ਵੱਡੇ ਜਹਾਜ਼ ਕਦੇ ਡੋਲਦੇ ਨਹੀਂ!

ਸਾਹਿਬ ਸਿੰਘ
ਫੋਨ: +91-98880-11096
ਆਤਮਜੀਤ ਦੀ ਇਕ ਲੱਤ ਛੋਟੀ, ਇਕ ਵੱਡੀ…ਪਰ ਉਸਨੂੰ ਸਿੱਧਾ ਖੜ੍ਹਨਾ ਆਉਂਦੈ! ਇਤਿਹਾਸਕ ਵਰਤਾਰਿਆਂ ਵਿਚੋਂ ਉਹ ਟੇਢ ਲੱਭ ਲੈਂਦਾ ਹੈ…ਫਿਰ ਉਸ ਟੇਢ ਨੂੰ ਵੰਗਾਰਦਾ ਹੈ, ਸਿੱਧਾ ਖੜ੍ਹ ਕੇ! ਭੁੱਲੇ-ਵਿੱਸਰੇ ਨਾਇਕ ਤਲਾਸ਼ਦੈ…ਪਰ ਜਿੱਥੇ ਇੱਕ ਪਾਸੇ ਨਾਇਕ ਦਾ ਨਾਇਕਪੁਣਾ ਤਰਾਸ਼ਣ ਦੇ ਰਾਹ ਪੈਂਦਾ ਹੈ, ਉੱਥੇ ਨਾਲ ਹੀ ਉਸਦਾ ਆਲਾ-ਦੁਆਲਾ ਛਿੱਲਣ ਬਹਿ ਜਾਂਦਾ ਹੈ!..ਤੇ ਜਦੋਂ ਛਿੱਲ ਉਤਰਦੀ ਹੈ ਤਾਂ ਹੇਠੋਂ ਕੌੜੇ ਸੱਚ ਉਜਾਗਰ ਹੁੰਦੇ ਨੇ

…ਤੇ ਪਰਤ-ਦਰ-ਪਰਤ ਨਿੱਕੇ ਵੱਡੇ ਪਾਤਰ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ!..ਉਹ ਹਰ ਪਾਤਰ ਨੂੰ ਸਤਿਕਾਰ ਦਿੰਦੈ… ਤਰਸ ਦਾ ਪਾਤਰ ਕਿਸੇ ਨੂੰ ਵੀ ਨਹੀਂ ਬਣਾਉਂਦੈ, ਕਿਉਂਕਿ ਉਹਦੇ ਆਪਣੇ ਅੰਦਰ ਸਵੈਮਾਣ ਕੁੱਟ-ਕੁੱਟ ਭਰਿਆ ਹੋਇਆ ਹੈ। ਉਹ ਨਾਟਕ ਲਿਖ ਤਾਂ ਰਿਹੈ ਦੀਵਾਨ ਸਿੰਘ ਕਾਲੇਪਾਣੀ ‘ਤੇ, ਪਰ ਉਸ ਨੂੰ ਫਿਕਰ ਡਾਕਟਰ ਸਾਹਿਬ ਦੀ ਸ਼ਰੀਕ-ਏ-ਹਯਾਤ ਇੰਦਰ ਕੌਰ ਦਾ ਕਿਤੇ ਵੱਧ ਹੈ। ਕੁਰਬਾਨੀ ਕਰਦੇ ਪਾਤਰਾਂ ਨੂੰ ਉਹ ਆਪਣੇ ਨਾਟਕਾਂ ਵਿਚ ਪੇਸ਼ ਕਰਦਾ ਹੈ…ਪਰ ਕੁਰਬਾਨੀ ਕਰਨ ਵਾਲੇ ‘ਤੇ ਕੁਰਬਾਨ ਹੋਈਆਂ ਅਚੇਤ-ਸੁਚੇਤ ‘ਕੁਰਬਾਨੀਆਂ’ ਉਸ ਦੀ ਨਾਟਕਕਾਰੀ ਨੂੰ ਵੱਖਰਾ ਰੰਗ ਬਖ਼ਸ਼ਦੀਆਂ ਹਨ। ਉਹ ਗ਼ਦਰ ਐਕਸਪ੍ਰੈੱਸ ਲਿਖਦੈ ਤਾਂ ਗ਼ਦਰੀ ਯੋਧਿਆਂ ਨੂੰ ਸਲਾਮ ਤਾਂ ਕਰਦਾ ਹੀ ਹੈ, ਪਰ ਉਸ ਦੀ ਕਲਮ ਪਿੱਛੇ ਰਹਿ ਗਈਆਂ ਔਰਤਾਂ ਲਈ ਹੰਝੂ ਵਹਾਉਂਦੀ ਹੈ; ਕੀਨੀਆ ਦੇ ਇਤਿਹਾਸ ਵਿਚ ਪੈੜਾਂ ਪਾਉਣ ਵਾਲੇ ਮੱਖਣ ਸਿੰਘ ਦੀ ਗਾਥਾ ਛੋਂਹਦਾ ਹੈ ਤਾਂ ਉਸ ਦੀ ਜੀਵਨ-ਸਾਥਣ ਦੇ ਕਿਰਦਾਰ ਨੂੰ ਬਰਾਬਰ ਥਾਂ ਦਿੰਦਾ ਹੈ; ਸੰਸਾਰ ਯੁੱਧ ਦੀ ਭੱਠੀ ‘ਚ ਸੜ ਮਰੇ ਸਿਪਾਹੀਆਂ ਦੀ ਦਲੇਰੀ ਦਾ ਸੱਚ ਬਿਆਨਦਾ ਹੈ ਤਾਂ ਉਨ੍ਹਾਂ ਦੇ ‘ਲਾਮਾਂ ਤੋਂ ਮੁੜਨ’ ਦੀ ਉਡੀਕ ਕਰਦੀ “ਚੁੱਪ ਦਲੇਰੀ” ਦੇ ਗੀਤ ਵੀ ਛੋਂਹਦੈ! ਹੁਣ ਨਾਟਕਕਾਰ ਦੇ ਆਪਣੇ ਸ਼ਬਦਾਂ ‘ਚ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ ਸਫ਼ਰ ਬਾਰੇ ਨਾਟਕ ਲਿਖ ਕੇ ਉਹ ਪਵਿੱਤਰ ਹੋਇਆ ਮਹਿਸੂਸ ਕਰਦਾ ਹੈ, ਪਰ ਇੱਕ ਵਾਰ ਫੇਰ ਪਵਿੱਤਰਤਾ ਦਾ ਪ੍ਰਮਾਣ ਪੱਤਰ ਉਸ ਨੇ ਇੰਦਰ ਕੌਰ ਤੋਂ ਹਾਸਲ ਕੀਤਾ ਹੈ…ਜਪਾਨੀਆਂ ਦੇ ਪੈਰਾਂ ਹੇਠ ਦਰੜੀਆਂ ਗਈਆਂ ਮਾਸੂਮ ਕੁੜੀਆਂ ਦੇ ਸਿਰ ‘ਤੇ ਪਿE ਜਿਹਾ ਹੱਥ ਧਰ ਪ੍ਰਾਪਤ ਕੀਤਾ ਹੈ। ਨਾਟਕ ‘ਕਿਸ਼ਤੀਆਂ ਵਿਚ ਜਹਾਜ਼’ ਇਤਿਹਾਸਕ ਹੈ, ਪਰ ਇਤਿਹਾਸ ਦੀ ਕਸੀਦਾਕਾਰੀ ਨਹੀਂ ਹੈ। ਉਹ ਇਤਿਹਾਸਕ ਵਰਤਾਰਿਆਂ ‘ਚ ਮੌਜੂਦ ਟੋਇਆਂ ਨੂੰ ਮਿੱਟੀ ਪਾ ਪੂਰਦਾ ਨਹੀਂ, ਪਾਠਕ/ ਦਰਸ਼ਕ ਨੂੰ ਧੌਣੋਂ ਫੜ ਉਨ੍ਹਾਂ ਟੋਇਆਂ ਦੇ ਧੁਰ ਥੱਲੇ ਦੀਂਹਦੇ ਹਨੇਰ ‘ਚੋਂ ਸੱਚ ਤਲਾਸ਼ਣ ਲਈ ਪ੍ਰੇਰਦਾ ਹੈ। ਨਾਟਕ ਦਾ ਕਾਰਜ ਸਥਲ ਅੰਡੇਮਾਨ ਨਿਕੋਬਾਰ ਦਾ ਟਾਪੂ ਹੈ ਪਰ ਵਿਚਾਰ ਸਥਲ ਅਜੋਕੀ ਦਿੱਲੀ ਤੱਕ ਫੈਲਿਆ ਹੋਇਆ ਹੈ।
ਪਿਛਲੇ ਦਿਨੀਂ ਪੰਜਾਬ ਕਲਾ ਭਵਨ ਚੰਡੀਗੜ੍ਹ ਦੇ ਆਡੀਟੋਰੀਅਮ ਵਿਚ ਜਦੋਂ ਨਾਟਕ ‘ਕਿਸ਼ਤੀਆਂ ਵਿਚ ਜਹਾਜ਼’ ਦਾ ਪਾਠ ਕੀਤਾ ਗਿਆ, ਤਾਂ ਇਕ ਪਾਸੇ ਡਾ ਆਤਮਜੀਤ ਨਾਟਕਕਾਰ ਦੀ ਸੂਖਮ ਨਾਟਕਕਾਰੀ ਦਾ ਜਲੌਅ ਪ੍ਰਗਟ ਹੋ ਰਿਹਾ ਸੀ ਤੇ ਦੂਜੇ ਪਾਸੇ ਆਵਾਜ਼ ਦੇ ਉਤਰਾਅ-ਚੜ੍ਹਾਅ ਤੇ ਹਾਵ-ਭਾਵ ਦੀ ਤੁਰਤ-ਫੁਰਤ ਤਬਦੀਲੀ ਇਸ ਪਾਠ ਨੂੰ ਪੇਸ਼ਕਾਰੀ ਵਰਗੀ ਰੰਗਤ ਦੇ ਰਹੀ ਸੀ। ਦਰਸ਼ਕ ਨਾਟਕ ਸੁਣਨ/ ਦੇਖਣ ਤੋਂ ਪਹਿਲਾਂ ਹੀ ਇਹ ਜਾਣਦਾ ਹੈ ਕਿ ਨਾਟਕਕਾਰ ਨੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਹਸਤੀ ਨੂੰ ਡਿੱਕੇ-ਡੋਲ਼ੇ ਖਾਂਦੀਆਂ, ਦੌੜੀਆਂ ਫ਼ਿਰਦੀਆਂ, ਖੌਰੂ ਪਾਉਂਦੀਆਂ, ਆਪਣੇ ਨਿੱਕੇ ਵਜੂਦ ਨੂੰ ਹੀ ਮੁਕੰਮਲ ਸੰਸਾਰ ਸਮਝਣ ਦੇ ਭਰਮ ‘ਚ ਜਿਉਂਦੀਆਂ ਅਨੇਕਾਂ ਦੇਸੀ ਵਿਦੇਸ਼ੀ ਕਿਸ਼ਤੀਆਂ ਦੇ ਵਿਚਕਾਰ ਖੜ੍ਹੇ ਅਡੋਲ ਜਹਾਜ਼ ਦੇ ਰੂਪ ‘ਚ ਪੇਸ਼ ਕਰਨਾ ਹੈ। ਕਿਵੇਂ ਕਰਨਾ ਹੈ, ਦਰਸ਼ਕ ਇਹ ਦੇਖਣ ਗਿਆ ਹੈ। ਆਤਮਜੀਤ ਬਰੈਖਤ ਸ਼ੈਲੀ ਦਾ ਸਹਾਰਾ ਲੈਂਦਾ ਹੈ, ਕਿਉਂਕਿ ਉਹ ਭਾਵੁਕ ਕਰਦਿਆਂ ਹੋਇਆਂ ਵੀ ਸੋਚਣ ਲਾਉਣਾ ਚਾਹੁੰਦਾ ਹੈ। ਪਰਦਾ ਉਠਦੇ ਸਾਰ ਹੀ ਜਹਾਜ਼ ਤੋਂ ਪਹਿਲਾਂ ਇਕ ਪਿਆਰੀ ਕਿਸ਼ਤੀ ਨਮੂਦਾਰ ਹੁੰਦੀ ਹੈ, ਜਿਸ ਦਾ ਨਾਮ ਇੰਦਰ ਕੌਰ ਹੈ। ਜਹਾਜ਼ ਕਿੰਨਾ ਵੀ ਵਿਸ਼ਾਲ ਕਿਉਂ ਨਾ ਹੋਵੇ, ਡੂੰਘੇ ਪਾਣੀਆ ‘ਚ ਉਤਰਨ ਦਾ ਦ੍ਰਿੜ ਇਰਾਦਾ ਰੱਖਦਾ ਹੋਵੇ, ਉਸ ਦੀ ਸਪਲਾਈ ਲਾਈਨ ਕਿਸੇ ਕਿਸ਼ਤੀ ਨਾਲ ਜ਼ਰੂਰ ਜੁੜੀ ਹੁੰਦੀ ਹੈ! ਇੰਦਰ ਕੌਰ ਨੂੰ ਹਰ ਸਥਿਤੀ ਵਿਚ ਅੰਗ-ਸੰਗ ਰੱਖਣ ਲਈ ਨਾਟਕਕਾਰ ਨੇ ਬ੍ਰੈਖਤ ਦਾ ਸਹਾਰਾ ਲਿਆ ਹੈ। ਕਦੇ ਉਹ ਬਜਾਤ-ਏ-ਖੁਦ ਇੰਦਰ ਕੌਰ ਹੈ, ਕਦੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਧੁਰ ਅੰਦਰ ਵਸਦੀ ਰੂਹ ਦੇ ਰੂਪ ‘ਚ ਮੌਜੂਦ ਹੈ। ਨਾਟਕ ਵਿਚ ਉਹ ਸੂਤਰਧਾਰ ਵੀ ਹੈ ਤੇ ਖ਼ੁਦ ਇੱਕ ਸੂਤਰ ਵੀ, ਜਿਸ ਸੂਤਰ ਨੂੰ ਆਤਮਜੀਤ ਟੁੱਟਦਾ ਵੀ ਦਿਖਾਉਂਦਾ ਹੈ ਤੇ ਜੁੜਦਾ ਵੀ!
ਡਾ ਦੀਵਾਨ ਸਿੰਘ ਦੀ ਸ਼ਖ਼ਸੀਅਤ ਦੇ ਪਾਸਾਰ ਬਹੁਤ ਜ਼ਿਆਦਾ ਨੇ। ਉਹ ਦਰਦਮੰਦ ਡਾਕਟਰ ਹੈ, ਆਪਣੇ ਮਰੀਜ਼ਾਂ ਨਾਲ ਹਮਦਰਦੀ ਵਾਲ਼ਾ ਅਤੇ ਇਨਸਾਨੀਅਤ ਦਾ ਰਿਸ਼ਤਾ ਨਿਭਾਉਂਦਾ ਹੈ, ਅਹਿਸਾਸਮੰਦ ਕਵੀ ਹੈ, ਸਖ਼ਤ ਮਿਹਨਤ ‘ਚ ਵਿਸ਼ਵਾਸ ਰੱਖਦਾ ਹੈ, ਯਸੂ ਮਸੀਹ ਨੂੰ ਸਿਜਦਾ ਕਰਦਾ ਹੈ ਤੇ ਬਾਬੇ ਨਾਨਕ ਦਾ ਪੈਰੋਕਾਰ ਹੈ, ਸੇਵਾ ਭਾਵੀ ਹੈ, ਕੋਮਲ ਹੈ ਪਰ ਬਾਗ਼ੀ ਹੈ, ਬਹੁਤ ਸੂਖਮ ਬਗਾਵਤ ਕਰਨ ਵਾਲਾ! ਕੈਦੀਆਂ ਦੀ ਸੇਵਾ-ਸੰਭਾਲ ਕਰਦਾ ਖੁਦ ਕੈਦੀ ਬਣਦਾ ਹੈ ਤੇ ਆਖ਼ਰ ਸ਼ਹਾਦਤ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਦੀ ਬਹੁ ਪਾਸਾਰੀ ਸ਼ਖ਼ਸੀਅਤ ਬਾਰੇ ਲਿਖਣ ਲੱਗਿਆਂ ਡਾ. ਆਤਮਜੀਤ ਨੇ ਏਨਾ ਜ਼ਬਤ ਕਿਵੇਂ ਰੱਖਿਆ…ਇਹ ਸਮਝਣਾ ਹੀ ਅਸਲ ਵਿਚ ਇਸ ਨਾਟਕ ਨਾਲ ਜੁੜਨ ਦਾ ਸੂਤਰ ਹੈ। ਏਸੇ ਲਈ ਨਾਟਕਕਾਰ ਡਾਕਟਰ ਸਾਹਿਬ ਨੂੰ ਮੁੱਖ ਤੇ ਇੰਦਰ ਕੌਰ ਨੂੰ ਪ੍ਰਮੁੱਖ ਪਾਤਰ ਬਣਾਉਣ ਦੇ ਰਾਹ ਤੁਰਦਾ ਹੈ…ਇਹ ਕੋਈ ‘ਸਿਰਫ ਨਾਰੀਵਾਦੀ’ ਪ੍ਰਗਟਾਅ ਨਹੀਂ ਹੈ।
ਸਥਾਪਤ ਨਾਇਕ ਬਾਰੇ ਨਾਟਕ ਲਿਖਦਿਆਂ ਇਹ ਸੰਵਾਦ ਸਿਰਜਣਾ ਬਾਮਕਸਦ ਹਰਕਤ ਹੈ…ਜ਼ਰਾ ਸੁਣੋ, ਇੰਦਰ ਕੌਰ ਕੀ ਕਹਿੰਦੀ ਹੈ:
“ਬਹੁਤ ਵੱਡਾ ਇਨਸਾਨ ਸੀ…ਫੇਰ ਵੀ ਰੱਬ ਨਹੀਂ ਸੀ!..ਲੇਖਕਾਂ ਵਾਲ਼ੇ ਹੁਕਮ ਚਾੜ੍ਹਦਾ ਸੀ…ਅਖੇ ਇੰਦਰ ਕੌਰੇ ਅਚਾਰ ਪਾ ਦੇ ਦੋ ਸੇਰ ਨਿੰਬੂਆਂ ਦਾ…ਦੁੱਧ ਦਾ ਡੋਲੂ ਉਬਾਲਦੇ…ਵੀਹ ਪਰਾਉਂਠੇ ਪਕਾ ਦੇ…(ਦਰਸ਼ਕਾਂ ਨੂੰ) ਨਾ ਮੈਂ ਇਹਦੀ ਤੀਵੀਂ ਸੀ ਕਿ ਢਾਬੇ ਵਾਲ਼ੀ!”
ਭਾਵੇਂ ਇਹ ਸੰਵਾਦ ਹਲਕਾ-ਫੁਲਕਾ ਵਿਅੰਗਾਤਮਕ ਹਾਸਾ ਸਿਰਜਦਾ ਹੈ, ਪਰ ਆਤਮਜੀਤ ਦੀ ਸਮੁੱਚੀ ਨਾਟ ਰਚਨਾ ਦੇ ਮਰਮ ਅਨੁਸਾਰ ਇਹਦੇ ਅਰਥ ਕਿਤੇ ਵੱਡੇ ਹਨ। ਨਾਇਕ ਨੂੰ ਜਦੋਂ ਆਮ ਸਧਾਰਨ ਵਿਅਕਤੀ ਦੇ ਵਿਹੜੇ ‘ਚੋਂ ਉਧਾਲ ਕੇ ਉਚ ਆਦਰਸ਼ ਦੇ ਸਿਖਰਲੇ ਚਬੂਤਰੇ ‘ਤੇ ਸਜਾ ਦਿਤਾ ਜਾਂਦਾ ਹੈ ਤਾਂ ਉਹ ਬੁੱਤ ਬਣ ਜਾਂਦਾ ਹੈ, ਪੂਜਾ ਕਰਨ ਦੇ ਯੋਗ! ਪਰ ਆਤਮਜੀਤ ਪੂਜਾ ਨਹੀਂ ਚਾਹੁੰਦਾ, ਸਮਝ ਚਾਹੁੰਦਾ ਹੈ…ਤੇ ਪਾਠਕ ਦੇ ਮਨ ‘ਚ ਨਿਵੇਕਲਾ ਅਹਿਸਾਸ ਪੈਦਾ ਕਰਨਾ ਚਾਹੁੰਦਾ ਹੈ ਕਿ ਜ਼ਿੰਦਗੀ ਦੇ ਨਿਕੇ-ਨਿਕੇ ਰਾਹਾਂ ਤੋਂ ਆਮ ਵਿਅਕਤੀ ਦੀ ਤਰ੍ਹਾਂ ਹੀ ਮੋੜ ਕੱਟਦਾ ਇਕ ਵਿਅਕਤੀ ਮਹਾਨ ਕਿਵੇਂ ਤੇ ਕਿਉਂ ਬਣ ਜਾਂਦਾ ਹੈ…ਪ੍ਰੇਰਣਾ ਇਸ ਗੱਲ ਤੋਂ ਮਿਲਦੀ ਹੈ! ਤੇ ਇਹ ਨਾਟਕ ਪ੍ਰੇਰਨਾ ਦਾ ਭਰ ਵਗਦਾ ਸਮੁੰਦਰ ਹੈ, ਜਿਸ ਦੇ ਐਨ ਵਿਚਕਾਰ ਦੀਵਾਨ ਸਿੰਘ ਕਾਲੇਪਾਣੀ ਜਹਾਜ਼ ਦੇ ਰੂਪ ‘ਚ
“ਮੈਨੂੰ ਪਰਵਾਹ ਨਹੀਂ ਕਿ ਵੱਡੇ ਲੋਕ ਮੇਰੇ ਬਾਰੇ ਕੀ ਸੋਚਦੇ ਨੇ…ਮੈਂ ਏਥੇ ਉਨ੍ਹਾਂ ਨੂੰ ਖੁਸ਼ ਕਰਨ ਲਈ ਨਹੀਂ ਆਇਆ…ਮੇਰਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ…ਦੁਨੀਆਂ ਦਾ ਕੋਈ ਵੀ ਲਾਲਚ ਜਾਂ ਡਰ ਮੈਨੂੰ ਭਟਕਾ ਨਹੀਂ ਸਕਦਾ!”
ਆਤਮਜੀਤ ਦੇ ਸ਼ਬਦਾਂ ਵਿਚ “ਦੀਵਾਨ ਸਿੰਘ ਹਰਮਨ ਭਾਉਂਦੀ ਬਹਿਰ ਵਾਲਾ ਸੱਚਾ-ਸੁੱਚਾ ਗੀਤ ਸੀ…ਤੇ ਉਸ ਦੌਰ ਦੇ ਅੰਦਰ ਸਭ ਤੋਂ ਸੁਥਰੀ ਲਹਿਰ ਸੀ!” ਹਾਕਮਾਂ ਨੂੰ ਸੁਥਰੀਆਂ ਲਹਿਰਾਂ ਕਦੋਂ ਰਾਸ ਆਉਂਦੀਆਂ, ਜਿਸ ਵਿਚ ਨਾ ਫਿਰਕੂ ਜ਼ਹਿਰ ਨਾ ਮਜ਼੍ਹਬੀ ਅੱਗ!..ਅਦਾਕਾਰੀ ਦੀ ਸਹਿਜ ਸੁਰ ਪਕੜਦਾ ਨਾਟਕਕਾਰ ਪੇਸ਼ਕਾਰੀ ਦੌਰਾਨ ਜਦੋਂ ਦੀਵਾਨ ਸਿੰਘ ਦੀ ਕਵਿਤਾ ਬੋਲਦਾ ਹੈ ਤਾਂ ਝੁਣਝੁਣੀ ਆਉਂਦੀ ਹੈ ਅਤੇ ਅੱਖਾਂ ਦੇ ਕੋਏ ਨਮ ਹੁੰਦੇ ਹਨ:
ਛੱਡ ਇਸ ਮਜ਼ਹਬ ਨੂੰ
ਕਿ ਇਸ ਤੈਨੂੰ ਅੰਨ੍ਹਾ ਕਰ ਦਿੱਤਾ ਹੈ
ਉਠ ਛਾਲ ਮਾਰ
ਇਸ ਸਦ ਵਗਦੇ ਜੀਵਨ ਸਮੁੰਦਰ ਵਿਚ
ਖੁੱਲ੍ਹੇ ਦਿਲ ਖੁੱਲ੍ਹੀ ਬਾਹੀਂ
ਹੱਸ ਖੇਡ ਜਿੰਨਾ ਕੁ ਖੇਡ ਸਕੇਂ
ਹੱਸਦਿਆਂ ਨਾਲ ਹੱਸ, ਰੋਂਦਿਆਂ ਨੂੰ ਹਸਾ
ਪਿਆਰ ਕਰ, ਜਿੰਨਾ ਕੁ ਕਰ ਸਕੇਂ!
ਪੇਸ਼ਕਾਰ ਆਤਮਜੀਤ ਦੀ ਸੁਰ ਤੇ ਤਾਲ ਏਨੀ ਢੁਕਵੀਂ ਸੀ ਕਿ ਸਭ ਵਲਗਣਾਂ ਤੋਂ ਆਜ਼ਾਦ ਹੋ ਕੇ ਪਿਆਰ ਕਰਨ ਦਾ ਸੁਨੇਹਾ ਕੰਨਾਂ ਥਾਣੀਂ ਦਿਲ ਦੇ ਧੁਰ ਅੰਦਰ ਉਤਰ ਗਿਆ। ਪਰ ਇਤਿਹਾਸ ਦੇ ਹਰ ਦੌਰ ‘ਚ ਸੁਥਰੀਆਂ ਲਹਿਰਾਂ ਨੂੰ ਦਬਾਇਆ ਜਾਂਦਾ ਹੈ। ਦੀਵਾਨ ਸਿੰਘ ਨੂੰ ਵੀ ਸੱਚ ਦਾ ਸਾਥ ਨਾ ਛੱਡਣ ਦੀ ਸਜ਼ਾ ਮਿਲੀ। ਜਿਸ ਟਾਪੂ ‘ਚ ਉਹ ਹਰ ਦੁਖੀ ਦੀ ਸੇਵਾ ਕਰਦਾ ਸੀ, ਉਸੇ ਟਾਪੂ ਦੀ ਜੇਲ੍ਹ ‘ਚ ਉਸ ਨੂੰ ਕੈਦ ਕੀਤਾ ਗਿਆ। ਨਾਟਕ ਦਾ ਅੰਤਿਮ ਦ੍ਰਿਸ਼ ਆਣ ਪਹੁੰਚਾ ਹੈ। ਡਾਕਟਰ ਦੀਵਾਨ ਸਿੰਘ ਜੇਲ੍ਹ ਦੇ ਵਾਰਡ ਨੰਬਰ ਛੇ ‘ਚ ਬੇ-ਸੁਰਤ ਪਿਆ ਹੈ। ਮੂੰਹ ‘ਚੋਂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਇਹ ਉਹ ਸਮਾਂ ਹੈ ਜਦੋਂ ਉੱਥੇ ਆਜ਼ਾਦ ਹਿੰਦ ਫੌਜ ਦਾ ਰਾਜ ਸਥਾਪਤ ਹੋ ਚੁੱਕਾ ਹੈ। ਨਾਟਕਕਾਰ ਦੇ ਮਨ ਵਿਚ ਰੋਹ ਹੈ,ਗਿਲਾ ਹੈ, ਅਨੇਕਾਂ ਸਵਾਲ ਹਨ। ਜੇ ਸਿੱਧਾ ਪੁੱਛਦੈ ਤਾਂ ਉਹ ਆਤਮਜੀਤ ਨਹੀਂ ਰਹਿੰਦਾ! ਇੰਦਰ ਕੌਰ ਕੋਲ ਜਾਂਦਾ ਹੈ, ਦੀਵਾਨ ਸਿੰਘ ਦੀ ਪਤਨੀ ਕੋਲ!..ਇੰਦਰ ਕੌਰ ਉਸਦੇ ਰੋਹ, ਗਿਲੇ ਤੇ ਸਵਾਲਾਂ ਨੂੰ ਆਵਾਜ਼ ਦਿੰਦੀ ਹੈ:
“ਨੇਤਾ ਜੀ, ਵਾਰਡ ਨੰਬਰ ਛੇ ‘ਚ ਤੁਸੀਂ ਕਿਉਂ ਨਹੀਂ ਗਏ? ਕੀ ਮਜਬੂਰੀ ਸੀ ਤੁਹਾਡੀ??”
ਸਵਾਲ ਇੱਥੇ ਹੀ ਨਹੀਂ ਮੁੱਕਦੇ…ਦੀਵਾਨ ਸਿੰਘ ਹਯਾਤੀ ਦਾ ਸਫ਼ਰ ਮੁਕੰਮਲ ਕਰ ਦੁਨੀਆਂ ਤੋਂ ਰੁਖਸਤ ਹੋ ਚੁੱਕਾ ਹੈ…ਨਾਟਕਕਾਰ ਫਿਰ ਇੰਦਰ ਕੌਰ ਕੋਲ ਜਾਂਦਾ ਹੈ…ਹੁਣ ਇੰਦਰ ਕੌਰ 21ਵੀਂ ਸਦੀ ਦੇ ਉਸ ਵਕਤ ‘ਚ ਖੜ੍ਹੀ ਹੈ, ਜਿਥੇ ਕਾਲੇ ਪਾਣੀਆਂ ਦਾ ਰੂਪ ਬਦਲ ਚੁੱਕਾ ਹੈ ਪਰ ਦੀਵਾਨ ਸਿੰਘ ਅੱਜ ਵੀ ਨਜ਼ਰਬੰਦ ਹਨ! ਨਾਟਕਕਾਰ ਦੇ ਘੰਡ ‘ਚ ਇਕ ਸਵਾਲ ਫਸਿਆ ਹੋਇਆ ਹੈ…ਉਹ ਸਵਾਲ ਦੀ ਦਹਾੜ ਮਰਨ ਤੋਂ ਪਹਿਲਾਂ ਭੂਮਿਕਾ ਬੰਨ੍ਹਦਾ ਹੈ:
“ਉੱਥੇ ਹੁਣ ਆਜ਼ਾਦੀ ਹੈ…ਨਹਿਰੂ ਤੇ ਗਾਂਧੀ ਉਥੇ ਕਦੇ ਨਹੀਂ ਗਏ, ਪਰ ਇਕ ਸਰਕਾਰ ਨੇ ਉਨ੍ਹਾਂ ਦੇ ਬੁੱਤ ਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ! ਵੀਰ ਸਾਵਰਕਰ ਉਥੇ ਗਿਆ ਸੀ, ਪਰ ਨਿਕਲ ਆਇਆ ਸੀ…ਉਹਦੇ ਨਾਮ ‘ਤੇ ਹਵਾਈ ਅੱਡਾ ਬਣਾ ਕੇ ਦੂਜੀ ਸਰਕਾਰ ਨੇ ਉਸ ਨੂੰ ਯਾਦ ਕੀਤਾ!”
ਭੂਮਿਕਾ ਖਤਮ…ਤੇ ਸਵਾਲ ਸ਼ੁਰੂ: “ਕੀ ਸੱਚਮੁੱਚ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਪਾਰਟੀਆਂ, ਸਰਕਾਰਾਂ ਤੇ ਧਰਮ ਦੀ ਲੋੜ ਜ਼ਰੂਰੀ ਹੈ?..ਬੋਲਦਾ ਕਿਉਂ ਨਹੀਂ?…ਸਰਕਾਰਾਂ ਅਤੇ ਪਾਰਟੀਆਂ ਦੀਆਂ ਐਨਕਾਂ ਧੁੰਦਲੀਆਂ ਕਿਉਂ ਹੁੰਦੀਆਂ ਨੇ?”
ਇੰਦਰ ਕੌਰ ਤਰਲਾ ਮਾਰਦੀ ਹੈ, “ਦੱਸ ਨਾ!”…ਫੇਰ ਤਸੱਲੀ ਦੇ ਭਾਵ ਉਜਾਗਰ ਕਰਦੀ ਹੈ, “ਮੈਂ ਲੋਕਾਂ ਦੀ ਕਰਜ਼ਦਾਰ ਹਾਂ…ਉਹਨਾਂ ਤੇਰੇ ਬਣਾਏ ਗੁਰਦੁਆਰੇ ਨੂੰ ਤੇਰਾ ਨਾਂ ਦੇ ਦਿਤਾ।” ਨਾਟਕ ਕੋਰਸ ਗੀਤ ਰਾਹੀਂ ਸਮਾਪਤੀ ਵੱਲ ਵਧਦਾ ਹੈ, ਪਰ ਸਮਾਪਤ ਹੋਣ ਤੋਂ ਪਹਿਲਾਂ ਬਹੁਤ ਕੁੱਝ ਆਰੰਭ ਕਰ ਗਿਆ ਹੈ। ਆਪਣੇ ਇਤਿਹਾਸਕ ਨਾਇਕਾਂ ਨੂੰ ਐਨਕਾਂ ਦੇ ਸ਼ੀਸੇ ਸਾਫ਼ ਕਰ ਕੇ ਦੇਖਣ ਲਈ ਪ੍ਰੇਰ ਗਿਆ ਹੈ।…ਅੱਜ ਜਦੋਂ ਅਸੀਂ ਧਰੁਵੀਕਰਨ ਦੇ ਪ੍ਰਚੰਡ ਦੌਰ ‘ਚੋਂ ਗੁਜ਼ਰ ਰਹੇ ਹਾਂ ਤਾਂ ਆਤਮਜੀਤ ਦਾ ਇਹ ਨਾਟਕ ਸਮਤੋਲ ਦ੍ਰਿਸ਼ਟੀਕੋਣ ਦੇ ਰਾਹ ਤੋਰਦਾ ਹੈ। ਵੱਡੇ ਜਹਾਜ਼ ਡੁੱਬ ਸਕਦੇ ਨੇ, ਪਰ ਡੋਲਦੇ ਨਹੀਂ! ਆਤਮਜੀਤ ਪੰਜਾਬੀ ਨਾਟਕਕਾਰੀ ਦਾ ਵੱਡਾ ਜਹਾਜ਼ ਹੈ…ਕਿਸ਼ਤੀਆਂ ਦੀ ਕਦਰ ਵੀ ਕਰਦਾ ਹੈ ਤੇ ਜਹਾਜ਼ ਬਣਨ ਲਈ ਪ੍ਰੇਰਦਾ ਵੀ ਹੈ। ਇਸ ਨਾਟਕ ਨੂੰ ਮੈਂ ਸ਼ਰਧਾ ਮੂਲਕ ਨਹੀਂ, ਵਿਚਾਰ ਮੂਲਕ ਸਲਾਮ ਕਰਦਾ ਹਾਂ।