਲਣਾ ਆਪਾਂ।“
ਗਏ ਤਾਂ ਵੈਨ `ਚੋਂ ਉੁਤਰ ਕੇ ਬੜੀ ਤੇਜ ਭੱਜਿਆ ਤੇ ਕੰਡਿਆਲੀ ਵਾੜ ਕੋਲੋਂ ਲਹਿੰਦੇ ਪੰਜਾਬ ਦੀ ਮਿੱਟੀ ਦੀ ਮੁੱਠ ਭਰ ਕੇ ਚੁੰਮਣ ਲੱਗ ਪਿਆ। ਕਿੰਨਾ ਮੋਹ ਸੀ ਉਹਨੂੰ ਆਪਣੀ ਮਿੱਟੀ ਨਾਲ! 2019 `ਚ ਅਸੀਂ ਪੰਜਾਬ ਗਏ। ਇਕ ਰਾਤ ਅਸੀਂ ਉਹਦੇ ਕੋਲ ਰਹੇ। ਆਸ਼ਾ ਨੇ ਆਉ-ਭਗਤ ਵਿਚ ਕੋਈ ਕਸਰ ਨਾ ਛੱਡੀ। ਓਥੇ ਬਲਵਿੰਦਰ ਸੰਧੂ ਵੀ ਆ ਗਿਆ। ਬੜੀ ਦੇਰ ਰਾਤ ਤੱਕ ਉਹ ਹਾਸੇ ਬਖੇਰਦਾ ਰਿਹਾ। ਮਾਲਵੇ `ਚ ਜਿਵੇਂ ਆਪਾ ਜਾਣਦੇ ਹਾਂ ਲੋਕ ਦੋਸਤਾਂ-ਮਿੱਤਰਾਂ ਨੂੰ ‘ਬਾਈ ਜੀ` ਕਹਿ ਕੇ ਬੁਲਾਉਂਦੇ ਨੇ। ਪਟਿਆਲੇ ਦੀ ਖਾਲਸਾ ਕਾਲਜ `ਚ ਉਸਦੀ ਖੂਬਸੂਰਤ ਕੋਠੀ ਦਾ ਨੰਬਰ ਕੁਦਰਤੀ 22 ਸੀ। ਉਸਨੇ ਘਰ ਦੀ ਤਖਤੀ ਉੱਪਰ ਲਿਖਵਾਇਆ- ‘ਬਾਈ ਵਿਰਕਾਂ` ਦਾ। ਤੇ ਹੁਣ ਉਹ ਬਾਈ ਵਿਰਕਾਂ ਦਾ ਹੀ ਨਹੀਂ ਬਾਈ ਸਾਰੇ ਪੰਜਾਬੀ ਹਿਤੈਸ਼ੀਆ ਦਾ ਬਣ ਚੁੱਕਿਆ ਸੀ।
ਪਿਛਲੇ ਸਾਲ ਮਰਹੂਮ ਜਾਵੇਦ ਬੂਟਾ ਦਾ ਫੋਨ ਆਇਆ। ਉਸਨੂੰ ਅਨੂਪ ਦਾ ਬਾਇਓਡਾਟਾ ਚਾਹੀਦਾ ਸੀ। ਲਾਹੌਰ `ਚ ਉਸਦੀ ਵਾਰਤਕ ਦੁਬਾਰਾ ਛਾਪਣੀ ਸੀ। ਬੱਸ ਅਗਸਤ `ਚ ਆਖਰੀ ਵਾਰ ਉਹਨੇ ਗੱਲਬਾਤ ਕੀਤੀ। ਕਿਸੇ ਨਾਲ ਵੀ ਗੱਲਬਾਤ ਨਾ ਕਰਦਾ। ਗੁੰਮਨਾਮੀ `ਚ ਹੀ ਆਪਣਾ ਸਫਰ ਤੈਅ ਕਰ ਲਿਆ। ਅੱਜ ਜਦੋਂ ਆਸ਼ਾ ਵਿਰਕ ਭੈਣ ਜੀ ਨਾਲ ਗੱਲ ਕਰ ਰਿਹਾ ਸੀ ਤਾਂ ਉਨ੍ਹਾਂ ਦੱਸਿਆ ਕਿ ਸਾਹ ਰੁਕ ਰੁਕ ਕੇ ਆ ਰਹੇ ਸਨ ਤਾਂ ਡਾਕਟਰਾਂ ਕਿਹਾ, ‘ਉਹ ਕੋਈ ਗੱਲ ਕਰਨੀ ਚਾਹੁੰਦਾ ਹੈ ਤੁਹਾਡੇ ਨਾਲ। ਗੱਲ ਕਰੋ ਤੇ ਵਿਦਾਈ ਦਿਉ। ਕਹਿੰਦੀ ਮੈਂ ਕਿਹਾ, ”ਔਹ ਦੇਖ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ…।“ ਮੇਰਾ ਗੱਚ ਭਰ ਆਇਆ। ਹੋਰ ਕੀ ਗੱਲ ਕਰਨੀ ਸੀ। ਹਾੜ੍ਹਾ ਵੇ ਹਾੜਾ ਇਹ ਕੀ ਅਨਰਥ ਹੋ ਗਿਆ।
ਸੂਰਜ ਦੀ ਭਾਲ ਵਿਚ, ਇਕ ਸੂਰਜ ਅਸਤ ਹੋ ਗਿਆ।
ਆਸ਼ਾ ਭੈਣ ਜੀ ਨਾਲ ਦੁਖ ਸਾਂਝਾਂ ਕਰਨ ਲਈ ਇਸ ਨੰਬਰ 925-596-8639 `ਤੇ ਸੰਪਰਕ ਕੀਤਾ ਜਾ ਸਕਦਾ ਹੈ।