ਨਿਊਜ਼ਕਲਿੱਕ ਨੂੰ ਕਿਸ ਜੁਰਮ ਦੀ ਸਜ਼ਾ ਦਿੱਤੀ ਜਾ ਰਹੀ?

ਅਪੂਰਵਾਨੰਦ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਮੋਦੀ ਸਰਕਾਰ ਨੇ ਦਮਦਾਰ ਆਨਲਾਈਨ ਪੋਰਟਲ ‘ਨਿਊਜ਼ਕਲਿੱਕ` `ਤੇ ਧਾਵਾ ਬੋਲਿਆ ਹੈ। ਇਸ ਪੋਰਟਲ ਨਾਲ ਜੁੜੇ ਪੱਤਰਕਾਰਾਂ ਉਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਹ ਅਦਾਰਾ ਕਿਸ ਤੋਂ ਵਿੱਤੀ ਇਮਦਾਦ ਲੈ ਰਿਹਾ ਹੈ, ਇਸ ਨੇ ਕਦੇ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਂਝ ਵੀ ਇਹ ਪੈਸਾ ਕਾਨੂੰਨੀ ਤਰੀਕੇ ਨਾਲ ਲਿਆ ਗਿਆ

ਅਤੇ ਅਜਿਹਾ ਰਿਜ਼ਰਵ ਬੈਂਕ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੋ ਸਕਦਾ। ਫਿਰ ‘ਨਿਊਯਾਰਕ ਟਾਈਮਜ਼` ਦੀ ਰਿਪੋਰਟ ਅਜਿਹਾ ਕਿਹੜਾ ਖੁਲਾਸਾ ਕਰ ਰਹੀ ਸੀ ਕਿ ਸਰਕਾਰ ਨੇ ਇਹ ਧਾਵਾ ਬੋਲਿਆ? ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਦਾ ਇਹ ਲੇਖ ਨਿਊਜ਼ਕਲਿੱਕ ਦੇ ਪੱਤਰਕਾਰਾਂ ਤੇ ਪ੍ਰਬੰਧਕੀ ਸੰਪਾਦਕਾਂ ਉੱਪਰ ਇਸ ਧਾਵੇ ਅਤੇ ਪੱਤਰਕਾਰਾਂ ਦੀ ਭੂਮਿਕਾ ਬਾਰੇ ਗੰਭੀਰ ਚਰਚਾ ਕਰਦਾ ਹੈ। ਇਸ ਦਾ ਪੰਜਾਬੀ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।
ਗਾਂਧੀ ਜੈਅੰਤੀ ਤੋਂ ਅਗਲੀ ਸਵੇਰ ਦੀ ਗੱਲ ਹੈ, ਮੈਂ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ 2 ਅਕਤੂਬਰ ਨੂੰ ਗਾਂਧੀ ਨੂੰ ਕਿਵੇਂ ਯਾਦ ਕੀਤਾ ਗਿਆ। ਉਸ ਦੀ ਜ਼ਿੰਦਗੀ ਅਤੇ ਰਾਜਨੀਤੀ ਦੇ ਕਿਹੜੇ ਪਹਿਲੂਆਂ `ਤੇ ਬਹਿਸ ਹੋਈ? ਮੈਂ ਪੂਨੇ ਵਿਚ ‘ਲੋਕਾਇਤ` ਦੇ ਆਪਣੇ ਦੋਸਤ ਨੀਰਜ ਜੈਨ ਨੂੰ ਫੋਨ ਕਰਨ ਦੀ ਸੋਚ ਰਿਹਾ ਸੀ ਤਾਂ ਜੋ ਪਤਾ ਲੱਗ ਸਕੇ ਕਿ ਲੰਘੇ ਦਿਨ ਧੀਰੇਂਦਰ ਝਾਅ ਦੇ ਗਾਂਧੀ ਦੇ ਕਤਲ ਬਾਰੇ ਦਿੱਤੇ ਭਾਸ਼ਣ ਬਾਰੇ ਸਰੋਤਿਆਂ ਦਾ ਕੀ ਪ੍ਰਤੀਕਰਮ ਸੀ। ਬਾਪੂ ਬਾਰੇ ਦਿਨਕਰ ਦੀ ਕਵਿਤਾ ਆਪਣੇ ਲਾਗੇ ਰੱਖੀ ਹੀ ਸੀ। ਉਦੋਂ ਹੀ ਫੋਨ `ਤੇ ਸ਼ਬਨਮ ਹਾਸ਼ਮੀ ਦਾ ਸੰਦੇਸ਼ ਆ ਗਿਆ: ਪੁਲਿਸ, ਪੱਤਰਕਾਰ ਭਾਸ਼ਾ ਸਿੰਘ ਦੇ ਘਰ ਪਹੁੰਚ ਗਈ ਹੈ। ਕਹਿ ਰਹੀ ਹੈ: ਯੂ.ਏ.ਪੀ.ਏ. ਮਾਮਲੇ `ਚ ਜਾਂਚ ਕਰਨੀ ਹੈ।
ਸਵੇਰ ਦੇ 6 ਵੱਜੇ ਸਨ। ਭਾਸ਼ਾ ਸਿੰਘ ਨੂੰ ਫੋਨ ਕੀਤਾ। ਉਸ ਨੇ ਕਿਹਾ, ‘ਇਕ ਬੰਦਾ ਪੁਲਿਸ ਦੀ ਵਰਦੀ `ਚ ਹੈ, ਬਾਕੀ ਸਾਦੇ ਕੱਪੜਿਆਂ `ਚ ਹਨ। ਦਿੱਲੀ ਪੁਲਿਸ ਹੈ ਜਾਂ ਐੱਨ.ਆਈ.ਏ., ਪਤਾ ਨਹੀਂ।` ਵਕੀਲ ਦੋਸਤਾਂ ਨੂੰ ਫੋਨ ਕਰਨੇ ਸ਼ੁਰੂ ਕੀਤੇ। ਘੰਟੀ ਵੱਜਦੀ ਰਹੀ। ਅਜੇ ਤਾਂ ਪੂਰੀ ਤਰ੍ਹਾਂ ਸਵੇਰ ਵੀ ਨਹੀਂ ਸੀ ਹੋਈ।
ਭਾਸ਼ਾ ਸਿੰਘ ਆਨਲਾਈਨ ਨਿਊਜ਼ ਸੰਸਥਾ ‘ਨਿਊਜ਼ਕਲਿੱਕ` ਨਾਲ ਕੰਮ ਕਰਦੀ ਹੈ। ‘ਨਿਊਜ਼ਕਲਿੱਕ` `ਤੇ ਸਰਕਾਰ ਦਾ ਹਮਲਾ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਹੈ। ਭਾਰਤ ਸਰਕਾਰ ਦੀਆਂ ਕਈ ਏਜੰਸੀਆਂ ਪਿਛਲੇ ਤਿੰਨ ਸਾਲਾਂ ਤੋਂ ਇਸ ਦੇ ਸੰਸਥਾਪਕ ਪ੍ਰਬੀਰ ਪੁਰਕਾਇਸਥ ਖ਼ਿਲਾਫ਼ ਜੁੱਟੀਆਂ ਹੋਈਆਂ ਹਨ। ਉਸ ਦੇ ਘਰ ਛਾਪਾ ਪੈ ਚੁੱਕਾ ਹੈ। ਉਹ ਅਤੇ ਉਸ ਦੀ ਜੀਵਨ ਸਾਥੀ ਕਹਾਣੀਕਾਰ ਗੀਤਾ ਹਰੀਹਰਨ ਲਗਾਤਾਰ ਇਨ੍ਹਾਂ ਦਾ ਸਾਹਮਣਾ ਕਰ ਰਹੇ ਹਨ। ਮੈਨੂੰ ਲੱਗਾ ਕਿ ਸ਼ਾਇਦ ਪੁਲਿਸ ਨੇ ਇਸੇ ਕਾਰਨ ਭਾਸ਼ਾ ਸਿੰਘ ਤੱਕ ਪਹੁੰਚ ਕੀਤੀ ਹੋਵੇਗੀ। ਮੈਂ ਗੀਤਾ ਨੂੰ ਫੋਨ ਕੀਤਾ। ਉਸਨੇ ਕਿਹਾ, ‘ਮੈਂ ਗੱਲ ਨਹੀਂ ਕਰ ਸਕਦੀ ਕਿਉਂਕਿ ਪੁਲਿਸ ਮੇਰੇ ਅਤੇ ਪ੍ਰਬੀਰ ਤੋਂ ਪੁੱਛਗਿੱਛ ਕਰ ਰਹੀ ਹੈ।`
ਫਿਰ ਆਪਣੇ ਵਕੀਲ ਦੋਸਤ ਨੂੰ ਫੋਨ ਲਾਇਆ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਹਿਯੋਗੀਆਂ ਨੂੰ ਭਾਸ਼ਾ ਸਿੰਘ ਦੇ ਘਰ ਭੇਜ ਦਿੱਤਾ ਹੈ। ਇਸ ਦੌਰਾਨ ਮੈਂ ਸ਼ਬਨਮ ਨਾਲ ਦੁਬਾਰਾ ਗੱਲ ਕੀਤੀ ਤਾਂ ਪਤਾ ਲੱਗਾ ਕਿ ਪੁਲਿਸ ਸੋਹੇਲ ਹਾਸ਼ਮੀ ਦੇ ਘਰ ਵੀ ਪਹੁੰਚ ਗਈ ਹੈ। ਫੋਨ ਆਉਣੇ ਸ਼ੁਰੂ ਹੋ ਗਏ ਕਿ ਪੱਤਰਕਾਰਾਂ ਉਰਮਿਲੇਸ਼, ਅਭਿਸਾਰ ਸ਼ਰਮਾ, ਅਨਿੰਦਿਓ ਚੱਕਰਵਰਤੀ, ਪਾਰੰਜੋਏ ਗੁਹਾ ਠਾਕੁਰਤਾ ਦੇ ਘਰਾਂ ਉੱਪਰ ਵੀ ਪੁਲਿਸ ਦੇ ਦਸਤੇ ਮੌਜੂਦ ਹਨ। ਵਿਗਿਆਨੀ ਡੀ. ਰਘੁਨੰਦਨ ਦੇ ਘਰ ਵੀ ਪੁਲਿਸ ਹੈ।
ਹੋਰ ਕਿਸ-ਕਿਸ ਦੇ ਘਰ ਪੁਲਿਸ ਪਹੁੰਚੀ, ਇਹ ਜਾਨਣਾ ਮੁਸ਼ਕਿਲ ਹੋ ਗਿਆ। ਇਹ ਜ਼ਰੂਰ ਸਮਝ ਵਿਚ ਆ ਗਿਆ ਕਿ ‘ਨਿਊਜ਼ਕਲਿੱਕ` ਵਿਚ ਕੰਮ ਕਰਨ ਵਾਲੇ ਜਾਂ ਉਨ੍ਹਾਂ ਨਾਲ ਜੁੜੇ ਲੋਕਾਂ `ਤੇ ਪੁਲਿਸ ਵੱਲੋਂ ਛਾਪਾ ਮਾਰਿਆ ਜਾ ਰਿਹਾ ਹੈ ਪਰ ਸੋਹੇਲ ਹਾਸ਼ਮੀ ਦਾ ਤਾਂ ‘ਨਿਊਜ਼ਕਲਿੱਕ` ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ!
ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਪੁਲਿਸ ਨੇ ਸਾਰਿਆਂ ਦੇ ਫੋਨ ਜ਼ਬਤ ਕਰ ਲਏ ਸਨ।
ਦਿਨ ਵੇਲੇ ਆਲੋਚਨਾ ਦੀ ਕਲਾਸ ਸੀ, ਬਾਹਰ ਸਰਕਾਰ ਦੇ ਆਲੋਚਕਾਂ `ਤੇ ਪੁਲਿਸ ਦੇ ਛਾਪੇ ਪੈ ਰਹੇ ਸਨ। ਫਿਰ ਜਮਾਤ ਵਿਚ ਸਾਹਿਤਕ ਆਲੋਚਨਾ ਕਿਵੇਂ ਪੜ੍ਹਾਈ ਜਾਵੇ? ਵਿਦਿਆਰਥੀਆਂ ਨੂੰ ਕਿਹਾ ਕਿ ਆਲੋਚਨਾ ਜੋਖ਼ਮ ਰਹਿਤ ਨਹੀਂ ਹੁੰਦੀ। ਨਾ ਸਾਹਿਤ ਵਿਚ, ਨਾ ਸਮਾਜ ਵਿਚ। ਆਲੋਚਕ ਨੂੰ ਵਾਸਤਵਿਕ ਜੋਖ਼ਮ ਉਠਾਉਣੇ ਪੈਂਦੇ ਹਨ। ਇਹ ਅੱਜ ਦਿੱਲੀ ਵਿਚ ਦਿਸ ਰਿਹਾ ਹੈ।
‘ਨਿਊਜ਼ਕਲਿੱਕ` ਨਾਲ ਕੁਝ ਹੋ ਸਕਦਾ ਹੈ, ਇਸ ਦਾ ਅਹਿਸਾਸ ਕੁਝ ਦਿਨ ਪਹਿਲਾਂ ਹੀ ਹੋ ਗਿਆ ਸੀ ਜਦੋਂ ‘ਨਿਊਯਾਰਕ ਟਾਈਮਜ਼` ਵਿਚ ਲੇਖ ਛਪਿਆ। ਇਸ ਲੇਖ ਵਿਚ ਦੱਸਿਆ ਗਿਆ ਕਿ ਸ੍ਰੀਲੰਕਾ ਮੂਲ ਦੇ ਸਰਮਾਏਦਾਰ ਨੇਵਿਲ ਰਾਏ ਸਿੰਘਮ ਨੇ ਇਸ ਮੀਡੀਆ ਸੰਸਥਾ ਨੂੰ ਵਿੱਤੀ ਸਹਾਇਤਾ ਦਿੱਤੀ ਹੈ। ਅਖ਼ਬਾਰ `ਚ ਸਿੰਘਮ ਨੂੰ ਚੀਨ ਦਾ ਹਮਾਇਤੀ ਦੱਸਿਆ ਗਿਆ ਸਗੋਂ ਇਹ ਵੀ ਕਿ ਉਹ ਦੁਨੀਆ ਭਰ `ਚ ਚੀਨੀ ਕਮਿਊਨਿਸਟ ਪਾਰਟੀ ਦੇ ਪ੍ਰਚਾਰ ਲਈ ਪੈਸਾ ਦੇ ਰਿਹਾ ਹੈ। ਟਾਈਮਜ਼ ਮੁਤਾਬਿਕ ‘ਨਿਊਜ਼ਕਲਿੱਕ` ਵੀ ਇਸ ਚੀਨੀ ਪ੍ਰਚਾਰਤੰਤਰ ਦਾ ਹਿੱਸਾ ਹੈ।
ਹੋਰ ਮਾਮਲਿਆਂ ਵਿਚ ‘ਨਿਊਯਾਰਕ ਟਾਈਮਜ਼` ਨੂੰ ਭਾਰਤ ਵਿਰੋਧੀ ਦੱਸਣ ਵਾਲੇ ਭਾਰਤ ਸਰਕਾਰ ਦੇ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਨੁਰਾਗ ਠਾਕੁਰ ਨੇ ਅਗਲੇ ਹੀ ਦਿਨ ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਕਿ ਸਿੰਘਮ, ਚੀਨੀ ਕਮਿਊਨਿਸਟ ਪਾਰਟੀ, ‘ਨਿਊਜ਼ਕਲਿੱਕ` ਅਤੇ ਕਾਂਗਰਸ ਪਾਰਟੀ ਮਿਲ ਕੇ ਭਾਰਤ ਵਿਰੋਧੀ ਸਾਜ਼ਿਸ਼ ਕਰ ਰਹੇ ਹਨ। ‘ਨਿਊਜ਼ਕਲਿੱਕ` ਖ਼ਬਰਾਂ ਦੇ ਨਾਂ `ਤੇ ਝੂਠ ਫੈਲਾ ਰਿਹਾ ਹੈ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ‘ਨਿਊਯਾਰਕ ਟਾਈਮਜ਼` ਦੇ ਇਸ ਦਾਅਵੇ `ਤੇ ਸੰਸਦ ਵਿਚ ਚਿੰਤਾ ਜ਼ਾਹਿਰ ਕੀਤੀ।
‘ਨਿਊਜ਼ਕਲਿੱਕ` ਨੇ ਕਦੇ ਵੀ ਇਹ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਸਿੰਘਮ ਤੋਂ ਵਿੱਤੀ ਮਦਦ ਲੈ ਰਿਹਾ ਸੀ। ਇਸ ਵਿਚ ਲੁਕੋਣ ਵਾਲੀ ਕੋਈ ਗੱਲ ਨਹੀਂ ਸੀ। ਇਹ ਪੈਸਾ ਕਾਨੂੰਨੀ ਤਰੀਕੇ ਨਾਲ ਲਿਆ ਗਿਆ। ਅਜਿਹਾ ਰਿਜ਼ਰਵ ਬੈਂਕ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਇਹ ਸਭ ਸਰਕਾਰ ਦੀ ਜਾਣਕਾਰੀ ਵਿਚ ਹੈ। ਫਿਰ ‘ਨਿਊਯਾਰਕ ਟਾਈਮਜ਼` ਦੀ ਰਿਪੋਰਟ ਕਿਹੜਾ ਖ਼ੁਲਾਸਾ ਕਰ ਰਹੀ ਸੀ?
ਉਂਝ, ਇਹ ਸਵਾਲ ਇਸ ਕਰ ਕੇ ਬੇਮਾਇਨੇ ਹੋ ਜਾਂਦਾ ਹੈ ਕਿਉਂਕਿ ਇਸ ਨੂੰ ਭਾਰਤੀ ਮੀਡੀਆ ਦੇ ਵੱਡੇ ਪਲੈਟਫਾਰਮਾਂ ਨੇ ਸਨਸਨੀਖੇਜ਼ ਖ਼ੁਲਾਸੇ ਵਜੋਂ ਪੇਸ਼ ਕੀਤਾ: ਨਿਊਜ਼ਕਲਿੱਕ ਨੇ ਚੀਨੀ ਪੈਸਾ ਲੈ ਕੇ ਭਾਰਤ ਵਿਰੋਧੀ ਸਾਜ਼ਿਸ਼ ਕੀਤੀ। ਇਸ ਤੋਂ ਬਾਅਦ ਕੌਣ ਇਹ ਪੁੱਛਣ ਜਾਵੇਗਾ ਕਿ ਸਿੰਘਮ ਦਾ ਪੈਸਾ ਚੀਨੀ ਨਹੀਂ ਹੈ। ਆਪਣੀ ਅਮਰੀਕਨ ਕੰਪਨੀ ‘ਥਾਟਵਰਕਸ` ਨੂੰ ਵੇਚ ਕੇ ਜੋ ਉਸ ਨੂੰ ਮਿਲਿਆ ਹੈ, ਉਸ ਨਾਲ ਉਹ ਦੁਨੀਆ `ਚ ਆਪਣੇ ਮੁਤਾਬਿਕ ਅਗਾਂਹਵਧੂ ਕੰਮ ਕਰਨ ਵਾਲਿਆਂ ਦੀ ਮਦਦ ਕਰ ਰਿਹਾ ਹੈ।
‘ਨਿਊਜ਼ਕਲਿੱਕ` ਨੂੰ ਸਿੰਘਮ ਤੋਂ ਵਿੱਤੀ ਸਹਾਇਤਾ ਮਿਲਦੀ ਹੈ, ਇਹ ਰਿਕਾਰਡ ਉੱਪਰ ਹੈ। ਇਹ ਭਾਰਤ ਦੇ ਸਾਰੇ ਕਾਨੂੰਨਾਂ ਦੇ ਅਨੁਸਾਰ ਕੀਤਾ ਗਿਆ ਹੈ। ਸਾਰੀਆਂ ਸਰਕਾਰੀ ਏਜੰਸੀਆਂ ਸਾਲਾਂ ਤੋਂ ਇਹ ਜਾਣਦੀਆਂ ਹਨ। ਫਿਰ ਵੀ ਇਸ ਨੂੰ ਸਨਸਨੀਖੇਜ਼ ਖ਼ਬਰ ਵਜੋਂ ਪ੍ਰਸਾਰਿਤ ਕੀਤਾ ਗਿਆ। ਟੀ.ਵੀ. ਚੈਨਲ ਸੰਘ ਪਾੜ-ਪਾੜ ਕੇ ‘ਚੀਨੀ ਸਾਜ਼ਿਸ਼` ਦਾ ਪਰਦਾਫਾਸ਼ ਕਰਦੇ ਰਹੇ।
ਖ਼ੈਰ! ਇਸ ‘ਪਰਦਾਫਾਸ਼` ਨਾਲ ਹੌਲੀ-ਹੌਲੀ ਜਿਵੇਂ-ਜਿਵੇਂ ਦਿਨ ਬੀਤਦਾ ਗਿਆ, ਇਹ ਪਤਾ ਲੱਗਾ ਕਿ ‘ਨਿਊਜ਼ਕਲਿੱਕ` ਵਿਚ ਕੰਮ ਕਰਦੇ ਲੱਗਭੱਗ ਸਾਰੇ ਪੱਤਰਕਾਰਾਂ ਦੇ ਘਰਾਂ `ਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਦੇ ਫੋਨ, ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਜ਼ਬਤ ਕਰ ਲਏ ਗਏ ਹਨ। ਕਈਆਂ ਨੂੰ ਲੋਧੀ ਰੋਡ ਥਾਣੇ ਲਿਜਾਇਆ ਗਿਆ ਹੈ। ਕਿਸੇ ਦਾ ਵੀ ਫੋਨ ਕੰਮ ਨਹੀਂ ਸੀ ਕਰ ਰਿਹਾ, ਇਸ ਲਈ ਕੁਝ ਵੀ ਪੱਕਾ ਪਤਾ ਕਰਨਾ ਮੁਸ਼ਕਿਲ ਸੀ। ਦੁਪਹਿਰ ਨੂੰ ਪਤਾ ਲੱਗਾ ਕਿ ਪ੍ਰਬੀਰ ਨੂੰ ਲੋਧੀ ਰੋਡ ਥਾਣੇ ਰੱਖਿਆ ਗਿਆ ਹੈ। ਸਮਝ ਵਿਚ ਆ ਗਿਆ ਕਿ ਇਹ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਤਿਆਰੀ ਹੈ। 3 ਤਰੀਕ ਦੀ ਸ਼ਾਮ ਨੂੰ ਉਰਮਿਲੇਸ਼ ਨੇ ਸੁਗਾਤਾ ਸ੍ਰੀਨਿਵਾਸਰਾਜੂ ਦੀ ਰਾਹੁਲ ਗਾਂਧੀ ਬਾਰੇ ਲਿਖੀ ਕਿਤਾਬ ਉੱਪਰ ਚਰਚਾ `ਚ ਹਿੱਸਾ ਲੈਣਾ ਸੀ ਪਰ ਉਹ ਤਾਂ ਥਾਣੇ ਵਿਚ ਸੀ। ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਹਾਲ ਵਿਚ ਸਟੇਜ `ਤੇ ਉਸ ਦੀ ਖਾਲੀ ਕੁਰਸੀ ਉਸ ਦੀ ਉਡੀਕ ਕਰਦੀ ਰਹੀ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇਹ ਜ਼ਰੂਰ ਪਤਾ ਲੱਗ ਗਿਆ ਕਿ ਪੁਲਿਸ ਨੇ ਉਸ ਨੂੰ ਰਿਹਾਅ ਕਰ ਦਿੱਤਾ ਹੈ ਪਰ ਇਹ ਸੰਭਵ ਨਹੀਂ ਸੀ ਕਿ ਉਹ ਪੂਰੇ ਦਿਨ ਦੀ ਪੁਲਿਸ ਪੁੱਛਗਿੱਛ ਤੋਂ ਬਾਅਦ ਕਿਸੇ ਚਰਚਾ ਵਿਚ ਹਿੱਸਾ ਲੈਣ ਦੀ ਹਾਲਤ ਵਿਚ ਹੋਵੇਗਾ। ਕੁਰਸੀ ਖਾਲੀ ਹੀ ਰਹੀ।
ਕਿਤਾਬ ਉੱਪਰ ਚਰਚਾ ਖ਼ਤਮ ਹੁੰਦੇ ਹੀ ਪਤਾ ਲੱਗਾ ਕਿ ਪ੍ਰਬੀਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਨਾਲ ਪ੍ਰਸ਼ਾਸਨਿਕ ਕੰਮ-ਕਾਜ ਦੇਖਣ ਵਾਲੇ ਅਮਿਤ ਚਕਰਵਰਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੇਰਾ ਧਿਆਨ ਪ੍ਰਬੀਰ ਦੀ ਜੀਵਨ ਸਾਥੀ ਲੇਖਕਾ ਗੀਤਾ ਹਰੀਹਰਨ ਵੱਲ ਚਲਾ ਗਿਆ ਪਰ ਕਿੰਨੇ ਨੌਜਵਾਨ ਪੱਤਰਕਾਰ ਅਜੇ ਵੀ ਥਾਣੇ `ਚ ਸਨ, ਸਾਨੂੰ ਇਹ ਪਤਾ ਨਹੀਂ ਸੀ।
ਜਦੋਂ ਕੁਝ ਲੋਕ ਥਾਣੇ `ਚੋਂ ਛੱਡੇ ਗਏ ਤਾਂ ਪਤਾ ਲੱਗਾ ਕਿ ਪੁਲਿਸ ਉਨ੍ਹਾਂ ਤੋਂ ਕੀ ਪੁੱਛ ਰਹੀ ਸੀ: ਕੀ ਤੁਸੀਂ ਕਿਸਾਨ ਅੰਦੋਲਨ ਦੀ ਰਿਪੋਰਟਿੰਗ ਕੀਤੀ ਹੈ? ਕੀ ਤੁਸੀਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਚੱਲ ਰਹੇ ਅੰਦੋਲਨ ਬਾਰੇ ਰਿਪੋਰਟ ਕੀਤੀ ਹੈ? ਕੀ ਤੁਸੀਂ 2020 ਵਿਚ ਦਿੱਲੀ ਵਿਚ ਹੋਈ ਹਿੰਸਾ ਬਾਰੇ ਰਿਪੋਰਟ ਕੀਤੀ ਸੀ? ਕੀ ਤੁਸੀਂ ਸ਼ਾਹੀਨ ਬਾਗ਼ ਜਾਂਦੇ ਸੀ?
ਕੀ ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਰਿਪੋਰਟ ਕਰਨਾ ਜੁਰਮ ਹੈ? ਜੇ ਕੋਈ ਪੱਤਰਕਾਰ ਅਜਿਹਾ ਨਹੀਂ ਕਰਦਾ ਤਾਂ ਉਸ ਦੇ ਪੱਤਰਕਾਰ ਹੋਣ ਦਾ ਕੀ ਮਤਲਬ ਹੈ? ਕੀ ਅਮਰੀਕਾ ਵਿਚ ਪੱਤਰਕਾਰ ਉੱਥੋਂ ਦੇ ‘ਬਲੈਕ ਲਾਈਵਜ਼ ਮੈਟਰ` ਅੰਦੋਲਨ ਦੀ ਰਿਪੋਰਟ ਨਹੀਂ ਕਰਨਗੇ? ਜਾਂ ਜਦੋਂ ਅਰਬ ਮੁਲਕਾਂ ਵਿਚ ਸਰਕਾਰ ਵਿਰੋਧੀ ਅੰਦੋਲਨ ਉੱਠ ਖੜ੍ਹੇ ਤਾਂ ਉਨ੍ਹਾਂ ਦੀ ਰਿਪੋਰਟਿੰਗ ਨਹੀਂ ਕੀਤੀ ਗਈ? ਜਾਂ ਜਦੋਂ ਫਰਾਂਸ ਵਿਚ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੇ ਅੰਦੋਲਨ ਕੀਤਾ ਤਾਂ ਕੀ ਉੱਥੋਂ ਦੇ ਮੀਡੀਆ ਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਸੀ ਜਾਂ ਨਹੀਂ? ਇਜ਼ਰਾਈਲ ਵਿਚ ਜਦੋਂ ਸਰਕਾਰ ਨੇ ਨਿਆਂਪਾਲਿਕਾ `ਤੇ ਕਬਜ਼ਾ ਕਰਨ ਵਾਲਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਦੇ ਲੋਕ ਇਸ ਦੇ ਖ਼ਿਲਾਫ਼ ਸੜਕਾਂ `ਤੇ ਨਿਕਲ ਆਏ, ਕੀ ਉੱਥੋਂ ਦੀਆਂ ਅਖ਼ਬਾਰਾਂ ਨੂੰ ਇਸ ਦੀ ਖ਼ਬਰ ਦੇਣੀ ਚਾਹੀਦੀ ਸੀ ਜਾਂ ਨਹੀਂ? ਪੱਤਰਕਾਰ ਵਿਰੋਧ ਪ੍ਰਦਰਸ਼ਨ ਵਾਲੀ ਥਾਂ `ਤੇ ਜਾਣ ਜਾਂ ਨਾ?
ਅਮਰੀਕਾ ਵਿਚ ‘ਵਾਟਰਗੇਟ` ਸਕੈਂਡਲ ਦਾ ਪਰਦਾਫਾਸ਼ ਪੱਤਰਕਾਰਾਂ ਨੇ ਹੀ ਕੀਤਾ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਨਿਕਸਨ ਨੂੰ ਅਸਤੀਫ਼ਾ ਦੇਣਾ ਪਿਆ ਸੀ; ਕੀ ਉਸ ਰਿਪੋਰਟਿੰਗ ਨੂੰ ਅਮਰੀਕਾ ਵਿਰੋਧੀ ਕਿਹਾ ਜਾਂਦਾ ਅਤੇ ਰਿਪੋਰਟਰ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ? ਅੱਜ ਦੇ ਭਾਰਤ ਵਿਚ ਇਹੀ ਹੋ ਰਿਹਾ ਹੈ।
ਜੇਕਰ ਖ਼ਬਰਾਂ ਲੈਣਾ ਅਤੇ ਦੇਣਾ ਹੀ ਸਰਕਾਰ ਅਤੇ ਪੁਲਿਸ ਦੀਆਂ ਨਜ਼ਰਾਂ `ਚ ਜੁਰਮ ਬਣ ਜਾਵੇ ਤਾਂ ਪੱਤਰਕਾਰੀ ਕਿਵੇਂ ਜ਼ਿੰਦਾ ਰਹੇਗੀ? ਜੇਕਰ ਸਰਕਾਰ ਦੀ ਆਲੋਚਨਾ ਕਰਨਾ ਜੁਰਮ ਬਣ ਜਾਵੇ ਤਾਂ ਸਮਾਜ ਅਤੇ ਮੁਲਕ ਵਿਚ ਸੁਤੰਤਰ ਵਿਚਾਰ ਕਿਵੇਂ ਜ਼ਿੰਦਾ ਰਹਿਣਗੇ?
‘ਨਿਊਜ਼ਕਲਿੱਕ` ਨੇ ਕਿਸਾਨ ਅੰਦੋਲਨ, ਸੀ.ਏ.ਏ. ਵਿਰੋਧੀ ਅੰਦੋਲਨ ਦੀ ਸ਼ਾਨਦਾਰ ਰਿਪੋਰਟਿੰਗ ਕੀਤੀ ਸੀ। ਰਿਪੋਰਟਿੰਗ ਦੇ ਨਾਲ-ਨਾਲ ਇਹ ਵੀ ਸਪੱਸ਼ਟ ਸੀ ਕਿ ਇਨ੍ਹਾਂ ਦੋਹਾਂ ਮਾਮਲਿਆਂ `ਚ ਉਸ ਦਾ ਆਪਣਾ ਵਿਚਾਰ ਸਰਕਾਰ ਦੇ ਰੁਖ ਦੇ ਖ਼ਿਲਾਫ਼ ਸੀ ਪਰ ਕੀ ਇਹ ਜੁਰਮ ਹੈ? ਇਨ੍ਹਾਂ ਵਿਚੋਂ ਕਿਹੜੀ ਚੀਜ਼ ਦਹਿਸ਼ਤਵਾਦੀ ਹੈ? ਕੀ ਕਿਸੇ ਅਖ਼ਬਾਰ ਜਾਂ ਕਿਸੇ ਮੀਡੀਆ ਅਦਾਰੇ ਨੂੰ ਸਿਰਫ਼ ਸਰਕਾਰ ਦੀ ਹਮਾਇਤ ਹੀ ਕਰਨੀ ਚਾਹੀਦੀ ਹੈ?
ਸਰਕਾਰ ਦੀ ਆਲੋਚਨਾ ਮੁਲਕ ਦਾ ਵਿਰੋਧ ਕਿਵੇਂ ਹੋ ਗਿਆ? ਸਗੋਂ ਸਰਕਾਰ ਦੇ ਜਿਸ ਕਦਮ ਨਾਲ ਮੁਲਕ ਦਾ ਨੁਕਸਾਨ ਹੋਵੇ, ਉਸ ਦੀ ਆਲੋਚਨਾ ਹੀ ਮੁਲਕ ਦੇ ਹਿਤ ਵਿਚ ਹੈ। ‘ਨਿਊਜ਼ਕਲਿੱਕ` ਦੀ ਸਾਰੀ ਰਿਪੋਰਟਿੰਗ ਯਕੀਨੀ ਤੌਰ `ਤੇ ਸਰਕਾਰ ਦੇ ਦਾਅਵਿਆਂ ਦੀ ਪੁਣ-ਛਾਣ ਹੈ ਪਰ ਇਹੀ ਤਾਂ ਪੱਤਰਕਾਰੀ ਹੈ। ਜੇਕਰ ਸਰਕਾਰ ਦੇ ਹੱਕ ਵਿਚ ਲਿਖਦੇ-ਬੋਲਦੇ ਰਹੇ ਤਾਂ ਇਹ ਉਸ ਦਾ ਪ੍ਰਚਾਰ ਹੈ। ਇਸ ਵਿਚ ਪੱਤਰਕਾਰੀ ਕਿੱਥੇ ਹੈ?
ਰਾਹੁਲ ਗਾਂਧੀ ਉੱਪਰ ਕਿਤਾਬ ਦੀ ਚਰਚਾ `ਚ ਇਹ ਸਵਾਲ ਉੱਠਿਆ ਕਿ ਉਹ ਕਾਮਯਾਬ ਕਿਉਂ ਨਹੀਂ ਹੋ ਰਿਹਾ? ਜਾਂ ਵਿਰੋਧੀ ਧਿਰ ਕਾਰਗਰ ਕਿਉਂ ਨਹੀਂ ਹੈ? ਰਾਹੁਲ ਗਾਂਧੀ ਨੇ ਇਹ ਗੱਲ ਵਾਰ-ਵਾਰ ਕਹੀ ਹੈ ਕਿ ਵਿਰੋਧੀ ਧਿਰ ਉਦੋਂ ਹੀ ਕਾਰਗਰ ਹੋ ਸਕਦੀ ਹੈ ਜਦੋਂ ਮੀਡੀਆ ਲੋਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਣ ਦਾ ਕੰਮ ਕਰਦਾ ਰਹੇ। ਬੇਖ਼ਬਰ ਜਨਤਾ ਆਖ਼ਿਰਕਾਰ ਆਪਣਾ ਫ਼ੈਸਲਾ ਕਿਵੇਂ ਕਰੇ?
ਇਹ ਸਪੱਸ਼ਟ ਹੈ ਕਿ ‘ਨਿਊਜ਼ਕਲਿੱਕ` ਨੂੰ ਇਸ ਦੀ ਸਜ਼ਾ ਮਿਲ ਰਹੀ ਹੈ ਕਿ ਉਹ ਜਨਤਾ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਖ਼ਬਰਦਾਰ ਵੀ ਕਰ ਰਿਹਾ ਹੈ।
ਪਤਾ ਨਹੀਂ ਕਿਉਂ, ਇਸ ਛੋਟੀ ਜਿਹੀ ਟਿੱਪਣੀ ਨੂੰ ਲਿਖਣ ਲਈ ਤਿੰਨ ਦਿਨ ਲੱਗ ਗਏ। ਇਨ੍ਹਾਂ ਤਿੰਨ ਦਿਨਾਂ ਦੌਰਾਨ ਪਤਾ ਲੱਗਾ ਹੈ ਕਿ ਇਤਿਹਾਸਕਾਰ ਦਲੀਪ ਸਿਮੀਅਨ, ਸਮਾਜੀ ਕਾਰਕੁਨ ਦੀਪਕ ਢੋਲਕੀਆ, ਜਮਾਲ ਕਿਦਵਈ, ਵਿਜੇ ਪ੍ਰਤਾਪ ਦੇ ਘਰਾਂ `ਤੇ ਵੀ ਪੁਲਿਸ ਨੇ ਛਾਪੇ ਮਾਰੇ ਹਨ। ਉਨ੍ਹਾਂ ਦੇ ਫੋਨ ਵੀ ਲੈ ਗਏ। ਉਨ੍ਹਾਂ ਨੂੰ ਦੁਬਾਰਾ ਥਾਣੇ ਬੁਲਾਇਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਕਿਸੇ ਦਾ ਵੀ ‘ਨਿਊਜ਼ਕਲਿੱਕ` ਨਾਲ ਕੋਈ ਸਬੰਧ ਨਹੀਂ ਹੈ ਪਰ ਪੁਲਿਸ ਸਾਜ਼ਿਸ਼ ਦੀ ਕਹਾਣੀ ਘੜ ਰਹੀ ਹੈ। ਇਹ ਕਹਾਣੀ ਇਹ ਹੈ ਕਿ ਬੁੱਧੀਜੀਵੀ ਅਤੇ ਪੱਤਰਕਾਰ ਦਹਿਸ਼ਤਵਾਦੀ ਸਾਜ਼ਿਸ਼ ਰਚ ਰਹੇ ਹਨ। ਇਹ ਕੋਈ ਇਤਫਾਕ ਨਹੀਂ ਹੈ ਕਿ ਜਦੋਂ ਇਹ ਸਭ ਚੱਲ ਰਿਹਾ ਹੈ, ਮੁਲਕ ਦਾ ਗ੍ਰਹਿ ਮੰਤਰੀ ਦ੍ਰਿੜ ਇਰਾਦਾ ਜ਼ਾਹਿਰ ਕਰ ਰਿਹਾ ਹੈ ਕਿ ਖੱਬੇ ਪੱਖੀ ਦਹਿਸ਼ਤਵਾਦ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਵੇਗੀ।